ਯਾਦਾਂ ਨਾਲ ਜੁੜੀਆਂ ਯਾਦਾਂ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਜਿ਼ੰਦਗੀ ਯਾਦਾਂ ਦੀ ਪਟਾਰੀ ਹੈ। ਇਹ ਪਟਾਰੀ ਤਰ੍ਹਾਂ ਤਰ੍ਹਾਂ ਦੀਆਂ ਯਾਦਾਂ ਨਾਲ ਭਰੀ ਪਈ ਹੈ। ਇਸ ਪਟਾਰੀ ਦਾ ਆਕਾਰ ਇੰਨਾ ਵੱਡਾ ਤੇ ਲਚਕਦਾਰ ਹੈ ਕਿ ਇਹ ਸਭ ਕੁਝ ਆਪਣੇ ‘ਚ ਸਮੋਈ ਹੀ ਤੁਰੀ ਜਾਂਦੀ ਹੈ। ਅਸੀਂ ਛੇ ਭੈਣ-ਭਰਾ ਸਾਂ, ਹੁਣ ਅੱਧ ਰਹਿ ਗਿਆ ਹੈ। ਸਭ ਤੋਂ ਛੋਟਾ ਮੈਂ ਹਾਂ। ਮੇਰੀ ਮਾਂ ਮੈਨੂੰ ਪੇਟ ਘਰੋੜੀ ਦਾ ਪੁੱਤ ਕਹਿੰਦੀ ਹੁੰਦੀ ਸੀ। ਜਿਵੇਂ ਹਰ ਇੱਕ ਨੂੰ ਆਪਣੀਆਂ ਮਾਂਵਾਂ ਪਿਆਰੀਆਂ ਹੁੰਦੀਆਂ, ਉਹ ਮੈਨੂੰ ਵੀ ਇਵੇਂ ਹੀ ਸੀ। ਸਾਰੇ ਭੈਣਾਂ-ਭਰਾਵਾਂ ਤੋਂ ਵੱਧ ਮੈਨੂੰ ਆਪਣੀ ਮਾਂ ਦੀ ਠੰਡੀ-ਮਿੱਠੀ ਛਾਂ ਮਾਣਨ ਦਾ ਮੌਕਾ ਮਿਲਿਆ। ਸਤਾਈ ਸਾਲ ਜਨਮ ਤੋਂ ਲੈ ਕੇ ਪੰਜਾਬ ‘ਚ ਮੈਂ ਉਸ ਕੋਲ ਰਿਹਾ ਤੇ ਬਾਰਾਂ ਸਾਲ ਕੈਨੇਡਾ ਉਹ ਮੇਰੇ ਕੋਲ ਰਹੇ ਤੇ ਆਖਰੀ ਸਾਹ ਵੀ ਮੇਰੇ ਕੋਲ ਹੀ ਲਏ। ਆਏ-ਗਏ ਕੋਲ ਮੇਰੀ ਮਾਂ ਮੇਰੀਆਂ ਸਿਫਤਾਂ ਦੇ ਪੁਲ ਬੰਨ ਦਿਆ ਕਰਦੀ ਸੀ, ਵਾਰ ਵਾਰ ਉਹੀ ਗੱਲਾਂ ਸੁਣ ਸੁਣ ਮੈਨੂੰ ਹੋਰ ਤਰ੍ਹਾਂ ਲੱਗਣ ਲਗਦਾ। ਉਹ ਜਿਸ ਨੂੰ ਵੀ ਮਿਲਦੇ, ਆਪਣਾ ਹੀ ਸਮਝ ਦੂਸਰੇ ਨੂੰ ਵੀ ਇਉਂ ਲੱਗਣ ਲਾ ਦਿੰਦੇ ਕਿ ਇਹ ਤਾਂ ਉਨ੍ਹਾਂ ਦੀ ਵੀ ਮਾਂ ਹੀ ਹੈ।

ਆਲੇ-ਦੁਆਲੇ ਭਾਈਚਾਰੇ ‘ਚ ਉਨ੍ਹਾਂ ਦਾ ਬੜਾ ਪਿਆਰ ਸਤਿਕਾਰ ਤੇ ਖਾਸ ਥਾਂ ਸੀ। ਕਦੇ ਵੀ ਕਿਸੇ ਆਏ-ਗਏ ਕੋਲ ਮੇਰੀ ਸਿਫਤ ਤੇ ਵਡੱਤਣ ਕਰਨੋਂ ਖੁੰਝਦੇ ਨਾ, ਤਾਂ ਮੈਨੂੰ ਉਹ ਸਿਫਤ ਮੁਫਤ ‘ਚ ਮਿਲਦੀ ਹੋਣ ਕਰਕੇ, ਉਸ ਦੇ ਅਸਲੀ ਮੁੱਲ ਤੋਂ ਮੈਂ ਅਣਜਾਣ ਹੁੰਦਾ ਤੇ ਕਈ ਵਾਰੀ ਕਹਿ ਦਿੰਦਾ, ‘ਬੀਜੀ ਤੁਸੀਂ ਹਰ ਇੱਕ ਕੋਲ ਮੇਰੀ ਬਹੁਤੀ ਵਡਿਆਈ ਨਾ ਕਰੀ ਜਾਇਆ ਕਰੋ।’ ਤਾਂ ਅੱਗੋਂ ਕਹਿਣਾ, ‘ਪੁੱਤ ਇਹ ਮੇਰੇ ਬਿਨਾ ਕਿਸੇ ਨੇ ਕਰਨੀ ਨਹੀਂ।’ ਮੈਂ ਅੱਗੋਂ ਕਹਿਣਾ, ‘ਬੀਜੀ ਮੈਨੂੰ ਇਹ ਵੀ ਪਤਾ, ਪਰ ਬਹੁਤੀ ਵਾਰੀ ਇਹ ਵਾਰ ਵਾਰ ਸੁਣੀ ਜਾਣਾ ਮੈਨੂੰ ਚੰਗਾ ਨਹੀਂ ਲਗਦਾ।’ ਅੱਗੋਂ ਉਨ੍ਹਾਂ ਚੁੱਪ ਕਰ ਜਾਣਾ। ਇਸ ਜਹਾਨ ਨੂੰ ਛੱਡਿਆਂ ਉਨ੍ਹਾਂ ਨੂੰ ਤੇਈ ਸਾਲ ਹੋ ਗਏ ਹਨ। ਅੱਜ ਮੇਰੇ ਕੰਨੀਂ, ਉਨ੍ਹਾਂ ਦੇ ਜਾਣ ਦੇ ਬਾਅਦ ਸਿਫਤ ਸੁਣਨੀ ਤਾਂ ਇੱਕ ਪਾਸੇ, ਕੋਈ ਬੰਦਾ ਸਾਧਾਰਨ ਉਤਸ਼ਾਹਿਤ ਕਰਨ ਵਾਲੀ ਗੱਲ ਕਰਨ ਵਾਲਾ ਵੀ ਨਹੀਂ ਦਿਸਦਾ, ਤਾਂ ਮਾਂ ਦੀਆਂ ਪੁਰਾਣੀਆਂ ਕੀਤੀਆਂ ਸਿਫਤਾਂ ਤੇ ਸਹੀ ਨਿਰਣੇ ਦੀਆਂ ਕੀਤੀਆਂ ਗੱਲਾਂ ਦੀਆਂ ਯਾਦਾਂ ਦੀ ਪਟਾਰੀ ਖੋਲ੍ਹ, ਉਨ੍ਹਾਂ ਨੂੰ ਯਾਦ ਕਰ ਕੁਝ ਮਨ ਨੂੰ ਧਰਵਾਸ ਦੇ, ਹੌਲਾ ਕਰਨ ਦਾ ਯਤਨ ਕਰਦਾਂ।
ਕਈ ਸਾਲਾਂ ਦੀ ਗੱਲ ਹੈ, ਅਖਬਾਰ ‘ਚ ਇੱਕ ਲੇਖ ਪੜ੍ਹਿਆ; ਚੰਗਾ ਲੱਗਾ, ਲੱਗਿਆ ਕਿ ਇਹ ਲੇਖਕ ਮੇਰੇ ਮਨ ਦੀ ਗੱਲ ਕਹਿ ਗਿਆ। ਲੇਖ ਦੇ ਥੱਲੇ ਲਿਖਿਆ ਉਸ ਦਾ ਫੋਨ ਨੰਬਰ ਦੇਖ ਉਸ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਮੈਂ ਤੁਹਾਡਾ ਲੇਖ ਪੜ੍ਹਿਆ ਤਾਂ ਅੱਗੋਂ ਪੈਂਦੀ ਸੱਟੇ ਹੀ ਉਹ ਕਹਿੰਦਾ, ‘ਕਿਵੇਂ ਲੱਗਿਆ?’ ਮੈਂ ਕਿਹਾ, ਉਸੇ ਬਾਰੇ ਗੱਲ ਕਰਨੀ ਹੈ, ਤਾਂ ਮੂਹਰਿਓਂ ਝੱਟ ਪਟ ਬੋਲਿਆ, ‘ਕਿਤੇ ਮੇਰੀ ਛਿੱਲ ਤਾਂ ਨਹੀਂ ਲਾਹੁਣੀ ਸ਼ੁਰੂ ਕਰ ਦਿਓਗੇ।’ ਮੈਂ ਹੱਸਿਆ ਤੇ ਨਾਲੇ ਕਿਹਾ, ‘ਨਹੀਂ ਨਹੀਂ, ਲੇਖ ਮੈਨੂੰ ਚੰਗਾ ਲੱਗਿਆ।’ ਕੀ ਕੀ ਚੰਗਾ ਸੀ ਤੇ ਕੀ ਨਹੀਂ, ਉਸ ਬਾਰੇ ਗੱਲਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਿ ਪੰਜਾਹ ਮਿੰਟ ਲੰਘ ਗਏ। ਮੈਨੂੰ ਲੱਗਿਆ ਕਿ ਜਿਵੇਂ ਉਹ ਲੇਖਕ ਮੇਰੀਆਂ ਗੱਲਾਂ ਸੁਣਨ ਲਈ ਹੀ ਤਿਆਰ ਬੈਠਾ ਹੋਵੇ, ਜਿਸ ਨੂੰ ਪੰਜਾਹ ਮਿੰਟ ਕੋਈ ਅਕੇਵਾਂ ਨਹੀਂ ਆਇਆ ਤੇ ਨਾ ਹੀ ਮੈਂ ਕੋਈ ਓਪਰਾਪਨ ਮਹਿਸੂਸ ਕੀਤਾ। ਜਦੋਂ ਫੋਨ ਦੀ ਗੱਲਬਾਤ ਦਾ ਅੰਤ ਕਰਨ ਲੱਗੇ ਤਾਂ ਕਹਿੰਦਾ, ‘ਲਗਦੈ ਤੁਸੀਂ ਜਰੂਰ ਕੁਝ ਲਿਖਦੇ ਹੋਵੋਗੇ!’ ਮੈਂ ਉਸ ਨੂੰ ਚੰਗੀ ਤਰ੍ਹਾਂ ਨਾ ਨਾਂਹ ਅਤੇ ਨਾ ਹੀ ਹਾਂ ਕਿਹਾ, ਇੰਨਾ ਕਹਿ ਕੇ ਗੱਲ ਮੁਕਾ ਦਿੱਤੀ ਕਿ ਜਦੋਂ ਕੁਝ ਲਿਖਿਆ ਤਾਂ ਜਰੂਰ ਭੇਜਾਂਗਾ। ਉਸ ਲਿਖਤ ਭੇਜਣ ਲਈ ਈਮੇਲ ਦੇ ਦਿੱਤਾ ਤੇ ਦੱਸ ਦਿੱਤਾ ਕਿ ਉਹ ਫਲਾਣੇ ਅਖਬਾਰ ਦਾ ਸਹਾਇਕ ਸੰਪਾਦਕ ਹੈ। ਉਸ ਦਾ ਲੇਖ ਪੜ੍ਹਿਆ ਹੋਣ ਕਰਕੇ ਮੈਨੂੰ ਕੋਈ ਸ਼ੰਕਾ ਜਾਂ ਹੈਰਾਨੀ ਨਾ ਹੋਈ ਕਿ ਉਹ ਸਹਾਇਕ ਸੰਪਾਦਕ ਨਹੀਂ ਹੋਏਗਾ!
ਉਨ੍ਹਾਂ ਦਿਨਾਂ ‘ਚ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਲਗਾਤਾਰ ਵਧਦੇ ਤਣਾਓ ਨੂੰ ਦੇਖਦਿਆਂ ਮੈਂ ਇੱਕ ਲੇਖ ਲਿਖਿਆ ‘ਹਿੰਦ ਖਿੱਤੇ ‘ਚ ਜੰਗ ਦੇ ਬੱਦਲ’, ਉਸ ਨੂੰ ਭੇਜਿਆ ਤੇ ਉਸ ਦੇ ਅਖਬਾਰ ‘ਚ ਛਪ ਗਿਆ। ਛਪਿਆ ਵੀ ਸੰਪਾਦਕੀ ਪੰਨੇ ਦੇ ਨਾਲ ‘ਮੁੱਖ ਲੇਖ’ ਵਾਲੇ ਸਫੇ `ਤੇ। ‘ਪੰਜਾਬ ਟਾਈਮਜ਼’ ਬਾਰੇ ਮੇਰਾ ਇੱਕ ਅਮਰੀਕਾ ਰਹਿੰਦਾ ਦੋਸਤ ਆਮ ਜਿ਼ਕਰ ਕਰਿਆ ਕਰਦਾ ਸੀ ਕਿ ਸਿ਼ਕਾਗੋ ਤੋਂ ਇੱਕ ਪੰਜਾਬੀ ਹਫਤਾਵਾਰੀ ਪਰਚਾ ਨਿਕਲਦਾ ਹੈ, ਉਸ ‘ਚ ਬਹੁਤ ਵਧੀਆ ਪੜ੍ਹਨ ਯੋਗ ਸਮੱਗਰੀ ਹੁੰਦੀ ਹੈ ਤੇ ਸਾਰੇ ਅਮਰੀਕਾ ‘ਚ ਬੜਾ ਮਕਬੂਲ ਹੈ: ਸੋ ਉਸ ਦੇ ਪਹਿਲੇ ਕੀਤੇ ਜਿ਼ਕਰ ਕਰਕੇ ਮੈਂ ‘ਪੰਜਾਬ ਟਾਈਮਜ਼’ ਦੀ ਈਮੇਲ ਲੱਭ ਉਸ ਨੂੰ ਵੀ ਉਹ ਲੇਖ ਭੇਜ ਦਿੱਤਾ, ਪਰ ਮੈਨੂੰ ਕੋਈ ਬਹੁਤੀ ਉਤਸੁਕਤਾ ਜਾਂ ਆਸ ਨਹੀਂ ਸੀ ਕਿ ਉੱਥੇ ਇਹ ਲੇਖ ਛਪੇਗਾ।
ਲੇਖ ਭੇਜਣ ਤੋਂ ਦੋ ਕੁ ਹਫਤਿਆਂ ਬਾਅਦ ਮੇਰੇ ਉਸੇ ਦੋਸਤ ਦਾ ਫੋਨ ਆਇਆ ਕਿ ਉਸ ਮੇਰਾ ਲੇਖ ‘ਪੰਜਾਬ ਟਾਈਮਜ਼’ ਵਿਚ ਪੜ੍ਹਿਆ ਹੈ ਤੇ ਅੱਗੇ ਦੱਸਿਆ ਕਿ ਉਸ ਨੂੰ ਚੰਗਾ ਲੱਗਿਆ। ਉਸ ਮੈਨੂੰ ਹੋਰ ਲਿਖਦੇ ਰਹਿਣ ਲਈ ਵੀ ਉਤਸ਼ਾਹਿਤ/ਪ੍ਰੇਰਿਤ ਕੀਤਾ। ਇੱਥੇ ਮੈਂ ਇਹ ਦੱਸ ਦਿਆਂ ਕਿ ਅੱਜ ਤੋਂ ਕੋਈ ਪੰਤਾਲੀ ਕੁ ਸਾਲ ਪਹਿਲਾਂ ਵੈਨਕੂਵਰ ਦੇ ਕੁਝ ਲਿਖਾਰੀਆਂ ਨੇ ਮਿਲ ਕੇ ਇੱਕ ਸਾਹਿਤ ਸਭਾ ਬਣਾਈ ਸੀ, ਜਿਸ ਦਾ ਨਾਂ ‘ਪੰਜਾਬੀ ਲਿਟਰੇਰੀ ਐਸੋਸ਼ੀਏਸ਼ਨ ਵੈਨਕੂਵਰ ਬੀ. ਸੀ., ਕੈਨੇਡਾ’ ਸੀ। ਅੱਸੀਵਿਆਂ ਦੇ ਸੁ਼ਰੂ ਵਿਚ ਇਕ ਟਰਮ ਮੈਂ ਉਸ ਲਿਖਾਰੀ ਸਭਾ ਦਾ ਜਨਰਲ ਸੈਕਟਰੀ ਸਾਂ ਤੇ ਉਹ ਦੋਸਤ ਸਭਾ ਦਾ ਪ੍ਰਧਾਨ ਸੀ। ਸਾਡੇ ਵਿਚਾਰਾਂ/ਖਿਆਲਾਂ ਦਾ ਸੁਮੇਲ ਹੋਣ ਕਰਕੇ ਉਸ ਨਾਲ ਮੇਰੀ ਨੇੜਤਾ ਜਿਉਂ ਦੀ ਤਿਉਂ ਨਿਭ ਰਹੀ ਹੈ; ਭਾਵੇ ਉਹ ਹੁਣ ਅਮਰੀਕਾ ‘ਚ ਰਹਿੰਦਾ ਹੈ, ਪਰ ਸਾਡਾ ਸੰਪਰਕ ਲਗਾਤਾਰ ਬਣਿਆ ਹੋਇਆ ਹੈ। ਮੇਰੇ ਆਪਣੇ ਬਣੇ ਲਿਖਣ ਦੇ ਵੇਗ ਅਤੇ ਉਸ ਦੇ ਦਿੱਤੇ ਉਤਸ਼ਾਹ ਦੇ ਮੱਦੇਨਜ਼ਰ ਮੈਂ ਇੱਕ-ਲਖਤ ਹੀ ਦੋ ਲੇਖ ਝਰੀਟ ਮਾਰੇ ਤੇ ‘ਪੰਜਾਬ ਟਾਈਮਜ਼’ ਨੂੰ ਈਮੇਲ ਕਰ ਦਿੱਤੇ। ਮੈਂ ਹਾਲੇ ਇਸ ਉਤਸ਼ਾਹ ਦੇ ਲੋਰ ‘ਚ ਹੀ ਸਾਂ ਕਿ ਇਹ ਲਿਖਤਾਂ ਛਪਣਗੀਆਂ ਤਾਂ ਅਗਲੇ ਦਿਨ ਹੀ ਅਮੋਲਕ ਸਿੰਘ ਦਾ ਈਮੇਲ ਕੀਤਾ ਸੁਨੇਹਾ ਆ ਗਿਆ, ‘ਸਹੋਤਾ ਸਾਹਿਬ, ਅਸੀਂ ਇਹ ਲੇਖ ਛਾਪ ਨਹੀਂ ਸਕਾਂਗੇ।’ ਇਹ ਸੁਨੇਹਾ ਪੜ੍ਹ ਡਾਢੀ ਹੈਰਾਨੀ ਤੇ ਅਚੰਭਾ ਹੋਇਆ, ਤੇ ਇੰਜ ਮੇਰਾ ਆਪਣਾ ਬਣਿਆ ਵੇਗ ਤੇ ਉਸ ਦੋਸਤ ਦਾ ਦਿੱਤਾ ਉਤਸ਼ਾਹ ਇੱਕ ਵਾਰੀ ਤਾਂ ਖਿੱਲਰ-ਪੁਲਰ ਗਿਆ ਲੱਗਿਆ।
ਚਾਰ ਮਹੀਨਿਆਂ ਬਾਅਦ ਅਮੋਲਕ ਸਿੰਘ ਦਾ ਇੱਕ ਹੋਰ ਈਮੇਲ ਸੁਨੇਹਾ ਆਉਂਦਾ ਹੈ ਕਿ ਉਹ ਸਤਾਰਵੀਂ ‘ਪੰਜਾਬ ਟਾਈਮਜ਼ ਨਾਈਟ’ ਮਨਾ ਰਹੇ ਹਨ ਤੇ ਮੈਂ ਵੀ ਪਹੁੰਚਾਂ। ਇਸ ਸਮੇਂ ਡੌਨਲਡ ਟਰੰਪ ਅਮਰੀਕਾ ਦੀ ਪ੍ਰਧਾਨਗੀ ਦੀ ਚੋਣ ਜਿੱਤ ਚੁਕਾ ਸੀ ਤੇ ਅਮਰੀਕਾ ਵਿਚ ਮਾਹੌਲ ਬਹੁਤ ਜ਼ਹਿਰੀਲਾ ਹੋ ਰਿਹਾ ਸੀ; ਉਸ ਦੇ ਜਿੱਤ ਜਾਣ ਮਗਰੋਂ ਮੈਂ ਰੋਸ ਵਜੋਂ ਹੀ ਆਪਣੇ ਮਨ ਨਾਲ ਅਹਿਦ ਕਰ ਲਿਆ ਸੀ ਕਿ ਜਿੰਨਾ ਚਿਰ ਉਹ ਪ੍ਰਧਾਨਗੀ ਤੇ ਰਹੇਗਾ ਉਤਨਾ ਚਿਰ ਮੈਂ ਅਮਰੀਕਾ ਪੈਰ ਨਹੀਂ ਪਾਉਣਾ: ਜਦ ਕਿ ਹੁਣ ਤੱਕ ਆਮ ਰੁਝਾਨ ਰਿਹਾ ਸੀ ਕਿ ਕੈਨੇਡਾ ‘ਚ, ਅਮਰੀਕਾ ਦੇ ਬਾਰਡਰ ਦੇ ਨਜ਼ਦੀਕ ਰਹਿਣ ਕਰਕੇ ਖਰੀਦੋ-ਫਰੋਖਤ ਕਰਨ ਅਤੇ ਹੋਰ ਸਾਕ ਸਬੰਧੀਆਂ ਨੂੰ ਮਿਲਣ ਖਾਤਰ ਮਹੀਨੇ ‘ਚ ਦੋ ਵਾਰੀ ਵੀ ਅਮਰੀਕਾ ਜਾ ਆਈਦਾ ਸੀ।
ਮੈਂ ਮੋੜਵੀਂ ਈਮੇਲ ‘ਚ ਲਿਖਿਆ ਕਿ ਅਮੋਲਕ ਸਿੰਘ ਜੀ ਇਹ ਮੇਰੇ ਮਨ ਦਾ ਅਹਿਦ ਹੈ ਕਿ ਜਿੰਨਾ ਚਿਰ ਡੌਨਲਡ ਟਰੰਪ ਅਮਰੀਕਾ ਦਾ ਪ੍ਰਧਾਨ ਰਹੇਗਾ, ਉਨਾ ਚਿਰ ਮੈਂ ਅਮਰੀਕਾ ਨਹੀਂ ਵੜਨਾ; ਹਾਂ ਇੱਕ ਗੱਲ ਜਰੂਰ ਹੈ ਕਿ ਉਸ ਦੀ ਅਗਲੇ ਚਾਰ ਸਾਲ ਦੀ ਟਰਮ ‘ਚ ਮੈਂ ਆਪ ਨੂੰ ਇੱਕ ਅੱਧ ਲੇਖ ਕਿਸੇ ਵਿਸ਼ੇ `ਤੇ ਜਰੂਰ ਪਹੁੰਚਦਾ ਕਰੂੰਗਾ, ਇਹ ਮੇਰਾ ਵਾਅਦਾ ਰਿਹਾ। ਮੈਨੂੰ ਖਿਮਾ ਕਰਨਾ ਕਿ ਮੈਂ ਸਤਾਰਵੀਂ ‘ਪੰਜਾਬ ਟਾਈਮਜ਼ ਨਾਈਟ’ ‘ਚ ਸਿ਼ਰਕਤ ਨਹੀਂ ਕਰ ਸਕਦਾ, ਸੱਦਾ ਪੱਤਰ ਅਤੇ ਯਾਦ ਕਰਨ ਲਈ ਆਪ ਦਾ ਬਹੁਤ ਧੰਨਵਾਦ।
ਛੇਤੀਂ ਹੀ ਮੈਂ ਇੱਕ ਲੇਖ ਲਿਖ ਭੇਜਿਆ, ਉਹ ਛਪ ਗਿਆ ਤਾਂ ਦੋ ਤਿੰਨ ਫੋਨ ਮੈਨੂੰ ਅਮਰੀਕਾ ਤੋਂ ਆਏ, ਜਿਸ ਦੀ ਮੈਨੂੰ ਖੁਸ਼ੀ ਹੋਈ। ਉਸ ਤੋਂ ਬਾਅਦ ਮੈਂ ਕਿਸੇ ਨਾ ਕਿਸੇ ਵਿਸ਼ੇ `ਤੇ ਲਿਖਦਾ ਰਿਹਾ ਤੇ ਲਿਖਤਾਂ ਛਪੀ ਗਈਆਂ, ਮੇਰਾ ਲਿਖਣ ਦਾ ਇਸ ਤਰ੍ਹਾਂ ਇੱਕ ਵੇਗ ਬਣਿਆ ਰਿਹਾ। ਲੇਖ ਪੜ੍ਹਨ ਬਾਅਦ ਜਦੋਂ ਪਾਠਕਾਂ ਦੇ ਅਮਰੀਕਾ ਦੀਆਂ ਦੂਰ-ਦੁਰਾਡੀਆਂ ਸਟੇਟਾਂ ਤੋਂ ਫੋਨ ਆਉਣੇ ਤਾਂ ਮਨ ਹੋਰ ਉਤਸ਼ਾਹਿਤ ਹੋਣਾ ਤੇ ਇੰਜ ਮੈਨੂੰ ਪਾਠਕ ਵੀ ਚੰਗੇ ਲੱਗਣੇ ਅਤੇ ‘ਪੰਜਾਬ ਟਾਈਮਜ਼’ ਵੀ। ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇਸ ਵੇਲੇ ਤੱਕ ਮੈਨੂੰ ਅਮੋਲਕ ਸਿੰਘ ਦੀ ਵਿਗੜੀ ਸਿਹਤ ਦਾ ਕੋਈ ਇਲਮ ਨਹੀਂ ਸੀ, ਕਿਉਂਕਿ ਅਸੀਂ ਕਦੇ ਫੋਨ `ਤੇ ਗੱਲ ਕੀਤੀ ਹੀ ਨਹੀਂ ਸੀ! ਹਾਂ ਹਰੇਕ ਸਾਲ ‘ਪੰਜਾਬ ਟਾਈਮਜ਼ ਨਾਈਟ’ ‘ਚ ਸ਼ਾਮਲ ਹੋਣ ਲਈ ਈਮੇਲ `ਤੇ ਸੁਨੇਹਾ ਜਰੂਰ ਆਉਂਦਾ ਤੇ ਮੈਂ ਬੜੇ ਅਦਬ ਨਾਲ ਈਮੇਲ ਰਾਹੀਂ ਹੀ ਸੁਨੇਹਾ ਅਪੜਾ ਦਿੰਦਾ ਕਿ ਸੱਦਾ ਪੱਤਰ ਲਈ ਬਹੁਤ ਧਨਵਾਦ, ਖਿਮਾ ਕਰਨਾ ਮੈਂ ਆ ਨਹੀਂ ਸਕਾਂਗਾ।
23 ਫਰਵਰੀ 2020 ਨੂੰ ਬਹੁਤ ਪਿਆਰਾ ਈਮੇਲ ਸੁਨੇਹਾ ਆਉਂਦਾ ਹੈ, ‘ਸਹੋਤਾ ਸਾਹਿਬ, ਤੁਹਾਡੇ ਮਨਪਸੰਦ ਅਖਬਾਰ ਪੰਜਾਬ ਟਾਈਮਜ਼ ਨੂੰ ਛਪਦਿਆਂ 20 ਸਾਲ ਹੋ ਗਏ ਹਨ। ਇਸ ਦੇ ਪ੍ਰਕਾਸ਼ਨ ਦੀ 20ਵੀਂ ਵਰ੍ਹੇਗੰਢ ਪੰਜਾਬ ਟਾਈਮਜ਼ ਨਾਈਟ 9 ਮਈ ਨੂੰ ਮਨਾਈ ਜਾ ਰਹੀ ਹੈ। ਅਜਿਹੇ ਮੌਕੇ ਆਪ ਜੀ ਜਿਹੇ ਸ਼ੁਭਚਿੰਤਕਾਂ ਦੀ ਹਾਜ਼ਰੀ ਨਾਲ ਹੀ ਸ਼ੋਭਦੇ ਹਨ। ਉਮੀਦ ਹੈ, ਸਾਡੇ ਸੱਦੇ ਨੂੰ ਹੁੰਗਾਰਾ ਭਰਦਿਆਂ ਜਰੂਰ ਦਰਸ਼ਨ ਦਿਓਗੇ। ਤੁਹਾਡੇ ਨਾਲ ਫੋਨ ਰਾਹੀਂ ਗੱਲ ਕਰਨਾ ਚਾਹੁੰਦਾ ਸਾਂ, ਪਰ ਮੈਂ ਚਾਹ ਕੇ ਵੀ ਨਹੀਂ ਕਰ ਸਕਦਾ। ਜੇ ਕੋਸਿ਼ਸ਼ ਕਰਾਂ ਵੀ, ਤਾਂ ਦੂਜੇ ਦੇ ਸਮਝ ਨਹੀਂ ਆਉਂਦੀ। ਉਮੀਦ ਹੈ, ਤੁਸੀਂ ਮੇਰੀ ਮੁਸ਼ਕਿਲ ਨੂੰ ਸਮਝੋਗੇ। ਸਤਿਕਾਰ ਸਹਿਤ -ਅਮੋਲਕ ਸਿੰਘ’
ਇਹ ਈਮੇਲ ਪੜ੍ਹ ਕੇ ਮੇਰਾ ਮਨ ਜਜ਼ਬਾਤੀ ਹੋ ਗਿਆ। ਲੇਖਕ ਜਜ਼ਬਾਤੀ ਹੁੰਦਾ ਹੈ, ਇਸੇ ਕਰਕੇ ਲਿਖਦਾ ਹੈ। ਲਿਖਦਾ ਹੋਰ ਭਾਵੁਕ ਹੁੰਦਾ ਹੈ ਤੇ ਅੰਦਰੋਂ ਹੋਰ ਲਿਖਣ ਦਾ ਫੁਹਾਰਾ ਫੁਟ ਪੈਂਦਾ ਹੈ। ਉਸ ਫੁਹਾਰੇ ਦੀ ਨੁਹਾਰ ਦਾ ਅੱਗੇ ਇੱਕ ਸਟਰੀਮ ਬਣਦਾ ਹੈ, ਅੱਗੇ ਹੋਰ ਸਟਰੀਮ ਮਿਲ ਇੱਕ ਨਾਲਾ ਬਣਦਾ ਹੈ, ਤੇ ਕਈ ਨਾਲੇ ਇਕੱਠੇ ਹੋ ਛੋਟਾ ਦਰਿਆ, ਤੇ ਕਈ ਛੋਟੇ ਦਰਿਆ ਰਲ ਵੱਡਾ ਦਰਿਆ ਅੱਗੇ ਤੁਰਦਾ ਸਮੁੰਦਰ ‘ਚ ਸਮੋ ਜਾਂਦਾ ਹੈ। ਇਉਂ ਖਿਆਲਾਂ ਦਾ ਇੱਕ ਸਿਲਸਿਲਾ ਪੁੰਗਰ ਪੈਂਦਾ ਹੈ। ਇਸ ਖਿਆਲਾਂ ਦੇ ਪੁੰਗਰੇ ਸਿਲਸਿਲੇ ‘ਚੋਂ ਹੀ ਉਪਜਿਆ ਮੇਰਾ ਇਹ ਜੁਆਬ ਸੀ।
‘27 ਫਰਵਰੀ 2020-ਬਹੁਤ ਪਿਆਰੇ ਵੀਰ ਅਮੋਲਕ ਸਿੰਘ ਜੀ, ਸਤਿ ਸ੍ਰੀ ਅਕਾਲ। ਤੁਸੀਂ ਬੜੀ ਪਿਆਰੀ ਈਮੇਲ ਭੇਜ, ਮੈਨੂੰ ਵੀਹਵੀਂ ‘ਪੰਜਾਬ ਟਾਈਮਜ਼ ਨਾਈਟ’ ਵਿਚ ਸ਼ਾਮਲ ਹੋਣ ਲਈ ਨਿਮੰਤਰਣ ਦਿੱਤਾ ਹੈ, ਮੈਂ ਇਸ ਲਈ ਆਪ ਦਾ ਬਹੁਤ ਧੰਨਵਾਦੀ ਹਾਂ। ਆਪ ਦਾ ਸੁਨੇਹਾ ਪੜ੍ਹ ਮੇਰਾ ਮਨ ਭਾਵੁਕ ਹੋ ਗਿਆ। ਭਾਵੇਂ ਅੱਜ ਤੱਕ ਆਪਾਂ ਨਾ ਤਾਂ ਮਿਲੇ ਹਾਂ ਅਤੇ ਨਾ ਹੀ ਕਦੇ ਫੋਨ `ਤੇ ਗੱਲ-ਬਾਤ ਹੋ ਸਕੀ ਹੈ, ਪਰ ਇਸ ਸਭ ਕੁਝ ਦੇ ਬਾਵਜੂਦ, ਲੱਗਦੈ ਆਪਾਂ ਇੱਕ-ਦੂਜੇ ਨੂੰ ਧੁਰ ਅੰਦਰੋਂ ਜਾਣਨ ਲੱਗ ਗਏ ਹਾਂ। ਮੇਰੀਆਂ ਲਿਖਤਾਂ ਆਪ ਪਿਛਲੇ ਚਾਰ ਪੰਜ ਸਾਲਾਂ ਤੋਂ ਛਾਪਦੇ ਆ ਰਹੇ ਹੋ। ਆਪ ਦਾ ਬਹੁਤ ਬਹੁਤ ਧੰਨਵਾਦ।
ਮੇਰਾ ਮਨਪਸੰਦ ‘ਪੰਜਾਬ ਟਾਈਮਜ਼’ ਅਮਰੀਕਾ ਵਿਚ ਦੂਰ ਦੂਰ ਤੱਕ ਪੜ੍ਹਿਆ ਜਾਂਦਾ ਹੈ, ਇਸ ਦਾ ਮੈਨੂੰ ਇਸ ਕਰਕੇ ਪਤਾ ਹੈ ਕਿ ਮੇਰੇ ਲੇਖ ਪੜ੍ਹ ਕੇ ਜਦੋਂ ਪਾਠਕ ਟੈਕਸਸ, ਵਰਜੀਨੀਆ, ਨਿਊ ਯਾਰਕ, ਕੈਲੀਫੋਰਨੀਆ ਅਤੇ ਜਾਰਜੀਆ ਆਦਿ ਤੋਂ ਦੂਰੋਂ ਦੂਰੋਂ ਮੈਨੂੰ ਫੋਨ ਕਰਦੇ ਹਨ ਤਾਂ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ। ਉਪਰੰਤ ਮੇਰਾ ਮਨ ਹੋਰ ਲਿਖਣ ਲਈ ਪ੍ਰੇਰਿਤ ਹੁੰਦਾ ਹੈ, ਮੈਂ ਹੋਰ ਲਿਖਦਾ ਹਾਂ ਤੇ ‘ਪੰਜਾਬ ਟਾਈਮਜ਼’ ਅਗਲਾ ਲੇਖ ਛਾਪ ਦਿੰਦਾ ਹੈ; ਤੇ ਇਹ ਇੱਕ ਲੜੀ ਬਣ ਜਾਂਦੀ ਹੈ। ਆਪ ਜੀ ਦੇ ਪੇਪਰ ਰਾਹੀਂ ਪਾਠਕਾਂ ਦਾ ਇੱਕ ਦਾਇਰਾ ਬਣ ਗਿਆ ਹੈ, ਉਨ੍ਹਾਂ ਨਾਲ ਲਗਾਤਾਰ ਬਣਿਆ ਸੰਪਰਕ ਮੈਨੂੰ ਅਨੰਦ ਦਿੰਦਾ ਹੈ। ਇਹ ਮੇਰੀ ਰੂਹ ਦੀ ਖੁਰਾਕ ਹੈ। ਇਸ ਲਈ ਮੈਂ ਆਪ ਜੀ ਦਾ ਅਤੇ ਰੱਬ ਵਰਗੇ ਆਪਣੇ ਲਗਾਤਾਰ ਸੰਪਰਕ ਕਰਦੇ ਆ ਰਹੇ ਪਾਠਕਾਂ ਦਾ ਬਹੁਤ ਰਿਣੀ ਹਾਂ।
ਆਪ ਦੀ ਈਮੇਲ ਤੋਂ ਹੀ, ਫੋਨ `ਤੇ ਗੱਲ ਨਾ ਕਰਨ ਸਕਣ ਦੀ ਆਪ ਦੀ ਮਜਬੂਰੀ ਦਾ ਪਤਾ ਲੱਗਾ, ਦੁੱਖ ਹੋਇਆ। ਆਪ ਦੀ ਵਿਗੜੀ ਸਿਹਤ ਬਾਰੇ ਮੈਨੂੰ ਸਾਲ ਕੁ ਤੋਂ ਹੀ ਪਤਾ ਲੱਗਾ ਹੈ। ਆਪ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਪੂਰੀ ਕੋਸਿ਼ਸ਼ ਕਰਾਂਗਾ ਕਿ 9 ਮਈ 2020 ਨੂੰ ‘ਪੰਜਾਬ ਟਾਈਮਜ਼ ਨਾਈਟ’ ਵਿਚ ਸ਼ਾਮਲ ਹੋ ਸਕਾਂ! ਖੈਰ ਕਿਸੇ ਵਜ੍ਹਾ ਕਾਰਨ ਜੇ ਮੈਂ ਨਾ ਆ ਸਕਾਂ ਤਾਂ ਮੈਨੂੰ ਖਿਮਾ ਜਰੂਰ ਕਰ ਦੇਣਾ। ਸੰਪਰਕ ਰੱਖਾਂਗੇ। ਆਪ ਦਾ ਸੁ਼ਭਚਿੰਤਕ -ਕਲਵੰਤ ਸਿੰਘ ਸਹੋਤਾ।’
ਮੈਂ ਇਹ ਸੁਨੇਹਾ ਪਹੁੰਚਦਾ ਕਰਕੇ ਆਪਣੇ ਆਪ ਨੂੰ ਸੁਰਖਰੂ ਹੋਇਆ ਮਹਿਸੂਸ ਕੀਤਾ ਅਤੇ ਕੋਈ ਆਸ ਨਹੀਂ ਸੀ ਰੱਖਦਾ ਕਿ ਇਸ ਦਾ ਕੋਈ ਜੁਆਬ ਆਏਗਾ, ਪਰ ਅਗਲੇ ਦਿਨ ਹੀ ਜਦ ਮੈਂ ਅਪਣੀ ਈਮੇਲ ਖੋਲ੍ਹੀ, ਤਾਂ ਉਹ ਇਉਂ ਸੀ, ‘ਸਹੋਤਾ ਸਾਹਿਬ, ਪਿਆਰ ਭਰੇ ਸ਼ਬਦਾਂ ਲਈ ਬਹੁਤ ਸ਼ੁਕਰੀਆ। ਤੁਹਾਡੀਆਂ ਲਿਖਤਾਂ ਵਧੀਆ ਹੁੁੰਦੀਆਂ ਹਨ, ਸੋ ਛਪ ਜਾਂਦੀਆਂ ਹਨ। ਤੁਹਾਡੇ ਨਾਲ ਕੋਈ ਲਿਹਾਜਦਾਰੀ ਵਾਲੀ ਗੱਲ ਨਹੀਂ, ਤੁਸੀਂ ਵਧੀਆ ਲਿਖਦੇ ਹੋ, ਪਾਠਕ ਪੜ੍ਹਦੇ ਹਨ ਅਤੇ ਪੰਜਾਬ ਟਾਈਮਜ਼ ਦਾ ਦਾਇਰਾ ਵੀ ਵਧਦਾ ਹੈ। ਲਿਖਤਾਂ ਭੇਜਦੇ ਰਿਹਾ ਕਰੋ। ਪ੍ਰੋਗਰਾਮ `ਤੇ ਪਹੁੰਚ ਸਕੋ ਤਾਂ ਬਹੁਤ ਚੰਗਾ ਲੱਗੇਗਾ। ਤੁਹਾਡੇ ਨਾਲ ਗੱਲ ਕਰਨ ਨੂੰ ਬਹੁਤ ਜੀਅ ਕਰਦਾ ਹੈ, ਪਰ ਸਿਹਤ ਦੀ ਮਜਬੂਰੀ ਕਾਰਨ ਕਰ ਨਹੀਂ ਸਕਦਾ। ਜੇ ਕਰਨ ਦੀ ਕੋਸਿ਼ਸ਼ ਕਰਾਂ ਤਾਂ ਤੁਹਾਨੂੰ ਸਮਝ ਨਹੀਂ ਆਉਣੀ। ਸਤਿਕਾਰ ਸਹਿਤ, ਅਮੋਲਕ ਸਿੰਘ ਜੰਮੂ।’
ਇਹ ਸੁਨੇਹਾ ਪੜ੍ਹ ਮੇਰਾ ਮਨ ਉਦਾਸੀ ਦੇ ਆਲਮ ਵਿਚ ਆ ਗਿਆ ਤੇ ਮੈਂ ਆਪਣਾ ਲੈਪਟੌਪ ਬੰਦ ਕਰ ਦਿੱਤਾ ਤੇ ਕਿੰਨਾ ਹੀ ਚਿਰ ਠੋਡੀ `ਤੇ ਹੱਥ ਧਰ ਸੋਚੀ ਗਿਆ ਕਿ ਗੱਲਾਂ ਤਾਂ ਮੈਂ ਵੀ ਕਰਨੀਆਂ ਚਾਹੁੰਦਾ ਸਾਂ, ਪਰ ਇਹ ਸੋਚ ਕੇ ਸੰਕੋਚ ਕਰਦਾ ਰਿਹਾ ਕਿ ਅਖਬਾਰਾਂ ਦੇ ਸੰਪਾਦਕ ਬਹੁਤ ਰੁਝੇਵੇਂ ‘ਚ ਵਿਚਰਦੇ ਹਨ, ਕਾਹਤੋਂ ਬੇਲੋੜਾ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਕਰਨਾ ਹੈ!
ਅਮੋਲਕ ਸਿੰਘ ਦੇ ਸਦੀਵੀ ਵਿਛੋੜੇ ਦੀ ‘ਪੰਜਾਬ ਟਾਈਮਜ਼’ ਦੇ ਮੁੱਖ ਪੰਨੇ `ਤੇ ਦੁਖਦਾਈ ਖਬਰ ਪੜ੍ਹ ਡਾਢਾ ਖੇਦ ਹੋਇਆ ਤੇ ਇੱਕ ਝਟਕਾ ਵੀ ਲੱਗਾ। ਇੱਕ ਐਸਾ ਅੰਦਰੂਨੀ ਪਿਆਰ ਬਣ ਗਿਆ ਕਿ ਕਦੇ ਵੀ ਉਨ੍ਹਾਂ ਨਾਲ ਫੋਨ `ਤੇ ਗੱਲ ਨਾ ਹੋਣ ਦੇ ਬਾਵਜੂਦ ਇਹ ਖਿੱਚ ਹੌਲੀ ਹੌਲੀ ਖਾਸ ਥਾਂ ਬਣਾਉਂਦੀ ਚਲੀ ਗਈ; ਜਿਸ ਦੀ ਯਾਦ ਮੇਰੀ ਜਿ਼ੰਦਗੀ ਦੀਆਂ ਹੋਰ ਯਾਦਾਂ ਦੀ ਮਾਲਾ ਵਿਚ ਇੱਕ ਹੋਰ ਅਮੋਲਕ ਮਣਕਾ ਬਣ ਕੇ ਪਰੋਈ ਗਈ।