ਜੋਤੀ ਹੀਰ, ਜਲੰਧਰ
ਮੈਂ ਕਿਤੇ ਪੜ੍ਹਿਆ ਸੀ ਕਿ ਇਕ ਸੂਫੀ ਕੋਲ ਇਕ ਮੁਸਾਫਿਰ ਗਿਆ ਤੇ ਉਸ ਨੇ ਦੇਖਿਆ ਕਿ ਸੂਫੀ ਦਾ ਘਰ ਬਹੁਤ ਹੀ ਸਾਧਾਰਨ ਕਮਰਾ ਸੀ। ਉਸ ਕੋਲ ਸਿਰਫ ਇਕ ਮੈਟ ਤੇ ਲੈਂਪ ਹੀ ਸੀ। ਇਹ ਦੇਖ ਕੇ ਮੁਸਾਫਿਰ ਹੈਰਾਨ ਹੋ ਕੇ ਪੁੱਛਣ ਲੱਗਾ, ‘ਸੂਫੀ, ਤੁਹਾਡਾ ਬਾਕੀ ਸਮਾਨ ਮੰਜਾ-ਬਿਸਤਰਾ ਆਦਿ ਕਿੱਥੇ ਹੈ?’ ਸੂਫੀ ਨੇ ਇਹੀ ਪ੍ਰਸ਼ਨ ਮੁਸਾਫਿਰ ਨੂੰ ਪੁੱਛਿਆ, ‘ਹੇ ਮੁਸਾਫਿਰ ਤੁਹਾਡਾ, ਸਮਾਨ ਕਿੱਥੇ ਹੈ?’ ਮੁਸਾਫਿਰ ਨੇ ਆਖਿਆ, ‘ਪਰ ਮੈਂ ਤਾਂ ਇਕ ਮੁਸਾਫਿਰ ਹਾਂ।’ ਉੱਤਰ ਸੁਣ ਕੇ ਸੂਫੀ ਨੇ ਹੱਸਦਿਆਂ ਜਵਾਬ ਦਿੱਤਾ, ‘…ਤੇ ਮੈਂ ਵੀ ਉਹ ਹੀ ਹਾਂ।’
ਇਹ ਕਥਾ ਬੜੀ ਸਰਲਤਾ ਨਾਲ ਦਸਦੀ ਹੈ ਕਿ ਅਸੀਂ ਸਾਰੇ ਹੀ ਇੱਥੇ ਸਫਰ ‘ਤੇ ਹਾਂ। ਸਫਰ ਕਰਨਾ ਹੀ ਸਾਡੀ ਜ਼ਿੰਦਗੀ ਦੀ ਦਾਸਤਾਂ ਹੈ। ਹਰ ਰੋਜ਼ ਅਸੀਂ ਸਾਰੇ ਕੰਮਾਂ-ਕਾਰਾਂ ਦੀ ਭੱਜ ਦੌੜ ਵਿਚ ਸਫਰ ਕਰਦੇ ਹਾਂ। ਕੋਈ ਕਿਤੇ ਜਾ ਰਿਹਾ ਹੁੰਦਾ ਹੈ ਤੇ ਕੋਈ ਕਿਤੇ।
ਬਸ ਇਸੇ ਤਰ੍ਹਾਂ ਹੀ ਅਸੀਂ ਪਤੀ-ਪਤਨੀ ਵੀ ਜ਼ਿਆਦਾਤਰ ਸਫਰ ਕਰਦੇ ਰਹਿੰਦੇ ਹਾਂ। ਫਿਲਮ ਨਿਰਦੇਸ਼ਨ ਦੇ ਕਾਰਜ ਨਾਲ ਜੁੜੇ ਹੋਣ ਕਰਕੇ ਸਫਰ ਸਾਡੇ ਕੰਮ ਦਾ ਹਿੱਸਾ ਹੈ। ਸਫਰ ਦੌਰਾਨ ਸਾਨੂੰ ਸਭ ਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਤੇ ਮੈਂ ਵੀ ਕੁਝ ਨਵਾਂ ਸਿੱਖਦੀ ਰਹਿੰਦੀ ਹਾਂ। ਤੁਸੀਂ ਕਿਸੇ ਵੀ ਯਾਤਰਾ ‘ਤੇ ਜਾਂਦੇ ਹੋ ਤਾਂ ਬਹੁਤ ਸਾਰੀ ਘਟਨਾਵਾਂ ਅਜਿਹੀਆਂ ਤੁਹਾਡੇ ਨਾਲ ਵਾਪਰਦੀਆਂ ਹਨ, ਜੋ ਸ਼ਾਇਦ ਪਹਿਲਾਂ ਕਦੀ ਨਾ ਵਾਪਰੀਆਂ ਹੋਣ, ਭਾਵੇਂ ਕਈ ਵਾਰ ਉਨ੍ਹਾਂ ਬਾਰੇ ਸੁਣਿਆ ਜ਼ਰੂਰ ਹੁੰਦਾ ਹੈ ਜਾਂ ਕਿਸੇ ਟੀ. ਵੀ. ਜਾਂ ਫਿਲਮ ਵਿਚ ਦੇਖਿਆ ਹੁੰਦਾ ਹੈ, ਪਰ ਜਦੋਂ ਉਹ ਘਟਨਾਵਾਂ ਤੁਹਾਡੀ ਅਸਲ ਜ਼ਿੰਦਗੀ ਵਿਚ ਵਾਪਰਨ ਤਾਂ ਨਿਸ਼ਚਿਤ ਹੀ ਤੁਸੀਂ ਹੈਰਾਨ ਹੋ ਜਾਂਦੇ ਹੋ। ਉਹ ਘਟਨਾ ਛੋਟੀ ਵੀ ਹੋ ਸਕਦੀ ਹੈ ਤੇ ਵੱਡੀ ਵੀ; ਪਰ ਸਵਾਲ ਹੈ ਕਿ ਤੁਸੀਂ ਉਸ ਨੂੰ ਕਿੰਨਾ ਮਹੱਤਵ ਦਿੰਦੇ ਹੋ?
ਇਕ ਦਿਨ ਜਲੰਧਰ ਤੋਂ ਬਰਨਾਲੇ ਜਾ ਰਹੇ ਸਾਂ-ਗੱਲਾਂ ਕਰਦੇ, ਸੰਗੀਤ ਸੁਣਦੇ ਆਪਣੇ ਇਸ ਸਫਰ ਦਾ ਆਨੰਦ ਲੈਂਦੇ। ਰਸਤੇ ਵਿਚ ਮੈਨੂੰ ਭੁੱਖ ਲੱਗ ਗਈ, ਤਾਂ ਅਸੀਂ ਸੜਕ ਦੇ ਇਕ ਪਾਸੇ ਫਲਾਂ ਦੀਆਂ ਰੇਹੜੀਆਂ ਲੱਗੀਆਂ ਦੇਖੀਆਂ ਤੇ ਕਾਰ ਇਕ ਰੇਹੜੀ ਕੋਲ ਜਾ ਰੋਕੀ। ਫਲਾਂ ਵਿਚ ਜ਼ਿਆਦਾਤਰ ਤਰਬੂਜ਼, ਖਰਬੂਜੇ ਤੇ ਆਲੂ ਬੁਖਾਰੇ ਹੀ ਸਨ। ਹੁਣ ਮਸਲਾ ਇਹ ਸੀ ਕਿ ਰਸਤੇ ਵਿਚ ਤੁਸੀਂ ਤਰਬੂਜ਼ ਜਾਂ ਖਰਬੂਜਾ ਤਾਂ ਨਹੀਂ ਖਾ ਸਕਦੇ, ਕਿਉਂਕਿ ਉਸ ਨੂੰ ਕੱਟਣ ਲਈ ਚਾਕੂ ਤੇ ਰੱਖਣ ਲਈ ਬਰਤਨ ਵੀ ਚਾਹੀਦਾ ਸੀ। ਇਸ ਲਈ ਅਸੀਂ ਆਲੂ ਬੁਖਾਰੇ ਖਰੀਦਣ ਦਾ ਫੈਸਲਾ ਕੀਤਾ। ਪਹਿਲੀ ਰੇਹੜੀ ਵਾਲੇ ਨੂੰ ਰੇਟ ਪੁੱਛਿਆਂ ਤਾਂ ਉਸ ਨੇ 180 ਰੁਪਏ ਕਿਲੋ ਦੱਸੇ। ਪਰਮਜੀਤ ਨੇ ਕਿਹਾ ਕਿ ਤੁਸੀਂ ਕਾਰ ਦੇਖ ਕੇ ਰੇਟ ਨਾ ਜ਼ਿਆਦਾ ਦੱਸਿਆ ਕਰੋ।
ਅਗਲੀ ਰੇਹੜੀ ਵਾਲੇ ਨੂੰ ਪੁੱਛਿਆ ਤਾਂ ਉਸ ਨੇ ਵੀ ਉਹੀ ਰੇਟ ਦੱਸਿਆ। ਖੈਰ ਤੀਜੀ ਰੇਹੜੀ ਵਾਲੇ ਨੂੰ ਪੁੱਛਿਆ ਤਾਂ ਉਸ ਨੇ ਕਿਹਾ 140 ਦੇ ਕਿੱਲੋ। ਇਹ ਸੁਣ ਕੇ ਅਸੀਂ ਆਪਸ ਵਿਚ ਹੀ ਹੱਸਣ ਲੱਗੇ ਕਿ ਕਮਾਲ ਆ, ਚਾਲੀ ਕਦਮਾਂ ‘ਚ ਚਾਲੀਆਂ ਦਾ ਫਰਕ। ਸਾਡੇ ਅੰਦਰ ਵੀ ਖਰੀਦਦਾਰ ਜਾਗ ਪਿਆ ਤੇ ਅਸੀਂ ਉਸ ਨੂੰ ਕਿਹਾ ਕਿ ਅਸੀਂ ਸਵਾ ਸੋ ਦੇਵਾਂਗੇ ਤੇ ਉਹ ਮੰਨ ਗਿਆ।
ਜਿਉਂ ਹੀ ਮੇਰੇ ਪਤੀ ਕਾਰ ‘ਚੋਂ ਉੱਤਰ ਕੇ ਫਲ ਲੈਣ ਲੱਗੇ ਤਾਂ ਇਕ ਕਾਰ ਅੱਗੇ ਆ ਰੁਕੀ, ਦੋ ਵਿਅਕਤੀ ਉਸ ਕਾਰ ‘ਚੋਂ ਨਿਕਲੇ। ਸਾਡੀ ਕਾਰ ਦੇ ਪਿੱਛੇ ਹੀ ਇਕ ਹੋਰ ਕਾਰ ਵਿਚੋਂ ਇਕ ਔਰਤ ਵੀ ਆ ਕੇ ਫਲ ਲੈਣ ਲੱਗੀ। ਮੈਂ ਸਭ ਦੇਖ ਕੇ ਖੁਸ਼ ਹੋ ਰਹੀ ਸਾਂ, ਪਹਿਲਾਂ ਇਸ ਰਹੇੜੀ ‘ਤੇ ਇਕ ਵੀ ਗਾਹਕ ਨਹੀਂ ਸੀ ਤੇ ਜਿਵੇਂ ਹੀ ਅਸੀਂ ਰੁਕੇ, ਉੱਥੇ ਇਕ ਤਰ੍ਹਾਂ ਭੀੜ ਇਕੱਠੀ ਹੋਣ ਲੱਗੀ। ਇੰਨੇ ਨੂੰ ਦੋ ਮੁੰਡੇ ਮੋਟਰਸਾਈਕਲ ‘ਤੇ ਆਏ। ਇਕ ਦੇ ਹੱਥ ਵਿਚ ਤਿੰਨ ਚੱਕਰੀਆਂ ਸਨ, ਜਿਨ੍ਹਾਂ ‘ਤੇ ਸਟਾਰ ਬਣਿਆ ਸੀ, ਹੱਥ ਵਿਚੋਂ ਹੇਠਾਂ ਡਿੱਗ ਗਈਆਂ ਤੇ ਨਾਲ ਹੀ ਇਕ ਪੰਜ ਸੌ ਦਾ ਨੋਟ। ਇਹ ਦੇਖ ਕੇ ਇਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਵੀਰੇ ਤੇਰੇ ਪੈਸੇ ਡਿੱਗ ਗਏ। ਉਸ ਨੇ ਉਨ੍ਹਾਂ ਨੂੰ ਚੁੱਕਿਆ ਤੇ ਮੱਥੇ ਨਾਲ ਲਾਇਆ। ਇਹ ਦੇਖ ਕੇ ਦੂਜੇ ਬੰਦੇ ਨੇ ਉਸ ਮੁੰਡੇ ਨੂੰ ਪੁੱਛਿਆ ਕਿ ਇਸ ਤਰ੍ਹਾਂ ਮੁੱਥੇ ਨੂੰ ਕਿਉਂ ਲਾਇਆ ਤਾਂ ਉਸ ਨੇ ਉੱਤਰ ਦਿੱਤਾ ਕਿ ਇਨ੍ਹਾਂ ਚੱਕਰੀਆਂ ਨਾਲ ਹੀ ਤਾਂ ਇਹ ਪੈਸੇ ਕਮਾਏ ਨੇ।
ਅਸਲ ਵਿਚ ਉਹ ਤਿੰਨ ਚੱਕਰੀਆਂ ਸਨ, ਜਿਸ ਵਿਚ ਦੋ ਕਾਲੇ ਰੰਗ ਤੇ ਇਕ ਲਾਲ ਰੰਗ ਦੀ ਸੀ। ਉਹ ਉਸ ਨਾਲ ਇਕ ਖੇਡ ਖੇਡਦੇ ਸਨ। ਜੇ ਤੁਸੀਂ ਲਾਲ ਚੱਕਰੀ ‘ਤੇ ਪੈਸੇ ਲਾਉਂਦੇ ਹੋ ਤਾਂ ਉਸ ਦੇ ਦੁਗਣੇ ਪੈਸੇ ਤੁਹਾਨੂੰ ਮਿਲਦੇ ਹਨ। ਇਹ ਇਕ ਤਰ੍ਹਾਂ ਦਾ ਜੂਆ ਹੀ ਸੀ। ਦੇਖਦਿਆਂ ਹੀ ਦੇਖਦਿਆਂ ਉਸ ਮੁੰਡੇ ਨੇ ਆਪਣਾ ਖੇਲ ਸ਼ੁਰੂ ਕਰ ਦਿੱਤਾ। ਜੋ ਪਹਿਲੇ ਦੋ ਵਿਅਕਤੀ ਕਾਰ ਵਿਚ ਆਏ ਸਨ, ਉਨ੍ਹਾਂ ਨੇ 2000 ਰੁਪਏ ਲਾ ਦਿੱਤੇ ਤੇ ਜਿੱਤ ਗਏ। ਇਹ ਦੇਖ ਕੇ ਦੂਜੇ ਪਾਸੇ ਜੋ ਔਰਤ ਆਈ ਸੀ, ਉਸ ਨੇ ਵੀ 2000 ਰੁਪਏ ਲਾ ਦਿੱਤੇ, ਪਰ ਉਹ ਹਾਰ ਗਈ। ਇਹ ਸਭ ਕੁਝ ਮੈਂ ਕਾਰ ਵਿਚ ਬੈਠੀ ਦੇਖ ਰਹੀ ਸਾਂ ਤੇ ਸੋਚ ਰਹੀ ਸਾਂ, ਕਿੰਨੇ ਮੂਰਖ ਲੋਕ ਨੇ ਪੈਸੇ ਨੂੰ ਕਿੰਜ ਵਹਾ ਰਹੇ ਨੇ! ਇਸ ਨਾਲ ਕਿਸੇ ਦੀ ਮਦਦ ਕਰਦੇ ਤਾਂ ਭਲੇ ਦਾ ਕੰਮ ਹੋਣਾ ਸੀ। ਖੈਰ ਫਿਰ ਪਹਿਲੇ ਵਿਅਕਤੀ ਨੇ ਲਾਲਚ ਵਸ 5000 ਰੁਪਏ ਲਾ ਦਿੱਤੇ ਤੇ ਉਹ ਹਾਰ ਗਿਆ। ਮੈਂ ਵੀ ਉਸ ਖੇਲ ਨੂੰ ਦੇਖ ਕੇ ਹੈਰਾਨ ਜਿਹੀ ਸਾਂ। ਪੈਸੇ ਉਹ ਵਿਅਕਤੀ ਹਾਰ ਰਿਹਾ ਸੀ, ਪਰ ਦੁਖੀ ਮੈਂ ਹੋ ਰਹੀ ਸਾਂ। ਅਗਲੀ ਵਾਰ ਉਸ ਨੇ 3000 ਰੁਪਏ ਲਾਏ ਤੇ ਇਤਫਾਕਵਸ ਉਹ ਚੱਕਰੀ ਦੇਖਣ ਤੋਂ ਪਹਿਲਾਂ ਮੇਰੇ ਵੱਲ ਝਾਕ ਪਿਆ, ਕਿਉਂਕਿ ਮੈਂ ਕਾਰ ਦੀ ਪਹਿਲੀ ਸੀਟ ‘ਤੇ ਬੈਠੀ ਸਾਂ ਤੇ ਤਾਕੀ ਵਿਚੋਂ ਦੀ ਮੈਨੂੰ ਸਪੱਸ਼ਟ ਦਿਸ ਰਿਹਾ ਸੀ ਕਿ ਲਾਲ ਚੱਕਰੀ ਕਿਸ ਪਾਸੇ ਹੈ। ਮੈਂ ਉਸ ਨੂੰ ਵਿਚ ਬੈਠੀ ਨੇ ਇਸ਼ਾਰੇ ਨਾਲ ਦੱਸਿਆ ਕਿ ਕਿਹੜੀ ਚੱਕਰੀ ਦੀ ਚੋਣ ਕਰੇ। ਸੋ ਮੇਰੇ ਕਹਿਣ ‘ਤੇ ਜਿਸ ਚੱਕਰੀ ਦੀ ਉਸ ਨੇ ਚੋਣ ਕੀਤੀ, ਉਹ ਲਾਲ ਰੰਗ ਦੀ ਸੀ ਤੇ ਉਸ ਦੇ 3000 ਰੁਪਏ ਲਾਏ ਬਚ ਗਏ।
ਅਸੀਂ ਉਸ ਖੇਲ ਦਾ ਹਿੱਸਾ ਨਹੀਂ ਸਾਂ, ਪਤਾ ਨਹੀਂ ਉਨ੍ਹਾਂ ਦਾ ਉਹ ਖੇਲ ਕਦੋਂ ਤੱਕ ਚਲਦਾ ਰਿਹਾ ਹੋਵੇਗਾ। ਅਸੀਂ ਆਪਣੀ ਚਾਲੇ ਆਪਣੇ ਘਰ ਵੱਲ ਨੂੰ ਤੁਰ ਪਏ। ਇਹ ਸਭ ਦੇਖ ਕੇ ਮੈਂ ਇਸ ਬਾਰੇ ਸੋਚ ਰਹੀ ਸਾਂ ਕਿ ਜ਼ਿੰਦਗੀ ਵੀ ਇਕ ਖੇਲ ਹੀ ਹੈ। ਮੇਰੇ ਪਤੀ ਨੇ ਵਿਚੇ ਹੀ ਮੈਨੂੰ ਸਵਾਲ ਪੁੱਛਿਆ ਕਿ ਕੀ ਤੁਸੀਂ ਜਾਣਦੇ ਹੋ, ਇਸ ਖੇਲ ਵਿਚ ਖੇਲ ਦਾ ਕਲੰਦਰ (ਖੇਲ ਖਿਲਾਉਣ ਵਾਲਾ) ਹਮੇਸ਼ਾ ਹੀ ਫਾਇਦੇ ਵਿਚ ਰਹਿੰਦਾ ਹੈ, ਦੱਸੋਂ ਕਿਵੇ? ਮੈਂ ਸੋਚੀਂ ਪੈ ਗਈ। ਤਦੇ ਕਾਰ ਦੇ ਸਟੀਰੀਓ ‘ਤੇ ਸ਼ਬਦ ਚੱਲ ਪਿਆ,
ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥