ਸਵਾਰਥੀ ਰਿਸ਼ਤੇ

ਦਲਜੀਤ ਸਿੰਘ ਇੰਡੀਆਨਾ
ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਕੈਨੇਡਾ ਵਿਚ ਪੜ੍ਹਨ ਆਈਆਂ ਕੁੜੀਆਂ ਬਾਰੇ ਮਾਮਲਾ ਭਖਿਆ ਪਿਆ ਹੈ ਕਿ ਕੁੜੀਆਂ ਵਿਆਹ ਕਰਵਾ ਕੇ ਮੁੰਡੇ ਵਾਲਿਆਂ ਦੇ ਪੈਸੇ ਲਵਾ ਕੇ ਕੈਨੇਡਾ ਆ ਕੇ ਮੁੱਕਰ ਜਾਂਦੀਆਂ ਹਨ। ਇਹ ਮਾਮਲਾ ਉਦੋਂ ਜਿ਼ਆਦਾ ਗਰਮਾਇਆ, ਜਦੋਂ ਲਵਪ੍ਰੀਤ ਸਿੰਘ ਨਾਮ ਦੇ ਮੁੰਡੇ ਨੇ ਖੁਦਕਸ਼ੀ ਕਰ ਲਈ। ਜਦੋਂ ਦਾ ਲਵਪ੍ਰੀਤ ਵਾਲਾ ਮਾਮਲਾ ਸਾਹਮਣੇ ਆਇਆ, ਉਦੋਂ ਦੇ ਬਹੁਤ ਸਾਰੇ ਕੇਸ ਨਿਕਲ ਕੇ ਸਾਹਮਣੇ ਆ ਰਹੇ ਹਨ, ਪਰ ਸੋਸ਼ਲ ਮੀਡੀਆ ਅਤੇ ਵੈਬ ਚੈਨਲਾਂ ਵਾਲਿਆਂ ਨੇ ਵਿਦੇਸ਼ਾਂ ਵਿਚ ਪੜ੍ਹਨ ਆਈਆਂ ਸਾਰੀਆਂ ਕੁੜੀਆਂ ਨੂੰ ਹੀ ਖਲਨਾਇਕ ਬਣਾ ਦਿੱਤਾ ਹੈ। ਜਿ਼ਆਦਾਤਰ ਲੋਕ ਥਾਲੀ ਦੇ ਬੈਂਗਣ ਵਰਗੇ ਹਨ, ਜਿਧਰ ਨੂੰ ਜਿ਼ਆਦਾ ਲੋਕ ਹੋ ਜਾਣ, ਉਸ ਪਾਸੇ ਨੂੰ ਹੀ ਹੋ ਜਾਂਦੇ ਹਨ, ਉਨ੍ਹਾਂ ਦਾ ਆਪਣਾ ਕੋਈ ਵਿਚਾਰ ਨਹੀਂ ਹੁੰਦਾ। ਇਸ ਮਸਲੇ ਵਿਚ ਮੇਰਾ ਵਿਚਾਰ ਕੁਝ ਹੋਰ ਹੈ, ਹੋ ਸਕਦਾ ਬਹੁਤੇ ਲੋਕ ਇਸ ਨਾਲ ਸਹਿਮਤ ਨਾ ਵੀ ਹੋਣ।

ਅਜਿਹੇ ਕੇਸ ਅੱਜ ਹੀ ਸਾਹਮਣੇ ਕਿਉਂ ਆ ਰਹੇ ਹਨ? ਕਿਉਂਕਿ ਇਥੇ ਕਟਹਿਰੇ ਵਿਚ ਕੁੜੀਆਂ ਹਨ! ਸਾਰੀ ਜਨਤਾ ਇਨ੍ਹਾਂ ਮਗਰ ਹੱਥ ਧੋ ਕੇ ਪੈ ਗਈ, ਪਰ ਅੱਜ ਤਕ ਪੰਜਾਬ ਦੀਆਂ ਕੁੜੀਆਂ ਦਾ ਸ਼ੋਸ਼ਣ ਵਿਦੇਸ਼ੀ ਲਾੜਿਆਂ ਨੇ ਰੱਜ ਕੇ ਕੀਤਾ ਹੈ, ਕਿਉਂਕਿ ਅੱਜ ਤੋਂ ਦਸ ਕੁ ਸਾਲ ਪਹਿਲਾਂ ਸੋਸ਼ਲ ਮੀਡੀਆ ਬਹੁਤਾ ਸਰਗਰਮ ਨਹੀਂ ਸੀ ਤੇ ਇਨ੍ਹਾਂ ਕੁੜੀਆਂ ਦੀ ਕਿਤੇ ਸੁਣਵਾਈ ਨਹੀਂ ਹੋਈ। ਜੇ ਕਿਸੇ ਸੰਸਥਾ ਨੇ ਇਹ ਦਾਅਵਾ ਕੀਤਾ ਕਿ ਅਸੀਂ ਇਨ੍ਹਾਂ ਪੀੜਤ ਕੁੜੀਆਂ ਦੀ ਮਦਦ ਕਰਾਂਗੇ, ਉਥੇ ਵੀ ਇਨ੍ਹਾਂ ਕੁੜੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਗਿਆ। ਪੜ੍ਹਾਈ ਵਾਲੇ ਵੀਜਿ਼ਆਂ ਤੋਂ ਪਹਿਲਾਂ ਵਿਦੇਸ਼ਾਂ ਵਿਚ ਪੱਕੇ ਲੋਕ ਖਾਸ ਕਰਕੇ ਅਮਰੀਕਾ/ਕੈਨੇਡਾ ਦੇ ਪਰਿਵਾਰ ਆਪਣੇ ਮੁੰਡਿਆਂ ਨੂੰ ਵਿਆਹ ਵਾਸਤੇ ਪੰਜਾਬ ਲੈ ਕੇ ਜਾਂਦੇ ਸਨ ਅਤੇ ਉਥੇ ਕੁੜੀਆਂ ਦੀ ਮੰਡੀ ਵਾਂਗੂ ਲਾਈਨ ਲਵਾ ਲੈਂਦੇ ਸਨ। ਇਹ ਨਹੀਂ ਪਸੰਦ, ਉਹ ਨਹੀਂ ਪਸੰਦ; ਕੁੜੀ ਨਰਸ ਹੋਵੇ, ਫਿਰ ਵੀ ਅਸੀਂ ਇੰਨੇ ਲੱਖ ਲੈਣੇ ਨੇ। ਕੁੜੀ ਦੇ ਮਾਪਿਆਂ ਨੂੰ ਹੁੰਦਾ ਸੀ, ਚਲੋ ਸਾਡੀ ਕੁੜੀ ਦੀ ਜਿੰ਼ਦਗੀ ਬਣ ਜਾਊ ਤੇ ਪਰਿਵਾਰ ਦੀ ਵੀ। ਕੁੜੀ ਵਾਲਿਆਂ ਨੇ ਜ਼ਮੀਨ ਵੇਚ ਕੇ ਕਰਜਾ ਚੁੱਕ ਮੁੰਡੇ ਵਾਲਿਆਂ ਦਾ ਘਰ ਭਰ ਦੇਣਾ। ਇਥੇ ਵੀ ਸਵਾਰਥ ਸੀ ਤੇ ਉਹ ਰਿਸ਼ਤੇ ਵੀ ਜਿ਼ਆਦਾ ਕਾਮਯਾਬ ਨਹੀ ਹੋਏ।
ਅਮਰੀਕਾ ਵਿਚ ਬਹੁਤੇ ਲੋਕ ਕੱਚੇ ਹੀ ਨੇਪਾਲ ਰਾਹੀਂ ਪੰਜਾਬ ਜਾ ਕੇ ਇਹ ਆਖ ਕੇ ਵਿਆਹ ਕਰਵਾ ਲੈਂਦੇ ਸਨ ਕਿ ਮੁੰਡਾ ਬਾਹਰੋਂ ਆਇਆ। ਰੱਜ ਕੇ ਦਾਜ ਲੈਣਾ ਅਤੇ ਕੁੜੀ ਨਾਲ ਸੁਹਾਗ ਰਾਤ ਅਤੇ ਹਨੀਮੂਨ ਮਨਾ ਕੇ ਜਹਾਜ਼ ਚੜ੍ਹ ਆਉਣਾ। ਅਜਿਹੀਆਂ ਹਜਾਰਾਂ ਹੀ ਪੀੜਤ ਕੁੜੀਆਂ ਪੰਜਾਬ ਵਿਚ ਬੈਠੀਆਂ ਨੇ, ਜਿਹੜੀਆਂ ਅਜੇ ਵੀ ਆਪਣੇ ਘਰ ਵਾਲੇ ਦੀ ਉਡੀਕ ਵਿਚ ਹਨ। ਨਾ ਉਹ ਸਹੁਰਿਆਂ ਦੀਆਂ ਰਹੀਆਂ, ਨਾ ਉਹ ਪੇਕਿਆਂ ਦੀਆਂ।
ਕੈਨੇਡਾ ਦੇ ਪਰਿਵਾਰ ਇੰਡੀਆ ਜਾ ਕੇ ਆਪਣੇ ਬੱਚਿਆਂ ਦੀ ਬੋਲੀ ਜਿ਼ਆਦਾ ਲਾਉਂਦੇ ਸਨ, ਕਿਉਂਕਿ ਇੰਡੀਆ ਦੇ ਲੋਕ ਵੀ ਅਮਰੀਕਾ ਵਾਲੇ ਨੂੰ ਰਿਸ਼ਤਾ ਨਹੀਂ ਸਨ ਕਰਦੇ। ਕੈਨੇਡਾ ਵਾਲੇ ਨੂੰ ਹੀ ਕਰਦੇ ਸੀ, ਕਿਉਂਕਿ ਕੈਨੇਡਾ ਸਾਰਾ ਪਰਿਵਾਰ ਮਗਰ ਆਉਂਦਾ ਸੀ। ਜਦੋਂ ਕੁੜੀਆਂ ਜਾਂ ਮੁੰਡੇ ਏਅਰਪੋਰਟ ਤੋਂ ਹੀ ਭੱਜਣ ਲੱਗੇ ਤਾਂ ਫਿਰ ਵਿਦੇਸ਼ੀ ਬੱਚਿਆਂ ਨੇ ਤੋਬਾ ਕੀਤੀ, ਅਸੀਂ ਨਹੀਂ ਵਿਆਹ ਕਰਵਾਉਣਾ ਇੰਡੀਆ ਜਾ ਕੇ। ਜਿਥੇ ਕੁੜੀਆਂ ਭੱਜੀਆਂ, ਉਥੇ ਮੁੰਡੇ ਵੀ ਬਹੁਤ ਭੱਜੇ। ਮੇਰੇ ਕੋਲ ਅਜਿਹੇ ਕਈ ਕੇਸਾਂ ਦੀਆਂ ਮਿਸਾਲਾਂ ਹਨ, ਜੋ ਮੁੰਡੇ ਪੱਕੇ ਹੋਣ ਸਾਰ ਭੱਜ ਗਏ, ਮੁੜ ਕੇ ਲੱਭੇ ਨਹੀਂ।
ਫਿਰ ਇਹ ਸਟੂਡੈਂਟ ਵੀਜ਼ੇ ਵਾਲਾ ਕੰਮ ਚੱਲ ਪਿਆ, ਪਹਿਲਾਂ ਇਹ ਆਸਟਰੇਲੀਆ ਦਾ ਖੁੱਲ੍ਹਾ ਸੀ, ਉਥੇ ਬਹੁਤ ਘੱਟ ਅਜਿਹੇ ਕੇਸ ਸਾਹਮਣੇ ਆਏ, ਕਿਉਂਕਿ ਉਥੇ ਗ੍ਰੈਜੁਏਸ਼ਨ ਕਰਕੇ ਹੀ ਮੁੰਡੇ-ਕੁੜੀਆਂ ਜਾਂਦੇ ਸਨ, ਜੋ ਥੋੜ੍ਹੀ ਵੱਡੀ ਉਮਰ ਦੇ ਹੋਣ ਕਰਕੇ ਥੋੜ੍ਹੇ ਸੁਘੜ ਸਿਆਣੇ ਸਨ। ਇੱਕਾ-ਦੁੱਕਾ ਕੇਸਾਂ ਨੂੰ ਛੱਡ ਕੇ ਬਹੁਤ ਘੱਟ ਕੇਸ ਆਏ, ਜਿਥੇ ਕੋਈ ਸਮੱਸਿਆ ਹੋਵੇ।
ਫਿਰ ਇਹ ਕੈਨੇਡਾ ਨੇ ਸਟੂਡੈਂਟ ਵੀਜ਼ੇ ਖੋਲ੍ਹ ਦਿੱਤੇ। ਪਹਿਲਾਂ ਇਥੇ ਵੀ ਜਿ਼ਆਦਾ ਗ੍ਰੈਜੂਏਸ਼ਨ ਵਾਲੇ ਹੀ ਆਉਂਦੇ ਸਨ, ਜਿਹੜੇ ਥੋੜ੍ਹਾ ਜਿ਼ਆਦਾ ਪੜ੍ਹੇ-ਲਿਖੇ ਅਤੇ ਜਿ਼ਆਦਾ ਉਮਰ ਦੇ ਹੋਣ ਕਰਕੇ ਸਿਆਣੇ ਸਨ। ਜਦੋਂ ਦਾ ਇਹ ਪਲੱਸ ਟੂ ਕਰਕੇ ਕੈਨੇਡਾ ਆਉਣ ਦਾ ਹੜ੍ਹ ਹੀ ਆ ਗਿਆ, ਹਰ ਇਕ ਬੱਚੇ ਦੀ ਤਮੰਨਾ ਹੁੰਦੀ ਹੈ ਕਿ ਉਹ ਆਪਣਾ ਸੁਨਹਿਰੀ ਭਵਿੱਖ ਚੁਣੇ। ਅਜਿਹੇ ਵਿਚ ਬਹੁਤ ਸਾਰੇ ਮੁੰਡੇ-ਕੁੜੀਆਂ ਆਈਲੈਟਸ ਕਰਕੇ ਕੈਨੇਡਾ ਆਉਣ ਲੱਗੇ। ਮੁੰਡੇ ਵੀ ਆਉਂਦੇ ਹਨ, ਉਹ ਆਈਲੈਟਸ ਕਰਕੇ ਘਰ ਦਿਆਂ ਦੇ ਪੈਸੇ ਲਵਾ ਕੇ ਆਪਣੇ ਬਲਬੂਤੇ `ਤੇ ਆ ਜਾਂਦੇ ਹਨ ਅਤੇ ਬਹੁਤੇ ਮੁੰਡੇ ਸਰਦੇ-ਪੁਜਦੇ ਘਰਾਂ ਦੇ ਹਨ।
ਜੇ ਮੁੰਡੇ ਕੈਨੇਡਾ ਆਉਣਾ ਚਾਹੁੰਦੇ ਹਨ ਤੇ ਕੁੜੀਆਂ ਦਾ ਵੀ ਦਿਲ ਕਰਦਾ! ਪਹਿਲੀ ਗੱਲ ਤਾਂ ਜਿ਼ਆਦਾਤਰ ਘਰ ਵਾਲੇ ਕੁੜੀਆਂ ਨੂੰ ਥੋੜ੍ਹਾ ਪੜ੍ਹਾ ਕੇ ਵਿਆਹ ਕੇ ਤੋਰਨ ਵਿਚ ਵਿਸ਼ਵਾਸ ਰੱਖਦੇ ਹਨ, ਕਿਉਂਕਿ ਬਹੁਤੇ ਮਾਪੇ ਕੁੜੀਆਂ ਨੂੰ ਆਪਣੇ `ਤੇ ਬੋਝ ਸਮਝਦੇ ਹਨ। ਉਹ ਬੱਸ ਵਿਆਹ ਕੇ ਗਲੋਂ ਲਾਹੁਣ ਨੂੰ ਕਾਹਲੇ ਹੁੰਦੇ ਨੇ। ਖਾਸ ਕਰਕੇ ਮੱਧ ਵਰਗੀ ਅਤੇ ਗਰੀਬ ਪਰਿਵਾਰ ਇੰਨੇ ਜੋਗੇ ਨਹੀਂ ਹੁੰਦੇ ਕਿ ਉਹ ਆਪਣੀ ਕੁੜੀ ਨੂੰ ਆਈਲੈਟਸ ਕਰਵਾ ਕੇ ਵਿਦੇਸ਼ ਭੇਜ ਸਕਣ। ਇਸ ਦੌਰਾਨ ਕੁੜੀ ਜਿ਼ਦ ਕਰਦੀ ਹੈ ਕਿ ਮੈਂ ਪੜ੍ਹਨਾ ਹੈ ਤੇ ਵਿਦੇਸ਼ ਜਾਣਾ ਹੈ, ਕਿਉਂਕਿ ਕੁੜੀ ਨੂੰ ਪਤਾ ਹੁੰਦਾ ਹੈ, ਇੱਥੇ ਤਾਂ ਵਿਆਹ ਕਰਵਾ ਕੇ ਜ਼ਿੰਦਗੀ ਕਰੀਬ ਰੁਕ ਹੀ ਜਾਣੀ ਹੈ। ਇਸ ਕਰਕੇ ਹੁਸ਼ਿਆਰ ਕੁੜੀਆਂ ਔਖੀਆਂ ਸੌਖੀਆਂ ਆਈਲੈਟਸ ਕਰ ਲੈਂਦੀਆਂ ਹਨ। ਫਿਰ ਹੁੰਦਾ ਕਿ ਕੋਈ ਬਾਹਰ ਜਾਣ ਦਾ ਖਰਚਾ ਕਰਨ ਵਾਲਾ ਹੋਵੇ! ਫਿਰ ਅਜਿਹੇ ਮੁੰਡੇ ਮਿਲ ਜਾਂਦੇ ਹਨ, ਜੋ ਆਪ ਤਾਂ ਆਪਣੇ ਬਲਬੂਤੇ `ਤੇ ਕੁਝ ਕਰਨ ਜੋਗੇ ਨਹੀਂ ਹੁੰਦੇ, ਪਰ ਪੈਸੇ ਦੇ ਜੋਰ `ਤੇ ਕੁੜੀ ਨੂੰ ਖਰੀਦ ਕੇ ਉਸ ਜ਼ਰੀਏ ਕੈਨੇਡਾ ਜਾਣ ਦੇ ਸੁਪਨੇ ਦੇਖਦੇ ਹਨ। ਕੁੜੀ ਵੀ ਆਪਣੇ ਭਵਿੱਖ ਅੱਗੇ ਹਰ ਉਹ ਮੁੰਡਾ ਪ੍ਰਵਾਨ ਕਰ ਲੈਂਦੀ ਹੈ, ਜੋ ਦਿਲੋਂ ਭਾਵੇਂ ਉਸ ਨੂੰ ਪਸੰਦ ਹੀ ਹੀ ਨਾ ਹੋਵੇ। ਅਜਿਹੇ ਰਿਸ਼ਤਿਆਂ ਵਿਚ ਕੋਈ ਬਹੁਤੀ ਖਿੱਚ ਨਹੀਂ ਹੁੰਦੀ, ਕਿਉਂਕਿ ਇਸ ਪਿੱਛੇ ਦੋਹਾਂ ਧਿਰਾਂ ਦਾ ਸਵਾਰਥ ਹੁੰਦਾ ਹੈ। ਅਜਿਹੇ ਮੁੰਡੇ ਵੀ ਬਹੁਤ ਦੇਖੇ ਨੇ, ਜੋ ਕੈਨੇਡਾ ਪਹੁੰਚ ਕੇ ਜਿਹੜੀ ਉਹਨੂੰ ਇੰਡੀਆ ਤੋਂ ਲੈ ਕੇ ਆਈ ਹੈ, ਉਹਨੂੰ ਲੱਤ ਮਾਰ ਕੇ ਭੱਜ ਜਾਂਦੇ ਹਨ। ਉਨ੍ਹਾਂ ਦੀ ਗੱਲ ਕੋਈ ਨਹੀਂ ਕਰਦਾ।
ਹੁਣ ਰੌਲਾ ਪੈਂਦਾ ਕਿ ਫਲਾਣੀ ਕੁੜੀ ਠੱਗੀ ਮਾਰ ਗਈ, ਫਲਾਣੀ ਨੇ ਬੁਲਾਇਆ ਨਹੀਂ। ਇਸ ਦੇ ਵੀ ਕਈ ਕਾਰਨ ਹਨ। ਜਿਹੜਾ ਮੁੰਡਾ ਆਈਲੈਟਸ ਕਰਕੇ ਪਹੁੰਚਦਾ, ਉਹਨੂੰ ਘਰ ਦੇ ਕਹਿੰਦੇ ਨੇ, ਪੁੱਤ ਪੜ੍ਹਾਈ ਕਰ, ਹੋਰ ਪੈਸਿਆਂ ਦੀ ਲੋੜ ਹੋਈ ਤਾਂ ਦੱਸੀਂ; ਪਰ ਜੇ ਕੁੜੀ ਵਿਆਹ ਕਰਵਾ ਕੇ ਕੈਨੇਡਾ ਆ ਜਾਵੇ, ਉਸ ਵੱਲ ਦੋ ਘਰ ਦੇਖਦੇ ਨੇ-ਪੇਕੇ ਵੀ ਤੇ ਸਹੁਰੇ ਵੀ। ਇੰਡੀਆ ਬੈਠੇ ਉਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਕੈਨੇਡਾ ਜਾ ਕੇ ਦਰਖਤ ਲੱਗੇ ਨੇ ਡਾਲਰਾਂ ਦੇ, ਬੱਸ ਜਾਣ ਸਾਰ ਤੋੜਨ ਲੱਗ ਜਾਣੇ ਨੇ। ਪਹੁੰਚਣ ਸਾਰ ਘਰ ਵਾਲੇ ਦੀ ਪਹਿਲੀ ਮੰਗ ਹੁੰਦੀ ਹੈ, ਆਈ ਫੋਨ ਦੀ। ਉਹਨੂੰ ਇੰਡੀਆ ਬੈਠੇ ਨੂੰ ਇਹ ਨਹੀਂ ਪਤਾ ਕਿ ਇਥੇ ਫੋਨ ਕਿਸ਼ਤਾਂ `ਤੇ ਮਿਲਦੇ ਨੇ, ਜਿਹਦਾ ਬਿਲ ਭਰਨਾ ਹੁੰਦਾ ਹੈ ਮਹੀਨੇ ਬਾਅਦ। ਕੁੜੀ ਜਦੋਂ ਕੈਨੇਡਾ ਆਉਂਦੀ ਹੈ ਤਾਂ ਉਸ ਮੂਹਰੇ ਅਨੇਕਾਂ ਸਮੱਸਿਆ ਹੁੰਦੀਆਂ ਨੇ, ਭਾਵੇਂ ਉਹਨੇ ਆਈਲੈਟਸ ਕੀਤੀ ਹੁੰਦੀ ਹੈ। ਸਭ ਤੋਂ ਪਹਿਲੀ ਸਮੱਸਿਆ ਬੋਲੀ ਦੀ, ਫਿਰ ਰਹਿਣ ਦੀ, ਖਾਣ-ਪੀਣ ਦੀ। ਕੈਨੇਡਾ ਵਿਚ ਰਹਿਣਾ ਅਤੇ ਖਾਣਾ ਸਭ ਤੋਂ ਮਹਿੰਗਾ। ਕੁੜੀਆਂ ਦਿਨ ਵੇਲੇ ਪੜ੍ਹਾਈ ਅਤੇ ਰਾਤ ਨੂੰ ਰੈਸਟੋਰੈਂਟਾਂ ਵਿਚ ਕੰਮ ਕਰਦੀਆਂ ਨੇ। ਥੱਕ-ਟੁੱਟ ਕੇ ਘਰ ਆਉਂਦੀਆਂ ਨੇ, ਉਦੋਂ ਨੂੰ ਇੰਡੀਆ ਰਹਿੰਦਾ ਉਹਦੇ ਘਰ ਵਾਲਾ, ਜੋ ਯਾਰਾਂ-ਦੋਸਤਾਂ ਵਿਚ ਬੈਠਾ ਫੜ੍ਹਾਂ ਮਾਰੀ ਜਾਂਦਾ ਹੁੰਦਾ ਕਿ ਲਓ ਹੁਣ ਤੁਹਾਡੀ ਭਰਜਾਈ ਨਾਲ ਗੱਲ ਕਰਵਾਉਂਦਾ ਹਾਂ…। ਉਹ ਅੱਗੋਂ ਵਿਚਾਰੀ ਥੱਕ-ਟੁੱਟ ਕੇ ਆਈ ਹੋਣ ਕਾਰਨ ਫੋਨ ਦੀ ਰਿੰਗ ਬੰਦ ਕਰਕੇ ਸੌਂ ਜਾਂਦੀ ਹੈ, ਕਿਉਂਕਿ ਵਿਦੇਸ਼ਾਂ ਵਿਚ ਜਿੰਨੀ ਦੇਰ ਫੋਨ ਚਾਲੂ ਰਹਿੰਦਾ, ਓਨੀ ਦੇਰ ਇੰਟਰਨੈਟ ਵੀ ਚਲਦਾ ਹੀ ਰਹਿੰਦਾ। ਇੰਡੀਆ ਵਾਲੇ ਦਾ ਜੇ ਫੋਨ ਨਾ ਚੁਕਿਆ ਕੁੜੀ ਨੇ, ਇੱਕ ਤਾਂ ਉਹਦੀ ਈਗੋ ਨੂੰ ਸੱਟ ਵੱਜਦੀ ਹੈ, ਦੂਜਾ ਉਹਨੂੰ ਵਹਿਮ ਹੋ ਜਾਂਦਾ ਹੈ ਕਿ ਵੱ੍ਹਟਸਐਪ `ਤੇ ਓਨਲਾਈਨ ਬੈਠੀ ਸੀ, ਮੇਰੇ ਨਾਲ ਗੱਲ ਨਹੀਂ ਕੀਤੀ। ਹੋਰ ਪਤਾ ਨਹੀਂ ਕੀਹਦੇ ਨਾਲ ਲੱਗੀ ਸੀ? ਬੱਸ ਉਥੇ ਬੈਠੇ ਨੇ ਹੀ ਨਕਾਰਾਤਮਕ ਸੋਚਣਾ ਸ਼ੁਰੂ ਕਰ ਦੇਣਾ, ਬਹੁਤੇ ਰਿਸ਼ਤੇ ਇਸ ਵਹਿਮ ਅਤੇ ਸ਼ੱਕ ਨੇ ਖਰਾਬ ਕੀਤੇ ਹਨ। ਇੰਡੀਆ ਬੈਠੇ ਬਹੁਤੇ ਮੁੰਡਿਆਂ ਨੇ ਕੁੜੀਆਂ `ਤੇ ਸ਼ੱਕ ਅਤੇ ਮਿਹਣਿਆਂ ਨੇ ਖਰਾਬ ਕੀਤੇ ਹਨ, ਕਿਉਂਕਿ ਉਥੇ ਜਿ਼ਆਦਾ ਲੋਕ ਵਿਹਲੇ, ਉਨ੍ਹਾਂ ਕੋਲ ਟਾਈਮ ਹੈ, ਉਹ ਸੋਚਦੇ ਨੇ ਕਿ ਸ਼ਾਇਦ ਉਥੇ ਵੀ ਲੋਕਾਂ ਕੋਲ ਇੰਨਾ ਹੀ ਟਾਈਮ ਹੁੰਦਾ। ਜਿੱਥੋਂ ਤੱਕ ਮੈਂ ਦੇਖਿਆ, ਇਸ ਤਰ੍ਹਾਂ ਜਿ਼ਆਦਾ ਰਿਸ਼ਤੇ ਖਰਾਬ ਹੋਏ ਹਨ। ਜਦੋਂ ਬਿਨਾ ਵਜਾਹ ਸ਼ੱਕ ਅਤੇ ਹਰ ਟਾਈਮ ਘਰ ਵਾਲੇ ਵਾਲਾ ਰੋਹਬ ਮਾਰੀ ਜਾਣਾ, ਫਿਰ ਕੁੜੀ ਵੀ ਸੋਚਦੀ ਹੈ ਕਿ ਇਹ ਤਾਂ ਉਥੇ ਹੀ ਮਾਣ ਨਹੀਂ, ਜੇ ਇਥੇ ਆ ਗਿਆ ਤਾਂ ਤੰਗ ਕਰੂ! ਉਹ ਫਿਰ ਗੱਲ ਕਰਨਾ ਘੱਟ ਕਰ ਦਿੰਦੀ ਹੈ ਅਤੇ ਫਿਰ ਬਿਲਕੁਲ ਬੰਦ। ਫਿਰ ਕੁੜੀ `ਤੇ ਪਹਿਲਾ ਇਲਜ਼ਾਮ ਲੱਗਦਾ ਕਿ ਇਹ ਬਦਚਲਨ ਹੈ, ਇਹਦਾ ਕੋਈ ਯਾਰ ਹੋਣਾ ਰੱਖਿਆ।
ਜਿਥੇ ਇਹ ਕੁੜੀਆਂ ਸਹੁਰਿਆਂ ਅਤੇ ਪੇਕਿਆਂ ਵਿਚ ਪਿਸਦੀਆਂ ਹਨ, ਉਥੇ ਵਿਦੇਸ਼ਾਂ ਵਿਚ ਪਹਿਲਾਂ ਤੋਂ ਪੱਕੇ ਲੋਕ ਵੀ ਇਨ੍ਹਾਂ ਦਾ ਰੱਜ ਕੇ ਸ਼ੋਸ਼ਣ ਕਰਦੇ ਹਨ। ਜੇ ਕਿਸੇ ਵਿਦਿਆਰਥੀ ਕੁੜੀ ਨੂੰ ਜੌਬ ਦੇਣੀ ਹੁੰਦੀ ਹੈ ਜਾਂ ਕਿਰਾਏ `ਤੇ ਮਕਾਨ ਤਾਂ ਮਾਲਕ ਦੀ ਪਹਿਲਾਂ ਅੱਖ ਕੁੜੀ `ਤੇ ਹੁੰਦੀ ਹੈ ਕਿ ਉਹ ਟਾਈਮ ਕਦੋਂ ਆਊ, ਜਦੋਂ ਇਹ ਮੇਰੇ ਨਾਲ ਸੌਵੇ! ਕਿੰਨੀ ਮਾਨਸਿਕ ਪੀੜਾਂ ਵਿਚ ਦੀ ਇਹ ਕੁੜੀਆਂ ਲੰਘਦੀਆਂ, ਇਹ ਉਹੀ ਜਾਣਦੀਆਂ ਨੇ।
ਹੁਣ ਜਿਹੜੇ ਮੁੰਡੇ ਖੁਦਕਸ਼ੀਆਂ ਕਰ ਰਹੇ ਹਨ ਜਾਂ ਸੋਚ ਰਹੇ ਹਨ ਤਾਂ ਉਨ੍ਹਾਂ ਦੀ ਇਹ ਸੋਚ ਦੇਖ ਕੇ ਲਗਦਾ ਹੈ ਕਿ ਉਹ ਅਜਿਹੇ ਮੁਲਕਾਂ ਦੇ ਕਾਬਿਲ ਨਹੀਂ, ਜਿਨ੍ਹਾਂ ਕੋਲ ਇੰਨਾ ਵੀ ਸਹਿਜ ਨਹੀਂ ਕਿ ਜਿ਼ੰਦਗੀ ਨਾਲੋਂ ਪਿਆਰੀ ਕਿਹੜੀ ਚੀਜ਼ ਹੈ! ਜਿਹੜੇ ਕੈਨੇਡਾ ਗਏ ਨਹੀਂ ਜਾਂ ਉਹ ਜਾ ਨਹੀਂ ਸਕੇ, ਉਹ ਕਿਹੜਾ ਰੋਟੀ ਨਹੀਂ ਖਾਂਦੇ? ਵਿਦੇਸ਼ਾਂ ਵਿਚ ਤਾਂ ਇੰਨਾ ਸਬਰ ਤੇ ਸਹਿਜ ਰੱਖਣਾ ਪੈਂਦਾ। ਜਿਹੜੇ ਦੋ ਨੰਬਰ ਵਿਚ ਆਏ ਨੇ, ਕਈ ਵਾਰ ਦਹਾਕੇ ਲੰਘ ਜਾਂਦੇ ਨੇ ਉਨ੍ਹਾਂ ਨੂੰ ਪੱਕੇ ਹੁੰਦਿਆਂ ਨੂੰ।
ਹੁਣ ਗੱਲ ਚੱਲ ਰਹੀ ਹੈ ਕਿ ਇਹ ਕੁੜੀਆਂ ਡਿਪੋਰਟ ਹੋਣ ਦੀ। ਇਨ੍ਹਾਂ ਵਿਚੋਂ ਕੋਈ ਕੁੜੀ ਡਿਪੋਰਟ ਨਹੀਂ ਹੋਣੀ, ਇਹ ਸਭ ਝੂਠੀਆਂ ਅਫਵਾਹਾਂ ਹਨ। ਕੈਨੇਡਾ ਦਾ ਕੋਈ ਅਜਿਹਾ ਕਾਨੂੰਨ ਨਹੀਂ ਕਿ ਵਿਆਹ ਤੋਂ ਮਨ੍ਹਾਂ ਕਰਨ `ਤੇ ਡਿਪੋਰਟ ਕਰ ਦੇਵੇ। ਕੈਨੇਡਾ ਸਰਕਾਰ ਵਿਦਿਆਰਥੀਆਂ ਨੂੰ ਬੁਲਾਉਂਦੀ ਹੈ, ਨਾ ਕਿ ਉਹਦੀ ਕੋਈ ਸ਼ਰਤ ਹੁੰਦੀ ਹੈ ਕਿ ਕੁੜੀਏ ਤੈਨੂੰ ਵੀਜ਼ਾ ਤਾਂ ਦਿੱਤਾ, ਬਈ ਤੂੰ ਆਪਣੇ ਘਰ ਵਾਲੇ ਨੂੰ ਕੈਨੇਡਾ ਬੁਲਾਵੇਂਗੀ। ਸੋ, ਕੈਨੇਡਾ ਨੂੰ ਕੋਈ ਫਰਕ ਨਹੀਂ ਪੈਂਦਾ। ਡਿਪੋਰਟ ਕੋਈ ਤਾਂ ਹੀ ਹੋਊ, ਜੇ ਉਹਨੇ ਕੋਈ ਜੁਰਮ ਕੀਤਾ ਜਾਂ ਭਾਰਤ ਸਰਕਾਰ ਖਿਲਾਫ ਕੋਈ ਜੁਰਮ ਕੀਤਾ, ਉਹ ਵੀ ਇੰਟਰਪੋਲ ਦੀ ਮਦਦ ਨਾਲ, ਪਰ ਪੰਜਾਬ ਸਰਕਾਰ ਦੀ ਕੋਈ ਪਾਵਰ ਨਹੀਂ ਕਿ ਉਹ ਕਿਸੇ ਨੂੰ ਡਿਪੋਰਟ ਕਰਵਾ ਲਵੇ। ਹਾਂ, ਉਹ ਗੱਲ ਵਖਰੀ ਹੈ ਕਿ ਕੁੜੀ ਦੇ ਘਰ ਦਿਆਂ `ਤੇ ਪੁਲਿਸ ਦਾ ਦਬਾਅ ਬਣਾ ਕੇ ਕੁੜੀ ਆਪਣੇ ਆਪ ਆਉਣ ਵਾਸਤੇ ਮਜਬੂਰ ਹੋਵੇ, ਪਰ ਕਾਨੂੰਨ ਕੋਈ ਨਹੀਂ।
ਇਹ ਸਾਰੇ ਰਿਸ਼ਤੇ ਸਵਾਰਥਾਂ ਦੇ ਹਨ, ਪਿਆਰ ਦੇ ਨਹੀਂ। ਇਹ ਕਾਰੋਬਾਰ ਜਾਂ ਧੰਦਾ ਬਣ ਗਿਆ ਹੈ, ਤੇ ਜਰੂਰੀ ਨਹੀਂ ਹਰ ਧੰਦੇ ਵਿਚ ਫਾਇਦਾ ਹੀ ਹੋਵੇ!
ਕੁੜੀਆਂ ਨੂੰ ਵੀ ਚਾਹੀਦਾ ਕਿ ਜੇ ਕਿਸੇ ਨੇ ਤੁਹਾਡੀ ਮਦਦ ਕੀਤੀ ਹੈ ਤਾਂ ਔਖੀਆਂ ਸੌਖੀਆਂ ਉਹਨੂੰ ਸਿਰੇ ਚੜ੍ਹਾਓ; ਇਥੇ ਬੁਲਾ ਕੇ ਭਾਵੇਂ ਅਲੱਗ ਹੋ ਜਾਓ। ਮੁੰਡਿਆਂ ਨੂੰ ਵੀ ਚਾਹੀਦਾ ਕਿ ਉਹ ਹਰ ਗੱਲ ਨੂੰ ਈਗੋ ਨਾ ਬਣਾਉਣ, ਜੇ ਉਨ੍ਹਾਂ ਜੂਆ ਖੇਡਿਆ ਤਾਂ ਇਸ ਨੂੰ ਪਿਆਰ ਅਤੇ ਤਰੀਕੇ ਨਾਲ ਸਿਰੇ ਲਾਓ, ਬਾਕੀ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰੋ ਕਿ ਆਪਣੇ ਦਮ `ਤੇ ਕੁਝ ਕਰੋ।