ਪਰਦੇਸਾਂ ਵਿਚ ਪੰਜਾਬੀਆਂ ਦਾ ਬੁਢਾਪਾ

ਸੁਰਿੰਦਰ ਗੀਤ, ਕੈਨੇਡਾ
ਫੋਨ: 403-605-3734
ਉਪਰੋਕਤ ਵਿਸ਼ਾ ਸਾਹਮਣੇ ਆਉਂਦੇ ਸਾਰ ਹੀ ਫਰੀਮਾਂਟ (ਕੈਲੀਫੋਰਨੀਆ) ਦਾ ਸਮੁੰਦਰ ਦਾ ਕਿਨਾਰਾ, ਹਰਾ-ਭਰਾ ਘਾਹ ਅਤੇ ਲੱਕੜ ਦੇ ਬਣੇ ਬੈਂਚ `ਤੇ ਬੈਠੇ ਬਜ਼ੁਰਗ ਪੰਜਾਬੀ ਜੋੜੇ ਦਾ ਖਿਆਲ ਆਇਆ, ਜੋ ਕਾਫੀ ਲੰਬੇ ਸਮੇਂ ਤੋਂ ਮੇਰੀ ਚੇਤਨਾ ਵਿਚ ਵਸਿਆ ਹੋਇਆ ਸੀ। ਬਜ਼ੁਰਗ ਔਰਤ ਨੇ ਸਲਵਾਰ ਕਮੀਜ਼ ਪਾਈ ਸੀ ਤੇ ਸਿਰ ਉੱਪਰ ਪੰਜਾਬੀ ਤਰੀਕੇ ਨਾਲ ਚੁੰਨੀ ਲਈ ਹੋਈ ਸੀ। ਬਜ਼ੁਰਗ ਮਰਦ ਨੇ ਪੈਂਟ ਕਮੀਜ਼ ਅਤੇ ਸਿਰ ਉਪਰ ਪੇਂਡੂ ਲਹਿਜੇ ਨਾਲ ਦਸਤਾਰ ਸਜਾਈ ਸੀ। ਦੂਰੋਂ ਹੀ ਉਨ੍ਹਾਂ ਦੇ ਪੰਜਾਬੀ ਹੋਣ ਦਾ ਪਤਾ ਲਗਦਾ ਸੀ। ਜਿਵੇਂ ਹੀ ਮੇਰੀ ਨਿਗਾਹ ਉਨ੍ਹਾਂ ਉਪਰ ਗਈ ਤਾਂ ਤਰ੍ਹਾਂ ਤਰ੍ਹਾਂ ਦੇ ਖਿਆਲ ਮਨ ‘ਚ ਆਉਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾ ਖਿਆਲ ਜੋ ਮੇਰੇ ਮਨ ‘ਚ ਆਇਆ, ਉਹ ਇਹ ਸੀ ਕਿ ਇਹ ਕਿੰਨੀ ਚੰਗੀ ਕਿਸਮਤ ਵਾਲੇ ਹਨ, ਜੋ ਏਨੇ ਸੋਹਣੇ ਸਾਫ-ਸੁਥਰੇ ਵਾਤਾਵਰਣ ‘ਚ ਤੇ ਖਾਸ ਕਰਕੇ ਸਮੁੰਦਰ ਦੇ ਕਿਨਾਰੇ ਬੈਠੇ ਹਨ। ਜੇ ਪੰਜਾਬ ‘ਚ ਹੁੰਦੇ ਤਾਂ ਬਿਜਲੀ ਦਾ ਕੱਟ ਲੱਗਿਆ ਹੋਣਾ ਸੀ ਅਤੇ ਇਨ੍ਹਾਂ ਨੇ ਹੱਥ ਨਾਲ ਪੱਖੀ ਝੱਲਦੇ ਹੋਣਾ ਸੀ।

ਮੇਰਾ ਜੀਅ ਕਰਦਾ ਸੀ ਕਿ ਮੈਂ ਕੋਲ ਜਾਵਾਂ, ਪਰ ਮਜਬੂਰੀ ਸੀ ਅਤੇ ਬੇਗਾਨੇ ਵੱਸ ਸਾਂ। ਮੈਂ ਆਪਣੀ ਸਹੇਲੀ ਨਾਲ ਕੈਲੀਫੋਰਨੀਆ ਗਈ ਸੀ ਅਤੇ ਰਿਸ਼ਤੇਦਾਰਾਂ ਨਾਲ ਬਾਹਰ ਕਿਤੇ ਘੁੰਮਣ ਜਾਣ ਲਈ ਨਿਕਲੇ ਸਾਂ। ਕਾਰ ਵਿਚ ਹੋਣ ਕਾਰਨ ਸਿਰਫ ਦੋ ਕੁ ਮਿੰਟ ਹੀ ਮੈਂ ਉਨ੍ਹਾਂ ਨੂੰ ਉਥੇ ਬੈਠਿਆਂ ਦੇਖ ਸਕੀ ਸਾਂ। “ਇਹ ਕੀ ਸੋਚ ਰਹੇ ਹੋਣਗੇ?” ਮੈਂ ਸੋਚਣ ਲੱਗੀ। ਸ਼ਾਇਦ ਸਮੁੰਦਰ ਦੀਆਂ ਲਹਿਰਾਂ ਨਾਲ ਗੱਲਬਾਤ ਕਰ ਰਹੇ ਹੋਣਗੇ, ਦੂਰ ਜਾਂਦੇ ਸਮਾਨ ਨਾਲ ਲੱਦੇ ਜਹਾਜ਼ਾਂ ਵੱਲ ਦੇਖ ਰਹੇ ਹੋਣਗੇ, ਉਨ੍ਹਾਂ ਦੇ ਲੰਬੇ ਸਫਰ ਬਾਰੇ ਸੋਚ ਰਹੇ ਹੋਣਗੇ, ਇਨ੍ਹਾਂ ਦਾ ਵੀ ਚਿੱਤ ਕਰਦਾ ਹੋਵੇਗਾ ਪੰਜਾਬ ਜਾਣ ਲਈ, ਸ਼ਾਇਦ ਨਾ ਕਰਦਾ ਹੋਵੇ, ਇਥੇ ਬਹੁਤ ਹੈ, ਕੀ ਲੈਣਾ ਹੈ ਉੱਥੇ ਜਾ ਕੇ। ਨਹੀਂ ਨਹੀਂ! ਆਖਿਰ ਇਨ੍ਹਾਂ ਦੀਆਂ ਜੜ੍ਹਾਂ ਉਥੇ ਹਨ, ਜਰੂਰ ਜਾਣਾ ਲੋਚਦੇ ਹੋਣਗੇ। ਅਣਗਿਣਤ ਖਿਆਲਾਂ ਨੇ ਮੈਨੂੰ ਘੇਰ ਲਿਆ।
ਉੱਥੇ ਕੁਝ ਦਿਨ ਰਹਿ ਕੇ ਅਸੀਂ ਵਾਪਿਸ ਆ ਗਏ ਅਤੇ ਕੰਮਾਂ ਕਾਰਾਂ `ਤੇ ਜਾਣਾ ਸ਼ੁਰੂ ਹੋ ਗਿਆ। ਉਸ ਬਜ਼ੁਰਗ ਜੋੜੇ ਦੀ ਤਸਵੀਰ ਅੱਜ ਤੱਕ ਵੀ ਮੇਰੇ ਜ਼ਿਹਨ ‘ਚ ਵਸੀ ਹੋਈ ਹੈ। ਇਕ ਦਿਨ ਮੈਂ ਕੰਮ ਤੋਂ ਘਰ ਵਾਪਿਸ ਆ ਰਹੀ ਸਾਂ। ਬੱਸ ਵਿਚ ਮੇਰੇ ਨਾਲ ਦੀ ਸੀਟ `ਤੇ ਇਕ ਬਜ਼ੁਰਗ ਆ ਕੇ ਬਹਿ ਗਿਆ। ਥੋੜ੍ਹੀ ਬਹੁਤ ਜਾਣ-ਪਛਾਣ ਸੀ ਉਸ ਨਾਲ। ਮੈਂ ਸਤਿ ਸ੍ਰੀ ਅਕਾਲ ਬੁਲਾਈ ਅਤੇ ਗੱਲਬਾਤ ਤੋਰਨ ਲਈ ਪੁੱਛਣ ਲੱਗ ਪਈ ਕਿ ਅੰਕਲ ਜੀ ਕਿੱਧਰੋਂ ਆ ਰਹੇ ਹੋ? ਉਸ ਬਜ਼ੁਰਗ ਨੇ ਡੂੰਘਾ ਸਾਹ ਲਿਆ ਤੇ ਕਹਿਣ ਲੱਗਾ, ਕੀ ਦੱਸਾਂ ਬੀਬੀ, ਜੇ ਘਰੇ ਰਹਿੰਦਾ ਹਾਂ ਤਾਂ ਨੂੰਹ ਸਾਰਾ ਦਿਨ ਬੁੜ ਬੁੜ ਕਰਦੀ ਹੈ, ਅਖੇ ਸੋਫੇ ਤੋੜਦਾ ਹੈਂ। ਇਸ ਕਰਕੇ ਮੈਂ ਸਵੇਰੇ ਹੀ ਘਰੋਂ ਨਿਕਲ ਜਾਂਦਾ ਹਾਂ ਅਤੇ ਸ਼ਾਮ ਨੂੰ ਵਾਪਿਸ ਆ ਜਾਂਦਾ ਹਾਂ। ਇਹ ਸੁਣ ਕੇ ਮੈਂ ਕੰਬ ਜਿਹਾ ਗਈ ਅਤੇ ਕੈਲੀਫੋਰਨੀਆ ਵਾਲੇ ਬਜ਼ੁਰਗ ਜੋੜੇ ਦਾ ਖਿਆਲ ਆ ਗਿਆ। ਸ਼ਾਇਦ ਉਹ ਬਜ਼ੁਰਗ ਜੋੜਾ ਵੀ ਇਸੇ ਕਾਰਨ ਉਥੈ ਬੈਠਾ ਹੋਵੇ। ਆਪਣਾ ਵਕਤ ਲੰਘਾਉਂਦਾ ਹੋਵੇ। ਘਰ ‘ਚ ਕੋਈ ਝੱਲਦਾ ਨਾ ਹੋਵੇ। ਬਜ਼ੁਰਗ ਮਰਦ ਤਾਂ ਬਾਹਰ ਸਮਾਂ ਬਤੀਤ ਕਰ ਆਉਂਦੇ ਹਨ, ਪਰ ਬਜ਼ੁਰਗ ਔਰਤਾਂ ਸਾਰਾ ਸਮਾਂ ਘਰ ਰਹਿਣ ਕਰਕੇ ਇਸ ਤਰ੍ਹਾਂ ਦੀਆਂ ਵਧੀਕੀਆਂ ਦਾ ਜਿ਼ਆਦਾ ਸ਼ਿਕਾਰ ਹੁੰਦੀਆਂ ਹਨ।
ਉਨ੍ਹੀਂ ਦਿਨੀਂ ‘ਚ ਮੈਂ ਕੈਲਗਰੀ ਪੁਲਿਸ ਦੇ ਪ੍ਰਬੰਧਕੀ ਢਾਂਚੇ ਦੇ ਦਫਤਰ ‘ਚ ਨੌਕਰੀ ਕਰਦੀ ਸਾਂ। ਉਥੇ ਮੈਂ ਗਿਆਰਾਂ ਸਾਲ ਕੰਮ ਕੀਤਾ ਅਤੇ ਪੰਜਾਬੀਆਂ ਦੇ ਬੁਢਾਪੇ ਦੀ ਅਸਲੀ ਤਸਵੀਰ ਦੇਖੀ। ਮਿਸਾਲ ਵਜੋਂ ਇਕ ਘਟਨਾ ਦਾ ਜ਼ਿਕਰ ਕਰਦੀ ਹਾਂ। ਸਵੇਰ ਦਾ ਵੇਲਾ ਸੀ। ਦਫਤਰ ਗਿਆਂ ਅਜੇ ਦੋ ਕੁ ਘੰਟੇ ਹੀ ਹੋਏ ਸਨ ਕਿ ਪੁਲਿਸ ਕਰਮਚਾਰੀ ਆਇਆ ਤੇ ਕਹਿਣ ਲੱਗਾ ਕਿ ਮੈਂ ਇਕ ਬਜ਼ੁਰਗ ਪੰਜਾਬੀ ਔਰਤ ਨੂੰ ਬੰਦੀ ਬਣਾ ਕੇ ਲਿਆਇਆਂ ਹਾਂ। ਇੰਟਰਪਰੇਟਰ ਦੀ ਲੋੜ ਹੈ, ਤੂੰ ਹੀ ਚਲੀ ਜਾਹ। ਕੁਝ ਦੇਰ ਬਾਅਦ ਮੈਂ ਉਪਰਲੀ ਮੰਜ਼ਿਲ `ਤੇ ਚਲੀ ਗਈ, ਜਿੱਥੇ ਲੋਕਾਂ ਨੂੰ ਬੰਦੀ ਬਣਾ ਕੇ ਲਿਆਇਆ ਜਾਂਦਾ ਸੀ। ਉਸ ਬਜ਼ੁਰਗ ਔਰਤ ਨੂੰ ਬਾਹਰ ਲਿਆਂਦਾ ਗਿਆ, ਕਿਉਂਕਿ ਜੱਜ ਦੇ ਪੇਸ਼ੀ ਸੀ। ਜ਼ਮਾਨਤ ਹੋਣੀ ਸੀ। ਸੱਤਰ ਕੁ ਸਾਲ ਦੀ ਉਸ ਔਰਤ ਨੇ ਸਧਾਰਨ ਜਿਹੀ ਸਲਵਾਰ-ਕਮੀਜ਼ ਪਾਈ ਹੋਈ ਸੀ। ਉਸ ਕੋਲ ਚੁੰਨੀ ਨਹੀਂ ਸੀ। ਉਹ ਬਚਾਓ ਦੇ ਪੱਖੋਂ ਜਮ੍ਹਾਂ ਕਰਵਾ ਲਈ ਗਈ ਸੀ। ਉਹ ਔਰਤ ਆਪਣੀਆਂ ਦੋਹਾਂ ਬਾਹਾਂ ਨੂੰ ਆਪਣੀ ਹਿੱਕ ਨਾਲ ਲਾਈ ਬੈਠੀ ਸੀ, ਜਿਵੇਂ ਬਾਹਾਂ ਨਾਲ ਆਪਣਾ ਨੰਗੇਜ ਢਕ ਰਹੀ ਹੋਵੇ। ਮੈਂ ਪਿਆਰ ਨਾਲ ਬੀ ਜੀ ਕਹਿ ਕੇ ਉਸ ਕੋਲ ਬੈਠ ਗਈ। ਉਹ ਰੋਣ ਲੱਗ ਪਈ। ਉਸ ਬੀਬੀ ਨੇ ਸਭ ਤੋਂ ਪਹਿਲੀ ਗੱਲ ਜੋ ਮੈਨੂੰ ਆਖੀ, ਉਹ ਇਹ ਸੀ ਕਿ ਮੇਰੀ ਚੁੰਨੀ ਮੇਰੇ ਕੋਲ ਨਹੀਂ। ਮੇਰੀ ਚੁੰਨੀ ਲੈ ਕੇ ਆ। ਮੈਂ ਬੜੇ ਪਿਆਰ ਨਾਲ ਉਸ ਨੂੰ ਸਮਝਾਇਆ ਕਿ ਚੁੰਨੀ ਘਰੇ ਜਾਣ ਲੱਗਿਆਂ ਹੀ ਮਿਲੇਗੀ। ਉਹ ਜਿੱ਼ਦ ਕਰ ਰਹੀ ਸੀ ਕਿ ਚੁੰਨੀ ਬਗੈਰ ਉਹ ਜੱਜ ਦੇ ਸਾਹਮਣੇ ਕਿਵੇਂ ਜਾਵੇ! ਮੇਰਾ ਨਹੀਂ ਖਿਆਲ ਕਿ ਉਹ ਬੀਬੀ ਕਦੇ ਚੁੰਨੀ ਬਗੈਰ ਕਿਸੇ ਦੇ ਸਾਹਮਣੇ ਹੋਈ ਹੋਵੇ। ਕਦੇ ਪੁਲਿਸ ਠਾਣੇ ਦੇ ਅੱਗੋਂ ਦੀ ਲੰਘੀ ਹੋਵੇ, ਠਾਣੇ ਅੰਦਰ ਜਾਣਾ ਤਾਂ ਦੂਰ ਦੀ ਗੱਲ ਸੀ।
ਅਸਲ ਮੁੱਦੇ ਦੀ ਗੱਲ ਇਹ ਹੈ ਕਿ ਬੀਬੀ ਠਾਣੇ ਕਿਵੇਂ ਪੁੱਜੀ? ਉਸ ਦੇ ਦੱਸਣ ਮੁਤਾਬਕ ਜਾਂ ਪੁਲਿਸ ਦੀ ਰਿਪੋਰਟ ਮੁਤਾਬਕ ਸਵੇਰੇ ਜਦੋਂ ਉਸ ਦੇ ਨੂੰਹ-ਪੁੱਤ ਨੇ ਕੰਮ `ਤੇ ਜਾਣਾ ਸੀ ਤਾਂ ਨੂੰਹ ਆਪਣੇ ਡੇਢ ਕੁ ਸਾਲ ਦੇ ਬੱਚੇ ਨੂੰ ਬੀਬੀ ਨੂੰ ਫੜਾਉਣ ਆਈ ਤਾਂ ਦੋਹਾਂ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋ ਗਈ। ਨੂੰਹ ਨਹੀਂ ਸੀ ਚਾਹੁੰਦੀ ਕਿ ਉਹ ਲਾਈਟ ਜਗਾਵੇ, ਬੱਚੇ ਦੀ ਨੀਂਦ ਖਰਾਬ ਹੋਵੇ, ਪਰ ਬੀਬੀ ਦੇ ਪਾਠ ਕਰਨ ਦਾ ਸਮਾਂ ਸੀ, ਬੱਤੀ ਜਗਾਉਣੀ ਪੈਣੀ ਸੀ। ਨੌਬਤ ਇਥੋਂ ਤੱਕ ਪੁੱਜ ਗਈ। ਨੂੰਹ ਦਾ ਇਲਜ਼ਾਮ ਸੀ ਕਿ ਉਸ ਦੀ ਸੱਸ ਨੇ ਉਸ ਦੇ ਘਸੁੰਨ ਮਾਰੇ ਹਨ। ਬੀਬੀ ਦੇ ਵੀ ਨਹੁੰਆਂ ਦੇ ਨਿਸ਼ਾਨ ਸਨ, ਜੋ ਉਸ ਨੇ ਮੈਨੂੰ ਆਪਣੇ ਖਿੱਚ ਕੇ ਪਾੜੇ ਕਮੀਜ਼ ਦੇ ਗਲੇ ਥਾਣੀਂ ਦਿਖਾਏ। ਮੈਂ ਕਿਹਾ, ਬੀ ਜੀ ਤੁਸੀਂ ਇਹ ਪੁਲਿਸ ਅਫਸਰ ਨੂੰ ਕਿਉਂ ਨਹੀਂ ਦਿਖਾਇਆ? ਉਹ ਆਖਣ ਲੱਗੀ, “ਕੀ ਦੱਸਾਂ ਧੀਏ, ਮੈਂ ਤਾਂ ਸੋਚਿਆ ਸੀ ਢਕੀ ਰਿੱਜੀ ਜਾਵੇ।”
ਮੁੱਕਦੀ ਗੱਲ, ਬੀਬੀ ਦੀ ਜ਼ਮਾਨਤ ਹੋ ਗਈ। ਨੂੰਹ ਨਾਲੋਂ ਅਲੱਗ ਰਹਿਣ ਦੀ ਪਾਬੰਦੀ ਲਾ ਕੇ ਅਤੇ ਅਗਲੀ ਤਾਰੀਖ ਦੇ ਕੇ ਜੱਜ ਨੇ ਛੱਡ ਦਿੱਤਾ। ਮੈਂ ਬੀਬੀ ਦਾ ਸਾਰਾ ਸਮਾਨ, ਜਿਸ ਵਿਚ ਬੀਬੀ ਦੀ ਚੁੰਨੀ, ਗੁਟਕਾ ਸਾਹਿਬ ਅਤੇ ਛੋਟਾ ਲੱਕੜ ਦਾ ਕੰਘਾ ਸੀ, ਬੀਬੀ ਨੂੰ ਦਵਾ ਕੇ ਬਾਹਰ ਉਸ ਦੇ ਪੁੱਤਰ ਕੋਲ ਛੱਡਣ ਚਲੀ ਗਈ। ਉਸ ਦਾ ਪੁੱਤਰ ਉਸ ਨੂੰ ਲੈਣ ਆਇਆ ਸੀ। ਪੜ੍ਹਿਆ-ਲਿਖਿਆ ਸੋਹਣਾ ਸੁਨੱਖਾ ਨੌਜਵਾਨ ਮਾਂ ਨੇ ਰੀਝਾਂ ਨਾਲ ਪਾਲਿਆ ਲਗਦਾ ਸੀ। ਹੈਰਾਨੀ ਦੀ ਗੱਲ ਇਹ ਹੋਈ ਕਿ ਉਹ ਮੈਨੂੰ ਇਹ ਕਹਿਣ ਲੱਗ ਪਿਆ ਕਿ ਪੁਲਸੀਏ ਨੇ ਇਕ ਪਾਸੇ ਦੀ ਕਹਾਣੀ ਸੁਣੀ ਤੇ ਮੇਰੀ ਮਾਂ ਨੂੰ ਫੜ ਕੇ ਲੈ ਆਇਆ। ਅਸਲ ਗੱਲ ਇਹ ਸੀ ਕਿ ਉਸ ਨੇ ਆਪਣੀ ਪਤਨੀ ਦੇ ਸਾਹਮਣੇ ਆਪਣੀ ਮਾਂ ਦੇ ਵਿਰੁੱਧ ਗਵਾਹੀ ਭਰੀ ਸੀ।
ਮੇਰੀ ਇਸ ਲੰਬੀ ਕਹਾਣੀ ਤੋਂ ਉਤਰੀ ਅਮਰੀਕਾ ਵਿਚ ਵੱਸਦੇ ਬਜ਼ੁਰਗ ਪੰਜਾਬੀਆਂ ਦੇ ਰਹਿਣ-ਸਹਿਣ ਦਾ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦੀ ਸੰਤਾਨ ਵਲੋਂ ਕਿਵੇਂ ਉਨ੍ਹਾਂ ਨਾਲ ਵਧੀਕੀਆਂ ਕੀਤੀਆਂ ਜਾਂਦੀਆਂ ਹਨ। ਜ਼ੁਲਮ ਢਾਹਿਆ ਜਾਂਦਾ ਹੈ। ਅਹਿਮ ਗੱਲ ਜੋ ਮੈਂ ਆਖਣਾ ਚਾਹੁੰਦੀ ਹਾਂ, ਉਹ ਇਹ ਕਿ ਬਹੁਤੇ ਘਰਾਂ ਵਿਚ ਮਾਂ-ਬਾਪ ਨੂੰ ਬੱਚੇ ਸਾਂਭਣ ਅਤੇ ਘਰ ਦੇ ਕੰਮ-ਕਾਜ ਲਈ ਹੀ ਵਰਤਿਆ ਜਾਂਦਾ ਹੈ। ਬੱਚਿਆਂ ਨੂੰ ਸਾਂਭਣਾ, ਘਰ ਦੇ ਕੰਮ-ਕਾਜ ਵਿਚ ਆਪਣੇ ਵਿੱਤ ਅਨੁਸਾਰ ਮਦਦ ਕਰਨੀ ਕੋਈ ਮਿਹਣੇ ਵਾਲੀ ਗੱਲ ਨਹੀਂ, ਪਰ ਮਿਹਣੇ ਵਾਲੀ ਗੱਲ ਉਦੋਂ ਬਣਦੀ ਹੈ, ਜਦੋਂ ਬਜ਼ੁਰਗਾਂ ਨੂੰ ਘਰਾਂ ‘ਚ ਸਿਰਫ ਤੇ ਸਿਰਫ ਇਸੇ ਮੰਤਵ ਨਾਲ ਰੱਖਿਆ ਜਾਂਦਾ ਹੈ। ਬੁੱਢੇ ਮਾਂ-ਬਾਪ ਕੰਮ ਕਰਦੇ ਹਨ। ਪੈਸੇ ਕਮਾਉਂਦੇ ਹਨ, ਪਰ ਉਨ੍ਹਾਂ ਦੀ ਕਮਾਈ `ਤੇ ਨੂੰਹ-ਪੁੱਤ ਹੀ ਕਬਜ਼ਾ ਕਰ ਲੈਂਦੇ ਹਨ। ਕਿਹਾ ਜਾਂਦਾ ਹੈ, ਜਦੋਂ ਇਨ੍ਹਾਂ ਨੂੰ ਰੋਟੀ, ਕੱਪੜਾ ਤੇ ਸਿਰ ਢਕਣ ਲਈ ਛੱਤ ਮਿਲਦੀ ਹੈ ਤਾਂ ਇਨ੍ਹਾਂ ਨੇ ਪੈਸੇ ਕੀ ਕਰਨੇ ਹਨ? ਇਥੋਂ ਤੱਕ ਕਿ ਸਰਕਾਰ ਵਲੋਂ ਮਿਲਦੀ ਬੁਢਾਪਾ ਪੈਨਸ਼ਨ ਵੀ ਔਲਾਦ ਦੇ ਕੰਮ ਆਉਂਦੀ ਹੈ।
ਚਲੋ ਹੁਣ ਉਸ ਸਮੇਂ `ਤੇ ਆਉਂਦੇ ਹਾਂ, ਜਦੋਂ ਮਾਂ-ਬਾਪ ਚੱਲਣ-ਫਿਰਨ ਤੋਂ ਆਹਰੀ ਹੋ ਜਾਂਦੇ ਹਨ। ਰੋਜ਼ਾਨਾ ਜੀਵਨ ਦੀਆਂ ਕਿਰਿਆਵਾਂ ਸੋਧਣ ਲਈ, ਖਾਣ-ਪੀਣ, ਉਠਣ-ਬੈਠਣ ਲਈ ਉਹ ਆਪਣੇ ਬੱਚਿਆਂ ਵੱਲ ਤੱਕਦੇ ਰਹਿੰਦੇ ਹਨ। ਅਜਿਹੇ ਸਮੇਂ ਉਨ੍ਹਾਂ ਨੂੰ ਬਜ਼ੁਰਗਾਂ ਲਈ ਬਣੇ ਨਰਸਿੰਗ ਹੋਮਾਂ ‘ਚ ਛੱਡ ਆਉਂਦੇ ਹਨ। ਇਹ ਠੀਕ ਹੈ ਕਿ ਇਨ੍ਹਾਂ ਮੁਲਕਾਂ ਦੀ ਤੇਜ-ਤਰਾਰ ਜ਼ਿੰਦਗੀ ਵਿਚ ਮਾਂ-ਬਾਪ ਨੂੰ ਸਾਂਭਣ ਦਾ ਸਮਾਂ ਨਹੀਂ ਹੁੰਦਾ, ਪਰ ਨੌਬਤ ਇਥੋਂ ਤੱਕ ਵੀ ਨਹੀਂ ਹੁੰਦੀ ਕਿ ਨਰਸਿੰਗ ਹੋਮ ‘ਚ ਮਾਂ-ਬਾਪ ਦਾ ਪਤਾ-ਸੁਤਾ ਲੈਣ ਜਾਇਆ ਹੀ ਨਾ ਜਾਵੇ। ਬੁੱਢੇ ਮਾਂ-ਬਾਪ ਆਪਣੇ ਜਾਇਆਂ ਨੂੰ ਦੇਖਣ ਲਈ ਤਰਸਦੇ ਰਹਿੰਦੇ ਹਨ। ਕਈ ਕਈ ਮਹੀਨੇ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਦੇਖਣ ਹੀ ਨਹੀਂ ਜਾਂਦੇ। ਜਦੋਂ ਸਵਾਸ ਤਿਆਗ ਦਿੰਦੇ ਹਨ ਤਾਂ ਪੁੱਜ ਜਾਂਦੇ ਹਨ, ਮੁਰਦਾ ਦੇਹ ਦਾ ਕਬਜਾ ਲੈਣ। ਉਨ੍ਹਾਂ ਦੇ ਪੁੱਤ-ਧੀ ਹੋਣ ਦਾ ਸਬੂਤ ਦੇਣ ਲਈ। ਇਹ ਬੜਾ ਹੀ ਸ਼ਰਮਨਾਕ ਵਰਤਾਰਾ ਹੈ।
ਦੂਸਰੇ ਪਾਸੇ ਆਉਂਦੇ ਹਾਂ। ਕਈ ਬਜ਼ੁਰਗ ਵੀ ਇਨ੍ਹਾਂ ਮੁਲਕਾਂ ਦੀਆਂ ਖੁੱਲ੍ਹਾਂ ਦਾ ਨਾਜਾਇਜ ਫਾਇਦਾ ਉਠਾਉਂਦੇ ਹਨ। ਜੋ ਗੱਲ ਮੈਂ ਕਰਨ ਲੱਗੀ ਹਾਂ, ਬੜੀ ਕੌੜੀ ਅਤੇ ਸ਼ਰਮਨਾਕ ਹੈ, ਪਰ ਹੈ ਸੱਚੀ। ਬਜ਼ੁਰਗ ਮਰਦਾਂ ਦਾ ਆਪਣੀਆਂ ਨੂੰਹਾਂ ਪ੍ਰਤੀ ਗਲਤ ਵਰਤਾਰਾ, ਸਕੂਲਾਂ ਕੋਲ ਜਾ ਕੇ ਬੈਠਣਾ, ਜਵਾਨ ਕੁੜੀਆਂ ਵੱਲ ਗਲਤ ਨਜ਼ਰਾਂ ਨਾਲ ਤੱਕਣਾ, ਮੌਕਾ ਆਉਣ `ਤੇ ਭੱਦਾ ਵਰਤਾਰਾ ਕਰਨਾ, ਬੱਸ ਜਾਂ ਟਰੇਨ ਵਿਚ ਨਾਲ ਦੀ ਸੀਟ `ਤੇ ਬੈਠੀ ਗੋਰੀ/ਕਾਲੀ ਭਾਵ ਕਿਸੇ ਵੀ ਨਸਲ ਦੀ ਕੁੜੀ ਨਾਲ ਜਾਣ-ਬੁੱਝ ਕੇ ਖਹਿਣਾ ਆਦਿ। ਇਸ ਤਰ੍ਹਾ ਦਾ ਵਤੀਰਾ ਉਨ੍ਹਾਂ ਨੂੰ ਤਾਂ ਕੀ, ਸਮੁੱਚੇ ਭਾਈਚਾਰੇ ਨੂੰ ਬਹੁਤ ਪਿਛਾਂਹ ਲੈ ਜਾਂਦਾ ਹੈ। ਬਦਨਾਮੀ ਦਾ ਕਾਰਨ ਬਣਦਾ ਹੈ। ਕਈ ਮਾਮਲਿਆਂ ‘ਚ ਪੁਲਿਸ ਵਿਚ ਆ ਜਾਂਦੀ ਹੈ। ਇਹ ਬੜਾ ਹੀ ਸ਼ਰਮਨਾਕ ਵਰਤਾਰਾ ਹੈ।
ਬਜ਼ੁਰਗਾਂ ਦੇ ਵਰਤਾਰੇ ਵਿਚ ਇਕ ਹੋਰ ਗੱਲ ਆ ਜੁੜਦੀ ਹੈ। ਉਨ੍ਹਾਂ ਦਾ ਛੇ ਮਹੀਨੇ ਇਥੇ ਰਹਿਣਾ ਅਤੇ ਛੇ ਮਹੀਨੇ ਪੰਜਾਬ ਜਾ ਕੇ ਰਹਿਣਾ। ਸਰਕਾਰ ਵਲੋਂ ਮਿਲੀਆਂ ਸਹੂਲਤਾਂ ਦਾ ਨਾਜਾਇਜ਼ ਫਾਇਦਾ ਉਠਾੳਣਾ। ਅਸਲ ‘ਚ ਇਨ੍ਹਾਂ ਸਹੂਲਤਾਂ ਨੂੰ ਕੋਈ ਹੋਰ ਹੀ ਮਾਣਦਾ ਹੈ। ਪਹਿਲਾਂ ਪਹਿਲ ਜਦੋਂ ਸਾਡੀ ਪੰਜਾਬੀ ਭਾਈਚਾਰੇ ਦੀ ਗਿਣਤੀ ਘੱਟ ਸੀ ਤਾਂ ਬਹੁਤ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ। ਸਿਰ `ਤੇ ਦਸਤਾਰ ਸਜਾ ਕੇ ਜਾਂ ਦੇਸੀ ਸਲਵਾਰ ਕਮੀਜ਼ ਪਾ ਕੇ ਬਾਹਰ-ਅੰਦਰ ਜਾਣਾ ਔਖਾ ਹੋ ਜਾਂਦਾ ਸੀ। ਬੜੀਆਂ ਓਪਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ ਅਤੇ ਬਹੁਤ ਵਾਰ ਨਸਲਵਾਦ ਦਾ ਸ਼ਿਕਾਰ ਵੀ ਬਣਨਾ ਪੈਂਦਾ ਸੀ, ਪਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਅੱਜ ਕਲ੍ਹ ਹਰ ਛੋਟੇ-ਵੱਡੇ ਸ਼ਹਿਰ ਵਿਚ ਪੰਜਾਬ ਦਾ ਇਕ ਟੋਟਾ ਵੱਸਦਾ ਹੈ। ਬਜ਼ੁਰਗਾਂ ਲਈ ਸਭਾ-ਸੁਸਾਇਟੀਆਂ ਬਣੀਆਂ ਹਨ, ਜਿੱਥੇ ਜਾ ਕੇ ਉਹ ਮਨ ਪਰਚਾਵਾ ਕਰ ਲੈਂਦੇ ਹਨ। ਤਾਸ਼ ਖੇਡ ਲੈਂਦੇ ਹਨ, ਗੱਪਾਂ ਮਾਰ ਲੈਂਦੇ ਹਨ। ਇਸਤਰੀ ਬਜ਼ੁਰਗਾਂ ਲਈ ਵੀ ਅਜਿਹੀਆਂ ਸਹੂਲਤਾਂ ਹਨ। ਮਨ ਪਰਚਾਵੇ ਦੇ ਨਾਲ ਨਾਲ ਉਸਾਰੂ ਗੱਲਾਂਬਾਤਾਂ ਕਰਦੀਆਂ ਹਨ, ਦੁੱਖ-ਸੁੱਖ ਦੀ ਸਾਂਝ ਪਾਉਂਦੀਆਂ ਹਨ। ਸ਼ਾਮ ਵੇਲੇ ਸਾਫ-ਸੁਥਰੇ ਪਾਰਕਾਂ ‘ਚ ਬੈਠ ਸਾਫ-ਸੁਥਰੀ ਹਵਾ ‘ਚ ਸਾਹ ਲੈਂਦੀਆਂ ਬਜ਼ੁਰਗ ਜ਼ਿੰਦਗੀਆਂ ਨੂੰ ਦੇਖ ਖੁਸ਼ੀ ਹੁੰਦੀ ਹੈ। ਪੰਜਾਬ ‘ਚ ਅੱਜ ਕੱਲ੍ਹ ਅਜਿਹਾ ਵਾਤਾਵਰਣ ਕਿੱਥੇ?
ਅੰਤ ਵਿਚ ਮੈਂ ਇਹੀ ਕਹਾਂਗੀ ਕਿ ਇਨ੍ਹਾਂ ਸਹੂਲਤਾਂ ਅਤੇ ਖੁੱਲ੍ਹਾਂ ਨੂੰ ਮਾਣਨ ਦੇ ਨਾਲ ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿਸ ਦੇਸ਼ ਦਾ ਖਾਂਦੇ ਹਾਂ, ਜਿਸ ਦੇਸ਼ ਨੇ ਸਾਨੂੰ ਰੁਜਗਾਰ ਬਖਸ਼ਿਆ ਹੈ, ਉਸ ਦੇਸ਼ ਦੇ ਕਾਨੂੰਨ, ਅਨੁਸ਼ਾਸਨ ਅਤੇ ਸਫਾਈ ਦਾ ਧਿਆਨ ਰੱਖੀਏ। ਸਿਰਫ ਪੰਜਾਬੀਆਂ ਦਾ ਹੀ ਨਹੀਂ, ਸਗੋਂ ਹਰ ਨਾਗਰਿਕ ਦਾ ਸਨਮਾਨ ਕਰੀਏ। ਆਪਣੀ ਲੋਹੜੀ, ਦੀਵਾਲੀ ਦੇ ਨਾਲ ਨਾਲ ਬਾਕੀ ਲੋਕਾਂ ਦੇ ਵੀ ਤਿਉਹਾਰਾਂ ਦਾ ਮਾਣ-ਸਨਮਾਨ ਕਰੀਏ। ਜਿਸ ਦੇਸ਼ ਨੇ ਸਾਨੂੰ ਵਧੀਆ ਜ਼ਿੰਦਗੀ ਜੀਣ ਦੇ ਮੌਕੇ ਪ੍ਰਦਾਨ ਕੀਤੇ ਹੋਣ, ਉਸ ਦੇਸ ਦੇ ਪਾਸਪੋਰਟ ਦਾ ਹੀ ਅਨੰਦ ਨਾ ਮਾਣੀਏ, ਸਗੋਂ ਉਸ ਦੇਸ ਦੇ ਵਧੀਆ ਨਾਗਰਿਕ ਹੋਣ ਦਾ ਵੀ ਸਬੂਤ ਦੇਈਏ।