ਰਿਸ਼ਤਿਆਂ ਦੀ ਧੂਣੀ ਹੋ ਗਈ ਸੀਤ ਸੀæææ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਮਾਡਲ ਟਾਊਨ ਦੀ ਸ਼ਾਨਦਾਰ ਰੰਗਲੀ ਕੋਠੀ ਵਿਚ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ। ਮੁਬਾਰਕਾਂ, ਵਧਾਈਆਂ ਤੇ ਗੁੱਡ ਲੱਕ ਦੇ ਸ਼ਬਦ ਇਨਕਲਾਬੀ ਨਾਆਰਿਆਂ ਵਾਂਗ ਗੂੰਜਦੇ ਹੋਏ ਰਾਹ ਤੱਕ ਆ ਰਹੇ ਹਨ। ਗਿੱਧੇ ਦੀਆਂ ਤਾੜੀਆਂ ਖੁਸ਼ੀਆਂ ਦੇ ਚਾਰ ਚੰਨ ਲਾ ਰਹੀਆਂ ਹਨ। ਮੇਜ਼ ‘ਤੇ ਪਈ ਭਾਂਤ-ਭਾਂਤ ਦੀ ਸ਼ਰਾਬ ਆਪਣਾ ਜਾਦੂ ਚਲਾ ਰਹੀ ਹੈ। ਅਸ਼ੋਕ ਗੁਪਤਾ ਆਪਣੇ ਬਿਜਨੈਸ ਭਰਾਵਾਂ ਵਿਚ ਖੜ੍ਹਾ ਖੁਸ਼ੀ ਵਿਚ ਝੂਮ ਰਿਹਾ ਹੈ। ਉਸ ਦਾ ਇਕਲੌਤਾ ਪੁੱਤਰ ਅਮਰੀਕਾ ਜਾ ਰਿਹਾ ਹੈ। ਚੌਵੀ-ਪੰਝੀ ਸਾਲ ਦੇ ਪੁੱਤਰ ਸੰਜੀਵ ਦਾ ਖਾਸ ਮਿੱਤਰ ਪਵਨ ਜੈਨ ਵੀ ਉਸ ਦੇ ਨਾਲ ਜਾ ਰਿਹਾ ਹੈ।
ਕੋਠੀ ਦੇ ਗੇਟ ਅੱਗੇ ਤੇਲ ਚੋ ਕੇ ਸੰਜੀਵ ਅਤੇ ਪਵਨ ਨੂੰ ਦਿੱਲੀ ਵੱਲ ਰਵਾਨਾ ਕਰ ਦਿੱਤਾ ਗਿਆ। ਅਸ਼ੋਕ ਗੁਪਤਾ ਨੇ ਪਹਿਲਾਂ ਹੀ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਖਾਸ ਮਿੱਤਰ ਨੂੰ ਕਹਿ ਦਿੱਤਾ ਸੀ ਕਿ ਉਹ ਸੰਜੀਵ ਤੇ ਪਵਨ ਨੂੰ ਏਅਰਪੋਰਟ ਤੋਂ ਲੈ ਕੇ ਆਵੇ ਤੇ ਅਗਾਂਹ ਦੀ ਕਾਰਵਾਈ ਸ਼ੁਰੂ ਕਰ ਦੇਵੇ। ਪਿਤਾ ਵੱਲੋਂ ਪਹਿਲਾਂ ਹੀ ਕੀਤੇ ਗਏ ਪ੍ਰਬੰਧ ਬਾਰੇ ਸੁਣ ਕੇ ਸੰਜੀਵ ਮਨ ਵਿਚ ਨੱਚਦਾ ਜਾ ਰਿਹਾ ਸੀ। ਪਵਨ ਉਂਜ ਤਾਂ ਸੰਜੀਵ ਦਾ ਹਮਜਮਾਤੀ ਸੀ, ਪਰ ਬਚਪਨ ਦੀ ਦੋਸਤੀ ਜਵਾਨੀ ਵਿਚ ਵੀ ਤੂਤ ਦੇ ਮੋਛੇ ਵਾਂਗ ਹੋ ਗਈ ਸੀ। ਪਵਨ ਨੇ ਇਕ ਕਦਮ ਅਗਾਂਹ ਪੁੱਟ ਲਿਆ ਸੀ। ਘਰਦਿਆਂ ਦੇ ਜ਼ੋਰ ਦੇਣ ‘ਤੇ ਉਹ ਵਿਆਹ ਵਾਲਾ ਕੰਗਣਾ ਖੇਡ ਚੁੱਕਿਆ ਸੀ। ਵਿਆਹ ਤੋਂ ਬਾਅਦ ਕੰਧ ਵਾਲੇ ਕੈਲੰਡਰ ਨੇ ਤਿੰਨ ਮਹੀਨੇ ਹੀ ਬਦਲੇ ਸਨ ਕਿ ਅਸ਼ੋਕ ਨੇ ਉਸ ਦਾ ਵੀ ਬਿਜਨੈਸ ਵੀਜ਼ਾ ਲੁਆ ਦਿੱਤਾ ਸੀ। ਸੰਜੀਵ ਲਈ ਘਰੋਂ ਤੁਰਨਾ ਤਾਂ ਕੋਈ ਔਖਾ ਨਾ ਹੋਇਆ, ਪਰ ਪਵਨ ਹੁਸਨ ਨਾਲ ਭਰੇ ਬਾਗ ਨੂੰ ਕਿਵੇਂ ਇਕੱਲਿਆਂ ਛੱਡ ਸਕਦਾ ਸੀ! ਬਹਾਰਾਂ ਦੀ ਰੁੱਤ ਨਾਲ ਸਾਰਾ ਬਾਗ ਮਹਿਕਾਂ ਛੱਡ ਰਿਹਾ ਸੀ। ਪਵਨ ਨੂੰ ਲੱਗ ਰਿਹਾ ਸੀ ਕਿ ਉਹ ਹਰਿਆਲੀ ਧਰਤੀ ਛੱਡ ਕੇ ਕਿਸੇ ਮਾਰੂਥਲ ਦੇ ਇਲਾਕੇ ਵੱਲ ਜਾ ਰਿਹਾ ਹੈ। ਪਵਨ ਨੇ ਆਪਣੀ ਹਿੱਕ ‘ਤੇ ਪੱਥਰ ਧਰ ਕੇ ਅਸ਼ੋਕ ਅੰਕਲ ਦੀ ਰਾਇ ਮੰਨ ਲਈ ਸੀ ਤੇ ਸੰਜੀਵ ਦੀ ਦੋਸਤੀ ਖਾਤਰ ਉਹ ਕੁਝ ਵੀ ਕਰਨ ਲਈ ਤਿਆਰ ਸੀ। ਉਂਜ ਵੀ ਤਾਂ ਪਵਨ ਦਾ ਮੁਫ਼ਤ ਵਿਚ ਕਾਰਜ ਰਾਸ ਹੋਣ ਜਾ ਰਿਹਾ ਸੀ। ਘਰ ਦੇ ਜਿਹੋ ਜਿਹੇ ਹਾਲਾਤ ਸਨ, ਉਨ੍ਹਾਂ ਲਈ ਅਮਰੀਕਾ ਤਾਂ ਕੀ, ਮਸਕਟ ਤੱਕ ਵੀ ਨਹੀਂ ਭੇਜਿਆ ਜਾ ਸਕਦਾ ਸੀ।
ਖ਼ੈਰ! ਦੋਵੇਂ ਸਹੀ ਸਲਾਮਤ ਅਮਰੀਕਾ ਪਹੁੰਚ ਗਏ। ਅਗਾਂਹ ਇਕ ਅੰਕਲ ‘ਜੀ ਆਇਆਂ ਨੂੰ’ ਕਹਿਣ ਲਈ ਖੜ੍ਹਾ ਸੀ। ਚੌੜੀਆਂ ਸੜਕਾਂ ਤੇ ਉਚੀਆਂ ਇਮਾਰਤਾਂ ਦੇਖਦੇ ਉਹ ਪਤਾ ਨਹੀਂ ਕਦੋਂ ਮਹਿਲਾਂ ਵਰਗੇ ਘਰ ਵਿਚ ਪਹੁੰਚ ਗਏ ਸਨ। ਇਸ ਘਰ ਵਿਚ ਅੰਕਲ ਤੇ ਉਸ ਦੀ ਬੁੱਢੀ ਮਾਂ ਅਤੇ ਦੋ ਮੁਟਿਆਰ ਧੀਆਂ ਰਹਿੰਦੀਆਂ ਸਨ। ਇਸ ਅੰਕਲ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਿਆ ਸੀ। ਦੋਵਾਂ ਧੀਆਂ ਨੇ ਵੀ ਮਾਂ ਨੂੰ ਠੁਕਰਾ ਕੇ ਬਾਪ ਦੀ ਬੁੱਕਲ ਨੂੰ ਪਹਿਲ ਦਿੱਤੀ ਸੀ। ਅੰਕਲ ਆਪਣੇ ਮਿੱਤਰ ਦੇ ਕਹਿਣ ‘ਤੇ ਇਨ੍ਹਾਂ ਦੋਵਾਂ ਮੁੰਡਿਆਂ ਨੂੰ ਘਰ ਤਾਂ ਲੈ ਆਇਆ ਸੀ, ਪਰ ਇਹ ਕੰਮ ਉਨਾ ਹੀ ਔਖਾ ਸੀ ਜਿੰਨਾ ਕੱਖਾਂ ਥੱਲੇ ਅੱਗ ਤੇ ਅੱਗ ਦੇ ਨੇੜੇ ਰੱਖਿਆ ਘਿਓ। ਅੰਕਲ ਨੂੰ ਆਪਣੀਆਂ ਧੀਆਂ ‘ਤੇ ਪੂਰਾ ਭਰੋਸਾ ਸੀ, ਪਰ ਉਹ ਇਸ ਗੱਲੋਂ ਵੀ ਅਨਜਾਣ ਨਹੀਂ ਸੀ ਕਿ ਅੰਗੂਰਾਂ ਦੀ ਵੇਲ, ਕੋਲ ਪਈ ਝਾੜੀ ਦਾ ਵੀ ਸਹਾਰਾ ਲੈ ਲੈਂਦੀ ਹੈ। ਵੱਡੇ ਘਰਾਂ ਨੂੰ ਬਾਹਰੋਂ ਨਹੀਂ, ਅੰਦਰੋਂ ਸੰਨ੍ਹ ਲੱਗਦੀ ਹੈ। ਫਿਰ ਵੀ ਅੰਕਲ ਨੇ ਆਪਣੀ ਦੋਸਤੀ ਕਰ ਕੇ ਦੋਵਾਂ ਦੀ ਚੰਗੀ ਆਓ-ਭਗਤ ਕੀਤੀ।
ਸੰਜੀਵ ਦਾ ਤਾਂ ਦਿਲ ਲੱਗ ਗਿਆ, ਪਰ ਪਵਨ ਨੂੰ ਦਿਲ ਲਾਉਣਾ ਔਖਾ ਹੋ ਗਿਆ। ਉਸ ਦੇ ਅੰਦਰ ਇਹ ਡਰ ਘਰ ਬਣਾ ਕੇ ਬੈਠ ਗਿਆ ਕਿ ਮੇਰੇ ਹੁਸਨਾਂ ਦੇ ਬਾਗ ਵਿਚ ਕੋਈ ਰਾਤ ਨੂੰ ਆਣ ਕੇ ਚੋਰੀ ਕਰਦਾ ਹੈ। ਉਸ ਨੂੰ ਲੱਗਦਾ ਕਿ ਉਹ ਉਸ ਦਾ ਸਭ ਕੁਝ ਲੁੱਟ ਕੇ ਲੈ ਚੱਲਿਆ ਹੈ। ਪਤਨੀ ਦੇ ਮੋਹ ਜਾਂ ਬੇਵਿਸ਼ਵਾਸੀ ਨੇ ਪਵਨ ਨੂੰ ਵਾਪਸੀ ਦੀ ਟਿਕਟ ਲੈਣ ਲਈ ਮਜਬੂਰ ਕਰ ਦਿੱਤਾ। ਅੰਕਲ ਨੇ ਸਮਝਾਇਆ ਵੀ ਕਿ ਮੈਂ ਤੁਹਾਡੇ ਲਈ ਕੰਮ ਲੱਭ ਲਿਆ ਹੈ, ਪਿੱਛੇ ਸਭ ਕੁਝ ਠੀਕ ਹੈ ਪਰ ਪਵਨ ਨੇ ਜਿਦ ਫੜ ਲਈ ਸੀ। ਉਹ ਸੰਜੀਵ ਨੂੰ ਛੱਡ ਇੰਡੀਆ ਪਹੁੰਚ ਗਿਆ।
ਅੱਗੇ ਗਿਆ ਤਾਂ ਅਸ਼ੋਕ ਅੰਕਲ ਨੇ ਪੰਜ ਲੱਖ ਦਾ ਬਿੱਲ ਪਵਨ ਅੱਗੇ ਰੱਖ ਦਿੱਤਾ ਜੋ ਉਸ ਦਾ ਵੀਜ਼ਾ ਲੁਆਉਣ ਉਤੇ ਖ਼ਰਚ ਆਇਆ ਸੀ। ਪਵਨ ਦੀ ਅਕਲ ਟਿਕਾਣੇ ਆ ਗਈ ਕਿ ਮੈਂ ਤਾਂ ਦੋਸਤੀ ਵੀ ਤੁੜਾ ਆਇਆ ਤੇ ਸਿਰ ਵੀ ਕਰਜ਼ੇ ਦੀ ਪੰਡ ਥੱਲੇ ਦੇ ਲਿਆ। ਫਿਰ ਅੰਕਲ ਨਾਲ ਸਮਝੌਤਾ ਕਰ ਕੇ ਵਾਪਸ ਆ ਗਿਆ। ਇੱਧਰ ਸੰਜੀਵ ਨੂੰ ਅੰਕਲ ਨੇ ਅਗਾਂਹ ਆਪਣੇ ਇਕੱਲੇ ਰਹਿੰਦੇ ਮਿੱਤਰ ਕੋਲ ਭੇਜ ਦਿੱਤਾ ਤੇ ਉਹ ਗੈਸ ਸਟੇਸ਼ਨ ‘ਤੇ ਕੰਮ ਕਰਨ ਲੱਗ ਪਿਆ।
ਹੁਣ ਸੰਜੀਵ ਅਤੇ ਪਵਨ ਵੱਖੋ ਵੱਖਰੇ ਸ਼ਹਿਰਾਂ ਵਿਚ ਕੰਮ ਕਰ ਰਹੇ ਸਨ। ਪਵਨ ਨੇ ਪੱਕਿਆਂ ਹੋਣ ਲਈ ਰਿਫਿਊਜ਼ੀ ਕੇਸ ਕਰ ਦਿੱਤਾ ਤੇ ਸੰਜੀਵ ਕੋਈ ਪੱਕੀ ਕੁੜੀ ਲੱਭ ਕੇ ਗਰੀਨ ਕਾਰਡ ਲੈਣ ਦੇ ਚੱਕਰਾਂ ਵਿਚ ਚੱਕਰ ਕੱਢਣ ਲੱਗਿਆ। ਹੁਣ ਦੋਵੇਂ ਹੀ ਓਵਰ-ਸਟੇਅ ਹੋ ਚੁੱਕੇ ਸਨ, ਦੋਵੇਂ ਇੰਡੀਆ ਜਾ ਤਾਂ ਸਕਦੇ ਸਨ ਪਰ ਵਾਪਸ ਨਹੀਂ ਸੀ ਮੁੜ ਸਕਦੇ। ਅਮਰੀਕਾ ਦੀ ਜ਼ਿੰਦਗੀ ਵਿਚ ਇਹ ਦੋਵੇਂ ਹੀ ਢਲ ਗਏ। ਹੁਣ ਇਨ੍ਹਾਂ ਨੂੰ ਇੱਥੇ ਦੀ ਰਹਿਣੀ, ਬਹਿਣੀ ਤੇ ਕਹਿਣੀ ਚੰਗੀ ਲੱਗਣ ਲੱਗ ਪਈ ਸੀ। ਪਵਨ ਨੇ ਅਸ਼ੋਕ ਅੰਕਲ ਦੇ ਪੈਸੇ ਮੋੜ ਦਿੱਤੇ। ਮਾਪਿਆਂ ਨੂੰ ਚੰਗੀ ਕੋਠੀ ਵੀ ਖਰੀਦ ਦਿੱਤੀ। ਮਾਪਿਆਂ ਨੂੰ ਵੀ ਹੁਣ ਐਨਕਾਂ ਰਾਹੀਂ ਸਾਰਾ ਜੱਗ ਬੜਾ ਪਿਆਰਾ ਤੇ ਸੋਹਣਾ ਲੱਗ ਰਿਹਾ ਸੀ। ਪਵਨ ਲਈ ਗਰੀਨ ਕਾਰਡ ਤੱਕ ਪਹੁੰਚਣਾ ਅਜੇ ਮੁਸ਼ਕਿਲ ਸੀ ਪਰ ਡਾਲਰਾਂ ਨੂੰ ਰੁਪਏ ਵਿਚ ਹਰ ਮਹੀਨੇ ਵਟਾ ਲੈਂਦਾ ਸੀ। ਜੰਝ ਨਾਲ ਲਾੜਾ ਵੀ ਨੱਚੀ ਜਾ ਰਿਹਾ ਸੀ ਤੇ ਲਾੜੇ ਨਾਲ ਜਾਂਝੀ ਵੀ ਆਪਣੇ ਵਿਆਹ ਜਿੰਨੀ ਖੁਸ਼ੀ ਮਨਾ ਰਹੇ ਸਨ। ਫਿਰ ਇਕ ਦਿਨ ਸੰਜੀਵ ਨੇ ਗੈਸ ਸਟੇਸ਼ਨ ‘ਤੇ ਆਉਂਦੀ ਇਕ ਪੰਜਾਬਣ ਕੁੜੀ ਨਾਲ ਗੱਲਬਾਤ ਕਰਦਿਆਂ ਫੋਨ ਨੰਬਰ ਵਟਾ ਲਿਆ। ਅਮਰੀਕਾ ਵਿਚ ਜੰਮੀ-ਪਲੀ ਕੁੜੀ ਛੇਤੀ ਹੀ ਸੰਜੀਵ ਦੀਆਂ ਗੱਲਾਂ ਵਿਚ ਆ ਗਈ। ਇਕੱਠਿਆਂ ਜਿਉਣ ਮਰਨ ਦੇ ਵਾਅਦੇ ਕਰਦਿਆਂ ਦੋਵਾਂ ਨੇ ਗ੍ਰਹਿਸਥ ਦੀ ਕਿਸ਼ਤੀ ਦੁਨਿਆਵੀ ਸਮੁੰਦਰ ਵਿਚ ਠੱਲ੍ਹਣ ਦਾ ਮਨ ਬਣਾ ਲਿਆ। ਇਸ ਦੁਨਿਆਵੀ ਸਮੁੰਦਰ ਦੇ ਹਰ ਤੂਫ਼ਾਨ ਅੱਗੇ ਡਟ ਕੇ ਮੁਕਾਬਲਾ ਕਰਨ ਦਾ ਪੱਕਾ ਮਨ ਬਣਾ ਲਿਆ।
ਸੰਜੀਵ ਨੇ ਵੀ ਆਪਣੇ ਪਿਤਾ ਦੀਆਂ ਫੈਕਟਰੀਆਂ ਤੇ ਚੰਗੀਆਂ ਕਾਰਾਂ ਕੋਠੀਆਂ ਦਾ ਚਿੱਠਾ ਖੋਲ੍ਹ ਕੇ ਪੜ੍ਹ ਸੁਣਾਇਆ। ਫੁੱਲਾਂ ਵਰਗੀ ਕੁੜੀ ਨੂੰ ਕੀ ਪਤਾ ਸੀ ਕਿ ਇਸ ਪਿਆਰ ਦੇ ਪਿੱਛੇ ਅੱਕਾਂ ਵਾਲਾ ਦੁੱਧ ਚੋਇਆ ਜਾਣਾ ਸੀ। ਸੰਜੀਵ ਵਿਆਹ ਦੀ ਤੇਜ਼ੀ ਕਰਨ ਲੱਗਾ। ਕੁੜੀ ਨੇ ਆਖ ਦਿੱਤਾ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਵਾਉਣਾ। ਮੇਰੇ ਮਾਪਿਆਂ ਦੀ ਮਰਜ਼ੀ ਵੀ ਜ਼ਰੂਰੀ ਹੈ। ਕੁੜੀ ਨੇ ਸੰਜੀਵ ਨੂੰ ਆਪਣੇ ਮਾਤਾ ਪਿਤਾ ਨਾਲ ਮਿਲਾਇਆ। ਪਿਤਾ ਹੰਢਿਆ ਹੋਇਆ ਹੋਣ ਕਰ ਕੇ ਸਭ ਕੁਝ ਛੇਤੀ ਸਮਝ ਗਿਆ ਕਿ ਲੜਕਾ ਕੁੜੀ ਨਾਲ ਵਿਆਹ ਕਰਵਾ ਕੇ ਗਰੀਨ ਕਾਰਡ ਲੈਣਾ ਚਾਹੁੰਦਾ ਹੈ, ਪਰ ਕੁੜੀ ਨੂੰ ਪਤਾ ਨਹੀਂ ਸੀ ਕਿ ਪਿਆਰ ਵਿਆਹ ਦੀਆਂ ਸ਼ਹਿਨਾਈਆਂ ਪਿੱਛੋਂ ਪੱਲੇ ਪਤਝੜ ਪੈ ਜਾਣੀ ਸੀ ਤੇ ਬਹਾਰਾਂ ਦਾ ਗਰੀਨ ਕਾਰਡ ਲੈ ਕੇ ਉਸ ਨੇ ਇੰਜ ਬਦਲ ਜਾਣਾ ਸੀ, ਜਿਵੇਂ ਲੀਡਰ ਵੋਟਾਂ ਲੈ ਕੇ ਲੱਭਦੇ ਹੀ ਨਹੀਂ, ਪਰ ਧੀ ਦੀ ਜਿਦ ਅੱਗੇ ਪਿਤਾ ਦੂਰ ਦੀ ਸੋਚੀ। ਦੋਵਾਂ ਦੇ ਵਿਆਹ ਲਈ ਰਾਜ਼ੀ ਹੁੰਦਿਆਂ ਪਿਤਾ ਨੇ ਕਿਹਾ ਕਿ ਵਿਆਹ ਪੰਜਾਬ ਕਰਨਾ ਹੈ। ਸੰਜੀਵ ਪਹਿਲਾਂ ਤਾਂ ਮੰਨਿਆ ਨਾ, ਪਰ ਕੁੜੀ ਦੀ ਭਰੋਸੇ ਵਾਲੀ ਵੋਟ ਨੇ ‘ਹਾਂ’ ਕਰਵਾ ਲਈ। ਕੁੜੀ ਵੀ ਹਵਾ ਵਿਚ ਉਡਦੀ ਫਿਰਦੀ ਸੀ ਕਿ ਉਸ ਦਾ ਪਿਤਾ ਵਿਆਹ ਲਈ ਰਾਜ਼ੀ ਹੋ ਗਿਆ ਸੀ। ਕੁੜੀ ਨੇ ਝੱਟ ਸੰਜੀਵ ਦੀ ਟਿਕਟ ਔਨਲਾਈਨ ਬੁੱਕ ਕਰਵਾ ਦਿੱਤੀ। ਏਅਰਪੋਰਟ ‘ਤੇ ਹੱਥਾਂ ਨਾਲੋਂ ਹੱਥ ਛੁੱਟ ਗਏ ਤੇ ਅੱਖਾਂ ਨੇ ਇੰਡੀਆ ਵਿਚ ਮਿਲਣ ਦਾ ਪੱਕਾ ਇਕਰਾਰ ਕਰ ਲਿਆ।
ਸੰਜੀਵ ਘਰ ਪਹੁੰਚ ਗਿਆ। ਮਾਪਿਆਂ ਨਾਲ ਵਿਆਹ ਦੀ ਗੱਲ ਛੇੜ ਦਿੱਤੀ ਤੇ ਉਹ ਵੀ ਕੁੜੀ ਅਤੇ ਉਸ ਦੇ ਮਾਪਿਆਂ ਦੀ ਉਡੀਕ ਕਰਨ ਲੱਗੇ। ਇੱਧਰ ਕੁੜੀ ਮਾਪਿਆਂ ਨੂੰ ਰੋਜ਼ ਆਖਦੀ ਕਿ ਚੱਲੋ ਇੰਡੀਆ ਚੱਲੀਏ, ਤੇ ਮੇਰਾ ਵਿਆਹ ਕਰੋ। ਅਖ਼ੀਰ ਪਿਤਾ ਨੇ ਆਪਣੇ ਦੋਸਤ ਦੀ ਧੀ ਦੇ ਵਿਆਹ ‘ਤੇ ਜਾਣ ਵਾਸਤੇ ਇੰਡੀਆ ਦੀਆਂ ਟਿਕਟਾਂ ਕਟਵਾ ਲਈਆਂ। ਮਾਂ-ਪਿਉ ਧੀ ਨੂੰ ਲੈ ਕੇ ਇੰਡੀਆ ਪਹੁੰਚ ਗਏ। ਕੁੜੀ ਨੇ ਸੰਜੀਵ ਨੂੰ ਦੱਸ ਦਿੱਤਾ ਕਿ ਹੁਣ ਉਹ ਦਿਨ ਦੂਰ ਨਹੀਂ ਜਿਸ ਦਿਨ ਤੂੰ ਸਿਹਰਾ ਬੰਨ੍ਹ ਕੇ ਆਵੇਂਗਾ ਤੇ ਮੈਨੂੰ ਡੋਲੀ ਵਿਚ ਬਿਠਾ ਕੇ ਲੈ ਜਾਵੇਂਗਾ। ਦੋਵੇਂ ਪਾਸੇ ਖ਼ੁਸ਼ੀਆਂ ਦੇ ਗਿੱਧੇ ਪੈਣ ਲੱਗੇ। ਕੁੜੀ ਦੇ ਪਿਤਾ ਨੇ ਸਾਰੇ ਜ਼ਰੂਰੀ ਕੰਮ ਧੰਦੇ ਮੁਕਾ ਕੇ ਸੰਜੀਵ ਦੇ ਪਿਤਾ ਹੋਰਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਕੁੜੀ ਤੇ ਸੰਜੀਵ ਨੇ ਝੱਟਪਟ ਮਿਲਣੀ ਦਾ ਪ੍ਰੋਗਰਾਮ ਉਲੀਕ ਦਿੱਤਾ।
ਫਿਰ ਉਸੇ ਰੰਗਲੀ ਕੋਠੀ ਦੇ ਗੇਟ ਅੱਗੇ ਕੁੜੀ ਵਾਲਿਆਂ ਦਾ ਸਵਾਗਤ ਹੋਣ ਲੱਗਿਆ। ਮੂੰਹ ਮਿੱਠਾ ਕਰਨ ਤੋਂ ਬਾਅਦ ਮੂੰਹ ਕੌੜਾ ਕਰਨ ਦਾ ਸਾਮਾਨ ਵੀ ਨੇੜੇ-ਤੇੜੇ ਘੁੰਮਣ ਲੱਗਿਆ ਤਾਂ ਕੁੜੀ ਦੇ ਪਿਤਾ ਨੇ ਆਖ ਦਿੱਤਾ, ਜੀ ਅਸੀਂ ਤਾਂ ਅੰਮ੍ਰਿਤਧਾਰੀ ਹਾਂ। ਅਸੀਂ ਨਹੀਂ ਕੁਝ ਪੀਂਦੇ-ਖਾਂਦੇ। ਆਪਾਂ ਬੱਚਿਆਂ ਦੇ ਕਾਰਜ ਦੀ ਗੱਲ ਕਰੀਏ। ਦੋਵਾਂ ਪਾਸਿਉਂ ਤੋਂ ਸਵਾਲ-ਜਵਾਬ ਹੋਣ ਲੱਗੇ। ਸਾਰਿਆਂ ਦੀ ਜ਼ੁਬਾਨੋਂ ਬੱਸ ਇਕ ਗੱਲ ਹੀ ਨਿਕਲ ਰਹੀ ਸੀ ਕਿ ਜਦੋਂ ਕੁੜੀ-ਮੁੰਡਾ ਦੋਵੇਂ ਰਾਜ਼ੀ ਹਨ ਤਾਂ ਰਿਸ਼ਤਾ ਪੱਕਾ ਹੀ ਸਮਝੋ, ਪਰ ਕੁੜੀ ਦੇ ਪਿਤਾ ਨੇ ਅਰਜ਼ ਕਰਨੀ ਚਾਹੀ ਤੇ ਬਾਕੀ ਸਭ ਚੁੱਪ ਹੋ ਕੇ ਸੁਣਨ ਲਈ ਤਿਆਰ ਹੋ ਗਏ।
“ਦੇਖੋ ਗੁਪਤਾ ਜੀ! ਤੇ ਸਮੂਹ ਪਤਵੰਤੇ ਸੱਜਣੋ, ਅੱਜ ਜ਼ਮਾਨਾ ਬਹੁਤ ਅਗਾਂਹ ਨਿਕਲ ਚੁੱਕਿਆ ਹੈ। ਸਾਡੇ ਬੱਚਿਆਂ ਨੇ ਵੀ ਸਾਡੇ ਧਰਮ ਦੇ ਰੀਤੀ-ਰਿਵਾਜ਼ਾਂ ਨੂੰ ਅੱਖੋਂ ਪਰੋਖੇ ਕਰ ਕੇ, ਇਸ ਸਮਾਜ ਨੂੰ ਜਾਤ-ਪਾਤ ਦੇ ਝੰਜਟ ਵਿਚੋਂ ਕੱਢਣ ਲਈ ਇਕ ਕਦਮ ਅਗਾਂਹ ਧਰਿਆ ਹੈ। ਸਾਨੂੰ ਵੀ ਇਨ੍ਹਾਂ ਬੱਚਿਆਂ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ। ਇਨ੍ਹਾਂ ਦੇ ਪਿਆਰ ਵਿਚ ਜਾਤ-ਪਾਤ ਦੀ ਦੀਵਾਰ ਨਹੀਂ ਬਣਾਉਣੀ ਚਾਹੀਦੀ। ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਪਰ ਇਕ ਸ਼ਰਤ ਹੈ ਕਿ ਕੁੜੀ ਨੇ ਮੁੰਡੇ ਨਾਲ ਵਿਆਹ ਕਰਵਾ ਕੇ ਵਾਪਸ ਅਮਰੀਕਾ ਨਹੀਂ ਜਾਣਾ। ਇਥੇ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰ ਕੇ ਇੱਥੇ ਹੀ ਨੌਕਰੀ ਕਰਨੀ ਹੈ। ਜੇ ਤੁਹਾਨੂੰ ਇਹ ਸ਼ਰਤ ਮਨਜ਼ੂਰ ਹੈ ਤਾਂ ਅਸੀਂ ਲੜਕੇ ਨੂੰ ਸ਼ਗਨ ਪਾ ਦਿੰਦੇ ਹਾਂ। ਮੈਂ ਖਿਮਾ ਦਾ ਜਾਂਚਕ ਹਾਂ।” ਇਹ ਸਭ ਕੁਝ ਕਹਿ ਕੇ ਕੁੜੀ ਦਾ ਪਿਤਾ ਫੋਨ ਕਰਨ ਦੇ ਬਹਾਨੇ ਬਾਹਰ ਨਿਕਲ ਗਿਆ। ਪਿਛੇ ਕਮਰੇ ਵਿਚ ਘੁਸਰ-ਮੁਸਰ ਹੋਣ ਲੱਗ ਗਈ ਕਿ ਆਹ ਕੀ ਹੋ ਗਿਆ! ਫਿਰ ਗੁਪਤਾ ਜੀ ਹੋਰਾਂ ਆਖ ਦਿੱਤਾ ਕਿ ਅਸੀਂ ਤੁਹਾਨੂੰ ਸਲਾਹ ਕਰ ਕੇ ਦੱਸ ਦੇਵਾਂਗੇ। ਪਿਤਾ ਦੀ ਗੱਡੀ ਦੇਖ ਕੇ ਕੁੜੀ ਝੱਟ ਬੂਹੇ ਅੱਗੇ ਆ ਗਈ ਕਿ ਸਾਡਾ ਰਿਸ਼ਤਾ ਪੱਕਾ ਹੋ ਗਿਆ ਹੋਵੇਗਾ। ਜਦ ਪਿਤਾ ਨੇ ਅਸਲ ਗੱਲ ਦੱਸੀ ਤਾਂ ਕੁੜੀ ਸੋਚਣ ਲਈ ਮਜਬੂਰ ਹੋ ਗਈ।
“ਦੇਖ ਧੀਏ! ਮਾਪੇ ਕਦੇ ਕੁ-ਮਾਪੇ ਨਹੀਂ ਹੋ ਸਕਦੇ। ਮਾਪਿਆਂ ਨੇ ਕਬੀਲਦਾਰੀ ਦੀਆਂ ਅਨੇਕਾਂ ਲੜਾਈਆਂ ਲੜੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਬੱਚਿਆਂ ਦਾ ਕਿਸ ਗੱਲ ਵਿਚ ਭਲਾ ਹੈ। ਕੋਈ ਵੀ ਮਾਂ-ਬਾਪ ਆਪਣੀ ਧੀ ਨੂੰ ਖੂਹ ਵਿਚ ਨਹੀਂ ਸਿਟੇਗਾ। ਜੇ ਧੀ ਖੁਦ ਖੂਹ ਵਿਚ ਡਿਗਣਾ ਚਾਹੇ ਤਾਂ ਮਾਪੇ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤੇ ਮੈਂ ਵੀ ਇਹੀ ਕਰ ਰਿਹਾ ਹਾਂæææਉਹ ਲੜਕਾ ਤੇਰੇ ਨਾਲ ਨਹੀਂ, ਤੇਰੀ ਅਮਰੀਕੀ ਨਾਗਰਿਕਤਾ ਨਾਲ ਵਿਆਹ ਕਰਵਾ ਰਿਹਾ ਹੈ।”
æææਪਰ ਕੁੜੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ।
ਫਿਰ ਗੁਪਤਾ ਜੀ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਪੰਡਤ ਜੀ ਨੇ ਕੁੰਡਲੀ ਬਣਾਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਜੇ ਲੜਕਾ ਕਿਸੇ ਹੋਰ ਧਰਮ ਵਿਚ ਵਿਆਹ ਕਰਵਾਏਗਾ ਤਾਂ ਦੋਵਾਂ ਦੀ ਜਾਨ ਵੀ ਜਾ ਸਕਦੀ ਹੈ। ਮੈਂ ਆਪਣਾ ਇਕਲੌਤਾ ਪੁੱਤਰ ਖੋਣਾ ਨਹੀਂ ਚਾਹੁੰਦਾ। ਕੁੜੀ ਦੇ ਪਿਤਾ ਨੂੰ ਪਤਾ ਲੱਗ ਗਿਆ ਕਿ ਉਹ ਬਾਜ਼ੀ ਜਿੱਤ ਜਾਵੇਗਾ। ਫਿਰ ਕੁੜੀ ਨੇ ਸੰਜੀਵ ਨੂੰ ਮਿਲ ਕੇ ਪੁੱਛਿਆ ਕਿ ਤੇਰਾ ਕੀ ਇਰਾਦਾ ਹੈ? ਸੰਜੀਵ ਵੀ ਆਪਣੇ ਮਾਪਿਆਂ ਦੀ ਬੋਲੀ ਬੋਲ ਗਿਆ। ਉਸ ਨੇ ਸਾਫ ਹੀ ਕਹਿ ਦਿੱਤਾ ਕਿ ਜੇ ਤੂੰ ਵਿਆਹ ਕਰਵਾ ਕੇ ਮੈਨੂੰ ਅਮਰੀਕਾ ਨਹੀਂ ਲਿਜਾਣਾ ਤਾਂ ਮੈਨੂੰ ਇੱਥੇ ਕੁੜੀਆਂ ਦਾ ਘਾਟਾ ਹੈ! ਕੁੜੀ ਸਭ ਕੁਝ ਸੁਣ ਕੇ ਹੈਰਾਨ ਹੀ ਨਹੀਂ ਹੋਈ, ਉਸ ਨੂੰ ਪਿਤਾ ਦੀ ਸਮਝ ਵੀ ਆ ਗਈ ਸੀ।
ਫਿਰ ਕੁੜੀ ਨੇ ਪਿਤਾ ਨੂੰ ਕਹਿ ਦਿੱਤਾ ਕਿ ਪਿਤਾ ਜੀ, ਤੁਸੀਂ ਜਿਥੇ ਵੀ ਮੇਰਾ ਰਿਸ਼ਤਾ ਕਰੋਗੇ, ਮੈਨੂੰ ਮਨਜ਼ੂਰ ਹੈ। ਪਿਤਾ ਵੱਲੋਂ ਛੱਡਿਆ ਤੀਰ ਨਿਸ਼ਾਨੇ ‘ਤੇ ਲੱਗ ਚੁੱਕਾ ਸੀ। ਸੰਜੀਵ ਗਰੀਨ ਕਾਰਡ ਬਣਾਉਂਦਾ ਅਮਰੀਕਾ ਤੋਂ ਵੀ ਜਾ ਚੁੱਕਿਆ ਸੀ। ਪਵਨ ਅਜੇ ਕੰਮ ਤਾਂ ਕਰੀ ਜਾ ਰਿਹਾ ਸੀ, ਪਰ ਉਸ ਦਾ ਵੀ ਕੇਸ ਅਜੇ ਅੱਧ ਵਿਚਾਲੇ ਲਟਕ ਰਿਹਾ ਸੀ। ਸਮੇਂ ਦੀ ਰਫ਼ਤਾਰ ਨਾਲ ਬਹੁਤ ਕੁਝ ਬਦਲ ਜਾਂਦਾ ਹੈ ਪਰ ਝੂਠ ਦੀ ਬੁਨਿਆਦ ‘ਤੇ ਕੋਈ ਵੀ ਰਿਸ਼ਤਾ ਉਨਾ ਕੁ ਸੱਚ ਹੁੰਦਾ ਹੈ, ਜਿੰਨਾ ਪਾਣੀ ਵਾਲੇ ਖਾਲ ਵਿਚ ਬਣਾਇਆ ਬੱਚੇ ਦਾ ਘਰ।æææਰੱਬ ਰਾਖਾ!

Be the first to comment

Leave a Reply

Your email address will not be published.