ਕੰਢੀ ਖੇਤਰ ਦੀ ਸਮਾਜਿਕਤਾ ਤੇ ਅਰਥਚਾਰੇ ਨੂੰ ਰੂਪਮਾਨ ਕਰਦੇ ਨਾਵਲੈੱਟ

ਨਿਰੰਜਣ ਬੋਹਾ
ਫੋਨ: 91-89682-82700
ਅੱਗ ਦੀ ਉਮਰ (ਸਾਰੇ ਨਾਵਲੈੱਟ)
ਬਲਬੀਰ ਪਰਵਾਨਾ
ਪੰਨੇ 240, ਮੁੱਲ 395 ਰੁਪਏ
ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ

ਬਲਵੀਰ ਪਰਵਾਨਾ ਦਾ ਨਾਂ ਮਿਨੀ ਕਹਾਣੀ ਤੋਂ ਲੈ ਕੇ ਨਾਵਲ ਤੱਕ ਹਰ ਗਲਪੀ ਵਿਧਾ ਵਿਚ ਪ੍ਰਮਾਣਿਕ ਗਲਪਕਾਰ ਵਜੋਂ ਸਵਿਕਾਰਿਆ ਜਾਂਦਾ ਹੈ। ਉਸ ਦੇ ਹੁਣੇ ਛਪ ਕੇ ਆਏ ਨਾਵਲੈੱਟ ਸੰਗ੍ਰਹਿ ‘ਅੱਗ ਦੀ ਉਮਰ’ ਵਿਚ ਉਸ ਵੱਲੋਂ ਹੁਣ ਤੱਕ ਲਿਖੇ ਅੱਠ ਨਾਵਲੈੱਟ ਸ਼ਾਮਿਲ ਹਨ। ਇਹ ਨਾਵਲੈੱਟ ਆਪਣੇ ਪਾਤਰਾਂ ਦੇ ਤਤਕਾਲੀ ਸਮਾਜਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਵਿਵਸਥਾ ਨਾਲ ਰਹੇ ਤਣਾਉਸ਼ੀਲ ਸਬੰਧਾਂ ਨੂੰ ਸਜੀਵ ਰੂਪ ਵਿਚ ਰੂਪਮਾਨ ਕਰਦੇ ਹਨ। ਸੰਗ੍ਰਹਿ ਦੇ ਪਹਿਲੇ ਪੰਜ ਨਾਵਲੈੱਟ ਸਮੇਂ ਦੀਆਂ ਕਠੋਰ ਸਮਾਜਿਕ ਤੇ ਆਰਥਿਕ ਸਥਿਤੀਆਂ-ਪ੍ਰਸਥਿਤੀਆ ਸਾਹਮਣੇ ਬੇਵਸ ਹੋਏ ਕਿਰਤੀ ਲੋਕਾਂ ਦੀ ਜੀਵਨ ਗਾਥਾ ਦਾ ਮਾਰਮਿਕ ਬਿਰਬਾਂਤ ਵੀ ਸਿਰਜਦੇ ਹਨ ਅਤੇ ਉਨ੍ਹਾਂ ਅੰਦਰ ਆਪਣੇ ਹੱਕਾਂ ਤੇ ਹਿੱਤਾਂ ਪ੍ਰਤੀ ਨਵੀਂ ਸਮਾਜਿਕ ਚੇਤਨਾ ਦਾ ਸੰਚਾਰ ਵੀ ਕਰਦੇ ਹਨ। ਅਗਲੇ ਤਿੰਨ ਨਾਵਲੈੱਟ ਪੰਜਾਬ ਦੀ ਮਿੱਟੀ ਨਾਲ ਜੁੜੀ ਲੋਕ ਪੱਖੀ ਖਾਸੇ ਵਾਲੀ ਰਾਜਨੀਤਕ ਚੇਤਨਾ ਨੂੰ ਸੰਘਰਸ਼ੀ ਚੇਤਨਾ ਵਿਚ ਤਬਦੀਲ ਕਰਕੇ ਮੱਧ ਕਾਲੀ ਜੁਗ ਵਿਚ ਲੜੇ ਗਏ ਲੋਕ-ਘੋਲਾਂ ਦੇ ਇਤਿਹਾਸ ਨੂੰ ਸੰਭਾਲਦੇ ਹਨ।
ਨਾਵਲੈੱਟ ‘ਅੱਗ ਦੀ ਉਮਰ’ ਕੰਢੀ ਖੇਤਰ ਦੇ ਪਿੰਡ ਭੰਗਾਲੀ ਦੀ ਥੁੜ੍ਹੀ-ਟੁੱਟੀ ਕਿਸਾਨੀ ਦੇ ਔਕੜਾਂ ਭਰਪੂਰ ਜੀਵਨ ਦਾ ਬਿਰਤਾਂਤ ਪੇਸ਼ ਕਰਦਿਆਂ ਇਸ ਸਿੱਟੇ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਪੇਟ ਨਾਲ ਸਬੰਧਤ ਮਨੁੱਖੀ ਲੋੜਾਂ ਦੇ ਨਾਲ ਨਾਲ ਨੌਜਵਾਨ ਮੁੰਡੇ-ਕੁੜੀਆਂ ਦੀਆਂ ਕੁਝ ਹੋਰ ਮਾਨਸਿਕ ਲੋੜਾਂ ਵੀ ਹੁੰਦੀਆਂ ਹਨ, ਜਿਨ੍ਹਾਂ ਦੀ ਪੂਰਤੀ ਨਾ ਹੋਣ `ਤੇ ਅੱਗ ਵਰਗੀ ਉਮਰ ਸਮਾਜਿਕ ਮਰਿਆਦਾਵਾਂ ਤੇ ਜਾਬਤਿਆਂ ਨੂੰ ਤੋੜਨ ‘ਤੇ ਉਤਾਰੂ ਹੋ ਜਾਂਦੀ ਹੈ। ਘਰ ਦੀ ਮਾੜੀ ਆਰਥਿਕਤਾ ਕਾਰਨ ਨਾਵਲੈੱਟ ਵਿਚਲੀ ਰੇਸ਼ਮੋ ਦੇ ਵਿਆਹ ਦੀ ਉਮਰ ਲੰਘਦੀ ਜਾ ਰਹੀ ਹੈ, ਜਿਸ ਕਾਰਨ ਉਸ ਦੀਆਂ ਦੈਹਿਕ ਲੋੜਾਂ ਉਸ ਨੂੰ ਹਾਣੀ ਮੁੰਡੇ ਕੈਲੇ ਦੇ ਨੇੜੇ ਲੈ ਜਾਂਦੀਆਂ ਹਨ। ਭਰਾ ਕੇਬੂ ਵੱਲੋਂ ਉਸ ਨੂੰ ਉਸ ਦੇ ਪ੍ਰੇਮੀ ਨਾਲ ਫੜ ਲਏ ਜਾਣ ਦੀ ਸ਼ਜਾ ਵਜੋਂ ਉਸ ਨੂੰ ਕੁੱਟਿਆ-ਮਾਰਿਆ ਹੀ ਨਹੀਂ ਜਾਂਦਾ, ਸਗੋਂ ਉਸ ਦੀ ਇੱਛਾ ਦੇ ਉਲਟ ਉਸ ਦਾ ਵਿਆਹ ਸਿੱਧੜ ਜਿਹੇ ਮੁੰਡੇ ਨਾਲ ਕਰ ਦਿੱਤਾ ਜਾਂਦਾ ਹੈ। ਵਿਆਹ ਪਿਛੋਂ ਪੰਦਰਾਂ ਵਰ੍ਹੇ ਬੀਤ ਜਾਣ ‘ਤੇ ਜਦੋਂ ਉਸ ਦੀ ਅੱਠਵੀ ਵਿਚ ਪੜ੍ਹਦੀ ਧੀ ਮੀਤੋ ਉਸ ਨੂੰ ਕਲਾਸ ਦੇ ਮੁੰਡੇ-ਕੁੜੀਆਂ ਦੀ ਹੋਣ ਵਾਲੀ ਸਾਂਝੀ ਫੋਟੋ ਬਾਰੇ ਦੱਸਦੀ ਹੈ ਤਾਂ ਉਹ ਮਨ ਹੀ ਮਨ ਇਹ ਫੈਸਲਾ ਲੈ ਲੈਂਦੀ ਹੈ ਕਿ ਉਹ ਮੀਤੋ ਨੂੰ ਆਪਣੇ ਵਾਂਗ ਪਿਛਾਹ ਖਿੱਚੂ ਸਮਾਜਿਕ ਕੀਮਤਾਂ ਦੀ ਬਲੀ ਨਹੀਂ ਚੜ੍ਹਨ ਦੇਵੇਗੀ। ਉਸ ਵੱਲੋਂ ਧੀ ਦਾ ਚਿਹਰਾ ਖੁਸ਼ੀ ਨਾਲ ਚੁੰਮਣਾ ਇਸ ਗੱਲ ਦਾ ਸੰਕੇਤ ਹੈ ਕਿ ਸਮਾਂ ਤੇ ਤਜਰਬਾ ਮਨੁੱਖੀ ਸੋਚ ਵਿਚ ਹਾਂ-ਪੱਖੀ ਤਬਦੀਲੀਆਂ ਲਿਆਉਣ ਵਿਚ ਅਹਿਮ ਰੋਲ ਅਦਾ ਕਰਦਾ ਹੈ।
ਨਾਵਲੈੱਟ ‘ਬਿਗਾਨੇ ਪਿੰਡ ਦੀ ਜੂਹ’, ‘ਜੰਗਲ ਕਦੇ ਸੌਂਦਾ ਨਹੀ’, ‘ਪਤਝੜ’ ਤੇ ‘ਇੱਕ ਗੁੱਜਰ ਕੁੜੀ’ ਵਿਚਾਰਾਧਾਰਕ ਤੌਰ ‘ਤੇ ਪਹਿਲੇ ਨਾਵਲੈੱਟ ਦੇ ਹੀ ਅਗਲੇ ਪਸਾਰਾਂ ਦਾ ਵਿਸਥਾਰ ਤਲਾਸ਼ਦੇ ਹਨ। ‘ਬਿਗਾਨੇ ਪਿੰਡ ਦੀ ਜੂਹ’ ਨਾਵਲੈੱਟ ਕੰਢੀ ਖੇਤਰ ਦੇ ਹੀ ਪਿੰਡ ਸਰਿਆਣਾ ਦੇ ਦਲਿਤ ਪਰਿਵਾਰ ਦੀ ਧੀ ਰੂਪੀ ਵੱਲੋਂ ਵੇਖੇ ਸੁਪਨਿਆਂ ਦੇ ਅਧੂਰੇ ਰਹਿਣ ਕਾਰਨ ਵਾਪਰੇ ਦੁਖਾਂਤ ਦੀ ਕਹਾਣੀ ਨੂੰ ਬਿਆਨਦਾ ਹੈ। ਰੂਪੀ ਦੀ ਚੜ੍ਹਦੀ ਜਵਾਨੀ ਦੇ ਬੇਕਾਬੂ ਜਜ਼ਬੇ ਆਪਣੇ ਖੇਤ ਮਾਲਕ ਦੇ ਮੁੰਡੇ ਨਿੰਦਰ ਨਾਲ ਜੁੜੇ ਜਿਸਮਾਨੀ ਸਬੰਧਾਂ ਵਿਚੋਂ ਸਦੀਵੀ ਮਾਨਸਿਕ ਸਕੂਨ ਤਲਾਸ਼ ਕਰਨ ਦਾ ਭੁਲੇਖਾ ਖਾਂਦੇ ਹਨ, ਪਰ ਇਹ ਛਿੰਨ ਭੰਗਰ ਆਨੰਦ ਉਸ ਲਈ ਸਾਰੀ ਉਮਰ ਦਾ ਸੰਤਾਪ ਹੋ ਨਿਬੜਦਾ ਹੈ। ਆਪਣੇ ਪੇਟ ਵਿਚੋਂ ਨਿੰਦਰ ਦਾ ਬੱਚਾ ਗਿਰਾਉਣ ਤੋਂ ਬਾਅਦ ਉਹ ਘਰ ਅਤੇ ਬਾਹਰ ਦਿਆਂ ਦੀਆਂ ਨਜ਼ਰਾਂ ਵਿਚੋਂ ਪੂਰੀ ਤਰ੍ਹਾਂ ਗਿਰ ਜਾਂਦੀ ਹੈ। ਉਸ ਨੂੰ ਆਪਣੀ ਬਰਬਾਦ ਹੋਈ ਲਾਚਾਰ ਜ਼ਿੰਦਗੀ ਨੂੰ ਮੁੜ ਆਬਾਦ ਕਰਨ ਦਾ ਕੋਈ ਰਾਹ ਵਿਖਾਈ ਨਹੀਂ ਦਿੰਦਾ। ਜਦੋਂ ਉਸ ਦਾ ਪ੍ਰੇਮੀ ਹੋਣ ਦਾ ਦਾਅਵਾ ਕਰਦਾ ਰਿਹਾ ਨਿੰਦਰ ਆਪਣੀ ਪਟੋਲੇ ਜਿਹੀ ਵਹੁਟੀ ਨੂੰ ਲੈ ਕੇ ਬੜੀ ਸ਼ਾਨ ਨਾਲ ਉਸ ਕੋਲੋਂ ਲੰਘਦਾ ਹੈ ਤਾਂ ਹੀ ਉਸ ਨੂੰ ਸਮਾਜ ਦੀ ਜਮਾਤੀ ਬਣਤਰ ਬਾਰੇ ਤਲਖ ਅਨੁਭਵ ਹੁੰਦਾ ਹੈ।
ਨਾਵਲੈੱਟ ‘ਜੰਗਲ ਕਦੇ ਸੌਂਦਾ ਨਹੀਂ’ ਆਪਣੀ ਸਮਾਜਿਕ ਹੋਂਦ ਨੂੰ ਬਣਾਈ ਰੱਖਣ ਲਈ ਦਿਨ ਰਾਤ ਸੰਘਰਸ਼ ਕਰਨ ਵਾਲੇ ਕਿਰਤੀ ਲੋਕਾਂ ਦੀ ਤੁਲਨਾ ਨਿਰੰਤਰ ਕ੍ਰਿਆਸ਼ੀਲ ਰਹਿਣ ਵਾਲੇ ਜਾਗਦੇ ਜੰਗਲ ਨਾਲ ਕਰਦਾ ਹੈ। ਇਸ ਨਾਵਲੈੱਟ ਅਨੁਸਾਰ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਿਰਤੀਆਂ ਦੀ ਮਿਹਨਤ ਨੂੰ ਵੀ ਦਿਨ ਰਾਤ ਜਾਗਣਾ ਪੈਂਦਾ ਹੈ ਤੇ ਉਨ੍ਹਾਂ ਦੀਆਂ ਧੀਆਂ ਵੱਲੋਂ ਆਪਣੇ ਹਾਣ ਪ੍ਰਾਪਤ ਕਰਨ ਲਈ ਵੇਖੇ ਸੁਪਨੇ ਵੀ ਜਾਗਦੇ ਹੀ ਰਹਿੰਦੇ ਹਨ।
ਨਾਵਲੈੱਟ ‘ਪਤਝੜ’ ਇਸ ਤਲਖ ਸੱਚ ਦੀ ਸ਼ਿੱਦਤ ਬਿਆਨੀ ਕਟਦਾ ਹੈ ਕਿ ਲੋੜਾਂ ਥੁੜ੍ਹਾਂ ਮਾਰੇ ਲੋਕਾਂ ਲਈ ਹਰ ਰੁੱਤ ਹੀ ਪਤਝੜ ਵਰਗੀ ਹੁੰਦੀ ਹੈ। ਪਿੰਡ ਸਰਿਆਣਾ ਦਾ ਜਗਤੂ ਆਪਣੀ ਵਿਗੜੀ ਆਰਥਿਕਤਾ ਨੂੰ ਥਾਂ ਸਿਰ ਕਰਨ ਲਈ ਬਿਆਸ ਦਰਿਆ ਦੇ ਕੰਢੇ ਦੀ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਸਿਰ ਤੋੜ ਯਤਨ ਕਰਦਾ ਹੈ, ਫਿਰ ਵੀ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਤੋਂ ਅਸਮਰੱਥ ਹੈ। ਭਾਵੇਂ ਪਿੰਡ ਦੇ ਸਰਦਾਰਾਂ ਦੇ ਘਰੇ ਜਨਮੀ ਤੋਸ਼ੀ ਦੇ ਨਾਂ ਦੀ ਰੀਸ ਕਰਦਿਆਂ ਉਹ ਆਪਣੀ ਧੀ ਦਾ ਨਾਂ ਵੀ ਇਹੋ ਹੀ ਰੱਖਦਾ ਹੈ, ਪਰ ਦੋਹਾਂ ਤੋਸ਼ੀਆਂ ਵਿਚ ਕਿਸੇ ਵੀ ਪੱਧਰ `ਤੇ ਕੋਈ ਸਮਾਨਤਾ ਨਹੀਂ ਹੈ। ਜਗਤੂ ਦੀ ਧੀ ਤੋਸ਼ੀ ਪਿੰਡ ਵਿਚ ਆਪਣੇ ਹਾਣੀ ਵਿੰਦਰ ਨਾਲ ਖਾਮੋਸ਼ ਮੁਹੱਬਤ ਕਰਦੀ ਹੈ, ਪਰ ਸਮਕਾਲੀ ਸਮਾਜਿਕ ਸਥਿਤੀਆਂ ਉਨ੍ਹਾਂ ਦੀ ਮੁਹੱਬਤ ਲਈ ਪ੍ਰਵਾਨਗੀ ਨਹੀਂ ਦਿੰਦੀਆਂ ਤਾਂ ਉਹ ਆਪਣੇ ਹੱਥੀਂ ਆਪਣੀ ਮੁਹੱਬਤ ਦਾ ਗਲਾ ਦਬਾਉਣ ਲਈ ਮਜਬੂਰ ਹੋ ਜਾਂਦੀ ਹੈ। ਉਸ ਵੱਲੋਂ ਵਿੰਦਰ ਦੀ ਵਹੁਟੀ ਲਈ ਭੇਜੀ ਫੁੱਲਕਾਰੀ ਮੁਹੱਬਤ ਲਈ ਭਾਵਨਾਵਾਂ ਦੀ ਕੀਤੀ ਕੁਰਬਾਨੀ ਦਾ ਹੀ ਪ੍ਰਤੀਕ ਹੈ। ਦੂਸਰੇ ਨਾਵਲੈੱਟਾਂ ਨਾਲੋਂ ਇਸ ਨਾਵਲੈੱਟ ਵਿਚ ਵਾਧਾ ਇਹ ਹੈ ਕਿ ਇਸ ਵਿਚੋਂ ਕਿਰਤੀ ਜਮਾਤ ਅੰਦਰ ਸਮੇਂ ਨਾਲ ਵਿਕਸਿਤ ਹੋਈ ਸਮਾਜਿਕ ਚੇਤਨਾ ਦੀ ਭਰਵੀਂ ਝਲਕ ਮਿਲਦੀ ਹੈ। ਬੇ-ਆਬਾਦ ਜ਼ਮੀਨ ਨੂੰ ਆਪਣੀ ਮਿਹਨਤ ਨਾਲ ਆਬਾਦ ਕਰਨ ਵਾਲੇ ਕਿਸਾਨਾਂ ਵੱਲੋਂ ਜ਼ਮੀਨ ਦੀ ਪੱਕੇ ਤੌਰ `ਤੇ ਮਾਲਕੀ ਪ੍ਰਾਪਤੀ ਲਈ ਸੰਗਠਿਤ ਹੋਣਾ ਅਤੇ ਆਪਣੇ ਏਕੇ ਦੀ ਤਾਕਤ ਤੇ ਜਗੀਰਦਾਰਾਂ ਨੂੰ ਭਜਾਉਣਾ ਜਮਾਤੀ ਦ੍ਰਿਸ਼ਟੀਕੋਣ ਤੋਂ ਇਸ ਨਾਵਲੈੱਟ ਦੀ ਅਹਿਮ ਪ੍ਰਾਪਤੀ ਹੈ।
ਨਾਵਲੈੱਟ ‘ਇਕ ਗੁੱਜਰ ਕੁੜੀ’ ਰਾਹੀਂ ਦੁੱਧ ਵੇਚ ਕੇ ਗੁਜ਼ਰਾ ਕਰਨ ਵਾਲੇ ਗੁੱਜਰ ਲੋਕਾਂ ਦੇ ਜੀਵਨ ਦੀਆਂ ਦੁਸ਼ਵਾਰੀਆ ਦਾ ਚਿਤਰਨ ਕਰਦਿਆਂ ਲੇਖਕ ਆਖਦਾ ਹੈ, “ਉਨੀਂਦਰਾ, ਜਿਹੜਾ ਸਖਤ ਮਿਹਨਤ ਦੇ ਕਾਰਨ ਉਸ ਦੀਆਂ ਅੱਖਾਂ ਵਿਚੋਂ ਹੀ ਨਹੀਂ, ਸਗੋਂ ਸਮੁੱਚੀ ਜਾਤੀ ਦੀਆਂ ਅੱਖਾਂ ਵਿਚ ਝਾਕਦਾ ਤੱਕਿਆ ਜਾ ਸਕਦਾ ਸੀ, ਉਨ੍ਹਾਂ ਦੇ ਅੰਗ-ਅੰਗ ਵਿਚ ਰਚ ਗਿਆ ਸੀ। ਉਨ੍ਹਾਂ ਲਈ ਸਭ ਤੋਂ ਵੱਧ ਸੁੱਖ ਸੀ, ਜੋ ਉਹ ਕਿਆਸ ਕਰਦੇ ਤਾਂ ਰੱਜ ਕੇ ਸੌਣਾ ਸੀ, ਪਰ ਔਕੜਾਂ ਭਰੀ ਜ਼ਿੰਦਗੀ ਵਿਚ ਕਦੇ ਨਸੀਬ ਨਹੀਂ ਸੀ ਹੋਇਆ।”
ਇਹ ਕਿੱਡਾ ਵੱਡਾ ਦੁਖਾਂਤ ਹੈ ਕਿ ਇਸ ਸਮਾਜ ਦੀਆਂ ਸਲਮਾ ਵਰਗੀਆਂ ਕੁੜੀਆਂ ਨੂੰ ਦੁੱਧ ਦੀਆਂ ਮਟਕੀਆਂ ਸ਼ਹਿਰ ਲਿਜਾਣ ਵੇਲੇ ਟਰੱਕ ਡਰਾਈਵਰਾਂ ਦੇ ਭੱਦੇ ਮਜਾਕ ਹੀ ਨਹੀਂ ਸਹਿਣੇ ਪੈਂਦੇ, ਸਗੋਂ ਅਣਇੱਛਤ ਤੌਰ `ਤੇ ਸਰੀਰਕ ਛੇੜਛਾੜ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਦੁੱਧ ਦੀਆਂ ਮਟਕੀਆਂ ਸ਼ਹਿਰ ਲਿਜਾਣ ਲਈ ਵਾਰੋ ਵਾਰੀ ਇੱਕ ਗੁੱਜਰ ਕੁੜੀ ਨੂੰ ਆਪਸੀ ਸਹਿਮਤੀ ਨਾਲ ਟਰੱਕ ਡਰਾਈਵਰ ਦੇ ਨਾਲ ਅਗਲੀ ਸੀਟ `ਤੇ ਬੈਠ ਕੇ ਉਨ੍ਹਾਂ ਦੀ ਵਹਿਸ਼ਤੀ ਕਾਮ ਭੁੱਖ ਨੂੰ ਆਪਣੇ ਪਿੰਡੇ `ਤੇ ਭੋਗਣਾ ਪੈਂਦਾ ਹੈ ਤਾਂ ਇਨ੍ਹਾਂ ਦੀ ਵੇਦਨਾ ਹੂਕ ਬਣ ਕੇ ਪਾਠਕਾਂ ਨੂੰ ਮਾਨਸਿਕ ਤੌਰ ‘ਤੇ ਝੰਜੋੜਨ ਦਾ ਕਾਰਜ ਕਰਦੀ ਹੈ। ਨਾਵਲੈੱਟ ਜਾਣਕਾਰੀ ਦਿੰਦਾ ਹੈ ਕਿ ਕਿਸ ਤਰ੍ਹਾਂ ਅਮੀਰ ਤੇ ਵਿਗੜੈਲ ਪੁਰਸ਼ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਾਰਨਾ ਆਪਣਾ ਹੱਕ ਸਮਝਦੇ ਹਨ। ਇਹ ਨਾਵਲੈੱਟ ਦੀ ਉਸਾਰੂ ਦਿਸ਼ਾ ਹੈ ਕਿ ਸਲਮਾ ਆਪਣੇ ਬੀਤੇ ਨੂੰ ਆਪਣੇ ਤੋਂ ਦੂਰ ਵਗਾਹ ਮਾਰਨਾ ਚਾਹੁੰਦੀ ਹੈ ਅਤੇ ਆਪਣੇ ਮਨ ਵਿਚ ਉਸ ਹਾਣੀ ਮੁੰਡੇ ਦੀ ਚਾਹਤ ਨੂੰ ਚਿਤਵਦੀ ਹੈ, ਜੋ ਵੱਡੇ ਆਰਥਿਕ ਪਾੜੇ ਵਾਲੇ ਸਮਾਜ ਨੂੰ ਖਤਮ ਕਰਕੇ ਬਰਾਬਰੀ ਦੇ ਸਮਾਜ ਦੀ ਸਥਾਪਨਾ ਕਰਨ ਦੀ ਸੋਚ ਰੱਖਦਾ ਹੈ।
ਨਾਵਲੈੱਟ ‘ਜੰਗ ਜਾਰੀ ਹੈ’ ਬਰਾਬਰੀ ਦਾ ਸਮਾਜ ਸਿਰਜਣ ਦਾ ਸੁਪਨਾ ਲੈ ਕੇ ਘਰਾਂ ਤੋਂ ਨਿਕਲੇ ਇਨਕਲਾਬੀ (ਨਕਸਲਬਾੜੀ) ਸੋਚ ਦੇ ਨੌਜਵਾਨਾਂ ਵੱਲੋਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੇ ਸੰਕਲਪ ਨੂੰ ਦ੍ਰਿੜਾਉਂਦਾ ਹੈ। ਚਾਹੇ ਅਜੋਕੇ ਪੂੰਜੀਵਾਦੀ ਯੁਗ ਦੇ ਸਿਖਰਲੇ ਪੜਾਅ ‘ਤੇ ਅਜਿਹੀ ਲੋਕ ਪ੍ਰਤੀਬੱਧਤਾ ਕਿੱਸੇ-ਕਹਾਣੀਆਂ ਵਰਗੀ ਹੀ ਲੱਗਦੀ ਹੈ, ਪਰ ਇਹ ਉਸ ਦੌਰ ਦੇ ਇਤਿਹਾਸ ਦਾ ਅਜਿਹਾ ਮਾਣ ਮੱਤਾ ਹਾਸਿਲ ਰਹੀ ਹੈ ਤੇ ਅੱਜ ਦੇ ਲੋਕ ਘੋਲ ਵੀ ਇਸ ਪ੍ਰਤੀਬੱਧਤਾ ਤੋਂ ਸੰਘਰਸ਼ੀ ਤੇ ਵਿਚਾਰਧਾਰਕ ਊਰਜਾ ਪ੍ਰਾਪਤ ਕਰ ਰਹੇ ਹਨ। ਨਾਵਲੈੱਟ ਵਿਚਲਾ ਪ੍ਰੋਫੈਸਰ ਮੁਨੀਸ਼ ਕੁਮਾਰ ਮਹਿਤਾ ਪੁਲਿਸ ਵੱਲੋਂ ਦਿੱਤੇ ਅਣਮਨੁੱਖੀ ਤਸੀਹੇ ਸਹਿ ਕੇ ਵੀ ਆਪਣੇ ਅਕੀਦੇ ਤੋਂ ਨਹੀਂ ਡੋਲਦਾ, ਪਰ ਉਸ ਦੇ ਸਿਦਕ ਤੇ ਸੰਘਰਸ਼ੀ ਜਜ਼ਬੇ ਨੂੰ ਵੇਖ ਕੇ ਉਸ ‘ਤੇ ਸਿਤਮ ਕਰਨ ਵਾਲੇ ਜਾਬਰ ਜ਼ਰੂਰ ਡੋਲ ਜਾਂਦੇ ਹਨ। ਜਾਨ ਲੇਵਾ ਪੁਲਿਸ ਕੁੱਟ ਦਾ ਭੰਨਿਆ ਵੀ ਉਹ ਇਸ ਗੱਲ `ਤੇ ਮਾਣ ਮਹਿਸੂਸ ਕਰਦਾ ਹੈ ਕਿ ਉਸ ਦੇ ਜੇਲ੍ਹ ਜਾਣ ਤੋਂ ਬਾਅਦ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵੱਡੇ ਕਾਫਲੇ ਨੇ ਸੰਘਰਸ਼ ਦੀ ਮਸ਼ਾਲ ਆਪਣੇ ਹੱਥਾਂ ਵਿਚ ਫੜ੍ਹ ਲਈ ਹੈ।
ਨਾਵਲੈੱਟ ‘ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ’ ਅਤੇ ‘ਪੰਜਾਬ ਦੀ ਲਲਕਾਰ’ ਪੰਜਾਬ ਖਿੱਤੇ ਦੀ ਹੋਂਦ ਤੇ ਸਵੈ-ਮਾਣ ਨੂੰ ਬਚਾਉਣ ਲਈ ਅਠਾਰਵੀਂ ਸਦੀ ਦੇ ਅੱਧ ਵਿਚ ਸਿੱਖਾਂ ਤੇ ਮੁਗਲਾਂ ਵਿਚਕਾਰ ਚਲਦੀ ਰਹੀ ਛਾਪਾਮਾਰ ਜੰਗ ਦੇ ਇਤਿਹਾਸ ਨਾਲ ਜੁੜੇ ਲੋਕ ਸਰੋਕਾਰਾਂ ਨੂੰ ਉਭਾਰਦੇ ਹਨ। ਨਾਵਲੈੱਟਾਂ ਦੇ ਵਿਸ਼ਲੇਸ਼ਣੀ ਬੋਧ ਅਨੁਸਾਰ ਲੋਕਾਂ ਵੱਲੋਂ ਮਿਲਦੇ ਪਿਆਰ ਸਤਿਕਾਰ, ਸਰਪ੍ਰਸਤੀ ਤੇ ਪਨਾਹ ਸਦਕਾ ਹੀ ਲੱਖੀ ਜੰਗਲ ਵਿਚ ਛੁਪ ਕੇ ਰਹਿਣ ਵਾਲੇ ਗਿਣਤੀ ਦੇ ਸਿੱਖ ਜੋਧੇ ਛਾਪਾਮਾਰੀ ਜੰਗ ਵਿਚ ਵੱਡੀ ਮੁਗਲ ਫੌਜ ਦੇ ਛੱਕੇ ਛੁਡਵਾਉਣ ਦੇ ਸਮਰੱਥ ਰਹਿੰਦੇ ਸਨ। ਮੌਤ ਦੇ ਡਰ ਤੋਂ ਰਹਿਤ ਤੇ ਜੰਗੀ ਰਸਤਿਆਂ ਤੋਂ ਜਾਣੂ ਹੋਣ ਕਾਰਨ ਉਹ ਅਕਸਰ ਭਾੜੇ ਦੇ ਮੁਗਲ ਫੌਜੀਆਂ ਦਾ ਵੱਡਾ ਨੁਕਸਾਨ ਕਰਕੇ ਵੀ ਆਪਣਾ ਬਹੁਤ ਘੱਟ ਨੁਕਸਾਨ ਹੋਣ ਦਿੰਦੇ ਸਨ। ਜੇ ਮੁਗਲ ਹਕੂਮਤ ਸਿੱਖ ਫੌਜਾਂ ਨੂੰ ਪਨਾਹ ਦੇਣ ਵਾਲੇ ਲੋਕਾਂ `ਤੇ ਜ਼ੁਲਮ ਕਰਦੀ ਤਾਂ ਪਿੰਡਾਂ ਦੇ ਹੋਰ ਅਣਖੀਲੇ ਨੌਜਵਾਨ ਆਪਣਾ ਘਰ-ਬਾਰ ਤਿਆਗ ਕੇ ਸਿੱਖ ਸਿਪਾਹੀ ਬਣ ਜਾਂਦੇ। ਅਹਿਮਦਸ਼ਾਹ ਅਬਦਾਲੀ ਵਰਗੇ ਮਹਾਨ ਜਰਨੈਲ ਸਮਝੇ ਜਾਂਦੇ ਮੁਗਲ ਸਾਸ਼ਕ ਦੀ ਕਮਾਨ ਹੇਠਲੀ ਫੌਜ ਵੱਲੋਂ ਅਗਵਾਹ ਕੀਤੀਆਂ ਪੰਜਾਬ ਦੀਆਂ ਧੀਆਂ ਨੂੰ ਆਪਣੀ ਜਾਨ `ਤੇ ਖੇਡ ਕੇ ਵਾਪਸ ਲਿਆਉਣ ਦਾ ਲਾਸਾਨੀ ਕਾਰਨਾਮਾ ਵੀ ਇਸ ਵੇਲੇ ਦੇ ਇਤਿਹਾਸ ਦਾ ਹੀ ਗੌਰਵਮਈ ਹਿੱਸਾ ਹੈ। ਭਾਵੇਂ ਸਿੱਖ ਸਿਪਾਹੀ ਬਣੇ ਜੀਤ ਸਿੰਘ ਤੇ ਬਘੇਲਾ ਸਿੰਘ ਵਰਗੇ ਨੌਜਵਾਨਾਂ ਨੂੰ ਆਪਣੇ ਘਰ-ਪਰਿਵਾਰ ਤੇ ਆਪਣੀ ਮੁਹੱਬਤ ਦੀ ਯਾਦ ਵੀ ਆਉਂਦੀ ਸੀ, ਪਰ ਕੌਮ-ਦੇਸ਼ ਤੇ ਲੋਕਤਾ ਲਈ ਕੁਰਬਾਨ ਹੋਣ ਦੀ ਵਚਨਬੱਧਤਾ ਉਕਤ ਜਜ਼ਬਿਆ `ਤੇ ਭਾਰੂ ਰਹੀ ਹੈ, ਇਸੇ ਲਈ ਇਨ੍ਹਾਂ ਨੇ ਸਦੀਆਂ ਬੀਤ ਜਾਣ ‘ਤੇ ਵੀ ਲੋਕ ਮਨਾਂ ਵਿਚ ਆਪਣੇ ਲਈ ਥਾਂ ਬਣਾਈ ਹੋਈ ਹੈ।
ਭਾਵੇਂ ਇਨ੍ਹਾਂ ਨਾਵਲੈੱਟਾਂ ਦਾ ਰਚਨਾ ਕਾਲ ਵੱਖੋ ਵੱਖਰਾ ਹੈ, ਪਰ ਪਹਿਲੇ ਪੰਜ ਨਾਵਲੈੱਟਾਂ ਦੀ ਕਹਾਣੀ ਵਿਚ ਨੌਜਵਾਨ ਉਮਰ ਦੀ ਮਾਨਸਿਕ ਅਤ੍ਰਿਪਤੀਆਂ ਨੂੰ ਪ੍ਰਮੁੱਖਤਾ ਹਾਸਿਲ ਹੋਣ ਕਾਰਨ ਕਈ ਥਾਂਈਂ ਇਹ ਦੁਹਰਾਓ ਦਾ ਪ੍ਰਭਾਵ ਵੀ ਸਿਰਜਦੇ ਹਨ। ਪੰਜਾਬ ਦੇ ਅਤਿਅੰਤ ਪਛੜੇ ਕੰਢੀ ਖੇਤਰ ਦੇ 21ਵੀਂ ਸਦੀ ਦੀ ਆਮਦ ਤੋਂ ਪਹਿਲਾਂ ਦੇ ਜਨ ਜੀਵਨ ਨੂੰ ਉਸ ਦੇ ਸਮੁੱਚੇ ਸਮਾਜਿਕ ਸਰੋਕਾਰਾਂ ਸਮੇਤ ਪੇਸ਼ ਕਰਨਾ ਇਨ੍ਹਾਂ ਨਾਵਲੈੱਟਾਂ ਦੀ ਵੱਡੀ ਪ੍ਰਾਪਤੀ ਹੈ। ਲੇਖਕ ਨੇ ਪਹਾੜੀ ਖੇਤਰ ਦੀ ਆਂਚਲਿਕਤਾ ਨੂੰ ਵੀ ਸਜੀਵ ਰੂਪ ਵਿਚ ਰੂਪਮਾਨ ਕੀਤਾ ਹੈ ਤੇ ਇਸ ਨੂੰ ਪੰਜਾਬ ਦੇ ਹੋਰ ਹਿੱਸਿਆਂ ਦੇ ਪਾਠਕਾਂ ਲਈ ਸੰਚਾਰ ਦੀ ਸਮੱਸਿਆ ਵੀ ਨਹੀਂ ਬਣਨ ਦਿੱਤਾ-ਇਹ ਇਸ ਨਾਵਲੈੱਟ ਸੰਗ੍ਰਹਿ ਦੀ ਵਿਸ਼ੇਸ਼ ਪ੍ਰਾਪਤੀ ਹੈ। ਉਸ ਦੀ ਕਾਵਿਕ ਤੇ ਅਲੰਕਾਰਕ ਭਾਸ਼ਾ ਆਪਣੀ ਪੇਸ਼ਕਾਰੀ ਦੇ ਸੁਹਜ ਵਿਚ ਵਾਧਾ ਕਰਨ ਵਾਲੀ ਹੈ।
ਇਨ੍ਹਾਂ ਨਾਵਲੈੱਟਾਂ ਦੇ ਪਾਤਰ ਆਪਣੇ ਸੁਪਨੇ ਟੁੱਟਣ `ਤੇ ਵੀ ਆਪਣੀ ਜੀਵਨ ਗਤੀ ਨੂੰ ਰੁਕਣ ਨਹੀਂ ਦਿੰਦੇ ਤੇ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਫਿਰ ਆਪਣੀ ਅਣ-ਦਿਸਦੀ ਮੰਜ਼ਿਲ ਵੱਲ ਤੁਰ ਪੈਂਦੇ ਹਨ। ਨਾਵਲੈੱਟਾਂ ਵਿਚ ਦਰਪੇਸ਼ ਘਟਨਾਵਾਂ ਦੀ ਤਰਤੀਬ ਤੇ ਸੰਪਾਦਨ ਏਨਾ ਸੁਚੱਜਾ ਹੈ ਕਿ ਪਾਠਕੀ ਮਨੋ-ਬਿਰਤੀਆਂ ਇਨ੍ਹਾਂ ਦੇ ਪਾਠ ਦੇ ਅਰੰਭ ਤੋਂ ਲੈ ਕੇ ਅੰਤ ਤੱਕ ਇਨ੍ਹਾਂ ਦੇ ਘਟਨਾਕ੍ਰਮ ਨਾਲ ਜੁੜੀਆਂ ਰਹਿੰਦੀਆਂ ਹਨ। ਵੱਡ ਅਕਾਰੀ ਨਾਵਲ ਲਿਖੇ ਜਾਣ ਦਾ ਰੁਝਾਨ ਵੱਧਣ ‘ਤੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਨਾਵਲੈੱਟਾਂ ਦੀ ਸਿਰਜਨ ਪ੍ਰਕਿਰਿਆ ਬਹੁਤ ਅਸਰ ਅੰਦਾਜ਼ ਹੋਈ ਹੈ। ਬਲਵੀਰ ਪਰਵਾਨਾ ਹੁਣ ਖੁਦ ਵੀ ਲੰਮੇ ਨਾਵਲ ਲਿਖਣ ਵੱਲ ਰੁਚਿਤ ਹੋ ਗਿਆ ਹੈ। ਉਸ ਆਪਣੇ ਅੱਠ ਨਾਵਲੈੱਟਾਂ ਨੂੰ ਇੱਕ ਜਿਲਦ ਵਿਚ ਸੰਭਾਲੇ ਜਾਣ ਨਾਲ ਸਾਹਿਤ ਦੇ ਖੋਜਾਰਥੀਆਂ ਨੂੰ ਇਸ ਗਲਪੀ ਵਿਧਾ ਦੀ ਬਣਤਰ ਤੇ ਬੁਣਤਰ ਬਾਰੇ ਖੋਜ ਕਰਨ ਵਿਚ ਬਹੁਤ ਸਹਾਇਤਾ ਮਿਲੇਗੀ।