ਗੁਲਜ਼ਾਰ ਸਿੰਘ ਸੰਧੂ
ਮੇਰੀ ਉਮਰ 88 ਸਾਲ ਹੈ। ਮੈਂ 1953 ਤੋਂ ਦਿੱਲੀ ਅਤੇ ਚੰਡੀਗੜ੍ਹ ਰਹਿ ਰਿਹਾ ਹਾਂ। ਸ੍ਰੀ ਧਰਮ ਪਾਲ ਦੇ ਚੰਡੀਗੜ੍ਹ ਦਾ ਨਵਾਂ ਪ੍ਰਸ਼ਾਸਕ ਥਾਪੇ ਜਾਣ ਨੇ ਮੈਨੂੰ ਆਪਣੇ ਬਚਪਨ ਵਾਲਾ ਬੰਗਾ ਚੇਤੇ ਕਰਵਾ ਦਿੱਤਾ ਹੈ; ਖਾਸ ਕਰਕੇ ਉਥੋਂ ਦਾ ਰੇਲਵੇ ਸਟੇਸ਼ਨ। ਧਰਮ ਪਾਲ ਦਾ ਜੱਦੀ ਪਿੰਡ ਖਮਾਚੋਂ ਹੈ, ਸ਼ਹੀਦ ਭਗਤ ਸਿੰਘ ਦੇ ਜੱਦੀ ਪੁਸ਼ਤੀ ਪਿੰਡ ਖਟਕੜ ਕਲਾਂ ਦੇ ਨੇੜੇ। ਖਮਾਚੋਂ ਬੰਗੇ ਤੋਂ ਗੜ੍ਹਸ਼ੰਕਰ ਜਾਣ ਵਾਲੀ ਸੜਕ ਉਤੇ ਓਨੀ ਹੀ ਦੂਰੀ ਉੱਤੇ ਹੈ, ਜਿੰਨਾ ਬੰਗਾ-ਨਵਾਂ ਸ਼ਹਿਰ ਸੜਕ ਉੱਤੇ ਖਟਕੜ ਕਲਾਂ; ਕੋਈ ਚਾਰ ਕਿਲੋਮੀਟਰ।
ਧਰਮ ਪਾਲ ਦੀ ਪ੍ਰਾਇਮਰੀ ਵਿਦਿਆ ਖਮਾਚੋਂ ਦੀ ਹੈ, ਉਚੇਰੀ ਪੜ੍ਹਾਈ ਬੰਗਾ ਅਤੇ ਇੰਜੀਨੀਅਰਿੰਗ ਵਿਦਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ। ਮੇਰਾ ਜੱਦੀ ਪਿੰਡ ਸੂਨੀ ਜਿਲਾ ਹੁਸ਼ਿਆਰਪੁਰ ਦੇ ਮਾਹਿਲਪੁਰ ਥਾਣੇ ਵਿਚ ਪੈਂਦਾ ਹੈ, ਪਰ ਸਾਨੂੰ ਰੇਲਵੇ ਸਟੇਸ਼ਨ ਬੰਗਾ ਦਾ ਲਗਦਾ ਹੈ, ਜੋ ਜਿਲਾ ਜਲੰਧਰ (ਹੁਣ ਨਵਾਂ ਸ਼ਹਿਰ) ਦਾ ਪੁਲਿਸ ਸਟੇਸ਼ਨ ਹੈ। ਮੇਰਾ ਬੰਗਾ ਨਾਲੋਂ ਨਾਤਾ ਟੁੱਟਿਆਂ ਸੱਤ ਦਹਾਕੇ ਹੋਣ ਵਾਲੇ ਹਨ।
ਮੈਨੂੰ ਆਪਣੇ ਬਚਪਨ ਦੇ ਬੰਗਾ ਸਟੇਸ਼ਨ ਦੀਆਂ ਦੋ ਗੱਲਾਂ ਕੱਲ੍ਹ ਵਾਂਗ ਚੇਤੇ ਹਨ। ਪਹਿਲੀ ਕਿ ਪਲੈਟਫਾਰਮ ਉੱਤੇ ਰੱਖੇ ਪੀਣ ਵਾਲੇ ਪਾਣੀ ਦੇ ਘੜਿਆ ਉੱਤੇ ਮੋਟੇ ਅੱਖਰਾਂ ਵਿਚ ‘ਹਿੰਦੂ ਪਾਣੀ’ ਤੇ ‘ਮੁਸਲਮਾਨ ਪਾਣੀ’ ਲਿਖਿਆ ਹੁੰਦਾ ਸੀ। ਅਖਬਾਰਾਂ ਵੇਚਣ ਵਾਲੇ ਦਾ ਹੋਕਾ ਵੀ ਚੇਤੇ ਹੈ। ‘ਮਿਲਾਪ, ਪ੍ਰਤਾਪ, ਪ੍ਰਭਾਤ, ਅਜੀਤ ਅਖਬਾਰ ਏ।’ ਇਹ ਗੱਲ ਮੈਨੂੰ ਬਾਅਦ ਵਿਚ ਪਤਾ ਲੱਗੀ ਕਿ ਅਜੀਤ ਸਮਾਚਾਰ ਸਮੂਹ ਦੇ ਬਾਨੀ ਸਾਧੂ ਸਿੰਘ ਹਮਦਰਦ ਦਾ ਪਿੰਡ ਮੱਠਵਾਲੀ ਪੱਦੀ ਬੰਗਾ ਤੋਂ ਖਟਕੜ ਕਲਾਂ ਜਿੰਨੀ ਹੀ ਦੂਰੀ ਉੱਤੇ ਸੀ, ਮੇਰੇ ਪਿੰਡ ਸੂਨੀ ਦੇ ਰਾਹ ਵਿਚ ਕਜਲਾ ਤੇ ਪਠਲਾਵਾ ਨਾਂ ਦੇ ਪਿੰਡਾਂ ਵਿਚਕਾਰ, ਜਿਲਾ ਹੁਸ਼ਿਆਰਪੁਰ ਤੇ ਜਲੰਧਰ ਦੇ ਬਾਰਡਰ ਉੱਤੇ।
ਮੈਂ ਅੱਜ ਕੱਲ ਆਪਣੇ ਪਹਾੜੀ ਟਿਕਾਣੇ ਉੱਤੇ ਹਾਂ। ਕਸਬਾ ਧਰਮਪੁਰ ਦੀ ਬੁੱਕਲ ਤੇ ਕਸੌਲੀ ਦੇ ਪੈਰਾਂ ਵਿਚ। ਇਥੇ ਨਿੱਕੀਆਂ ਖਬਰਾਂ ਘੱਟ ਪਹੁੰਚਦੀਆਂ ਹਨ। ਉਹ ਵੀ ਸਮਾਂ ਪਾ ਕੇ। ਪਿਛਲੇ ਦਿਨਾਂ ਵਿਚ ਚੰਡੀਗੜ੍ਹ ਦੇ ਸੈਕਟਰ-36 ਦੇ ਐਸ. ਐਚ. ਓ. ਰਾਮ ਦਿਆਲ ਸਿੰਘ ਦੀ ਡਿਊਟੀ ਚੰਡੀਗੜ੍ਹ ਵਿਜੀਲੈਂਸ ਬਿਊਰੋ ਵਿਚ ਲੱਗਣ ਦੀ ਖਬਰ ਮਿਲੀ ਤਾਂ ਚੰਗਾ ਲੱਗਿਆ। ਰਾਮ ਦਿਆਲ ਜਰਮਨੀ ਦੇ ਫਰੈਂਕਫਰਟ ਸ਼ਹਿਰ ਵਿਚ ਯੂ. ਐਨ. ਓ. ਦੀ ਨੌਕਰੀ ਕਰ ਚੁਕਾ ਹੈ ਤੇ ਅੱਜ ਕੱਲ੍ਹ ਉਸ ਦੀ ਦੇਖ-ਰੇਖ ਹੇਠ ਅਵੇਅਰਨੈਸ ਮਿਸ਼ਨ ਨਾਂ ਦੀ ਇੱਕ ਗੈਰ-ਸਰਕਾਰੀ ਸੰਸਥਾ ਪੰਜਾਬ ਵਿਚ ਸਮਾਜਿਕ ਜਾਗ੍ਰਿਤੀ ਪੈਦਾ ਕਰਨ ਦਾ ਕੰਮ ਕਰ ਰਹੀ ਹੈ।
ਉਹ ਖੁਦ ਮੇਘੋਵਾਲ ਪਿੰਡ ਦਾ ਜਮਪਲ ਹੈ। ਮਾਹਿਲਪੁਰ ਨੇੜੇ ਦਾ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਦਿਨਾਂ ਵਿਚ ਖਟਕੜ ਕਲਾਂ ਵਿਚ ਜਾਗ੍ਰਿਤੀ ਸਮਾਗਮ ਰਚਾਉਣਾ ਉਸ ਦਾ ਨਿਯਮ ਹੈ। ਉਹਦੇ ਨਾਲ ਮੇਰੀ ਪਹਿਲੀ ਮੁਲਾਕਾਤ ਖਟਕੜ ਕਲਾਂ ਦੇ ਇਕ ਸਮਾਗਮ ਵਿਚ ਹੋਈ ਸੀ।
ਫਰੈਂਕਫਰਟ ਵਿਚ ਯੂ. ਐਨ. ਓ. ਦੀ ਨੌਕਰੀ ਕਰਦਿਆਂ ਉਸ ਦੀ ਆਪਣੀ ਅਣਗਹਿਲੀ ਕਾਰਨ ਇੱਕ ਦੁਰਘਟਨਾ ਵਿਚ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ, ਪਰ ਉਸ ਨੇ ਹੌਸਲਾ ਨਹੀਂ ਹਾਰਿਆ ਤੇ ਤੰਦਰੁਸਤ ਹੋਣ ਪਿੱਛੋਂ ਨੌਕਰੀ ਤੇ ਸਮਾਜ ਸੇਵਾ ਦਾ ਕੰਮ ਨਿਰੰਤਰ ਕਰ ਰਿਹਾ ਹੈ। ਆਪਣੇ ਅਜ਼ੀਜ਼ ਰਾਮ ਦਿਆਲ ਦੀ ਵਿਜੀਲੈਂਸ ਬਿਊਰੋ ਵਿਚ ਤਾਇਨਾਤੀ ਦਾ ਸਵਾਗਤ ਹੈ। ਇਹ ਫੈਸਲਾ ਲੈਣ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਨਵੇਂ ਨਵੇਂ ਸਲਾਹਕਾਰ ਧਰਮ ਪਾਲ ਦਾ ਹੱਥ ਹੈ, ਜਿਸ ਦਾ ਪਿਛੋਕੜ ਬੰਗਾ ਹੈ। ਕਸਬਾ ਬੰਗਾ ਬੱਲੇ ਬੱਲੇ!
ਪੰਜਾਬ ਦੀ ਕਿਸਾਨੀ ਤੇ ਅਖਾਣ: ਅਜੋਕੇ ਪ੍ਰਿੰਟ ਤੇ ਬਿਜਲਈ ਮੀਡੀਆ ਤੋਂ ਪਹਿਲਾਂ ਵੀ ਪੁਰਾਣੀ ਪੀੜ੍ਹੀ ਦੇ ਅਨੁਭਵ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਕੇ ਆਏ ਹਨ। ਪੰਜਾਬੀ ਸਭਿਆਚਾਰ ਦੀਆਂ ਜੜ੍ਹਾਂ ਖੇਤੀ ਦੇ ਧੰਦੇ ਨਾਲ ਜੁੜੀਆਂ ਹੋਈਆਂ ਹਨ। ਜੱਟ ਦਾ ਪੁੱਤ ਮਿੱਟੀ ਨਾਲ ਮਿੱਟੀ ਹੁੰਦਾ ਤੇ ਫਸਲਾਂ ਬੀਜਦਾ ਵੱਢਦਾ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਵੀ ਹੁੰਦਾ ਆਇਆ ਹੈ ਅਤੇ ਸਰਕਾਰੀ ਫਰਮਾਨਾਂ ਦਾ ਵੀ। ਦਿੱਲੀ ਦੇ ਬਾਰਡਰ ਉੱਤੇ ਲੱਗੇ ਸੰਯੁਕਤ ਕਿਸਾਨ ਮੋਰਚੇ ਵਾਂਗ।
ਖੇਤੀ ਤੇ ਕਿਸਾਨੀ ਦੀ ਗਾਥਾ ਪੁਸ਼ਤ-ਦਰ-ਪੁਸ਼ਤ ਸੰਭਾਲਣ ਲਈ ਪੰਜਾਬ ਦੇ ਵਸਨੀਕਾਂ ਨੇ ਬੜੇ ਅਖਾਣ ਘੜੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਨ ਸੰਚਾਰ ਕੇਂਦਰ ਨੇ ਅਜਿਹੇ ਅਖਾਣਾ ਦਾ ਸੰਕਲਣ ਕਰਕੇ ‘ਪੰਜਾਬ ਦੀ ਕਿਸਾਨੀ ਬਾਰੇ ਪੰਜਾਬੀ ਅਖਾਣ’ ਨਾਂ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ ਦਰਜ ਅਖਾਣ ਪੰਜਾਬ ਦੀ ਖੇਤੀ, ਪਸ਼ੂ ਪਾਲਣ ਤੇ ਕਿਸਾਨੀ ਦੇ ਜੀਵਨ ਦਾ ਅਸਲੀ ਦਰਪਨ ਹਨ। ਸੰਕਲਨ ਤੇ ਸੰਪਾਦਨ ਕਰਨ ਵਾਲੀ ਜਗਦੀਸ਼ ਕੌਰ ਨੇ ਇਨ੍ਹਾਂ ਅਖਾਣਾਂ ਨੂੰ ਗੁਰਮੁਖੀ ਲਿਪੀ ਦੇ ਪੈਂਤੀ ਅੱਖਰਾਂ ਅਨੁਸਾਰ ਵੰਡਿਆ ਹੈ। ਇੱਥੇ ਨਮੂਨੇ ਵਜੋਂ ਸਿਰਫ ਊੜਾ ਅੱਖਰ ਵਾਲੇ ਉਹ ਅਖਾਣ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦੇ ਅਰਥ ਏਨੇ ਸਰਲ ਤੇ ਸਪਸ਼ਟ ਹਨ ਕਿ ਵਿਆਖਿਆ ਨਹੀਂ ਮੰਗਦੇ।
1. ਉੱਤਮ ਖੇਤੀ, ਮੱਧ ਵਪਾਰ; ਨਖਿਧ ਚਾਕਰੀ, ਭੀਖਾ ਨਿਦਾਰ
2. ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ
3. ਊਠਾਂ ਵਾਲਿਆਂ ਨਾਲ ਦੋਸਤੀ ਤੇ ਦਰਵਾਜ਼ੇ ਨੀਵੇਂ
4. ਊਠਾਂ ਵਾਲੇ ਸਦਾ ਦੀਵਾਲੀਏ, ਮਹੀਆਂ ਵਾਲੇ ਅੱਧੇ
ਭੇਡਾਂ ਵਾਲੇ ਮੌਜ ਕਰਦੇ ਗਏ ਰੁਪਈਏ ਲੱਧੇ।
5. ਓਏ ਜੱਟ ਦੀ ਜੂਨ ਬੁਰੀ, ਹਲ ਛੱਡ ਕੇ ਚਰੀ ਨੂੰ ਜਾਵੇ
ਮਿੱਟੀ ਨਾਲ ਮਿੱਟੀ ਹੋਣ ਵਾਲੀ ਕਿਸਾਨੀ ਤੇ ਖੇਤੀ ਦੇ ਉੱਤਮ ਧੰਦੇ ਨੂੰ ਮਧੋਲਣ ਵਿਚ ਮਾੜੀਆਂ ਸਰਕਾਰਾਂ ਕੀ ਕੁਝ ਕਰਦੀਆਂ ਹਨ, ਪੁਸਤਕ ਵਿਚ ਦਰਜ ਅਖਾਣ ਇਸ ਰੁਚੀ ਉਤੋਂ ਵੀ ਪਰਦਾ ਚੁਕਦੇ ਹਨ। ਪੁਸਤਕ ਸਾਂਭ ਕੇ ਰੱਖਣ ਵਾਲੀ ਹੈ।
ਅੰਤਿਕਾ: ਸਰ ਮੁਹੰਮਦ ਇਕਬਾਲ
ਜਿਸ ਖੇਤ ਸੇ ਦਹਿਕਾਂ ਕੋ ਮੁਈਅਸਰ ਨਹੀਂ ਰੋਜ਼ੀ
ਉਸ ਖੇਤ ਕੇ ਹਰ ਖੋਸ਼ਾ-ਏ-ਗੰਦਮ ਕੋ ਜਲਾ ਦੋ।