ਉਜਾਗਰ ਲਲਤੋਂ
ਫੋਨ: 91-98724-48221
ਮਾਘ ਦਾ ਮਹੀਨਾ ਸੀ ਤੇ ਕਈ ਦਿਨਾਂ ਤੋਂ ਧੁੰਦ ਪੈ ਰਹੀ ਸੀ। ਸਵੇਰੇ ਸਾਝਰੇ ਤਿਆਰ ਹੋ ਕੇ ਮੈਂ ਬਾਹਰਲਾ ਦਰ ਖੋਲ`ਤਾ ਤੇ ਦੁਰਗੇ ਦੀ ਉਡੀਕ ’ਚ ਮੂਹਰਲੇ ਵਰਾਂਡੇ ਵਿਚ ਈ ਮੋਬਾਇਲ ਲੈ ਕੇ ਬੈਠ ਗਿਆ।
ਅੱਜ ਅਸੀਂ ਅਰਜਨ ਕੇ ਖੇਤ, ਉਨ੍ਹਾਂ ਦੀ ਕਣਕ ਨੂੰ ਪਾਣੀ ਲਾਉਣ ਜਾਣਾ ਸੀ। ਅਰਜਨ ਸਿੰਘ ਸ਼ਰੀਕੇ ’ਚੋਂ ਮੇਰਾ ਭਾਈ ਲੱਗਦਾ ਸੀ ਤੇ ਉਹ ਆਵਦੇ ਮੁੰਡੇ ਨਾਲ ਟਰੈਕਟਰ-ਟਰਾਲੀ ਲੈ ਕੇ ਦਿੱਲੀ ਮੋਰਚੇ ’ਤੇ ਗਏ ਹੋਏ ਸੀ ਤੇ ਉਨ੍ਹਾਂ ਦੇ ਮਗਰਲੇ ਕੰਮਾਂ ਦੀ ਜ਼ਿੰਮੇਵਾਰੀ ਮੈਂ ਓਟੀ ਹੋਈ ਸੀ।
ਅੱਜ ਮੈਂ ਆਪਣੇ ਕੰਮ ਤੋਂ ਛੁੱਟੀ ਕੀਤੀ ਸੀ ਤੇ ਦਿਹਾੜੀਏ ਦੀ ਲੋੜ ਨੂੰ ਦੇਖਦੇ ਹੋਏ ਦੁਰਗੇ ਨੂੰ ਫੋਨ ਕਰ`ਤਾ ਸੀ।
ਦੁਰਗੇ ਨੇ ਮੈਨੂੰ ਸਾਝਰੇ ਤਿਆਰ ਰਹਿਣ ਨੂੰ ਕਿਹਾ ਸੀ ਤਾਂ ਕਿ ਬਿਜਲੀ ਆਉਣ ਤੋਂ ਪਹਿਲਾਂ-ਪਹਿਲਾਂ ਚੱਲ ਕੇ ਸੌ ਵੱਟ ਬੰਨਾ ਦੇਖਿਆ ਜਾਂਦੈ, ਕੋਈ ਨੱਕਾ-ਨੁੱਕਾ ਠੀਕ ਕਰਨ ਵਾਲਾ ਹੁੰਦੈ।
ਮੈਨੂੰ ਪਤਾ ਸੀ ਜੇ ਉਹਨੇ ਕਿਹਾ ਸੀ, ਤਾਂ ਉਹ ਬਿੰਦ ਝੱਟ ਤਾਈਂ ਆਉਣ ਈ ਵਾਲਾ ਸੀ।
ਪਰ ਮੈਨੂੰ ਉਹਦੀ ਇਕ ਹੋਰ ਗੱਲ ਨੇ ਸੋਚਾਂ ਵਿਚ ਪਾਇਆ ਹੋਇਆ ਸੀ। ਜਦ ਮੈਂ ਉਹਨੂੰ ਦਿਹਾੜੀ ਬਾਰੇ ਪੁੱਛਿਆ ਸੀ ਤਾਂ ਉਹਨੇ ਕਿਹਾ ਸੀ, “ਇਹ ਗੱਲ ਨ੍ਹੀਂ ਕਰਨੀ ਆਪਾਂ, ਜਦ ਉਹ ਉੱਥੇ ਬੈਠੇ ਐ ਤਾਂ ਆਪਾਂ ਇੱਥੇ ਉਨ੍ਹਾਂ ਦਾ ਐਨਾ ਵੀ ਨ੍ਹੀਂ ਕਰ ਸਕਦੇ? ਚੱਲ ਸਵੇਰੇ ਸਾਝਰੇ ਤਿਆਰ ਰਹੀਂ।”
ਐਨੀ ਗੱਲ ਕਰ ਕੇ ਉਹਨੇ ਫੋਨ ਕੱਟ ਦਿੱਤਾ ਸੀ।
ਹੁਣ ਮੈਂ ਇਹੀ ਗੱਲ ਸੋਚ ਰਿਹਾ ਸੀ, ਜੇ ਉਹਨੇ ਕੰਮ ਨਿਬੜਨ ’ਤੇ ਦਿਹਾੜੀ ਦੇ ਪੈਸੇ ਲੈਣ ਤੋਂ ਨਾਂਹ-ਨੁੱਕਰ ਕੀਤੀ ਤਾਂ ਮੈਨੂੰ ਵੀ ਬਹੁਤਾ ਜ਼ੋਰ ਪਾਉਣ ਦੀ ਲੋੜ ਨ੍ਹੀਂ, ਕਿਸੇ ਹੋਰ ਬਹਾਨੇ ਉਹਦਾ ਮਾਣ-ਤਾਣ ਕਰ ਦਿਆਂਗੇ।
ਊਂ ਦੁਰਗੇ ਦੀ ਏਸ ਗੱਲ ਤੋਂ ਮੈਨੂੰ ਕੋਈ ਹੈਰਾਨੀ ਨ੍ਹੀਂ ਹੋਈ। ਉਹ ਪਿੰਡ ਦੇ ਖੇਤ ਮਜ਼ਦੂਰਾਂ ਦਾ ਆਗੂ ਸੀ ਤੇ ਅਜਿਹੀ ਗੱਲ ਕਰ ਸਕਦਾ ਸੀ।
ਮੈਨੂੰ ਇਕ ਪੁਰਾਣੀ ਗੱਲ ਯਾਦ ਆ ਗਈ। ਇਕ ਵਾਰ ਦਿਹਾੜੀ ਦੇ ਮਸਲੇ ਨੂੰ ਲੈ ਕੇ ਸਾਡੇ ਪਿੰਡ ਦੇ ਜੱਟਾਂ ਤੇ ਵਿਹੜੇ ਵਾਲਿਆਂ ਦਾ ਪੰਗਾ ਪੈ ਗਿਆ ਸੀ।
ਹਾੜੀ ਨੂੰ ਅਜੇ ਦਾਤੀ ਨਹੀਂ ਸੀ ਪਈ। ਇੱਕ ਦਿਨ ਹਵੇਲੀ ਵਾਲੇ ਲਾਲ ਜੀ ਨੇ ਜੱਟਾਂ ਦਾ ‘ਕੱਠ ਕਰ ਕੇ ਹਾੜੀ ਲਈ ਦਿਹਾੜੀ ਬੰਨਣ ਦੀ ਗੱਲ ਛੇੜ`ਤੀ। ਪਿੰਡ ’ਚ ਗੱਲ ਕੀ ਤੁਰੀ, ਸਾਰੇ ਜੱਟ ਇਕੋ ਸੁਰ ’ਚ ਬੋਲਣ ਲੱਗੇ। ਦੂਏ ਪਾਸੇ ਵਿਹੜੇ ਵਾਲੇ ਦੁਰਗੇ ਦੁਆਲੇ ’ਕੱਠੇ ਹੋਣ ਲੱਗ ਪਏ।
ਅਰਜਨ ਉਦੋਂ ਉਠਦੀ ਉਮਰ ਦਾ ਗੱਭਰੂ ਸੀ, ਦਲੇਰ ਸੀ ਤੇ ਲਾਲ ਜੀ ਦੇ ਨੇੜੇ ਸੀ।
ਲਾਲ ਜੀ ਨੂੰ ਪਤਾ ਸੀ ਬਈ ਅਰਜਨ ਦੀ ਨਿੱਕੇ ਹੁੰਦੇ ਤੋਂ ਦੁਰਗੇ ਨਾਲ ਪੱਕੀ ਆੜੀ ਸੀ। ਦੋਹੇ ਪਿੰਡ ਦੇ ਮਿਡਲ ਸਕੂਲ ਵਿਚ ਜਮਾਤੀ ਹੁੰਦੇ ਸਨ। ਪੜ੍ਹਾਈ ’ਚ ਢਿੱਲੇ ਮੁੰਡਿਆਂ ’ਚ ਦੋਹਾਂ ਦਾ ਨਾਂ ਸਾਰਿਆਂ ਤੋਂ ਉੱਤੇ ਸੀ ਤੇ ਦੋਹਾਂ ਨੇ ਥੋੜ੍ਹੇ ਫਰਕ ਨਾਲ ਅੱਗੜ-ਪਿੱਛੜ ਸਕੂਲ ਛੱਡਿਆ ਸੀ।
ਲਾਲ ਜੀ ਨੇ ਅਰਜਨ ਨੂੰ ਥਾਪੀ ਦੇ ਕੇ ਦੁਰਗੇ ਕੋਲ ਭੇਜਿਆ, ਬਈ ਉਹਨੂੰ ਅਸੀਂ ਉਹੀ ਦਿਹਾੜੀ ਦੇ ਦਿਆਂਗੇ ਜੋ ਉਹ ਕਹੂਗਾ, ਪਰ ਉਹ ਵਿਹੜੇ ਦੇ ਲੋਕਾਂ ਨੂੰ ਚੱਕ-ਥੱਲ ਕਰ ਕੇ ਖਰਾਬ ਨਾ ਕਰੇ।
ਅਰਜਨ ਦੇ ਚਿੱਤ ’ਚ ਸੀ ਵੀ ਦੁਰਗਾ ਉਹਦਾ ਕਿਹਾ ਕਦੇ ਨ੍ਹੀਂ ਟਾਲ ਸਕਦਾ।
ਪਰ ਦੁਰਗਾ ਅਰਜਨ ਦੀ ਗੱਲ ਕਦੋਂ ਮੰਨਣ ਆਲਾ ਸੀ। ਉਹ ਟੱਸ ਤੋਂ ਮੱਸ ਵੀ ਨ੍ਹੀਂ ਹੋਇਆ। ਅਰਜਨ ਨੇ ਪੂਰਾ ਟਿੱਲ ਲਾਇਆ। ਲਾਲ ਜੀ ਨੇ ਕਈ ਤਰ੍ਹਾਂ ਦੇ ਲਾਲਚ ਦਿੱਤੇ, ਪਰ ਉਹਦੀਆਂ ਗੱਲਾਂ ਦਾ ਦੁਰਗੇ ’ਤੇ ਐਨਾ ਵੀ ਅਸਰ ਨਾ ਹੋਇਆ, ਜਿੰਨਾ ਥੰਦੇ ਭਾਂਡੇ ’ਤੇ ਪਾਣੀ ਦਾ ਹੁੰਦੈ।
ਜਦ ਦੁਰਗਾ ਕਿਵੇਂ ਵੀ ਨਾ ਮੰਨਿਆ ਤਾਂ ਅਰਜਨ ਆਵਦੀ ਹੇਠੀ ਮੰਨ ਗਿਆ ਤੇ ਦੁਰਗੇ ਨੂੰ ਸਿੱਧੀਆਂ ਧਮਕੀਆਂ ਦੇਣ ’ਤੇ ਉੱਤਰ ਆਇਆ, ਪਰ ਦੁਰਗੇ ’ਤੇ ਇਨ੍ਹਾਂ ਦਾ ਵੀ ਕੋਈ ਅਸਰ ਨਾ ਹੋਇਆ। ਉਹ ਕਿਵੇਂ ਵੀ ਨਾ ਝਿਪਿਆ।
ਚਾਹੇ ਉਦੋਂ ਮੈਂ ਨਿਆਣਾ ਈ ਹੁੰਦਾ ਸਾਂ, ਪਰ ਮੈਨੂੰ ਅੱਜ ਵੀ ਯਾਦ ਐ, ਉਨ੍ਹੀਂ ਦਿਨੀਂ ਸਾਰੇ ਪਿੰਡ ਵਿਚ ਇਕ ਪਾਸੇ ਅਰਜਨ ਤੇ ਦੁਏ ਪਾਸੇ ਦੁਰਗੇ ਦੀਆਂ ਗੱਲਾਂ ਹੁੰਦੀਆਂ ਸਨ।
ਗੱਲ ਵਿਗੜਦੀ-ਵਿਗੜਦੀ ਵਿਹੜੇ ਆਲਿਆਂ ਦਾ ਬਾਈਕਾਟ ਕਰਨ ’ਤੇ ਜਾ ਪਹੁੰਚੀ ਤੇ ਪਿੰਡ ਵਿਚ ਪੂਰਾ ਤਣਾਅ ਬਣ ਗਿਆ।
ਅਖੀਰ ਜਿਲੇ ਦੇ ਵੱਡੇ ਅਫਸਰਾਂ ਨੇ ਆ ਕੇ ਦੋਹਾਂ ਧਿਰਾਂ ਨੂੰ ਟਿਕਾਇਆ ਤੇ ਉਨ੍ਹਾਂ ਦਾ ਰਾਜੀਨਾਮਾ ਕਰਵਾਇਆ ਸੀ।
ਦੋਹਾਂ ਧਿਰਾਂ ਦਾ ਰਾਜੀਨਾਮਾ ਤਾਂ ਹੋ ਗਿਆ, ਪਰ ਅਰਜਨ ਨੇ ਮੁੜਕੇ ਦੁਰਗੇ ਨਾਲ ਕਦੇ ਕਲਾਮ ਨਾ ਕੀਤੀ। ਦੁਏ ਪਾਸੇ ਦੁਰਗੇ ਨੇ ਵੀ ਉਹਦੀ ਆਕੜ ਨੂੰ ਟਿੱਚ ਕਰਕੇ ਜਾਣਿਆ ਸੀ।
ਮੇਰੇ ਨਾਲ ਦੁਰਗੇ ਦੀ ਸ਼ੁਰੂ ਤੋਂ ਈ ਵਧੀਆ ਬਣਦੀ ਸੀ। ਮੈਨੂੰ ਜਦ ਵੀ ਲੋੜ ਹੁੰਦੀ, ਉਹ ਅੱਧੇ ਬੋਲ ’ਤੇ ਭੱਜਿਆ ਆਉਂਦਾ ਸੀ। ਹੁਣ ਵੀ ਉਹਨੇ ਦੁਈ ਗੱਲ ਨ੍ਹੀਂ ਸੀ ਕਹਾਈ।
ਦੁਰਗਾ ਆ ਗਿਆ। ਆਪਣੇ ਮੋਬਾਇਲ ’ਚ ਖੁੱਭੇ ਹੋਏ ਮੈਨੂੰ ਉਹਦੇ ਆਉਣ ਦਾ ਉਦੋਂ ਈ ਪਤਾ ਲੱਗਿਆ, ਜਦ ਉਹਨੇ ਮੇਰੇ ਨੇੜੇ ਆ ਕੇ ‘ਸਾਸਰੀਕਾਲ’ ਬੁਲਾਈ। ਮੈਂ ਸਿਰ ਚੁੱਕ ਕੇ ਦੇਖਿਆ, ਲੰਮੇ, ਪਤਲੇ, ਤਾਂਬੇ-ਰੰਗੇ ਬੁੜੇ ਆਦਮੀ ਦੀ ਚੱਪਾ ਕੁ ਬੱਗੀ ਦਾਹੜੀ ਵਿਚ, ਇਕ ਵੀ ਵਾਲ ਕਾਲਾ ਨਹੀਂ ਸੀ, ਪਰ ਉਹ ਸਰੀਰ ਦਾ ਤਕੜਾ ਤੇ ਚੁਸਤ ਦਿਖਾਈ ਦੇ ਰਿਹਾ ਸੀ।
ਉਸ ਨੇ ਪੁਰਾਣੇ ਜਿਹੇ ਕੋਟ ਉੱਪਰੋਂ ਘਸੇ ਜੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ।
“ਤਿਆਰ ਐਂ, ਚੱਲੀਏ?” ਉਹਨੇ ਪੁੱਛਿਆ।
“ਚੱਲਦੇ ਆਂ, ਚਾਹ ਤਾਂ ਪੀ ਲੈ।” ਮੈਂ ਕਿਹਾ।
“ਚਾਹ ਮੇਰੀ ਪੀਤੀ ਹੋਈ ਐ, ਚੱਲ, ਚੱਲ ਕੇ ਵੱਟ-ਬੰਨਾ ਦੇਖੀਏ।
ਚਾਹ ਦੇ ਸਮਾਨੇ ਦਾ ਝੋਲਾ ਮੈਂ ਦੁਰਗੇ ਨੂੰ ਫੜਾਇਆ ਤੇ ਮੋਟਰਸਾਈਕਲ ਦੀ ਕਿੱਕ ਮਾਰੀ। ਅਸੀਂ ਪਿੰਡੋਂ ਨਿਕਲੇ ਤਾਂ ਦੇਖਿਆ ਕਿ ਧੁੰਦ ਹੋਰ ਵੀ ਗਾੜ੍ਹੀ ਸੀ।
ਮੋਟਰ ’ਤੇ ਪਹੁੰਚ ਕੇ ਮੈਂ ਕਮਰੇ ਦਾ ਬੂਹਾ ਖੋਲ੍ਹਿਆ, ਦੁਰਗੇ ਨੇ ਅੱਗੇ ਵਧ ਕੇ ਕੰਧ ਨਾਲ ਖੜ੍ਹੀ ਕੀਤੀ ਮੰਜੀ ਡਾਹ ਦਿੱਤੀ, ਬੱਲਬ ਦਾ ਬਟਨ ਦੱਬਿਆ ਤੇ ਇੱਕ ਖੂੰਜੇ ਪਈ ਕਹੀ ਨੂੰ ਆਪਣੇ ਮੋਢੇ ’ਤੇ ਰੱਖਦਾ ਬੋਲਿਆ, “ਲੈ ਤੂੰ ਬੈਠ, ਬੱਤੀ ਆ`ਗੀ ਤਾਂ ਮੋਟਰ ਚਲਾ`ਦੀਂ, ਮੈਂ ਆਇਆ ਗੇੜਾ ਮਾਰ ਕੇ।”
ਦਰਾਂ ’ਚ ਖੜ੍ਹਾ ਮੈਂ ਉਹਨੂੰ ਹਰੀ ਕਚੂਰ ਕਣਕ ਵਿਚੀ ਖਾਲੇ ਖਾਲ ਜਾਂਦੇ ਨੂੰ ਦੇਖ ਰਿਹਾ ਸੀ, ਦਸ ਕੁ ਕਦਮ ਦੂਰ ਉਹ ਧੁੰਦ ’ਚ ਅਲੋਪ ਹੋ ਗਿਆ। ਤਦੇ ਮੇਰਾ ਧਿਆਨ ਪਰੇ ਸੜਕ ’ਤੇ ਜਾ ਰਹੇ ਟਰੈਕਟਰ ਦੀ ਆਵਾਜ਼ ਨੇ ਖਿੱਚ ਲਿਆ।
ਤਿੰਨ ਕੁ ਕਿੱਲਿਆਂ ਦੀ ਵਿੱਥ ਤੋਂ ਵੱਡੀ ਸੜਕ ਲੰਘਦੀ ਸੀ, ਜੋ ਹਰ ਵੇਲੇ ਵਗਦੀ ਰਹਿੰਦੀ ਸੀ। ਇਨ੍ਹੀਂ ਦਿਨੀਂ ਦਿੱਲੀ ਜਾਂਦੀਆਂ, ਝੰਡਿਆਂ ਵਾਲੀਆਂ ਤੇ ਤਰਪਾਲਾਂ ਨਾਲ ਛੱਤੀਆਂ ਟਰਾਲੀਆਂ ਅਕਸਰ ਦਿਖਾਈ ਦਿੰਦੀਆਂ ਸਨ।
ਖਾਲ਼ ’ਤੇ ਗੇੜਾ ਮਾਰ ਕੇ ਦੁਰਗਾ ਮੁੜਿਆ ਤਾਂ ਉਹਦੇ ਇੱਕ ਹੱਥ ਡੇਕ ਦੀ ਸੁੱਕੀ ਟਾਹਣੀ ਚੁੱਕੀ ਹੋਈ ਸੀ। ਮੈਨੂੰ ਯਾਦ ਆਇਆ, ਨਾਲ ਦੀ ਮੋਟਰ ’ਤੇ ਬੱਕਰੀਆਂ ਵਾਲਿਆਂ ਨੇ ਡੇਕਾਂ ਛਾਂਗੀਆਂ ਸਨ, ਜਿਸ ਦਾ ਸੁੱਕਾ ਛਾਂਗ ਬਚਿਆ ਪਿਆ ਸੀ।
ਮੋਢੇ ਤੋਂ ਕਹੀ ਲਾਹ ਕੇ ਦੁਰਗੇ ਨੇ ਕੰਧ ਨੇੜੇ ਰੱਖੀ ਤੇ ਟਾਹਣੀ ਨੂੰ ਪੈਰ ਹੇਠ ਦੇ ਕੇ ਤੋੜਨ ਲੱਗਿਆ। ਮੈਂ ਵੀ ਦੁਰਗੇ ਕੋਲ ਆ ਖੜ੍ਹਾ ਹੋਇਆ।
ਚਾਣਚੱਕ ਮੈਂ ਪਹੀ ’ਤੇ ਦੇਖਿਆ, ਲੋਈ ਦੀ ਬੁੱਕਲ ਮਾਰੀ ਕੋਈ ਧੁੰਦ ਵਿਚ ਤੁਰਿਆ ਆ ਰਿਹਾ ਸੀ, ਹੋਰ ਨੇੜੇ ਆਇਆ ਤਾਂ ਮੈਂ ਪਛਾਣਿਆ ਜੋਤੀ ਸੀ।
“ਇਹ ਕਮਲਾ ਕਿੱਧਰ ਤੁਰਿਆ ਫਿਰਦੈ?” ਮੈਂ ਮਨ ਈ ਮਨ ਸੋਚਿਆ, ਪਰ ਮੇਰੇ ਬੁੱਲਾਂ ’ਤੇ ਮੁਸਕਾਨ ਆ ਗਈ।
ਜੋਤੀ ਸਾਡੇ ਸਕਿਆਂ ’ਚੋਂ, ਮੇਰਾ ਭਤੀਜਾ ਲੱਗਦਾ ਸੀ। ਉਹਨੂੰ ਤੁੱਕ ਬੰਦੀ ਦਾ ਸੌ਼ਕ ਸੀ, ਤੇ ਉਹ ਆਵਦੀਆਂ ਕੱਚੀਆਂ ਪਿੱਲੀਆਂ ਕਵਿਤਾਵਾਂ ਮੈਨੂੰ ਸੁਣਾਉਂਦਾ ਰਹਿੰਦਾ ਸੀ। ਉਹਦਾ ਟੱਬਰ ਇਕ ਡੇਰੇ ਦਾ ਸ਼ਰਧਾਲੂ ਸੀ ਤੇ ਡੇਰੇ ਨਾਲ ਜੁੜੀਆਂ ਕਰਾਮਾਤੀ ਕਹਾਣੀਆਂ ਦਾ ਜੋਤੀ ਕੋਲ ਤਕੜਾ ਭੰਡਾਰ ਸੀ, ਜੋ ਉਹ ਅਕਸਰ ਸੁਣਾਉਂਦਾ ਰਹਿੰਦਾ।
ਉਹਦੀ ਗੱਲ ਕੱਟਣ ਵਾਲੇ ਲੋਕਾਂ ਨੂੰ ਉਹ ਪਸੰਦ ਨਹੀਂ ਸੀ ਕਰਦਾ। ਮੈਂ ਉਹਦਾ ਭੇਤੀ ਸੀ ਤੇ ਇਸੇ ਕਰਕੇ ਮੈਂ ਉਹਨੂੰ ਕਦੇ ਨਹੀਂ ਸੀ ਟੋਕਿਆ। ਸ਼ਾਇਦ ਏਸੇ ਕਰਕੇ ਉਹ ਮੇਰੀ ਕਦਰ ਕਰਦਾ ਸੀ।
ਅਸਲ ਵਿਚ ਉਹ ਦਿਲ ਦਾ ਸਾਫ ਤੇ ਭੋਲਾ ਮੁੰਡਾ ਸੀ ਤੇ ਏਸੇ ਕਰਕੇ ਮੈਨੂੰ ਚੰਗਾ ਲੱਗਦਾ ਸੀ।
“ਸੁਣਾ ਜੋਤੀ ਤੂੰ ਕਿੱਧਰ?” ਉਹਦੇ ਨੇੜੇ ਆਉਣ `ਤੇ ਮੇਰੇ ਮੂੰਹੋਂ ਨਿਕਲਿਆ।
“ਮੈਂ ਸੋਚਿਆ, ਮੈਂ ਵੀ ਚੱਲ ਕੇ ਚਾਚਾ ਜੀ ਦੀ ਹੈਲਪ ਕਰ ਦਿਆਂ।” ਉਹਨੇ ਉਡਦੀ ਨਜ਼ਰ ਦੁਰਗੇ ਵੱਲ ਦੇਖਿਆ। ਉਹ ਧੂਣੀ ਦੇ ਕੰਮ ’ਚ ਮਗਨ ਸੀ।
“ਹੈਲਪ ਨੂੰ ਹੁਣ ਕਿਹੜਾ ਹਲਟਾਂ ਦਾ ਜਮਾਨਾ ਜੋਤੀ,” ਮੈਂ ਕਿਹਾ, “ਹੋਰ ਸੁਣਾ ਘਰੇ ਸਭ ਸੁਖ ਸਾਂਦ ਐ?”
“ਹਾਂ ਜੀ, ਬਾਬਾ ਜੀ ਦੀ ਕਿਰਪੈ।” ਉਹਨੇ ਆਵਦੇ ਹੱਥ ਜੋੜੇ।
ਕੁਝ ਪਲ ਦੀ ਚੁੱਪੀ ਤੋਂ ਮਗਰੋਂ ਉਹ ਬੋਲਿਆ, “ਹੁਣ ਤਾਂ ਆਪਣਾ ਮੋਰਚਾ ਵੀ ਪੂਰੀ ਚੜ੍ਹਾਈ ’ਚ ਐ।”
ਮੈਂ ਸਹਿਮਤੀ ’ਚ ਸਿਰ ਹਿਲਾਇਆ, “ਹਾਂ ਮੋਰਚਾ ਹੁਣ ਚੜ੍ਹਦੀ ਕਲਾ ’ਚ ਐ।” ਪਰ ਮੇਰੀਆਂ ਅੱਖਾਂ ਮੂਹਰੇ ਛੱਬੀ ਜਨਵਰੀ ਦਾ ਉਹ ਦ੍ਰਿਸ਼ ਫਿਰ ਤੋਂ ਸੰਜੀਵ ਹੋ ਉੱਠਿਆ।
ਮੈਂ ਘਰੇ ਵਿਹੜੇ ’ਚ ਕੋਈ ਕੰਮ ਕਰ ਰਿਹਾ ਸੀ ਕਿ ਇਹੀ ਜੋਤੀ ਕਾਹਲੀ-ਕਾਹਲੀ ਸਾਡੇ ਘਰ ਆਇਆ, ਤੇ ਸਿੱਧਾ ਮੇਰੇ ਵੱਲ ਆਉਂਦਾ ਹੋਇਆ ਬੋਲਿਆ, “ਲੱਗ ਗਿਆ ਪਤਾ ਚਾਚਾ ਜੀ? ਫੌਜਾਂ ਕਿਲੇ ’ਚ ਜਾ ਵੜੀਆਂ!”
ਮੈਂ ਦੇਖਿਆ ਖੁਸ਼ੀ ’ਚ ਇਹਦਾ ਚਿਹਰਾ ਖਿੜਿਆ ਹੋਇਆ ਸੀ, ਤੇ ਕਾਹਲੀ ਕਾਹਲੀ ਚੱਕਵੇਂ ਪੈਰੀਂ ਆਉਣ ਕਰਕੇ ਇਹਨੂੰ ਥੋੜ੍ਹਾ ਜਿਹਾ ਸਾਹ ਵੀ ਚੜ੍ਹਿਆ ਹੋਇਆ ਸੀ।
ਮੈਂ ਇਹ ਖਬਰ ਕੁਝ ਚਿਰ ਪਹਿਲਾਂ ਨੈੱਟ ’ਤੇ ਦੇਖ ਚੁਕਾ ਸਾਂ, ਪਰ ਇਹਨੂੰ ਜਿਵੇਂ ਚਾਅ ਚੜ੍ਹਿਆ ਹੋਇਆ ਸੀ, ਮੈਨੂੰ ਚੰਗਾ ਨਹੀਂ ਸੀ ਲੱਗਿਆ। ਮੈਂ ਚੁੱਪ ਰਿਹਾ ਸੀ।
ਇਸ ਤੋਂ ਮਗਰੋਂ ਕਈ ਦਿਨਾਂ ਤੱਕ ਸਾਡਾ ਮੇਲ ਨਹੀਂ ਸੀ ਹੋਇਆ। ਫੇਰ ਜਿੱਦਣ ਪਿੰਡ ਦੀ ਫਿਰਨੀ ’ਤੇ ਸਾਡਾ ਟਾਕਰਾ ਹੋਇਆ, ਤਾਂ ਮੈਂ ਦੇਖਿਆ ਕਿ ਇਹਦਾ ਉਹ ਪਹਿਲਾਂ ਵਾਲਾ ਬੁਖਾਰ ਉਤਰਿਆ ਹੋਇਆ ਸੀ।
ਇਹਨੇ ਕਿਹਾ ਸੀ, “ਦੇਖ ਲਓ ਚਾਚਾ ਜੀ ਸਰਕਾਰ ਨੇ ਚਾਲ ਤਾਂ ਬੜੀ ਡੂੰਘੀ ਚੱਲੀ ਸੀ, ਪਰ ਕਾਮਯਾਬ ਨਾ ਹੋ ਸਕੀ।”
ਸੁਣ ਕੇ ਪਲ ਭਰ ਲਈ ਤਾਂ ਮੈਨੂੰ ਆਪਣੇ ਕੰਨਾਂ ’ਤੇ ਯਕੀਨ ਨਹੀਂ ਸੀ ਹੋਇਆ ਕਿ ਇਹ ਉਹੀ ਜੋਤੀ ਐ? ਪਰ ਫੇਰ ਵੀ ਮੈਨੂੰ ਚੰਗਾ ਲੱਗਿਆ ਸੀ ਕਿ ਚਲੋ ਘੱਟ-ਘੱਟ ਇਹ ਸਰਕਾਰ ਦੀਆਂ ਸਿਆਸੀ ਚਾਲਾਂ ਤਾਂ ਸਮਝਣ ਲੱਗਿਆ ਸੀ।
ਧੂਣੀ ’ਚ ਗਾੜ੍ਹੇ ਧੂੰਏ ਦਾ ਗੁਬਾਰ ਉੱਠਣ ਲੱਗਿਆ, ਜਿਸ ਨੂੰ ਦੁਰਗੇ ਨੇ ਫੂਕਾਂ ਮਾਰ ਮਾਰ ਕੇ ਮੱਚਣ ਲਾ ਲਿਆ ਸੀ।
ਅਚਾਨਕ ਕਮਰੇ ਵਿਚ ਰੋਸ਼ਨੀ ਚਮਕ ਉੱਠੀ ਬਿਜਲੀ ਆ ਗਈ ਸੀ। ਦੁਰਗਾ ਉੱਠ ਕੇ ਕਮਰੇ ’ਚ ਮੋਟਰ ਚਲਾਉਣ ਚਲਾ ਗਿਆ ਤੇ ਆਉਂਦਾ ਹੋਇਆ, ਅੰਦਰੋਂ ਮੰਜੀ ਚੁੱਕ ਲਿਆਇਆ।
ਮੈਂ ਤੇ ਜੋਤੀ ਮੰਜੀ `ਤੇ ਬੈਠ ਗਏ ਤੇ ਦੁਰਗੇ ਨੇ ਆਵਦੇ ਬੈਠਣ ਲਈ ਨੇੜੇ ਪਈ ਇੱਟ ਲੈ ਲਈ। ਕੁਝ ਚਿਰ ਅਸੀਂ ਅੱਗ ਸੇਕਦੇ ਰਹੇ।
ਹੱਥ ਦੇ ਇਸ਼ਾਰੇ ਨਾਲ ਜੋਤੀ ਨੇ ਮੇਰਾ ਧਿਆਨ ਸੜਕ ’ਤੇ ਜਾ ਰਹੇ ਟਰੈਕਟਰ ਦੀ ਆਵਾਜ ਵੱਲ ਦੁਆਇਆ। ਤਦੇ ਇਕ ਹੋਰ ਤੇ ਉਸ ਦੇ ਮਗਰੇ ਇਕ ਹੋਰ ਟਰੈਕਟਰ ਦੀ ਆਵਾਜ ਜਿਵੇਂ ਖੌਰੂ ਪਾਉਂਦੀ ਜਾ ਰਹੀ ਸੀ।
“ਦਿੱਲੀ ਨੂੰ ਜਾਂਦੇ ਐ!” ਜੋਤੀ ਬੋਲਿਆ।
ਕੁਝ ਚਿਰ ਅਸੀਂ ਪਲੋ-ਪਲ ਦੂਰ ਹੁੰਦੀ ਜਾ ਰਹੀ ਟਰੈਕਟਰਾਂ ਦੀ ਆਵਾਜ਼ ਸੁਣਦੇ ਰਹੇ।
ਧੂਣੀ ’ਚ ਮੱਚ ਰਹੇ ਡੱਕੇ ਠੀਕ ਕਰਦਾ ਹੋਇਆ ਦੁਰਗਾ ਬੋਲਿਆ, “ਦੱਸਦੇ ਐ, ਐਤਕੀਂ ਠੰਡ ਨੇ ਵੀ ਕਈ ਸਾਲਾਂ ਦਾ ਰਕਾਟ ਤੋੜਿਐ।”
ਜੋਤੀ ਨੇ ਮੇਰੇ ਗੋਡੇ ਨੂੰ ਛੂਹਿਆ, “ਊਂ ਇਕ ਗੱਲ ਐ, ਚਾਚਾ ਜੀ,” ਉਹ ਬੋਲਿਆ, “ਜਿਵੇਂ ਐਨੀ ਠੰਡ ’ਚ ਲੋਕ ਉੱਥੇ ਬੈਠੇ ਐ ਤੇ ਸਰਕਾਰ ਨੂੰ ਕੋਈ ਪਰਵਾਹ ਨ੍ਹੀਂ, ਥੋਨੂੰ ਦੇਖ ਕੇ ਖਿਝ ਨ੍ਹੀਂ ਚੜ੍ਹਦੀ?”
ਮੇਰੇ ਕੋਲ ਉਹਦੀ ਗੱਲ ਦਾ ਕੋਈ ਜੁਆਬ ਨਹੀਂ ਸੀ। ਕੁਝ ਛਿਣ ਉਹ ਮੇਰੇ ਮੂੰਹ ਵੱਲ ਦੇਖਦਾ ਰਿਹਾ ਤੇ ਬੋਲਿਆ, “ਜੇ ਮੈਂ ਥੋਨੂੰ ਸੱਚੀ ਦੱਸਾਂ, ਮੈਨੂੰ ਤਾਂ ਕਈ ਆਰੀ ਐਨੀ ਵਿਹੁ ਚੜ੍ਹਦੀ ਐ…।” ਪਰ ਦੁਰਗੇ ਨੇ ਉਹਦੀ ਗੱਲ ਕੱਟ ਦਿੱਤੀ, “ਇਹੀ ਤਾਂ ਉਹ ਭਾਲਦੇ ਐ, ਬਈ ਤੂੰ ਭੜਕੇ ਤੇ ਅਗਲੇ ਨੂੰ ਕੋਈ ਬਹਾਨਾ ਮਿਲੇ।”
ਪਰ ਉਨ੍ਹਾਂ ਦਾ ਫਰਜ਼ ਨ੍ਹੀਂ ਬਣਦਾ ਕਿ ਲੋਕਾਂ ਦਾ ਮਸਲਾ ਹੱਲ ਕਰਨ।” ਜੋਤੀ ਦੀ ਆਵਾਜ਼ ਵਿਚ ਤੈਸ਼ ਸੀ।
“ਇਨ੍ਹਾਂ ਦੇ ਹੱਥ ਵੱਸ ਈ ਕੀ ਐ?” ਦੁਰਗੇ ਦੀ ਆਵਾਜ਼ ਵਿਚ ਵੀ ਅਜੀਬ ਜਿਹੀ ਤੇਜੀ ਸੀ, “ਇਹ ਤਾਂ ਸਿਰਫ ਮੋਹਰੇ ਐ, ਖਿਡਾਰੀ ਤਾਂ ਕੋਈ ਹੋਰ ਐ।” ਉਹ ਜੋਤੀ ਵੱਲ ਦੇਖ ਕੇ ਮੁਸਕਰਾਇਆ, “ਜਦੋਂ ਤੈਨੂੰ ਇਹ ਗੱਲ ਸਮਝ ਆ ਗਈ ਫੇਰ ਤੈਨੂੰ ਆਪੇ ਪਤਾ ਲੱਗ ਜੂ, ਬਈ ਆਪਣੇ ਲੋਕਾਂ ਦੀ ਅਸਲ ਲੜਾਈ ਹੈ ਕੀਹਦੇ ਨਾਲ।”
“ਇਹ ਗੱਲ ਸਹੀ ਹੈ।” ਮੇਰੇ ਮੂੰਹੋਂ ਨਿਕਲਿਆ। ਮੈਂ ਹੈਰਾਨੀ ਨਾਲ ਦੁਰਗੇ ਦੇ ਮੂੰਹ ਵੱਲ ਦੇਖਿਆ। ਸਧਾਰਨ ਜੇ ਦਿਖਦੇ ਮਜਦੂਰ ਬੰਦੇ ਨੇ ਬਹੁਤ ਡੂੰਘੀ ਗੱਲ ਕੀਤੀ ਸੀ।
ਦੁਰਗੇ ਦੀ ਗੱਲ ’ਤੇ ਸਿਰ ਤਾਂ ਜੋਤੀ ਵੀ ਹਿਲਾ ਰਿਹਾ ਸੀ, ਪਰ ਮੈਂ ਜਾਣਦਾ ਸਾਂ ਕਿ ਗੱਲ ਉਹਦੀ ਪਕੜ ’ਚ ਨ੍ਹੀਂ ਸੀ ਆਈ।
ਦੁਰਗਾ ਧੂਣੀ ’ਚ ਨਵੇਂ ਡੱਕੇ ਲਾਉਂਦਾ ਹੋਇਆ ਆਵਦੇ ਬੁੱਲਾਂ ’ਚ ਈ ਮੁਸਕਰਾ ਰਿਹਾ ਸੀ। ਉਹਦੀਆਂ ਅੱਖਾਂ ਦੱਸ ਰਹੀਆਂ ਸਨ ਕਿ ਉਹ ਕਿਸੇ ਦੂਰ ਖਿਆਲਾਂ ’ਚ ਡੁੱਬਿਆ ਹੋਇਆ ਸੀ।
ਅਚਾਨਕ ਉਹ ਖੁੱਲ੍ਹ ਕੇ ਮੁਸਕਰਾਇਆ ਤੇ ਹੱਥ ਮਾਰ ਕੇ ਸਾਡਾ ਧਿਆਨ ਆਵਦੇ ਵੱਲ ਖਿੱਚਦਾ ਹੋਇਆ ਬੋਲਿਆ, “ਸੁਣੋ, ਥੋਨੂੰ ਇਕ ਹਾਸੇ ਦੀ ਗੱਲ ਸੁਣਾਵਾਂ। ਆਹ ਮੋਹਰੇ ਆਲੀ ਗੱਲ ਤੋਂ ਮੈਨੂੰ ਯਾਦ ਆਇਐ…। ਜਦੋਂ ਆਪਣੇ ਐਮਰਜੈਂਸੀ ਲੱਗੀ ਸੀ?”
“ਹੂੰ!” ਐਮਰਜੈਂਸੀ ਦੇ ਨਾਂ ਤੋਂ ਮੈਂ ਚੌਕੰਨਾ ਜਿਹਾ ਹੋ ਕੇ ਹੁੰਗਾਰਾ ਭਰਿਆ।”
“ਅਸੀਂ ਭਾਈ ਜੇਲ੍ਹ ’ਚ ਸਾਂ। ਉੱਥੇ ਆਪਣੇ ਪਿੰਡ ਆਲੇ ਕਰਮ ਸਿਉਂ ਤੇ ਦੌਲਤੀ ਆੜ੍ਹਤੀਏ ਦੀ ਸ਼ਤਰੰਜ ਦੀ ਬਾਜੀ ਲੱਗ ਗਈ।”
“ਤੂੰ ਜੇਲ੍ਹ ’ਚ ਕਿਵੇਂ ਸੀ?” ਮੈਂ ਹੈਰਾਨੀ ਨਾਲ ਪੁੱਛਿਆ।
ਮੈਂ ਜਾਣਦਾ ਸੀ ਕਿ ਸਾਡੇ ਪਿੰਡ ਆਲਾ ਕਰਮ ਸਿੰਘ ਜਿ਼ਮੀਂਦਾਰਾ ਯੂਨੀਅਨ ਵਿਚ ਹੁੰਦਾ ਸੀ ਤੇ ਦੌਲਤੀ ਆੜ੍ਹਤੀਆ ਵੀ ਸਿਆਸੀ ਆਗੂ ਸੀ, ਪਰ ਇਹ ਤਾਂ ਮਜ਼ਦੂਰ ਬੰਦਾ ਸੀ।
“ਮੈਂ ਵੀ ਫਸ ਗਿਆ ਸੀ,” ਉਹਨੇ ਦੱਸਿਆ।
“ਉਹ ਕਿਵੇਂ?”
“ਲੈ ਇਹ ਵੀ ਸੁਣ ਲੋ,” ਉਹ ਕੁਝ ਛਿਣ ਮੇਰੇ ਮੂੰਹ ਵੱਲ ਦੇਖਦਾ ਰਿਹਾ ਤੇ ਬੋਲਿਆ, “ਉਦੋਂ ਮੈਂ ਕਾਮਰੇਡ ਭੂਰੇ ਕੇ ਰਲਿਆ ਹੁੰਦਾ ਸੀ। ਭੂਰਾ ਤਾਂ ਉਦੋਂ ਕਾਲਜ ’ਚ ਪੜ੍ਹਦਾ ਹੁੰਦਾ ਸੀ ਤੇ ਇਹਦਾ ਬਾਪੂ ਸ਼ਹਿਰ ਦੁੱਧ ਪਾਉਂਦਾ ਹੁੰਦਾ ਸੀ। ਸੱਤ-ਅੱਠ ਡੰਗਰ ਘਰਦੇ ਸੀ ਤੇ ਬਾਕੀ ਥੋੜ੍ਹਾ ਬਹੁਤਾ ਦੁੱਧ ਪਿੰਡ ’ਚੋਂ ਚੁੱਕ ਲੈਂਦੇ ਸੀ। ਉਹਨੇ ਤਾਂ ਸਵੇਰੇ ਸਾਝਰੇ ਸੈਂਕਲ ’ਤੇ ਦੁੱਧ ਆਲੇ ਢੋਲ ਲੱਦਣੇ ਤੇ ਫੇਰ ਉਹ ਦਿਨ ਢਲੇ ਹੀ ਮੁੜਦਾ ਹੁੰਦਾ ਸੀ। ਭੂਰੇ ਨੇ ਵੀ ਖਾ ਪੀ ਕੇ ਸੈਂਕਲ ਚੱਕਣਾ ਤੇ ਕਾਲਜ ਉੱਠ ਜਾਣਾ ਤੇ ਮਗਰੋਂ ਡੰਗਰ ਸਾਂਭਣ ਨੂੰ ਮੈਂ ਤਕੜਾ ਸੀ।
ਇਨ੍ਹਾਂ ਦੇ ਘਰ ਮੇਰੀ ਭੂਰੇ ਨਾਲ ਈ ਬਣਦੀ ਸੀ। ਇਹਦੀ ਮਾਂ ਦਾ ਸੁਭਾਅ ਵੀ ਠੀਕ ਸੀ, ਪਰ ਇਹਦੇ ਬਾਪੂ ਦਾ ਸੁਭਾਅ ਹੋਰ ਸੀ। ਉਹ ਤਾਂ ਜੇ ਭੂਰੇ ਕੋਲ ਕਿਸੇ ਮੁੰਡੇ ਨੇ ਆ ਜਾਣਾ- ਇਹਦੀ ਮਾਂ ਕੋਲ ਚੁੜ-ਚੁੜ ਕਰਨੋ ਈ ਨ੍ਹੀਂ ਸੀ ਹਟਦਾ।
ਭੂਰਾ ਮੁੰਡਿਆਂ ਦੀ ਯੂਨੀਅਨ ਵਿਚ ਸੀ ਤੇ ਮੁੰਡੇ ਇਹਦੇ ਕੋਲ ਆਉਂਦੇ ਈ ਰਹਿੰਦੇ ਸਨ। ਮੇਰੇ ਨਾਲ ਸਾਰੇ ਈ ਬਹੁਤ ਵਧੀਆ ਸਨ, ਤੇ ਆਪਾਂ ਵੀ ਉਨ੍ਹਾਂ ਦੇ ਕਿਸੇ ਕੰਮ ਨੂੰ ਕਦੇ ਮੱਥੇ ਵੱਟ ਨ੍ਹੀਂ ਸੀ ਪਾਇਆ।
ਕਈ ਆਰੀ ਉਹ ਸਿੱਧਾ ਖੇਤ ਹੀ ਬੋਰ ’ਤੇ ਆ ਜਾਂਦੇ, ਤੇ ਇਨ੍ਹਾਂ ਲਈ ਚਾਹ-ਰੋਟੀ, ਮੇਰੇ ਚਾਹੇ ਦੋ ਗੇੜੇ ਲੱਗਣ ਚਾਹੇ ਚਾਰ, ਮੈਂ ਕਦੇ ਪਰਵਾਹ ਹੀ ਨ੍ਹੀਂ ਸੀ ਕੀਤੀ। ਜੇ ਕਦੇ ਲੋੜ ਹੋਣੀ ਤਾਂ ਮੈਂ ਬਿੰਦ ਨ੍ਹੀਂ ਸੀ ਲਾਉਂਦਾ, ਮੰਡੀਓ ਇਨ੍ਹਾਂ ਦਾ ਸੌਦਾ ਪੱਤਾ ਵੀ ਲਿਆ ਦੇਣਾ ਸੈਂਕਲ ’ਤੇ ਲੱਗਦਾ ਵੀ ਕੀ ਸੀ, ਗੋਲੀ ਆਗੂੰ ਜਾਣਾ ਤੇ ਗੋਲੀ ਆਗੂੰ ਮੁੜ ਕੇ ਵੀ ਆ ਜਾਣਾ।
ਉਨ੍ਹਾਂ ਦੀ ਇੱਕ ਗੱਲ ਮੈਂ ਕਮਾਲ ਦੀ ਦੇਖੀ, ਚੰਗੀਆਂ ਭਲੀਆਂ ਗੱਲਾਂ ਕਰਦੇ ਕਰਦੇ ਇਉਂ ਬਹਿਸਣ ਲੱਗਦੇ, ਬਈ ਹੁਣੇ ਲੜ ਪੈਣਗੇ। ਪਰ ਉਹ ਥੋ੍ਹੜੇ ਚਿਰ ਮਗਰੋਂ ਈ ਰਲ ਕੇ ਗੀਤ ਗਾਉਣ ਲੱਗਦੇ। ਗਾਉਂਦੇ ਸਾਰੇ ਈ ਬਹੁਤ ਵਧੀਆ ਸਨ, ਪਰ ਬੰਤ ਦੀ ਆਵਾਜ਼ ਬਹੁਤ ਵਧੀਆ ਸੀ।
ਹੁਣ ਗਾਉਣ ਦਾ ਸੌ਼ਕ ਤਾਂ ਮੈਨੂੰ ਵੀ ਸੀ। ਇਨ੍ਹਾਂ ਮੂਹਰੇ ਤਾਂ ਭਾਵੇਂ ਮੈਂ ਕਦੇ ਵੀ ਨ੍ਹੀਂ ਸੀ ਗਾਇਆ, ਪਰ ਜਿਹਨੇ ਵੀ ਮੈਨੂੰ ਸੁਣਿਆ ਸੀ, ਇਹੀ ਕਹਿੰਦਾ ਸੀ ਕਿ ਜਮਾਂ ਮਾਣਕ ਅਰਗੀ ਤਰਜ਼ ਐ। ਬੰਤ ਭੂਰੇ ਕੋਲ ਆਮ ਈ ਆਉਦਾ-ਜਾਂਦਾ ਰਹਿੰਦਾ ਸੀ। ਕੇਰਾਂ ਮੈਂ ਬੰਤ ਨੂੰ ਗੀਤ ਸੁਣਾਇਆ ਤਾਂ ਉਹ ਬਹੁਤ ਖੁਸ਼ ਹੋਇਆ, ਕਹਿੰਦਾ, “ਤੂੰ ਤਾਂ ਗਾਉਂਦਾ ਈ ਬਹੁਤ ਵਧੀਐਂ!” ਉਹਨੇ ਮੈਨੂੰ ਉਦਾਸੀ ਦੇ ਗੀਤ ਗਾਉਣ ਲਾ`ਤਾ। ਉਹ ਮੈਨੂੰ ਕਹਿੰਦਾ ਸੀ ਕਿ ਜਦ ਆਪਣੇ ਨੇੜੇ-ਤੇੜੇ ਗੁਰਸ਼ਰਨ ਭਾਅ ਜੀ ਦਾ ਨਾਟਕ ਹੋਇਆ ਤਾਂ ਉਹ ਮੈਨੂੰ ਭਾਅ ਜੀ ਨੂੰ ਮਿਲਾਉਗਾ, ਫੇਰ ਤੂੰ ਉਨ੍ਹਾਂ ਦੀਆਂ ਸਟੇਜਾਂ ’ਤੇ ਗਾਇਆ ਕਰੀਂ।
ਇਹ ਗੱਲ ਦਾ ਮੈਨੂੰ ਐਨਾ ਚਾਅ ਸੀ ਕਿ ਮੈਂ ਹਰ ਵੇਲੇ ਕੰਮ ਕਰਦੇ ਨੇ ਜਾਂ ਤੁਰੇ ਫਿਰਦੇ ਨੇ ਗਾਉਂਦੇ ਰਹਿਣਾ ਤੇ ਆਵਦੀਆਂ ਤਰਜ਼ਾਂ ਪੱਕੀਆਂ ਕਰਦੇ ਰਹਿਣਾ। ਪੰਜ-ਛੇ ਗੀਤ ਤਾਂ ਮੈਨੂੰ ਬੰਤ ਨੇ ਈ ਕੰਠ ਕਰਾ`ਤੇ ਸੀ। ਜਿਸ ਸਾਲ ਐਮਰਜੈਂਸੀ ਲੱਗੀ, ਉਸੇ ਸਾਲ ਮਹਿੰਗਾਈ ਨੂੰ ਲੈ ਕੇ ਤਕੜਾ ਰੌਲਾ ਪਿਆ ਹੋਇਆ ਸੀ। ਇਕ ਵਾਰੀ ਬਹੁਤ ਵੱਡਾ ਜਲੂਸ ਨਿਕਲਣਾ ਸੀ। ਉਹਦਾ ਤਕੜਾ ਰੌਲਾ ਸੀ।
ਬੰਤ ਆ ਕੇ ਭੂਰੇ ਨੂੰ ਕਿਹਾ ਕਰੇ ਬਈ ਇਹ ਲੋਕਾਂ ਦੀ ਲਹਿਰ ਐ, ਆਪਾਂ ਨੂੰ ਵੀ ਇਹਦੇ ’ਚ ਰਲਣਾ ਚਾਹੀਦੈ। ਭੂਰਾ ਕਹੇ, “ਇਹ ਫਾਸ਼ੀ ਲੋਕਾਂ ਦੀ ਖੇਡ ਐ।” ਤੇ ਲਓ ਭਾਈ ਉਹ ਇਹੀ ਫੈਸਲਾ ਨ੍ਹੀਂ ਕਰ ਸਕੇ ਵੀ ਆਪਾਂ ਜਲੂਸ ’ਚ ਜਾਈਏ ਜਾਂ ਨਾ ਜਾਈਏ। ਐਨੇ ਨੂੰ ਐਮਰਜੈਂਸੀ ਲੱਗ ਗਈ।
ਭੂਰੇ ਨੇ ਤਾਂ ਸਵੇਰੇ ਸਾਝਰੇ ਈ ਸੈਂਕਲ ਚੱਕਿਆ ਤੇ ਕਿਸੇ ਪਾਸੇ ਖਿਸਕ ਗਿਆ। ਜਾਂਦਾ ਜਾਂਦਾ ਮੈਨੂੰ ਕਹਿ ਗਿਆ, “ਜੇ ਪੁਲਸ ਆਲੇ ਆ ਕੇ ਮੇਰੇ ਬਾਰੇ ਪੁੱਛਣ ਤਾਂ ਕਹਿ ਦੀਂ ਲਾਮ ਨੂੰ ਗਿਆ ਹੋਇਐ, ਬਾਕੀ ਬੋਰ ’ਤੇ ਦੇਖ`ਲੀਂ ਕੋਈ ਕਾਗਜ਼ ਪੱਤਰ ਪਿਆ ਹੋਇਆ ਤਾਂ ਆਵਦੇ ਘਰੇ ਲੈ`ਜੀਂ ਤੇ ਸਾਂਭ`ਲੀਂ।”
ਐਮਰਜੈਂਸੀ ਦਾ ਤਾਂ ਉਦੋਂ ਮੈਨੂੰ ਪਤਾ ਨ੍ਹੀਂ ਸੀ, ਪਰ ਐਨੀ ਕੁ ਗੱਲ ਮੈਂ ਸਮਝ ਗਿਆ ਸੀ ਵੀ ਕੋਈ ਮਾੜੀ ਗੱਲ ਹੋ`ਗੀ।
ਸਭ ਤੋਂ ਪਹਿਲਾਂ ਮੈਂ ਕਾਗਜ਼ਾਂ ਆਲਾ ਕੰਮ ਕੀਤਾ। ਕਾਗਜ਼ ਵੀ ਕੀ ਸੀ, ਇਕ ਰਸਾਲਾ ਪਿਆ ਸੀ। ਖੋਲ੍ਹ ਕੇ ਦੇਖਿਆ ਤਾਂ ਉਹਦੇ ’ਚ ਉਦਾਸੀ ਦੀਆਂ ਬੋਲੀਆਂ, ਮੈਨੂੰ ਤਾਂ ਦੇਖ ਕੇ ਚਾਅ ਚੜ੍ਹ ਗਿਆ। ਰਸਾਲਾ ਮੈਂ ਡੱਬ ’ਚ ਲਕੋ ਲਿਆ ਤੇ ਘਰੇ ਲੈ ਗਿਆ।
ਦੋ ਕੁ ਦਿਨਾਂ ’ਚ ਈ ਬੋਲੀਆਂ ਮੈਨੂੰ ਕੰਠ ਹੋ`ਗੀਆਂ। ਤਰਜ਼ ਵੀ ਸਮਝ ਲੈ, ਪੱਕ ਈ ਚੱਲੀ ਸੀ। ਹਰ ਵੇਲੇ ਗਾਈ ਜੋ ਜਾਂਦਾ ਸੀ।
ਮੇਰਾ ਦਿਲ ਕਰੇ ਕਿ ਬੰਤ ਆ`ਜੇ ਤੇ ਮੈਂ ਉਹਨੂੰ ਬੋਲੀਆਂ ਸੁਣਾ ਕੇ ਹੈਰਾਨ ਕਰ ਦਿਆਂ; ਪਰ ਉਹਨੇ ਕਿੱਥੋਂ ਆਉਣਾ ਸੀ। ਭੂਰਾ ਤਾਂ ਆਪ ਪੁਲਸ ਤੋਂ ਟਲਿਆ ਫਿਰਦਾ ਸੀ। ਪੁਲਸ ਵੀ ਦੋ-ਤਿੰਨ ਗੇੜੇ ਮਾਰ ਗਈ ਸੀ। ਮੈਨੂੰ ਤਾਂ ਕਿਸੇ ਨੇ ਨ੍ਹੀਂ ਬੁਲਾਇਆ। ਇਨ੍ਹਾਂ ਨੂੰ ਈ ਪੁੱਛ ਪੁਛਾ ਕੇ ਮੁੜਦੇ ਰਹੇ। ਇਕ ਆਰੀ ਤਾਂ ਖਾਸੇ ਔਖੇ-ਭਾਰੇ ਵੀ ਹੁੰਦੇ ਸੀ।
ਐਨੇ ਨੂੰ ਵੱਡਾ ਠਾਣੇਦਾਰ ਬਦਲ ਗਿਆ। ਉਹਦੀ ਥਾਂ ਜਿਹੜਾ ਨਵਾਂ ਆਇਆ, ਉਹ ਬੜਾ ਕੱਬਾ ਬੰਦਾ ਸੀ। ਉਹ ਜਦੋਂ ਆਇਆ ਤਾਂ ਪਹਿਲਾਂ ਸਿੱਧਾ ਡੰਗਰਾਂ ਆਲੇ ਆ ਵੜਿਆ। ਉਹਦੇ ਚਿੱਤ ’ਚ ਹੋਊ ਬਈ ਭੂਰਾ ਡੰਗਰਾਂ ਆਲੇ ਸ਼ੈੱਡ ’ਚ ਨਾ ਲੁਕਿਆ ਬੈਠਾ ਹੋਵੇ।
ਮੈਂ ਮੈਸਾਂ ਨੂੰ ਸੰਨੀ ਕਰ ਕੇ, ਕਟਰੂਆਂ ਦੀ ਖੁਰਲੀ ’ਚ ਹੱਥ ਮਾਰਦਾ ਸੀ, ਨਾਲੇ ਆਪਣੇ ਈ ਧਿਆਨ ’ਚ ਗਾਈ ਜਾਂਦਾ ਸੀ, “ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ,” ਤੇ ਮੈਨੂੰ ਪਤਾ ਈ ਨ੍ਹੀਂ ਲੱਗਿਆ ਵੀ ਉਹ ਕਦੋਂ ਮੇਰੇ ਮਗਰ ਆ ਖੜ੍ਹਾ ਹੋਇਆ।
ਮੈਨੂੰ ਬਿੜਕ ਜਿਹੀ ਹੋਈ ਤੇ ਮੈਂ ਮੁੜ ਕੇ ਦੇਖਿਆ, ਤਾਂ ਮੈਨੂੰ ਕਹਿੰਦਾ, “ਆ ਜਾ ਆ ਜਾ, ਤੈਨੂੰ ਮੈਂ ਦੱਸਦੈਂ ਜੋਕਾਂ ਕਿਵੇਂ ਤੋੜੀਦੀਐਂ,” ਤੇ ਲੌ ਜੀ, ਜਦ ਕੱਖਾਂ ਆਲੇ ਹੱਥ ਝਾੜਦਾ ਮੈਂ ਉਹਦੇ ਨੇੜੇ ਹੋਇਆ ਤਾਂ ਉਹਨੇ ਵੱਟ ਕੇ ਮੇਰੇ ਮੂੰਹ ’ਤੇ ਚਪੇੜ ਮਾਰੀ, ਮੇਰਾ ਸਿਰ ਹਿਲਾ ਕੇ ਰੱਖ`ਤਾ। ਤਦੇ ਇਕ ਮੇਰੇ ਮਗਰ ਖੜ੍ਹਾ ਸੀ, ਉਹਨੇ ਤਿੰਨ ਚਾਰ ਮੇਰੀ ਧੌਣ ’ਚ ਸਿੱਟੀਆਂ ਤੇ ਮੈਨੂੰ ਕਾਲਰ ਤੋਂ ਫੜ ਕੇ ਧੱਕਦਾ ਜਿਆ ਲੈ ਜਾ ਕੇ ਜੀਪ ’ਚ ਬਹਾਲਿਆ।
ਭੂਰੇ ਦੇ ਪਿਉ ਨੇ ਵੀ ਬਥੇਰੇ ਤਰਲੇ ਕੀਤੇ, ‘ਇਹਨੂੰ ਨਾ ਲਜਾਓ ਜੀ, ਸਾਡਾ ਸਾਰਾ ਕੰਮ ਖੜ੍ਹਜੂਗਾ।’
ਮੈਂ ਵੀ ਕਿਹਾ ਕਿ ਸਾਹਿਬ ਜੀ ਮੇਰਾ ਕਸੂਰ ਤਾਂ ਦੱਸ ਦੋ; ਕੱਢ ਕੇ ਭੈਣ ਦੀ ਗਾਲ੍ਹ ਕਹਿੰਦਾ, “ਸਾਲਿਆ ਸਰਕਾਰ ਨੂੰ ਜੋਕਾਂ ਦੱਸਦੈਂ! ਅਜੇ ਕਸੂਰ ਪੁੱਛਦੈਂ?
ਮੈਨੂੰ ਤਾਂ ਸੀ ਕਿ ਠਾਣੇ ਜਾ ਕੇ ਕੁੱਟਣਗੇ, ਪਰ ਏਸ ਗੱਲੋਂ ਬਚਾਅ ਰਿਹਾ, ਲਜਾ ਕੇ ਮੈਨੂੰ ਸੀਖਾਂ ਪਿੱਛੇ ਬੰਦ ਕਰ`ਤਾ, ਅਗਲੇ ਦਿਨ ਜੱਜ ਦੇ ਪੇਸ਼ ਕਰਕੇ ਜੇਲ੍ਹ ਭੇਜ`ਤਾ।
ਜੇਲ੍ਹ `ਚ ਆ ਕੇ ਲੱਗਿਆ ਬਈ ਜਿਵੇਂ ਨਰਕ ’ਚੋਂ ਨਿਕਲ ਕੇ ਆਇਆ ਹੋਵਾਂ। ਇਥੇ ਸਿਆਸੀ ਹਾਤੇ ’ਚ ਤਾਂ ਜਿਵੇਂ ਮੇਲਾ ਲੱਗਿਆ ਹੋਇਆ ਸੀ। ਉੱਥੇ ਠਾਣੇ ’ਚ ਤਾਂ ਇਉਂ ਸੀ, ਜਿਵੇਂ ਖੁੱਡੇ ’ਚ ਕੁੱਕੜ ਤਾੜੇ ਹੁੰਦੇ ਐ, ਰਾਤ ਨੂੰ ਇੱਕ ਤਾਂ ਕੰਧਾਂ ’ਚੋਂ ਸੇਕ ਮਾਰੇ, ਦੂਆ ਮੱਛਰ ਵੱਢ-ਵੱਢ ਖਾਈ ਜਾਣ। ਸਾਰੀ ਰਾਤ ਜਾਗ ਕੇ ਮਸਾਂ ਕੱਟੀ, ਏਥੇ ਤਾਂ ਵੜਦੇ ਸਾਰ ਟੂਟੀਆਂ ਦਾ ਖੁੱਲ੍ਹਾ ਪਾਣੀ, ਨਹਾਉਣ ਧੋਣ ਵਾਲਿਆਂ ਦੀ ਪੂਰੀ ਰੌਣਕ ਲੱਗੀ ਹੋਈ ਦੇਖ ਕੇ ਈ ਜਿਵੇਂ ਸੁੱਖ ਦਾ ਸਾਹ ਆ ਗਿਆ।
ਦੂਰ ਤਾਈਂ ਕੋਠੜੀਆਂ ਦੀ ਲੰਬੀ ਪਾਲ, ਮੂਹਰੇ ਵਰਾਂਡਾ, ਇੱਕ ਕੋਠੜੀ ’ਚੋਂ ਨੰਬੜਦਾਰ ਮੈਨੂੰ ਕੰਬਲ ਤੇ ਭਾਂਡੇ ਚੁਕਾਏ ਤੇ ਵਰਾਂਡੇ ਵਿਚੀਂ ਕਾਹਲੀ-ਕਾਹਲੀ ਤੁਰਦਾ ਹੋਇਆ ਆਖਰੀ ਕੋਠੜੀ ’ਚ ਲੈ ਗਿਆ ਤੇ ਉਨ੍ਹਾਂ ਨੂੰ ਕਹਿੰਦਾ, “ਲੋ ਸਾਂਭੋ ਆਵਦਾ ਇਕ ਹੋਰ ਭਾਈਬੰਦ।”
ਮੈਨੂੰ ਦੇਖਦੇ ਉਹ ਬੜੇ ਖੁਸ਼ ਹੋਏ, ਦੋ ਕੁ ਜਾਣੇ ਲੰਮੇ ਪਏ ਸੀ, ਉਹ ਵੀ ਉੱਠ ਕੇ ਬਹਿ ਗਏ। ਸਾਰਿਆਂ ਨੇ ਮੇਰੇ ਨਾਲ ਹੱਥ ਮਿਲਾਏ, ਮੇਰਾ ਹਾਲ ਚਾਲ ਪੁੱਛਿਆ, ਪਰ ਜਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਭੂਰੇ ਕਾ ਸੀਰੀ ਆਂ, ਤਾਂ ਉਹ ਚੁੱਪ ਜੀ ਵੱਟ`ਗੇ। ਉਂਜ ਵਤੀਰਾ ਉਨ੍ਹਾਂ ਦਾ ਫੇਰ ਵੀ ਵਧੀਆ ਰਿਹਾ।
ਮੈਨੂੰ ਕਹਿੰਦੇ, “ਕਿਸੇ ਚੀਜ਼ ਦੀ ਲੋੜ ਹੋਏ ਤਾਂ ਸਾਥੀ ਜਕੀਂ ਨਾ, ਹੋਰ ਥੋੜ੍ਹੇ ਚਿਰ ਤਾਂਈ ਲੰਗਰ ਤਿਆਰ ਹੋ ਜਾਣੈ, ਜਦ ਤਾਂਈਂ ਜੇ ਗੇੜਾ-ਗੂੜਾ ਦੇਣਾ ਤਾਂ ਦੇ ਆ, ਨਹੀਂ ਤਾਂ ਉਥੇ ਆਵਦੇ ਕੰਬਲ ਵਿਛਾ ਲੈ ਤੇ ਅਰਾਮ ਕਰ ਲੈ।”
ਮੈਂ ਉੱਠ ਕੇ ਬਾਹਰ ਆ ਗਿਆ ਤੇ ਦੇਖਿਆ, ਹਰ ਪਾਸੇ ਮਲੱਖ ਈ ਮਲੱਖ। ਮੂਹਰੇ ਅੰਬਾਂ ਹੇਠਾਂ ਹੋਰ ਵੀ ਰੌਣਕ ਲੱਗੀ ਹੋਈ। ਅੰਬਾਂ ਤੇ ਕੱਚੀਆਂ ਅੰਬੀਆਂ, ਦੇਖ ਕੇ ਮੇਰਾ ਚਿੱਤ ਕਰੇ, ਬੱਸ ਦੇਖੀ ਜਾਵਾਂ।
ਵਰਾਂਡੇ ’ਚ ਅਜੇ ਮੈਂ ਪੰਜ ਚਾਰ ਡੀਂਗਾਂ ਈ ਪੁੱਟੀਆਂ ਸਨ ਕਿ ਮੂਹਰੇ ਮੰਡੀ ਆਲਾ ਦੋਲਤੀ ਆੜ੍ਹਤੀਆ ਤੁਰਿਆ ਆਵੇ। ‘ਪ੍ਰਧਾਨ ਜੀ ਆੜਤੀਏ ਦਾ ਪਿਉ।’ ਮਗਰੇ ਉਹਦੇ ਚਾਹ ਆਲਾ ਮੇਸ਼ੀ, ‘ਉਹ ਹੈ ਨ੍ਹੀਂ।’ ਮੰਡੀ ਵੜਦੇ ਈ ਚਾਹ ਆਲਾ ਖੋਖਾ ਹੈ ਉਹਦਾ। ਉਨ੍ਹਾਂ ਨਾਲ ਅਜੇ ਮੈਂ ਗੱਲ ਈ ਕਰਦਾ ਸੀ ਕਿ ਮੇਰੀ ਨਿਗਾਹ ਕਰਮ ਸਿਉਂ ’ਤੇ ਪੈ`ਗੀ, ਉਹ ਟੂਟੀਆਂ ਵੰਨੀ ਤੁਰਿਆ ਜਾਵੇ। ਭੱਜ ਕੇ ਉਹਦੇ ਨਾਲ ਰਲਿਆ। ਦੇਖ ਕੇ ਬੜਾ ਖੁਸ਼ ਹੋਇਆ। ਉਨ੍ਹਾਂ ਦਾ ਜਿਣਸਾਂ ਦੇ ਭਾਅ ਦਾ ਮੋਰਚਾ ਲੱਗਿਆ ਹੋਇਆ ਸੀ ਤੇ ਉਹ ਜਥੇ ਨਾਲ ਗ੍ਰਿਫਤਾਰੀ ਦੇ ਕੇ ਆਇਆ ਹੋਇਆ ਸੀ।
ਉਹ ਮੈਨੂੰ ਪਿੰਡ ਦਾ ਹਾਲ-ਚਾਲ ਪੁੱਛਣ ਲੱਗ ਗਿਆ। ਐਨੇ ਨੂੰ ਹਾਤੇ ਦੇ ਦਰੋਂ ਬਾਹਰ ਨਾਹਰੇ ਵੱਜਣ ਲੱਗ ਗਏ।
ਮੈਂ ਕਿਹਾ, “ਲੈ ਹੋਰ ਆ`ਗੇ ਥੋਡੇ ਨਾਲ ਦੇ।”
ਉਹ ਕਹਿੰਦਾ, “ਨਹੀਂ, ਇਹ ਅਕਾਲੀਆਂ ਦਾ ਜਥਾ, ਉਨ੍ਹਾਂ ਦਾ ਵੀ ਮੋਰਚਾ ਲੱਗਿਆ ਹੋਇਆ।”
ਉਨ੍ਹਾਂ ਦੀ `ਵਾਜ ਸੁਣ ਕੇ ਅੰਦਰ ਹਾਤੇ ’ਚ ਵੀ ਨਾਹਰੇ ਲੱਗਣ ਲੱਗ ਪਏ। ਤਕੜੀ ਦੇਰ ਘੜਮਤਸ ਪੈਂਦੀ ਰਹੀ। ਮੇਰਾ ਧਿਆਨ ਤਾਂ ਉਨ੍ਹਾਂ ’ਚ ਸੀ, ਐਨੇ ’ਚ ਕਿਸੇ ਨੇ ਮੇਰੇ ਮੋਢੇ ’ਚੇ ਹੱਥ ਰੱਖ`ਤਾ। ਮੁੜ ਕੇ ਦੇਖਿਆ ਤਾਂ ਬੰਤ ਖੜ੍ਹਾ ਹੱਸੀ ਜਾਏ।
…ਕੇਰਾਂ ਤਾਂ ਮੈਂ ਹੈਰਾਨ ਈ ਹੋ ਗਿਆ। ਮੈਂ ਕਿਹਾ, ਓ ਬਾਈ ਤੂੰ ਕਿੱਥੇ? ਮੈਂ ਤੈਨੂੰ ਘਰੇ ਡੀਕੀ ਜਾਂਦਾ ਸੀ।”
ਕਹਿੰਦਾ, “ਦੇਖ ਲੈ…!”
ਉਹਨੇ ਦੱਸਿਆ ਵੀ ਉਹ ਤਾਂ ਦੂਏ ਦਿਨ ਈ ਫੜਿਆ ਗਿਆ ਸੀ। ਮੈਂ ਕਿਹਾ, “ਸ਼ੁਕਰ ਐ ਰੱਬ ਦਾ ਯਾਰ, ਕੋਈ ਤਾਂ ਆਵਦਾ ਮਿਲਿਆ।”
ਉਹ ਸਾਡੇ ਨਾਲ ਦੀ ਕੋਠੜੀ ਵਿਚ ਸੀ। ਉਹਨੇ ਮੈਨੂੰ ਆਵਦੀ ਥਾਂ ਦਿਖਾਈ ਤੇ ਮੇਰੇ ਨਾਲ ਈ ਸਾਡੀ ਕੋਠੜੀ ਵਿਚ ਆ ਗਿਆ।
ਉਹਨੇ ਜਦ ਉਨ੍ਹਾਂ ਨੂੰ ਦੱਸਿਆ ਵੀ ਇਹ ਵੀ ਆਪਣਾ ਈ ਸਾਥੀ ਐ ਤੇ ਉਦਾਸੀ ਦੇ ਗੀਤ ਬੜੇ ਸੋਹਣੇ ਗਾਉਂਦਾ ਐ ਤਾਂ ਉਹ ਵੀ ਬਹੁਤ ਖੁਸ਼ ਹੋਏ। ਫੇਰ ਤਾਂ ਦੇਖ ਲੋ ਰੋਜ ਈ ਮਹਿਫਿਲ ਲੱਗਦੀਓ ਰਹਿੰਦੀ ਸੀ।
ਬੰਤ ਨੂੰ ਮੈਂ ਠਾਣੇਦਾਰ ਆਲੀ ਗੱਲ ਸੁਣਾਈ ਤਾਂ ਉਹ ਬਹੁਤ ਹੱਸਿਆ, ਕਹਿੰਦਾ, ਠਾਣੇਦਾਰ ਬੇਚਾਰਾ ਤਾਂ ਅਸਲ ਸੇਵਾਦਾਰ ਈ ਉਸ ਜਮਾਤ ਦਾ, ਜਿਹਨੂੰ ਆਪਾਂ ਲਹੂ ਪੀਣੀਆਂ ਜੋਕਾਂ ਕਹਿੰਦੇ ਆ, ਆਪਣੀ ਜਮਾਤ ਉਨ੍ਹਾਂ ਤੋਂ ਵੱਖਰੀ ਐ। ਫੇਰ ਉਹ ਰੋਜ਼ ਈ ਮੈਨੂੰ ਥੋੜ੍ਹਾ-ਬਹੁਤ ਸਮਝਾਉਣ ਲੱਗ ਪਿਆ।
ਸਵੇਰ ਮੌਕੇ ਤਾਂ ਤੁਸੀਂ ਸਿਆਣੇ ਓਂ, ਸਭ ਦੇ ਆਪੋ ਆਵਦੇ ਰੁਝੇਵੇਂ ਹੁੰਦੇ, ਪਰ ਦੁਪਹਿਰ ਨੂੰ ਅੰਬਾਂ ਹੇਠ ਪੂਰੀ ਰੌਣਕ ਹੋ ਜਾਂਦੀ। ਕਿਧਰੇ ਤਾਸ਼ ਖੇਡਣ ਆਲੇ, ਕਿਧਰੇ ਲੁੱਡੋ ਆਲੇ। ਮੰਡੀ ਆਲਾ ਦੌਲਤੀ ਤੇ ਇਕ ਹੋਰ ਜਿਹਨੂੰ ਸਾਰੇ ਵੀਰ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ-ਸ਼ਤਰੰਜ ਲੈ ਕੇ ਬਹਿ ਜਾਂਦੇ। ਤੇ ਮੈਂ, ਬੰਤ ਨੇ ਮੈਨੂੰ ਭਗਤ ਸਿੰਘ ਦੀ ਜੀਵਨੀ ਦਿੱਤੀ ਸੀ ਪੜ੍ਹਣ ਨੂੰ, ਉਹ ਲੈ ਕੇ ਅੰਬਾਂ ਹੇਠ ਆ ਬਹਿਣਾ।
ਤਾਸ਼ ਆਲੇ ਤਾਂ ਕਦੇ-ਕਦੇ ਬਹੁਤ ਡੰਡ ਪਾਉਂਦੇ। ਪਰ ਲਾਲੇ ਹੋਰੀਂ, ਹੁਣ ਅੱਠ-ਦਸ ਜਣੇ ਤਾਂ ਦੇਖ ਲੋ ਇਨ੍ਹਾਂ ਦੇ ਦੁਆਲੇ ਬੈਠੇ ਈ ਹੁੰਦੇ ਸੀ, ਪਰ ਮਜ਼ਾਲ ਐ ਕਿਸੇ ਦੇ ਸਾਹ ਲੈਣ ਦੀ ’ਵਾਜ ਵੀ ਆ ਜਾਵੇ। ਸਾਰੇ ਚੁੱਪ ਕਰਕੇ ਦੇਖਦੇ ਰਹਿੰਦੇ।
’ਕੱਲਾ ਮੇਸ਼ੀ ਸੀ, ਜਿਹੜਾ ਬੇਚਾਰਾ ਹਮੇਸ਼ਾ ਖੜ੍ਹ ਕੇ ਈ ਦੇਖਦਾ। ਉਹਨੂੰ ਤਾਂ ਲਾਲਾ ਈ ਕਿਸੇ ਨਾ ਕਿਸੇ ਕੰਮ ਭਜਾਈ ਰੱਖਦਾ-ਮੇਸ਼ੀ ਲਿਆਈਂ ਸਿਗਟਾਂ ਦੀ ਡੱਬੀ, ਮੇਸ਼ੀ ਚਾਹ ਈ ਧਰ ਲੈ, ਮੇਸ਼ੀ ਆਹ ਕਰ ਲੈ, ਮੇਸ਼ੀ ਉਹ ਕਰ ਲੈ; ਤੇ ਉਹ ਬੇਚਾਰਾ ਇਕ ਲੱਤ ਖੜ੍ਹਾ ਈ ਰਹਿੰਦਾ।
ਆਪਣਾ ਕਰਮ ਸਿਉਂ ਵੀ ਲੰਘਦਾ ਕਰਦਾ ਕਦੇ-ਕਦੇ ਮੇਸ਼ੀ ਕੋਲ ਖੜ੍ਹ ਜਾਂਦਾ, ਤੇ ਮੈਂ ਵੀ ਉਹਨੂੰ ਦੇਖ ਕੇ ਆ ਖੜ੍ਹਦਾ।
ਇਕ ਦਿਨ ਕੀ ਹੋਇਆ, ਗੱਲ ਕਰਦਾ ਦੁਰਗਾ ਸਾਡੇ ਵੱਲ ਵੇਖ ਕੇ ਮੁਸਕਰਾਇਆ, “ਜਿਹੜੀ ਮੈਂ ਹਾਸੇ ਆਲੀ ਗੱਲ ਦੱਸਣ ਲੱਗਿਆ ਸੀ, ਗੱਲ ਕੀ ਹੋਈ, ਵੀਰ ਜੀ ਦੀ ਤਰੀਕ ਆ`ਗੀ। ਉਹ ਤਾਂ ਸਵੇਰੇ ਈ ਤਿਆਰ ਹੋ ਕੇ ਪੇਸ਼ੀ ਭੁਗਤਣ ਚਲੇ ਗਿਆ ਤੇ ਦੌਲਤੀ ਬੇਚਾਰੇ ਨਾਲ ਸ਼ਤਰੰਜ ਖੇਡਣ ਆਲਾ ਕੋਈ ਨਾ ਰਿਹਾ।
ਵਿਹਲਾ ਹੋ ਕੇ ਮੈਂ ਵੀ ਕਿਤਾਬ ਲੈ ਕੇ ਅੰਬਾਂ ਹੇਠ ਆ ਗਿਆ। ਦੌਲਤੀ ਪਹਿਲਾਂ ਈ ਆਵਦੀ ਪੱਕੀ ਥਾਂ, ਕੰਬਲ ’ਤੇ ਚੌਂਕੜੀ ਮਾਰੀ ਬੈਠਾ ਆਵਦੇ ਆਪ ਨੂੰ ਪੱਖੀ ਝੱਲੀ ਜਾਏ। ਮੈਂ ਥੋੜ੍ਹਾ ਹਟ ਕੇ ਬਹਿ ਗਿਆ। ਕਿਤਾਬ ਪੜ੍ਹਦੇ-ਪੜ੍ਹਦੇ ਮੇਰੀ ਅੱਖ ਮਿਚਣ ਲੱਗ ਪੀ ਤੇ ਮੈਂ ਉੱਥੇ ਈ ਪਰਨਾ ਵਿਛਾ ਕੇ ਟੇਢਾ ਹੋ ਗਿਆ ਤੇ ਮੈਨੂੰ ਨੀਂਦ ਆ`ਗੀ।
ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ। ਜਿੱਥੇ ਮੈਂ ਪਿਆ ਸੀ, ਉੱਥੇ ਧੁੱਪ ਆ`ਗੀ ਸੀ। ਮੈਂ ਉੱਠ ਕੇ ਬਹਿ ਗਿਆ। ਮੁੜ੍ਹਕੇ ਨਾਲ ਮੇਰਾ ਕੁੜਤਾ ਗੱਚ ਹੋਇਆ ਪਿਆ ਸੀ।
ਪੂਰਾ ਵੱਟ ਪੈ ਗਿਆ ਸੀ। ਹਵਾ ਤਾਂ ਇਉਂ ਬੰਦ ਹੋਈ ਪਈ ਸੀ, ਜਿਵੇਂ ਕਿਸੇ ਨੇ ਫੜ ਕੇ ਖੜ੍ਹਾ`ਤੀ ਹੋਏ। ਮੈਂ ਦੇਖਿਆ ਲਾਲਾ ਬੇਚਾਰਾ ਉੱਥੇ ਈ ਲੱਤਾਂ ਨਿਸਾਲੀ ਬੈਠਾ ਪੱਖੀ ਝੱਲੀ ਜਾਏ।
ਤੇ ਲਓ ਜੀ, ਰੱਬ ਸਬੱਬੀਂ ਉੱਥੇ ਕਰਮ ਸਿਉਂ ਆ ਗਿਆ। ਉਹ ਕੇਸੀ ਨਹਾ ਕੇ ਆਇਆ ਸੀ ਤੇ ਉਹਨੇ ਮੌਰਾਂ ਤੋਂ ਦੀ ਪਰਨਾ ਕਰਕੇ ਆਵਦੇ ਵਾਲ ਮਗਰ ਨੂੰ ਸਿੱਟੇ ਹੋਏ ਸਨ।
ਉਹ ਕਹਿੰਦਾ, “ਅੱਜ ਤਾਂ ਸੇਠ ਜੀ ਲੱਗਦੈ `ਨੇਰੀ ਆਊ।” ਉਹ ਦੌਲਤੀ ਕੋਲ ਆ ਖੜ੍ਹਾ ਹੋਇਆ ਤੇ ਬੋਲਿਆ, “ਕੀ ਗੱਲ ਸੇਠ ਜੀ ਇਉ ਸੁੰਨੇ ਜੇ ਬੈਠੇ ਓ, ਕੀ ਅਜੇ ਸਾਥੀ ਮੁੜਿਆ ਨ੍ਹੀਂ ਤਰੀਕ ਤੋਂ?”
ਉਹਨੇ ਗੱਲ ਕੀ ਕੀਤੀ, ਲਾਲਾ ਤਾਂ ਉਹਦੇ ਖਹਿੜੇ ਪੈ ਗਿਆ, ਬਈ ਆਉ ਇੱਕ ਬਾਜੀ ਲਾਉਨੇ ਆਂ।”
ਉਹ ਕਹਿੰਦਾ, ਸੇਠ ਜੀ ਕਿਉਂ ਟਿੱਚਰਾਂ ਕਰਦੈਂ, ਮੈਂ ਹਲ ਵਾਹ ਸਿੱਧਾ ਸਾਦਾ ਜੱਟ ਤੇ ਤੂੰ ਹੰਢਿਆ ਹੋਇਆ ਸਿਆਸੀ ਬੰਦਾ। ਆਪਣਾ ਕੀ ਮੁਕਾਬਲਾ!”
ਪਰ ਦੌਲਤੀ ਉਹਦਾ ਖਹਿੜਾ ਕਿੱਥੋਂ ਛੱਡਣ ਆਲਾ ਸੀ। ਅਖੀਰ ਉਹਨੇ ਉਹਨੂੰ ਖੇਡਣ ਲਾ ਲਿਆ।
ਮੈਂ ਵੀ ਉੁੱਠ ਕੇ ਪਰਨਾ ਝਾੜਿਆ ਤੇ ਮੂੰਹ ਪੂੰਝਦਾ ਇਨ੍ਹਾਂ ਦੇ ਨੇੜੇ ਆ ਖੜ੍ਹਾ ਹੋਇਆ, ਪਰ ਗਰਮੀ ਨੇ ਮੇਰੀ ਸੁਰਤ ਮਾਰੀ ਪਈ ਸੀ। ਮੈਂ ਸੋਚਿਆ, ਭੱਜ ਕੇ ਪਿੰਡੇ ਪਾਣੀ ਪਾ ਆਵਾਂ।
ਟੂਟੀਆਂ ’ਤੇ ਪਹਿਲਾਂ ਈ ਪੂਰੀ ਭੀੜ ਸੀ। ਮੈਨੂੰ ਤਕੜਾ ਟੈਮ ਲੱਗ ਗਿਆ। ਮੁੜ ਕੇ ਆਇਆ ਤਾਂ ਦੇਖਿਆ, ਲਾਲੇ ਨੇ ਕਰਮ ਸਿਉਂ ਦੇ ਪੰਜ-ਛੇ ਮੋਹਰੇ ਮਾਰ ਕੇ ਆਵਦੇ ਪੈਰਾਂ ਕੋਲ ਰੱਖੇ ਹੋਏ। ਊਂ ਤਾਂ ਕਰਮ ਸਿੰਘ ਨੇ ਵੀ ਤਿੰਨ ਚਾਰ ਮੋਹਰੇ ਮਾਰੇ ਹੋਏ ਸਨ। ਦੋਵੇਂ ਸਿਰ ਸੁੱਟ ਕੇ ਇਉ ਸੋਚਾਂ ’ਚ ਡੁੱਬੇ ਬੈਠੇ, ਜਿਵੇਂ ਕੁੜੀ ਦੱਬ ਕੇ ਆਏ ਹੁੰਦੇ ਐ।
ਮੇਸ਼ੀ ਨੇ ਦੋਹਾਂ ਨੂੰ ਨਿੰਬੂ ਪਾਣੀ ਪਿਆਇਆ। ਇਕ ਹੱਥ ਖਾਲੀ ਜੱਗ ਤੇ ਦੂਏ ’ਚ ਗਲਾਸ ਫੜੀ ਉਹ ਵੀ ਲਾਲੇ ਦੇ ਮਗਰੇ ਹੀ ਖੜ੍ਹ ਗਿਆ ਤੇ ਦੇਖਣ ਲੱਗ ਪਿਆ।
ਚਾਣਚੱਕ ਮੇਰੀ ਨਿਗਾਹ ਪਈ, ਟੂਟੀਆਂ ਦੇ ਉੱਤੋਂ ਦੀ ਕਾਲਾ ਬੱਦਲ ਉੱਠ ਖੜ੍ਹਿਆ। ਮੇਰਾ ਪਰਨਾ ਸੁੱਕਣੇ ਪਾਇਆ ਹੋਇਆ ਸੀ। ਮੈਂ ਉਹ ਚੁੱਕਣ ਲਈ ਚਲਾ ਗਿਆ, ਮੁੜ ਕੇ ਆਇਆ ਤਾਂ ਮੇਸ਼ੀ ਨੇ ਮੇਰੇ ਕੰਨ ’ਚ ਦੱਸਿਆ ਕਿ ਲਾਲਾ ਜੀ ਨੂੰ ਸ਼ਹਿ ਦੇ`ਤੀ।
“ਹੁਣ ਕੀ ਹੋਉ?” ਮੈਂ ਉਹਦੇ ਕੰਨ ’ਚ ਪੁੱਛਿਆ। ਉਹਨੇ ਬੁੱਲ ਜਿਹਾ ਟੇਰ ਕੇ ਸਿਰ ਮਾਰਿਆ, “ਮੁਸ਼ਕਿਲ ਐ, ਬਾਜੀ ਗਈ,” ਉਹਨੇ ਕਿਹਾ।
‘ਸਹੁੰ ਗੁਰੂ ਦੀ, ਸੁਣ ਕੇ ਮੈਨੂੰ ਤਾਂ ਯਕੀਨ ਨਾ ਆਏ। ਮੈਂ ਸੋਚਦਾ ਸੀ ਵੀ ਕਰਮ ਸਿਉਂ ਅਰਗਾ ਦੇਸੀ ਬੰਦਾ ਦੌਲਤੀ ਦਾ ਕੀ ਮੁਕਾਬਲਾ ਕਰੂ! ਪਰ ਉਹ ਦੌਲਤੀ ਨੂੰ ਕਸੂਤਾ ਫਸਾਈ ਬੈਠਾ ਸੀ।
ਐਨਾ ਕੁ ਤਾਂ ਹੁਣ ਮੈਂ ਵੀ ਸਮਝਣ ਲੱਗ ਗਿਆ ਸੀ ਵੀ ਸ਼ਹਿ ਜਾਣੀ, “ਹੁਣ ਆਵਦਾ ਰਾਜਾ ਬਚਾ ਜਾਂ ਬਾਜ਼ੀ ਖਤਮ।”
ਤੇ ਲਓ ਜੀ, ਦੌਲਤੀ ਜਿਉ ਸੋਚਾਂ ’ਚ ਪਿਆ, ਆਵਦੀ ਇੱਕ ਉਂਗਲ ਕਦੇ ਇਕ ਖਾਨੇ ਅਲ ਕਰੇ, ਕਦੇ ਦੂਏ ਅਲ। ਤਕੜਾ ਚਿਰ ਹੋ ਗਿਆ। ਚਾਣਚੱਕ ਠੰਡੀ ਹਵਾ ਵਗਣ ਲੱਗ`ਪੀ। ਮੇਸ਼ੀ ਨੇ ਉਹਨੂੰ ਕਿਹਾ, ਬਈ ਲਾਲਾ ਜੀ ਬੱਦਲ ਆ ਗਿਆ।
ਮੇਹਰ ਸਿਉਂ ਨੇ ਤਾਂ ਸਿਰ ਚੁੱਕ ਕੇ ਬੱਦਲ ਵੰਨੀ ਦੇਖਿਆ, ਪਰ ਦੌਲਤੀ ਨੇ ਤਾਂ ਜਿਵੇਂ ਉਹਦੀ ਗੱਲ ਈ ਨਾ ਸੁਣੀ ਹੋਵੇ। ਉਹ ਉੁਵੇਂ ਈ ਬੈਠੇ ਦਾ ਬੈਠਾ ਉਗਲ ਹਿਲਾਈ ਜਾਵੇ। ਅਖੀਰ ਕਰਮ ਸਿਉਂ ਨੇ ਕਿਹਾ, “ਹੁਣ ਬੱਸ ਕਰੀਏ ਸੇਠ ਜੀ।” ਪਰ ਦੌਲਤੀ ਨੇ ਹੱਥ ਨਾਲ ਉਹਨੂੰ ਬੈਠੇ ਰਹਿਣ ਨੂੰ ਕਿਹਾ, “ਬੈਠੋ ਸਰਦਾਰ ਜੀ ਥੋੜ੍ਹਾ ਸਬਰ ਕਰੋ।”
ਤੇ ਲਓ ਜੀ, ਹੋਰ ਲੋਕ ਤਾਂ ਅੰਬਾਂ ਹੇਠੋਂ ਉੱਠ ਕੇ ਵਰਾਂਡੇ ’ਚ ਜਾਣ ਲੱਗ ਪਏ, ਪਰ ਦੌਲਤੀ ਸੇਠ ਉੱਥੇ ਈ ਡਟਿਆ ਬੈਠਾ ਰਿਹਾ। ਉਹ ਕਰਮ ਸਿਉਂ ਨੂੰ ਵੀ ਉੱਠਣ ਨਾ ਦੇਵੇ। ਖਣੀ ਦੌਲਤੀ ਆਪਣੀ ਹੇਠੀ ਮੰਨਦਾ ਸੀ, ਉੱਠਣ ਦਾ ਨਾਮ ਈ ਨਾ ਲਏ।
ਐਨੇ ਨੂੰ ਠੰਡੀ ਹਵਾ ਦਾ ਜੋਰ ਦਾ ਬੁੱਲਾ ਆਇਆ, ਕਰਮ ਸਿਉਂ ਨੂੰ ਕੁਝ ਯਾਦ ਆਇਆ। ਉਹ ਕਾਹਲੀ ਨਾਲ ਉੱਠਦਾ ਹੋਇਆ ਬੋਲਿਆ ਕਿ ਉਹਦੇ ਕੱਪੜੇ ਸੁਕਣੇ ਪਾਏ ਹੋਏ ਸੀ, ਉੱਡ ਨਾ ਜਾਣ। ਤੇ ਉਹ ਦੌੜਦਾ ਜਿਹਾ ਚਲਾ ਗਿਆ। ਉਹਦੇ ਮਗਰ ਈ ਮੇਸ਼ੀ ਦੌੜ ਗਿਆ, ਉਹਦੇ ਵੀ ਕੱਪੜੇ ਸੁੱਕਣੇ ਪਾਏ ਹੋਏ ਸਨ।
ਕੋਈ ਕੋਈ ਕਣੀ ਡਿੱਗਣ ਲੱਗੀ। ਮੈਂ ਦੌਲਤੀ ਨੂੰ ਹਾਕ ਮਾਰੀ, ਬਈ ਲਾਲਾ ਜੀ ਉੱਠੋ, ਮੀਂਹ ਆ ਗਿਆ। ਮੇਰੇ ਕਹਿਣ ’ਤੇ ਉਹਨੇ ਬੱਦਲ ਵੱਲ ਦੇਖਿਆ ਤੇ ਮੋਹਰੇ ਚੱਕ ਕੇ ਡੱਬੇ ’ਚ ਪਾਉਣ ਲੱਗ ਪਿਆ।
ਮੋਹਰੇ ਉਹਨੇ ਡੱਬੇ ’ਚ ਪਾ ਲਏ, ਖਾਨਿਆਂ ਆਲਾ ਗੱਤਾ ਵੀ ਕੱਛ ’ਚ ਦੇ ਲਿਆ ਤੇ ਪੈਰਾਂ ਭਾਰ ਹੋ ਕੇ ਉੱਠਣ ਈ ਲੱਗਿਆ ਸੀ ਕਿ ਹਵਾ ਦਾ ਬੁੱਲਾ ਐਨੀ ਜੋਰ ਦੀ ਆਇਆ ਕਿ ਹੇਠਲੇ ਕੰਬਲ ਨੇ ਉੱਡ ਕੇ ਉਹਦਾ ਮੂੰਹ ਸਿਰ ਢਕ ਲਿਆ। ਹਵਾ ਦੇ ਧੱਕੇ ਨਾਲ ਉਹ ਪਿੱਛੇ ਨੂੰ ਉੱਲਰ ਗਿਆ ਤੇ ਉਹਦੇ ਪੈਰ ਤਾਂਹ ਨੂੰ ਚੱਕੇ ਗਏ।
ਵਰਾਂਡੇ ’ਚ ਖੜ੍ਹੇ ਲੋਕਾਂ ’ਚ ਹਾਸੜ ਮੱਚ ਗਈ। ਹਿੰਮਤ ਮਾਰ ਕੇ ਉਹ ਉੱਠ ਤਾਂ ਖੜਿਆ, ਪਰ ਮੋਹਰਿਆਂ ਆਲਾ ਡੱਬਾ ਉਹਦੇ ਹੱਥੋਂ ਡਿੱਗ ਕੇ ਖੁੱਲ੍ਹ ਗਿਆ ਤੇ ਮੋਹਰੇ ਖਿੰਡ ਗਏ।
ਉਹ ਮੋਹਰੇ `ਕੱਠੇ ਕਰਨ ਲੱਗਿਆ, ਐਨੇ ਨੂੰ ਤੂਫਾਨੀ ਹਵਾ ਦੇ ਨਾਲ ਗੜੇ ਪੈਣ ਲੱਗ ਪਏ।
ਰੀਠਿਆਂ ਅਰਗੇ ਗੜੇ ‘ਤਾੜ-ਤਾੜ’ ਕਰਦੇ ਗੋਲੀ ਆਗੂੰ ਇਉਂ ਆਉਣ, ਅੰਬ ਦੇ ਪੱਤੇ ਝੜਨ ਲੱਗ ਪਏ ਤੇ “ਲਓ ਜੀ, ਦੌਲਤੀ ਨੇ ਕਾਹਲੀ ਕਾਹਲੀ ਕੰਬਲ ’ਕੱਠਾ ਕਰਕੇ ਸਿਰ ’ਤੇ ਕੀਤਾ ਤੇ ਦੌੜ ਕੇ ਵਰਾਂਡੇ ’ਚ ਆ ਵੜਿਆ।”
ਬੇਚਾਰੇ ਦਾ ਸਾਹ ਨਾਲ ਸਾਹ ਨਾ ਰਲੇ। ਆਵਦੇ ਇਕ ਹੱਥ ਨੂੰ ਦੂਏ ’ਚ ਲੈ ਕੇ ਉਹਨੇ ਇਉਂ ਘੁੱਟਿਆ ਹੋਇਆ, ਜਿਵੇਂ ਗੜੇ ਦੀ ਤਕੜੀ ਸੱਟ ਲੱਗੀ ਹੋਵੇ। ਖੇਡ ਆਲਾ ਗੱਤਾ ਤੇ ਮੋਹਰਿਆਂ ਆਲਾ ਡੱਬਾ ਤਾਂ ਉਹ ਲੈ ਆਇਆ ਸੀ, ਪਰ ਕਈ ਮੋਹਰੇ ਉੱਥੇ ਈ ਖਿੰਡੇ ਰਹਿ ਗਏ ਸਨ।
ਕੁਝ ਚਿਰ ਮਗਰੋਂ ਗੜੇ ਪੈਣੋਂ ਹਟ ਗਏ ਤਾਂ ਮੇਸ਼ੀ ਨੇ ਵਰਦੇ ਮੀਂਹ ’ਚ ਹਿੰਮਤ ਕੀਤੀ। ਸਿਰ ’ਤੇ ਕੰਬਲ ਦਾ ਝੁੰਬ ਮਾਰ ਕੇ ਅੰਬਾਂ ਹੇਠ ਮੋਹਰੇ ਚੁੱਕਣ ਗਿਆ, ਪਰ ਐਹੋ ਜੇ ਤੂਫਾਨ ’ਚ ਮੋਹਰੇ ਉੱਥੇ ਹੁੰਦੇ ਤਾਂ ਹੀ ਮਿਲਦੇ। ਉਹ ਖਾਲੀ ਹੱਥ ਮੁੜ ਆਇਆ।
ਸਾਰੀ ਰਾਤ ਮੀਂਹ ਪੈਂਦਾ ਰਿਹਾ। ਪਤਾ ਨ੍ਹੀਂ ਕਦੋਂ ਜਾ ਕੇ ਅੱਖ ਲੱਗੀ। ਸਵੇਰੇ ਜਾਗ ਆਈ ਤਾਂ ਤੇਜ ਧੁੱਪ ਨਿੱਕਲੀ ਹੋਈ ਸੀ।
ਮੈਂ ਉੱਠ ਕੇ ਵਰਾਂਡੇ ’ਚ ਆ ਗਿਆ।
ਬਾਹਰ ਵਿਹੜੇ ਵਿਚ ਪਾਣੀ ਈ ਪਾਣੀ ਭਰਿਆ ਹੋਇਆ ਸੀ। ਸਾਡੀ ਕੋਠੜੀ ਮੂਹਰੇ ਕਈ ਜਣੇ ਖੜ੍ਹੇ ਪਰੇ ਕੰਧ ਵੰਨੀ ਦੇਖ ਰਹੇ ਸਨ, ਜਿੱਥੇ ਗਿੱਠ ਗਿੱਠ ਪਾਣੀ ’ਚ ਤੁਰਿਆ ਫਿਰਦਾ ਮੇਸ਼ੀ ਪਾਣੀ ’ਚ ਤਰਦੇ ਫਿਰਦੇ ਮੋਹਰੇ ਚੁਗ ਰਿਹਾ ਸੀ ਤੇ ਲਾਲਾ ਦੌਲਤੀ ਰਾਮ ਲੰਮੀ ਉਂਗਲ ਕਰਕੇ ਉਹਨੂੰ ਸਮਝਾ ਰਿਹਾ ਸੀ, ਬਈ ਅਹੁ ਪਰੇ ਪੱਤਿਆਂ ’ਚ ਦੇਖ, ਕੋਈ ਮੋਹਰਾ ਉੱਥੇ ਨਾ ਹੋਏ।
ਤਦੇ ਉੱਥੇ ਮੇਹਰ ਸਿਉਂ ਆ ਗਿਆ, “ਮਿਲ`ਗੇ ਸਾਰੇ ਮੋਹਰੇ?” ਉਹਨੇ ਲਾਲੇ ਤੋਂ ਪੁੱਛਿਆ।
ਮੋਹਰੇ ਸਹੁਰਿਆਂ ਦਾ ਕੀ ਐ, ਹੋਰ ਆ ਜਾਣਗੇ, ਪਰ ਆਪਣੀ ਬਾਜੀ ਵਿਚੇ ਰਹਿ`ਗੀ, ਕੋਈ ਮਜ਼ਾ ਨ੍ਹੀਂ ਆਇਆ। ਚਲੋ, ਜੋ ਰੱਬ ਦੀ ਮਰਜ਼ੀ।” ਪਰ ਉਨ੍ਹਾਂ ਦੀ ਨਿਗਾਹ ਮੇਸ਼ੀ ’ਤੇ ਟਿਕੀ ਹੋਈ ਸੀ।
ਕਰਮ ਸਿਉਂ ਨੇ ਮੇਰੇ ਵੰਨੀ ਦੇਖ ਕੇ ਅੱਖ ਮਾਰੀ ਕਿ ਸੁਣ ਸੇਠ ਦੀ ਗੱਲ ਤੇ ਲਾਲੇ ਨੂੰ ਕਹਿੰਦਾ, “ਚਲੋ ਸੇਠ ਜੀ, ਜਦੋਂ ਮੌਸਮ ਠੀਕ ਹੋਇਆ ਫੇਰ ਲਾ ਲਾਂ`ਗੇ ਇਕ ਬਾਜੀ।”
ਦੁਰਗੇ ਨੇ ਮੇਰੇ ਵੱਲ ਦੇਖਿਆ, “ਮੈਂ ਮੁੜ ਕੇ ਫੇਰ ਕਦੇ ਉਨ੍ਹਾਂ ਦੀ ਬਾਜੀ ਲੱਗੀ ਤਾਂ ਨ੍ਹੀਂ ਦੇਖੀ ਤੇ ਆਹ ਹੁਣ ਦਿੱਲੀ ਬਾਰਡਰ ’ਤੇ ਲੱਗਦੈ ਕਿ ਇਕ ਆਰੀ ਫੇਰ ਲਾਲਾ ਦੌਲਤ ਰਾਮ ਤੇ ਕਰਮ ਸਿਉਂ ਦੀ ਬਾਜੀ ਫਸੀ ਹੋਈ ਐ।” ਗੱਲ ਕਰਦਾ ਦੁਰਗਾ ਖੁੱਲ੍ਹ ਕੇ ਮੁਸਕਰਾਇਆ ਤੇ ਧੂਣੀ ਦੀਆਂ ਲੱਕੜਾਂ ਠੀਕ ਕਰਨ ਲੱਗ ਪਿਆ।
ਜੋਤੀ ਦੁਰਗੇ ਵੱਲ ਟਿਕਟਿਕੀ ਲਾਈ ਦੇਖੀ ਜਾ ਰਿਹਾ ਸੀ, ਉਹਨੇ ਦੁਰਗੇ ਨੂੰ ਸੁਆਲ ਕੀਤਾ। “ਚੱਲ ਤੂੰ ਇਹ ਦੱਸ ਇਹਦਾ ਬਣੂ ਕੀ”
ਦੁਰਗਾ ਕੁਝ ਛਿਣ ਉਹਦੇ ਮੂੰਹ ਵੱਲ ਦੇਖਦਾ ਰਿਹਾ ਤੇ ਬੋਲਿਆ, “ਇਕ ਗੱਲ ਸਮਝ ਲੈ, ਲੋਕਾਂ ਨਾਲ ਟੱਕਰ ਲੈਣ ਆਲਾ ਹਾਕਮ ਚਾਹੇ ਕਿੰਨਾ ਵੀ ਤਕੜਾ ਹੋਵੇ, ਉਹਦੀ ਉਮਰ ਲੰਮੀ ਨ੍ਹੀਂ ਹੁੰਦੀ; ਤੇ ਦੂਈ ਗੱਲ, ਸੰਘਰਸ਼ ਦੇ ਰਾਹ ਪਏ ਲੋਕ ਕਦੇ ਹਾਰਦੇ ਨ੍ਹੀਂ ਹੁੰਦੇ।”
ਉਹ ਸਿੱਧਾ ਜੋਤੀ ਦੀਆਂ ਅੱਖਾਂ ’ਚ ਝਾਕਿਆ, “…ਤੇ ਇਕ ਗੱਲ ਹੋਰ, ਹਮੇਸ਼ਾ ਯਾਦ ਰੱਖੀਂ, ਬੱਸ ਇਕ ਤੂੰ ਨਾ ਭੜਕੀਂ! ਬਾਕੀ ਸਭ ਠੀਕ ਐ।”
ਜੋਤੀ ਉਹਦੇ ਚਿਹਰੇ ’ਤੇ ਨਜ਼ਰ ਟਿਕਾਈ ਇਉਂ ਦੇਖ ਰਿਹਾ ਸੀ, ਜਿਵੇਂ ਉਹਦੀ ਕਹੀ ਗੱਲ ਨੂੰ ਸਮਝਣ ਦਾ ਯਤਨ ਕਰ ਰਿਹਾ ਹੋਵੇ।
ਚਾਣਚੱਕ ਚੌਗਿਰਦਾ ਚਮਕੀਲੀ ਧੁੱਪ ਵਿਚ ਖਿੜ ਉੱਠਿਆ। ਨੀਲੇ ਅੰਬਰ ’ਤੇ ਧੁੰਦ ਦੇ ਬੱਦਲ ਪਾਟ ਰਹੇ ਸਨ। ਦੁਰਗੇ ਨੇ ਕੰਧ ਲਾਗੇ ਪਈ ਕਹੀ ਚੁੱਕ ਕੇ ਮੋਢੇ ’ਤੇ ਰੱਖੀ ਤੇ ਨੱਕਾ ਦੇਖਣ ਤੁਰ ਗਿਆ।
ਸੜਕ ਤੋਂ ਟਰੈਕਟਰ ਦੀ ਆ ਰਹੀ ਆਵਾਜ਼ ਸੁਣ ਕੇ ਮੈਂ ਤੇ ਜੋਤੀ ਉੱਠ ਕੇ ਸੜਕ ਵੰਨੀ ਦੇਖਣ ਲੱਗੇ। ਸੜਕ ’ਤੇ ਤੇਜ ਗਤੀ ਦਿੱਲੀ ਨੂੰ ਜਾ ਰਹੇ ਟਰੈਕਟਰ ਟਰਾਲੀ ਹੁਣ ਸਾਫ ਦਿਖਾਈ ਦੇ ਰਹੇ ਸਨ। ਟਰੈਕਟਰਾਂ ’ਤੇ ਲੱਗੇ ਹੋਏ ਕਿਸਾਨੀ ਅਤੇ ਤਿਰੰਗੇ ਝੰਡੇ ਹਵਾ ਵਿਚ ‘ਫਰ ਫਰ’ ਕਰ ਰਹੇ ਸਨ, ਤੇ ‘ਫਰ ਫਰ’ ਦੀ ਆਵਾਜ਼ ਮੈਨੂੰ ਇੱਥੇ ਖੜ੍ਹੇ ਨੂੰ ਵੀ ਸੁਣਾਈ ਦਿੰਦੀ ਪ੍ਰਤੀਤ ਹੋ ਰਹੀ ਸੀ।