‘ਅਮਰ’ ਅਮੋਲਕ ਸਿੰਘ ਜੰਮੂ ਨੂੰ ਯਾਦ ਕਰਦਿਆਂ…!

ਅਮਰਜੀਤ ਸਿੰਘ ਮੁਲਤਾਨੀ
ਸਾਲ 2013 ਦੀ ਗੱਲ ਹੈ, ਜਦੋਂ ਮੈਂ ਨਿਯਤੀ ਦੇ ਹੁਲਾਰੇ ਨਾਲ ਅਮਰੀਕਾ ਪੁੱਜਿਆ। ਅਮਰੀਕਾ ਪਹੁੰਚਣ ਤੋਂ ਪਹਿਲਾਂ ਇੰਨੀ ਕੁ ਧਰਵਾਸ ਦਿਲ ਵਿਚ ਹੈ ਸੀ ਕਿ ਪਰਦੇਸ ਵਿਚ ਇਸ ਉਮਰ ਵਿਚ ਘੱਟੋ-ਘੱਟ ਭੁੱਖੇ ਮਰਨ ਦੀ ਨੌਬਤ ਨਹੀਂ ਆਉਣ ਲੱਗੀ। ਨਿਊ ਯਾਰਕ ਦੀਆਂ ਕਾਫੀ ਅਖਬਾਰਾਂ ਅਤੇ ਕੁਝ ਟੈਲੀਵਿਜ਼ਨ ਚੈਨਲਾਂ ਦਾ ਨਾਮ ਸੁਣਿਆ ਹੋਇਆ ਸੀ ਅਤੇ ਆਸ ਸੀ ਕਿ ਕਿਤੇ ਨਾ ਕਿਤੇ ਮੀਡੀਆ ਵਿਚ ਮੇਰੇ ਚਾਰ ਦਹਾਕਿਆਂ ਤੋਂ ਵੱਧ ਦੇ ਤਜਰਬੇ ਦਾ ਕੋਈ ਨਾ ਕੋਈ ਕਦਰਦਾਨ ਤਾਂ ਮਿਲ ਹੀ ਜਾਵੇਗਾ; ਪਰ ਮੇਰੇ ਸਾਰੇ ਕਿਆਫੇ ਗਲਤ ਸਾਬਤ ਹੋਏ।

ਜਦੋਂ ਮੈਂ ਇੱਥੋਂ ਦੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਦੀ ਹਕੀਕਤ ਨਾਲ ਰੂਬਰੂ ਹੋਇਆ ਤੇ ਗਿਆਨ ਹੋਇਆ ਕਿ ਇਹ ਸਾਰੇ ਮੀਡੀਆ ਵਾਲੇ ਤਾਂ ਅਨੁਭਵ, ਮੀਡੀਆ ਦੇ ਸਿਧਾਂਤਾਂ ਅਤੇ ਕਾਰਜ ਪ੍ਰਣਾਲੀ ਤੋਂ ਕੋਹਾਂ ਦੂਰ ਹਨ; ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਫਿਰ ਵੀ ਉਹ ਸਾਰੇ ਖੁਦ ਨੂੰ ਪਰਵਾਸੀ ਮੀਡੀਆ ਦੀਆਂ ਬਾਬਾ ਬੋਹੜ ਜਿਹੀਆਂ ਹਸਤੀਆਂ ਕਹਾਉਂਦੇ ਸਨ। ਮੇਰੇ ਨਿੱਜੀ ਵਿਚਾਰ ਅਨੁਸਾਰ ਇਨ੍ਹਾਂ ਲਈ ਤਾਂ ਪੰਜਾਬੀ ਦੀ ਇਹ ਕਹਾਵਤ ਸਟੀਕ ਬੈਠਦੀ ਹੈ, “ਉੱਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ।”
ਇਸੇ ਕਸ਼ਮਕਸ ਵਿਚ ਮੈਨੂੰ ‘ਪੰਜਾਬ ਟਾਈਮਜ਼’ ਦੇ ਮਿਆਰੀ ਸੰਸਕਰਨ ਤੋਂ ਆਸ ਦੀ ਕਿਰਨ ਨਜ਼ਰ ਆਉਂਦੀ ਹੈ। ਮੈਂ ਅਮੋਲਕ ਜੀ ਨਾਲ ਟੈਲੀਫੋਨ `ਤੇ ਗੱਲ ਕਰਦਾ ਹਾਂ ਅਤੇ ਆਪਣੇ ਬਾਰੇ ਸਾਰੀ ਗੱਲ ਦੱਸਦਾ ਹਾਂ। ਉਹ ਮੇਰੀ ਸਾਰੀ ਗੱਲਬਾਤ ਅਪਣੱਤ ਨਾਲ ਸੁਣਦੇ ਹਨ ਅਤੇ ਮੈਨੂੰ ਆਪਣੀ ਦੇਹ ਨਾਲ ਘੁਣ ਵਾਂਗ ਹੰਢਾ ਰਹੇ ‘ਮਾਸਕੂਲਰ ਡਿਸਟਰੌਫੀ’ ਬਾਰੇ ਅਤੇ ਆਪਣੀਆਂ ਵਿੱਤੀ ਹੱਦਾਂ ਬਾਰੇ ਵੀ ਦੱਸਦੇ ਹਨ; ਪਰ ਸਦਕੇ ਗੁਰੂ ਨਾਨਕ ਦੇ ਅਜੀਮ ਅਦੀਬ ਅਮੋਲਕ ਸਿੰਘ ਜੰਮੂ ਦੇ ਕਿ ਉਹ ਇਸ ਔਖੀ ਸਥਿਤੀ ਵਿਚ ਵੀ ਮੇਰੀ ਮਾਇਕ ਸਹਾਇਤਾ ਕਰਨ ਲਈ ਇਕ ਵਿਕਲਪ ਦਿੰਦੇ ਹਨ ਕਿ “ਮੁਲਤਾਨੀ ਜੀ, ਤੁਸੀਂ ਪੰਜਾਬ ਟਾਈਮਜ਼ ਦੇ ਪ੍ਰਤੀਨਿਧ ਵਜੋਂ ਨਿਊ ਯਾਰਕ ਤੋਂ ਇਸ਼ਤਿਹਾਰ ਲੈ ਕੇ ਭੇਜੋ, ਮੈਂ ਸਾਰੇ ਐਡ ਛਾਪ ਦਿਆਂ ਕਰਾਂਗਾ ਅਤੇ ਪੇਮੈਂਟ ਜੋ ਵੀ ਹੋਵੇ, ਤੁਸੀਂ ਰੱਖ ਲੈਣੀ।” ਮੇਰੇ ਲਈ ਇਹ ਪੇਸ਼ਕਸ਼ ਮੰਨਣੀ ਔਖੀ ਸੀ ਕਿ ਮੈਂ ਅਮੋਲਕ ਜੀ ਬਾਰੇ ਇੰਨਾ ਕੁਝ ਜਾਣ ਕੇ ਵੀ ਕਿਵੇਂ ਇਹ ਪੇਸ਼ਕਸ਼ ਕਬੂਲਦਾ! ਮੇਰਾ ਇਹ ਸਭ ਕੁਝ ਦੱਸਣ ਦਾ ਅਰਥ ਇਹੋ ਹੈ ਕਿ ਬੁਲੰਦ ਕਿਰਦਾਰ ਵਾਲਾ ਮਨੁੱਖ ਹੀ ਇੰਨੇ ਵੱਡੇ ਜਿਗਰੇ ਦਾ ਮਾਲਕ ਹੋ ਸਕਦਾ ਹੈ। ਫਿਰ ਉਦੋਂ ਦੀ ਅਮੋਲਕ ਜੀ ਨਾਲ ਅਜਿਹੀ ਤੰਦ ਜੁੜੀ, ਜੋ ਅੱਜ ਵੀ ਉਵੇਂ ਦੀ ਉਵੇਂ ਨਰੋਈ ਹੈ, ਬੇਸ਼ਕ ਉਹ ਸਰੀਰਕ ਤੌਰ `ਤੇ ਸਾਡੇ ਵਿਚ ਨਹੀਂ ਰਹੇ।
ਮੇਰਾ ਲੀਕ ਤੋਂ ਹਟ ਕੇ ਸਿੱਖ ਧਰਮ ਅਤੇ ਸਿੱਖ ਕੌਮ ਦੇ ਮਸਲਿਆਂ `ਤੇ ਬੇਦਰੇਗ ਹੋ ਕੇ ਲਿਖਣ ਦੇ ਪਿੱਛੇ ਵੀ ਅਮੋਲਕ ਸਿੰਘ ਜੰਮੂ ਦਾ ਹੀ ਹੱਥ ਹੈ। ਮੈਨੂੰ ਮਾਣ ਹੈ ਕਿ ਮੇਰੀਆਂ ਲਿਖਤਾਂ ਅਜਿਹੀ ਸੰਪਾਦਕੀ ਨਜ਼ਰ ਵਿਚੋਂ ਸਾਬਤ ਸੂਰਤ ਗੁਜ਼ਰ ਕੇ ਸਾਬਤ ਛਾਪਦੀਆਂ ਰਹੀਆਂ ਹਨ। ਮੇਰੀ ਨਜ਼ਰ ਵਿਚ ਤਾਂ ਅਮੋਲਕ ਸਿੰਘ ਜੰਮੂ ਆਪਣੇ ਪਿੱਛੇ ਲੋਕਾਂ ਲਈ ਇੱਕ ਪੈੜ ਛੱਡ ਗਿਆ ਹੈ ਕਿ ‘ਬੰਦਾ ਆਪਣੇ ਕਾਰਜਾਂ ਨਾਲ ਹੀ ਕਿਵੇਂ ਅਮਰ ਹੋ ਸਕਦਾ ਹੈ।’ ਕਿਉਂਕਿ ਅਮੋਲਕ ਸਿੰਘ ਜੰਮੂ ਆਪਣੀ ਹਯਾਤੀ ਵਿਚ ਪੰਜਾਬੀ ਪੱਤਰਕਾਰੀ ਵਿਚ ਸੰਪਾਦਕ ਵਜੋਂ ਅਜਿਹੇ ਮਾਅਰਕੇ ਮਾਰ ਗਿਆ ਹੈ, ਜੋ ਵਰਤਮਾਨ ਵਿਚ ਕਿਸੇ ਵੀ ਪੰਜਾਬੀ ਅਖਬਾਰ ਦੇ ਸੰਪਾਦਕ ਤੋਂ ਤਾਂ ਆਸ ਨਹੀਂ, ਕਿਉਂਕਿ ਉਨ੍ਹਾਂ ਵਿਚ ਅਮੋਲਕ ਸਿੰਘ ਜੰਮੂ ਜਿਹਾ ਜਨੂਨ ਨਹੀਂ, ਅਗਨ ਨਹੀਂ ਅਤੇ ਲਗਨ ਤਾਂ ਬਿਲਕੂਲ ਹੀ ਨਹੀਂ। ਪਰ ਅਮੋਲਕ ਸਿੰਘ ਜੰਮੂ ਪਰਵਾਸੀ ਪੰਜਾਬੀ ਪੱਤਰਕਾਰੀ ਦੇ ਅਕਾਸ਼ ਵਿਚ ਧਰੂ ਤਾਰੇ ਵਾਂਗ ਸਥਾਪਤ ਹੋ ਗਿਆ ਹੈ।