ਚਿਰਾਂ ਦੀ ਰੀਝ ਪੂਰੀ ਹੋ ਗਈ…

ਮੇਰੀ ਪਾਕਿਸਤਾਨ ਫੇਰੀ-3
ਸੰਨ ਸੰਤਾਲੀ ਵਿਚ ਭਾਰਤ ਵੰਡਿਆ ਗਿਆ ਪਰ ਅਸਲ ਵੰਡ ਤਾਂ ਪੰਜਾਬ ਅਤੇ ਬੰਗਾਲ ਦੀ ਹੋਈ ਜਿਥੇ ਦੋ ਕੌਮਾਂ ਟੋਟੇ-ਟੋਟੇ ਹੋ ਗਈਆਂ। ਇਸ ਵੰਡ ਵੇਲੇ ਵਸੋਂ ਦੀ ਅਦਲਾ-ਬਦਲੀ ਦੌਰਾਨ ਪੰਜਾਬ ਲਹੂ-ਲੁਹਾਣ ਹੋ ਗਿਆ। ਬਾਅਦ ਵਿਚ ਦੋਹਾਂ ਮੁਲਕਾਂ ਦੇ ਸਿਆਸਤਦਾਨ ਭਾਵੇਂ ਇਕ-ਦੂਜੇ ਖਿਲਾਫ ਨਫਰਤ ਵਾਲੀ ਸਿਆਸਤ ਕਰਦੇ ਰਹੇ ਪਰ ਦੋਹਾਂ ਪਾਸਿਆਂ ਦੇ ਲੋਕ ਇਕ-ਦੂਜੇ ਨੂੰ ਧਾਹ ਗਲਵੱਕੜੀ ਪਾਉਂਦੇ ਹਨ। ‘ਪੰਜਾਬ ਟਾਈਮਜ਼’ ਨਾਲ ਚਿਰਾਂ ਤੋਂ ਜੁੜੇ ਰਹੇ ਅਤੇ ਅੱਜਕੱਲ੍ਹ ਅਮਰੀਕਾ ਵੱਸਦੇ ਜਸਵੰਤ ਸਿੰਘ ਸੰਧੂ ਨੇ ਪਾਕਿਸਤਾਨ ਫੇਰੀ ਬਾਰੇ ਲੰਮਾ ਲੇਖ ਸਾਨੂੰ ਲਿਖ ਭੇਜਿਆ ਹੈ। ਇਸ ਦੀ ਤੀਜੀ ਕਿਸ਼ਤ ਹਾਜ਼ਰ ਹੈ।

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ, ਕੈਲੀਫੋਰਨੀਆ
ਫੋਨ: 510-909-8204

ਸਾਡਾ ਅਗਲਾ ਪ੍ਰੋਗਰਾਮ ਸ. ਮਨਮੋਹਨ ਸਿੰਘ ਭੁੱਲਰ ਦੇ ਜੱਦੀ ਪਿੰਡ ਸਰਹਾਲੀ ਕਲਾਂ (ਜ਼ਿਲ੍ਹਾ ਕਸੂਰ), ਬਾਬੇ ਬੁਲ੍ਹੇ ਸ਼ਾਹ ਦੇ ਮਜ਼ਾਰ ਅਤੇ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦੇ ਪਿੰਡ ਕਾਦੀਵਿੰਡ ਦਾ ਬਣਿਆ। ਇਕ ਸਰਹਾਲੀ ਕਲਾਂ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਵੀ ਹੈ ਜਿਥੋਂ ਮੈਂ ਅਤੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ 1962-64 ਵਿਚ ਜੇ.ਬੀ.ਟੀ ਕੀਤੀ ਸੀ।
ਦੋ ਘੰਟਿਆਂ ਦੇ ਸਫਰ ਤੋਂ ਬਾਅਦ ਜਦ ਅਸੀਂ ਸਰਹਾਲੀ ਕਲਾਂ ਕੋਲੋਂ ਲੰਘਦੀ ਨਹਿਰ ਦੇ ਪੁਲ ‘ਤੇ ਪੰਹੁਚੇ ਤਾਂ ਭੁੱਲਰ ਨੇ ਕਾਰ ਰੋਕਣ ਵਾਸਤੇ ਕਿਹਾ। ਕਾਰ ਵਿਚੋਂ ਉਤਰ ਕੇ ਉਨ੍ਹਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਇਸ ਪੁਲ ਤੋਂ ਲੰਘ ਕੇ ਉਹਦੇ ਮਾਤਾ ਜੀ ਹਾਲੀਆਂ ਦੀ ਰੋਟੀਆਂ ਲੈ ਕੇ ਜਾਂਦੇ ਹੁੰਦੇ ਸਨ। ਪੈਲੀ ਨਹਿਰ ਦੇ ਲਾਗੇ ਸੀ ਜਿਸ ਵਿਚ ਅੰਬਾਂ ਦੇ ਦਰਖਤ ਸਨ। ਮਨਦੀਪ ਭੁੱਲਰ ਨੇ ਨਹਿਰ ‘ਤੇ ਖਲੋਤਿਆਂ ਦੀ ਵੀਡੀਓ ਬਣਾ ਲਈ।
ਆਪਣਾ ਜੱਦੀ ਘਰ ਦੇਖਣ ਤੋਂ ਪਹਿਲਾਂ ਉਹ ਆਪਣਾ ਸਕੂਲ ਦੇਖਣਾ ਚਾਹੁੰਦੇ ਸਨ ਜਿਸ ਵਿਚ ਉਹ 1947 ਵਿਚ ਦੂਜੀ ਜਮਾਤ ਵਿਚ ਪੜ੍ਹਦੇ ਸਨ। ਇਹ ਸਕੂਲ ਹੁਣ ਹਾਈ ਬਣ ਚੁੱਕਾ ਹੈ। ਸਕੂਲ ਦੇ ਸਟਾਫ ਨੇ ਸਾਡਾ ਬੜੀ ਗਰਮਜੋਸ਼ੀ ਨਾਲ ਇਸਤਕਬਾਲ (ਸਵਾਗਤ) ਕੀਤਾ। ਦਫਤਰ ਵਿਚ ਬਿਠਾ ਕੇ ਚਾਹ-ਪਾਣੀ ਪਿਆਇਆ। ਮਨਮੋਹਨ ਸਿੰਘ ਭੁੱਲਰ ਆਪਣੇ ਦੂਜੀ ਮਜਾਤ ਦੇ ਜਮਾਤੀਆਂ ਅਤੇ ਸਕੂਲ ਦੇ ਅਧਿਆਪਕਾਂ ਦੇ ਨਾਂ ਬੜੇ ਉਤਸ਼ਾਹ ਨਾਲ ਦੱਸ ਰਹੇ ਸਨ। ਜਿਸ ਕਮਰੇ ਵਿਚ ਉਹ ਪੜ੍ਹਦੇ ਰਹੇ ਸਨ, ਉਸ ਵਿਚ ਜਾ ਕੇ ਉਹ ਭਾਵਕ ਹੋ ਗਏ। ਕਿੰਨਾ ਚਿਰ ਕਮਰੇ ਦੀਆਂ ਕੰਧਾਂ ਨੂੰ ਨਿਹਾਰਦੇ ਰਹੇ। ਉਨ੍ਹਾਂ ਆਪਣੇ ਪੁਰਾਣੇ ਸਕੂਲ ਨੂੰ ਪੰਜਾਹ ਹਜ਼ਾਰ ਰੁਪਏ ਦਾਨ ਕੀਤੇ ਅਤੇ ਸਕੂਲ ਦੀ ਵਿਜ਼ਟਰ ਬੁੱਕ ਵਿਚ ਆਪਣੇ ਮਨ ਦੇ ਵਲਵਲੇ ਦਰਜ ਕੀਤੇ।
ਸਕੂਲ ਦੇਖਣ ਬਾਅਦ ਉਨ੍ਹਾਂ ਆਪਣੇ ਬਜ਼ੁਰਗਾਂ ਦਾ ਘਰ ਦੇਖਿਆ ਜੋ ਕਈ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਸੀ। ਬਾਹਰਲੇ ਡਾਟਾਂ ਵਾਲੇ ਗੇਟ ਦੇ ਅੱਧ ਵਿਚਕਾਰ ਕੰਧ ਕੱਢ ਕੇ ਗੇਟ ਵੀ ਵੰਡਿਆ ਗਿਆ ਸੀ। ਸਿਰਫ ਡਾਟਾਂ ਤੋਂ ਹੀ ਉਹ ਆਪਣਾ ਘਰ ਪਛਾਣ ਸਕੇ। ਵਾਪਸੀ ‘ਤੇ ਉਨ੍ਹਾਂ ਗਲੀ ਦੇ ਮੋੜ ‘ਤੇ ਉਹ ਹੱਟੀ ਵੀ ਦਿਖਾਈ ਜਿਸ ਤੋਂ ਉਹ ਗਾਚਣੀ, ਸਲੇਟੀ, ਮਿੱਟੀ ਦੀਆਂ ਦਵਾਤਾਂ ਤੇ ਸਿਆਹੀ ਖਰੀਦਦੇ ਹੁੰਦੇ ਸਨ। ਸਕੂਲ ਅਤੇ ਘਰ ਦੇਖਣ ਤੋਂ ਬਾਅਦ ਅਸੀਂ ਬਾਬਾ ਬੁਲ੍ਹੇ ਸ਼ਾਹ ਦੇ ਮਜ਼ਾਰ ਦੇ ਦਰਸ਼ਨਾਂ ਲਈ ਕਸੂਰ ਵੱਲ ਚੱਲ ਪਏ।
ਕਾਰ ਵਿਚੋਂ ਉਤਰ ਕੇ ਅਸੀਂ ਬਾਬਾ ਬੁਲ੍ਹੇ ਸ਼ਾਹ ਦੇ ਮਜ਼ਾਰ ਦੇ ਵਿਹੜੇ ਵਿਚ ਦਾਖਲ ਹੋਏ। ਗੁਰੂਆਂ ਵਾਂਗ ਬੁੱਲ੍ਹੇ ਸ਼ਾਹ ਦੀ ਸੋਚ ਮਜ਼੍ਹਬੀ ਸੰਕੀਰਨਤਾ ਤੋਂ ਉਪਰ ਸੀ। ਜੇ ਗੁਰੂਆਂ ਨੇ ਮਾਨਸ ਦੇ ਏਕੇ ਦਾ ਸੰਦੇਸ਼ ਦਿੱਤਾ ਤਾਂ ਬੁੱਲ੍ਹੇ ਸ਼ਾਹ ਨੇ ਵੀ ਵਾਹਦਤ (ਏਕਤਾ, ਇਕਮੁੱਠਤਾ) ਦਾ ਪੈਗਾਮ ਦਿੱਤਾ। ਅੰਮ੍ਰਿਤਸਰ ਦੀਵਾਲੀ ਮੌਕੇ ਮੈਂ ਸੀਤਲ ਜੀ ਦੇ ਮੂੰਹੋਂ ਬੁੱਲ੍ਹੇ ਸ਼ਾਹ ਦਾ ਕਲਾਮ ਸੁਣਿਆ ਸੀ:
ਰਾਤੀ ਜਾਗੇਂ ਕਰੇ ਇਬਾਦਤ,
ਰਾਤੀਂ ਜਾਗਣ ਕੁੱਤੇ,
ਭੌਂਕਣੋਂ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ।
ਖਸਮ ਆਪਣੇ ਦਾ ਦਰ ਨਾ ਛੱਡਦੇ,
ਭਾਵੇਂ ਵੱਜਣ ਜੁੱਤੇ,
ਬੁੱਲ੍ਹੇ ਸ਼ਾਹ ਉਠ ਰੱਬ ਮਨਾ ਲੈ,
ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ।
ਇਕ ਆਦਮੀ ਢੋਲਕੀ ਦੀ ਥਾਪ ਨਾਲ ਬੁੱਲ੍ਹੇ ਸ਼ਾਹ ਦਾ ਕਲਾਮ ਗਾ ਰਿਹਾ ਸੀ:
ਬੁੱਲ੍ਹਾ ਕੀ ਜਾਣੇ ਮੈਂ ਕੌਣ…
ਅਸੀਂ ਉਸ ਨੂੰ ਕੁਝ ਮਾਇਆ ਭੇਟ ਕੀਤੀ। ਬਾਬੇ ਨੇ ਤਾਂ ਕਿਹਾ ਸੀ, ਮੈਨੂੰ ਪਤਾ ਨਹੀਂ ਮੈਂ ਕੌਣ ਹਾਂ ਪਰ ਦੂਜੇ ਪਾਸੇ ਅਸੀਂ ਹਾਂ ਜਿਨ੍ਹਾਂ ਨੇ ਹਿੰਦੂ, ਮੁਸਲਮਾਨ ਤੇ ਸਿੱਖ ਦੀ ਪਛਾਣ ਬਣਾ ਲਈ ਹੈ! ਇਸੇ ਪਛਾਣ ਲਈ ਅਸੀਂ ਇਕ ਦੂਜੇ ਨਾਲ ਲੜਦੇ ਮਰਦੇ ਹਾਂ!!
ਰਮਜ਼ਾਨ ਦੇ ਮਹੀਨੇ ਮੁਸਲਮਾਨ ਰੋਜ਼ੇ ਰੱਖਦੇ ਨੇ। ਬੁੱਲ੍ਹੇ ਸ਼ਾਹ ਆਪਣੇ ਹੁਜਰੇ ਵਿਚ ਬੈਠੇ ਸਨ। ਉਨ੍ਹਾਂ ਕੁਝ ਗਾਜਰਾਂ ਆਪ ਖਾਧੀਆਂ ਤੇ ਕੁਝ ਮੁਰੀਦਾਂ ਨੂੰ ਖਾਣ ਲਈ ਦਿੱਤੀਆਂ। ਜਦੋਂ ਮੁਰੀਦ ਹੁਜਰੇ ‘ਚੋਂ ਬਾਹਰ ਬੈਠੇ ਗਾਜਰਾਂ ਖਾ ਰਹੇ ਸਨ ਤਾਂ ਰੋਜ਼ਿਆਂ ਵਿਚ ਖਾਣ-ਪੀਣ ਵਾਲਿਆਂ ‘ਤੇ ਨਿਗ੍ਹਾ ਰੱਖਣ ਲਈ ਕੁਝ ਮਜ਼ਹਬੀ ਰਹਿਨੁਮਾਵਾਂ ਨੇ ਉਨ੍ਹਾਂ ਨੂੰ ਗਾਜਰਾਂ ਖਾਂਦਿਆਂ ਦੇਖ ਕੇ ਪੁੱਛਿਆ- “ਬੇਸ਼ਰਮੋ! ਰਮਜ਼ਾਨ ਦੇ ਦਿਨਾਂ ਵਿਚ ਗਾਜਰਾਂ ਖਾ ਰਹੇ ਓ?”
“ਭੁੱਖ ਲੱਗੀ ਸੀ, ਤਾਂ ਖਾਂਦੇ ਹਾਂ।”
“ਪਰ ਤੁਸੀਂ ਹੁੰਦੇ ਕੌਣ ਹੋ?”
“ਮੁਸਲਮਾਨ’”
ਗੁੱਸੇ ਵਿਚ ਆਏ ਮਜ਼੍ਹਬੀ ਰਹਿਨੁਮਾਵਾਂ ਨੇ ਉਨ੍ਹਾਂ ਨੂੰ ਚੰਗਾ ਕੁਟਾਪਾ ਚਾੜ੍ਹਿਆ; ਅਖੇ, ਮੁਸਲਮਾਨ ਹੋ ਕੇ ਸ਼ਰੇਆਮ ਇਸਲਾਮੀ ਨੇਮਾਂ ਦੀ ਉਲੰਘਣਾ ਕਰ ਰਹੇ ਓ!
ਜਾਣ ਲੱਗਿਆਂ ਉਨ੍ਹਾਂ ਬਾਬੇ ਨੂੰ ਪੁੱਛਿਆ, “ਉਇ ਤੂੰ ਕੌਣ ਏ?”
ਬਾਬੇ ਨੇ ਬਾਹਾਂ ਅਕਾਸ਼ ਵੱਲ ਉਠਾ ਕੇ ਹੱਥ ਹਿਲਾ ਦਿੱਤੇ, ਬੋਲਿਆ ਕੁਝ ਨਾ।
“ਦੱਸਦਾ ਨਹੀਂ, ਤੂੰ ਹੁੰਦਾ ਕੌਣ ਏ?”
ਬੁੱਲ੍ਹੇ ਸ਼ਾਹ ਨੇ ‘ਬੁੱਲ੍ਹਾ ਕੀ ਜਾਣੇ ਮੈਂ ਕੌਣ’ ਦੇ ਅੰਦਾਜ਼ ਵਿਚ ਬਾਹਵਾਂ ਆਕਾਸ਼ ਵੱਲ ਕਰਕੇ ਹੱਥ ਹਿਲਾ ਦਿੱਤੇ। ਉਹ ਬੁੱਲ੍ਹੇ ਸ਼ਾਹ ਨੂੰ ਦੀਵਾਨਾ ਸਮਝ ਕੇ ਅੱਗੇ ਨਿਕਲ ਗਏ। ਹੈਰਾਨ ਹੋਏ ਮੁਰੀਦਾਂ ਨੇ ਹੁਜਰੇ ਵਿਚ ਆ ਕੇ ਪੁੱਛਿਆ, “ਸਾਨੂੰ ਉਨ੍ਹਾਂ ਕੁਟਾਪਾ ਚਾੜ੍ਹਿਆ ਪਰ ਤੁਹਾਨੂੰ ਉਨ੍ਹਾਂ ਕੁਝ ਨਹੀਂ ਕਿਹਾ ਤਾਂ ਸਾਈਂ ਨੇ ਸਵਾਲ ਕੀਤਾ, “ਉਨ੍ਹਾਂ ਤੁਹਾਨੂੰ ਕੀ ਪੁੱਛਿਆ ਸੀ?”
ਪੁੱਛਦੇ ਸਨ, “ਤੁਸੀਂ ਕੌਣ ਹੋ? ਅਸੀਂ ਕਿਹਾ ਕਿ ਮੁਸਲਮਾਨ ਹਾਂ।”
ਬੁੱਲ੍ਹੇ ਸ਼ਾਹ ਨੇ ਹੱਸ ਕੇ ਕਿਹਾ, “ਕੁਝ ਬਣੇ ਜੇ ਤਾਂ ਮਾਰ ਖਾਧੀ। ਅਸੀਂ ਕੁਝ ਨਹੀਂ ਬਣੇ, ਸਾਨੂੰ ਕਿਸੇ ਕੁਝ ਨਹੀਂ ਕਿਹਾ।”
ਅਸਲ ਵਿਚ, ਜਦ ਅਸੀਂ ਕੁਝ ਬਣਦੇ ਹਾਂ ਤਾਂ ਸਾਨੂੰ ਉਸ ਦੇ ਨਿਯਮਾਂ ਦੀ ਪਾਲਣਾ ਵੀ ਕਰਨੀ ਜ਼ਰੂਰੀ ਬਣ ਜਾਂਦੀ ਹੈ!
ਮਜ਼ਾਰ ਦੇ ਅੰਦਰ ਦਾਖਲ ਹੋਣ ਵਾਲੇ ਦਰਵਾਜ਼ੇ ‘ਤੇ ਸ਼ਾਹਮੁਖੀ ਅੱਖਰਾਂ ਵਿਚ ਲਿਖਿਆ ਸੀ- ‘ਸਜਦਾ ਸਿਰਫ ਅਲ੍ਹਾ ਕੇ ਲੀਏ’, ‘ਦਰਗਾਹ ਸ਼ਰੀਫ ਮੇਂ ਔਰਤ ਕਾ ਦਾਖਲਾ ਮਮਨੂਹ ਹੈ’। ਦੀਵਾਰਾਂ ਉਤੇ ਢੋਲਾ ਆਦਮੀ ਬਣ ਆਇਆ, ਅਬੀਲ ਕਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ, ਬੁੱਲ੍ਹਾ ਉਨ੍ਹਾਂ ਤੋਂ ਵੀ ਅੱਗੇ, ਦਾਦਾ ਗੋਦ ਖਿਡਾਇਆ, ਤੁਸੀਂ ਹਰ ਰੰਗ ਦੇ ਵਿਚ ਵਸਦੇ ਹੋ, ਇਸ਼ਕ ਦੀ ਨਵੀਓਂ ਨਵੀਂ ਬਹਾਰ ਆਦਿ ਕਲਾਮ ਦੀਵਾਰਾਂ ਉਤੇ ਸ਼ਾਹਮੁਖੀ ਲਿੱਪੀ ਵਿਚ ਲਿਖੇ ਹੋਏ ਸਨ।
ਕਸੂਰ ਦੀ ਮਹਿੰਦੀ, ਮੇਥੀ, ਤਲੀ ਹੋਈ ਮੱਛੀ ਅਤੇ ਜੁੱਤੀ ਬਹੁਤ ਮਸ਼ਹੂਰ ਹੈ। ਅਸੀਂ ਸਾਰੇ ਸੁਰਿੰਦਰ ਕੌਰ ਨੂੰ ਗਾਉਂਦਿਆਂ ਸੁਣਿਆ ਹੈ: ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
000
ਗੁਰਦੁਆਰਿਆਂ ਦੀ ਯਾਤਰਾ ਦੇ ਨਾਲ ਨਾਲ ਮੇਰੀ ਰੀਝ ਸੀ ਕਿ ਢਾਡੀ ਕਲਾ ਦੇ ਪਿਤਾਮਾ, ਨਾਵਲਕਾਰ, ਇਤਿਹਾਸਕਾਰ ਅਤੇ ਵਾਰਕਾਰ ਗਿਆਨੀ ਸੋਹਣ ਸਿੰਘ ਸੀਤਲ ਦਾ ਜੱਦੀ ਪਿੰਡ ਕਾਦੀਵਿੰਡ (ਨੇੜੇ ਕਸੂਰ) ਦੀ ਸਰਜ਼ਮੀਂ ਨੂੰ ਸਜਦਾ ਕਰਾਂ ਜਿਸ ਨੇ ਇਸ ਮਹਾਨ ਸ਼ਖਸੀਅਤ ਨੂੰ ਪੈਦਾ ਕੀਤਾ, ਜਿਸ ਨੇ ਸਿੱਖ ਇਤਿਹਾਸ ਨੂੰ ਵਿਗਿਆਨਿਕ ਸੋਚ ਦੇ ਆਧਾਰ ‘ਤੇ ਲੋਕਾਂ ਸਾਹਮਣੇ ਪੇਸ਼ ਕੀਤਾ।
ਵੰਡ ਤੋਂ ਪਹਿਲਾਂ ਉਨ੍ਹਾਂ ਸੌ ਕਿੱਲਾ ਜ਼ਮੀਨ ਪੱਧਰੀ ਕੀਤੀ। ਵਿਚ ਦੋਹਾਟਾ ਖੂਹ ਲਵਾਇਆ। ਪੁਰਾਣਾ ਕੱਚਾ ਘਰ ਢਾਹ ਕੇ ਸੱਤ ਕਮਰਿਆਂ ਦਾ ਪੱਕਾ ਘਰ ਬਣਾਇਆ। ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼ਰੀਕੇ ਵਿਚੋਂ ਬਿਸ਼ਨ ਸਿੰਘ ਨਾਮੀ ਬਦਮਾਸ਼ ਉਨ੍ਹਾਂ ਦੇ ਚਾਚੇ ਦੀ ਸ਼ਹਿ ‘ਤੇ ਖੜ੍ਹੀ ਫਸਲ ਵਿਚ ਡੰਗਰ ਛੱਡ ਕੇ, ਖਲਵਾੜੇ ਲੂਹ ਕੇ, ਨਹਿਰੀ ਪਾਣੀ ਵੱਢ ਕੇ ਅਤੇ ਝੂਠੇ ਮੁਕੱਦਮਿਆਂ ਵਿਚ ਫਸਾ ਕੇ ਬੜਾ ਤੰਗ ਕਰਦਾ ਹੁੰਦਾ ਸੀ। ਸੀਤਲ ਜੀ ਇਨ੍ਹਾਂ ਵਧੀਕੀਆਂ ਦਾ ਬੜੀ ਹਿੰਮਤ ਨਾਲ ਟਾਕਰਾ ਕਰਦੇ ਰਹੇ। 1943 ਵਿਚ 18 ਕਿੱਲੇ ਅੱਡ-ਅੱਡ ਫਲਦਾਰ ਪੌਦਿਆਂ ਦਾ ਬਾਗ ਲਗਾਇਆ।
1934 ਵਿਚ ਉਨ੍ਹਾਂ ਢਾਡੀ ਜਥਾ ਬਣਾ ਲਿਆ ਸੀ। 27 ਵਿਸਾਖ, 1936 ਨੂੰ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਰਤੋਂ ਕੇ ਗੁਰਦੁਆਰੇ ਵਿਚ ਪਹਿਲੀ ਵਾਰ ਸਾਢੇ ਤਿੰਨ ਘੰਟੇ ‘ਸਿੱਖ ਰਾਜ ਕਿਵੇਂ ਗਿਆ’ ਸੁਣਾ ਕੇ ਲੋਕਾਂ ਦੇ ਮਨ ਮੋਹ ਲਏ। ਉਸ ਦਿਨ ਤੋਂ ਉਨ੍ਹਾਂ ਦੀ ਚੜ੍ਹਦੀ ਕਲਾ ਹੋ ਗਈ ਅਤੇ ਬਦਮਾਸ਼ ਬਿਸ਼ਨ ਸਿੰਘ ਨੇ ਵੀ ਉਨ੍ਹਾਂ ਨਾਲ ਨੇੜ ਕਰ ਲਿਆ। ਵੈਰੀ ਮਿੱਤਰ ਬਣ ਗਏ।
000
ਪਹਿਲਾਂ ਅਫਵਾਹ ਸੀ ਕਿ ਕਾਦੀਵਿੰਡ ਹਿੰਦੋਸਤਾਨ ਵਿਚ ਰਹੇਗਾ ਪਰ 17 ਅਗਸਤ 1947 ਨੂੰ ਆਲ ਇੰਡੀਆ ਰੇਡੀਓ ਲਾਹੌਰ ਤੋਂ ਖਬਰ ਆਈ ਕਿ ਕਾਦੀਵਿੰਡ ਪਾਕਿਸਤਾਨ ਵਿਚ ਆ ਗਿਆ ਹੈ। 21 ਅਗਸਤ ਨੂੰ ਸੀਤਲ ਜੀ ਨੂੰ ਪਿੰਡ ਛੱਡਣਾ ਪਿਆ। ਮਿਹਨਤ ਨਾਲ ਬਣਾਈ ਸੌ ਕਿੱਲਾ ਜ਼ਮੀਨ ਅਤੇ ਰੀਝਾਂ ਨਾਲ ਬਣਾਇਆ ਪੱਕਾ ਮਕਾਨ ਬੜਾ ਔਖਾ ਹੁੰਦਾ ਹੈ। ਉਹ ਲਿਖਦੇ ਹਨ: “ਕਿਸੇ ਚੀਜ਼ ਅਤੇ ਥਾਂ ਨੂੰ ਅਸੀਂ ਕਿੰਨਾ ਕੁ ਕੁ ਪਿਆਰ ਕਰਦੇ ਹਾਂ? ਇਸ ਗੱਲ ਦਾ ਅੰਦਾਜ਼ਾ ਉਦੋਂ ਹੀ ਲਗਦਾ ਹੈ, ਜਦੋਂ ਅਮਿਣਵੀਆਂ ਵਿਥਾਂ ਪੈ ਜਾਂਦੀਆਂ ਨੇ।
ਅੱਜ ਉਹ ਧਰਤੀ ਸਾਹ-ਸਾਹ ਨਾਲ ਯਾਦ ਆਉਂਦੀ ਹੈ ਜਿਸ ਦੇ ਜ਼ੱਰਿਆਂ ਦੀ ਇਕੱਤਰਤਾ ਤੋਂ ਇਹ ਸਰੀਰ ਵਜੂਦ ਵਿਚ ਆਇਆ ਸੀ। ਉਹ ਘਰ ਯਾਦ ਆਉਂਦਾ ਹੈ ਜਿਸ ਦੇ ਵਿਹੜੇ ਵਿਚ ਬਚਪਨ ਨੇ ਰਿੜ੍ਹਨਾ ਸਿੱਖਿਆ ਸੀ। ਉਹ ਕੰਧਾਂ ਅੱਖਾਂ ਅੱਗੇ ਫਿਰਦੀਆਂ ਨੇ ਜਿਨ੍ਹਾਂ ਨੇ ਜੀਵਨ ਨੂੰ ਪਹਿਲੇ ਕਦਮ ਤੁਰਨ ਵਾਸਤੇ ਸਹਾਰਾ ਦਿੱਤਾ ਸੀ। ਪਿੰਡ ਦੀਆਂ ਉਹ ਗਲੀਆਂ ਭੁੱਲਦੀਆਂ ਨਹੀਂ ਜਿਨ੍ਹਾਂ ਵਿਚ ਹਾਣੀਆਂ ਨਾਲ ਕਦੇ ਲੁਕਣ-ਮੀਟੀਆਂ ਖੇਡੀਆਂ ਸਨ। ਉਸ ਥਾਂ ਦੀ ਯਾਦ ਅੱਜ ਕਿਉਂ ਤਿੱਖੀਆਂ ਤਰਾਟਾਂ ਬਣ ਰਹੀ ਹੈ? ਕਿਉਂਕਿ ਦੇਸ਼ ਦੀ ਵੰਡ ਨੇ ਸਾਨੂੰ ਉਸ ਥਾਂ ਤੋਂ ਕੋਹਾਂ ਦੂਰ ਲਿਆ ਸੁੱਟਿਆ ਹੈ।
ਜਿਨ੍ਹਾਂ ਨਾਲੋਂ ਅਸੀਂ ਵਿਛੜ ਜਾਂਦੇ ਹਾਂ, ਸਾਡੇ ਯਾਦ ਭੰਡਾਰ ਵਿਚ ਉਨ੍ਹਾਂ ਦੀਆਂ ਕਹਾਣੀਆਂ ਬਾਕੀ ਰਹਿ ਜਾਂਦੀਆਂ ਨੇ। ਉਨ੍ਹਾਂ ਦੀਆਂ ਬਾਤਾਂ ਪਾ-ਪਾ ਕੇ ਅਸੀਂ ਬੀਤੇ ਸੁਪਨੇ ਵੇਖਣ ਦਾ ਯਤਨ ਕਰਦੇ ਹਾਂ। ਇਹ ਹਨ ਮੇਰੀਆਂ ਕਦੇ ਨਾ ਭੁੱਲਣ ਵਾਲੀਆਂ ਯਾਦਾਂ ਜਿਨ੍ਹਾਂ ਦੇ ਪਰਛਾਵੇਂ ਸਦਾ ਮੇਰੀਆਂ ਅੱਖਾਂ ਦੇ ਝਉਲੇ ਬਣੇ ਰਹਿੰਦੇ ਨੇ।”
ਕਾਦੀਵਿੰਡ ਕਸੂਰ ਤੋਂ ਚਾਰ ਮੀਲ ਉਤਰ ਦੀ ਬਾਹੀ ‘ਤੇ ਸਥਿਤ ਹੈ। ਸੀਤਲ ਜੀ ਆਪਣੀ ਜੀਵਨ ਕਹਾਣੀ ‘ਵੇਖੀ ਮਾਣੀ ਦੁਨੀਆ’ ਵਿਚ ਲਿਖਦੇ ਹਨ, “ਇਹ ਨਵਾਂ ਪਿੰਡ 1906 ਵਿਚ ਵੱਸਿਆ। ਮਕਾਨ ਖੁੱਲ੍ਹੇ ਸਨ ਪਰ ਸਨ ਸਾਰੇ ਕੱਚੇ ਹੀ। ਪਿਛੋਂ ਜਿਹੇ ਦੋ ਤਿੰਨ ਘਰ ਪੱਕੇ ਬਣੇ ਪਰ ਹੁਣ ਤਾਂ ਪਿੰਡ ਪੱਕੇ ਮਕਾਨਾਂ ਵਾਲਾ ਕਸਬਾ ਬਣ ਚੁੱਕਾ ਹੈ।”
ਕਾਦੀਵਿੰਡ ਦਾ ਗਰੈਜੂਏਟ ਨਵੀਦ ਖੁਸ਼ੀ ਮੇਰਾ ਫੇਸਬੁੱਕ ਦੋਸਤ ਹੈ। ਮੈਂ ਉਸ ਨੂੰ ਕਾਦੀਵਿੰਡ ਆਉਣ ਦੀ ਸੂਚਨਾ ਦੇ ਦਿੱਤੀ ਸੀ। ਪਿੰਡ ਵਾਲਿਆਂ ਨੂੰ ਉਹਨੇ ਆਪ ਹੀ ਦੱਸ ਛੱਡਿਆ ਕਿ ਸੀਤਲ ਜੀ ਦਾ ਲੜਕਾ ਆਪਣਾ ਘਰ ਦੇਖਣ ਆ ਰਿਹਾ ਹੈ। ਉਸ ਨੇ ਸੀਤਲ ਜੀ ਦੇ ਘਰ ਵਾਲੀ ਗਲੀ ਦੀ ਸਫਾਈ ਕਰਕੇ ਦੋਹੀਂ ਪਾਸੀਂ ਕਲੀ ਨਾਲ ਲਕੀਰਾਂ ਵਿਧਾ ਕੇ ‘ਵੈਲਕਮ’ ਲਿਖਿਆ ਹੋਇਆ ਸੀ। ਜਦ ਅਸੀਂ ਉਥੇ ਪਹੁੰਚੇ ਤਾਂ ਨਵੀਦ ਸਮੇਤ ਪਿੰਡ ਦੇ ਲੋਕਾਂ ਨੇ ਗੁਲਾਬ ਦੇ ਫੁੱਲਾਂ ਦੇ ਹਾਰ ਪਾ ਕੇ ਮੇਰਾ ਅਤੇ ਸ. ਮਨਮੋਹਨ ਸਿੰਘ ਭੁੱਲਰ ਦਾ ਸਵਾਗਤ ਕੀਤਾ। 47 ਤੋਂ ਪਹਿਲਾਂ ਮਨਮੋਹਨ ਸਿੰਘ ਭੁੱਲਰ ਦਾ ਸਹੁਰਾ ਪਿੰਡ ਸੀ। ਨਵੀਦ ਦੇ ਘਰ ਚਾਹ-ਪਾਣੀ ਪੀਂਦਿਆਂ ਅਸੀਂ ਨਵੀਦ ਦੀ ਦਾਦੀ ਅਤੇ ਸੀਤਲ ਜੀ ਦੇ ਵੱਡੇ ਲੜਕੇ ਰਵਿੰਦਰ ਦੇ ਜਮਾਤੀ ਹਾਜੀ ਮੁਹੰਮਦ ਸ਼ਰੀਫ ਤੋਂ ਵੰਡ ਤੋਂ ਪਹਿਲਾਂ ਦੀਆਂ ਯਾਦਗਾਰੀ ਗੱਲਾਂ ਸੁਣੀਆਂ। ਕਿਵੇਂ ਬਦਮਾਸ਼ ਬਿਸ਼ਨ ਸਿੰਘ ਦੀ ਇਸ ਇਲਾਕੇ ਵਿਚ ਧੁੰਮ ਸੀ। ਉਹ ਪੁਲਿਸ ਤੋਂ ਆਕੀ ਸੀ। ਸਾਰੇ ਭਾਈਚਾਰੇ ਬੜੇ ਪਿਆਰ ਨਾਲ ਵੱਸਦੇ ਸੀ। ਫਿਰ ਸੀਤਲ ਜੀ ਦਾ ਘਰ ਦੇਖਣ ਦੀ ਇੱਛਾ ਦੱਸੀ।
ਸੀਤਲ ਜੀ ਦਾ ਘਰ ਚਾਰ ਕਨਾਲ ਵਿਚ ਪੱਕਾ ਬਣਿਆ ਸੀ, 1947 ਤੋਂ ਪਹਿਲਾਂ। ਹੁਣ ਇਸ ਵਿਚ ਮੇਵਾਤ ਦੇ ਮੇਊਆ ਨੇ ਇਸ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ ਕੋਠੀਆਂ ਪਾ ਲਈਆਂ ਨੇ। ਪੁਰਾਣਾ ਡਾਟਾਂ ਸ਼ਤੀਰੀਆਂ ਅਤੇ ਬਾਲਿਆਂ ਵਾਲਾ ਘਰ ਗਲੀ ਤੋਂ ਕਾਫੀ ਨੀਵਾਂ ਹੋਣ ਕਰਕੇ ਉਸ ਵਿਚ ਹੁਣ ਡੰਗਰ ਬੰਨ੍ਹਦੇ ਨੇ। ਉਸ ਵੇਲੇ ਦੀਆਂ ਕੱਪੜੇ ਟੰਗਣ ਵਾਲੀਆਂ ਕਿੱਲੀਆਂ ਅਜੇ ਉਸੇ ਤਰ੍ਹਾਂ ਨੇ। ਮਾਲਕ ਮੇਊ ਨੇ ਮੈਨੂੰ ਪਾਸੇ ਕਰਕੇ ਕਿਹਾ, “ਸਰਦਾਰ ਜੀ! ਜੇ ਕੋਈ ਸੋਨਾ ਜਾਂ ਪੈਸਾ ਦੱਬਿਆ ਹੈ ਤਾਂ ਸਾਨੂੰ ਦੱਸ ਦਿਓ। ਅਸੀਂ ਤੁਹਾਨੂੰ ਪੁੱਟ ਕੇ ਦੇ ਦਿੰਦੇ ਹਾਂ।” ਉਸ ਨੇ ਸਮਝਿਆ ਹੋਵੇਗਾ ਕਿ ਸੌ ਕਿੱਲੇ ਦੇ ਮਾਲਕ ਨੇ ਦੁਬਾਰਾ ਆ ਜਾਣ ਦੀ ਆਸ ਵਿਚ ਜ਼ਰੂਰ ‘ਮਾਲ’ ਦੱਬਿਆ ਹੋਵੇਗਾ।
ਨਵੀਦ ਨੂੰ ਨਾਲ ਲੈ ਕੇ ਮੈਂ ਸੀਤਲ ਜੀ ਦੀ ਜ਼ਮੀਨ ਦੇਖੀ ਜਿਥੇ ਉਨ੍ਹਾਂ 1943 ਵਿਚ 18 ਕਿੱਲੇ ਬਾਗ ਲਾਇਆ ਸੀ। ਉਸ ਵਿਚੋਂ ਜਾਮਨੂੰ ਦੇ ਸਿਰਫ ਦੋ ਦਰਖਤ ਹੀ ਬੱਚੇ ਨੇ। ਅੱਜ ਵੀ ਪੁਰਾਣੇ ਲੋਕ ਇਨ੍ਹਾਂ ਨੂੰ ਸੀਤਲ ਦੇ ਜਾਮਨੂੰ ਕਹਿੰਦੇ ਨੇ।
ਬਰਕਤ ਸੀਤਲ ਜੀ ਦੇ ਡੰਗਰਾਂ ਦਾ ਵਾਗੀ ਸੀ। ਜਦ ਸੀਤਲ ਜੀ ਪਿੰਡ ਛੱਡ ਕੇ ਤੁਰੇ ਤਾਂ ਉਸ ਦੇ ਮਾਪਿਆਂ ਨੇ ਬਰਕਤ ਦੀ ਬਾਂਹ ਸੀਤਲ ਜੀ ਨੂੰ ਫੜਾ ਦਿੱਤੀ ਕਿ “ਸਰਦਾਰਾ, ਇਹ ਤੇਰੇ ਘਰ ਵਿਚ ਪਲਿਆ ਹੈ, ਜਾਹ ਇਸ ਨੂੰ ਸਿੱਖ ਬਣਾ ਲਈਂ” ਪਰ ਇਕ ਮੁਸਲਮਾਨ ਫਕੀਰ ਨੂੰ ਮਾਰਨ ਦੀ ਘਟਨਾ ਤੋਂ ਡਰ ਕੇ ਸੀਤਲ ਜੀ ਨੇ ਉਸ ਨੂੰ ਵਾਪਸ ਕਾਦੀਵਿੰਡ ਭੇਜ ਦਿੱਤਾ। ਇਸ ਬਾਰੇ ਮੈਂ ਲੇਖ ਵੀ ਲਿਖਿਆ ਸੀ- ‘ਬਰਕਤ, ਬਰਕਤ ਸਿੰਘ ਤੇ ਬਾਬਾ ਬਰਕਤ’ ਜੋ ‘ਪੰਜਾਬ ਟਾਈਮਜ਼’ ਵਿਚ ਛਪਿਆ ਸੀ। ਬਾਬਾ ਬਰਕਤ ਫੌਤ ਹੋ ਗਿਆ ਹੈ। ਮੈਂ ਉਸ ਦੀਆਂ ਨੌਹਾਂ ਨੂੰ ਮਿਲਿਆ ਤੇ ਯਥਾਸ਼ਕਤੀ ਉਨ੍ਹਾਂ ਦੀ ਮਾਇਕ ਸਹਾਇਤਾ ਵੀ ਕੀਤੀ।
ਫਿਰ ਮਨਮੋਹਨ ਸਿੰਘ ਭੁੱਲਰ ਦਾ ਸਹੁਰਾ ਘਰ ਦੇਖਿਆ ਜੋ ਚੰਗੀ ਹਾਲਤ ਵਿਚ ਸੀ। ਜਦੋਂ ਉਥੇ ਗਏ ਤਾਂ ਨਾਲ ਗਏ ਸਈਅਦ ਇਕਬਾਲ ਮੇਊ ਨੇ ਮਕਾਨ ਵਿਚ ਰਹਿੰਦੇ ਸ਼ਰਨਰਥੀ ਮਾਲਕ ਨੂੰ ਇਹ ਕਹਿ ਕੇ ਹਾਸਾ ਪਾ ਦਿੱਤਾ, “ਸਰਦਾਰ ਹੁਰੀਂ ਮਕਾਨ ਦਾ ਕੇਸ ਜਿੱਤ ਗਏ ਨੇ ਤੇ ਕਬਜ਼ਾ ਲੈਣ ਆਏ ਨੇ।
ਮੈਂ ਸੋਹਣ ਸਿੰਘ ਸੀਤਲ ਦਾ ਪਿੰਡ, ਘਰ ਅਤੇ ਖੇਤ ਦੇਖ ਕੇ ਮਾਨਸਿਕ ਤੌਰ ‘ਤੇ ਸੰਤੁਸ਼ਟ ਸਾਂ ਕਿ ਮੇਰੀ ਚਿਰਾਂ ਦੀ ਰੀਝ ਪੂਰੀ ਹੋ ਗਈ ਸੀ।
000
7 ਨਵੰਬਰ ਨੂੰ ਸ. ਮਨਮੋਹਨ ਸਿੰਘ ਭੁੱਲਰ ਅਤੇ ਉਨ੍ਹਾਂ ਦਾ ਲੜਕਾ ਮਨਦੀਪ ਭੁੱਲਰ ਵਾਘਾ ਬਾਰਡਰ ਰਾਹੀਂ ਇੰਡੀਆ ਚਲੇ ਗਏ। ਰਾਤ ਦਾ ਖਾਣਾ ਖਾ ਕੇ ਮੈਂ ਆਪਣੇ ਕਮਰੇ ਵਿਚ ਬੈਠਾ ਸਾਂ। ਮੇਰੇ ਫੇਸਬੁੱਕ ਮਿੱਤਰ ਨਾਸਰ ਢਿਲੋਂ ਦਾ ਫੋਨ ਆਇਆ ਕਿ ਉਹ, ਬਾਬਰ ਜਲੰਧਰੀ ਅਤੇ ਅੰਜਮ ਗਿੱਲ ਮੈਨੂੰ ਮਿਲਣ ਆ ਰਹੇ ਹਨ।
ਨਾਸਰ ਢਿੱਲੋਂ ਦੇ ਵਡੇਰੇ ਜ਼ਿਲ੍ਹਾ ਅੰਮ੍ਰਿਤਸਰ ਦੇ ਮਸ਼ਹੂਰ ਪਿੰਡ ਪੰਜਵੜ ਤੋਂ 1890 ਦੇ ਕਰੀਬ ਇਸ ਬਾਰ ਦੇ ਪਿੰਡ ਚੱਕ ਨੰਬਰ 6 ਪੰਜਵੜ ਜ਼ਿਲ੍ਹ੍ਹਾ ਲਾਇਲਪੁਰ ਵਿਚ ਹੋਰ ਪੰਜਾਬੀ ਜ਼ਿਮੀਦਾਰਾਂ ਨਾਲ ਆਏ ਸਨ। ਚੰਗੀ ਮਿਹਨਤ ਕਰਕੇ ਕਈ ਮੁਰੱਬੇ ਜ਼ਮੀਨ ਬਣਾ ਲਈ। 1947 ਵਿਚ ਉਨ੍ਹਾਂ ਦੇ ਬਜ਼ੁਰਗਾਂ ਨੇ ਪਿੰਡ ਛੱਡਣ ਤੋਂ ਇਨਕਾਰ ਕਰ ਦਿੱਤਾ ਤੇ ਇਸਲਾਮ ਧਰਮ ਕਬੂਲ ਕਰ ਲਿਆ। ਛੇ ਫੁਟ ਉੱਚਾ ਨਾਸਰ ਢਿਲੋਂ ਪੁਲਿਸ ਵਿਚ ਸਬ-ਇੰਸਪੈਕਟਰ ਹੁੰਦੇ ਹੋਏ ਵੀ ‘ਹੈਵਨ ਪ੍ਰਾਪਰਟੀ ਡੀਲਰ’ ਫਰਮ ਦਾ ਮੈਨੇਜਰ ਹੈ ਤੇ ਯੂ-ਟਿਊਬ ‘ਤੇ ‘ਪੰਜਾਬੀ ਲਹਿਰ’ ਨਾਮਕ ਪ੍ਰੋਗਰਾਮ ਵਿਚ 1947 ਤੋਂ ਪਹਿਲਾਂ ਦੇ ਬਜ਼ੁਰਗਾਂ ਦੀਆਂ ਇੰਟਰਵਿਊਆਂ ਲੈ ਕੇ ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਲਈ ਵਧੀਆ ਕੰਮ ਕਰ ਰਿਹਾ ਹੈ।
ਉਹ ਦਸ ਕੁ ਵਜੇ ਆ ਗਏ। ਮਿਲ ਕੇ ਬੜੇ ਖੁਸ਼ ਹੋਏ। ਗੱਲਾਂ-ਬਾਤਾਂ ਕਰਦਿਆਂ ਮੈਂ ਲਾਇਲਪੁਰ ਖਾਲਸਾ ਕਾਲਜ ਦੇਖਣ ਦੀ ਇੱਛਾ ਜ਼ਾਹਿਰ ਕੀਤੀ। ਉਸ ਨੇ ਕਿਹਾ, “ਅੱਜ ਹੀ ਲੈ ਚੱਲਦੇ ਹਾਂ। ਮੇਰਾ ਪਿੰਡ ਚੱਕ 6 ਪੰਜਵੜ, ਲਾਇਲਪੁਰ ਸ਼ਹਿਰ ਤੋਂ 6 ਕਿਲੋਮੀਟਰ ਹੈ।”
ਮੈਂ ਨਾਸਰ ਢਿਲੋਂ ਤੇ ਉਸ ਦਾ ਸਾਥੀ ਵਕਾਸ ਹੈਦਰ ਢਾਈ ਘੰਟੇ ਵਿਚ ਉਨ੍ਹਾਂ ਦੇ ਪਿੰਡ ਪਹੁੰਚ ਗਏ।
ਸਵੇਰੇ ਉਠ ਕੇ ਨਾਸ਼ਤਾ ਕੀਤਾ। ਖਾਲਸਾ ਕਾਲਜ ਦੇਖਣ ਲਈ ਮੈਂ, ਨਾਸਰ ਢਿਲੋਂ ਤੇ ਵਕਾਸ ਹੈਦਰ ਲਾਇਲਪੁਰ ਸ਼ਹਿਰ ਪਹੁੰਚ ਗਏ। ਉਥੇ ਉਨ੍ਹਾਂ ਮੇਰੀ ਇੰਟਰਵਿਊ ਲਈ ਜੋ ‘ਸਰਦਾਰ ਜੀ ਮਿਲੇ ਆਪਣੇ ਬਚਪਨ ਦੇ ਸੱਜਣ ਮੁਹੰਮਦ ਇਸਹਾਕ ਨੂੰ’ ਨਾਂ ਤੇ ਯੂ-ਟਿਊਬ ‘ਤੇ ਪਾ ਦਿੱਤੀ।
ਨਾਸਰ ਢਿਲੋਂ ਨੇ ਲਾਇਲਪੁਰ ਸ਼ਹਿਰ ਦੇ ਘੰਟਾ ਘਰ ਦੇ ਲਾਗੇ ਉਤਾਰ ਕੇ ਮੇਰੀ ਵੀਡੀਓ ਬਣਾਈ। ਇਸ ਘੰਟਾ ਘਰ ਦੇ ਮੁੱਖ ਦਵਾਰ ‘ਤੇ ਲੱਗੀ ਸਿੱਲ ‘ਤੇ ਇਸ ਦੀ ਤਾਮੀਰ 1930-32 ਬਿਕਰਮੀ ਸੰਮਤ ਗੁਰਮੁਖੀ, ਸ਼ਾਹਮੁਖੀ ਤੇ ਅੰਗਰੇਜ਼ੀ ਵਿਚ ਲਿਖੀ ਹੋਈ ਹੈ। ਇਸ ਗੋਲ ਚੱਕਰ ‘ਤੇ ਬਰਤਾਨੀਆ ਸਾਮਰਾਜ ਦੇ ਝੰਡੇ ਯੂਨੀਅਨ ਜੈਕ ਦੇ ਨਮੂਨੇ ‘ਤੇ ਬਣਾਈਆਂ ਅੱਠ ਸੜਕਾਂ ਮਿਲਦੀਆਂ ਨੇ।
ਲਾਇਲਪੁਰ ਦਾ ਨਾਂ ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮੇਜਰ ਬਰਾਡਵੁੱਡ ਲਾਇਲ ਦੇ ਨਾਂ ‘ਤੇ ਰੱਖਿਆ ਗਿਆ ਸੀ। ਇਸ ਦੀ ਤਾਮੀਰ 1892 ਵਿਚ ਮੁਕੰਮਲ ਹੋਈ। ਇਹ ਨਵੀਂ ਕਿਸਮ ਦਾ ਮਾਡਲ ਗਰਾਮ ਸੀ।
ਇਸ ਤੋਂ ਬਾਅਦ ਨਾਸਰ ਢਿਲੋਂ ਨੇ ਮੈਨੂੰ ਅਤੇ ਵਕਾਸ ਹੈਦਰ ਨੂੰ ਕਾਲਜ ਦੇ ਮੁੱਖ ਗੇਟ ‘ਤੇ ਉਤਾਰ ਦਿੱਤਾ। ਆਪ ਇਸ ਲਈ ਕਾਲਜ ਨਾ ਗਏ ਕਿਉਂਕਿ ਸੈਲੀਬ੍ਰਿਟੀ ਹੋਣ ਕਰਕੇ ਉਹਨੂੰ ਚਾਹ-ਪਾਣੀ ਲਈ ਮਜਬੂਰ ਕਰਨਗੇ ਕਿਉਂਕਿ ਉਹਨੇ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਦੀ ਕਵਰੇਜ ਲਈ ਨਨਕਾਣਾ ਸਾਹਿਬ ਪੁੱਜਣਾ ਸੀ।
ਕਾਲਜ ਦੀ ਬਿਲਡਿੰਗ 110 ਸਾਲ ਪੁਰਾਣੀ ਹੋਣ ਦੇ ਬਾਵਜੂਦ ਬੜੀ ਮਜ਼ਬੂਤ ਹੈ। ਬਰਾਂਡੇ ਵਿਚ ਲੱਗੀ ਸਿੱਲ ਦੱਸ ਰਹੀ ਸੀ ਕਿ ਇਹ ਕਾਲਜ ਪਹਿਲਾਂ ਹਾਈ ਸਕੂਲ ਵਜੋਂ ਸ਼ੁਰੂ ਹੋਇਆ ਸੀ। ਅਸਲ ਇਬਾਰਤ ਇੰਜ ਸੀ:

ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਧਰਤ ਸੁਹਾਵੜੀ ਮੰਸ ਸੁਵੰਨੜੀ ਦੇਹ।
ਵਿਰਲੇ ਕੋਈ ਪਾਈਐ ਨਾਲ ਪਿਆਰੇ ਨੇਹ।
ਖਾਲਸਾ ਹਾਈ ਸਕੂਲ ਲਾਇਲਪੁਰ ਦੀ
ਇਹ ਭੂਮ ਰੰਗਾਵਲੀ
ਸਰਕਾਰ ਜਵੰਦ ਸਿੰਘ ਜੀ ਵਾਸੀ
ਚੱਕ ਨੰ: 213 ਨੇ ਆਪਣੇ ਧੰਨ ਭਾਗ ਜਾਣ ਕੇ ਖੇਤ ਪਛਾਣਹਿ ਬੀਜਹਿ ਦਾਨ
ਗੁਰ-ਵਾਕ ਅਨੁਸਾਰ
ਪੰਥ ਗੁਰੂ ਦੀ ਸੇਵਾ ਵਿਚ ਸਮਰਪਣ ਕੀਤੀ
ਸਿਲ ਦੇ ਉਪਰ ਦੋਹੀਂ ਪਾਸੀਂ ਗੋਲਾਈ ਵਿਚ ਪਈਆਂ ਦੋ ਕਿਰਪਾਨਾਂ ਵਿਚ ਸਿੱਧੇ ਖੜੋਤੇ ਖੰਡੇ ਦੇ ਆਕਾਰ ਉਕਰੇ ਹੋਏ ਸਨ। ਹੇਠਾਂ ਅੰਗਰੇਜ਼ੀ ਵਿਚ ਇਹ ਇਬਾਰਤ ਸੀ:
ਠਹਸਿ ਪਇਚੲ ੋਾ ਲਅਨਦ ਾੋਰ
ਠਹੲ ਖਹਅਲਸਅ ੍ਹਗਿਹ ੰਚਹੋੋਲ ਼ੇਅਲਲਪੁਰ ਸਿ ਟਹੲ ਗਾਿਟ ੋਾ ੰ। ਝਅੱਅਨਦ ੰਨਿਗਹ ੋਾ ਛਹਅਚਕ ਂੋ। 213।
ਇਹ ਸਕੂਲ 1908 ਵਿਚ ਬਣਿਆ ਸੀ। ਬਾਅਦ ਵਿਚ ਇਹ ਖਾਲਸਾ ਕਾਲਜ ਵਿਚ ਤਬਦੀਲ ਹੋ ਗਿਆ। ਇਥੇ ਹੀ ਪ੍ਰਿਥਵੀ ਰਾਜ ਵਰਗੇ ਹੋਰ ਪ੍ਰਸਿੱਧ ਲੋਕਾਂ ਨੇ ਵਿਦਿਆ ਹਾਸਲ ਕੀਤੀ। ਪੰਜਾਬ ਵੰਡ ਤੋਂ ਪਹਿਲਾਂ ਇਸ ਕਾਲਜ ਵਿਚ ਬਿਨਾ ਕਿਸੇ ਭੇਦਭਾਵ ਦੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੇ ਬੱਚੇ ਪੜ੍ਹਦੇ ਸਨ। ਅੱਜ ਕੱਲ੍ਹ ਇਸ ਦਾ ਨਾਂ ਗੌਰਮਿੰਟ ਮਿਉਂਸਪਲ ਡਿਗਰੀ ਕਾਲਜ, ਫੈਸਲਾਬਾਦ ਹੈ। 1977 ਵਿਚ ਲਾਇਲਪੁਰ ਦਾ ਨਾਂ ਸਾਊਦੀ ਅਰਬ ਦੇ ਬਾਦਸ਼ਾਹ ਸ਼ਾਹ ਫੈਸਲ ਦੇ ਨਾਂ ‘ਤੇ ਫੈਸਲਾਬਾਦ ਕਰ ਦਿੱਤਾ ਗਿਆ ਸੀ। 1947 ਤੋਂ ਪਹਿਲਾਂ ਇਥੇ ਐਗਰੀਕਲਚਰ ਕਾਲਜ ਹੁੰਦਾ ਸੀ ਜੋ ਹੁਣ ਬਹੁਤ ਵੱਡੀ ਐਗਰੀਕਲਚਰ ਯੂਨੀਵਰਸੀਟੀ ਵਿਚ ਤਬਦੀਲ ਹੋ ਚੁੱਕਾ ਹੈ।
ਬਰਾਂਡਾ ਲੰਘ ਕੇ ਜਦ ਮੈਂ ਕਾਲਜ ਦੇ ਦਫਤਰ ਪਹੁੰਚਿਆ ਤਾਂ ਸਾਰੇ ਸਟਾਫ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੇਰੇ ਨਾਲ ਵੀਡੀਓ ਬਣਾਵਾਈਆਂ ਅਤੇ ਫੋਟੋਆਂ ਖਿਚਵਾਈਆਂ। ਦਫਤਰ ਵਿਚ ਪ੍ਰਿੰਸੀਪਲ ਦੀ ਕੁਰਸੀ ਪਿੱਛੇ ਕੰਧ ‘ਤੇ ਲਗੀ ਛੋਟੀ ਜਿਹੀ ਤਖਤੀ ‘ਤੇ ਮੇਰੀ ਨਜ਼ਰ ਪਈ, ਲਿਖਿਆ ਸੀ:
ਘ੍ਰਓੳਠ ਫਓੌਫ਼ਓ ਠੳ਼ਕ ੳਭੌੂਠ ੀਧਓੳੰ
ਓੜਓ੍ਰੳਘਓ ਫਓੌਫ਼ਓ ਠੳ਼ਖ ੳਭੌੂਠ ਠ੍ਹੀਂਘੰ
ੰੰੳ਼਼ ਫਓੌਫ਼ਓ ਠੳ਼ਖ ੳਭੌੂਠ ੌਠ੍ਹਓ੍ਰੰ
ਭਾਵ, ਮਹਾਨ ਲੋਕ ਵਿਚਾਰਾਂ ਬਾਰੇ ਗੱਲਾਂ ਕਰਦੇ ਨੇ। ਔਸਤ ਦਰਜੇ ਦੇ ਲੋਕ ਚੀਜ਼ਾਂ ਵਸਤਾਂ ਬਾਰੇ ਗੱਲਾਂ ਕਰਦੇ ਨੇ। ਛੋਟੇ ਲੋਕ ਦੂਜਿਆਂ ਬਾਰੇ ਲੱਗਾਂ ਕਰਦੇ ਨੇ।
ਸੱਜੇ ਪਾਸੇ ਵਾਲੀ ਕੰਧ ‘ਤੇ ਸਭ ਤੋਂ ਉਪਰ ਜ਼ਮੀਨ ਦਾਨ ਕਰਨ ਵਾਲੇ ਸ. ਜਵੰਦ ਸਿੰਘ ਜੀ ਦੀ ਫੋਟੋ ਅਤੇ ਹੇਠਾਂ ਸ. ਬਲਵੰਤ ਸਿੰਘ ਅਨੰਦ ਤੇ ਐਸ.ਬੀ. ਸੇਨ ਗੁਪਤਾ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਮੇਰਾ ਮਨ ਬੜਾ ਖੁਸ਼ ਹੋਇਆ ਕਿ ਲੋਕ ਭਲਾਈ ਦਾ ਕੰਮ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਅੱਜ ਵੀ ਮਾਣ-ਸਤਿਕਾਰ ਦਿੱਤਾ ਹੋਇਆ ਹੈ। ਟੋਭਾ ਟੇਕ ਸਿੰਘ ਦਾ ਨਾਂ ਵੀ ਜਨੂਨੀ ਲੋਕ ਬਦਲਣਾ ਚਾਹੁੰਦੇ ਸਨ ਪਰ ਉਸ ਸਮੇਂ ਦੇ ਗਵਰਨਰ ਨੇ ਜਦੋਂ ਲੋਕਾਂ ਤੋਂ ਸ. ਟੇਕ ਸਿੰਘ ਬਾਰੇ ਪਿਆਸੇ ਲੋਕਾਂ ਨੂੰ ਪਾਣੀ ਪਿਆਉਣ ਦੀ ਗੱਲ ਸੁਣੀ ਤਾਂ ਉਨ੍ਹਾਂ ਗੈਰ ਸਿੱਖ ਹੁੰਦਿਆਂ ਵੀ ਟੋਭਾ ਟੇਕ ਸਿੰਘ ਦਾ ਨਾਂ ਬਦਲਣ ਤੋਂ ਇਨਕਾਰ ਕਰ ਦਿੱਤਾ। ਟੋਭਾ ਟੇਕ ਸਿੰਘ ਪਹਿਲਾਂ ਲਾਇਪੁਰ ਜ਼ਿਲ੍ਹੇ ਦੀ ਤਹਿਸੀਲ ਹੁੰਦੀ ਸੀ ਅਤੇ ਹੁਣ ਇਹ ਜ਼ਿਲ੍ਹਾ ਹੈ। ਸੈਕੂਲਰ ਭਾਰਤ ਵਿਚ ਸੱਤਾਧਾਰੀ ਅੱਜ ਦਿਆਲ ਸਿੰਘ ਕਾਲਜ, ਦਿੱਲੀ ਦਾ ਨਾਂ ਬਦਲਣਾ ਚਾਹੁੰਦੇ ਨੇ ਪਰ ਲਾਹੌਰ ਵਿਚ ਅੱਜ ਵੀ ਦਿਆਲ ਸਿੰਘ ਕਾਲਜ ਅਤੇ ਦਿਆਲ ਸਿੰਘ ਲਾਇਬਰੇਰੀ ਦੇ ਨਾਂ ਪਹਿਲਾਂ ਵਾਂਗ ਕਾਇਮ ਨੇ। ਅਸਲ ਵਿਚ, ਸਿਆਸਤਦਾਨਾਂ ਨੇ ਆਪਣੇ ਸਿਆਸੀ ਮੁਫਾਦਾਂ ਖਾਤਰ ਲੋਕਾਂ ਅੰਦਰ ਧਰਮ ਦਾ ਜਨੂਨ ਭਰ ਕੇ ਪਾੜਾ ਵਧਾ ਦਿੱਤਾ ਹੈ।
ਅੰਗਰੇਜ਼ੀ ਦੇ ਪ੍ਰੋਫੈਸਰ ਸਾਹਿਬ ਬੜੇ ਚੰਗੇ ਸੁਭਾਅ ਦੇ ਮਾਲਕ ਤੇ ਸੋਸ਼ਲ ਬੰਦੇ ਸਨ। ਉਨ੍ਹਾਂ ਮੈਨੂੰ ਮੁੰਡਿਆਂ, ਕੁੜੀਆਂ ਦੇ ਕਲਾਸਰੂਮਾਂ ਵਿਚ ਵਿਦਿਆਰਥੀਆਂ ਨਾਲ ਵੀ ਮਿਲਾਇਆ। ਜਦ ਅਸੀਂ ਲੜਕੀਆਂ ਦੀ ਐਮ.ਏ. ਸਾਈਕਲੋਜੀ ਦੀ ਕਲਾਸ ਵਿਚ ਗਏ ਤਾਂ ਔਰਤ ਪ੍ਰੋਫੈਸਰ ਨੇ ਲੜਕੀਆਂ ਤੋਂ ਤਾੜੀਆਂ ਮਰਵਾ ਕੇ ਮੇਰਾ ਸਵਾਗਤ ਕੀਤਾ। ਔਰਤ ਪ੍ਰੋਫੈਸਰ ਅਤੇ ਲੜਕੀਆਂ ਸਮੇਤ ਸਾਰੀਆਂ ਫੁੱਲ ਡਰੈਸ ਵਿਚ ਸਨ। ਅੰਗਰੇਜ਼ੀ ਦੇ ਪ੍ਰੋਫੈਸਰ ਨੇ ਮੇਰੀ ਵਾਕਫੀਅਤ ਕਰਾਉਂਦਿਆਂ ਕਿਹਾ ਕਿ “ਸਰਦਾਰ ਹੁਰੀਂ ਰਿਟਾਇਰਡ ਟੀਚਰ ਨੇ ਤੇ ਅੱਜ ਕੱਲ੍ਹ ਅਮਰੀਕਾ ਵਿਚ ਰਹਿ ਰਹੇ ਨੇ। ਇਹ ਪਾਕਿਸਤਾਨ ਦੇ ਬਣਨ ਦੀ ਹਿਸਟਰੀ ਅਤੇ ਇਸਲਾਮ ਬਾਰੇ ਖਾਸੀ ਜਾਣਕਾਰੀ ਰੱਖਦੇ ਨੇ ਜਿਵੇਂ ਸਿੱਖ ਧਰਮ ਤੇ ਇਸਲਾਮ ਧਰਮ ਵਿਚ ਇਕ ਰੱਬ ਨੂੰ ਮੰਨਣਾ ਤੇ ਮੂਰਤੀ ਪੂਜਾ ਨਾ ਕਰਨਾ। ਇਨ੍ਹਾਂ ਦੇ ਮੁਕੱਦਸ (ਪਵਿੱਤਰ) ਅਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਪਾਸੋਂ ਰਖਵਾਈ ਸੀ।
ਕਾਲਜ ਦੀ ਮਜ਼ਬੂਤ ਇਮਾਰਤ 110 ਸਾਲ ਪਹਿਲਾਂ ਬਣੀ ਸੀ ਜੋ ਇੰਨੇ ਹੀ ਹੋਰ ਸਾਲ ਮਜ਼ਬੂਤ ਰਹੇਗੀ। ਉਹੋ ਬਾਲੇ ਰੰਗ-ਰੋਗਨ ਕਰਕੇ ਵਧੀਆ ਤਰੀਕੇ ਨਾਲ ਸੰਭਾਲੇ ਹੋਏ ਨੇ। ਸ. ਜਵੰਦ ਸਿੰਘ ਜੀ ਭਲਾਈ ਦੇ ਇਸ ਕੰਮ ਲਈ ਅੱਜ ਵੀ ਪਾਕਿਸਤਾਨ ਵਿਚ ਸਤਕਾਰੇ ਜਾ ਰਹੇ ਨੇ।
ਕਾਲਜ ਦੇਖਣ ਤੋਂ ਬਾਅਦ ਸਾਰਾ ਕਾਲਜ ਸਟਾਫ ਸਾਨੂੰ ਬਾਹਰਲੀ ਸੜਕ ‘ਤੇ ਅਲਵਿਦਾ ਕਰਕੇ ਗਿਆ।
(ਚੱਲਦਾ)