ਦਿਹਾਤੀ ਜ਼ਿੰਦਗੀ ਦੀ ਸੂਖਮ ਤਸਵੀਰ ‘ਸਟਿੱਲ ਲਾਈਫ`

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸੰਸਾਰ ਪ੍ਰਸਿੱਧ ਫਿਲਮਸਾਜ਼ ਸੋਹਰਾਬ ਸ਼ਾਹਿਦ ਸਲੇਸ ਦੀ ਫਿਲਮ ‘ਸਟਿੱਲ ਲਾਈਫ’ ਬਾਬਤ ਚਰਚਾ ਕੀਤੀ ਗਈ ਹੈ। ਇਸ ਫਿਲਮ ਅੰਦਰ ਜਿਸ ਤਰ੍ਹਾਂ ਧੜਕਦੀ ਜ਼ਿੰਦਗੀ ਦੀ ਬਾਤ ਪਾਈ ਪਾਈ ਗਈ ਹੈ, ਉਹ ਆਪਣੀ ਮਿਸਾਲ ਆਪ ਹੈ।

ਡਾ. ਕੁਲਦੀਪ ਕੌਰ
ਫੋਨ: +91-98554-04330

ਕਲਪਨਾ ਕਰੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਵਰ੍ਹੇ, ਲੱਗਭੱਗ ਪੈਂਤੀ ਸਾਲ ਆਪਣੇ ਮੁਲਕ ਦੇ ਕਿਸੇ ਦੂਰ-ਦੁਰਾਡੇ ਪਿੰਡ ਵਿਚ ਪੈਂਦੇ ਰੇਲਵੇ ਪਲੇਟਫਾਰਮ ਦਾ ਫਾਟਕ ਖੋਲ੍ਹਣ ਅਤੇ ਬੰਦ ਕਰਨ ‘ਤੇ ਖਰਚ ਕਰ ਦਿੰਦੇ ਹੋ। ਤੁਸੀਂ ਇਸ ਕਾਰਜ ਨੂੰ ਇੰਨੀ ਲਗਾਤਾਰਤਾ, ਪਵਿੱਤਰਤਾ ਅਤੇ ਮਾਸੂਮੀਅਤ ਨਾਲ ਕਰਦੇ ਰਹਿੰਦੇ ਹੋ ਕਿ ਅੰਤ ਤੁਸੀਂ ਇਸ ਸਾਰੀ ਕਾਰਵਾਈ ਦਾ ਹੀ ਹਿੱਸਾ ਭਾਸਣ ਲੱਗ ਜਾਂਦੇ ਹੋ। ਤੁਸੀਂ ਆਪਣੀ ਨੌਕਰੀ ਨਾਲ ਨੌਕਰੀ ਹੀ ਹੋ ਜਾਂਦੇ ਹੋ। ਨੌਕਰੀ ਤੁਹਾਡਾ ਜਾਗਣਾ, ਸੌਣਾ, ਖਾਣਾ-ਪੀਣਾ, ਸੋਚਣਾ, ਮਿਲਣਾ-ਵਿਛੜਨਾ, ਖੁਸ਼ੀਆਂ ਤੇ ਉਦਾਸੀਆਂ, ਸਭ ਤੇ ਅਸਰ-ਅੰਦਾਜ਼ ਹੋਣ ਲੱਗਦੀ ਹੈ। ਇਨ੍ਹਾਂ ਸਾਲਾਂ ਦੌਰਾਨ ਤੁਹਾਡੀ ਜਵਾਨੀ, ਬੁਢਾਪੇ ਵਿਚ ਢਲ ਜਾਂਦੀ ਹੈ। ਤੁਹਾਡੀ ਦੂਰ ਦੀ ਨਿਗ੍ਹਾ ਕਮਜ਼ੋਰ ਹੋ ਜਾਂਦੀ ਹੈ। ਤੁਸੀਂ ਹਰ ਤਰ੍ਹਾਂ ਦੀ ਆਫਤ ਅਤੇ ਬਿਮਾਰੀ ਨੂੰ ਪਿੰਡੇ ‘ਤੇ ਹੰਢਾ ਚੁਕੇ ਹੋ। ਰੁੱਤਾਂ ਬਦਲਦੀਆਂ ਹਨ। ਗਰਮੀ ਦੇ ਲੂਹੇ ਦਰੱਖਤ ਬਹਾਰਾਂ ਵਿਚ ਫੁੱਲਾਂ ਨਾਲ ਲੱਦ ਜਾਂਦੇ ਹਨ। ਪਿੰਡੇ ਨੂੰ ਸਾੜਦੀਆਂ ਧੁੱਪਾਂ ਬਰਫੀਲੀਆਂ ਰਾਤਾਂ ਵਿਚ ਬਦਲ ਚੁੱਕੀਆਂ ਹਨ। ਆਸ-ਪਾਸ ਦੇ ਘਰਾਂ ਦੇ ਜਵਾਕਾਂ ਦੇ ਵਿਆਹ ਹੋ ਜਾਂਦੇ ਹਨ। ਪਿੰਡ ਦੇ ਉਹ ਬਜ਼ੁਰਗ ਜਿਨ੍ਹਾਂ ਤੋਂ ਤੁਸੀਂ ਬਚਪਨ ਵਿਚ ਬਾਤਾਂ ਸੁਣੀਆਂ ਸਨ, ਉਹ ਇੱਕ-ਇੱਕ ਕਰ ਰੁਖਸਤ ਹੋ ਰਹੇ ਹਨ। ਪਿੰਡ ਵਿਚ ਜ਼ਿੰਦਗੀ ਅਤੇ ਮੌਤ ਨਾਲ ਜੁੜੀਆਂ ਰਸਮਾਂ ਅਤੇ ਰੀਤਾਂ ਦਾ ਪ੍ਰਵਾਹ ਨਿਰੰਤਰ ਵਗ ਰਿਹਾ ਹੈ।
ਤੁਸੀਂ ਇਸ ਸਭ ਵਿਚ ਸ਼ਾਮਿਲ ਹੋ ਪਰ ਤੁਹਾਡਾ ਦਿਲ ਰੇਲਵੇ ਫਾਟਕ ਦੇ ਆਸ-ਪਾਸ ਹੀ ਭਟਕਦਾ ਰਹਿੰਦਾ ਹੈ। ਇੰਨੇ ਸਾਲਾਂ ਦੀ ਇਸ ਮੁਸ਼ੱਕਤ ਨੇ ਜਿਵੇਂ ਤੁਹਾਡੇ ਕੋਲੋਂ ਜ਼ਿੰਦਗੀ ਨੂੰ ਇਸ ਨਿਰੰਤਰ ਅਤੇ ਗੈਰ-ਉਪਜਾਊ ਰੁਟੀਨ ਤੋਂ ਬਿਨਾ ਆਪਣੇ ਆਪ ਨੂੰ ਤਸੱਵਰ ਕਰਨ ਦਾ ਵਲ ਖੋਹ ਲਿਆ। ਤੁਸੀਂ ਇਸੇ ਨੂੰ ਆਪਣਾ ਸਭ ਤੋਂ ਪਿਆਰਾ ਸੁਪਨਾ ਅਤੇ ਸਭ ਤੋਂ ਵੱਡੀ ਖਾਹਿਸ਼ ਮੰਨ ਕੇ ਹੋਣੀ ਦਾ ਭਾਣਾ ਮੰਨ ਲੈਂਦੇ ਹੋ। ਤੁਸੀਂ ਇਸੇ ਵਿਚ ਖੁਸ਼ ਹੋ, ਇਸੇ ਨੂੰ ਨਿਭਾਉਂਦੇ ਹੋਏ ਆਪਣੇ ਅੰਤਿਮ ਸਫਰ ‘ਤੇ ਨਿਕਲਣਾ ਚਾਹੁੰਦੇ ਹੋ ਕਿ ਅਚਾਨਕ ਅਨੋਖੀ ਘਟਨਾ ਵਾਪਰਦੀ ਹੈ। ਤੁਹਾਡੇ ਕੋਲੋਂ ਅਚਾਨਕ ਅਸਤੀਫਾ ਮੰਗ ਲਿਆ ਜਾਂਦਾ ਹੈ। ਇਸ ਦਾ ਕੋਈ ਕਾਰਨ ਨਹੀਂ ਦੱਸਿਆ ਜਾਂਦਾ। ਇਸ ਬਾਰੇ ਵਿਭਾਗ ਕੋਈ ਗੱਲ ਜਾਂ ਸ਼ਿਕਾਇਤ ਸੁਣਨ ਲਈ ਤਿਆਰ ਨਹੀਂ। ਵਿਭਾਗ ਨੂੰ ਇਸ ਫਾਟਕ ‘ਤੇ ਕੰਮ ਕਰਨ ਲਈ ਹੁਣ ਕਿਸੇ ਨੌਜਵਾਨ ਦੀ ਜ਼ਰੂਰਤ ਹੈ।
ਸੋਹਰਾਬ ਸ਼ਾਹਿਦ ਦੀ ਫਿਲਮ ‘ਸਟਿੱਲ ਲਾਈਫ` ਕੈਮਰੇ ਨਾਲ ਸਿਰਜਿਆ ਬਹੁਤ ਸਾਰੀਆਂ ਪੇਂਟਿੰਗਾਂ ਦਾ ਸਮੂਹ ਹੈ ਜਿਸ ਦੀ ਖਾਸੀਅਤ ਇਹ ਹੈ ਕਿ ਇਸ ਦਾ ਹਰ ਦ੍ਰਿਸ਼ ਜੀਵੰਤ ਚਿੱਤਰ ਹੋਣ ਦੇ ਬਾਵਜੂਦ ਇੱਕ ਖਾਸ ਕਿਸਮ ਦੇ ਸੁਹਜ ਅਤੇ ਉਦਾਸੀ ਨਾਲ ਭਰਿਆ ਹੋਇਆ ਹੈ। ਇਸ ਫਿਲਮ ਵਿਚ ਮੁਹੰਮਦ ਸਰਦਾਰੀ (ਜ਼ਦੂਰ ਬਨਿਆਦੀ) ਰੇਲਵੇ ਫਾਟਕ ਮੁਲਾਜ਼ਮ ਹੈ ਅਤੇ ਸਾਲਾਨਾ ਬੋਨਸ ਦੀ ਉਡੀਕ ਕਰ ਰਿਹਾ ਹੈ। ਉਹਦੇ ਜ਼ਿੰਮੇ ਇਸ ਫਾਟਕ ਦੀ ਸਾਂਭ-ਸੰਭਾਲ ਦਾ ਕੰਮ ਹੈ ਅਤੇ ਉਸ ਦੀ ਪਤਨੀ (ਜ਼ੋਹਰਾ ਯਦਿਆਨੀ) ਘਰੇ ਹੀ ਕਾਲੀਨ ਬੁਣਨ ਦਾ ਕੰਮ ਕਰਕੇ ਆਪਣੀ ਗੁਜ਼ਰ-ਬਸਰ ਕਰਦੀ ਹੈ। ਉਨ੍ਹਾਂ ਦਾ ਮੁੰਡਾ ਫੌਜ ਵਿਚ ਭਰਤੀ ਹੋ ਚੁੱਕਾ ਹੈ ਅਤੇ ਕਦੇ-ਕਦੇ ਘਰ ਰਾਤ ਕੱਟਣ ਲਈ ਪਰਤਦਾ ਹੈ। ਸਾਰੀ ਫਿਲਮ ਉਨ੍ਹਾਂ ਦੀ ਰੋਜ਼ਾਨਾ ਗਤੀਵਿਧੀ ਦੇ ਆਸ-ਪਾਸ ਘੁੰਮਦੀ ਹੈ। ਉਨ੍ਹਾਂ ਦੇ ਦਿਹਾਤੀ ਅਤੇ ਘੱਟ-ਪੜ੍ਹੇ ਹੋਣ ਦਾ ਫਾਇਦਾ ਚੁੱਕਦਿਆਂ ਵਪਾਰੀ ਉਨ੍ਹਾਂ ਦੇ ਬਣਾਏ ਕਾਲੀਨ ਬਹੁਤ ਘੱਟ ਰੇਟਾਂ ‘ਤੇ ਖਰੀਦ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਰਹਿੰਦੇ ਹਨ।
ਇਨ੍ਹਾਂ ਹੀ ਦਿਨਾਂ ਵਿਚ ਸਰਦਾਰੀ ਨੂੰ ਰੇਲਵੇ ਵਿਭਾਗ ਦਾ ਗੁਪਤ ਪੱਤਰ ਮਿਲਦਾ ਹੈ ਜਿਸ ਵਿਚ ਉਸ ਨੂੰ ਆਪਣੀ ਰਿਟਾਇਰਮੈਂਟ ਦੀ ਖਬਰ ਮਿਲਦੀ ਹੈ। ਉਹ ਡੌਰ-ਭੌਰ ਹੋ ਜਾਂਦਾ ਹੈ। ਉਸ ਨੇ ਕਦੇ ਸੁਪਨੇ ਵਿਚ ਵੀ ਕਿਆਸ ਨਹੀਂ ਕੀਤਾ ਹੁੰਦਾ ਕਿ ਕਿਸੇ ਦਿਨ ਰੇਲਵੇ ਦਾ ਇਹ ਫਾਟਕ ਕੋਈ ਹੋਰ ਖੋਲ੍ਹ ਸਕਦਾ ਹੈ। ਫਿਲਮ ਵਿਚ ਸੰਵਾਦ ਬਹੁਤ ਘੱਟ ਹਨ, ਆਵਾਜ਼ਾਂ ਨਾ-ਮਾਤਰ ਹਨ ਅਤੇ ਪੂਰੀ ਫਿਲਮ ਕਿਰਦਾਰਾਂ ਦੇ ਕੰਮ ਵਿਚ ਲੱਗੇ ਸਰੀਰਾਂ ਦੀ ਨਿਰੰਤਰਤਾ ਨੂੰ ਕੈਮਰੇ ਰਾਹੀਂ ਲੰਮੀ ਕਵਿਤਾ ਵਿਚ ਬਦਲ ਦਿੰਦੀ ਹੈ। ਸਾਰੀ ਫਿਲਮ ਲੰਮੇ ਅਤੇ ਮਾਧਿਅਮ ਸ਼ਾਟਸ ਵਿਚ ਫਿਲਮਾਈ ਗਈ ਹੈ। ਇਸ ਫਿਲਮ ਦੀ ਖੂਬਸੂਰਤੀ ਇਸ ਤੱਥ ਵਿਚ ਪਈ ਹੈ ਕਿ ਇਹ ‘ਸਮੇਂ` ਨੂੰ ਕਿਵੇਂ ਵਰਤਦੀ ਹੈ। ਫਿਲਮਸਾਜ਼ ਇਸ ਧਾਰਨਾ ‘ਤੇ ਬਲ ਦਿੰਦਾ ਹੈ ਕਿ ਜਦ ਸਾਰਾ ਕੁਝ ਹੀ ਕਿਸੇ ਚੱਕਰਕਾਰ ਵਰਤਾਰੇ ਵਿਚ ਵਾਪਰ ਰਿਹਾ ਹੈ ਤਾਂ ਸਮਾਂ ਸਿੱਧੀ ਰੇਖਾ ਵਿਚ ਕਿਵੇਂ ਤੁਰ ਸਕਦਾ ਹੈ? ਉਸ ਨੂੰ ਵੀ ਮੁੜ-ਘਿੜ ਕੇ ਘਟਨਾਵਾਂ ਦੇ ‘ਹੋਣ` ਦੇ ਕਾਰਨਾਂ ਅਤੇ ਉਨ੍ਹਾਂ ਦੇ ਨਤੀਜਿਆਂ ‘ਤੇ ਵਾਪਸ ਪਰਤਣਾ ਪੈਂਦਾ ਹੈ।
ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ ਮੰਨ ਲਵੋ ਤੁਸੀਂ ਇੱਕ ਨੰਨ੍ਹੇ ਬੀਜ ਨੂੰ ਧਰਤੀ ਵਿਚ ਬੀਜਦੇ ਹੋ, ਪੁੰਗਰਨ ਤੋਂ ਬਾਅਦ ਉਹ ਪੂਰਾ ਦਰੱਖਤ ਬਣਦਾ ਹੈ, ਉਸ ਨੂੰ ਫੁੱਲ ਲੱਗਦੇ ਹਨ, ਫਲ ਲੱਗਦੇ ਹਨ, ਉਸ ਦੇ ਫਲਾਂ ਵਿਚ ਫਿਰ ਉਹ ਬੀਜ ਭਰ ਜਾਂਦੇ ਹਨ ਜਿਨ੍ਹਾਂ ਤੋਂ ਉਹ ਪੂਰਾ ਦਰੱਖਤ ਪੁੰਗਰਿਆ ਹੁੰਦਾ ਹੈ। ਇਹ ਕਿੰਨਾ ਸਾਧਾਰਨ ਪਰ ਕਿੰਨਾ ਹੈਰਾਨੀਜਨਕ ਹੈ! ਰੇਲਵੇ ਦਾ ਸਰਦਾਰੀ ਦੀ ਥਾਂ ਭਰਤੀ ਹੋਇਆ ਮੁਲਾਜ਼ਮ ਇੱਕ ਰਾਤ ਉਨ੍ਹਾਂ ਦੇ ਘਰ ਠਹਿਰਦਾ ਹੈ। ਉਹ ਅਣਮੰਨੇ ਮਨ ਨਾਲ ਉਸ ਦੀ ਆਉ-ਭਗਤ ਕਰਦਾ ਹੈ। ਜਦੋਂ ਉਹ ਘਰੋਂ ਤੁਰਨ ਲੱਗਦਾ ਹੈ ਤਾਂ ਸਰਦਾਰੀ ਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਦਾਂ ਤਾਂ ਸਾਰੇ ਹੀ ਕਿਤੇ ਨਾ ਕਿਤੇ ਵਾਧੂ ਅਤੇ ਦੂਜੇ ਦੀ ਕਹਾਣੀ ਦੇ ਖਲਨਾਇਕ ਹਾਂ ਪਰ ਇਸ ਨਾਲ ਸਾਡੀ ਖੁਦ ਦੀ ਜ਼ਿੰਦਗੀ ਦੀ ਰਵਾਨੀ ਅਤੇ ਖੂਬਸੂਰਤੀ ਕਿਉਂ ਮੱਧਮ ਹੋਵੇ? ਫਿਲਮ ਬਹੁਤ ਸਹਿਜ ਅਤੇ ਸਾਦਗੀ ਨਾਲ ‘ਸਭ ਜੱਗ ਚੱਲਣਹਾਰ` ਦਾ ਸੁਨੇਹਾ ਵੀ ਦਿੰਦੀ ਹੈ। ਚੀਜ਼ਾਂ ਨਾਲ ਮੋਹ ਵਿਚ ਪੈਣਾ ਸਾਨੂੰ ਆਤਮਿਕ ਤੌਰ ‘ਤੇ ਖੋਖਲਾ ਅਤੇ ਦਾਗੀ ਕਰ ਦਿੰਦਾ ਹੈ। ਪਾਣੀ ਇੱਕੋ ਜਗ੍ਹਾ ਖੜ੍ਹਾ ਰਹੇ ਤਾਂ ਉਸ ਦਾ ਪਾਰਦਰਸ਼ੀ ਤੇ ਜੀਵਨ ਦਾਤਾ ਹੋਣ ਦਾ ਲਕਬ ਗੁਆਚ ਜਾਂਦਾ ਹੈ।
ਇਸ ਫਿਲਮ ਦੀ ਦੂਜੀ ਵੱਡੀ ਪ੍ਰਾਪਤੀ ਇਰਾਨ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚਲੇ ਸਮਾਜਿਕ ਅਤੇ ਆਰਥਿਕ ਪਾੜਾ ਦਰਸਾਉਣਾ ਹੈ। ਜਿੱਥੇ ਸਰਦਾਰੀ ਇੰਨੇ ਸਾਲਾਂ ਵਿਚ ਰੇਲਵੇ ਦੇ ਫਾਟਕ ਨਾਲ ਹੀ ਬੱਧਾ ਰਿਹਾ, ਉਸ ਦੇ ਹਾਣ ਦਿਆਂ ਨੇ ਅਫਸਰੀ ਦੇ ਸਿਰ ‘ਤੇ ਆਪਣੇ ਸਾਮਰਾਜ ਖੜ੍ਹੇ ਕਰ ਲਏ। ਉਨ੍ਹਾਂ ਦੀ ਸੱਤਾ ਦੇ ਘੇਰਿਆਂ ਤੱਕ ਰਸਾਈ ਹੋਣ ਕਾਰਨ ਉਨ੍ਹਾਂ ਦੀ ਜ਼ਿੰਦਗੀ ਸ਼ਾਨਦਾਰ ਢੰਗ ਨਾਲ ਗੁਜ਼ਰ ਰਹੀ ਹੈ ਪਰ ਇਰਾਨ ਦੇ ਦਿਹਾਤੀ ਖੇਤਰਾਂ ਵਿਚ ਪੇਂਡੂਆਂ ਨੂੰ ਮੁਢਲੀਆਂ ਸਹੂਲਤਾਂ ਵੀ ਹਾਸਲ ਨਹੀਂ। ਇਸ ਤਰ੍ਹਾਂ ਫਿਲਮਸਾਜ਼ ਸਾਧਨਾਂ ਦੀ ਗੈਰ-ਕੁਦਰਤੀ ਵੰਡ ‘ਤੇ ਵੀ ਸਵਾਲ ਖੜ੍ਹੇ ਕਰਦਿਆਂ ਬੁਢਾਪੇ ਵਿਚ ਸਰਦਾਰੀ ਨੂੰ ਵਿੱਤੀ ਸਹੂਲਤਾਂ ਦੇਣ ਦੀ ਥਾਂ ਉਸ ਦਾ ਰੁਜ਼ਗਾਰ ਵੀ ਖੋਹਣ ਦੀ ਤ੍ਰਾਸਦੀ ਨੂੰ ਪਰਦੇ ‘ਤੇ ਚਿਤਰਦਾ ਹੈ।
ਇਸ ਫਿਲਮ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਇਹ ਸਿਨੇਮਾ ਦੀ ਬਿਲਕੁੱਲ ਸ਼ੁੱਧ ਭਾਸ਼ਾ ਵਿਚ ਘੜੀ ਗਈ ਫਿਲਮ ਹੈ। ਇਸ ਨੂੰ ਬਿਆਨ ਕਰਨ ਦੀ ਥਾਂ ਮਹਿਸੂਸ ਕਰਨਾ ਵੱਧ ਜ਼ਰੂਰੀ ਹੈ। ਇਹ ਫਿਲਮ ਇਰਾਨ ਦੇ ਸਿਨੇਮਾ ਦੀ ਸ਼ਾਨਾਮੱਤੀ ਪ੍ਰਾਪਤੀ ਹੈ ਜਿਸ ਨੇ ਇਰਾਨ ਦੇ ਨੌਜਵਾਨ ਫਿਲਮਸਾਜ਼ਾਂ ਦੇ ਕੰਮ ਨੂੰ ਦਹਾਕਿਆਂ-ਬੱਧੀ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ-ਨਾਲ ਇਹ ਦੱਸਣਾ ਵੀ ਮਹਤੱਵਪੂਰਨ ਹੈ ਕਿ ਇਸ ਨੇ ਹਾਲੀਵੁੱਡ ਸਿਨੇਮਾ ਦੀ ਕਹਾਣੀ ਘੜਨ ਦੀ ਤਕਨੀਕ ਨੂੰ ਸਿੱਧੀ ਚਣੌਤੀ ਦਿੱਤੀ।