ਅਸੀਂ ਕਾਲੇ ਲੋਕ ਸਦੀਂਦੇ!

ਇੰਦਰਜੀਤ ਚੁਗਾਵਾਂ
ਰੰਗ ਵੀ ਕਿਹੋ ਜਿਹੀ ਚੀਜ਼ ਹੁੰਦੇ ਹਨ। ਰੰਗਾਂ ਤੋਂ ਬਿਨ ਜਿ਼ੰਦਗੀ ਕਿੰਨੀ ਨੀਰਸ ਹੋ ਸਕਦੀ ਹੈ, ਇਹ ਸੋਚ ਕੇ ਹੀ ਪ੍ਰੇਸ਼ਾਨੀ ਜਿਹੀ ਪੈਦਾ ਹੋ ਜਾਂਦੀ ਹੈ। ਵੱਖੋ-ਵੱਖ ਰੰਗ, ਹਰ ਬੰਦੇ ਦੀ ਆਪੋ-ਆਪਣੀ ਪਸੰਦ। ਕਾਸ਼ਨੀ ਰੰਗ ਮੇਰਾ ਮਨ-ਭਾਉਂਦਾ ਰੰਗ ਹੈ, ਪਰ ਮੈਂ ਦੂਸਰੇ ਰੰਗਾਂ ਨੂੰ ਵੀ ਪਿਆਰਦਾ ਹਾਂ, ਕਿਉਂਕਿ ਉਨ੍ਹਾਂ ਰੰਗਾਂ ਦੀ ਬਦੌਲਤ ਹੀ ਕਾਸ਼ਨੀ ਰੰਗ ਦੀ ਸ਼ਾਨ ਹੈ।

ਰੰਗਾਂ ਬਾਰੇ ਸਾਡੇ ਜਿ਼ਹਨ ‘ਚ ਕੁਝ ਧਾਰਨਾਵਾਂ ਸਹਿਜ-ਸੁਭਾਅ ਪੈਦਾ ਹੋ ਜਾਂਦੀਆਂ ਹਨ। ਸ਼ਗਨਾਂ ਦੇ ਮੌਕੇ ਲਾਲ ਰੰਗ ਹੀ ਚੰਗਾ ਹੁੰਦਾ ਹੈ, ਇਹ ਗੱਲ ਸਾਡੇ ਖੂਨ ‘ਚ ਰਚੀ ਹੋਈ ਹੈ। ਸਿੱਖਾਂ-ਹਿੰਦੂਆਂ ‘ਚ ਸੋਗ ਮੌਕੇ ਚਿੱਟਾ ਰੰਗ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ। ਮੁਸਲਿਮ ਭਾਈਚਾਰਾ ਸੋਗ ਮੌਕੇ ਕਾਲੇ ਰੰਗ ਨੂੰ ਤਰਜੀਹ ਦਿੰਦਾ ਹੈ। ਇਨ੍ਹਾਂ ਮੌਕਿਆਂ ‘ਤੇ ਹੋਰ ਰੰਗ ਬਾਰੇ ਕੋਈ ਸੋਚ ਹੀ ਨਹੀਂ ਸਕਦਾ। ਜੇ ਕੋਈ ਹਿੰਮਤ ਕਰਦਾ ਵੀ ਹੈ ਤਾਂ ਪਰਿਵਾਰ ‘ਚੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਰੰਗ ਤਾਂ ਰੰਗ ਹੀ ਐ, ਬਦਰੰਗ ਤਾਂ ਮਨੁੱਖ ਦੀ ਮਨੋ-ਅਵਸਥਾ ਹੈ। ਚਿੱਟਾ ਰੰਗ ਅਮਨ-ਸ਼ਾਂਤੀ ਦਾ ਪ੍ਰਤੀਕ ਕਿਸ ਨੇ ਬਣਾਇਆ, ਕਾਲੇ ਰੰਗ ਨੂੰ ਮਨਹੂਸ ਕਿਉਂ ਕਿਹਾ ਜਾਂਦੈ? ਇਹ ਸੁਆਲ ਅਕਸਰ ਮਨ ‘ਚ ਉੱਠਦੇ ਰਹਿੰਦੇ ਹਨ। ਨਾਜਾਇਜ਼ ਢੰਗ ਨਾਲ ਕਮਾਇਆ ਧਨ, ਕਾਲਾ ਕਿਉਂ ਹੈ, ਉਸ ਨੂੰ ਨਾਜਾਇਜ਼ ਧਨ ਜਾਂ ਹਰਾਮੀ ਧਨ ਕਿਉਂ ਨਹੀਂ ਕਿਹਾ ਜਾ ਸਕਦਾ?
ਸਾਡੇ ਜਿ਼ਹਨ ‘ਚ, ਸਾਡੇ ਪੋਤੜਿਆਂ ‘ਚ ਇਹ ਗੱਲ ਘਰ ਕਰ ਗਈ ਹੈ ਕਿ ਕਾਲਾ ਰੰਗ ਚੰਗਾ ਹੋ ਹੀ ਨਹੀਂ ਸਕਦਾ। ਫਿਲਮਾਂ ‘ਚ ਨਕਾਰਾਤਮਕ ਰੋਲ ਕਰਨ ਵਾਲੇ ਅਦਾਕਾਰ ਦਾ ਰੰਗ ਕਾਲਾ ਹੀ ਦੇਖਦੇ ਆਏ ਹਾਂ। ਪਤਾ ਨਹੀਂ ਕਾਲੇ ਰੰਗ ਨੇ ਕੀ ਗੁਨਾਹ ਕੀਤੈ? ਅਚਾਨਕ ਕਾਲੇ ਰੰਗ ਦਾ ਬੰਦਾ ਦੇਖ ਕੇ ਡਰ ਜਾਣਾ ਸਾਡੀ ਇੱਕ ਸਹਿਵਨ ਪ੍ਰਤੀਕਿਰਿਆ ਹੈ। ਇਸ ਮਾਨਸਿਕਤਾ ਨੂੰ ਬਦਲਣਦਾ ਖਿਆਲ ਮਨ ‘ਚ ਸ਼ਾਇਦ ਹੀ ਕਦੇ ਆਇਆ ਹੋਵੇ।
ਇਸੇ ਮਾਨਸਿਕਤਾ ਕਾਰਨ ਹੀ ਸਿਆਹਫਾਮ ਲੋਕ ਦੁਨੀਆਂ ਭਰ ‘ਚ ਵਿਤਕਰੇ ਦਾ ਸਿ਼ਕਾਰ ਹੁੰਦੇ ਆ ਰਹੇ ਹਨ। ਸਮੇਂ ਸਮੇਂ ਇਸ ਵਿਤਕਰੇ ਵਿਰੁੱਧ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ, ਪਰ ਹਾਲਾਤ ਅਜਿਹੇ ਹਨ ਕਿ ਚਿੱਟੇ-ਕਾਲੇ-ਰੰਗਦਾਰ ਦੀਆਂ ਲਕੀਰਾਂ ਮਿਟਣ ਦਾ ਨਾਂ ਹੀ ਨਹੀਂ ਲੈ ਰਹੀਆਂ।
ਅਮਰੀਕਾ ‘ਚ ਜਾਰਜ ਫਰਾਇਡ ਦੀ ਮੌਤ ਤੋਂ ਬਾਅਦ ਪੈਦਾ ਹੋਈ ‘ਬਲੈਕ ਲਾਈਵਜ਼ ਮੈਟਰ’ ਨਾਂ ਦੀ ਲਹਿਰ ਨੇ ਦੁਨੀਆਂ ਭਰ ਦਾ ਧਿਆਨ ਇੱਕ ਵਾਰ ਫੇਰ ਇਸ ਬਿਮਾਰੀ ਵੱਲ ਖਿੱਚਿਆ।
ਸਿਆਹਫਾਮ ਲੋਕਾਂ ਨਾਲ ਮਿਲਣ-ਵਰਤਣ ਦਾ ਮੈਨੂੰ ਕਈ ਵਾਰ ਮੌਕਾ ਮਿਲਦਾ ਰਿਹਾ ਹੈ ਤੇ ਉਨ੍ਹਾਂ ਬਾਰੇ ਮੇਰੇ ਮਨ ‘ਚ ਕਦੇ ਵੀ ਕੋਈ ਮੰਦ-ਭਾਵਨਾ ਪੈਦਾ ਨਹੀਂ ਹੋਈ। ਹਾਲ ਹੀ ‘ਚ ਹੋਏ ਇੱਕ ਹੋਰ ਤਜਰਬੇ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ।
ਮੈਂ ਜਿਸ ਟਰੱਕਿੰਗ ਕੰਪਨੀ ‘5ਆਬੀ’ ਨਾਲ ਪਹਿਲਾਂ ਕੰਮ ਕਰਦਾ ਸੀ, ਉਸ ਦਾ ਐਮਾਜ਼ੌਨ ਨਾਲ ਕੰਟਰੈਕਟ ਹੈ। ਅਸੀਂ ਇੱਕ ਵਾਰ ਟੈਕਸਸ ਦੇ ਡੈਲਸ ਸ਼ਹਿਰ ਅੰਦਰ ਦੋ ਥਾਂਵਾਂ ‘ਤੇ ਹੁੱਕ-ਡਰਾਪ ਕਰਨਾ ਸੀ। ਪਹਿਲਾਂ ਵਿਲਮਰ, ਜੋ ਡੈਲਸ ਦਾ ਹੀ ਹਿੱਸਾ ਹੈ ਤੇ ਬਾਅਦ ‘ਚ ਡੈਲਸ ਦੇ ਹੀ ਲਿੰਡਨ ਬੀ ਜਾਨਸਨ ਫ੍ਰੀ ਵੇਅ ਵਾਲੀ ਥਾਂ। ਦੂਸਰੀ ਥਾਂ ਅਸੀਂ ਸਵੇਰੇ 7:39 ਵਜੇ ਚੈੱਕ ਇਨ ਕਰਨਾ ਸੀ, ਪਰ ਅਸੀਂ ਚਾਰ ਘੰਟੇ ਪਹਿਲਾਂ ਪਹੁੰਚ ਗਏ। ਸੋਚਿਆ ਕਿ ਜੇ ਲੋਡ ਜਾਂਦਿਆਂ ਨੂੰ ਮਿਲ ਜਾਵੇ ਤਾਂ ਸਮਾਂ ਬਚ ਜਾਵੇਗਾ ਤੇ ਅਗਲਾ ਸਫਰ ਆਰਾਮ ਨਾਲ ਚੱਲ ਸਕਾਂਗੇ।
ਪਹਿਲੀ ਵਾਰ ਐਮਾਜ਼ੌਨ ਦੀ ਇਸ ਲੋਕੇਸ਼ਨ ‘ਤੇ ਆਏ ਸੀ, ਇਸ ਲਈ ਪੂਰੀ ਜਾਣਕਾਰੀ ਨਹੀਂ ਸੀ। ਟਰੱਕਾਂ ਦੀ ਮੀਲ ਤੋਂ ਵੀ ਵੱਧ ਲੰਮੀ ਕਤਾਰ ਲੱਗੀ ਹੋਈ ਸੀ। ਅਸੀਂ ਸੋਚਿਆ ਕਿ ਨਾਲ ਲੱਗਦੀ ਇੱਕ ਹੋਰ ਕੰਪਨੀ ਵਾਸਤੇ ਇਹ ਲਾਈਨ ਹੋਵੇਗੀ, ਐਮਾਜ਼ੌਨ ਦੀ ਲਾਈਨ ਤਾਂ ਏਨੀ ਲੰਮੀ ਹੋ ਨਹੀਂ ਸਕਦੀ। ਸਾਡਾ ਤਜਰਬਾ ਤਾਂ ਇਹੋ ਕਹਿ ਰਿਹਾ ਸੀ। ਇਸ ਲਈ ਆਪਣਾ ਟਰੱਕ ਬਿਨਾ ਕਿਸੇ ਫਿਕਰਮੰਦੀ ਦੇ ਅੱਗੇ ਲੈ ਗਏ। ਜਦ ਪਤਾ ਲੱਗਾ ਕਿ ਕਤਾਰ ਤਾਂ ਐਮਾਜ਼ੌਨ ਵਾਲੀ ਹੀ ਹੈ, ਗਲਤੀ ਦਾ ਅਹਿਸਾਸ ਹੋ ਗਿਆ, ਪਰ ਦਰੁਸਤੀ ਦੀ ਸੰਭਾਵਨਾ ਹੁਣ ਨਹੀਂ ਸੀ, ਕਿਉਂਕਿ ਪਿੱਛੇ ਮੁੜਨਾ ਕਿਸੇ ਵੀ ਸੂਰਤ ‘ਚ ਸੰਭਵ ਨਹੀਂ ਸੀ! ਮੋੜ ‘ਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਇੱਕ ਡਰਾਈਵਰ ਕੋਲ ਜਾ ਕੇ ਪਹਿਲਾਂ ਉਸ ਕੋਲੋਂ ਮੁਆਫੀ ਮੰਗੀ ਤੇ ਉਸ ਨੂੰ ਦੱਸਿਆ ਕਿ ਅਸੀਂ ਪਹਿਲੀ ਵਾਰ ਇਸ ਥਾਂ ਆਏ ਹਾਂ ਤੇ ਗਲਤੀ ਕਰ ਬੈਠੇ ਹਾਂ, ਹੁਣ ਅਸੀਂ ਕੀ ਕਰੀਏ? ਸਿਆਹਫਾਮ ਡਰਾਈਵਰ ਹੱਸ ਕੇ ਬੋਲਿਆ, “ਕੋਈ ਗੱਲ ਨਹੀਂ, ਚਾਰ ਘੰਟੇ ਹੋ ਗਏ ਹਨ ਉਡੀਕਦਿਆਂ, ਤੁਸੀਂ ਆਪਣਾ ਟਰੱਕ ਮੇਰੇ ਅੱਗੇ ਕਰ ਲਿਓ। ਥੋੜ੍ਹਾ ਹੋਰ ਲੇਟ ਹੋ ਜਾਵਾਂਗੇ, ਕੋਈ ਫਰਕ ਨਹੀਂ ਪੈਣ ਲੱਗਾ।” ਇਹ ਸੁਣ ਥੋੜ੍ਹਾ ਤਣਾਅ ਮੁਕਤ ਹੋ ਗਏ, ਪਰ ਟਰੱਕਾਂ ਦੀ ਕਤਾਰ ਹਿੱਲੇ ਹੀ ਨਾ। ਬੜੀ ਮੁਸ਼ਕਿਲ ਨਾਲ ਆਪਣਾ ਟਰੱਕ ਕਤਾਰ ‘ਚ ਲਿਆਂਦਾ।
ਸੋਚਿਆ ਕਿ ਗੇਟ ‘ਤੇ ਜਾ ਕੇ ਪਤਾ ਕਰਦੇ ਹਾਂ ਕਿ ਮਸਲਾ ਕੀ ਹੈ! ਮੈਂ ਅਜੇ ਸੋਚ ਹੀ ਰਿਹਾ ਸਾਂ ਕਿ ਮੇਰੇ ਨਾਲੋਂ ਹੱਥ ਭਰ ਉੱਚਾ ਇੱਕ ਹੋਰ ਸਿਆਹਫਾਮ ਡਰਾਈਵਰ ਆ ਕੇ ਮੇਰੇ ਗਲ ਪੈ ਗਿਆ, “ਵ੍ਹੱਟ ‘ਦ ਹੈੱਲ ਯੂ ਆਰ ਡੂਇੰਗ!” ਮੈਂ ਸੋਚਿਆ ਕਿ ਉਹ ਸਾਡੀ ਗਲਤੀ ਪੱਖੋਂ ਗੁੱਸੇ ‘ਚ ਹੈ। ਇਸ ਲਈ ਮੈਂ ਆਖਿਆ, “ਸੌਰੀ ਬਰੋ, ਅਸੀਂ ਪਹਿਲੀ ਵਾਰ ਆਏ ਹਾਂ ਤੇ ਸਾਨੂੰ ਪਤਾ ਨਹੀਂ ਸੀ।” ਉਹ ਹੈਰਾਨ ਹੋ ਕਿ ਪੁੱਛਣ ਲੱਗਾ, “ਤੁਸੀਂ ਐਮਾਜ਼ੌਨ ਦੇ ਮੁਲਾਜ਼ਮ ਨਹੀਂ ਹੋ?” ਦਰਅਸਲ ਉਹ ਮੇਰੀ ਸੇਫਟੀ ਵੈਸਟ ਤੋਂ ਭੁਲੇਖਾ ਖਾ ਗਿਆ ਸੀ। ਉਸ ਨੇ ਬੜੇ ਸਲੀਕੇ ਨਾਲ ਇੱਕ ਹੱਥ ਛਾਤੀ ‘ਤੇ ਰੱਖ ਮੈਥੋਂ ਮੁਆਫੀ ਮੰਗੀ। ਉਸ ਦੇ ਵਿਹਾਰ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਪੁੱਛ ਰਿਹਾ ਸੀ, “ਸੱਚ ਦੱਸੀਂ, ਤੂੰ ਉਸ ਦੇ ਕੱਦ ਤੋਂ ਡਰਿਆ ਸੀ ਜਾਂ ਉਸ ਦੇ ਗੂੜ੍ਹੇ ਕਾਲੇ ਰੰਗ ਤੋਂ?” ਮੈਂ ਆਪਣੇ ਸਾਹਵੇਂ ਛੋਟਾ ਪੈ ਗਿਆ ਸੀ ਉਸ ਵੇਲੇ।
ਮੈਂ ਇਹ ਵੀ ਸੋਚ ਰਿਹਾ ਸੀ ਕਿ ਜੇ ਅਸੀਂ ਪੰਜਾਬ ‘ਚ ਟਰੱਕ ਚਲਾ ਰਹੇ ਹੁੰਦੇ ਤੇ ਉਥੇ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਤਾਂ ਸਾਡਾ ਤਾਂ ਹੁਣ ਤੱਕ ਹੁਲੀਆ ਵਿਗੜਿਆ ਹੋਣਾ ਸੀ। ਆਪਣੀ ਗਲਤੀ ਲਈ ਉਸ ਨੇ ਮੈਥੋਂ ਇੱਕ ਵਾਰ ਨਹੀਂ, ਵਾਰ ਵਾਰ ਮੁਆਫੀ ਮੰਗੀ ਤੇ ਪਿੱਛੇ ਵੱਲ ਮੁੜ ਪਿਆ। ਉਹ ਦੱਸ ਰਿਹਾ ਸੀ ਕਿ ਰਾਤ ਇੱਕ ਵਜੇ ਦਾ ਕਤਾਰ ‘ਚ ਲੱਗਾ ਉਹ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਮੈਨੂੰ ਜਾਪਿਆ ਕਿ ਉਹ ਵੀ ਪਹਿਲੀ ਵਾਰ ਆਇਆ ਹੋਵੇਗਾ, ਨਹੀਂ ਤਾਂ ਉਸ ਨੇ ਭੜਕਾਹਟ ‘ਚ ਨਹੀਂ ਸੀ ਆਉਣਾ। ਮੈਂ ਉਸ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਮੇਰੇ ਨਾਲ ਚੱਲੇ ਤੇ ਪਤਾ ਕਰਦੇ ਹਾਂ ਕਿ ਮਸਲਾ ਕੀ ਹੈ! ਗੇਟ ‘ਤੇ ਡਿਊਟੀ ਦੇ ਰਹੀ ਬੀਬੀ ਦਾ ਜੁਆਬ ਸੀ ਕਿ ਉਸ ਦੀ ਸਿ਼ਫਟ ਖਤਮ ਹੋ ਚੁਕੀ ਹੈ, ਅਗਲੀ ਸਿ਼ਫਟ ਦੀ ਉਡੀਕ ਕਰੋ। ਮੱਥੇ ‘ਤੇ ਹੱਥ ਈ ਮਾਰ ਸਕਦੇ ਸੀ। ਆਪੋ-ਆਪਣੇ ਟਰੱਕ ‘ਚ ਪਰਤਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਆਪਣੇ ਟਰੱਕ ਵੱਲ ਜਾਣ ਤੋਂ ਪਹਿਲਾਂ ਉਸ ਨੇ ਇੱਕ ਵਾਰ ਫੇਰ ਮੁਆਫੀ ਮੰਗੀ ਤਾਂ ਮੈਂ ਉਸ ਨੂੰ ਕਲਾਵੇ ‘ਚ ਲੈ ਕੇ ਕਿਹਾ, “ਟੇਕ ਇਟ ਈਜ਼ੀ ਬਰੋ!”
ਘੰਟਾ ਕੁ ਆਪਣੇ ਟਰੱਕ ‘ਚ ਬੈਠ ਕੇ ਮੈਂ ਫਿਰ ਥੱਲੇ ਉਤਰ ਆਇਆ ਤਾਂ ਇੱਕ ਹੋਰ ਸਿਆਹਫਾਮ ਡਰਾਈਵਰ ਮੇਰੇ ਕੋਲ ਆ ਗਿਆ। ਬੜਾ ਹੱਸਮੁੱਖ, ਨਾਂ ਸੀ ਬੌਬੀ ਗਰੀਨ। ਮੈਨੂੰ ਕਹਿਣ ਲੱਗਾ, “ਫਿਕਰ ਨਾ ਕਰੋ, ਇਸ ਥਾਂ ਮੈਂ ਚੌਵੀ-ਚੌਵੀ ਘੰਟੇ ਦੀ ਉਡੀਕ ਵੀ ਕੀਤੀ ਹੋਈ ਹੈ!”
ਉਸ ਜਗ੍ਹਾ ਐਮਾਜ਼ੌਨ ਦਾ ਕੰਮ ਚੌਵੀ ਘੰਟੇ ਨਹੀਂ ਚੱਲਦਾ, ਪਤਾ ਨਹੀਂ ਮੁਲਾਜ਼ਮਾਂ ਦੀ ਕਿੱਲਤ ਹੈ ਜਾਂ ਕੁਝ ਹੋਰ, ਪਰ ਟਰੱਕ ਡਰਾਈਵਰਾਂ ਨੂੰ ਲੰਮੀਆਂ ਕਤਾਰਾਂ ‘ਚ ਲੱਗ ਘੰਟਿਆਂ-ਬੱਧੀ ਉਡੀਕ ਕਰਨੀ ਪੈਂਦੀ ਹੈ। ਮੈਂ ਤੇ ਬੌਬੀ ਅੰਦਰ ਦੂਰ ਤੱਕ ਗਏ, ਪਰ ਕੋਈ ਵੀ ਚਿੜੀ-ਪਰਿੰਦਾ ਨਜ਼ਰ ਨਹੀਂ ਆਇਆ।
ਬੌਬੀ ਹੱਸਦਾ ਹੋਇਆ ਕਹਿਣ ਲੱਗਾ, “ਆਹ ਜਿਹੜੇ ਲਾਈਨ ‘ਚ ਲੱਗੇ ਹੋਏ ਆ ਨਾ, ਇਨ੍ਹਾਂ ‘ਚੋਂ ਕਈਆਂ ਨੂੰ ਇਹ ਕਹਿ ਕੇ ਵਾਪਸ ਵੀ ਭੇਜ ਸਕਦੇ ਹਨ ਕਿ ਤੁਸੀਂ ਸਹੀ ਲਾਈਨ ‘ਚ ਨਹੀਂ ਹੋ।” ਬੌਬੀ ਦੀ ਗੱਲ ਸੁਣ ਕੇ ਮੈਨੂੰ ਆਪਣਾ ਡਰ ਕਿ ਕਿਤੇ ਸਾਡੇ ਨਾਲ ਵੀ ਅਜਿਹਾ ਨਾ ਵਾਪਰੇ ਤੇ ਅੱਧੇ ਘੰਟੇ ਬਾਅਦ ਗੱਲ ਵੀ ਉਹੀ ਹੋਈ।
ਐਮਾਜ਼ੌਨ ਦਾ ਟ੍ਰੈਫਿਕ-ਹੈੱਡ ਆ ਗਿਆ ਤੇ ਉਸ ਨੇ ਸਾਨੂੰ ਦੱਸਿਆ ਕਿ ਤੁਹਾਡੀ ਕਤਾਰ ਸੱਜੀ ਹੈ, ਤੁਹਾਨੂੰ ਚੱਕਰ ਕੱਢ ਕੇ ਉਸ ਕਤਾਰ ‘ਚ ਆਉਣਾ ਪਵੇਗਾ। ਅਸੀਂ ਦਲੀਲ ਦਿੱਤੀ ਕਿ ਤਿੰਨ ਘੰਟੇ ਤੋਂ ਵੱਧ ਦੀ ਉਡੀਕ ਪਹਿਲਾਂ ਹੀ ਕਰ ਚੁਕੇ ਹਾਂ, ਅਸੀਂ ਤਾਂ ਬਹੁਤ ਲੇਟ ਹੋ ਜਾਵਾਂਗੇ, ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਮੈਂ ਤੇ ਮੇਰਾ ਕੋ-ਡਰਾਈਵਰ ਦਵਿੰਦਰ ਸਹਿਜ ਭਾਅ ਨਾਲ ਗੱਲ ਕਰ ਰਹੇ ਸੀ, ਪਰ ਇਸ ਦੇ ਬਾਵਜੂਦ ਉਹ ਸਾਨੂੰ ਪੁਲਿਸ ਦੀ ਧਮਕੀ ਦੇਣ ਲੱਗ ਪਿਆ। ਮੈਂ ਉਸ ਨੂੰ ਠੰਡਾ ਕਰਦਿਆਂ ਕਿਹਾ, “ਅਸੀ ਜਦ ਆਪਣੀ ਕਤਾਰ ‘ਚ ਜਾਣ ਲਈ ਤਿਆਰ ਹਾਂ ਤਾਂ ਪੁਲਿਸ ਦੀਆਂ ਧਮਕੀਆਂ ਦੇਣ ਦਾ ਕੀ ਕੰਮ! ਪੁਲਿਸ ਦੀ ਲੋੜ ਉਦੋਂ ਹੁੰਦੀ ਹੈ, ਜਦ ਸਾਹਮਣੇ ਵਾਲੀ ਧਿਰ ਆਪਣੀ ਜਿ਼ਦ ਕਾਰਨ ਦੂਸਰਿਆਂ ਲਈ ਪ੍ਰੇਸ਼ਾਨੀ ਜਾਂ ਅਸੁਰੱਖਿਆ ਪੈਦਾ ਕਰੇ, ਅਸੀਂ ਤਾਂ ਆਪਣੀ ਪ੍ਰੇਸ਼ਾਨੀ ਦੱਸ ਰਹੇ ਹਾਂ ਤੁਹਾਨੂੰ! ਤੁਸੀਂ ਦੱਸੋ ਕਿ ਹੋਰ ਕਿਸ ਨੂੰ ਦੱਸੀਏ?” ਇਹ ਸੁਣ ਉਹ ਠੰਡਾ ਹੋ ਕੇ ਚਲਾ ਗਿਆ। ਇਹ ਬੰਦਾ ਵੀ ਸਿਆਹਫਾਮ ਹੀ ਸੀ।
ਸੱਤ ਵਜੇ ਦੇ ਕਰੀਬ ਕੰਮ ਸ਼ੁਰੂ ਹੋਇਆ, ਪਰ ਸਾਡੇ ਅੱਗੇ ਵਾਲੇ ਟਰੱਕ ਤੁਰਨ ਹੀ ਨਾ। ਜਦ ਜਾ ਕੇ ਦੇਖਿਆ ਤਾਂ ਡਰਾਈਵਰ ਲੰਮੀ ਉਡੀਕ ਤੋਂ ਥੱਕ ਹਾਰ ਕੇ ਸੌਂ ਗਏ ਸਨ। ਉਨ੍ਹਾਂ ਨੂੰ ਜਗਾਇਆ ਕਿ ਭਾਈ ਅਸੀ ਤਾਂ ਚੱਕਰ ਕੱਢ ਕੇ ਮੁੜ ਆਪਣੀ ਕਤਾਰ ‘ਚ ਆਉਣਾ ਹੈ, ਤੁਸੀ ਰਾਹ ਵਿਹਲਾ ਕਰੋ।
ਜਦ ਗੇਟ ‘ਤੇ ਗਏ ਤਾਂ ਜਪਾਨੀ ਮੂਲ ਦਾ ਜਾਪ ਰਿਹਾ ਇੱਕ ਡਰਾਈਵਰ ਗੇਟ ‘ਤੇ ਡਿਊਟੀ ‘ਤੇ ਆਏ ਕਲਰਕ ਨਾਲ ਉਲਝ ਰਿਹਾ ਸੀ। ਮਾਮਲਾ ਸਾਡੇ ਵਾਲਾ ਹੀ ਸੀ, ਟਰੈਫਿਕ ਹੈੱਡ ਨੇ ਉਸ ਨੂੰ ਵੀ ਕਤਾਰ ਬਦਲਣ ਲਈ ਆਖ ਦਿੱਤਾ ਹੋਇਆ ਸੀ ਤੇ ਉਹ ਪੰਜ ਘੰਟੇ ਤੋਂ ਵੀ ਵੱਧ ਸਮੇਂ ਤੋਂ ਕਤਾਰ ‘ਚ ਲੱਗਾ ਹੋਇਆ ਸੀ। ਉਹ ਤਪਿਆ ਹੋਇਆ ਉੱਚੀ ਸੁਰ ‘ਚ ਗੱਲ ਕਰ ਰਿਹਾ ਸੀ। ਕਲਰਕ ਨੇ ਉਸ ਨੂੰ ਸਖਤੀ ਨਾਲ ਆਪਣੇ ਟਰੱਕ ‘ਚ ਜਾਣ ਲਈ ਆਖ ਦਿੱਤਾ। ਆਪਣੀ ਵਾਰੀ ਆਉਣ ‘ਤੇ ਮਾਹੌਲ ਨੂੰ ਦੇਖਦਿਆਂ, ਦੁਆ-ਸਲਾਮ ਕਰਕੇ ਮੈਂ ਕਿਹਾ, “ਸਵੇਰੇ ਸਵੇਰੇ ਏਨਾ ਖਫਾ ਕਿਉਂ ਹੋ ਗਏ ਓ ਜਨਾਬ?” ਉਸ ਦਾ ਜੁਆਬ ਸੀ, “ਉਹ ਉੱਚੀ ਆਵਾਜ਼ ‘ਚ ਗੱਲ ਕਰ ਰਿਹਾ ਸੀ, ਏਸ ਲਈ ਮੈਨੂੰ ਵੀ ਗੁੱਸਾ ਆ ਗਿਆ।” ਮੈਂ ਉਸ ਨੂੰ ਕਿਹਾ, “ਕਸੂਰ ਨਾ ਤੁਹਾਡਾ ਹੈ ਤੇ ਨਾ ਈ ਡਰਾਈਵਰ ਦਾ। ਦਰਅਸਲ ਕੰਪਨੀ ਨੂੰ ਮੋੜ ਉੱਤੇ ਅਜਿਹੇ ਢੰਗ ਨਾਲ ਕਤਾਰਾਂ ਦੀ ਨਿਸ਼ਾਨਦੇਹੀ ਦੇ ਸਾਈਨ-ਬੋਰਡ ਲਾਉਣੇ ਚਾਹੀਦੇ ਹਨ ਕਿ ਹਰ ਡਰਾਈਵਰ ਦੇ ਨਜ਼ਰੀਂ ਚੜ੍ਹ ਜਾਣ। ਫੇਰ ਤੁਹਾਡਾ ਕੰਮ ਵੀ ਆਸਾਨ ਹੋ ਜਾਵੇਗਾ, ਕੋਈ ਵੀ ਤੁਹਾਡਾ ਮੂਡ ਖਰਾਬ ਨਹੀਂ ਕਰੇਗਾ!” ਸਬੰਧਤ ਕਲਰਕ ਵੀ ਸਿਆਹਫਾਮ ਸੀ।
ਮੇਰੀ ਗੱਲ ਉਸ ਦੇ ਮਨ ਨੂੰ ਲੱਗ ਗਈ ਸੀ। ਮੈਨੂੰ ਪੁੱਛਣ ਲੱਗਾ ਕਿ ਤੁਹਾਡਾ ਟਰੱਕ ਕਿੱਥੇ ਐ? ਮੈਂ ਦੱਸਿਆ ਕਿ ਸਾਹਮਣੇ ਵਾਲਾ ਮੇਰਾ ਈ ਐ। ਮੇਰੇ ਵੱਲ ਦੇਖ ਕੇ ਉਹ ਮੁਸਕਰਾਉਣ ਲੱਗ ਪਿਆ, “ਮਾਮਲਾ ਤਾਂ ਤੁਹਾਡਾ ਵੀ ਉਹੀ ਐ… ਚਲੋ, ਕਰਦਾਂ ਮੈਂ ਕੋਈ ਚਾਰਾ! ਤੁਹਾਡੇ ਵਾਸਤੇ ਤਾਂ ਜ਼ਰੂਰ ਕਰੂੰਗਾ।” ਇਸ ਤੋਂ ਪਹਿਲਾਂ ਕਿ ਟ੍ਰੈਫਿਕ-ਹੈੱਡ ਆਵੇ, ਉਸ ਨੇ ਸਾਨੂੰ ਇੱਕ ਦੂਸਰੀ ਥਾਂ ਤੋਂ ਲੋਡ ਅਲਾਟ ਕਰ ਦਿੱਤਾ ਤੇ ਖਾਲੀ ਟ੍ਰੇਲਰ ਵੀ ਉਥੇ ਈ ਲੈ ਜਾਣ ਲਈ ਆਖ ਦਿੱਤਾ। ਇਸ ਤਰ੍ਹਾਂ ਮਾਹੌਲ ਨੂੰ ਭਾਂਪ ਕੇ ਹਲੀਮੀ ਨਾਲ ਕੀਤੀ ਗਈ ਗੱਲਬਾਤ ਨੇ ਸਾਨੂੰ ਵੱਡੀ ਪ੍ਰੇਸ਼ਾਨੀ ਤੋਂ ਬਚਾ ਲਿਆ। ਉਸ ਦੇ ਮੂਡ ਤੋਂ ਜਾਪ ਰਿਹਾ ਸੀ ਕਿ ਉਹ ਜਪਾਨੀ ਡਰਾਈਵਰ ਦੀ ਮੁਸ਼ਕਿਲ ਵੀ ਹੱਲ ਕਰ ਦੇਵੇਗਾ।
ਇਹ ਇਲਾਕਾ ਮੈਨੂੰ ਸਿਆਹਫਾਮ ਲੋਕਾਂ ਦੀ ਬਹੁਤਾਤ ਵਾਲਾ ਜਾਪਿਆ। ਇਸ ਜਗ੍ਹਾ ਐਮਾਜ਼ੌਨ ਦੇ ਮੁਲਾਜ਼ਮਾਂ ‘ਚ ਸਿਆਹਫਾਮ ਲੋਕ ਵੱਡੀ ਗਿਣਤੀ ‘ਚ ਦੇਖਣ ਨੂੰ ਮਿਲੇ ਤੇ ਸਿਰਫ ਇੱਕ, ਟ੍ਰੈਫਿਕ ਹੈੱਡ ਨੂੰ ਛੱਡ ਕੇ, ਬਾਕੀ ਸਾਰੇ ਬੜੇ ਮਿਲਾਪੜੇ ਨਜ਼ਰ ਆਏ।
ਸਾਡੀ ਮਾਨਸਿਕਤਾ ‘ਚ ਇਹ ਗੱਲ ਘਰ ਕਰ ਗਈ ਹੈ ਕਿ ਜੇ ਕਾਲਾ ਰੰਗ ਮਾੜਾ ਹੁੰਦਾ ਹੈ ਤਾਂ ਕਾਲੇ ਲੋਕ ਕਿਵੇਂ ਚੰਗੇ ਹੋ ਸਕਦੇ ਹਨ!
ਯਾਦ ਆ ਰਿਹੈ ਜਾਰਜ ਸਟਿਨੀ ਜੂਨੀਅਰ, ਜਿਸ ਨੂੰ ਉਸ ਦੀ ਮੌਤ ਦੇ 70 ਸਾਲ ਬਾਅਦ ਨਿਰਦੋਸ਼ ਕਰਾਰ ਦਿੱਤਾ ਗਿਆ। ਇਹ ਹਿਲਾ ਕੇ ਰੱਖ ਦੇਣ ਵਾਲੀ ਘਟਨਾ 1944 ‘ਚ ਅਮਰੀਕਾ ਦੇ ਸਾਊਥ ਕੈਰੋਲਾਇਨਾ ਸੂਬੇ ‘ਚ ਵਾਪਰੀ ਸੀ। 14 ਸਾਲ ਦੇ ਸਟਿਨੀ ਨੂੰ ਦੋ ਗੋਰੀਆਂ ਬਾਲੜੀਆਂ ਦੇ ਕਤਲ ਦੇ ਮਾਮਲੇ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਸੁਣਾਉਣ ਲਈ ਨਾ ਕੋਈ ਸਬੂਤ ਸੀ, ਨਾ ਕੋਈ ਗਵਾਹ। ਉਸ ਦਾ ਰੰਗ ਕਾਲਾ ਸੀ ਤੇ ਇਹ ਮੰਨ ਲਿਆ ਗਿਆ ਸੀ ਕਿ ਕਤਲ ਉਸ ਨੇ ਹੀ ਕੀਤਾ ਹੋਵੇਗਾ। ਸਟਿਨੀ ਵੀਹਵੀਂ ਸਦੀ ‘ਚ ਮੌਤ ਦੀ ਸਜ਼ਾ ਪਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਸੀ। ਉਸ ਦਾ ਮੁਕੱਦਮਾ ਪਤੈ ਕਿੰਨੀ ਦੇਰ ਚੱਲਿਆ, ਸਿਰਫ ਦੋ ਘੰਟੇ! …ਤੇ ਜਿਊਰੀ ਨੇ ਉਸ ਦੀ ਸਜ਼ਾ ‘ਤੇ ਸਹੀ ਪਾਉਣ ਲਈ ਕਿੰਨਾ ਸਮਾਂ ਲਿਆ, ਸਿਰਫ 10 ਮਿੰਟ! ਜੱਜ ਤੇ ਜਿਊਰੀ ਸਭ ਗੋਰੇ! ਸਟਿਨੀ ਦਾ ਸਰੀਰ ਏਨਾ ਮਾੜਕੂ ਜਿਹਾ ਸੀ ਕਿ ਉਹ ਬਿਜਲੀ ਵਾਲੀ ਕੁਰਸੀ ‘ਤੇ ਝਟਕੇ ਵਾਸਤੇ ਫਿੱਟ ਨਹੀਂ ਸੀ ਬੈਠ ਰਿਹਾ। ਇਸ ਕੰਮ ਲਈ ਉਸ ਹੇਠਾਂ ਕਿਤਾਬਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ‘ਚ ਇੱਕ ਬਾਈਬਲ ਵੀ ਸੀ। ਸਟਿਨੀ ਨੂੰ ਮਿਲੀ ਸਜ਼ਾ ਤੇ ਮੁਕੱਦਮੇ ‘ਚ ਦਿਖਾਈ ਗਈ ਲੋਹੜੇ ਦੀ ਕਾਹਲ ਦਾ ਮਾਮਲਾ ਦਹਾਕਿਆਂ ਬੱਧੀ ਰਿੜਕ ਹੁੰਦਾ ਰਿਹਾ ਤੇ ਆਖਰਕਾਰ 2014 ‘ਚ ਉਸ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ! ਅਜਿਹੀਆਂ ਘਟਨਾਵਾਂ ਸਿਰਫ ਅਮਰੀਕਾ ‘ਚ ਹੀ ਨਹੀਂ, ਦੁਨੀਆਂ ਦੇ ਹਰ ਹਿੱਸੇ ‘ਚ ਵਾਪਰ ਰਹੀਆਂ ਹਨ। ਰੰਗ ਕਾਲਾ ਹੈ ਤਾਂ ਇਹ ਮੰਨ ਕੇ ਚੱਲਿਆ ਜਾਂਦੈ ਕਿ ਉਹ ਲਾਜ਼ਮੀ ਤੌਰ ‘ਤੇ ਅਪਰਾਧੀ ਹੋਵੇਗਾ।
ਇੱਕ ਖੂਬਸੂਰਤ ਵਾਕਿਆ ਯਾਦ ਆ ਰਿਹੈ, ਜੋ ਰਾਜਿੰਦਰ ਬਿਮਲ (ਕਿਤਾਬਾਂ ਵਾਲੇ ਬਾਬਾ ਜੀ) ਨੇ ਸੁਣਾਇਆ ਸੀ। ਇੱਕ ਵਾਰ ਦੂਰ-ਦਰਸ਼ਨ ਲਈ ਲਖਵਿੰਦਰ ਜੌਹਲ ਨੇ ਉੱਘੇ ਚਿੱਤਰਕਾਰ ਸੋਹਣ ਕਾਦਰੀ ਨਾਲ ਮੁਲਾਕਾਤ ਵਾਸਤੇ ਬਖਸਿ਼ੰਦਰ ਦੀ ਡਿਊਟੀ ਲਾ ਦਿੱਤੀ। ਕਾਦਰੀ ਜਦੋਂ ਜਲੰਧਰ ਆਪਣੀ ਭੈਣ ਦੇ ਘਰ ਆਉਂਦੇ ਸਨ ਤਾਂ ਬਿਮਲ ਉਨ੍ਹਾਂ ਨੂੰ ਅਕਸਰ ਮਿਲਣ ਚਲੇ ਜਾਂਦੇ ਸਨ। ਬਖਸਿ਼ੰਦਰ ਨੇ ਬਿਮਲ ਨੂੰ ਨਾਲ ਚੱਲਣ ਲਈ ਕਿਹਾ। ਕਾਦਰੀ ਨਾਲ ਗੱਲਬਾਤ ਦਾ ਸਿਲਸਿਲਾ ਰਿਕਾਰਡ ਕਰਨ ਲਈ ਕੈਮਰਾ ਚਾਲੂ ਕਰਨ ਤੋਂ ਪਹਿਲਾਂ ਬਖਸਿ਼ੰਦਰ ਨੇ ਨੋਟ ਕੀਤਾ ਕਿ ਕਾਦਰੀ ਆਪਣੇ ਚਿੱਤਰਾਂ ‘ਚ ਕਾਲੇ ਰੰਗ ਦੀ ਵਰਤੋਂ ਜਿ਼ਆਦਾ ਕਰਦੇ ਹਨ। ਉਨ੍ਹਾਂ ਕਾਦਰੀ ਨੂੰ ਸੁਆਲ ਕੀਤਾ, “ਤੁਸੀਂ ਕਾਲੇ ਰੰਗ ਦੀ ਵਰਤੋਂ ਜਿ਼ਆਦਾ ਕਰਦੇ ਓ, ਇਹ ਤੁਹਾਡੀ ਜਿ਼ੰਦਗੀ ਦਾ ਪਹਿਲੂ ਤਾਂ ਨਹੀਂ, ਮਤਲਬ ਹਨੇਰਾ ਪੱਖ?” ਕਾਦਰੀ ਨੇ ਮੁਸਕਰਾ ਕੇ ਕਿਹਾ, “ਤੁਹਾਨੂੰ ਕੌਣ ਕਹਿੰਦੈ ਕਿ ਕਾਲੇ ਰੰਗ ਦਾ ਮਤਲਬ ਹਨੇਰਾ ਹੁੰਦੈ? ਤੁਹਾਨੂੰ ਪਤੈ ਕਿ ਕਾਲੇ ਰੰਗ ਦੀ ਸਿਆਹੀ ਨੂੰ ਰੁਸ਼ਨਾਈ ਵੀ ਕਹਿੰਦੇ ਹਨ!” ਕਾਦਰੀ ਦੇ ਜੁਆਬ ਨੇ ਦੋਹਾਂ ਅਦੀਬਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਇਥੇ ਨਵੀਂ ਪੀੜ੍ਹੀ ਦੇ ਪਾਠਕਾਂ ਨੂੰ ਇਹ ਦੱਸਣਾ ਚੰਗਾ ਰਹੇਗਾ ਕਿ ਸਾਡੇ ਪ੍ਰਾਇਮਰੀ ਸਕੂਲ ਦੇ ਦਿਨਾਂ ‘ਚ ਲਿਖਾਈ ਸੁੰਦਰ ਬਣਾਉਣ ਲਈ ਮਾਸਟਰ ਫੱਟੀ ਲਿਖਾਇਆ ਕਰਦੇ ਸਨ। ਇਸ ਕੰਮ ਵਾਸਤੇ ਵਰਤੀ ਜਾਂਦੀ ਕਾਲੀ ਸਿਆਹੀ ਪੁੜੀਆਂ ‘ਚ ਵਿਕਦੀ ਸੀ ਤੇ ਪੁੜੀ ਉੱਪਰ ਰੌਸ਼ਨੀ ਜਾਂ ਰੁਸ਼ਨਾਈ ਲਿਖਿਆ ਹੋਇਆ ਹੁੰਦਾ ਸੀ। ਹੱਟੀ ‘ਤੇ ਜਾ ਕੇ ਕਾਲੀ ਸਿਆਹੀ ਦੀ ਮੰਗ ਨਹੀਂ ਸੀ ਕਰਦੇ ਅਸੀਂ। ਕਿਹਾ ਕਰਦੇ ਸੀ, “ਬਾਬਾ ਜੀ, ਰੌਸ਼ਨੀ ਦੀ ਇੱਕ ਪੁੜੀ ਦੇ ਦਿਓ!”
ਸਮੇਂ ਦੇ ਨਾਲ ਨਾਲ ਬਹੁਤ ਕੁਝ ਬਦਲਿਆ ਹੈ ਤੇ ਬਦਲਣਾ ਵੀ ਚਾਹੀਦੈ। ਫੱਟੀ ਹੁਣ ਇੱਕ ਇਤਿਹਾਸ ਬਣ ਗਈ ਹੈ। ਕੰਪਿਊਟਰ ਆ ਗਿਆ ਹੈ। ਪੜ੍ਹਨ-ਲਿਖਣ ਦੇ ਢੰਗ ਬਦਲ ਗਏ ਹਨ। ਸਾਡੀ ਪੀੜ੍ਹੀ ਤਕਨਾਲੋਜੀ ‘ਚ ਹੋਈਆਂ ਵੱਡੀਆਂ ਤਬਦੀਲੀਆਂ ਦੀ ਗਵਾਹ ਹੈ। ਇਸ ਗੱਲ ‘ਤੇ ਮਾਣ ਵੀ ਹੁੰਦੈ ਕਿ ਅਸੀਂ ਇਹ ਕ੍ਰਾਂਤੀ ਆਪਣੀਆਂ ਅੱਖਾਂ ਨਾਲ ਵੇਖ ਸਕੇ ਹਾਂ। ਐਪਰ, ਇਸ ਗੱਲ ਦਾ ਦੁੱਖ ਉਸ ਮਾਣ ਨਾਲੋਂ ਵੀ ਵੱਡਾ ਹੈ ਕਿ ਇਸ ਕ੍ਰਾਂਤੀ ਨੇ ਸਿਰਫ ਤਕਨਾਲੋਜੀ ‘ਚ ਹੀ ਤਬਦੀਲੀ ਲਿਆਂਦੀ ਹੈ, ਜ਼ਹਿਨੀਅਤ ‘ਚ ਨਹੀਂ! ਕਾਲਾ ਰੰਗ ਅਜੇ ਵੀ ਸਾਡੇ ਲਈ ਮਨਹੂਸ ਹੀ ਹੈ।
ਕੁਦਰਤ ਨੇ ਧਰਤੀ ਦੇ ਹਰ ਹਿੱਸੇ ਨੂੰ ਵੱਖੋ-ਵੱਖਰਾ ਰੰਗ ਰੂਪ ਦਿੱਤਾ ਹੈ। ਹਰ ਹਿੱਸੇ ਦਾ ਜਲ-ਵਾਯੂ ਵੱਖਰਾ ਹੈ, ਹਰ ਹਿੱਸੇ ‘ਚ ਰਹਿਣ ਵਾਲੇ ਮਨੁੱਖਾਂ ਦਾ ਰੰਗ-ਰੂਪ ਦੂਸਰੇ ਹਿੱਸੇ ਦੇ ਮਨੁੱਖਾਂ ਨਾਲੋਂ ਵੱਖਰਾ ਹੈ ਤੇ ਰਹਿਣ ਸਹਿਣ, ਖਾਣ-ਪੀਣ ਵੀ ਵੱਖਰਾ। ਅਸੀਂ ਉਸ ਦੌਰ ਵਿਚ ਪਹੁੰਚ ਗਏ ਹਾਂ, ਜਿਥੇ ਦੂਸਰੇ ਲੋਕਾਂ ਦੇ ਰਹਿਣ-ਸਹਿਣ, ਖਾਣ-ਪਹਿਨਣ, ਉਨ੍ਹਾਂ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਤੀ ਸੰਵੇਦਨਸ਼ੀਲਤਾ, ਸਤਿਕਾਰ ਬਹੁਤ ਜ਼ਰੂਰੀ ਹੋ ਜਾਂਦਾ ਹੈ ਤੇ ਅਸੀਂ ਚਾਹੁੰਦੇ ਪਤਾ ਕੀ ਹਾਂ? ਦੂਸਰਾ ਸਾਡੀਆਂ ਕਦਰਾਂ-ਕੀਮਤਾਂ ਦਾ ਸਤਿਕਾਰ ਕਰੇ, ਪਰ ਸਾਡੇ ਤੋਂ ਅਜਿਹੀ ਆਸ ਨਾ ਰੱਖੇ।
ਕਿਸੇ ਵਿਅਕਤੀ ਦੇ ਰੰਗ-ਰੂਪ, ਨਸਲ, ਜਾਤ ਨੂੰ ਦੇਖ ਕੇ ਉਸ ਬਾਰੇ ਬਣਾਈ ਗਈ ਪੂਰਵ-ਧਾਰਨਾ ਅਕਸਰ ਵੱਡੇ ਬਖੇੜੇ ਖੜ੍ਹੇ ਕਰਦੀ ਹੈ। ਕਿਸੇ ਵੀ ਰੰਗ, ਕਿਸੇ ਵੀ ਨਸਲ, ਕਿਸੇ ਵੀ ਧਰਮ-ਜਾਤ ‘ਚ ਨਾ ਤਾਂ ਸਾਰੇ ਲੋਕ ਚੰਗੇ ਹੋ ਸਕਦੇ ਹਨ ਤੇ ਨਾ ਹੀ ਮਾੜੇ। ਸਿਆਹਫਾਮ ਲੋਕ ਸਾਰੇ ਮਾੜੇ ਨਹੀਂ ਹੋ ਸਕਦੇ, ਸਫੈਦ ਜਾਂ ਰੰਗਦਾਰ ਚਮੜੀ ਵਾਲੇ ਸਾਰੇ ਚੰਗੇ ਨਹੀਂ ਹੋ ਸਕਦੇ, ਬਿਲਕੁਲ ਉਸੇ ਤਰ੍ਹਾਂ, ਜਿਵੇਂ ਸਾਰੇ ਮੁਸਲਮਾਨ ਮਾੜੇ ਨਹੀਂ ਤੇ ਸਾਰੇ ਹਿੰਦੂ ਚੰਗੇ ਨਹੀਂ, ਸਾਰੇ ਸਿੱਖ ਵੱਖਵਾਦੀ-ਅਤਿਵਾਦੀ ਨਹੀਂ ਹੋ ਸਕਦੇ!
ਰੰਗਾਂ ਵਿਚਲੀ ਵੰਨ-ਸੁਵੰਨਤਾ ਆਲੇ-ਦੁਆਲੇ ਨੂੰ ਖੂਬਸੂਰਤੀ ਬਖਸ਼ਦੀ ਹੈ। ਇਹੀ ਕਾਰਨ ਹੈ ਕਿ ਤੁਸੀਂ ਆਪਣੇ ਬਗੀਚੇ ‘ਚ ਇੱਕੋ ਰੰਗ ਦੇ ਫੁੱਲ ਨਹੀਂ ਲਾਉਂਦੇ।
ਇੱਕ ਗੱਲ ਜ਼ਰਾ ਠੰਡੇ ਦਿਮਾਗ ਨਾਲ ਜ਼ਰੂਰ ਸੋਚਿਓ ਕਿ ਦੁਨੀਆਂ ਦੇ ਸਾਰੇ ਧਾਰਮਿਕ ਗ੍ਰੰਥ; ਗੁਰੂ ਗ੍ਰੰਥ ਸਾਹਿਬ, ਕੁਰਾਨ, ਬਾਈਬਲ, ਗੀਤਾ, ਰਮਾਇਣ ਸਭ ਕਾਲੀ ਸਿਆਹੀ ਨਾਲ ਕਿਉਂ ਲਿਖੇ ਹੋਏ ਹਨ? ਕਾਲੀ ਸਿਆਹੀ ਨਾਲ ਉੱਕਰੇ ਲਫਜ਼ਾਂ ਦੀ ਪੂਜਾ ਤੇ ਕਾਲਾ ਰੰਗ ਫੇਰ ਵੀ ਮਾੜਾ ਕਿਓਂ!
ਰੰਗ ਕੋਈ ਵੀ ਬਦਰੰਗ ਨਹੀਂ ਹੋ ਸਕਦਾ, ਬਦਰੰਗ ਹੈ ਤਾਂ ਮਾਨਸਿਕਤਾ ਤੇ ਇਹ ਮਾਨਸਿਕਤਾ ਆਪਣੇ ਆਪ ਬਦਰੰਗ ਨਹੀਂ ਹੋ ਜਾਂਦੀ, ਸਗੋਂ ਕੀਤੀ ਜਾਂਦੀ ਹੈ। ਤੁਹਾਨੂੰ ਪਤਾ ਈ ਨਹੀਂ ਲਗਦਾ ਕਿ ਤੁਹਾਡੇ ਅੰਦਰਲੇ ਰੰਗਾਂ ਨੂੰ ਕੋਈ ਹੌਲੀ ਹੌਲੀ ਬਦਰੰਗ ਕਰੀ ਜਾ ਰਿਹੈ। ਤੁਹਾਡੇ ਅੰਦਰ ਹੌਲੀ ਹੌਲੀ ਇੱਕ ਵੱਡੀ ਗੁਣਾਤਮਕ ਤਬਦੀਲੀ ਆ ਜਾਂਦੀ ਹੈ, ਪਰ ਤੁਸੀਂ ਉਸ ਤੋਂ ਬੇਖਬਰ ਹੁੰਦੇ ਓ! ਤੁਹਾਨੂੰ ਉਹ ਦੂਸਰੇ ਦੀ ਰਸੋਈ ਦੀ ਤਲਾਸ਼ੀ ਲੈਣ ਲਈ ਮਜਬੂਰ ਕਰ ਦਿੰਦੇ ਹਨ! ਬੇਵਜ੍ਹਾ ਕਤਲ ਕਰਵਾ ਦਿੰਦੇ ਹਨ! ਤੁਸੀਂ ਜਦ ਕਤਲ ਦੇ ਇਲਜ਼ਾਮ ‘ਚ ਘਿਰ ਜਾਂਦੇ ਓ, ਬਚ ਨਿਕਲਣ ਦਾ ਕੋਈ ਰਾਹ ਬਾਕੀ ਨਹੀਂ ਬਚਦਾ, ਫੇਰ ਤੁਹਾਡੀ ਅੱਖ ਖੁਲ੍ਹਦੀ ਹੈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁਕੀ ਹੁੰਦੀ ਹੈ!
ਇਸ ਲਈ ਜ਼ਰਾ ਬਚ ਕੇ ਬਦਰੰਗੀ-ਕਾਰੋਬਾਰੀਆਂ ਤੋਂ, ਅੱਜ-ਕੱਲ੍ਹ ਇਨ੍ਹਾਂ ਦਾ ਬਹੁਤ ਬੋਲ-ਬਾਲਾ ਹੈ!
ਬਾਬਾ ਬੁੱਲੇ ਸ਼ਾਹ ਦੇ ਬੋਲਾਂ ਨਾਲ ਆਪਣੀ ਗੱਲ ਸਮੇਟਣ ਦੀ ਇਜਾਜ਼ਤ ਚਾਹਾਂਗਾ,
ਮੈਂ ਕਾਲੀ ਤੇ ਮੇਰਾ ਯਾਰ ਵੀ ਕਾਲਾ
ਤੇ ਅਸੀਂ ਕਾਲੇ ਲੋਕ ਸਦੀਂਦੇ,
ਨੀਮ ਪਹਾੜ ਦਾ ਸੁਰਮਾ ਵੀ ਕਾਲਾ
ਲੋਕੀਂ ਅੱਖੀਆਂ ਵਿਚ ਪਵੀਂਦੇ।
ਕੁਰਾਨ ਸ਼ਰੀਫ ਦੇ ਹਰਫ ਵੀ ਕਾਲੇ
ਲੋਕੀਂ ਜਿਸ ਵੱਲ ਜਾਣ ਭਜੀਂਦੇ,
ਬੁੱਲੇ ਸ਼ਾਹ ਗੋਰੇ ਰੰਗ ਕੀ ਕਰਨੇ
ਜਿਹੜੇ ਗਲੀਓ ਗਲੀ ਵਕੀਂਦੇ!