ਪੰਜਾਬ ਦਾ ਹੋ ਚੁਕਾ ਨੁਕਸਾਨ ਕਦੀ ਪੂਰਾ ਨਹੀਂ ਹੋਣਾ

ਦਲੀਪ ਸਿੰਘ ਵਾਸਨ, ਐਡਵੋਕੇਟ
ਫੋਨ: +0175-5191856
1947 ਦਾ ਬਟਵਾਰਾ ਵੀ ਰਾਜਸੀ ਲੋਕਾਂ ਨੇ ਕਰਵਾਇਆ ਸੀ ਅਤੇ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਹੋਇਆ ਸੀ। ਮਾਸੂਮਾਂ ਦਾ ਕਤਲ, ਆਮ ਆਦਮੀ ਦਾ ਉਜਾੜਾ, ਲੁੱਟ ਅਤੇ ਸ਼ਰਨਾਰਥੀ ਬਣ ਕੇ ਰਹਿਣਾ ਜੈਸੀਆਂ ਮੁਸੀਬਤਾਂ ਪੰਜਾਬੀਆਂ ਸਿਰ ਪਈਆਂ ਸਨ। ਰਾਜਸੀ ਲੋਕਾਂ ਨੇ ਇਥੇ ਹੀ ਬਸ ਨਹੀਂ ਸੀ ਕੀਤੀ, ਪੰਜਾਬ ਵਿਚੋਂ ਹਿਮਾਚਲ ਵੱਖਰਾ ਕਰ ਦਿੱਤਾ ਗਿਆ ਅਤੇ ਫਿਰ ਹਰਿਆਣਾ ਵੀ ਪੰਜਾਬ ਵਿਚੋਂ ਬਾਹਰ ਕੱਢ ਕੇ ਇਹ ਨਿੱਕੀ ਜਿਹੀ ਸੂਬੀ ਬਣਾ ਕੇ ਰੱਖ ਦਿੱਤੀ ਗਈ, ਜਿਸ ਪਾਸ ਅੱਜ ਨਾ ਤਾਂ ਪਹਾੜ ਹਨ, ਨਾ ਹੀ ਆਪਣੇ ਦਰਿਆ ਹਨ, ਨਾ ਹੀ ਆਪਣੇ ਜੰਗਲ ਹਨ ਤੇ ਨਾ ਹੀ ਆਪਣਾ ਡੈਮ ਰਿਹਾ ਹੈ ਅਤੇ ਨਾ ਹੀ ਆਪਣੀ ਰਾਜਧਾਨੀ ਹੈ। ਕੋਈ ਇਹ ਆਖੇ ਕਿ ਇਸ ਵੰਡ ਨਾਲ ਪੰਜਾਬੀ ਭਾਸ਼ਾ ਨੂੰ ਕੋਈ ਲਾਭ ਪੁੱਜਾ ਹੈ ਤਾਂ ਐਸਾ ਵੀ ਨਹੀਂ ਹੈ, ਕਿਉਂਕਿ ਅੱਗੇ ਪੰਜਾਬੀ ਦੀਆਂ 1100 ਪੁਸਤਕਾਂ ਦੀਆਂ ਕਾਪੀਆਂ ਛਪਦੀਆਂ ਸਨ ਅਤੇ ਅੱਜ 100-200 ਕਾਪੀ ਛਪਦੀ ਹੈ ਤੇ ਉਹ ਵੀ ਵਿਕਦੀ ਨਹੀਂ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਭਾਈਚਾਰਾ ਗਤੀਸ਼ੀਲ ਤੇ ਪ੍ਰਗਤੀਸ਼ੀਲ ਹੈ ਅਤੇ 1947 ਵਿਚ ਹੀ ਭਾਰਤ ਨੂੰ ਆਪਣਾ ਦੇਸ਼ ਮੰਨ ਕੇ ਭਾਰਤ ਦੇ ਹਰ ਕੋਨੇ ਵਿਚ ਜਾ ਵਸਿਆ ਸੀ। ਸਿੱਖ ਭਾਈਚਾਰਾ ਦੇਸ਼ ਦੀ ਆਰਮੀ ਤੇ ਪੁਲਿਸ ਵਿਚ, ਦੇਸ਼ ਦੀ ਖੇਤੀਬਾੜੀ, ਵਪਾਰ, ਉਦਯੋਗ ਵਿਚ ਪੂਰੀ ਤਰ੍ਹਾਂ ਸ਼ਾਮਲ ਹੋ ਗਿਆ ਸੀ ਅਤੇ ਹਰ ਕੋਈ ਸਿੱਖਾਂ ਉਤੇ ਵਿਸ਼ਵਾਸ ਕਰਦਾ ਸੀ। ਖਾਲਿਸਤਾਨੀ ਲਹਿਰ ਦੇ ਜਨਮਦਾਤਾ ਪੰਜਾਬ ਦੇ ਰਾਜਸੀ ਲੋਕ ਹਨ ਅਤੇ ਇਸ ਲਹਿਰ ਨੇ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਦਾ ਵੱਡਾ ਨੁਕਸਾਨ ਕੀਤਾ ਹੈ। ਇਸੇ ਲਹਿਰ ਦੌਰਾਨ ਅਤਿਵਾਦ ਆਇਆ ਅਤੇ ਇਸ ਅਤਿਵਾਦ ਨੇ ਖੱਟਿਆ ਤਾਂ ਕੁਝ ਨਹੀਂ, ਪਰ ਸਿੱਖਾਂ ਦਾ ਰੱਜ ਕੇ ਨੁਕਸਾਨ ਕੀਤਾ, ਜਿਹੜਾ ਇਤਿਹਾਸ ਦੇ ਪੰਨਿਆਂ ਉਤੇ ਲਿਖਿਆ ਨਹੀਂ ਜਾ ਸਕਦਾ ਤੇ ਇਹ ਨੁਕਸਾਨ ਇੰਨਾ ਵੱਡਾ ਹੋ ਚੁਕਾ ਹੈ, ਜੋ ਸਦਾ ਹੀ ਬਣਿਆ ਰਹਿਣਾ ਹੈ।
ਸਿੱਖਾਂ ਉਤੇ ਹਮੇਸ਼ਾ ਹੀ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਅਤਿਵਾਦੀ ਹਨ ਤੇ ਖਾਲਿਸਤਾਨੀ ਹਨ। ਖਾਲਿਸਤਾਨ ਵਾਲਾ ਮਸਲਾ 1947 ਵਿਚ ਹੀ ਸੁਲਝਾ ਲਿਆ ਗਿਆ ਸੀ, ਪਰ ਪਤਾ ਨਹੀਂ ਇਹ ਰਾਜਸੀ ਲੋਕਾਂ ਦੀ ਇੱਛਾ ਕੀ ਰਹੀ ਹੈ, ਜਿਸ ਨਾਲ ਇਹ ਮਸਲਾ ਫਿਰ ਜਿਉਂਦਾ ਕਰਕੇ ਸਿੱਖਾਂ ਦਾ ਨੁਕਸਾਨ ਕਰਵਾ ਦਿੱਤਾ ਗਿਆ ਹੈ। ਹਾਲੇ ਤੱਕ ਕਿਸੇ ਵੀ ਸਿੱਖ ਸੰਸਥਾ ਨੇ ਇਹ ਗਿਣਤੀ ਹੀ ਨਹੀਂ ਕੀਤੀ ਕਿ ਕਿੰਨੇ ਹੀ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਹੈ। ਕੋਈ ਵੀ ਰਾਜਸੀ ਆਦਮੀ ਇਹ ਨਹੀਂ ਮੰਨ ਰਿਹਾ ਕਿ ਖਾਲਿਸਤਾਨੀ ਲਹਿਰ ਕਿਸ ਨੇ ਚਲਵਾਈ ਹੈ ਅਤੇ ਦਰਬਾਰ ਸਾਹਿਬ ਕੰਪਲੈਕਸ ਇਸ ਕੰਮ ਲਈ ਕਿਉਂ ਵਰਤਿਆ ਗਿਆ ਸੀ? ਜੇ ਘੋਖ ਕੀਤੀ ਜਾਵੇ ਤਾਂ ਨੀਲਾ ਤਾਰਾ ਕਾਰਵਾਈ ਕਰਾਉਣ ਵਿਚ ਵੀ ਰਾਜਸੀ ਲੋਕ ਸ਼ਾਮਲ ਸਨ।
ਇਸ ਨੀਲਾ ਤਾਰਾ ਕਾਰਵਾਈ ਕਾਰਨ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਅਤੇ ਰਾਜਸੀ ਲੋਕਾਂ ਨੂੰ ਮੌਕਾ ਮਿਲ ਗਿਆ ਤੇ ਸਿੱਖਾਂ ਖਿਲਾਫ ਦਿੱਲੀ ਦੰਗੇ ਕਰਵਾ ਕੇ ਹਜ਼ਾਰਾਂ ਮਾਸੂਮ ਸਿੱਖਾਂ ਦਾ ਕਤਲ ਕਰ/ਕਰਾ ਦਿੱਤਾ ਗਿਆ। ਰਾਜਸੀ ਲੋਕਾਂ ਨੇ ਆਪਣੀਆਂ ਗਲਤੀਆਂ ਦਾ ਅਫਸੋਸ ਕੀਤਾ ਹੈ ਜਾਂ ਨਹੀਂ, ਪਰ ਇਹ ਗੱਲ ਸਾਫ ਹੈ ਕਿ ਇਹ ਨੀਲਾ ਤਾਰਾ ਅਤੇ ਇਹ ਦਿੱਲੀ ਦੰਗੇ ਅੱਜ ਰਾਜਸੀ ਲੋਕਾਂ ਦਾ ਵੋਟ ਬੈਂਕ ਬਣ ਗਿਆ ਹੈ।
ਪੰਜਾਬ ਦੇ ਰਾਜਸੀ ਲੋਕਾਂ ਨੂੰ ਪਤਾ ਹੈ ਕਿ ਖਾਲਿਸਤਾਨ ਦੀ ਗੱਲ ਬਹੁਤ ਪੁਰਾਣੀ ਹੋ ਗਈ ਹੈ ਅਤੇ ਆਪ ਬਾਕਾਇਦਾ ਚੋਣਾਂ ਜਿੱਤ ਕੇ ਇਥੇ ਸਰਕਾਰਾਂ ਵੀ ਬਣਾਉਂਦੇ ਆ ਰਹੇ ਹਨ ਤੇ ਭਾਰਤ ਦੇ ਵਿਧਾਨ ਦੀਆਂ ਕਸਮਾਂ ਵੀ ਖਾ ਰਹੇ ਹਨ, ਪਰ ਸਿੱਖਾਂ ਦੀਆਂ ਵੋਟਾਂ ਲੈਣ ਲਈ ਕਦੀ ਖਾਲਿਸਤਾਨ, ਕਦੀ ਨੀਲਾ ਤਾਰਾ ਕਾਰਵਾਈ, ਕਦੀ ਦਰਬਾਰ ਸਾਹਿਬ ਉਤੇ ਹਮਲਾ, ਕਦੀ ਸਿੱਖ ਕੈਦੀਆਂ, ਕਦੀ ਕੁਝ ਅਤੇ ਕਦੀ ਕੁਝ ਗੱਲਾਂ ਕਰਕੇ ਇਹ ਸਿੱਖਾਂ ਦੀਆਂ ਵੋਟਾਂ ਹਾਸਲ ਕਰਕੇ ਭਾਰਤ ਦੇ ਵਿਧਾਨ ਦੀਆਂ ਕਸਮਾਂ ਖਾ ਰਹੇ ਹਨ। ਪੰਜਾਬ ਦੇ ਸਿੱਖ ਰਾਜਸੀ ਲੋਕ ਤਾਂ ਕਈ ਵਾਰ ਖਾਲਿਸਤਾਨ ਦੀ ਪ੍ਰਾਪਤੀ ਲਈ ਮਤੇ ਵੀ ਪਾ ਬੈਠੇ ਹਨ-ਅਰਥਾਤ ਰਾਜਸੀ ਲੋਕਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਹਨ ਅਤੇ ਇਹ ਕੋਈ ਵੀ ਪੈਂਤੜਾ ਵਰਤ ਸਕਦੇ ਹਨ।
ਅੱਜ ਤਕ ਪੰਜਾਬ ਦਾ ਜਿਹੜਾ ਨੁਕਸਾਨ ਹੋ ਚੁਕਾ ਹੈ, ਇਹ ਗਿਣਿਆ ਨਹੀਂ ਜਾ ਸਕਦਾ। ਖਾਲਿਸਤਾਨ ਅਤੇ ਅਤਿਵਾਦ ਦਾ ਡਰ ਐਸਾ ਪੈ ਗਿਆ ਹੈ ਕਿ ਪੰਜਾਬ ਅੰਦਰ ਕੋਈ ਵੱਡੇ ਉਦਯੋਗ ਨਹੀਂ ਲੱਗੇ ਹਨ ਅਤੇ ਇਸ ਇਲਾਕੇ ਦਾ ਅਨਾਜ ਹੀ ਸੰਭਾਲਣ ਲਈ ਕੋਈ ਅਨਾਜ ਪ੍ਰੋਸੈਸਿਗ ਪਲਾਂਟ ਵੀ ਨਹੀਂ ਲੱਗ ਸਕੇ। ਕਈ ਵੱਡੇ ਕਾਰਖਾਨੇ ਪੰਜਾਬ ਛੱਡ ਗਏ ਹਨ ਅਤੇ ਇਸ ਤਰ੍ਹਾਂ ਪੰਜਾਬ ਹਰ ਤਰ੍ਹਾਂ ਨਾਲ ਤਬਾਹੀ ਕੰਢੇ ਆ ਪੁੱਜਾ ਹੈ। ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ। ਕਈ ਅਮਲੀ ਹੋ ਗਏ ਹਨ, ਕਈ ਅਪਰਾਧੀ ਬਣੀ ਜਾ ਰਹੇ ਹਨ ਅਤੇ ਖੁਦਕੁਸ਼ੀ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ।
ਪੰਜਾਬ ਦਾ ਜੋ ਵੀ ਹਾਲ ਬਣਾ ਦਿੱਤਾ ਗਿਆ ਹੈ, ਸਿਆਣੇ ਤੋਂ ਵੀ ਸਿਆਣਾ ਆਦਮੀ ਇਸ ਦਾ ਹੱਲ ਨਹੀਂ ਲੱਭ ਸਕਦਾ। ਪੰਜਾਬ ਦਾ ਬੇੜਾ ਗਰਕ ਕੀਤਾ ਜਾ ਚੁਕਾ ਹੈ। ਸਿੱਖਾਂ ਦੀ ਭਾਰਤ ਵਿਚ ਜਿਹੜੀ ਸ਼ਾਨ ਬਣ ਆਈ ਸੀ, ਖਤਮ ਹੈ। ਕੋਈ ਇਹ ਆਖੇ ਕਿ ਪੰਜਾਬ ਨੂੰ ਕਦੀ ਆਪਣੇ ਪਹਾੜ, ਆਪਣੇ ਜੰਗਲ, ਆਪਣੇ ਦਰਿਆ, ਆਪਣੇ ਡੈਮ, ਆਪਣੇ ਬਿਜਲੀ ਘਰ, ਆਪਣੇ ਪੰਜਾਬੀ ਬੋਲਦੇ ਇਲਾਕੇ ਵਾਪਸ ਮਿਲ ਜਾਣਗੇ-ਅਨਹੋਣੀਆਂ ਗੱਲਾਂ ਹਨ। ਹੁਣ ਤਾਂ ਪੰਜਾਬ ਬਸ ਖੇਤੀਬਾੜੀ ਵਾਲਾ ਇਲਾਕਾ ਹੀ ਰਹੇਗਾ ਅਤੇ ਵੱਡੇ ਉਦਯੋਗ ਤੇ ਵੱਡੇ ਵਪਾਰਕ ਅਦਾਰੇ ਵੀ ਇਥੇ ਨਹੀਂ ਲੱਗਣਗੇ। ਇਹ ਸਭ ਤੋਂ ਪਛੜਿਆ ਹੋਇਆ ਸੂਬਾ ਬਣ ਚੁਕਾ ਹੈ।