ਜਸਵੀਰ ਸਮਰ
ਫੋਨ: +91-98722-69310
2001 ਵਾਲਾ ਸਾਲ ਅਜੇ ਚੜ੍ਹਿਆ ਹੀ ਸੀ ਕਿ ਨਿਊਜ਼ ਰੂਮ ਦੇ ਨੋਟਿਸ ਬੋਰਡ ‘ਤੇ ਨਵੇਂ ਸਾਲ ਦੀਆਂ ਵਧਾਈਆਂ ਦਾ ਇਕ ਪੁਰਜ਼ਾ ਆਣ ਚਿਪਕਿਆ। ਆਏ ਸਾਲ ਵਧਾਈਆਂ ਵਾਲਾ ਮਸਲਾ ਰੁਟੀਨ ਜਿਹੀ ਕਾਰਵਾਈ ਹੀ ਤਾਂ ਹੁੰਦੀ ਹੈ ਪਰ ਨੋਟਿਸ ਬੋਰਡ ‘ਤੇ ਚਿਪਕੇ ਪੁਰਜ਼ੇ ਉਤੇ ਲਿਖੀਆਂ ਦੋ ਸਤਰਾਂ ਸਦਾ ਸਦਾ ਲਈ ਜ਼ਿਹਨ ਅੰਦਰ ਉੱਤਰ ਗਈਆਂ: ਲੋਕੀਂ ਕਹਿੰਦੇ ਨੇ ਕਿ ‘ਪੰਜਾਬ ਟਾਈਮਜ਼’ ਵਿਚੋਂ ‘ਪੰਜਾਬੀ ਟ੍ਰਿਬਿਊਨ’ ਦਾ ਝਉਲਾ ਪੈਂਦਾ ਹੈ। ਕਿੰਝ ਦੱਸਾਂ ਕਿ ‘ਪੰਜਾਬੀ ਟ੍ਰਿਬਿਊਨ’ ਮੇਰੇ ਹੱਡਾਂ ‘ਚ ਰਚਿਆ ਹੋਇਆ ਹੈ।
ਇਹ ਅਮੋਲਕ ਸਿੰਘ ਜੰਮੂ ਸੀ ਜਿਹੜਾ ਅਦਾਰੇ ਵਿਚ ਮੇਰੀ ਭਰਤੀ ਤੋਂ ਚਾਰ-ਪੰਜ ਸਾਲ ਪਹਿਲਾਂ, 1996ਵਿਆਂ ਦੇ ਅੱਧ ਜਿਹੇ ਵਿਚ ਅਮਰੀਕਾ ਜਾ ਵੱਸਿਆ ਸੀ ਅਤੇ ਉਹਨੇ ਉਥੇ ਚਾਰ-ਪੰਜ ਸਾਲ ਜੂਝਣ ਤੋਂ ਬਾਅਦ ਸਾਲ 2000 ਵਿਚ ਆਪਣਾ ਹਫ਼ਤਾਵਾਰੀ ਪਰਚਾ ‘ਪੰਜਾਬ ਟਾਈਮਜ਼’ ਕੱਢ ਲਿਆ ਸੀ। ਉਸ ਵਕਤ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਮਾਰੂ ਅਤੇ ਲਗਾਤਾਰ ਤੰਗ ਤੇ ਬੇਵੱਸ ਕਰਨ ਵਾਲੀ ਬਿਮਾਰੀ ਦੇ ਬਾਵਜੂਦ ਉਹਨੇ ਪੱਤਰਕਾਰੀ ਦੀ ਦੁਨੀਆ ਅੰਦਰ ਇੰਨੀ ਸ਼ਾਨਦਾਰ ਪਾਰੀ ਖੇਡਣੀ ਹੈ। … ਤੇ ਨੋਟਿਸ ਬੋਰਡ ‘ਤੇ ਉਹਦੀਆਂ ਵਧਾਈਆਂ ਵਾਲਾ ਪੁਰਜ਼ਾ ਚਿਪਕਾਉਣ ਵਾਲਾ ਕੋਈ ਹੋਰ ਨਹੀਂ, ਉਹਦਾ ਗੂੜ੍ਹਾ ਮਿੱਤਰ ਨਰਿੰਦਰ ਭੁੱਲਰ ਸੀ ਜਿਹੜਾ ਛੇਤੀ ਹੀ ਮੇਰਾ ਵੀ ਓਨਾ ਹੀ ਗੂੜ੍ਹਾ ਯਾਰ ਬਣ ਗਿਆ ਸੀ। ਸਾਂਝ ਦਾ ਜ਼ਰੀਆਂ ਸਿਰਫ਼ ਇਕ ਹੀ ਸੀ: ਕੰਮ ਔਰ ਸੰਜੀਦਗੀ। ਅਮੋਲਕ ਦੇ ਅਮਰੀਕਾ ਜਾਣ ਨਾਲ ਨਿਊਜ਼ ਰੂਮ ਦੀ ਇਕ ਜੋੜੀ (ਅਮੋਲਕ-ਨਰਿੰਦਰ) ਟੁੱਟ ਗਈ ਸੀ ਪਰ ਦੂਜੀ (ਨਰਿੰਦਰ-ਜਸਵੀਰ) ਬਣ ਵੀ ਗਈ ਸੀ।
ਅਸਲ ਵਿਚ ਅਮੋਲਕ ਸਿੰਘ ਮੈਨੂੰ ਪਹਿਲਾਂ-ਪਹਿਲ ਨਰਿੰਦਰ ਭੁੱਲਰ ਰਾਹੀਂ ਹੀ ਮਿਲਿਆ ਸੀ। ਬਿਨਾ ਮੁਲਾਕਾਤ। ਅਮੋਲਕ ਦੀਆਂ ਕਿੰਨੀਆਂ ਗੱਲਾਂ-ਬਾਤਾਂ ਨਰਿੰਦਰ ਦੇ ਬੋਹੀਏ ਵਿਚੋਂ ਉੱਛਲ ਕੇ ਮੇਰੀ ਝੋਲੀ ਵਿਚ ਪੈਂਦੀਆਂ ਰਹੀਆਂ ਸਨ; ਚੰਡੀਗੜ੍ਹ ਵਿਚ ਉਹਦੀ ਪੜ੍ਹਾਈ, ਨੌਕਰੀ, ਇਥੋਂ ਤੱਕ ਕਿ ਪਿੰਡ ਤੱਕ ਦੀਆਂ ਗੱਲਾਂ-ਬਾਤਾਂ। ਸ਼ਾਇਦ ਇਸੇ ਕਰਕੇ ਜਦੋਂ 2006 ਵਾਲੀ ਭਾਰਤ ਫੇਰੀ ਦੌਰਾਨ ਅਮੋਲਕ ਨੂੰ ਰੂ-ਬ-ਰੂ ਮਿਲਿਆ ਤਾਂ ਉਹ ਮੇਰੇ ਲਈ ਓਪਰਾ ਨਹੀਂ ਸੀ। ਇਹੀ ਲੱਗਦਾ ਸੀ, ਚਿਰਾਂ ਦੇ ਵਿਛੜਿਆਂ ਦੇ ਹੁਣ ਮੇਲੇ ਹੋਏ ਹਨ। ਉਂਜ, ਅਮੋਲਕ ਨੂੰ ਮਿਲਦਿਆਂ ਸਾਰ ਮੈਂ ਧੁਰ ਅੰਦਰ ਤੱਕ ਹਿੱਲ ਗਿਆ ਸਾਂ। ਉਹਨੇ ਸੱਜਾ ਹੱਥ ਮਿਲਾਉਣ ਲਈ ਖੱਬੇ ਹੱਥ ਦਾ ਸਹਾਰਾ ਲਿਆ ਸੀ, ਜਿਵੇਂ ਮਗਰੋਂ ਚਾਹ ਵਾਲਾ ਕੱਪ ਮੂੰਹ ਤੱਕ ਲਿਜਾਣ ਲਈ ਉਹਨੇ ਕੀਤਾ ਸੀ। ਫਿਰ ਹੈਰਾਨ ਵੀ ਹੋਇਆ, ਇਹ ਉਹੀ ਹੱਥ ਸਨ ਜਿਨ੍ਹਾਂ ਵਿਚੋਂ ‘ਪੰਜਾਬ ਟਾਈਮਜ਼’ ਹਰ ਹਫ਼ਤੇ ਪੂਰੀ ਸਜ-ਧਜ ਨਾਲ ਉਦੈ ਹੁੰਦਾ ਸੀ!
ਉਦੋਂ ਤੱਕ ‘ਪੰਜਾਬ ਟਾਈਮਜ਼’ ਨੂੰ ਦਰਪੇਸ਼ ਮੁਢਲੀਆਂ ਦੁਸ਼ਵਾਰੀਆਂ ਵਾਲਾ ਵਕਤ ਨਿੱਕਲ ਚੁੱਕਾ ਸੀ ਅਤੇ ਇਨ੍ਹਾਂ ਸਾਲਾਂ ਦੌਰਾਨ ਅਮੋਲਕ ਨੇ ਇਕੱਲਿਆਂ ਹੀ ਜੂਝਦਿਆਂ ਆਪਣੇ ਸਿਰੜ ਸਦਕਾ ਅਖ਼ਬਾਰ ਦਾ ਮੂੰਹ-ਮੱਥਾ ਬਣਾ ਲਿਆ ਸੀ। ਇਹ ਉਹ ਵਕਤ ਵੀ ਸੀ ਜਦੋਂ ਉਹਨੇ ‘ਪੰਜਾਬ ਟਾਈਮਜ਼’ ਨੂੰ ਲੰਮੇ ਸਫ਼ਰ ‘ਤੇ ਪਾਉਣ ਬਾਰੇ ਜੁਗਤਾਂ ਲੜਾਉਣੀਆਂ ਆਰੰਭ ਕੀਤੀਆਂ। ਦਰਅਸਲ, ਉਹਨੂੰ ਚਿੰਬੜੀ ਮਾਸਕੂਲਰ ਡਿਸਟਰੌਫੀ ਦੀ ਬਿਮਾਰੀ ਮਾਰ ਕਰ ਰਹੀ ਸੀ। ਉਹ ਚਾਹੁੰਦਾ ਸੀ ਕਿ ਉਹਦਾ ਲਾਇਆ ਬੂਟਾ, ਜਿਹੜਾ ਹੁਣ ਖੂਬ ਮੌਲਣ ਲੱਗ ਪਿਆ ਸੀ, ਹੋਰ ਵਧੇ-ਫੁੱਲੇ। ਉਹਦੇ ਇਸ ਸਫ਼ਰ ਦੇ ਕਾਫ਼ਲੇ ਵਿਚ ਬਾਬਾ ਬਲ (ਗੁਰਦਿਆਲ ਸਿੰਘ ਬਲ) ਸਮੇਤ ਸਾਰੇ ਪੁਰਾਣੇ ਦੋਸਤ ਅਤੇ ਨਵੇਂ ਮਿੱਤਰ-ਪਿਆਰੇ ਆਣ ਰਲੇ ਸਨ। ਅਮਰੀਕਾ-ਕੈਨੇਡਾ ਦੇ ਕਿੰਨੇ ਲਿਖਾਰੀ ਤੇ ਪੱਤਰਕਾਰ ਇਸ ਸਫ਼ਰ ਦਾ ਹਿੱਸਾ ਬਣ ਗਏ ਸਨ ਅਤੇ ਪਰਚੇ ਦਾ ਆਕਾਰ ਵੀ ਫੈਲ ਗਿਆ ਸੀ; ਅਡੀਸ਼ਨ ਵੀ ਤਿੰਨ- ਕੈਲੀਫੋਰਨੀਆ, ਨਿਊ ਯਾਰਕ ਤੇ ਸ਼ਿਕਾਗੋ (ਮਿਡ ਵੈਸਟ), ਹੋ ਗਏ ਸਨ। ਉਹਨੇ ‘ਪੰਜਾਬੀ ਟ੍ਰਿਬਿਊਨ’ ਦੇ ਮਿਆਰ ਵਾਲਾ ਰੰਗ ਅਮਰੀਕਾ ਵਿਚ ਵੀ ਕਾਇਮ ਰੱਖਿਆ ਸੀ ਅਤੇ ਉਹਦੀ ਕਣਦਾਰ ਸੰਪਾਦਕੀ ਸੂਝ ਦੀ ਸੁਗੰਧ ਹੌਲੀ-ਹੌਲੀ ਚੁਫ਼ੇਰੇ ਫੈਲ ਰਹੀ ਸੀ। ਵਜ੍ਹਾ ਇਹੀ ਸੀ ਕਿ ਹਰ ਰਚਨਾ ਨੂੰ ਅਮੋਲਕ ਦੀ ਛਾਣਨੀ ਵਿਚੋਂ ਲੰਘਣਾ ਪੈਂਦਾ ਸੀ।
ਪੱਤਰਕਾਰੀ ਦੇ ਇਸ ਸੁਘੜ ਸਫ਼ਰ ਦੌਰਾਨ ਆਪਣੀਆਂ ਸਰੀਰਕ ਦੁਸ਼ਵਾਰੀਆਂ ਨਾਲ ਜੂਝਦਿਆਂ ਅਮੋਲਕ ਦੀ ਨਜ਼ਰ ਨਰਿੰਦਰ ਭੁੱਲਰ ‘ਤੇ ਆਣ ਕੇ ਰੁਕੀ। ਉਹ ਚਾਹੁੰਦਾ ਸੀ ਕਿ ਨਰਿੰਦਰ ‘ਪੰਜਾਬ ਟਾਈਮਜ਼’ ਦਾ ਹੱਥ ਵਟਾਉਣ ਅਮਰੀਕਾ ਆਵੇ। ਇਸ ਸੋਚ ਅੰਦਰ ਪੇਸ਼ੇਵਾਰਾਨਾ ਪਹੁੰਚ ਦੇ ਨਾਲ-ਨਾਲ ਗੂੜ੍ਹੀ ਦੋਸਤੀ ਵਾਲੀ ਤਵੱਕੋ ਵੀ ਸੀ ਪਰ ਨਰਿੰਦਰ ਅਜੇ ਅਮੋਲਕ ਵਾਂਗ ਨਹੀਂ ਸੀ ਸੋਚ ਰਿਹਾ। ਪੱਤਰਕਾਰੀ ਅਤੇ ਪੜ੍ਹਾਈ-ਲਿਖਾਈ ਬਾਬਤ ਉਹਦੇ ਆਪਣੇ ‘ਪ੍ਰੋਜੈਕਟ’ ਸਨ। ਆਖ਼ਿਰਕਾਰ ਅਮੋਲਕ ਦਾ ਪਲੜਾ ਭਾਰੀ ਪੈ ਗਿਆ, ਤੇ ਨਰਿੰਦਰ ਆਪਣੇ ਯਾਰ ਅਮੋਲਕ ਦੇ ਕਹਿਣ ‘ਤੇ ਇਕ ਵਾਰ ‘ਪੰਜਾਬ ਟਾਈਮਜ਼’ ਦਾ ਜਲੌਅ ਦੇਖਣ ਅਤੇ ਫਿਰ ਹੀ ਕੋਈ ਫੈ਼ਸਲਾ ਕਰਨ ਦੀ ਸੋਚ ਕੇ ਸ਼ਿਕਾਗੋ ਵਾਲੇ ਜਹਾਜ਼ ਜਾ ਚੜ੍ਹਿਆ। ਆਪਣੇ ਕਸਬ ਵਿਚ ਅੱਵਲ, ਦੋ ਦੋਸਤ ਫਿਰ ਇਕੱਠੇ ਸਨ ਅਤੇ ‘ਪੰਜਾਬ ਟਾਈਮਜ਼’ ਬਾਰੇ ਬਾਬੇ ਬਲ ਦੇ ਮਸ਼ਵਰੇ ਆਪਣਾ ਰੰਗ ਲਿਆਉਣ ਲੱਗੇ। ਚਹੁੰ ਮਹੀਨਿਆਂ ਬਾਅਦ ਜਦੋਂ ਨਰਿੰਦਰ ਵਾਪਸ ਆਪਣੇ ਨਵੇਂ ਬਣਾਏ ਘਰ ਜ਼ੀਰਕਪੁਰ ਮੁੜਿਆ ਤਾਂ ਉਹ ‘ਪੰਜਾਬ ਟਾਈਮਜ਼’ ਨਾਲ ਜੁੜਨ ਲਈ ਤਕਰੀਬਨ ਤਿਆਰ ਸੀ ਪਰ ਕੁਦਰਤ ਨੂੰ ਪੱਤਰਕਾਰੀ ਦੇ ਪਿੜ ਵਿਚ ਮੌਲ਼ ਰਹੀ ਇਹ ਦੋਸਤੀ ਸ਼ਾਇਦ ਮਨਜ਼ੂਰ ਨਹੀਂ ਸੀ। 12 ਅਗਸਤ (2007) ਨੂੰ ਐਤਵਾਰ ਦਾ ਦਿਨ ਸੀ ਜਦੋਂ ਨਰਿੰਦਰ ਦਿੱਲੀ ਦੇ ਹਵਾਈ ਅੱਡੇ ‘ਤੇ ਉੱਤਰਿਆ, ਤੇ ਬੁੱਧਵਾਰ ਰਾਤ ਦੀ ਖ਼ਬਰ ਸੀ ਕਿ ਨਰਿੰਦਰ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਹਸਪਤਾਲ ਵਿਚ ਬੇਹੋਸ਼ ਪਿਆ ਜ਼ਿੰਦਗੀ ਨਾਲ ਜੂਝ ਰਿਹਾ ਸੀ। ਦਿਨ ਚੜ੍ਹਦੇ ਤੱਕ ਉਹ ਖ਼ਬਰ ਬਣ ਗਿਆ ਸੀ ਅਤੇ ਇਹ ਖ਼ਬਰ ਉਨ੍ਹੀਂ ਪੈਰੀਂ ਅਮਰੀਕਾ ਵੀ ਪੁੱਜ ਗਈ ਸੀ। ਆਪਣੀ ਸਰੀਰਕ ਲੜਾਈ ਨਾਲ ਜੂਝ ਰਿਹਾ ਅਮੋਲਕ ਹੁਣ ਇਕ ਹੋਰ ਲੜਾਈ ਲੜ ਰਿਹਾ ਸੀ। ਉਹਨੂੰ ਲੱਗਿਆ, ਮਾਸਕੂਲਰ ਡਿਸਟਰੌਫੀ ਨਾਲ ਉਹਦੀਆਂ ਬਾਹਾਂ ਸਿਰਫ਼ ਨਿੱਸਲ ਹੋਈਆਂ ਸਨ, ਟੁੱਟੀਆਂ ਤਾਂ ਹੁਣ ਨਰਿੰਦਰ ਦੇ ਤੁਰ ਜਾਣ ਨਾਲ ਹਨ। ਇਹ ਹਜ਼ਾਰਾਂ ਮੀਲ ਲੰਮੀ ਹੂਕ ਸੀ ਜਿਹੜੀ ਜਿਸਮ-ਓ-ਜਾਨ ਅੰਦਰ ਡੂੰਘੀ ਲਹਿ ਗਈ ਸੀ।
000
ਨਰਿੰਦਰ ਦੇ ਤੁਰ ਜਾਣ ਤੋਂ ਇਕ-ਦੋ ਦਿਨ ਬਾਅਦ ਅਮੋਲਕ ਦਾ ਫੋਨ ਆਇਆ, ਉਹ ਇਸ ਹਾਦਸੇ ਨੂੰ ਆਪਣੇ ਢੰਗ ਨਾਲ ਸਮੇਟਣ ਦਾ ਯਤਨ ਕਰ ਰਿਹਾ ਸੀ, ਉਹਦੇ ਬੋਲਾਂ ਅੰਦਰ ਬੇਵਸੀ ਦੇ ਨਾਲ-ਨਾਲ ਉਲਾਂਭਾ ਵੀ ਰਲਿਆ ਹੋਇਆ ਸੀ: “ਇਸੇ ਕੰਮ ਲਈ ਉਹਨੂੰ ਸੱਦੀ ਜਾਂਦੇ ਸੀ। … ਹੈਂ?” ਅਸਲ ਵਿਚ ਕੁਝ ਕਾਰਨਾਂ ਕਰਕੇ ਦਫ਼ਤਰ ਵਾਲੇ ਨਰਿੰਦਰ ਨੂੰ ਵਾਪਸ ਆਉਣ ਲਈ ਜ਼ੋਰ ਪਾ ਰਹੇ ਸਨ! ਅਮੋਲਕ ਦੇ ਉਲਾਂਭੇ ਅੰਦਰ ਲੋਹੜੇ ਦਾ ਦਰਦ ਸੀ। ਇਸ ਤੋਂ ਅੱਗੇ ਨਾ ਮੈਥੋਂ ਕੁਝ ਬੋਲ ਹੋਇਆ, ਤੇ ਨਾ ਹੀ ਅਮੋਲਕ ਦਾ ਬੋਲ ਨਿੱਕਲਿਆ। ਫੋਨ ਦੇ ਦੋਵੇਂ ਪਾਸੀਂ ਸੁਣਦੀਆਂ ਸਿਸਕੀਆਂ ਆਪੋ-ਆਪਣੇ ਥਾਂ ਸ਼ਾਂਤ ਹੋ ਗਈਆਂ ਸਨ। ਅਮੋਲਕ ਦੇ ‘ਪੰਜਾਬ ਟਾਈਮਜ਼’ ਦਾ ਹੱਥ-ਵਟਾਵਾ ਬੜਾ ਨਿਰਮੋਹਿਆ ਨਿੱਕਲਿਆ ਸੀ! ਹੁਣ ਤਾਂ ਉਹਨੂੰ ਉਲਟਾ ਨਰਿੰਦਰ ਦੇ ਪਰਿਵਾਰ ਦਾ ਹੱਥ ਵਟਾਉਣਾ ਪੈ ਗਿਆ ਸੀ। ਉਹ ਦੂਜੇ-ਤੀਜੇ ਫੋਨ ਕਰਕੇ ਖ਼ਬਰਸਾਰ ਪੁੱਛਦਾ; ਬੱਸ, ਉਹ ਆਪਣੇ ਦੋਸਤ ਦੇ ਪਰਿਵਾਰ ਦਾ ਗਮ ਵੰਡਾਉਣ ਉੱਡ ਕੇ ਨਹੀਂ ਸੀ ਆ ਸਕਦਾ!
000
ਫਿਰ ਗਾਹੇ-ਬਗਾਹੇ ਅਮੋਲਕ ਦਾ ਫੋਨ ਆਉਂਦਾ ਪਰ ਹਰ ਵਾਰ ਕਸਬ ਜਾਂ ‘ਪੰਜਾਬ ਟਾਈਮਜ਼’ ਦੀ ਹੀ ਗੱਲ: ਐਂ ਕਰ, ਫਲਾਣੇ ਲੇਖਕ ਦਾ ਬੜਾ ਵਧੀਆ ਲੇਖ ਆਇਐ, ਲੰਮਾ। ਤੇਰੇ ਸ਼ਹਿਰ ‘ਚ ਹੀ ਰਹਿੰਦੈ। ਉਹਦੇ ਘਰੋਂ ਛਾਂਟਵੀਆਂ ਜਿਹੀਆਂ ਫੋਟੋਆਂ ਲੈ ਕੇ ਸਕੈਨ ਕਰਕੇ ਭੇਜ। … ਮੁਹਾਲੀ ਵਾਲੀ ਲੇਖਕਾ ਤੋਂ ਆਹ ਲੈ ਆ, ਤੇਰੇ ਤਾਂ ਨੇੜੇ ਈ ਆ … ਫਲਾਣੇ ਤੋਂ ਅਹੁ ਲਿਆ ਕੇ ਭੇਜ …। ਇਕ ਦਿਨ ਫੋਨ ਵਾਹਵਾ ਲੰਮਾ ਹੋ ਗਿਆ। ਸ਼ਾਇਦ ਸਾਲ 2011 ਦਾ ਮਾਰਚ ਮਹੀਨਾ ਸੀ। ਸਵੇਰੇ ਅਜੇ ਉੱਠਿਆ ਵੀ ਨਹੀਂ ਸੀ, ਰਾਤ ਦੀ ਡਿਊਟੀ ਦਾ ਝੰਬਿਆ, ਅੱਖਾਂ ਅੰਦਰ ਨੀਂਦ ਅਜੇ ਤਾਰੀਆਂ ਲਾ ਰਹੀ ਸੀ: ‘ਓ ਬਈ ਫ਼ੌਜਾਂ ਅਜੇ ਤੱਕ ਸੁੱਤੀਆਂ ਪਈਆਂ। ਸਲਮਾਨ ਤਾਸੀਰ ਦਾ ਕਤਲ ਹੋ ਗਿਆ’। ਸਲਮਾਨ ਤਾਸੀਰ ਲਹਿੰਦੇ ਪੰਜਾਬ ਦਾ ਗਰਵਨਰ ਸੀ ਅਤੇ ਕੱਟੜਪੰਥੀਆਂ ਦੇ ਅਸਰ ਹੇਠ ਆਏ ਉਹਦੇ ਆਪਣੇ ਹੀ ਅੰਗ-ਰੱਖਿਅਕ ਨੇ ਉਹਦੇ ਜਿਸਮ ਅੰਦਰ 27 ਗੋਲੀਆਂ ਉਤਾਰ ਦਿੱਤੀਆਂ ਸਨ। ਉਹਨੇ ਗ਼ਰੀਬਣੀ ਈਸਾਈ ਔਰਤ ਆਸੀਆ ਬੀਬੀ ਨਾਲ ਹੋ ਰਹੀ ਵਧੀਕੀ ਖ਼ਿਲਾਫ਼ ਆਵਾਜ਼ ਉਠਾਈ ਸੀ ਅਤੇ ਉਹਦੀ ਫਾਂਸੀ ਤੁੜਵਾਉਣ ਲਈ ਤਰੱਦਦ ਕਰ ਰਿਹਾ ਸੀ। ਅਮੋਲਕ ਨੇ ਗੱਲਬਾਤ ਦੌਰਾਨ ਪਾਕਿਸਤਾਨ ਦੀ ਸਿਆਸਤ, ਫੌਜ, ਮੁਲਾਣਿਆਂ ਦੀ ਚੜ੍ਹਤ, ਘੱਟ-ਗਿਣਤੀਆਂ ਦੇ ਹਾਲਾਤ ਬਾਰੇ ਕਿੰਨਾ ਕੁਝ ਕਿਹਾ ਤੇ ਸੁਣਿਆ ਵੀ। ਅਖ਼ੀਰ ‘ਚ ਕਹਿੰਦਾ: ਬੱਸ, 800 ਸ਼ਬਦਾਂ ਵਿਚ ਇਹ ਸਾਰਾ ਕੁਝ ਲਿਖ ਕੇ ਭੇਜ ਦੇ’। … ਹੁਣ ਨੀਂਦ ਉਡੰਤਰ ਹੋ ਚੁੱਕੀ ਸੀ ਅਤੇ ਮੈਂ ਨੈੱਟ ‘ਤੇ ਤਾਸੀਰ ਬਾਰੇ ਵੇਰਵੇ ਫਰੋਲ ਰਿਹਾ ਸਾਂ।
ਹਰ ਵਾਰ ਉਹਦਾ ਆਖ਼ਰੀ ਫਿਕਰ ‘ਪੰਜਾਬ ਟਾਈਮਜ਼’ ਦਾ ਮੈਟਰ ਹੁੰਦਾ ਸੀ।
ਤੇ ਉਹਦੇ ਬੋਲ ਸੁਣਦਿਆਂ ਦਿਲ ਦੇ ਦਰਵਾਜ਼ੇ ‘ਤੇ ਇਕਦਮ ‘ਪੰਜਾਬੀ ਟ੍ਰਿਬਿਊਨ’ ਦੇ ਡਿਪਟੀ ਐਡੀਟਰ ਦਲਬੀਰ ਸਿੰਘ ਨੇ ਦਸਤਕ ਦੇ ਦਿੱਤੀ:
ਸਾਲ 2007 ਦਾ ਮਈ ਮਹੀਨਾ ਅਜੇ ਚੜ੍ਹਿਆ ਹੀ ਸੀ। ਮੈਨੂੰ ਉਚੇਚਾ ਆਪਣੇ ਕੈਬਿਨ ‘ਚ ਬੁਲਾਇਆ ਅਤੇ ਮੇਰੇ ਕੁਰਸੀ ਉਤੇ ਬੈਠਦੇ ਸਾਰ ਕਹਿਣ ਲੱਗੇ: “ਸੁਖਦੇਵ ਬਾਰੇ ਕਿੰਨਾ ਕੁ ਪੜ੍ਹਿਐ?”
ਸੁਖਦੇਵ ਤਾਂ ਮੇਰੇ ਪਸੰਦੀਦਾ ਇਨਕਲਾਬ-ਪਸੰਦਾਂ ਵਿਚੋਂ ਸੀ, ਉਹਦੀ ਜਥੇਬੰਦਕ ਸਮਰੱਥਾ ਕਾਇਲ ਕਰਨ ਵਾਲੀ ਸੀ। ਬੱਸ ਗੱਲਾਂ ਸ਼ੁਰੂ ਹੋ ਗਈਆਂ। ਪਤਾ ਹੀ ਨਾ ਲੱਗਿਆ, ਅੱਧਾ ਘੰਟਾ ਲੰਘ ਵੀ ਗਿਆ ਹੈ, ਤੇ ਫਿਰ ਡੈਸਕ ਤੋਂ ਫੋਨ ਵੀ ਆ ਗਿਆ: ‘ਭਾਈ ਬੰਦਾ ਭੇਜੋ ਸਾਡਾ, ਅਸੀਂ ਅਖ਼ਬਾਰ ਵੀ ਕੱਢਣੀ ਐ ਅੱਜ’।
ਦਲਬੀਰ ਸਿੰਘ ਦੇ ਸ਼ਬਦ ਵੀ ਅਮੋਲਕ ਦੇ ਮਗਰਲੇ ਸ਼ਬਦਾਂ ਵਰਗੇ ਹੀ ਸਨ: ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਨਾ ਸੁਖਦੇਵ ਬਾਰੇ, ਬੱਸ ਚਹੁੰ ਦਿਨਾਂ ਵਿਚ ਲਿਖ ਕੇ ਦੇ ਦੇ।
ਉਹ ਵਰ੍ਹਾ ਸੁਖਦੇਵ ਦਾ ਜਨਮ ਸ਼ਤਾਬਦੀ ਵਰ੍ਹਾ ਸੀ (ਤੇ ਭਗਤ ਸਿੰਘ ਦਾ ਵੀ)। ਦਲਬੀਰ ਸਿੰਘ ਦਾ ਆਖਣਾ ਸੀ, ਭਗਤ ਸਿੰਘ ਬਾਰੇ ਤਾਂ ਬਥੇਰਿਆਂ ਨੇ ਲਿਖ ਕੇ ਭੇਜ ਦੇਣਾ, ਆਪਾਂ ਸੁਖਦੇਵ ਬਾਰੇ ਵੀ ਛਾਪਾਂਗੇ। … ਤੇ ਸੁਖਦੇਵ ਦੇ ਜਨਮ ਦਿਨ (15 ਮਈ) ਮੌਕੇ ਮੇਰਾ ਲੇਖ ‘ਚਮੇਲੀ ਦਾ ਫੁੱਲ: ਸੁਖਦੇਵ’ ਮੈਗਜ਼ੀਨ ਦਾ ਮੁੱਖ ਲੇਖ ਬਣ ਗਿਆ ਸੀ।
… ਤੇ ਸਲਮਾਨ ਤਾਸੀਰ ਵਾਲੀ ਲਿਖਤ ਅਮੋਲਕ ਦੀਆਂ ਸੂਖ਼ਮ ਛੋਹਾਂ, ਕੁਝ ਕੁ ਵਾਕਾਂ ਦੇ ਵਾਧੇ ਅਤੇ ਕੁਝ ਕੁ ਵਾਕਾਂ ਤੇ ਸ਼ਬਦਾਂ ਦੇ ਅੱਗੇ-ਪਿੱਛੇ ਹੋਣ ਤੋਂ ਬਾਅਦ ‘ਪੰਜਾਬ ਟਾਈਮਜ਼’ ਦੀ ਸੰਪਾਦਕੀ ਬਣ ਗਈ ਸੀ।
ਅਮੋਲਕ ਨੂੰ ਖ਼ਬਰ ਸੀ ਕਿ ਕਿਹੜਾ ਕੰਮ ਕਿਸ ਤੋਂ ਕਰਵਾਉਣਾ ਹੈ! ਇਹੀ ਪਹੁੰਚ ਉਹਦੀ ਪੱਤਰਕਾਰੀ ਦੀ ਤਾਕਤ ਸੀ। ਉਹਨੇ ਅਮਰੀਕਾ, ਕੈਨੇਡਾ, ਹਿੰਦੋਸਤਾਨ ਤੇ ਹੋਰ ਥਾਈਂ ਵੱਸਦੇ ਅਣਗਿਣਤ ਲਿਖਾਰੀਆਂ ਅਤੇ ਪੰਜਾਬੀ ਪਿਆਰਿਆਂ ਨੂੰ ਇਉਂ ਆਪਣੇ ਨਾਲ ਜੋੜਿਆ ਹੋਇਆ ਸੀ। ਇਉਂ ਉਹ ਹਰ ਹਫ਼ਤੇ ‘ਪੰਜਾਬ ਟਾੲਮੀਜ਼’ ਦੀ ਛਾਟਵੀਂ, ਵੱਖਰੀ ਪੜ੍ਹਨ-ਸਮੱਗਰੀ ਨਾਲ ਆਪਣੀ ਬਿਮਾਰੀ ਨੂੰ ਵੰਗਾਰਦਾ। ਇਸੇ ਕਰਕੇ ਉਹਦੇ ਪਰਚੇ ਬਾਰੇ ਅਕਸਰ ਇਹ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਕਿ ਪਰਚਾ ਕਈ ਮਾਮਲਿਆਂ ਵਿਚ ਪੰਜਾਬ ਦੀਆਂ ਸਰਕਰਦਾ, ਮੁੱਖ ਧਾਰਾ ਵਾਲੀਆਂ ਅਖ਼ਬਾਰਾਂ ਤੋਂ ਵੀ ਦੋ ਰੱਤੀਆਂ ਉਤਾਂਹ ਜਾਂਦਾ ਹੈ।
ਇਹੀ ਉਹ ਕਮਾਈ ਸੀ ਜਿਹਦੇ ਕਰਕੇ ਅਮੋਲਕ ਪੰਜਾਬੀ ਪੱਤਰਕਾਰੀ ਦਾ ਅਮੋਲਕ ਹੀਰਾ ਸੀ।
ਇਸੇ ਕਰਕੇ ਪ੍ਰੋਫੈਸਰ ਜੋਗਿੰਦਰ ਸਿੰਘ ਰਮਦੇਵ ਵਰਗਾ ਬੰਦਾ ਜਿਸ ਨੇ ਭਲੇ ਵੇਲਿਆਂ ਵਿਚ ਫਰਾਂਸੀਸੀ ਲਿਖਾਰੀ ਗੁਸਤਾਵ ਫਲਾਵੇਅਰ ਦੇ ਨਾਵਲ ‘ਮਦਾਮ ਬੋਵਾਰੀ’ ਦਾ ਤਰਜਮਾ ਕੀਤਾ ਸੀ ਤੇ ਲਾਇਬ੍ਰੇਰੀ ਸਾਇੰਸ ਦੇ ਖੇਤਰ ਦੀ ਇਕ ਹਸਤੀ ਸੀ, ਅਮੋਲਕ ਨੂੰ ਆਪਣਾ ਰੋਲ ਮਾਡਲ ਮੰਨਦਾ ਸੀ। ਅਤਿਅੰਤ ਔਕੜਾਂ ਦੇ ਬਾਵਜੂਦ ਉਹ ਮੈਦਾਨ ਵਿਚ ਡਟਿਆ ਖੜ੍ਹਾ ਸੀ। ਅਮੋਲਕ ਦੇ ਜਨਮ ਦਿਨ ਉਤੇ ਉਹ ਹਰ ਸਾਲ ਆਪਣੇ ਮਿੱਤਰ-ਪਿਆਰਿਆਂ ਨੂੰ ਨਾਲ ਲੈ ਕੇ ਅਮੋਲਕ ਦੇ ਘਰੇ ਆਣ ਵੜਦਾ। ਖੂਬ ਮਹਿਫਲ ਮਘਦੀ। ਵਿਚਾਰਾਂ ਹੁੰਦੀਆਂ। ਮੰਜੇ ਉਤੇ ਪਏ ਅਮੋਲਕ ਲਈ ਇਸ ਤੋਂ ਵੱਡੀ ਸ਼ਾਬਾਸ਼ ਹੋਰ ਕੀ ਹੋ ਸਕਦੀ ਸੀ!
000
ਅਮੋਲਕ ਨੂੰ ਮਿਲਣ ਵਾਲੇ ਲੋਕ ਉਹਦੇ ਹਠ ਬਾਰੇ ਵਾਰ-ਵਾਰ ਬਾਤਾਂ ਪਾਉਂਦੇ ਹਨ। ਇਹ ਹਠ ਸਹਿਜ ਦੇ ਸੇਕ ਨਾਲ ਬਣਿਆ ਸੀ ਜਿਸ ਦੀ ਉਮਦਾ ਮਿਸਾਲ ਉਹਦਾ ਲੇਖ ‘ਕਮਲਿਆਂ ਦਾ ਟੱਬਰ’ ਹੈ। ਸੱਚਮੁੱਚ ਦੰਗ ਕਰਨ ਵਾਲੀ ਲਿਖਤ ਹੈ। ਪੰਜਾਬੀ ਦਾ ਮਿਸਾਲੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਜਿਵੇਂ ਕਹਾਣੀ ਦੇ ਅੰਤ ‘ਤੇ ਕੁਝ ਕੁ ਸਤਰਾਂ ਜਾਂ ਆਖਰੀ ਪੈਰੇ ਵਿਚ ਸੂਖਮ ਛੋਹਾਂ ਨਾਲ ਕਹਾਣੀ ਦੇ ਅਸਰ ਨੂੰ ਦੂਣ-ਸਵਾਇਆ ਕਰਦਾ ਹੈ, ਇਹ ਲੇਖ ਇਸੇ ਰੰਗ ਵਾਲਾ ਹੈ। ਇਹ ਲੇਖ ਇਕ ਵਾਰ ਪੜ੍ਹ ਕੇ ਫਿਰ ਭੁੱਲਣਾ ਨਾ-ਮੁਮਕਿਨ ਹੈ। ਲੇਖ ਮੁੱਕਦਾ ਹੈ ਤਾਂ ਅੰਦਰੋਂ ਕਿਤੋਂ ਚੀਸ ਉੱਠਦੀ ਹੈ।
ਅਮੋਲਕ ਦੇ ਸਦਾ ਲਈ ਤੁਰ ਜਾਣ ਮੌਕੇ ਵੀ ਚੀਸ ਉੱਠੀ ਸੀ ਪਰ ਸਭ ਦੀ ਤਸੱਲੀ ਸੀ ਕਿ ਉਹ ਔਖੇ ਦਿਨਾਂ ਦੌਰਾਨ ਵੀ ਜੂਝਦਾ ਰਿਹਾ ਅਤੇ ਅਖ਼ੀਰ ਤੱਕ ਆਪਣੇ ਲਾਏ ਬੂਟੇ (ਪੰਜਾਬ ਟਾਈਮਜ਼) ਨੂੰ ਸਿੰਜਦਾ ਰਿਹਾ। ਇਸ ਤੋਂ ਵੀ ਵੱਡੀ ਤਸੱਲੀ ਇਹ ਹੈ ਕਿ ਉਹਦੀ ਸਾਥਣ ਜਸਪ੍ਰੀਤ ਕੌਰ ਨੇ ਪਰਚੇ ਦੀ ਕਮਾਨ ਹੁਣ ਬਾਖੂਬੀ ਸੰਭਾਲ ਲਈ ਹੈ। ਅਮੋਲਕ ਜਿਵੇਂ ‘ਪੰਜਾਬ ਟਾਈਮਜ਼’ ਲਈ ਮੈਟਰ ਤਿਆਰ ਕਰਦਿਆਂ ਜੂਝਦਾ ਸੀ, ਜਸਪ੍ਰੀਤ ਕੌਰ ਓਨੀ ਹੀ ਸ਼ਿੱਦਤ ਨਾਲ ‘ਪੰਜਾਬ ਟਾਈਮਜ਼’ ਦੇ ਪ੍ਰਬੰਧਾਂ ਲਈ ਜੂਝਦੀ ਸੀ। ਉਂਜ ਵੀ, ‘ਪੰਜਾਬ ਟਾਈਮਜ਼’ ਦੇ ਮੌਲਣ-ਫੈਲਣ ਲਈ ਅਮੋਲਕ ਸਿੰਘ ਨੇ ਬਥੇਰੀ ਜ਼ਮੀਨ ਤਿਆਰ ਕੀਤੀ ਹੋਈ ਹੈ।