ਪਿ੍ਰੰ. ਸਰਵਣ ਸਿੰਘ
ਈਸ਼ਰ ਸਿੰਘ ਪੇਸ਼ੇ ਪੱਖੋਂ ਇੰਜੀਨੀਅਰ ਸੀ, ਪਰ ਸ਼ੌਂਕ ਵਜੋਂ ਮੈਰਾਥਨ ਦੌੜਾਕ ਤੇ ਲੇਖਕ ਹੈ। ਬਚਪਨ ਤੇ ਜੁਆਨੀ ‘ਚ ਉਸ ਨੂੰ ਖੇਡਾਂ ਖੇਡਣ ਦੇ ਮੌਕੇ ਨਹੀਂ ਸੀ ਮਿਲੇ। ਚੀਫ ਇੰਜੀਨੀਅਰ ਵਜੋਂ ਰਿਟਾਇਰ ਹੋਣ ਪਿੱਛੋਂ 73 ਸਾਲ ਦੀ ਉਮਰ ਤੱਕ ਸੈਰ ਤੋਂ ਇਲਾਵਾ ਕੋਈ ਕਸਰਤ ਨਹੀਂ ਸੀ ਕੀਤੀ, ਪਰ ਇਕ ਵੀਡੀਓ ਵੇਖਣ ਤੋਂ ਬਾਅਦ ਉਹ ਕਸਰਤਾਂ ਵੀ ਕਰਨ ਲੱਗਾ ਤੇ ਲੰਮੀਆਂ ਸੈਰਾਂ ਵੀ। ਬਾਬਾ ਫੌਜਾ ਸਿੰਘ ਬਾਰੇ ਲਿਖਿਆ ਲੇਖ ਪੜ੍ਹ ਕੇ ਉਹ ਉਤਸ਼ਾਹਿਤ ਹੋ ਗਿਆ ਤੇ ਮੈਰਾਥਨ ਲਾਉਣ ਨਾਲ 2017 ਤੋਂ ਸੀ. ਐੱਨ. ਟਾਵਰ ਟੋਰਾਂਟੋ ਦੀਆਂ 1776 ਪੌੜੀਆਂ ਚੜ੍ਹਨ ਦੇ ਮੁਕਾਬਲਿਆਂ ਵਿਚ ਵੀ ਭਾਗ ਲੈ ਰਿਹੈ। ਕੌਣ ਕਹਿੰਦੈ ਅੱਸੀਆਂ ਨੂੰ ਢੁੱਕਿਆ ਬੰਦਾ ਇਕੋ ਸਾਹ ਪੌਣੇ ਦੋ ਹਜ਼ਾਰ ਪੌੜੀਆਂ ਨਹੀਂ ਚੜ੍ਹ ਸਕਦਾ? ਉਹ ਤਿੰਨ ਵਾਰ ਸਕੋਸ਼ੀਆ ਬੈਂਕ ਵੱਲੋਂ ਲਗਵਾਈ ਅੰਤਰਰਾਸ਼ਟਰੀ ਮੈਰਾਥਨ ਵਾਕ/ਦੌੜ ਤੇ 2020 ਵਿਚ ਵਰਚੂਅਲ ਮੈਰਾਥਨ ਦੌੜ ਵਿਚ ਵੀ ਭਾਗ ਲੈ ਚੁਕਾ ਹੈ। ਉਸ ਨੇ ਆਪਣੇ ਤਜਰਬੇ ਬਾਰੇ ਲਿਖਿਆ ਹੈ।
ਪੰਜਾਬੀ ਯੂਨੀਵਰਸਿਟੀ ਨੇ ਉਸ ਤੋਂ ‘ਮੈਨੇਜਮੈਂਟ ਸੈਲਫ-ਡਿਵੈਲਪਮੈਂਟ’ ਨਾਂ ਦੀ ਪੁਸਤਕ ਦਾ ‘ਪ੍ਰਬੰਧ ਸਵੈ-ਵਿਕਾਸ’ ਅਨੁਵਾਨ ਹੇਠ ਅਨੁਵਾਦ ਕਰਵਾਇਆ ਸੀ, ਜਿਸ ਦਾ ਮੁੱਖਬੰਦ ਤਤਕਾਲੀ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਨੇ ਲਿਖਿਆ: ‘ਪ੍ਰਬੰਧ ਸਵੈ-ਵਿਕਾਸ’ ਪੁਸਤਕ ‘ਮੈਨੇਜਮੈਂਟ ਸੈਲਫ-ਡਿਵੈਲਪਮੈਂਟ’ ਨਾਂ ਦੀ ਪੁਸਤਕ ਦਾ ਅਨੁਵਾਦ ਹੈ, ਜੋ ਅੰਤਰ-ਰਾਸ਼ਟਰੀ ਕਿਰਤ ਦਫਤਰ, ਜੈਨੇਵਾ ਵੱਲੋਂ ਪ੍ਰਕਾਸਿ਼ਤ ਕੀਤੀ ਗਈ ਹੈ। ਇਸ ਵਿਚ ਬਹੁਤ ਹੀ ਸਰਲ, ਅਮਲੀ ਅਤੇ ਪ੍ਰਭਾਵਕਾਰੀ 27 ਵਿਧੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਹਰ ਖੇਤਰ ਅਤੇ ਹਰ ਪੱਧਰ ਦਾ ਪ੍ਰਬੰਧਕ ਆਪਣੇ-ਆਪ ਵਰਤੋਂ ਵਿਚ ਲਿਆ ਸਕਦਾ ਹੈ। ਸਵੈ-ਵਿਕਾਸ ਅਤੇ ਸੰਗਠਨਾਤਮਕ ਵਿਕਾਸ ਦੇ ਸੁਮੇਲ ਅਤੇ ਸਮੁੱਚੇ ਪ੍ਰਬੰਧ ਵਿਚ ਇਸ ਦੇ ਏਕੀਕਰਨ ਦੇ ਵਿਸ਼ੇ ਨੂੰ ਬੜੇ ਸੁਚੱਜੇ ਢੰਗ ਨਾਲ ਬਿਆਨ ਕੀਤਾ ਗਿਆ ਹੈ। ਸਰਕਾਰੀ, ਅਰਧ-ਸਰਕਾਰੀ ਜਾਂ ਗੈਰ-ਸਰਕਾਰੀ ਸੰਗਠਨਾਂ ਵਿਚ ਕੰਮ ਕਰ ਰਹੇ ਪ੍ਰਬੰਧਕਾਂ ਤੋਂ ਇਲਾਵਾ ਕਿਸੇ ਵੀ ਹੋਰ ਕਿੱਤੇ ਵਿਚ ਕੰਮ ਕਰਨ ਵਾਲਾ ਸਧਾਰਨ ਵਿਅਕਤੀ ਵੀ ਇਸ ਰਚਨਾ ਵਿਚ ਦਰਸਾਏ ਗੁਣਾਂ ਨੂੰ ਆਪਣੀ ਸ਼ਖਸੀਅਤ ਵਿਚ ਸਮੋ ਕੇ ਆਪਣੇ ਨਿੱਜ ਦਾ ਵਿਕਾਸ ਕਰ ਸਕਦਾ ਹੈ।
ਈਸ਼ਰ ਸਿੰਘ ਨੇ ਆਪਣੇ ਬਾਰੇ ਲਿਖਿਆ: ਮੇਰਾ ਜਨਮ ਸੰਗਰੂਰ ਜਿਲੇ ਦੇ ਸਕੂਲੋਂ ਸੱਖਣੇ ਛੋਟੇ ਜਿਹੇ ਪਿੰਡ ਬਖੋਪੀਰ ਵਿਚ 1944 ‘ਚ ਹੋਇਆ। ਨੇੜਲੇ ਪਿੰਡ ਦੇ ਸਕੂਲ ਵਿਚ ਦਾਖਲਾ ਲੈਣ ਤੋਂ ਪਹਿਲਾਂ ਗੁਰਮੁਖੀ ਦੀ ਪੜ੍ਹਾਈ ਗੁਰਦੁਆਰੇ ਕੀਤੀ। ਵਿਦਿਆਰਥੀ ਜੀਵਨ ਵਿਚ ਕਾਫੀ ਦਿੱਕਤਾਂ ਆਈਆਂ, ਜੋ ਉਨ੍ਹਾਂ ਵਕਤਾਂ ਵਿਚ ਸਭ ਨੂੰ ਆਉਂਦੀਆਂ ਸਨ। ਪਹਿਲਾਂ ਮਹਿੰਦਰਾ ਕਾਲਜ ਤੇ ਪਿੱਛੋਂ ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲੇ ਵਿਚ ਪੜ੍ਹਿਆ, ਜਿੱਥੇ ਐੱਨ. ਸੀ. ਸੀ. ਦਾ ਅੰਡਰ-ਅਫਸਰ ਬਣਨ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਮੌਕੇ ਮਿਲੇ। 1966 ਵਿਚ ਇਲੈਕਟ੍ਰੀਕਲ ਇੰਜੀਨੀਅਰੀ ਕਰਨ ਪਿਛੋਂ ਪੰਜਾਬ ਰਾਜ ਬਿਜਲੀ ਬੋਰਡ ਵਿਚ ਐੱਸ. ਡੀ. ਓ. ਦੀ ਨੌਕਰੀ ਮਿਲੀ ਤੇ 2004 ਵਿਚ ਚੀਫ ਇੰਜੀਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ।
ਮੇਰੇ ਅਧਿਆਪਕ ਦਾ ਸਬਕ ਸੀ ਕਿ ਨੌਕਰੀ ਮਿਲਣ ਪਿੱਛੋਂ ਬਹੁਤੇ ਅਫਸਰ ਪੜ੍ਹਾਈ ਅਪਡੇਟ ਰੱਖਣ ਦੀ ਥਾਂ ਪਹਿਲਾਂ ਕੀਤੀ ਪੜ੍ਹਾਈ ਵੀ ਭੁੱਲ ਜਾਂਦੇ ਹਨ। ਇਸ ਤਰ੍ਹਾਂ ਦੇ ਅਫਸਰਾਂ ਦੀ ਫਿਰ ਹਿੰਮਤ ਨਹੀਂ ਪੈਂਦੀ ਕਿ ਉਹ ਆਪਣੇ ਕਿਸੇ ਮਾਤਹਿਤ ਦੀ ਗਲਤ ਕੱਢ ਸਕਣ। ਇਸੇ ਕਰਕੇ ‘ਕਲੱਰਕਾਂ ਦਾ ਰਾਜ’ ਇੱਕ ਜ਼ਮੀਨੀ ਹਕੀਕਤ ਹੈ। ਇਸ ਤਰ੍ਹਾਂ ਦੀ ਨਮੋਸ਼ੀ ਤੋਂ ਬਚਣ ਵਾਸਤੇ ਹਰ ਅਫਸਰ ਲਈ ਜ਼ਰੂਰੀ ਹੈ ਕਿ ਉਹ ਮਿਹਨਤ ਕਰਦਾ ਰਹੇ ਤੇ ਆਪਣੇ ਖੇਤਰ ਦਾ ਮਾਹਿਰ ਬਣੇ। ਮੁਹਾਰਤ ਆਪਣੀਆਂ ਦਫਤਰੀ ਡਿਊਟੀਆਂ ਤੋਂ ਵਾਫਰ ਗੁਣ ਹੈ, ਜਿਹੜਾ ਸ਼ੌਂਕ ਦੇ ਤੌਰ `ਤੇ ਪਾਲੀਦੈ। ਇਹ ਕਿਸੇ ਖਾਸ ਅਹੁਦੇ ਨਾਲ ਸਬੰਧਿਤ ਨਹੀਂ, ਹਰ ਅਹੁਦੇ ਵਾਸਤੇ ਲੋੜੀਂਦੀ ਕਲਾ ਹੈ। ਇਸ ਨਾਲ ਭਾਵੇਂ ਤੁਹਾਡਾ ਅਹੁਦਾ ਤਾਂ ਨਹੀਂ ਵਧਦਾ, ਪਰ ਤੁਹਾਡੀ ਅਸਰਅੰਦਾਜ਼ੀ ਅਤੇ ਗੁਣਾਤਮਿਕਤਾ ਜ਼ਰੂਰ ਵਧਦੀ ਹੈ।
ਮੈਂ ਆਪਣੇ ‘ਗੁਰੂ’ ਦੀ ਸਿੱਖਿਆ `ਤੇ ਅਮਲ ਕਰਨ ਦਾ ਫੈਸਲਾ ਕਰ ਲਿਆ। ਅਹੁਦੇ ਅਨੁਸਾਰ ਦਫਤਰੀ ਡਿਊਟੀਆਂ ਨਿਭਾਉਣ ਦੇ ਨਾਲ ਮਹਿਕਮੇ ਦੇ ਅਹਿਮ ਅੰਗਰੇਜ਼ੀ ਦਸਤਾਵੇਜ਼ ਪੰਜਾਬੀ ਅਤੇ ਪੰਜਾਬੀ ਦੇ ਅੰਗਰੇਜ਼ੀ ਵਿਚ ਅਨੁਵਾਦ ਕਰਨ ਦਾ ਮੈਨੂੰ ਮੌਕਾ ਮਿਲਦਾ ਰਿਹਾ। ਇੱਕ ਹੋਰ ਕੰਮ ਕਰਨ ਦਾ ਮੌਕਾ ਜੁੜਿਆ, ਜਿਸ ਨਾਲ ਸੇਵਾ-ਮੁਕਤੀ ਤੋਂ ਬਾਅਦ ਵੀ ਮਨ ਨੂੰ ਸੰਤੁਸ਼ਟੀ ਮਿਲੀ। ਮਹਿਕਮਾਨਾ ਕਾਇਦੇ-ਕਾਨੂੰਨ ਦੀ ਮੁਹਾਰਤ ਕਰਕੇ ਮੈਨੂੰ ਇੱਕ ਪ੍ਰਾਈਵੇਟ ਅਦਾਰੇ ਨਾਲ ਬਿਜਲੀ ਸਮਝੌਤੇ ਦਾ ਡਾਇਰੈਕਟਰ ਲਾਇਆ ਗਿਆ, ਜੋ ਬਹੁਤ ਹੀ ਟੈਕਨੋ-ਲੀਗਲ ਅਤੇ ਆਪਣੀ ਕਿਸਮ ਦਾ ਪਹਿਲਾ ਕੰਮ ਸੀ।
ਦੋਨੋਂ ਬੇਟੇ ਵਿਦੇਸ਼ ਸੈਟਲ ਹੋਣ ਕਰਕੇ ਮੈਨੂੰ ਵੀ ਕੈਨੇਡਾ ਆਉਣਾ ਪਿਆ, ਜਿਥੇ ਟਾਈਮ ਪਾਸ ਕਰਨ ਲਈ ਬਰੈਂਪਟਨ ਹਸਪਤਾਲ ਵਿਚ ਵਾਲੰਟੀਅਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਦੌਰਾਨ ਇੱਕ ਰਨਰਜ਼ ਕਲੱਬ ਨਾਲ ਜੁੜਨ ਦਾ ਸਬੱਬ ਬਣ ਗਿਆ, ਜਿਸ ਨਾਲ ਮੈਰਾਥਨ ਵਾਕ/ਦੌੜ ਅਤੇ ਸੀ. ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਮੁਕਾਬਲਿਆਂ ਵਿਚ ਭਾਗ ਲੈਣ ਦੇ ਮੌਕੇ ਮਿਲਣ ਲੱਗੇ। ਹੁਣ ਤਾਂ ਸਿਹਤ ਸੰਭਾਲ ਦੀਆਂ ਹੋਰ ਸਰਗਰਮੀਆਂ ਵਿਚ ਵੀ ਮਸਰੂਫ ਹਾਂ…।
ਇੰਜੀਨੀਅਰ ਈਸ਼ਰ ਸਿੰਘ ਨੇ ਵਡੇਰੀ ਉਮਰੇ ਮੈਰਾਥਨ ਦੌੜ/ਵਾਕ ਦੀਆਂ ਸਰਗਰਮੀਆਂ ਵਿਚ ਭਾਗ ਲੈਣ ਤੇ ਉਨ੍ਹਾਂ ਬਾਰੇ ਲਿਖਣ ‘ਚ ਬਾਬਾ ਫੌਜਾ ਸਿੰਘ ਨਾਲ ਮੇਰੀ ਵੀ ਪ੍ਰੇਰਨਾ ਮੰਨ ਲਈ। ਪੇਸ਼ ਹਨ ਉਹਦੀਆਂ ਲਿਖਤਾਂ:
ਮੇਰੇ ਮੈਰਾਥਨ ਤੋਂ ਸਿੱਖੇ ਸਬਕ
ਸਕੋਸ਼ੀਆ ਬੈਂਕ ਮੈਰਾਥਨ ਵਾਸਤੇ ਮੈਂ ਹਫਤੇ ਵਿਚ ਪੰਜ ਦਿਨ ਘੱਟੋ-ਘੱਟ ਦਸ ਹਜ਼ਾਰ ਕਦਮ ਤੇਜ਼ ਤੁਰਨ/ਜੌਗਿੰਗ ਤੇ ਕੁਝ ਹੋਰ ਸਰੀਰਕ ਕਸਰਤਾਂ ਕਾਰਨ ਦਾ ਅਭਿਆਸ ਕਰਦਾ ਹਾਂ। ਮੇਰਾ ਭਾਵ ਆਪਣੀ ਕਿਸੇ ਪ੍ਰਾਪਤੀ ਬਾਰੇ ਦੱਸਣਾ ਨਹੀਂ, ਸਗੋਂ ਨਿਮਰਤਾ ਸਹਿਤ ਇਹ ਕਹਿਣਾ ਹੈ, ਜੋ ਮੈਂ 77 ਸਾਲ ਦੀ ਉਮਰ ਵਿਚ ਕਰ ਸਕਦਾ ਹਾਂ, ਉਹ ਹਰ ਕੋਈ ਕਰ ਸਕਦਾ ਹੈ। ਨਾਲ ਹੀ ਆਪਣੀ ਇਹ ਖੋਜ ਸਾਂਝੀ ਕਰਨਾ ਹੈ ਕਿ ਲੰਮੀਆਂ ਸੈਰਾਂ ਸਰੀਰ ਤੋਂ ਕਿਤੇ ਵੱਧ ਫਾਇਦਾ ਸਾਡੇ ਦਿਲ ਦਿਮਾਗ ਤੇ ਮਨ ਦਾ ਵੀ ਕਰਦੀਆਂ ਹਨ। ਵਡੇਰੀ ਉਮਰੇ ਵੈਸੇ ਤਾਂ ਸਭ ਨੂੰ ਸਿਹਤ ਦਾ ਫਿਕਰ ਹੁੰਦਾ ਹੈ, ਪਰ ਮੇਰੇ ਵਾਸਤੇ ਸਮੱਸਿਆ ਇਹ ਵੀ ਸੀ ਕਿ ਮੇਰੀ ਪਤਨੀ ਕੈਂਸਰ ਦੀ ਬੀਮਾਰੀ ਨਾਲ ਥੋੜ੍ਹਾ ਚਿਰ ਪਹਿਲਾਂ ਚੜ੍ਹਾਈ ਕਰ ਗਈ ਸੀ। ਗਮਗੀਨੀ ਵਿਚ ਮੈਂ ਆਪਣਾ ਵਕਤ ਕਿਤਾਬਾਂ ਪੜ੍ਹ ਕੇ, ਟੀ. ਵੀ. ਦੇਖ ਕੇ, ਸ਼ਬਦ-ਕੀਰਤਨ ਜਾਂ ਪੁਰਾਣੇ ਗਾਣੇ ਸੁਣ ਕੇ ਲੰਘਾਉਂਦਾ ਸਾਂ। ਸਿਹਤ ਅਤੇ ਸੁਭਾਅ ਦੋਵੇਂ ਵਿਗੜ ਰਹੇ ਸਨ, ਜਿਸ ਤੋਂ ਬੱਚੇ ਵੀ ਫਿਕਰਮੰਦ ਹੋ ਰਹੇ ਸਨ। ਜੀਵਨ ਵਿਚ ਹੋਈਆਂ ਭੁੱਲਾਂ ਤੇ ਖੁੰਝਾਏ ਚੰਗੇ ਮੌਕਿਆਂ ਨੂੰ ਯਾਦ ਕਰ-ਕਰ ਕੇ ਝੂਰਦਾ ਰਹਿੰਦਾ ਸਾਂ।
ਉਨ੍ਹੀਂ ਦਿਨੀਂ ਇੰਜੀਨੀਅਰ ਜਸਵੰਤ ਸਿੰਘ ਜ਼ਫਰ ਦੀ ਇੱਕ ਦਿਲ-ਟੁੰਬਵੀਂ ਵੀਡੀਓ ਵੇਖਣ ਨੂੰ ਮਿਲੀ। 2015 ਵਿਚ ਵੈਨਕੂਵਰ ਵਿਖੇ ਆਪਣੇ ਇਕਲੌਤੇ ਜੁਆਨ ਪੁੱਤਰ ਦੇ ਭੋਗ ਸਮੇਂ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਵੱਡੀ ਮੁਸੀਬਤ ਸਮੇਂ ਇਨਸਾਨ ਕੋਲ ਦੋ ਵਿਕਲਪ ਹੁੰਦੇ ਹਨ: ਜਾਂ ਉਹ ਆਦਰਸ਼ ਬਣੇ ਜਾਂ ਲੋਕਾਂ ਦੇ ਤਰਸ ਦਾ ਪਾਤਰ। ਆਦਰਸ਼ ਬਣਨ ਵਾਸਤੇ ਕੁਝ ਕਰਨ ਦੀ ਲੋੜ ਪੈਂਦੀ ਹੈ, ਪਰ ਤਰਸ ਦਾ ਪਾਤਰ ਬਣਨ ਵਾਸਤੇ ਕੁਝ ਵੀ ਕਰਨ ਦੀ ਲੋੜ ਨਹੀਂ। ਇੰਜੀਨੀਅਰ ਜ਼ਫਰ ਦੀ ਮੁਸੀਬਤ ਸਾਹਮਣੇ ਮੇਰੀ ਮੁਸੀਬਤ ਤਾਂ ਕਿਸੇ ਗਿਣਤੀ ਵਿਚ ਨਹੀਂ ਸੀ। ਆਦਰਸ਼ ਬਣਨ ਦੀ ਸਮਰੱਥਾ ਨਹੀਂ ਸੀ ਤੇ ਕਿਸੇ ਦੇ ਤਰਸ ਦੇ ਪਾਤਰ ਬਣਨਾ ਵੀ ਗਵਾਰਾ ਨਹੀਂ ਸੀ। ਸੋਚਿਆ ਕਿ ਕਿਸੇ ਹੋਰ ਵਾਸਤੇ ਕੁਝ ਕਰਨ ਤੋਂ ਪਹਿਲਾਂ ਘੱਟੋ-ਘੱਟ ਆਪਣੇ-ਆਪ ਨੂੰ ਸੰਭਾਲਣ ਜੋਗੇ ਤਾਂ ਬਣੀਏ। ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਦੇ ਲੇਖ ਦੁਬਾਰਾ ਪੜ੍ਹਨੇ ਸ਼ੁਰੂ ਕੀਤੇ। ਉਨ੍ਹਾਂ ਦਾ ਨਾਅਰਾ ਸੀ:
ਦੌੜ ਸਕਦੇ ਓਂ, ਤਾਂ ਦੌੜੋ; ਤੁਰੋ ਨਾ
ਤੁਰ ਸਕਦੇ ਓਂ, ਤਾਂ ਤੁਰੋ; ਖੜੋ੍ਹ ਨਾ
ਖੜ੍ਹ ਸਕਦੇ ਓਂ, ਤਾਂ ਖੜ੍ਹੋ; ਬੈਠੋ ਨਾ
ਬੈਠ ਸਕਦੇ ਓਂ, ਤਾਂ ਬੈਠੋ; ਲੇਟੋ ਨਾ
ਭਾਵ ਇਹੋ ਸੀ ਕਿ ਜਿੰਨੇ ਜੋਗੇ ਓਂ, ਉਹ ਕਰਦੇ ਰਹੋ। ਉਨ੍ਹਾਂ ਦੀਆਂ ਲਿਖਤਾਂ ਤੋਂ ਪ੍ਰੇਰਨਾ ਮਿਲੀ ਕਿ ਤੁਰਨ ਦੇ ਅਭਿਆਸ ਨੂੰ ਵਗਣ/ਦੌੜਨ ਵੱਲ ਵਧਾਉਣਾ ਮੇਰੇ ਵਾਸਤੇ ਚੰਗਾ ਰਾਹੇਗਾ। ਇਸ ਵਾਸਤੇ ਕਿਸੇ ਖੇਡ-ਮੈਦਾਨ, ਮਹਿੰਗੇ ਸਮਾਨ, ਵਕਤ ਦੀ ਪਾਬੰਦੀ ਜਾਂ ਕਿਸੇ ਹੋਰ ‘ਤੇ ਨਿਰਭਰਤਾ ਦੀ ਜ਼ਰੂਰਤ ਨਹੀਂ। ਸਿਰਫ ਇਸ ਫੈਸਲੇ ਨਾਲ ਹੀ ਮਨ ਨੂੰ ਬਹੁਤ ਧਰਵਾਸ ਮਿਲਿਆ ਅਤੇ ਮਹਿਸੂਸ ਕੀਤਾ ਕਿ ਕੁਦਰਤ ਦੀਆਂ ਕਾਰਵਾਈਆਂ ਨੂੰ ਖਿੜੇ ਮੱਥੇ ਮੰਨਣਾ ਕੋਈ ਖਿਆਲੀ ਸੰਕਲਪ ਨਹੀਂ, ਸਗੋਂ ਔਖੇ ਸਮਿਆਂ ਵਿਚ ਸੁਮੱਤ ਅਤੇ ਸਮਰੱਥਾ ਦੇਣ ਵਾਲਾ ਇਹ ਇੱਕ ਵਿਹਾਰਕ ਗੁਰ ਹੈ, ਜੋ ਸਾਡੀ ਵਿਚਾਰਧਾਰਾ ਨੂੰ ਸਹੀ ਸੇਧ ਦੇ ਸਕਣ ਦੇ ਸਮਰੱਥ ਹੈ।
‘ਵਾਕ’ ਦੇ ਸਹੀ ਢੰਗ-ਤਰੀਕੇ ਸਿੱਖਣ ਲਈ ਮੈਂ ਸੰਧੂਰਾ ਸਿੰਘ ਬਰਾੜ ਦੇ ‘ਟੋਰਾਂਟੋ ਪੀਅਰਸਨ ਏਅਰ ਪੋਰਟ ਰਨਰਜ਼ ਕਲੱਬ’ ਨਾਲ ਜੁੜ ਗਿਆ, ਜਿਹੜਾ ਪਿਛਲੇ ਕੁਝ ਸਾਲਾਂ ਤੋਂ ਕਈ ਐਸੀਆਂ ਕਸਰਤੀ ਗਤੀਵਿਧੀਆਂ ਦਾ ਪ੍ਰਬੰਧ ਕਰ ਰਿਹਾ ਸੀ, ਜੋ ਸਿਰਫ ਚੈਰੀਟੇਬਲ ਹੋਣ। ਮੈਂ ਇਸ ਕਲੱਬ ਦੇ ਉਦੇਸ਼ ਤੋਂ ਪ੍ਰਭਾਵਿਤ ਹੋ ਕੇ ਇਸ ਦਾ ਮੈਂਬਰ ਬਣ ਗਿਆ। ਕਲੱਬ ਦੇ ਬਹੁਤੇ ਮੈਂਬਰ ਜੁਆਨ ਹੋਣ ਕਰਕੇ ਮੈਨੂੰ ਤੌਖਲਾ ਸੀ ਕਿ ਮੈਂ ਉਨ੍ਹਾਂ ਨਾਲ ਨਿਭ ਸਕਾਂਗਾ ਜਾਂ ਨਹੀਂ? ਪਰ ਸਭ ਨੇ ਮੇਰੀ ਉਮਰ ਅਨੁਸਾਰ ਮੈਨੂੰ ਪੂਰਾ ਸਨਮਾਨ ਦਿੱਤਾ ਅਤੇ ਮੇਰਾ ਵੀ ਸਾਰਿਆਂ ਨਾਲ ਪਰਿਵਾਰ ਦੇ ਜੀਆਂ ਵਾਂਗੂੰ ਮੋਹ ਪੈ ਗਿਆ। ਬਰਾੜ ਤੇ ਉਹਦੇ ਸਾਥੀਆਂ ਨੇ ਬੜੇ ਸਤਿਕਾਰ ਨਾਲ ਮੈਨੂੰ ਤੁਰਨ ਦੀ ਸਹੀ ਸ਼ੈਲੀ, ਪਹਿਰਾਵੇ ਅਤੇ ਵਾਕ ਕਰਨ ਦੇ ਢੁਕਵੇਂ ਤਰੀਕਿਆਂ ਬਾਰੇ ਸਮਝਾਇਆ। ਮੈਂ ਇਸ ਗੱਲ ਦਾ ਵਰਣਨ ਇਸ ਕਰਕੇ ਕਰ ਰਿਹਾਂ, ਕਿਉਂਕਿ ਵੱਡੀ ਉਮਰ ਦੇ ਸੱਜਣ ਆਪਣੇ ਮਨ ਦੇ ਪਾਲੇ ਕਰਕੇ ਜੁਆਨ ਪੀੜ੍ਹੀ ਤੋਂ ਦੂਰ ਰਹਿੰਦੇ ਹਨ; ਪਰ ਮੇਰੀ ਇਹ ਸੋਚਣੀ ਗਲਤ ਸਾਬਤ ਹੋਈ। ਹਰ ਉਮਰ-ਗਰੁੱਪ ਦੇ ਬੰਦਿਆਂ ਨਾਲ ਸਾਂਝ ਬਹੁਤ ਲਾਹੇਵੰਦ ਹੁੰਦੀ ਹੈ।
ਮੈਨੂੰ ਤਿੰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ: ਦੋ ਮੇਰੀਆਂ ਆਪਣੀਆਂ ਸਹੇੜੀਆਂ ਜਿਵੇਂ ਸਰੀਰਕ ਸਮਰੱਥਾ ਦੀ ਘਾਟ ਤੇ ਮਾਨਸਿਕ ਡਰ। ਤੀਸਰੀ ਮੁਫਤ ਦੇ ਸਲਾਹਕਾਰਾਂ ਦੀਆਂ ਟਿੱਚਰਾਂ, ਮਖੌਲ ਤੇ ਨਸੀਹਤਾਂ। ਅਕਸਰ ਸੁਣਨ ਨੂੰ ਮਿਲਦਾ “ਐਸ ਉਮਰੇ ਇਹ ਕੀ ਪੰਗਾ ਲੈ ਰਹੇ ਓਂ? ਕੋਈ ਗਿੱਟਾ-ਗੋਡਾ ਤੁੜਵਾ ਲੋਂ-ਗੇ, ਫੇਰ ਪਏ ਰਿਹੋ ਮੰਜੇ `ਤੇ ਸਾਰੀ ਉਮਰ।”
ਇਨ੍ਹਾਂ ਗੱਲਾਂ ਨੂੰ ਜਰਿਆ ਵੀ ਅਤੇ ਇਨ੍ਹਾਂ ਵਿਚੋਂ ਇਹ ਤੱਤ ਵੀ ਕੱਢਿਆ, ਜੇ ਕਿਤੇ ਆਪਣੀ ਅਣਗਹਿਲੀ ਨਾਲ ਕੋਈ ਸੱਟ-ਫੇਟ ਖਾ ਬੈਠਾ ਤਾਂ ਮੇਰੇ ਨਾਲ ਹਮਦਰਦੀ ਕਿਸੇ ਨੇ ਨ੍ਹੀਂ ਕਰਨੀ, ਉਲਟਾ ਇਹੀ ਕਹਿਣਗੇ, “ਲੈ ਲਿਆ ਸੁਆਦ! ਸਮਝਾਇਆ ਸੀ ਨਾ, ਤੁਸੀਂ ਕਿਹੜਾ ਕਿਸੇ ਦੇ ਆਖੇ ਲੱਗੇ, ਸਾਰੀ ਉਮਰ ਅੜਬਾਈਆਂ `ਚ ਕੱਢ`ਤੀ।” ਆਪਣੀ ਸਵੈ-ਪੜਚੋਲ ਕੀਤੀ; ਤੱਤ-ਭੜੱਤੀ ਅਤੇ ਕਾਹਲੀ ਕਰਨ ਦੀਆਂ ਆਦਤਾਂ `ਚ ਸੁਧਾਰ ਕੀਤਾ, ਸਹਿਜ ਨਾਲ ਤੁਰਨ, ਬੋਲਣ ਅਤੇ ਰਹਿਣ ਦੀ ਆਦਤ ਸਿੱਖਣੀ ਸ਼ੁਰੂ ਕਰ ਦਿੱਤੀ। ਟੀਚੇ ਮੁਕੱਰਰ ਕਰਨੇ ਛੱਡ ਦਿੱਤੇ ਤੇ ਹੋਰਾਂ ਨਾਲ ਮੁਕਾਬਲਾ ਕਰਨਾ ਬੰਦ ਕਰ ਦਿੱਤਾ। ਨਾ ਸਿਰਫ ‘ਵਾਕ’ ਕਰਨ ਸਮੇਂ ਹੀ, ਸਗੋਂ ਜੀਵਨ ਦੇ ਹੋਰ ਪੱਖਾਂ ਵਿਚ ਵੀ। ਹਰ ਕਾਰਵਾਈ `ਚ ਫਾਡੀ ਰਹਿਣ ਕਰ ਕੇ ਪੜ੍ਹਾਈ-ਲਿਖਾਈ ਦੀ ਹੈਂਕੜ ਵੀ ਘਟਣ ਲੱਗੀ ਅਤੇ ਸੁਭਾਅ ਵੀ ਬਦਲਣ ਲੱਗ ਪਿਆ। ਸਮਝ ਆਈ ਕਿ ਹੈਂਕੜ ਤਿਆਗ ਕੇ ਨਿਮਰਤਾ ਗ੍ਰਹਿਣ ਕਰਨ ਨਾਲ ਅਸੀਂ ਜੀਵਨ ਵਿਚ ਵੱਧ ਸੁਖੀ ਰਹਿ ਸਕਦੇ ਹਾਂ। ਆਪਣੇ ਆਲੋਚਕਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ, ਜੇ ਅਲੋਚਨਾ ਜਰਨੀ ਸਿੱਖ ਲਈਏ।
ਮੇਰਾ ਪਹਿਲਾ ਹੰਭਲਾ ਅਪਰੈਲ 2017 ਵਿਚ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨਾ ਸੀ। ਇਸ ਲਈ ਮੈਨੂੰ ਸਰਦੀਆਂ ਦੇ ਮੌਸਮ ਵਿਚ ਟੀਮ ਦੇ ਹੋਰ ਮੈਂਬਰਾਂ ਨਾਲ ਅਭਿਆਸ ਕਰਨਾ ਪਿਆ। ਹਾਲਾਂਕਿ ਮੈਂ ਪੂਰੀ ਤਿਆਰੀ ਨਹੀਂ ਸੀ ਕਰ ਸਕਿਆ, ਫਿਰ ਵੀ ਸਾਥੀ ਮੈਂਬਰਾਂ ਦੀ ਹੱਲਾਸ਼ੇਰੀ ਕਰਕੇ ਮੈਂ ਇਸ ਚੜ੍ਹਾਈ ਵਿਚ ਹਿੱਸਾ ਲੈਣ ਦਾ ਫੈਸਲਾ ਕਰ ਲਿਆ। ਮਿਥੇ ਦਿਨ ਟਾਵਰ ‘ਤੇ ਬਹੁਤ ਰੌਣਕਾਂ ਸਨ। ਪੌਣੇ ਦੋ ਹਜ਼ਾਰ ਪੌੜੀਆਂ ਇਕੋ ਸਾਹ ਚੜ੍ਹਨਾ ਅਸੰਭਵ ਲਗਦਾ ਸੀ, ਪਰ ਰੱਬ ਦਾ ਨਾਉਂ ਲੈ ਕੇ ਸ਼ੁਰੂਆਤ ਕਰ ਦਿੱਤੀ। ਅਭਿਆਸ ਕੀਤਾ ਹੋਣ ਕਰ ਕੇ ਤਿਹਾਈ ਹਿੱਸੇ ਤੱਕ ਬਹੁਤੀ ਦਿੱਕਤ ਨਹੀਂ ਆਈ ਪਰ ਅੱਧ ‘ਚ ਜਾ ਕੇ ਸਰੀਰ ਜਵਾਬ ਦੇ ਗਿਆ ਤੇ ਗਲਾ ਖੁਸ਼ਕ ਹੋ ਗਿਆ। ਸੀ. ਐੱਨ. ਟਾਵਰ ਵਾਲੇ ਪਾਣੀ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਦਿੰਦੇ। ਰੱਬ ਨੂੰ ਯਾਦ ਕੀਤਾ, ਕੋਈ ਸੁਣਵਾਈ ਨਾ ਹੋਈ, ਪਰ ਓਸ ਤੋਂ ਵਗੈਰ ਕੋਈ ਹੋਰ ਮਦਦ ਵੀ ਨਹੀਂ ਸੀ ਕਰ ਸਕਦਾ। ਨਾਲ ਦੇ ਸਾਥੀ ਛਾਲਾਂ ਮਾਰਦੇ ਚੜ੍ਹੀ ਜਾ ਰਹੇ ਸਨ। ਹਜ਼ਾਰ ਪੌੜੀਆਂ ਚੜ੍ਹਨ ਤੱਕ ਬੇਹੋਸ਼ੀ ਦੀ ਹਾਲਤ ਬਣ ਗਈ, ਛੱਡਣ ਨੂੰ ਜੀਅ ਕੀਤਾ। ਫਿਰ ਅਰਦਾਸ ਕੀਤੀ ਅਤੇ ਸਿਰੜ ਨਾਲ ਚੜ੍ਹਾਈ ਜਾਰੀ ਰੱਖੀ। ਮਹਿਸੂਸ ਹੋਇਆ ਕਿ ਰੁਕਾਵਟ ਸਰੀਰ ਦਾ ਥਕੇਵਾਂ ਨਹੀਂ, ਸਗੋ ਮਨ ਦਾ ਅਕੇਵਾਂ ਹੈ। ਜੇ ਮਨ ਕਹਿਣੇ ‘ਚ ਨਹੀਂ ਤਾਂ ਨਾ ਸਹੀ, ਸਰੀਰ ‘ਤੇ ਤਾਂ ਮੇਰਾ ਕਬਜ਼ਾ ਹੈ ਅਤੇ ਕਬਜ਼ੇ ਦੀ ਮਹੱਤਤਾ ਹਰ ਪੰਜਾਬੀ ਸਮਝਦਾ ਹੈ। ਇਸ ਸੋਚ ਨੇ ਅਸਰ ਦਿਖਾਇਆ ਅਤੇ ਇੱਕ-ਇੱਕ ਪੌੜੀ ਕਰ ਕੇ 42 ਮਿੰਟਾਂ ਵਿਚ ਚੜ੍ਹਾਈ ਪੂਰੀ ਹੋ ਗਈ। ਮੇਰੀ ਇਸ ਕਾਰਗੁਜਾਰੀ ਨੂੰ ਬਾਅਦ ਵਿਚ ਪ੍ਰਿੰਸੀਪਲ ਸਾਹਿਬ ਨੇ ‘ਸ਼ਾਨਦਾਰ ਪ੍ਰਾਪਤੀ’ ਕਰਾਰ ਦਿੱਤਾ, ਜੋ ਮੇਰੇ ਲਈ ਕਾਫੀ ਉਤਸ਼ਾਹਜਨਕ ਸੀ।
ਇਸ ਪਿੱਛੋਂ ਮਈ 2017 ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਕੀਤੇ ਸਮਾਗਮ ਵਿਚ ਹਿੱਸਾ ਲਿਆ ਤੇ 12 ਕਿਲੋਮੀਟਰ ਤੇਜ਼ ਵਗਿਆ। 100 ਸਾਲਾਂ ਤੋਂ ਟੱਪੇ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਨੇ ਮੈਨੂੰ ਮੈਡਲ ਨਾਲ ਸਨਮਾਨਿਤ ਕੀਤਾ। ਸਰੀਰਕ ਚੁਸਤੀ-ਫੁਰਤੀ ਵਧ ਰਹੀ ਸੀ, ਜਿਸ ਨਾਲ ਮਨ ਦੀ ਉਦਾਸੀ ਘਟ ਗਈ ਸੀ। ਪਿਛਲੇ ਝੋਰੇ-ਪਛਤਾਵੇ ਮੁੱਕ ਗਏ ਸਨ ਤੇ ਹਰ ਕੰਮ ਨੂੰ ਹੱਥ ਪਾਉਣ ਨੂੰ ਜੀਅ ਕਰਦਾ ਸੀ। ਸਮਝ ਆਈ ਕਿ ਸਿਹਤ ਨਾਲ ਹਿੰਮਤ ਵੀ ਆਪਣੇ ਆਪ ਪੈਦਾ ਹੋ ਜਾਂਦੀ ਹੈ।
ਕਲੱਬ ਦਾ ਮੁੱਖ ‘ਈਵੈਂਟ’ ਅਕਤੂਬਰ ਵਿਚ ਹੁੰਦੀ ‘ਸਕੋਸ਼ੀਆ ਬੈਂਕ ਵਾਟਰਫਰੰਟ ਮੈਰਾਥਨ’ ਵਿਚ ਹਿੱਸਾ ਲੈਣਾ ਹੁੰਦਾ ਹੈ। ਮੈਂ ਇਸ ਦੀ ਹਾਫ-ਮੈਰਾਥਨ ਵਿਚ ਪਹਿਲੀ ਵਾਰ ਹਿੱਸਾ ਲੈਣਾ ਸੀ ਅਤੇ ਇਸ ਵਾਸਤੇ ਕਲੱਬ ਦੇ ਮੈਂਬਰਾਂ ਨਾਲ ਮਿਲ ਕੇ ਕਾਫੀ ਅਭਿਆਸ ਕੀਤਾ। ਟੀਮ ਮੈਂਬਰਾਂ ਨੇ ਕੇਸਰੀ ਪੱਗਾਂ ਸਜਾਈਆਂ ਅਤੇ ਗਰੇਅ ਟੀ-ਸ਼ਰਟਾਂ ਪਹਿਨੀਆਂ, ਜਿਸ ਨਾਲ ਅਖੀਰ ਤੱਕ ਇਸ ਦੀ ਵਿਲੱਖਣ ਪਛਾਣ ਕਾਇਮ ਰਹੀ। ਦੌੜ ਅਰੰਭ ਕਰਨ ਤੋਂ ਪਹਿਲਾਂ ‘ਸਮੂਹਕ ਅਰਦਾਸ’ ਕੀਤੀ ਗਈ। 55 ਦੇਸ਼ਾਂ ਤੋਂ ਦੌੜਾਂ ਵਿਚ ਹਿੱਸਾ ਲੈਣ ਵਾਲੇ 35,000 ਅਥਲੀਟਾਂ ਦੇ ਇੱਕਠ ਨੇ ਸਭ ਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਦੌੜ ਦੀ ਸ਼ੁਰੂਆਤ ਧੂਮਧਾਮ, ਖੁਸ਼ੀਆਂ ਭਰੀਆਂ ਤਾੜੀਆਂ ਤੇ ਕਿਲਕਾਰੀਆਂ ਨਾਲ ਹੋਈ। ‘ਰਨ’ ਕਾਫੀ ਸਖਤ ਸੀ, ਸਮਝੋ ਸੀ. ਐੱਨ. ਟਾਵਰ ਚੜ੍ਹਨ ਦਾ ਤਜਰਬਾ ਹੀ ਦੁਹਰਾਇਆ ਜਾ ਰਿਹਾ ਸੀ। ਇੱਥੇ ਵੀ ਅੱਧ ਤੋਂ ਬਾਅਦ ਦੌੜ ਛੱਡਣ ਦਾ ਵਿਚਾਰ ਮਨ `ਚ ਆਇਆ, ਪਰ ਪਹਿਲੇ ਤਜਰਬੇ ਅਤੇ ਅਭਿਆਸ ਦੇ ਆਧਾਰ `ਤੇ ਇੱਕ-ਇੱਕ ਕਦਮ ਕਰ ਕੇ ਅੱਗੇ ਵਧਦਾ ਗਿਆ ਅਤੇ 3 ਘੰਟੇ 42 ਮਿੰਟ ਵਿਚ ‘ਫਿਨਿਸ਼ ਪੁਆਇੰਟ’ ਉਤੇ ਪਹੁੰਚ ਗਿਆ। ਉਥੇ ਪਹੁੰਚ ਕੇ ਮਿਲੇ ਮਾਣ-ਸਤਿਕਾਰ ਨੇ ਕੀਤੀ ਮਿਹਨਤ ਦਾ ਪੂਰਾ ਮੁੱਲ ਮੋੜਿਆ। ਹਾਫ-ਮੈਰਾਥਨ ਦੇ ਗਿਆਰਾਂ ਹਜ਼ਾਰ ਤੋਂ ਵੱਧ ਭਾਗੀਦਾਰਾਂ `ਚੋਂ ਮੇਰੀ ਉਮਰ (70-74) ਗਰੁੱਪ ਦੇ 29 ਜਣੇ ਸਨ। ਮੈਂ ਇਸ ਗਰੁੱਪ ਵਿਚ ਅਖੀਰਲਾ ਸੀ। ਜਦੋਂ ਕਿਸੇ ਨੇ ਮੈਨੂੰ ਮੇਰੀ ਪੁਜੀਸ਼ਨ ਬਾਰੇ ਪੁੱਛਿਆ ਤਾਂ ਮੈਂ ਮੁਸਕਰਾ ਕੇ ਜਵਾਬ ਦਿੱਤਾ, “ਜਿਹੜੇ ਭੱਜੇ ਉਨ੍ਹਾਂ `ਚੋਂ ਫਾਡੀ ਤੇ ਜਿਹੜੇ ਨਹੀਂ ਭੱਜੇ ਉਨ੍ਹਾਂ `ਚੋਂ ਮੀਰੀ!” ਇਸ ਪਿੱਛੋਂ ਤਾਂ ਚੱਲ ਸੋ ਚੱਲ ਹੋ ਗਈ, ਜਿਸ ਕਰਕੇ ਹੁਣ ਕਦੇ ਫਾਡੀ ਨਹੀਂ ਰਹਿੰਦਾ।
ਸਪਾਰਟੈਥਲਨ ਦੀ ਮਹਾਂ-ਦੌੜ
ਸੰਸਾਰ ਵਿਚ ਅਨੇਕਾਂ ਖੇਡਾਂ ਤੇ ਮੈਰਾਥਨ ਦੌੜਾਂ ਹੋ ਰਹੀਆਂ ਹਨ, ਜਿਨ੍ਹਾਂ ਨੇ ਮਨੁੱਖ ਦੀ ਸਰੀਰਕ ਸਮਰੱਥਾ ‘ਚ ਬੇਓੜਕ ਵਾਧਾ ਕੀਤਾ ਹੈ। ਜਿਵੇਂ ਟ੍ਰੈਥਲਨ, ਡਿਕੈਥਲਨ, 3100 ਮੀਲ ਦੀ ਨਿਊ ਯਾਰਕ ਦੌੜ ਆਦਿ ਜਿਨ੍ਹਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ! ਇਸੇ ਤਰ੍ਹਾਂ ਦੀ ਇੱਕ ਮਹਾਂ-ਦੌੜ ‘ਸਪਾਰਟੈਥਲਨ’ 246 ਕਿਲੋਮੀਟਰ ਦੀ ਹੈ। ਇਹ ਹਰ ਸਾਲ ਯੂਨਾਨ ਦੇ ਸ਼ਹਿਰ ਏਥਨਜ਼ ਤੋਂ ਸਪਾਰਟਾ ਦੇ ਥੇਹ ਉੱਪਰ ਵਸੇ ਮਾਡਰਨ ਸ਼ਹਿਰ ਸਪਾਰਟਾ ਤੱਕ ਦੌੜੀ ਜਾਂਦੀ ਹੈ। 2500 ਸਾਲ ਪਹਿਲਾਂ ਪਰਸ਼ੀਆ ਦੀਆਂ ਫੌਜਾਂ ਨੇ ਯੂਨਾਨ ਦੀ ਰਿਆਸਤ ਏਥਨਜ਼ ਦੇ ਸ਼ਹਿਰ ਮੈਰਾਥਨ ‘ਤੇ ਹੱਲਾ ਬੋਲ ਦਿੱਤਾ। ਏਥਨਜ਼ ਵਾਸੀਆਂ ਨੇ ਫਿਡੀਪੀਡੀਸ ਨਾਉਂ ਦੇ ਓਲੰਪੀਅਨ ਦੌੜਾਕ ਨੂੰ ਆਪਣੇ ਮਿੱਤਰ-ਰਾਜ ਸਪਾਰਟਾ ਵੱਲ ਫੌਜੀ ਮਦਦ ਵਾਸਤੇ ਦੌੜਾਇਆ। ਦੋਹਾਂ ਸ਼ਹਿਰਾਂ ਵਿਚਕਾਰ 246 ਕਿਲੋਮੀਟਰ ਦਾ ਫਾਸਲਾ ਉਸ ਨੇ ਲਗਪਗ 36 ਘੰਟਿਆਂ ਵਿਚ ਪੂਰਾ ਕੀਤਾ ਅਤੇ ਸਪਾਰਟਾ-ਵਾਸੀਆਂ ਨੂੰ ਸੁਨੇਹਾ ਦਿੱਤਾ, ਪਰ ਆਪਣੀਆਂ ਧਾਰਮਿਕ ਰਸਮਾਂ ਰੀਤਾਂ ਕਰਕੇ ਉਨ੍ਹਾਂ ਨੇ ਤੁਰਤ ਮਦਦ ਕਰਨ ਤੋਂ ਅਸਮਰੱਥਾ ਪਰਗਟ ਕੀਤੀ। ਸੋ ਫਿਡੀਪੀਡੀਸ ਉਨ੍ਹੀਂ ਪੈਰੀਂ ਮੈਰਾਥਨ ਮੁੜਿਆ। ਲੜਾਈ ਵਿਚ ਏਥਨਜ਼ ਨੇ ਪਰਸ਼ੀਅਨ ਸੈਨਾ ਨੂੰ ਹਰਾ ਦਿੱਤਾ। ਇਸੇ ਓਲੰਪੀਅਨ ਦੌੜਾਕ ਨੇ ਫਿਰ ਲੜਾਈ ਜਿੱਤਣ ਦਾ ਸੁਨੇਹਾ ਦੌੜ ਕੇ ਹੀ ਏਥਨਜ਼ ਪਹੁੰਚਾਇਆ…।
ਕਦੇ ਮੈਂ ਲਿਖਿਆ ਸੀ: ਲੱਖਾਂ ਕਰੋੜਾਂ ਦੌੜਾਕ ਮੈਰਾਥਨ ਦੌੜ ਚੁਕੇ ਤੇ ਦੌੜ ਰਹੇ ਹਨ। ਮੈਰਾਥਨ ਦੌੜ ਦਾ ਪਿਛੋਕੜ ਢਾਈ ਹਜ਼ਾਰ ਸਾਲ ਪਹਿਲਾਂ ਲੜੀ ਲੜਾਈ ਨਾਲ ਸਬੰਧਿਤ ਹੈ। 490 ਪੂ. ਈ. ਵਿਚ ਪਰਸ਼ੀਆ ਨੇ ਏਥਨਜ਼ ‘ਤੇ ਹਮਲਾ ਕਰਨ ਲਈ ਆਪਣੀ ਫੌਜ ਉਥੋਂ 25 ਕੁ ਮੀਲ ਦੂਰ ਪਿੰਡ ਮੈਰਾਥਨ ‘ਤੇ ਚੜ੍ਹਾਈ ਸੀ। ਉਦੋਂ ਮੈਰਾਥਨ ਛੋਟਾ ਜਿਹਾ ਪਿੰਡ ਸੀ, ਜੋ ਹੁਣ ਸ਼ਹਿਰ ਬਣ ਗਿਆ ਹੈ। ਯੂਨਾਨ ਦੇ ਜਰਨੈਲ ਨੇ ਆਪਣੇ ਓਲੰਪੀਅਨ ਦੌੜਾਕ ਫਿਡੀਪੀਡੀਸ ਨੂੰ ਸਪਾਰਟਾ ਤੋਂ ਮਦਦ ਲੈਣ ਲਈ ਦੌੜਾਇਆ। ਉਹ ਦੌੜਦਾ, ਦਰਿਆ ਤੈਰਦਾ ਤੇ ਪਹਾੜੀਆਂ ਦੀਆਂ ਚੋਟੀਆਂ ਚੜ੍ਹਦਾ ਸਪਾਰਟਾ ਅੱਪੜਿਆ। ਮਦਦ ਲੈਣ ਦਾ ਸੁਨੇਹਾ ਦੇ ਕੇ ਵਾਪਸ ਏਥਨਜ਼ ਪਹੁੰਚਾ ਹੀ ਸੀ ਕਿ ਬਿਨਾ ਆਰਾਮ ਕੀਤੇ ਉਸ ਨੂੰ ਮੈਰਾਥਨ ਵੱਲ ਕੂਚ ਕਰਨਾ ਪਿਆ। ਮੈਰਾਥਨ ਦੇ ਮੈਦਾਨ ਵਿਚ ਜੰਮ ਕੇ ਲੜਾਈ ਹੋਈ, ਜਿਸ ਵਿਚ ਯੂਨਾਨੀ ਜਿੱਤ ਗਏ।
ਜਿੱਤ ਦਾ ਸਮਾਚਾਰ ਤੁਰਤ ਏਥਨਜ਼ ਪੁਚਾਉਣ ਲਈ ਜਰਨੈਲ ਨੇ ਥੱਕੇ ਟੁੱਟੇ ਫਿਡੀਪੀਡੀਸ ਨੂੰ ਮੁੜ ਏਥਨਜ਼ ਵੱਲ ਦੌੜਾਇਆ। ਦੌੜਦਿਆਂ ਉਹਦੇ ਪੈਰਾਂ ‘ਚੋਂ ਖੂਨ ਸਿਮ ਆਇਆ, ਜਿਸ ਨਾਲ ਖੂਨ ਦੇ ਨਿਸ਼ਾਨ ਪਹਾੜੀ ਪੱਥਰਾਂ ‘ਤੇ ਲੱਗਦੇ ਗਏ। ਲੜਾਈ ਦੀ ਜਿੱਤ-ਹਾਰ ਦਾ ਸਮਾਚਾਰ ਉਡੀਕਦੇ ਏਥਨਜ਼ ਵਾਸੀਆਂ ਨੂੰ ਦੂਰੋਂ ਹੀ ਆਪਣੇ ਓਲੰਪੀਅਨ ਦੌੜਾਕ ਦਾ ਝਉਲਾ ਪਿਆ ਤਾਂ ਉਹ ਘਰਾਂ ਦੀਆਂ ਛੱਤਾਂ ਤੋਂ ਉੱਤਰ ਕੇ ਖਬਰਸਾਰ ਸੁਣਨ ਲਈ ਅੱਗੇ ਵਧੇ। ਹੰਭੇ, ਹਫੇ ਤੇ ਲਹੂ ਲੁਹਾਣ ਪੈਰਾਂ ਵਾਲੇ ਸਿਰੜੀ ਦੌੜਾਕ ਨੇ ਸਾਰੀ ਸੱਤਿਆ ‘ਕੱਠੀ ਕਰ ਕੇ ਸਿਰਫ ਇਹੋ ਕਿਹਾ, “ਖੁਸ਼ੀਆਂ ਮਨਾਓ, ਆਪਾਂ ਜਿੱਤ ਗਏ ਆਂ!”
ਏਨਾ ਕਹਿ ਕੇ ਉਹ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ। ਉਸ ਜੋਧੇ ਦੌੜਾਕ ਦੀ ਯਾਦ ਵਿਚ 1896 ਦੀਆਂ ਪਹਿਲੀਆਂ ਮਾਡਰਨ ਓਲੰਪਿਕ ਖੇਡਾਂ ਵਿਚ ਮੈਰਾਥਨ ਦੌੜ ਸ਼ੁਰੂ ਕੀਤੀ ਗਈ, ਜਿਸ ਦਾ ਪਹਿਲਾ ਚੈਂਪੀਅਨ ਯੂਨਾਨ ਦਾ ਹੀ ਚਰਵਾਹਾ ਸਪਰਿਡਨ ਲੁਈਸ ਬਣਿਆ, ਜਿਸ ਨੂੰ ਬਾਦਸ਼ਾਹ ਨੇ ਪੁੱਛਿਆ, “ਮੰਗ ਜੋ ਕੁਛ ਮੰਗਣਾ?” ਚਰਵਾਹੇ ਚੈਂਪੀਅਨ ਨੇ ਸਿਰਫ ਘੋੜਾ ਗੱਡੀ ਮੰਗੀ…। ਹੈਰਾਨੀ ਦੀ ਗੱਲ ਹੈ, ਫਿਡੀਪੀਡੀਸ ਨੂੰ ਬਹੁਤਾ ਦੂਸਰੇ ਕਾਰਨਾਮੇ ਕਰਕੇ ਜਾਣਿਆ ਜਾਂਦਾ ਹੈ, ਜਿਹੜਾ ਆਧੁਨਿਕ ਓਲੰਪਿਕ ਖੇਡਾਂ ਵਿਚ ਮੈਰਾਥਨ ਦੌੜ ਦਾ ਆਧਾਰ ਬਣਿਆ!
ਫਿਡੀਪੀਡੀਸ ਦੇ ਪਹਿਲੇ ਕਾਰਨਾਮੇ ਦੀ ਯਾਦ ਵਿਚ ਰੌਇਲ ਏਅਰ ਫੋਰਸ ਦੇ ਅਫਸਰ ਜੌਹਨ ਫੋਡਨ ਨੇ ਅਜੋਕੀ ਸਪਾਰਟੈਥਲਨ ਮਹਾਂ-ਦੌੜ ਦਾ ਅਰੰਭ 1983 ਵਿਚ ਕੀਤਾ। ਇਹ ਦੌੜ ਹਰਮਨ-ਪਿਆਰੀ ਹੁੰਦੀ ਗਈ। ਇਸ ਵਿਚ ਭਾਗ ਲੈਣ ਵਾਸਤੇ ਨਿਯਮ ਵੀ ਸਖਤ ਹੁੰਦੇ ਗਏ ਤਾਂ ਜੋ ਓਹੀ ਭਾਗ ਲੈ ਸਕਣ, ਜੋ ਪੂਰੀ ਤਰ੍ਹਾਂ ਫਿੱਟ ਹੋਣ ਅਤੇ ਦੌੜ ਪੂਰੀ ਕਰਨ ਦੇ ਸਮਰੱਥ ਹੋਣ। ਸਪਾਰਟੈਥਲਨ ਦਾ ਰਸਤਾ ਉਘੜ-ਦੁਘੜੇ, ਚੜ੍ਹਾਈ-ਉਤਰਾਈ ਅਤੇ ਚਿੱਕੜ ਵਾਲੇ ਪਹਾੜੀ ਰਸਤੇ ਵਾਲਾ ਹੁੰਦਾ ਹੈ। ਸਭ ਤੋਂ ਔਖਾ ਹਿੱਸਾ ਚਾਰ ਹਜ਼ਾਰ ਫੁੱਟ ਦੀ ਚੜ੍ਹਾਈ ਤੇ ਫਿਰ ਉਤਰਾਈ ਹੁੰਦਾ ਹੈ। ਰਸਤੇ ਵਿਚ ਤੇਜ਼ ਹਵਾ ਚਲਦੀ ਹੈ ਅਤੇ ਦਿਨ ਦਾ ਤਾਪਮਾਨ 40 ਡਿਗਰੀ ਦੇ ਨੇੜੇ-ਤੇੜੇ ਹੋ ਜਾਂਦਾ ਹੈ। ਰਾਤ ਨੂੰ ਬਰਫ ਜੰਮ ਜਾਂਦੀ ਹੈ। ਇਸ ਮਹਾਂ-ਦੌੜ ਦੀ ਵੰਗਾਰ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦੀ ਬਹੁਤ ਔਖੀ ਪ੍ਰੀਖਿਆ ਹੁੰਦੀ ਹੈ। ਤਕੜੇ ਤੇ ਤਜਰਬੇਕਾਰ ਦੌੜਾਕ ਔਖ ਸੌਖ ਝੱਲਦੇ ਵੀ ਲਗਾਤਾਰ ਦੌੜਦੇ ਜਾਂਦੇ ਹਨ। ਇਸ ਵਾਸਤੇ ਉਹ ਸਾਲਾਂ-ਬੱਧੀ ਅਭਿਆਸ ਕਰਦੇ ਹਨ, ਫਿਰ ਵੀ ਅੱਧੇ ਕੁ ਦੌੜਾਕ ਹੀ ਦੌੜ ਪੂਰੀ ਕਰਨ ਵਿਚ ਸਫਲ ਹੁੰਦੇ ਹਨ। ਇਸ ਵਿਚ ਭਾਗ ਲੈਣ ਵਾਸਤੇ ਬਹੁਤ ਕਰੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਅਤੇ ਹਰ ਦੇਸ਼ ਦਾ ਕੋਟਾ ਨਿਸ਼ਚਿਤ ਹੁੰਦਾ ਹੈ। ਕੁੱਲ 390 ਦੌੜਾਕ ਹੀ ਇਸ ਵਿਚ ਹਿੱਸਾ ਲੈ ਸਕਦੇ ਹਨ। ਇਹ ਸਤੰਬਰ ਦੇ ਆਖਰੀ ਸ਼ੁੱਕਰਵਾਰ ਨੂੰ ਸੁਬ੍ਹਾ 7 ਵਜੇ ਏਥਨਜ਼ ਤੋਂ ਸ਼ੁਰੂ ਹੁੰਦੀ ਹੈ ਅਤੇ ਸ਼ਨਿਚਰਵਾਰ ਸ਼ਾਮ ਦੇ 7 ਵਜੇ ਸਪਾਰਟਾ ਵਿਚ ਖਤਮ ਹੁੰਦੀ ਹੈ, ਭਾਵ 36 ਘੰਟੇ ਤੋਂ ਪਹਿਲਾਂ। ਭਾਵੇਂ 2020 ਦੀ ਇਹ ਮਹਾਂ-ਦੌੜ ਰੱਦ ਹੋ ਗਈ ਸੀ, ਪਰ ਸਤੰਬਰ 2021 ਵਾਸਤੇ ਦਾਖਲਾ ਸ਼ੁਰੂ ਹੈ।
1983 ਦੀ ਪਹਿਲੀ ਮਹਾਂ-ਦੌੜ ਵਿਚੋਂ ਪਹਿਲੇ ਨੰਬਰ `ਤੇ ਆਉਣ ਵਾਲੇ ਯਿਆਨਸ ਕੂਰੋਜ਼ ਨਾਉਂ ਦੇ ਅਥਲੀਟ ਨੇ ਇਹ ਦੌੜ 20 ਘੰਟੇ 25 ਮਿੰਟ ਵਿਚ ਪੂਰੀ ਕੀਤੀ ਸੀ। ਉਸ ਨੇ ਚਾਰ ਵਾਰ ਇਸ ਮਹਾਂ-ਦੌੜ ਵਿਚ ਭਾਗ ਲਿਆ ਅਤੇ ਚਾਰੇ ਵਾਰ ਪਹਿਲੇ ਨੰਬਰ ‘ਤੇ ਰਿਹਾ। ਐਮਿਲੀ ਗੈਲਡਰ ਪਹਿਲੀ ਮਹਿਲਾ ਦੌੜਾਕ ਸੀ, ਜਿਸ ਨੇ 2010 ਵਿਚ ਇਹ ਮਹਾਂ-ਦੌੜ ਪੂਰੀ ਕੀਤੀ। ਇਨ੍ਹਾਂ ਵਿਚ ਦਿਲਚਸਪੀ ਅਤੇ ਇਨ੍ਹਾਂ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਭਾਵ ਆਪੋ-ਆਪਣੀ ਸਮਰੱਥਾ ਤੇ ਸਾਧਨਾਂ ਅਨੁਸਾਰ ਸਰੀਰਕ ਕਸਰਤਾਂ ਦੇ ਨਿਯਮਿਤ ਅਭਿਆਸ ਰਾਹੀਂ ਆਪਣੇ-ਆਪ ਨੂੰ ਵੱਧ ਤੋਂ ਵੱਧ ਚੁਸਤ-ਦਰੁਸਤ ਰੱਖਣਾ ਹੈ।
ਸਿੱਖਣ ਵਾਲੀਆਂ ਦੋ ਗੱਲਾਂ ਹਨ: ਚਲਾਊ ਢੰਗ ਨਾਲ ਕੁਝ ਕਰਨ ਦੀ ਆਦਤ ਛੱਡ ਕੇ ਹਰ ਕੰਮ ਸੁਚੇਤ ਢੰਗ ਨਾਲ ਕਰਨਾ ਸਿੱਖੀਏ, ਖਾਸ ਕਰਕੇ ਸਿਹਤ-ਸੰਭਾਲ ਨਾਲ ਸਬੰਧਿਤ ਸਰਗਰਮੀਆਂ। ਸਰੀਰਕ ਕਸਰਤ ਸਣੇ ਹਰ ਕੰਮ ਕਰਨ ਤੋਂ ਪਹਿਲਾਂ ਪੂਰਾ ਅਭਿਆਸ ਅਤੇ ਪੂਰੀ ਤਿਆਰੀ ਕਰਨਾ ਸਿੱਖੀਏ, ਜੋ ਬਹੁਤ ਜ਼ਰੂਰੀ ਹੈ। ਇਨ੍ਹਾਂ ਦੀ ਘਾਟ ਕਰਕੇ ਹੋਈ ਅਸਫਲਤਾ ਨੂੰ ਅਸੀਂ ਪ੍ਰਤਿਭਾ ਅਤੇ ਸਮਰੱਥਾ ਦੀ ਘਾਟ ਸਮਝ ਬੈਠਦੇ ਹਾਂ ਤੇ ਸਿਰੜ ਨਾਲ ਅਗਲੇ ਹੰਭਲੇ ਮਾਰਨੇ ਛੱਡ ਦਿੰਦੇ ਹਾਂ। ਇਨ੍ਹਾਂ ਦੋਹਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਅਣਗਹਿਲੀ ਅਤੇ ਸੁਸਤੀ ਦਾ ਤਿਆਗ ਕਰਨਾ ਜ਼ਰੂਰੀ ਹੈ। ਮੇਰੇ ਤਜਰਬੇ ਅਨੁਸਾਰ ਹਰ ਕੋਈ ਮੈਰਾਥਨ ਵਾਕਰ/ਰਨਰ ਬਣ ਸਕਦਾ ਹੈ ਤੇ ਜੇਤੂ ਹੋ ਸਕਦਾ ਹੈ: ਹਾਸ਼ਮ ਫਤਹਿ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ।