ਇਹ ਤਾਂ ਹੱਦ ਹੀ ਹੋ ਗਈ!

ਗੁਰਬਚਨ ਸਿੰਘ ਭੁੱਲਰ
ਫ਼ੋਨ: 91-11-65736868
ਦਰਵਾਜ਼ੇ ਉਤੇ ਠੱਕ-ਠੱਕ ਹੋਈ। ਸੋਚਿਆ, ਕੌਣ ਹੋਇਆ? ਏਨੇ ਨੂੰ ਹੋਰ ਵੀ ਜ਼ੋਰ ਨਾਲ ਦਰਵਾਜ਼ਾ ਖੜਕਿਆ। ਮੈਂ ਅਖ਼ਬਾਰ ਰੱਖ ਕੇ ਕਾਹਲੀ ਨਾਲ ਉਠਿਆ ਤਾਂ ਕੋਈ ਉਤਾਵਲਾ ਤੀਜੀ ਵਾਰ ਤਾਂ ਜਿਵੇਂ ਤਖਤਿਆਂ ਉਤੇ ਮੁੱਕੀਆਂ ਹੀ ਮਾਰਨ ਲੱਗ ਪਿਆ। ਕੁੰਡਾ ਖੋਲ੍ਹਿਆ ਤਾਂ ਜਥੇਦਾਰ ਬੁੱਧਵੈਰ ਸਿੰਘ ਖਲੋਤਾ ਸੀ। ਚਿਹਰਾ ਗੁੱਸੇ ਨਾਲ ਲਾਲ ਹੋਇਆ ਪਿਆ। ਉਹਨੇ ਮੈਨੂੰ ਹੱਥ ਨਾਲ ਪਾਸੇ ਧੱਕਿਆ ਅਤੇ ਉਥੇ ਹੀ ਖੜ੍ਹਾ ਛੱਡ ਕੇ ਆਪ ਕਮਰੇ ਵਿਚ ਜਾ ਬੈਠਾ। ਮੈਂ ਹੈਰਾਨ-ਪ੍ਰੇਸ਼ਾਨ ਹੋਇਆ ਆਪਣੇ ਹੀ ਕਮਰੇ ਵਿਚ ਜਾਣੋਂ ਝਿਜਕਿਆ। ਆਖ਼ਰ ਦਬੇ ਪੈਰੀਂ ਦੂਜੇ ਸੋਫ਼ੇ ਉਤੇ ਬੈਠ ਕੇ ਮੈਂ ਨਰਮ ਆਵਾਜ਼ ਵਿਚ ਪੁੱਛਿਆ, “ਵੀਰ ਬੁੱਧਵੈਰ, ਸੁੱਖ ਤਾਂ ਹੈ?”
“ਸੁੱਖ ਹੈ ਸੁਆਹ ਤੇ ਖੇਹ!” ਉਹਨੇ ਜਵਾਬ ਦਿੱਤਾ, “ਅੱਜ ਦਾ ਅਖ਼ਬਾਰ ਨਹੀਂ ਪੜ੍ਹਿਆ ਤੂੰ? ਕੋਈ ਨਕੇਲ ਪਾਉਣ ਵਾਲਾ ਨਹੀਂ ਇਨ੍ਹਾਂ ਨੂੰ?”
ਮੈਂ ਹਿਸਾਬ ਲਾਇਆ, ਕਿਸੇ ਕਾਂਗਰਸੀ ਜਾਂ ਕਮਿਊਨਿਸਟ ਆਗੂ ਨੇ ਜਥੇਦਾਰ ਦੀ ਪੰਥਕ ਪਾਰਟੀ ਬਾਰੇ ਕੋਈ ਬਿਆਨ ਦੇ ਦਿੱਤਾ ਹੋਣਾ ਹੈ। ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਬੋਲਿਆ, “ਉਹਦੇ ਤੀਹ ਲੱਖ ਮਾਰ ਕੇ ਭਰ ਜਾਊ ਖਜ਼ਾਨਾ? ਇਹ ਤਾਂ ਹੱਦ ਹੀ ਹੋ ਗਈ! ਜੇ ਮੇਰਾ ਵੱਸ ਚੱਲੇ, ਇਨ੍ਹਾਂ ਅਫ਼ਸਰਾਂ ਨੂੰ ਅੱਜ ਹੀ ਨੌਕਰੀਉਂ ਹਟਾ ਕੇ ਘਰ ਬਿਠਾ ਦਿਆਂ।”
ਮੈਂ ਬੇਨਤੀ ਕੀਤੀ, “ਵੀਰ ਬੁੱਧਵੈਰ, ਸਵੇਰੇ ਸਵੇਰੇ ਕਿਸੇ ਕੰਮ ਜਾਣਾ ਪੈ ਗਿਆ। ਵਾਪਸ ਆ ਕੇ ਮੈਂ ਅਖ਼ਬਾਰ ਹੀ ਪੜ੍ਹ ਰਿਹਾ ਸੀ, ਏਨੇ ਨੂੰ ਤੂੰ ਆ ਗਿਆ। ਕੀਹਦੇ ਪੈਸੇ ਮਾਰਨ ਲੱਗਿਆ ਹੈ, ਕੌਣ ਮਾਰਨ ਲੱਗਿਆ ਹੈ, ਗੱਲ ਖੋਲ੍ਹ ਕੇ ਦੱਸ, ਬੁਝਾਰਤਾਂ ਨਾ ਪਾ।”
ਉਹਦੀ ਆਵਾਜ਼ ਇਕਦਮ ਰੇਸ਼ਮੀ ਮੁਲਾਇਮ ਹੋ ਗਈ, “ਦੇਖ ਤੂੰ ਗੁਰਬਚਨ ਸਿਆਂ ਵੀਰ, ਇਨ੍ਹਾਂ ਦੀ ਧੱਕੇਸ਼ਾਹੀ, ਉਸ ਬਿਚਾਰੀ ਗਰੀਬ ਮਾਸੂਮ ਕਟਰੀਨਾ ਕੌਰ ਦੇ ਤੀਹ ਲੱਖ ਮਾਰਨ ਲੱਗੇ ਨੇ!”
ਅਚਾਨਕ ਮੇਰਾ ਹਾਸਾ ਨਿਕਲਣ ਲੱਗਿਆ ਪਰ ਜਥੇਦਾਰ ਤੋਂ ਡਰਦੇ ਨੇ ਰੋਕ ਲਿਆ। ਹੁਣੇ ਅਖਬਾਰ ਵਿਚ ਮੈਂ ਇਸ ਖਬਰ ਉਤੇ ਸਰਸਰੀ ਨਜ਼ਰ ਮਾਰ ਕੇ ਅੱਗੇ ਲੰਘ ਗਿਆ ਸੀ। ਪੰਜਾਬ ਦੇ ਕੁਛ ਅਫਸਰਾਂ ਨੇ ਸਰਕਾਰ ਨੂੰ ਕਿਹਾ ਸੀ ਕਿ 2012 ਦੇ ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਵਿਚ ਕੈਟਰੀਨਾ ਕੈਫ਼ ਤੈਅ ਹੋਏ ਬਾਰਾਂ ਮਿੰਟਾਂ ਦੀ ਥਾਂ ਕਿਉਂਕਿ ਸਿਰਫ਼ ਦੋ ਮਿੰਟ ਨੱਚੀ ਸੀ, ਇਸ ਲਈ ਸਮਾਰੋਹ ਦੀ ਠੇਕੇਦਾਰ ਕੰਪਨੀ ਦੇ ਬਿਲ ਵਿਚ ਕਟੌਤੀ ਕਰ ਦਿੱਤੀ ਜਾਵੇ। ਪੰਜਾਬ ਸਰਕਾਰ ਨੇ ਕੰਪਨੀ ਨੂੰ ਕੁੱਲ ਛੇ ਕਰੋੜ ਗਿਆਰਾਂ ਲੱਖ ਵੀਹ ਹਜ਼ਾਰ ਵਿਚੋਂ 65 ਫੀਸਦੀ ਪਹਿਲਾਂ ਦੇ ਕੇ ਬਾਕੀ ਦੋ ਕਰੋੜ ਤੋਂ ਵੱਧ ਦੀ ਰਕਮ ਮਗਰੋਂ ਦੇਣੀ ਸੀ। ਉਸ ਵਿਚੋਂ ਉਹ ਹੁਣ ਇਹ ਪੈਸੇ ਕੱਟ ਰਹੇ ਸਨ।
ਮੈਂ ਸੁਝਾਅ ਦਿੱਤਾ, “ਤੂੰ ਆਬਦੀ ਪਾਰਟੀ ਦੇ ਲੀਡਰਾਂ ਨਾਲ ਗੱਲ ਕਰ।”
“ਗੱਲ ਕਰਾਂ? ਮੈਂ? ਆਬਦੀ ਪਾਰਟੀ ਦੇ ਲੀਡਰਾਂ ਨਾਲ? ਮੈਂ ਤਾਂ ਫਤਿਹ ਤੱਕ ਨਹੀਂ ਸਾਂਝੀ ਕਰਨੀ ਉਨ੍ਹਾਂ ਨਾਲ, ਭਾਈ ਸਾਅਬ”, ਉਹ ਫੇਰ ਗੁੱਸੇ ਹੋ ਗਿਆ, “ਮੈਨੂੰ ਗੋਆ ਨਹੀਂ ਲੈ ਕੇ ਗਏ ਤੇ ਮੈਂ ਉਨ੍ਹਾਂ ਨਾਲ ਕਲਾਮ ਕਰਾਂ!”
“ਲੈ ਇਹ ਵੀ ਕੋਈ ਬੁਰਾ ਮਨਾਉਣ ਵਾਲੀ ਗੱਲ ਹੈ?” ਮੈਂ ਬੇਪਰਵਾਹੀ ਨਾਲ ਕਿਹਾ, “ਗੱਡੀ ਫੜੋ, ਸਿੱਧੇ ਗੋਆ! ਚੱਲ ਆਪਾਂ ਦੋਵੇਂ ਭਰਾ ਚਲਦੇ ਹਾਂ।”
“ਕਿਉਂ, ਬਿਸਵੇਦਾਰਾਂ ਦੇ ਘਰੀਂ ਜੰਮੇ ਹਾਂ ਅਸੀਂ! ਜੇ ਇਹੋ ਜਿਹੇ ਸੁਫਨੇ ਲੈਣੇ ਸੀ, ਨੰਗ ਘਰਾਂ ਵਿਚ ਨਹੀਂ ਸੀ ਜੰਮਣਾ।” ਉਹਨੇ ਅੰਦਰਲੀ ਗੱਲ ਦੱਸੀ, “ਕਮਰਿਆਂ ਦੀਆਂ ਖਿੜਕੀਆਂ ਵਿਚੋਂ ਸਮੁੰਦਰ ਕਿਨਾਰੇ ਪਈਆਂ ਗਿੱਠ-ਗਿੱਠ ਲੀੜਿਆਂ ਵਾਲੀਆਂ ਜਲ-ਪਰੀਆਂ ਦਾ ਨਜ਼ਾਰਾ ਦਿੱਸਣ ਵਾਲੇ ਜਿਹੜੇ ਹੋਟਲਾਂ ਵਿਚ ਸਾਡੇ ਜਥੇਦਾਰ ਰੱਖੇ ਗਏ ਸੀ, ਤੇਰੇ ਮੇਰੇ ਵਰਗਿਆਂ ਨੂੰ ਉਨ੍ਹਾਂ ਦੇ ਦਰਬਾਨ ਫਾਟਕ ਦੇ ਅੰਦਰ ਨਹੀਂ ਹੋਣ ਦਿੰਦੇ, ਵੱਡਿਆ ਲੇਖਕਾ, ਮਾਰਦੈਂ ਗੱਲਾਂ! ਇਕ ਦਿਨ ਦੇ ਹਜ਼ਾਰਾਂ ਦੇਣੇ ਪੈਂਦੇ ਐ। ਇਹੋ ਤਾਂ ਕਰੋਧ ਚੜ੍ਹਦਾ ਐ, ਮੇਰੇ ਇਕੱਲੇ ਨਾਲ ਹੀ ਭੀੜ ਹੋ ਜਾਂਦੀ? ਮੈਂ ਵੀ ਨਜ਼ਾਰੇ ਲੈ ਕੇ ਤੀਆਂ ਵਰਗੇ ਚਾਰ ਦਿਨ ਲੰਘਾ ਆਉਂਦਾ!æææਕੋਈ ਇਨ੍ਹਾਂ ਨੂੰ ਪੁੱਛੇ, ਗੋਆ ਵਿਚ ਰੋੜ੍ਹੇ ਕਰੋੜਾਂ ਰੁਪਈਏ ਉਸ ਭੋਲੀ-ਭਾਲੀ ਦੇ ਤੀਹ ਲੱਖ ਕੱਟ ਕੇ ਪੂਰੇ ਹੋ ਜਾਣਗੇ? ਨਾਲੇ ਇਨ੍ਹਾਂ ਅਫ਼ਸਰਾਂ ਦੀ ਹੋਰ ਧੱਕੇਸ਼ਾਹੀ ਦੇਖ, ਉਸ ਦਿਨ ਇਕ ਦੂਜੇ ਨੂੰ ਪਿੱਛੇ ਧੱਕ ਧੱਕ ਕੇ ਉਹਦੇ ਨਾਲ ਤਸਵੀਰਾਂ ਖਿਚਾਉਂਦਿਆਂ ਉਹਨੂੰ ਸਟੇਜ ਤੋਂ ਹੇਠਾਂ ਰੋਕ ਰੱਖਿਆ, ਹੁਣ ਪੈਸੇ ਕਟਦੇ ਨੇ, ਅਖੇ ਪੂਰਾ ਸਮਾਂ ਨਹੀਂ ਦਿੱਤਾ। ਉਏ ਧੱਕੜੋ, ਸਮਾਂ ਤਾਂ ਉਹਦਾ ਤੇ ਜਨਤਾ ਦਾ ਤੁਸੀਂ ਖਾ ਗਏ!” ਉਹਨੇ ਅਚਾਨਕ ਗੱਲ ਬਦਲੀ, “ਤੂੰ ਇਹ ਦੇਖ ਬਾਈ, ਰੱਬ ਜਿਹੜੀ ਮੂਰਤ ਨੂੰ ਸ਼ੌਕ ਨਾਲ ਘੜਨਾ ਚਾਹੇ, ਪੱਟੂ ਕਸਰ ਕੋਈ ਨਹੀਂ ਰਹਿਣ ਦਿੰਦਾ! ਤੂੰ ਦੇਖ ਲੈ, ਮੂਨ ਬਣਾ ਧਰੀ ਪਤੰਦਰ ਨੇ ਕਟਰੀਨਾ ਕੌਰ!”
ਮੈਂ ਧਰਵਾਸ ਦਿੱਤਾ, “ਪਰ ਬੁੱਧਵੈਰ ਉਹ ਤਾਂ ਕੰਪਨੀ ਦੇ ਪੈਸੇ ਕੱਟ ਰਹੇ ਨੇ?æææ”
“ਅਸ਼ਕੇ ਤੇਰੀ ਅਕਲ ਦੇ! ਕੰਪਨੀ ਵਾਲੇ ਬੜੇ ਭਲੇ ਲੋਕ ਨੇ ਜੋ ਜੇਬ ਵਿਚੋਂ ਜਾਣ ਦੇਣਗੇ। ਉਹ ਇਹੋ ਅਫਸਰਾਂ ਵਾਲੇ ਮਿੰਟ-ਸਕਿੰਟ ਗਿਣਾ ਕੇ ਅੱਗੋਂ ਉਸ ਬਿਚਾਰੀ ਦੇ ਹੀ ਕੱਟਣਗੇ।” ਉਹਨੇ ਮੇਰੀ ਗੱਲ ਕੱਟੀ, “ਗੁਰਬਚਨ ਸਿਆਂ ਵੀਰ, ਸਰਕਾਰਾਂ ਨੂੰ ਪੈਸੇ ਦੀ ਘਾਟ ਨਹੀਂ ਹੁੰਦੀ, ਬੱਸ ਸਾਡੀ ਸਰਕਾਰ ਦਿਲ ਦੀ ਨੰਗ ਐ। ਦੂਜੇ ਪਾਸੇ ਤੂੰ ਦੇਖ, ਏਸੇ ਅਖਬਾਰ ਵਿਚ ਖਬਰ ਐ, ਮੁੱਖ ਮੰਤਰੀ ਨੇ 75 ਕਰੋੜ ਰੁਪਏ ਦਾ ਜਹਾਜ਼ ਖਰੀਦਣ ਦੀ ਮਨਜ਼ੂਰੀ ਦਿੱਤੀ ਐ। ਹੋਰ ਤਾਂ ਛੱਡ, ਮੁੱਖ ਮੰਤਰੀ ਦੀ ਲਾਮਡੋਰੀ ਵਾਸਤੇ 32 ਕਾਰਾਂ ਤੇ ਉਪ ਮੁੱਖ ਮੰਤਰੀ ਵਾਸਤੇ 19 ਕਾਰਾਂ ਪਹਿਲਾਂ ਨੇ ਤੇ ਦੋਵਾਂ ਵਾਸਤੇ ਪੰਜ ਕਰੋੜ ਦੀਆਂ ਦੋ ਕਾਰਾਂ ਹੋਰ ਖਰੀਦੀਆਂ ਜਾ ਰਹੀਆਂ ਨੇ। ਤੇ ਸ਼ਰਮ ਦੀ ਗੱਲ ਦੇਖੋ, ਖ਼ਜ਼ਾਨਾ ਖਾਲੀ ਹੋਣ ਤੋਂ ਬਚਾਉਣਗੇ ਉਸ ਬਿਚਾਰੀ ਕਟਰੀਨਾ ਕੌਰ ਤੋਂ ਕੱਟੇ ਤੀਹ ਲੱਖ!”
ਮੈਂ ਗੱਲ ਮੁਕਦੀ ਕੀਤੀ, “ਵੀਰ ਔਖਾ ਨਾ ਹੋ, ਸਰਕਾਰਾਂ ਏਵੇਂ ਹੀ ਚਲਦੀਆਂ ਹੁੰਦੀਆਂ ਨੇ।”
“ਸੁਆਹ ਚਲਦੀਆਂ ਨੇ ਇਉਂ ਸਰਕਾਰਾਂ! ਸਰਕਾਰ ਦਾ ਦਿਲ ਖੁੱਲ੍ਹਾ ਚਾਹੀਦਾ ਐ।” ਉਹ ਮੰਨ ਨਹੀਂ ਸੀ ਰਿਹਾ, “ਚੰਗੀਆਂ ਸਰਕਾਰਾਂ ਕਦੇ ਮਿੰਟ-ਸਕਿੰਟ ਗਿਣਦੀਆਂ ਨੇ? ਆਪਣੇ ਮੁਸਲਮਾਨ ਭਰਾ ਈਦ ਦਾ ਚੰਦ ਦੇਖ ਕੇ ਤੇ ਆਪਣੀਆਂ ਜਨਾਨੀਆਂ ਕਰਵੇ ਚੌਥ ਦਾ ਚੰਦ ਦੇਖ ਕੇ ਭੋਜਨ ਕਰਦੀਆਂ ਨੇ, ਕੋਈ ਇਹ ਥੋੜ੍ਹੋ ਗਿਣਦਾ ਐ, ਚੰਦ ਕਿੰਨੇ ਮਿੰਟ ਦੇਖਿਆ।æææਕਿਹੜੇ ਬਾਰਾਂ ਮਿੰਟ ਤੇ ਕਿਹੜੇ ਦੋ ਮਿੰਟ, ਜੇ ਸੱਚੀ ਪੁੱਛੇਂ ਵੀਰ, ਅੱਖਾਂ ਮੀਚਾਂ, ਮੈਨੂੰ ਤਾਂ ਹੁਣ ਵੀ ਉਹ ਸਟੇਜ ਉਤੇ ਚੰਦ ਵਾਂਗੂੰ ਚੜ੍ਹੀ ਹੋਈ ਦਿੱਸ ਪੈਂਦੀ ਐ! ਉਦੋਂ ਮੈਂ ਆਬਦੀ ਪੰਥਕ ਸਰਕਾਰ ਦਾ ਉਹਦੇ ਦਰਸ਼ਨ ਕਰਾਉਣ ਸਦਕਾ ਲੱਖ ਲੱਖ ਧੰਨਵਾਦ ਕੀਤਾ। ਸਹੁੰ ਖਾ, ਏਸ ਗੱਲ ਦਾ ਕਦੇ ਮੈਨੂੰ ਮਖੌਲ ਨਹੀਂ ਕਰੇਂਗਾ। ਤੈਨੂੰ ਸੱਚੀ ਦੱਸਾਂ, ਜਦੋਂ ਉਸ ਦਿਨ ਸਟੇਜ ਉਤੇ ਆ ਕੇ ਉਹ ਮੁਸਕਰਾਈ ਤੇ ਨੰਗੇ ਲੱਕ ਨੂੰ ਹਿਲੋਰਾ ਦਿੱਤਾ, ਮੈਂ ਕਾਲਜਾ ਦੋਵਾਂ ਹੱਥਾਂ ਨਾਲ ਘੁੱਟ ਕੇ ਫੜ ਲਿਆ। ਸੋਚਿਆ, ਕਿਤੇ ਬੁੜ੍ਹਕ ਕੇ ਬਾਹਰ ਕਟਰੀਨਾ ਕੌਰ ਦੇ ਪੈਰਾਂ ਉਤੇ ਹੀ ਨਾ ਜਾ ਡਿੱਗੇ! ਧੱਕਾ ਰੱਬ ਵੀ ਕਰਦਾ ਐ, ਜੇ ਮੈਂ ਕਿਸੇ ਜਗੀਰਦਾਰ ਦੇ ਘਰ ਜੰਮਿਆ ਹੁੰਦਾ, ਮੈਂ ਚੁੱਪ ਕਰ ਕੇ ਕਿੱਲਾ ਵੇਚਦਾ ਤੇ ਕਟਰੀਨਾ ਕੌਰ ਦੇ ਪੈਸੇ ਆਪ ਭਰ ਦਿੰਦਾ।”
ਉਹਨੂੰ ਸਹਿਜ ਹੋਇਆ ਦੇਖ ਮੈਂ ਹੱਸਿਆ, “ਚੱਲ, ਦੋਵੇਂ ਦੋਸਤ ਮੁੰਬਈ ਉਹਦੇ ਦੁਆਰ ਅੱਗੇ ਧੂਣੀ ਰਮਾ ਲੈਂਦੇ ਹਾਂ।”
ਉਹ ਵੀ ਖੁਸ਼ ਹੋ ਕੇ ਬੋਲਿਆ, “ਗੱਲ ਤਾਂ ਤੇਰੀ ਠੀਕ ਐ, ਰਾਂਝਾ ਵੀ ਤਾਂ ਆਪਣਾ ਹੀ ਭਰਾ ਸੀ!” ਫੇਰ ਅਚਾਨਕ ਗੰਭੀਰ ਹੋ ਗਿਆ, “ਬਾਈ ਆਪਣੀਆਂ ਵਿਚਾਰਧਾਰਾਵਾਂ ਦਾ ਕਿੰਨਾ ਵਿਰੋਧ ਹੋਵੇ, ਸਿੱਖੀ ਤੇ ਮਾਰਕਸਵਾਦ ਵਿਚ ਇਕ ਤਾਂ ਸਾਂਝ ਪੱਕੀ ਹੈ। ਜਦੋਂ ਕਿਸੇ ਬੇਦੋਸੇ ਨਾਲ ਧੱਕਾ ਹੋਵੇ, ਦੋਵੇਂ ਆਵਾਜ਼ ਉਚੀ ਕਰਨੋਂ ਨਹੀਂ ਰਹਿੰਦੇ।” ਉਹ ਜਾਣ ਲਈ ਖੜ੍ਹਾ ਹੋਇਆ ਤਾਂ ਮੈਨੂੰ ਖਿੱਚ ਕੇ ਹਿੱਕ ਨਾਲ ਘੁਟਦਿਆਂ ਜਜ਼ਬਾਤੀ ਹੋ ਕੇ ਕਹਿੰਦਾ, “ਅੱਜ ਦੇਖ ਲੈ ਤੂੰ ਕਟਰੀਨਾ ਕੌਰ ਦੇ ਮਸਲੇ ਬਾਰੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਡਟਿਆ ਖੜ੍ਹਾ ਹੈਂ! ਜਿਉਂਦਾ-ਵਸਦਾ ਰਹਿ ਵੀਰ!”

Be the first to comment

Leave a Reply

Your email address will not be published.