ਕਰੋਨਾ ਵਾਇਰਸ ਦੇ ਨਰਮ ਪੈਣ ਪਿੱਛੋਂ ਪੰਜਾਬ ‘ਚ ਪਾਬੰਦੀਆਂ ਵਿਚ ਢਿੱਲ੍ਹ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੀ ਸਥਿਤੀ ਸੁਧਰਨ ਦੇ ਮੱਦੇਨਜ਼ਰ ਢਿੱਲ ਦਿੰਦਿਆਂ ਪੰਜਾਬ ‘ਚ ਹਫਤਾਵਾਰੀ ਅਤੇ ਰਾਤ ਦਾ ਕਰਫਿਊ ਹਟਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਉੱਚ ਵਿੱਦਿਅਕ ਅਦਾਰਿਆਂ ਨੂੰ ਵੀ ਖੋਲ੍ਹੇ ਜਾਣ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ ਪਰ ਸਕੂਲ ਹਾਲੇ ਬੰਦ ਹੀ ਰਹਿਣਗੇ।

ਕਾਲਜਾਂ, ਕੋਚਿੰਗ ਸੈਂਟਰਾਂ ਤੇ ਸਾਰੇ ਹੋਰ ਉੱਚ ਵਿੱਦਿਅਕ ਅਦਾਰਿਆਂ ਨੂੰ ਸਬੰਧਿਤ ਡਿਪਟੀ ਕਮਿਸ਼ਨਰਾਂ ਵੱਲੋਂ ਖੋਲ੍ਹਣ ਦੀ ਆਗਿਆ ਹੋਵੇਗੀ। ਸਾਰੇ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦੇ ਦੋ ਹਫਤੇ ਪਹਿਲਾਂ ਟੀਕਾਕਰਨ ਦੀ ਘੱਟੋ-ਘੱਟ ਇਕ ਖੁਰਾਕ ਜਰੂਰ ਲੱਗੀ ਹੋਣ ਦਾ ਸਰਟੀਫਿਕੇਟ ਦੇਣਾ ਹੋਵੇਗਾ। ਮੁੱਖ ਮੰਤਰੀ ਨੇ ਕੋਵਿਡ ਦੀ ਸਥਿਤੀ ਦੀ ਵਰਚੁਅਲ ਸਮੀਖਿਆ ਮੀਟਿੰਗ ਦੌਰਾਨ ਕਿਹਾ ਕਿ 20 ਜੁਲਾਈ ਨੂੰ ਕੋਵਿਡ ਦੇ ਹਾਲਾਤ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਇਸੇ ਦੌਰਾਨ ਮੁੱਖ ਮੰਤਰੀ ਨੇ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਵਜੋਂ ਵੀ 380 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ। ਫੈਸਲਿਆਂ ‘ਚ ਅੰਦਰੂਨੀ ਇਕੱਠਾਂ (ਇਨਡੋਰ) ਵਿਚ 100 ਵਿਅਕਤੀਆਂ ਅਤੇ ਖੁੱਲ੍ਹੇ ਵਿਚ (ਆਊਟਡੋਰ) 200 ਵਿਅਕਤੀਆਂ ਦੇ ਇਕੱਠ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟੀਕੇ ਦੀ ਘੱਟੋ ਘੱਟ ਇਕ ਖੁਰਾਕ ਲੱਗੀ ਹੋਣ ਦੀ ਸ਼ਰਤ ‘ਤੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾਅ, ਤੈਰਾਕੀ ਪੂਲ, ਜਿਮ, ਮਾਲ, ਖੇਡ ਕੰਪਲੈਕਸ, ਮਿਊਜ਼ੀਅਮ, ਚਿੜੀਆ ਘਰ ਆਦਿ ਖੋਲ੍ਹਣ ਦੇ ਵੀ ਹੁਕਮ ਕੀਤੇ ਗਏ ਹਨ। ਉਨ੍ਹਾਂ ਨੇ ਸੂਬੇ ‘ਚ ਬਲੈਕ ਫੰਗਸ ਦੇ 8 ਜੁਲਾਈ ਤੱਕ 623 ਮਰੀਜ਼ਾਂ ਦੇ ਹਵਾਲੇ ਨਾਲ ਅਜਿਹੇ ਮਰੀਜ਼ਾਂ ਦੇ ਇਲਾਜ ਲਈ ਤਜਵੀਜ਼ ਤਿਆਰ ਕਰਨ ਦੀ ਹਦਾਇਤ ਵੀ ਕੀਤੀ ਹੈ। ਮੁੱਖ ਮੰਤਰੀ ਨੇ 674 ਜੀ.ਡੀ.ਐਮ.ਓ, 283 ਮੈਡੀਕਲ ਅਫਸਰ (ਸਪੈਸਲਿਸ਼ਟ), 2000 ਸਟਾਫ ਨਰਸਾਂ ਦੇ ਨਾਲ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਵਿਚ 330 ਫੈਕਲਟੀ ਪੋਸਟਾਂ ਭਰਨ ਦੀ ਵੀ ਹਰੀ ਝੰਡੀ ਦਿੱਤੀ ਹੈ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਕਿ ਸੂਬੇ ਵੱਲੋਂ ਤੀਜੀ ਲਹਿਰ ਦਾ ਮੁਕਾਬਲਾ ਕਰਨ ਲਈ ਦੂਜੀ ਲਹਿਰ ਦੇ ਮਰੀਜ਼ਾਂ ਨਾਲੋਂ 25 ਫੀਸਦੀ ਹੋਰ ਵੱਧ ਮਰੀਜ਼ਾਂ ਦੇ ਹਿਸਾਬ ਨਾਲ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਸੂਰਤ ਵਿਚ ਜੀ.ਆਈ.ਐਸ. ਆਧਾਰਿਤ ਨਿਗਰਾਨੀ ਅਤੇ ਰੋਕਥਾਮ ਤਰੀਕਿਆਂ ਦੀ ਵਰਤੋਂ ਸਥਾਨਕ ਬੰਦਿਸ਼ਾਂ ਲਈ ਆਟੋਟ੍ਰਿਗਰ ਵਿਧੀ ਰਾਹੀਂ ਕੀਤੀ ਜਾਵੇਗੀ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਮੌਕੇ ਦੱਸਿਆ ਕਿ ਫੰਡ ਅਤੇ ਆਕਸੀਜਨ ਪਲਾਂਟ ਲੋੜੀਂਦੇ ਤੌਰ ‘ਤੇ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਕੋਈ ਵੀ ਘਾਟ ਨਾ ਆਉਣ ਨੂੰ ਯਕੀਨੀ ਬਣਾਇਆ ਜਾਵੇ। ਸਿਹਤ ਸਕੱਤਰ ਹੁਸਨ ਲਾਲ ਨੇ ਹਾਲੇ ਵੀ ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਰੂਪਨਗਰ ਜਿਲ੍ਹਿਆਂ ਵਿਚ ਚੌਕਸੀ ਵਰਤਣ ਦੀ ਲੋੜ ਦੀ ਗੱਲ ਰੱਖੀ। ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਵਾਇਰਸ ਦੇ ਬਦਲਦੇ ਸਰੂਪਾਂ ਦੀ ਜਾਂਚ ਵਿਚ ਵਾਧਾ ਕਰਨ ਦੇ ਹੁਕਮ ਦਿੱਤੇ ਤਾਂ ਜੋ ਨਵੇਂ ਪ੍ਰਕਾਰ ਦੇ ਕੇਸਾਂ ਦੀ ਪਛਾਣ ਕੀਤੀ ਜਾ ਸਕੇ।
——————————————
ਹੁਣ ਸਿਆਸੀ ਧਿਰਾਂ ਉਤੇ ਵਧੇਗੀ ਸਖਤੀ
ਮੁੱਖ ਮੰਤਰੀ ਨੇ ਕਿਹਾ ਕਿ ਉਮੀਦ ਹੈ ਕਿ ਰਾਜਸੀ ਪਾਰਟੀਆਂ ਅਤੇ ਆਗੂਆਂ ਵੱਲੋਂ ਇਸ ਮਾਮਲੇ ‘ਚ ਸਹਿਯੋਗ ਕੀਤਾ ਜਾਵੇਗਾ ਪਰ ਉਨ੍ਹਾਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਨਿਰਦੇਸ਼ ਵੀ ਦਿੱਤੇ ਕਿ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਜਾਰੀ ਕੀਤੇ ਜਾਣ। ਡੀ.ਜੀ.ਪੀ. ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਕੇ ਰੈਲੀਆਂ ਤੇ ਰੋਸ ਮੀਟਿੰਗਾਂ ਕਰਨ ਵਾਲੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਚਲਾਨ ਕਰਨ ਲਈ ਕਿਹਾ ਗਿਆ ਹੈ।ਮੁੱਖ ਮੰਤਰੀ ਨੇ ਪੰਜਾਬ ਵਿਚ ਕੋਵੀਸ਼ੀਲਡ ਮੁੱਕਣ ਅਤੇ ਕੋਵੈਕਸੀਨ ਦੇ ਸਿਰਫ ਇਕ ਦਿਨ ਦੇ ਬਚੇ ਸਟਾਕ ਦੀ ਸਥਿਤੀ ਨੂੰ ਵੇਖਦਿਆਂ ਮੁੜ ਕੇਂਦਰ ਵੱਲੋਂ ਵੈਕਸੀਨ ਦੀ ਸਪਲਾਈ ਵਧਾਏ ਜਾਣ ਦੀ ਲੋੜ ‘ਤੇ ਜੋਰ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਪਹਿਲਾਂ ਹੀ 83 ਲੱਖ ਦੇ ਕਰੀਬ ਯੋਗ ਵਿਅਕਤੀਆਂ (ਕੁੱਲ ਅਬਾਦੀ ਦਾ 27 ਫੀਸਦੀ ਦੇ ਕਰੀਬ) ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।