ਬੇਨੂਰ ਹੋ ਗਈ ਮੇਰੀ ਦੁਨੀਆਂ ਤੇਰੇ ਬਗੈਰ

ਅਮੋਲਕ ਅੱਜ ਤੁਹਾਡਾ ਜਨਮ ਦਿਨ ਹੈ। ਹਰੇਕ ਸਾਲ ਪੋ੍ਰ. ਜੋਗਿੰਦਰ ਸਿੰਘ ਰਮਦੇਵ ਆਪਣੇ ਸਾਥੀਆਂ ਸਮੇਤ ਤੁਹਾਡਾ ਜਨਮ ਦਿਨ ਮਨਾਉਣ ਲਈ ਆ ਇਕੱਠੇ ਹੁੰਦੇ ਸਨ। ਕਦੀ ਉਹ ਤੁਹਾਡੇ ਤੇ ਆਪਣੇ ਬਹੁਤ ਸਾਰੇ ਸਨੇਹੀਆਂ ਨੂੰ ਬੁਲਾ ਲੈਂਦੇ ਤੇ ਕਦੀ ਆਪਣੇ ਸੀਨੀਅਰ ਸਿਟੀਜ਼ਨ ਨਾਲ ਮਿਲ ਕੇ ਹੀ ਦਿਲ ਖੁਸ਼ ਕਰ ਲੈਂਦੇ। ਅੱਜ ਨਾ ਸਾਡੇ ਵਿਚ ਪ੍ਰੋ. ਰਮਦੇਵ ਹਨ ਤੇ ਨਾ ਹੀ ਅਮੋਲਕ।

ਤੁਸੀਂ ਦੋਨੋਂ ਹੀ ਬਹੁਤ ਯਾਦ ਆ ਰਹੇ ਹੋ। ਘਰ ਦਾ ਹਰ ਕੋਨਾ ਉਦਾਸ ਹੈ ਤੁਹਾਡੇ ਤੋਂ ਬਿਨਾ, ਘਰ ਦੀ ਸਾਰੀ ਰੌਣਕ ਵੀ ਤੁਹਾਡੇ ਨਾਲ ਹੀ ਰੁਖਸਤ ਹੋ ਗਈ ਹੈ। ਤੁਸੀਂ ਇਸ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਕਿ ਮੈਂ ਤੁਹਾਡੇ ਬਿਨਾ ਜੀਅ ਨਹੀਂ ਸਕਾਂਗੀ, ਪਰ…ਪਰ…‘ਤੁਮ ਸੇ ਤੋ ਕਮ ਗਿਲਾ ਹੈ, ਜਿਆਦਾ ਨਸੀਬ ਸੇ।’ ਹੁਣ ਤਾਂ ਬਸ ਤੁਹਾਡੀ ਯਾਦ ਹੀ ਮੇਰਾ ਇਲਾਜ ਹੈ। ਤੁਸੀਂ ਕਿਸੇ ਅਣਡਿਠੀ ਦੁਨੀਆਂ ਦੇ ਵਾਸੀ ਬਣ ਗਏ ਹੋ, ਪਰ ਸਾਡੇ ਚੇਤਿਆਂ ‘ਚੋਂ ਵਿਸਰ ਨਹੀਂ ਸਕਦੇ। ਕਿਸੇ ਨੇ ਠੀਕ ਹੀ ਤਾਂ ਕਿਹਾ ਹੈ ਕਿ ਪਿਆਰ ਉਹ ਜਜ਼ਬਾ ਹੈ, ਜੋ ਦਿਮਾਗ ਰਾਹੀਂ ਤੁਹਾਡੀ ਰੂਹ ਉਤੇ ਛਾ ਜਾਂਦਾ ਹੈ, ਜਿਸ ਨੂੰ ਕਦੀ ਚਾਹ ਕੇ ਵੀ ਤੁਸੀਂ ਭੁਲਾ ਨਹੀਂ ਸਕਦੇ।
ਆਪਣੇ ਲਾਏ ਬੂਟੇ ‘ਪੰਜਾਬ ਟਾਈਮਜ਼’ ਦਾ ਫਿਕਰ ਨਾ ਕਰਨਾ। ਤੁਹਾਡੇ ਸਾਰੇ ਸਨੇਹੀਆਂ, ਹਮਦਰਦਾਂ, ਸ਼ੁਭਚਿੰਤਕਾਂ ਅਤੇ ਲੇਖਕਾਂ ਦੀ ਮਦਦ ਨਾਲ ਬਾਖੂਬੀ ਚਲ ਰਿਹਾ ਹੈ। ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ‘ਪੰਜਾਬ ਟਾਈਮਜ਼’ ਨੂੰ ਚਲਦਾ ਰੱਖਣ ਲਈ ਤੁਹਾਡੀ ਹੀ ਤਰ੍ਹਾਂ ਮਰਦੇ ਦਮ ਤਕ ਆਪਣੀ ਪੂਰੀ ਤਾਕਤ ਝੋਕ ਦੇਵਾਂਗੀ।
ਹਾਂ! ਤੁਹਾਨੂੰ ਦੱਸ ਦੇਵਾਂ, ਤੁਹਾਨੂੰ ਪਿਆਰ ਕਰਨ ਵਾਲੇ ਤੇ ਤੁਹਾਡਾ ਜਨਮ ਦਿਨ ਯਾਦ ਰੱਖਣ ਵਾਲੇ ਬਹੁਤ ਸਾਰੇ ਸਨੇਹੀਆਂ ਨੇ ਵੀ ਤੁਹਾਡੇ ਵਿਛੋੜੇ ਨੂੰ ਬੜੀ ਸਿ਼ੱਦਤ ਨਾਲ ਮਹਿਸੂਸ ਕੀਤਾ ਹੈ।
ਅਮੋਲਕ ਚਾਲੀ ਸਾਲਾਂ ਦੇ ਇਸ ਸਫਰ ਦੌਰਾਨ ਜੇ ਕਦੀ ਮੈਂ ਤੁਹਾਡਾ ਦਿਲ ਦੁਖਾਇਆ ਹੋਵੇ ਤਾਂ ਮੈਨੂੰ ਮੁਆਫ ਕਰ ਦੇਣਾ। ਤੁਸੀਂ ਇਸ ਜਨਮ ਵਿਚ ਬਹੁਤ ਦੁਖ ਖਿੜੇ ਮੱਥੇ ਹੰਢਾਇਆ ਹੈ, ਤੁਹਾਡੇ ਇਸ ਵਿਸ਼ੇਸ਼ ਜਨਮ ਦਿਨ ‘ਤੇ ਮੇਰੀ ਦਿਲੀ ਦੁਆ ਹੈ, ਤੁਹਾਡਾ ਅਗਲਾ ਸਫਰ ਬਹੁਤ ਸੁਖਾਵਾਂ ਹੋਵੇ।
ਹਰ ਵਕਤ ਤੁਹਾਡੀ ਯਾਦ ਵਿਚ
-ਜਸਪ੍ਰੀਤ