ਵਜ਼ੀਫਾ ਘਪਲਾ: ਕੈਪਟਨ ਦੀ ਘੇਰਾਬੰਦੀ ਲਈ ਕੇਂਦਰ ਸਰਕਾਰ ਸਰਗਰਮ

ਚੰਡੀਗੜ੍ਹ: ਕਰੋੜਾਂ ਰੁਪਏ ਦੇ ਵਜ਼ੀਫਾ ਘਪਲੇ ਦੇ ਮਾਮਲੇ ਵਿਚ ਹੁਣ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਖਿਲਾਫ ਪਾਰਾ ਚੜ੍ਹਨ ਲੱਗਾ ਹੈ। ਮਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਂਪਾਵਰਮੈਂਟ ਨੇ ਪੰਜਾਬ ਸਰਕਾਰ ਤੋਂ ਵਜ਼ੀਫਾ ਘਪਲੇ ‘ਚ ਹੋਈਆਂ ਪੜਤਾਲਾਂ ਦੀ ਰਿਪੋਰਟ ਤਲਬ ਕੀਤੀ ਸੀ ਪਰ ਪੰਜਾਬ ਸਰਕਾਰ ਇਸ ਤੋਂ ਆਨਾਕਾਨੀ ਕਰ ਰਹੀ ਹੈ। ਹੁਣ ਜਦੋਂ ਇਹ ਮਾਮਲਾ ਨੈਸ਼ਨਲ ਕਮਿਸ਼ਨ ਫਾਰ ਐਸਸੀ ਕੋਲ ਚਲਾ ਗਿਆ ਹੈ ਤਾਂ ਕੇਂਦਰੀ ਮੰਤਰਾਲੇ ਨੇ ਘਪਲੇ ਦੀ ਰਿਪੋਰਟ ਫੌਰੀ ਭੇਜਣ ਲਈ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ।

ਚੇਤੇ ਰਹੇ ਕਿ ਤਤਕਾਲੀ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਵਜ਼ੀਫਾ ਘਪਲੇ ਨੂੰ ਉਜਾਗਰ ਕੀਤਾ ਗਿਆ ਸੀ, ਜਿਸ ‘ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਘਿਰ ਗਏ ਸਨ। ਮੁੱਖ ਮੰਤਰੀ ਨੇ ਬਚਾਓ ਕਰਦਿਆਂ ਤਿੰਨ ਮੈਂਬਰੀ ਉੱਚ ਪੱਧਰੀ ਪੜਤਾਲ ਕਮੇਟੀ ਬਣਾ ਦਿੱਤੀ ਸੀ, ਜਿਸ ਕਮੇਟੀ ਨੇ 7.43 ਕਰੋੋੜ ਦੀ ਗਲਤ ਵਰਤੋਂ ਹੋਣ ‘ਤੇ ਸਹੀ ਵੀ ਪਾ ਦਿੱਤੀ ਸੀ। ਕੇਂਦਰ ਸਰਕਾਰ ਹੁਣ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਅਤੇ ਤਿੰਨ ਮੈਂਬਰੀ ਕਮੇਟੀ ਵਾਲੀ ਰਿਪੋਰਟ ਪੰਜਾਬ ਸਰਕਾਰ ਤੋਂ ਮੰਗ ਰਹੀ ਹੈ। ਕੇਂਦਰ ਸਰਕਾਰ ਨੇ ਪਹਿਲਾਂ 18 ਸਤੰਬਰ, 2020 ਅਤੇ ਫਿਰ 28 ਸਤੰਬਰ, 2020 ਨੂੰ ਪੰਜਾਬ ਸਰਕਾਰ ਤੋਂ ਘਪਲੇ ਸਬੰਧੀ ਪੜਤਾਲ ਰਿਪੋਰਟ ਮੰਗੀ ਸੀ।
ਪੰਜਾਬ ਸਰਕਾਰ ਵੱਲੋਂ ਇਹ ਰਿਪੋਰਟ ਦੇਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਨੈਸ਼ਨਲ ਕਮਿਸ਼ਨ ਫਾਰ ਐਸ.ਸੀ ਨੇ ਬੀਤੀ 17 ਜੂਨ ਨੂੰ ਵਜ਼ੀਫਾ ਮਾਮਲੇ ਦੀਆਂ ਦੋਵੇਂ ਰਿਪੋਰਟਾਂ ਦੀ ਮੰਗ ਕੀਤੀ ਸੀ। ਪੰਜਾਬ ਦਾ ਵਜ਼ੀਫਾ ਘਪਲਾ ਉਜਾਗਰ ਹੋਣ ਤੋਂ ਪਹਿਲਾਂ ਅੰਦਰੂਨੀ ਆਡਿਟ ਵਿਭਾਗ ਨੇ ਵੀ 4072 ਵਿੱਦਿਅਕ ਅਦਾਰਿਆਂ ਵੱਲ 567 ਕਰੋੜ ਰੁਪਏ ਦੀ ਇਤਰਾਜਯੋਗ ਅਦਾਇਗੀ ‘ਤੇ ਉਂਗਲ ਚੁੱਕੀ ਸੀ। ਮੁੱਖ ਮੰਤਰੀ ਨੇ 9 ਜਨਵਰੀ, 2019 ਨੂੰ ਇਨ੍ਹਾਂ ਇਤਰਾਜ਼ਾਂ ‘ਚ ਸੋਧ ਕਰਨ ਦਾ ਫੈਸਲਾ ਕੀਤਾ ਅਤੇ ਆਡਿਟ ਰਿਪੋਰਟਾਂ ਰੀਵਿਊ ਕਰਨ ਲਈ ਆਖਿਆ। ਮੁੱਖ ਮੰਤਰੀ ਦੇ ਹੁਕਮਾਂ ‘ਤੇ ਰੀਵਿਊ ਹੋਣ ਮਗਰੋਂ 567 ਕਰੋੜ ਦੀ ਰਿਕਵਰੀ ਰਾਸ਼ੀ ਘਟ ਕੇ 202 ਕਰੋੜ ਰੁਪਏ ਰਹਿ ਗਈ। ਪੰਜਾਬ ਸਰਕਾਰ ਨੇ ਇਸ ਬਾਰੇ ਕੇਂਦਰ ਨੂੰ ਪੱਤਰ ਵੀ ਭੇਜ ਦਿੱਤਾ ਸੀ। ਦੱਸਣਯੋਗ ਹੈ ਕਿ ਪੰਜਾਬ ਵਿਚ ਦਲਿਤ ਬੱਚਿਆਂ ਦੇ ਵਜ਼ੀਫੇ ਸਬੰਧੀ ਹੋਏ ਘਪਲਾ ਦਾ ਵੱਡਾ ਰੌਲਾ ਪੈ ਰਿਹਾ ਹੈ। ਸੈਂਕੜੇ ਵਿੱਦਿਅਕ ਅਦਾਰਿਆਂ ਨੇ ਪਿਛਲੇ ਸਮੇਂ ਦੌਰਾਨ ਦਲਿਤ ਬੱਚਿਆਂ ਦੇ ਰੋਲ ਨੰਬਰ ਵੀ ਰੋਕ ਲਏ ਸਨ। ਪੰਜਾਬ ਸਰਕਾਰ ਨੇ ਤਿੰਨ ਵਰ੍ਹਿਆਂ ਦੀ ਆਪਣੀ ਹਿੱਸੇ ਦੀ 40 ਫੀਸਦੀ ਰਕਮ ਇਨ੍ਹਾਂ ਅਦਾਰਿਆਂ ਨੂੰ ਦੇਣ ਦਾ ਫੈਸਲਾ ਕੀਤਾ ਸੀ ਪਰ ਉਸ ਮਗਰੋਂ ਪੰਜਾਬ ਸਰਕਾਰ ਮੁੜ ਮੌਨ ਹੋ ਗਈ, ਜਿਸ ਤੋਂ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕ ਔਖੇ ਹੋ ਗਏ ਹਨ। ਪੰਜਾਬ ਚੋਣਾਂ ਨੇੜੇ ਹੋਣ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਤਰਫੋਂ ਵਜ਼ੀਫਾ ਘਪਲੇ ਵਿਚ ਵਿਸ਼ੇਸ਼ ਰੁਚੀ ਦਿਖਾਈ ਜਾ ਰਹੀ ਹੈ। ਕੇਂਦਰ ਸਰਕਾਰ ਨੇ ਸੂਬਾ ਸਰਕਾਰ ਤੋਂ ਤਿੰਨ ਮੈਂਬਰੀ ਕਮੇਟੀ ਵੱਲੋਂ ਵਜ਼ੀਫਾ ਘਪਲੇ ਦੀ ਜਾਂਚ ਦੇ ਮਾਮਲੇ ਵਿਚ ਐਕਸ਼ਨ ਟੇਕਨ ਰਿਪੋਰਟ ਵੀ ਮੰਗੀ ਹੈ। ਸੂਤਰ ਦੱਸਦੇ ਹਨ ਕਿ ਅਗਲੇ ਦਿਨਾਂ ਵਿਚ ਦਲਿਤ ਬੱਚਿਆਂ ਦੇ ਮੁੱਦੇ ‘ਤੇ ਭਾਜਪਾ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਘੇਰਨ ਦੀ ਯੋਜਨਾਬੰਦੀ ਹੈ, ਜਿਸ ਕਰਕੇ ਵਜ਼ੀਫਾ ਘਪਲੇ ‘ਤੇ ਫੋਕਸ ਕੀਤਾ ਜਾ ਰਿਹਾ ਹੈ।