ਕਾਰਗਿਲ ਦੀ ਜੰਗ ਤਾਂ ਮੁੱਕ ਗਈ ਸੀ

ਇਹ ਜ਼ਰੂਰੀ ਨਹੀਂ ਕਿ ‘ਮਨ ਨੀਵਾਂ ਮੱਤ ਉਚੀ’ ਦਾ ਉਪਦੇਸ਼ ਦੇਣ ਵਾਲਿਆਂ ਦੀ ਧੌਣ ‘ਚ ਅਕੜਾਂਦ ਨਾ ਹੋਵੇ, ਜਾਂ ਅਕਲ ਪੱਖੋਂ ਮਾਲੋ-ਮਾਲ ਹੀ ਹੋਣ! ਮਧਾਣੀ ਦੁੱਧ ਵੀ ਰਿੜਕ ਦਿੰਦੀ ਐ, ਮੱਖਣ ਵੀ ਕੱਢ ਦਿੰਦੀ ਐ, ਪਰ ਖਾਣ ਵਾਲੇ ਹੋਰ ਹੀ ਹੁੰਦੇ ਨੇ। ਜਦੋਂ ਦਾ ਕੱਪੜਾ ਮਸ਼ੀਨਾਂ ਤਿਆਰ ਕਰਨ ਲੱਗੀਆਂ ਹਨ, ਚਰਖੇ ਨਾਲ ਗੋਰੀਆਂ ਬਾਹਾਂ ਸੂਤੇ ਜਾਣ ਦੀ ਗੱਲ ਸਿਆਣੇ ਬੰਦੇ ਮੰਨਣਗੇ ਹੀ ਨਹੀਂ! ਕਦੀ ਵੇਖਣ ਨੂੰ ਹੀ ਬੰਦੇ ਲਗਦੇ ਨੇ, ਉਂਜ ਨਿਉਲੇ ਤੋਂ ਵੀ ਉਪਰ ਦੀ ਹੁੰਦੇ ਨੇ। ਇਕ ਵਾਰ ਸੱਪ ਨੇ ਨਿਉਲੇ ਅੱਗੇ ਤਰਲਾ ਕੀਤਾ, ‘ਰੱਬ ਦੇ ਵਾਸਤੇ ਛੱਡ ਦੇ ਮੇਰੇ ਨਾਲ ਦੁਸ਼ਮਣੀ’, ਤਾਂ ਉਹ ਅੱਗਿਓਂ ਹੱਸ ਕੇ ਬੋਲਿਆ, ‘ਉਨ੍ਹਾਂ ਦੇ ਪੈਰ ਫੜ ਜਿਹੜੇ ਬਾਣਾ ਹੀ ਹੋਰ ਪਾਈ ਫਿਰਦੇ ਨੇ ਊਂæææ।’ ਕਈ ਨਿਕਲੇ ਤਾਂ ਸਤਿਸੰਗ ਕਰਨ ਹੁੰਦੇ ਹਨ ਪਰ ਘਰ ਪਹੁੰਚਦਿਆਂ ਇਲਜ਼ਾਮ ਚੋਰੀ ਦਾ ਲੁਆ ਆਉਂਦੇ ਨੇ। ਕੋਇਲ ਨੇ ਹਾਲੇ ਤੀਕਰ ਕਿੱਕਰ ‘ਤੇ ਆਲ੍ਹਣਾ ਨਹੀਂ ਪਾਇਆ, ਕਾਂ ਦਾ ਕੋਈ ਥਾਂ-ਠਿਕਾਣਾ ਨਹੀਂ ਹੁੰਦਾ। ਜਿਹੜੇ ਇਹ ਆਖਦੇ ਨੇ ਕਿ ਪਿੱਪਲ ਨੂੰ ਇਸ ਕਰ ਕੇ ਪੂਜਿਆ ਜਾਂਦਾ ਹੈ ਕਿ ਇਹ ਬ੍ਰਾਹਮਣ ਹੈ, ਤਾਂ ਉਹ ਤਰਕਹੀਣ ਨੇ। ਪਿੱਪਲ ਦਾ ਸਤਿਕਾਰ ਤਾਂ ਇਸ ਕਰਕੇ ਹੈ ਕਿਉਂਕਿ ਕਈ ਪੀੜ੍ਹੀਆਂ ਇਸ ਦੀ ਛਾਂ ਹੇਠ ਬੈਠ ਕੇ ਲੰਘ ਗਈਆਂ ਹਨ, ਕੁੜੀਆਂ ਵੀ ਬੁੜ੍ਹੀਆਂ ਹੋ ਗਈਆਂ ਹਨ, ਪੀਂਘਾਂ ਵਾਲੇ ਰੱਸੇ ਵੀ ਟੁੱਟ ਗਏ ਹੋਣਗੇ, ਪਰ ਇਹਦੇ ਟਾਹਣ ਕਦੇ ਵੀ ਹਫ਼ੇ ਨਹੀਂ। ਚਲੋ, ਕਿਸੇ ਔਰਤ ਨੂੰ ਭੰਡਣਾ ਤਾਂ ਸੱਚੀਂ ਠੀਕ ਨਹੀਂ, ਪਰ ਲਾਲਚ ਨੂੰ ਤਾਂ ਵਡਿਆਈ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਲਾਲਚ ਵੀ ਜੇ ਮੱਥੇ ਉਤੇ ਟਿੱਕੇ ਦੀ ਥਾਂ ਕਲੰਕ ਲਾਉਣ ਵਾਲਾ ਹੋਵੇ! ਜਵਾਨੀ ਵਿਚ ਚਲੋ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਪਰ ਸ਼ੈਤਾਨ ਚਿਹਰਿਆਂ ਉਤੇ ਭਲਮਾਣਸੀ ਦਾ ਮੇਕਅੱਪ ਫਿੱਟ ਲਾਹਣਤ ਹੈ! ਸ਼ਹੀਦ ਬਣਨ ਲਈ ਕੁਰਬਾਨੀ ਦਾ ਵਟਣਾ ਮਲਣਾ ਪੈਂਦਾ ਹੈ ਪਰ ਵਟਣਾ ਕਿਸੇ ਹੋਰ ਨੂੰ ਲੱਗੇ ਤੇ ਸ਼ੀਸ਼ੇ ਅੱਗੇ ਚਿਹਰਾ ਕੋਈ ਹੋਰ ਵੇਖੇ ਤਾਂ ਮਨੁੱਖ ਤਾਂ ਕੀ, ਧਰਤੀ ਵੀ ਕੁਰਲਾ ਪਵੇਗੀ! ਹਾਲੇ ਵੀ ਕਈ ਲੋਕ ਇਸ ਭਰਮ ਵਿਚ ਨੇ ਕਿ ਸ਼ਾਇਦ ਮੋੜ ਆਉਣ ਨਾਲ ਸੜਕ ਮੁੱਕ ਗਈ ਹੈ ਤੇ ਆਹ ਰਾਹੀ ਕਿਸ ਰਾਹ ਟੱਕਰਨਗੇ, ਕੋਈ ਭੇਤ ਨਹੀਂ।

ਐਸ਼ ਅਸ਼ੋਕ ਭੌਰਾ
ਗਰੀਬੀ ਵੇਲੇ ਭੁੱਖ ਸਤਾਉਂਦੀ ਹੈ ਤੇ ਜਦੋਂ ਚਾਰ ਟਕੇ ਕੋਲ ਹੋਣ ਤਾਂ ਸੁਆਦ ਚੰਗੇ ਭਲੇ ਬੰਦੇ ਨੂੰ ਪੱਟ ਦੇਂਦਾ ਹੈ, ਜਾਂ ਇਉਂ ਕਿ ਗੱਡੀ ਵਿਚੋਂ ਉਤਰਨ ਵਾਲੇ ਆਂਹਦੇ ਨੇ ‘ਟੇਸ਼ਨ ਆ ਗਿਆ ਹੈ ਤੇ ਚੜ੍ਹਨ ਵਾਲਿਆਂ ਨੇ ਹਫੜਾ-ਦਫੜੀ ਮਚਾਈ ਹੁੰਦੀ ਹੈ-ਗੱਡੀ ਆ ਗਈ ਹੈ, ਗੱਡੀ ਆ ਗਈ ਹੈ। ਕਈ ਵਾਰ ਸਫਰ ਤਾਂ ਮੁੱਕ ਜਾਂਦਾ ਹੈ ਪਰ ਮੰਜ਼ਿਲ ਨਹੀਂ ਆਉਂਦੀ।
ਪਾਪ ਦਾ ਖਿਲਾਰਾ ਪਿਆ ਹੋਣ ਕਾਰਨ ਬੰਦਾ ਧਰਮੀ ਹੋਣ ਦੀ ਗੱਲ ਕਰ ਰਿਹਾ ਹੈ। ਜਿਸ ਦਿਨ ਪਾਪ ਖਤਮ ਹੋ ਗਿਆ, ਕਿਸੇ ਨੇ ਕਿਸੇ ਧਰਮ ਸਥਾਨ ‘ਤੇ ਨਹੀਂ ਜਾਣਾ। ਕਿਸੇ ਨੇ ਅਰਦਾਸਾਂ ਨਹੀਂ ਕਰਵਾਉਣੀਆਂ, ਕਿਸੇ ਨੇ ਮੰਦਿਰ ਮਸਜਿਦ ਨਹੀਂ ਢਾਹੁਣੀ। ਉਸ ਦਿਨ ਇਨਸਾਨੀਅਤ ਦਾ ਪਾਠ ਬਿਨਾਂ ਪੜ੍ਹਾਇਆਂ ਵੀ ਸਭ ਨੂੰ ਜ਼ੁਬਾਨੀ ਚੇਤੇ ਹੋ ਜਾਣੈ। ਤੇ ਜਦੋਂ ਫਿਰ ਗੋਲਕਾਂ ਖਾਲੀ ਰਹਿਣ ਲੱਗ ਪਈਆਂ ਤਾਂ ਪ੍ਰਧਾਨਗੀਆਂ ਦਾ ਰੌਲਾ ਆਪਣੇ ਆਪ ਮੁੱਕ ਗਿਆ ਹੋਣੈ।
ਜਿਹੜੇ ਸਵਾ ਰੁਪਏ ਦਾ ਪ੍ਰਸਾਦ ਚੜ੍ਹਾ ਕੇ ਸਵਾ ਕਰੋੜ ਦੀ ਭੁੱਖ ਰੱਬ ਅੱਗੇ ਢੇਰੀ ਕਰ ਰਹੇ ਹੋਣ, ਉਹ ਅੰਦਰੋਂ ਢੋਲ ਵਰਗੇ ਖੋਖਲੇ ਹੋਣਗੇ। ਇਨ੍ਹਾਂ ਦਾ ਲੰਮੇ ਪੈ ਕੇ ਮੱਥਾ ਰਗੜਨ ਦਾ ਤਰੀਕਾ ਤੇ ਸਲੀਕਾ ਆਮ ਸ਼ਰਧਾਲੂਆਂ ਨੂੰ ਤਾਂ ਪ੍ਰਭਾਵਿਤ ਕਰ ਰਿਹਾ ਹੋਵੇਗਾ ਪਰ ਰੱਬ ਨੀਵੀਂ ਪਾ ਕੇ ਹੱਸ ਜ਼ਰੂਰ ਰਿਹਾ ਹੋਵੇਗਾ ਕਿ ਜਿੱਦਣ ਕੁਪੱਤ ਹੋਈ, ਇਹੋ ਲੋਕ ਮੱਥਾ ਕੰਧਾਂ ਵਿਚ ਮਾਰਨਗੇ।
ਸਿਆਣੇ ਲੋਕ ਲਾਟਰੀ ਨਿਕਲਣ ਵਾਲੇ ਦਿਨ ਖੁਸ਼ ਨਹੀਂ ਹੁੰਦੇ ਸਗੋਂ ਪ੍ਰਸੰਨਤਾ ਦੀਆਂ ਅੰਗੜਾਈਆਂ ਉਸ ਦਿਨ ਲੈਂਦੇ ਹਨ, ਜਿੱਦਣ ਲਾਟਰੀ ਦਾ ਪੈਸਾ ਸੰਭਾਲ ਵੀ ਲਿਆ ਹੋਵੇ ਤੇ ਸਹੀ ਥਾਂ ਵਰਤਿਆ ਵੀ ਗਿਆ ਹੋਵੇ। ਅੱਜ ਦੇ ਯੁੱਗ ਵਿਚ ਪੈਸਾ ਸੰਭਾਲਣਾ ਹੀ ਸਭ ਤੋਂ ਔਖਾ ਹੋ ਗਿਆ ਹੈ, ਕਿਉਂਕਿ ਹੁਣ ਉਂਗਲਾਂ ਘਿਓ ਕੱਢਣ ਲਈ ਨਹੀਂ, ਜੇਬਾਂ ਖਾਲੀ ਕਰਨ ਲਈ ਬਹੁਤ ਸਾਰੇ ਲੋਕਾਂ ਨੇ ਟੇਢੀਆਂ ਕੀਤੀਆਂ ਹੋਈਆਂ ਹਨ।
ਨਵੀਂ ਬਹੂ ਦੇ ਲਾਲ ਚੂੜਾ ਇਸ ਕਰ ਕੇ ਪਾਇਆ ਜਾਂਦਾ ਸੀ ਕਿ ਲੋਕਾਂ ਨੂੰ ਪਤਾ ਲਗਦਾ ਰਹੇ, ਨਵੀਂ ਨਵੀਂ ਮੁਕਲਾਵੇ ਆਈ ਹੈ ਪਰ ਜਦੋਂ ਦੇ ਮੁਕਲਾਵੇ ਵਿਆਹ ਤੋਂ ਵੀ ਪਹਿਲਾਂ ਆਉਣ ਲੱਗੇ ਹਨ, ਚੂੜੇ ਵੱਲੋਂ ਲੋਕਾਂ ਦਾ ਧਿਆਨ ਹੀ ਹਟਦਾ ਜਾ ਰਿਹਾ ਹੈ।
ਜਿਨ੍ਹਾਂ ਜੰਗਾਂ ਵਿਚ ਮਾਵਾਂ ਨੇ ਪੁੱਤਰਾਂ ਨੂੰ ਅਸ਼ੀਰਵਾਦ ਦੇ ਕੇ, ਮੱਥਾ ਚੁੰਮ ਕੇ ਤੋਰਿਆ ਹੈ, ਹਾਲੇ ਤੀਕਰ ਅਜਿਹੀ ਕੋਈ ਵੀ ਜੰਗ ਹਾਰੀ ਨਹੀਂ ਗਈ। ਅਜਿਹੀਆਂ ਮਾਵਾਂ ਨੇ ਆਪਣੇ ਪੁੱਤਰਾਂ ਦੀ ਸ਼ਹੀਦੀ ‘ਚ ਤਾਂ ਅੱਥਰੂ ਵੀ ਨਹੀਂ ਕੇਰਿਆ, ਪਰ ਜਦੋਂ ਸ਼ਹਾਦਤ ਦਾ ਮੁੱਲ ਕਿਸੇ ਹੋਰ ਨੇ ਵੱਟ ਲਿਆ, ਮਾਂ ਬਾਪ ਦੋਹਾਂ ਦੇ ਲੱਠੇ ਵਰਗੇ ਸਰੀਰ ਕੁੱਬੇ ਹੋ ਗਏ। ਹੁਣ ਤੱਕ ਇਹ ਤਾਂ ਸੁਣਦੇ ਆਏ ਸੀ ਕਿ ਮੁਸੀਬਤਾਂ ਵਿਚ ਔਰਤ ਨੇ ਪਰਿਵਾਰ ਖਿੰਡਣ ਨਹੀਂ ਦਿੱਤੇ ਪਰ ਕਲਯੁੱਗ ਦੇ ਵਰਤਾਰੇ ਵਿਚ ਇਹ ਵੀ ਸੱਚ ਹੋ ਗਿਆ ਹੈ ਕਿ ਦੇਸ਼ ਦੀ ਸਰਹੱਦ ‘ਤੇ ਫੌਜੀ ਤਾਂ ਕੁਰਬਾਨ ਹੋ ਗਿਆ ਪਰ ਫੌਜਣ ਨੇ ਉਹਦਾ ਖੂਨ ਤਾਂ ਚਲੋ ਮਹਿੰਗੇ ਭਾਅ ਵੇਚਿਆ ਹੀ, ਤੇ ਨਾਲ ਹੀ ਸ਼ਹੀਦ ਦੀ ਮਾਂ ਦੀ ਕੁੱਖ ਵਿਚ ਲੱਤ ਵੀ ਪੰਜੇਬਾਂ ਵਾਲੀ ਵਸਾਹ ਕੇ ਮਾਰੀ।
ਕਸਬਾ ਤਾਂ ਛੋਟਾ ਜਿਹਾ ਸੀ ਪਰ ਪਠਾਨਕੋਟ ਜੰਮੂ ਸੜਕ ‘ਤੇ ਹੋਣ ਕਾਰਨ ਆਵਾਜਾਈ ਦਿਨ ਰਾਤ ਚਲਦੀ ਰਹਿੰਦੀ ਸੀ। ਇਸੇ ਲਈ ਭਗਵਾਨ ਦਾਸ ਦੀ ਚਾਹ ਦੀ ਦੁਕਾਨ ‘ਤੇ ਮਾੜੀ ਮੋਟੀ ਚਹਿਲ ਪਹਿਲ ਰਹਿਣੀ ਹੀ ਸੀ, ਪਰ ਕਰੀਬ ਡੇਢ ਸਾਲ ਇਹ ਦੁਕਾਨ ਬੰਦ ਰਹਿਣ ਤੋਂ ਪਿੱਛੋਂ ਪੰਦਰਾਂ ਕੁ ਦਿਨ ਤੋਂ ਹੀ ਭਗਵਾਨ ਦਾਸ ਨੇ ਦੁਬਾਰਾ ਖੋਲ੍ਹੀ ਸੀ, ਕਿਉਂਕਿ ਹੁਣ ਜ਼ਿੰਦਗੀ ਖਿੱਚਣ ਲਈ ਇਹਦੇ ਬਿਨਾਂ ਕੋਈ ਚਾਰਾ ਨਹੀਂ ਸੀ। ਦੋ ਕੁ ਮੀਲ ‘ਤੇ ਉਹਦਾ ਪਿੰਡ ਹੋਵੇਗਾ।  ਪਹਿਲਿਆਂ ਦਿਨਾਂ ਵਿਚ ਤਾਂ ਭਗਵਾਨ ਦਾਸ ਜਿਸ ਨੂੰ ਗੁਆਂਢੀ ਦੁਕਾਨਦਾਰ ਆਮ ਕਰ ਕੇ ਭਾਗੂ ਹੀ ਕਹਿੰਦੇ ਸਨ, ਦੀ ਪਤਨੀ ਕੁਸ਼ੱਲਿਆ ਪਿੰਡੋਂ ਟੈਂਪੂ ਫੜ ਛਾਹ ਵੇਲਾ ਤੇ ਦੁਪਹਿਰਾ ‘ਕੱਠਾ ਦੇ ਕੇ ਮੁੜ ਜਾਂਦੀ ਸੀ ਪਰ ਹੁਣ ਉਹ ਸ਼ਾਮ ਤੱਕ ਭਾਗੂ ਦੇ ਨਾਲ ਹੀ ਰਹਿੰਦੀ।
ਭਾਗੂ ਦਾ ਗਰਾਈਂ ਗਰੀਬ ਲੱਭੂ ਰਾਮ ਉਹਦੀ ਚਾਹ ਦੀ ਦੁਕਾਨ ਅੱਗੇ ਜੁੱਤੀਆਂ ਦੀ ਗੰਢ ਤੁੱਪ ਜਾਂ ਪਾਲਿਸ਼ ਦਾ ਕੰਮ ਕਰਦਾ। ਆਥਣੇ ਉਹ ਨਿੱਕੀ ਜਿਹੀ ਟਰੰਕੀ ਭਾਗੂ ਦੀ ਚਾਹ ਦੀ ਦੁਕਾਨ ਅੰਦਰ ਰੱਖ ਜਾਂਦਾ। ਦੋਹਾਂ ਦਾ ਪਿਆਰ ਬੜਾ ਸੀ।
ਅਸਲ ਵਿਚ ਭਾਗੂ ਤੇ ਕੁਸ਼ੱਲਿਆ ਡਾਢੇ ਦੀ ਡਾਢੀ ਮਾਰ ਕਾਰਨ ਦਲ ਦਲ ‘ਚ ਫਸਿਆ ਜ਼ਿੰਦਗੀ ਦਾ ਗੱਡਾ ਖਿੱਚਣ ਦੇ ਯੋਗ ਤਾਂ ਨਹੀਂ ਰਹੇ ਸਨ, ਫਿਰ ਵੀ ਚਿੱਤ ਹੋਰ ਪਾਸੇ ਪਾਉਣ ਜਾਂ ਫੇਫੜਿਆਂ ਦੀ ਕਸਰਤ ਕਰਨ ਵਾਂਗ ਚਾਹ ਦਾ ਕੱਪ ਵੇਚਣ ਦੇ ਬਹਾਨੇ ਦਿਨ ਭਰ ਖੰਡ, ਚਾਹ-ਪੱਤੀ ਤੇ ਦੁੱਧ ਨਾਲ ਹਿਸਾਬ-ਕਿਤਾਬ ਦਾ ਮੱਥਾ ਮਾਰੀ ਜਾਂਦੇ। ਊਂ ਦੋਹਾਂ ਦੇ ਹਾਲਾਤ ਇਹ ਸਨ, ਜਿਵੇਂ ਕੋਈ ਘਸੁੰਨ ਵੱਟ ਕੇ ਹੱਥ ਮਿਲਾਉਣ ਦਾ ਯਤਨ ਕਰ ਰਿਹਾ ਹੋਵੇ।
ਉਸ ਦਿਨ ਧੁੰਦ ਪੈਣ ਕਾਰਨ ਭਾਗੂ ਦੁਕਾਨ ‘ਤੇ ਥੋੜ੍ਹੀ ਦੇਰੀ ਨਾਲ ਆਇਆ। ਫੌਜੀਆਂ ਦੀ ਪਹਿਲੀ ਗੱਡੀ ਲੰਘੀ ਤਾਂ ਉਹਨੇ ਬਹੁਤਾ ਧਿਆਨ ਨਾ ਦਿੱਤਾ। ਦੋ ਤਿੰਨ ਹੋਰ ਲੰਘੀਆਂ ਤਾਂ ਉਹ ਉਦਾਸ ਹੋ ਗਿਆ। ਹਉਕੇ ਹੁੰਗਾਰੇ ਭਰਨ ਲੱਗ ਪਏ। ਜਦੋਂ ਨੂੰ ਕੁਸ਼ੱਲਿਆ ਵੀ ਆ ਗਈ ਰੋਟੀ ਲੈ ਕੇ। ਉਹਨੂੰ ਵੇਖ ਕੇ ਭਾਗੂ ਦੀਆਂ ਅੱਖਾਂ ਵਿਚੋਂ ਤਿੱਪ ਤਿੱਪ ਅੱਥਰੂ ਟਪਕਣ ਲੱਗ ਪਏ।
‘ਮੇਰਾ ਬੁੱਢਾ ਬਾਪ ਤੇਰੇ ਤਰਲੇ ਕੱਢ ਕੇ ਗਿਆ ਸੀ ਨਾ ਕਿ ਹੁਣ ਅੱਖ ਨਾ ਭਰੀਂ, ਪਰ ਫੇਰ ਅੱਜ਼ææ।’ ਕੁਸ਼ੱਲਿਆ ਨੇ ਧੀਰਜ ਬੰਨ੍ਹ ਕੇ ਮੱਤ ਦੇਣ ਦਾ ਯਤਨ ਕੀਤਾ।
‘ਅੱਜ ਸਵੇਰ ਦੀਆਂ ਅੱਖਾਂ ਅੱਗਿਓਂ ਮਿਲਟਰੀ ਦੀਆਂ ਗੱਡੀਆਂ ਲੰਘੀ ਜਾ ਰਹੀਆਂ ਨੇ। ਇਨ੍ਹਾਂ ਅੱਖਾਂ ਤੋਂ ਭਾਰ ਨਹੀਂ ਝੱਲ ਹੋਇਆ ਤੇ ਹੰਝੂ ਉਗਲ ਦਿੱਤੇ ਨੇ।’ ਉਦਾਸੀ ਵਿਚ ਮਨ ਦੀਆਂ ਵੱਟੀਆਂ ਤਾਰਾਂ ਦਾ ਰਾਗ ਭਾਗੂ ਨੇ ਛੇੜ ਦਿੱਤਾ।
‘ਓ ਮੇਰਿਆ ਡਾਢਿਆ ਰੱਬਾ! ਫੇਰ ਕਿਤੇ ਕਾਰਗਿਲ ਦੀ ਜੰਗ ਤਾਂ ਨਹੀਂ ਛਿੜ ਪਈæææ?’ ਕੁਸ਼ੱਲਿਆ ਦੇ ਦਰਦ ਵਿਚ ਬਿਜਲੀ ਲਿਸ਼ਕਣ ਜਿੰਨੀ ਚੀਕ ਸੀ।
‘ਭੋਲੀਏ ਹੁਣ ਇਹ ਜੰਗ ਕਦੇ ਨਾ ਲੱਗੇ। ਨਹੀਂ ਤਾਂ ਫਿਰ ਕਿਸੇ ਮਾਂ ਦੀਆਂ ਆਂਦਰਾਂ ਦਾ ਗੁੱਛਾ ਸ਼ਹੀਦ ਹੋਵੇਗਾ ਤੇ ਫਿਰ ਉਸ ਦਾ ਕੋਈ ਸਭ ਕੁਝ ਲੁੱਟ ਕੇ ਲੈ ਜਾਵੇਗਾ।’
‘ਪਰ ਹੁਣ ਤਾਂ ਦੋਹਾਂ ਦੇਸ਼ਾਂ ਦੇ ਹਾਕਮ ਬਦਲ ਗਏ ਨੇ ਕਦੋਂ ਦੇ।’
‘ਅਕਲ ਦੀਏ ਅੰਨ੍ਹੀਏ ਲੰਗਰ ਵਿਚ ਸੰਗਤ ਬਦਲਦੀ ਐ, ਦਾਲ ਨਹੀਂ ਬਦਲਦੀ।’ ਤੇ ਫਿਰ ਜਿਵੇਂ ਦੋਹਾਂ ਨੇ ਇਕ ਦੂਜੇ ਦੇ ਅੱਥਰੂਆਂ ਅੱਗੇ ਬੁੱਕ ਕਰ ਦਿੱਤੇ ਹੋਣ।
ਜਦੋਂ ਲੌਢੇ ਵੇਲੇ ਤੱਕ ਫੋਜੀਆਂ ਦੀਆਂ ਗੱਡੀਆਂ ਲੰਘਣੋਂ ਨਾ ਹਟੀਆਂ ਤਾਂ ਭਾਗੂ ਨੇ ਲੁੱਕ ਦੇ ਡਰੰਮ ਤੋਂ ਬਣਾਏ ਚਾਹ ਦੇ ਦੁਕਾਨ ਦੇ ਤਖਤੇ ਭੇੜ ਦਿੱਤੇ, ਤੇ ਹਲਕੀ ਜਿਹੀ ਧੁੱਪ ‘ਚ ਡੱਬੀਆਂ ਵਾਲੀ ਖੇਸੀ ਤੇ ਸ਼ਾਲ ਦੀ ਬੁੱਕਲ ਮਾਰ ਕੇ ਉਹ ਢਿੱਚਕ ਮਾਰਦੇ ਬੈਂਚ ‘ਤੇ ਬੈਠ ਕੇ ਹਾਰੇ ਮੁਕੱਦਮੇ ਦਾ ਲੇਖਾ ਜੋਖਾ ਕਰਨ ਲੱਗ ਪਏ।
æææਫਿਰ ਦਿਨ ਢਲਦੇ ਨੂੰ ਇਕ ਜੀਪ ਉਨ੍ਹਾਂ ਦੀ ਚਾਹ ਦੀ ਦੁਕਾਨ ਅੱਗੇ ਰੁਕੀ ਜਿਸ ‘ਚੋਂ ਇਕ ਫੌਜੀ ਬਾਹਰ ਨਿਕਲਿਆ। ਵੇਖਣ ਨੂੰ ਉਹ ਕੋਈ ਵੱਡਾ ਅਫਸਰ ਲਗਦਾ ਸੀ। ਉਹਨੇ ਕਾਲੇ ਬੂਟ ਲੱਭੂ ਰਾਮ ਮੋਚੀ ਅੱਗੇ ਖੋਲ੍ਹਦਿਆਂ ਕਿਹਾ, ‘ਜ਼ਰਾ ਰੂਹ ਨਾਲ ਕਰ ਪਾਲਿਸ਼ ਇਨ੍ਹਾਂ ਨੂੰ ਬਜ਼ੁਰਗਾ।’
ਲੱਭੂ ਰਾਮ ਬੂਟਾਂ ‘ਚੋਂ ਤਸਮੇਂ ਖੋਲ੍ਹਣ ਲੱਗਾ ਤਾਂ ਫੌਜੀ ਨੇ ਪੁੱਛਿਆ, ‘ਚਾਹ ਦਾ ਕੱਪ ਨ੍ਹੀਂ ਮਿਲੂ, ਠੰਢ ਬੜੀ ਐ?’
ਪੰਜਾਬੀ ਅਫਸਰ ਲਗਦਾ ਵੇਖ ਕੇ ਲੱਭੂ ਰਾਮ ਨੇ ਟਕੋਰ ਲਾਈ, ‘ਜਨਾਬ, ਟੈਮ ਤਾਂ ਰੰਮ ਦਾ ਹੋ ਰਿਹੈ।’
ਤੇ ਨਾਲ ਹੀ ਉਹਨੇ ਭਗਵਾਨ ਦਾਸ ਵੱਲ ਮੂੰਹ ਕਰ ਕੇ ਕਿਹਾ, ‘ਭਾਗੂ ਬਣਾ ਦੇ ਸਾਹਿਬ ਲਈ ਦੁੱਧ ‘ਚ ਪੱਤੀ ਪਾ ਕੇ ਕੈੜੀ ਜਿਹੀ ਚਾਹ।’
ਕੰਬਦੇ ਹੱਥਾਂ ਨਾਲ ਭਾਗੂ ਨੇ ਫਿਰ ਗੈਸ ਬਾਲੀ ਤੇ ਦੁੱਧ ‘ਚ ਪੱਤੀ ਦੇ ਨਾਲ ਛੋਟੀ ਇਲਾਇਚੀ ਤੇ ਇਕ ਲੌਂਗ ਵੀ ਪਾ ਦਿੱਤਾ, ਪਰ ਚਾਹ ਨੂੰ ਉਬਾਲਾ ਆਉਣ ਤੋਂ ਪਹਿਲਾਂ ਹੀ ਭਾਗੂ ਤੇ ਕੁਸ਼ੱਲਿਆਂ ਦੇ ਅੰਦਰਲਾ ਦੁੱਖ ਉਬਾਲੇ ਮਾਰਨ ਲੱਗ ਪਿਆ।
‘ਅਫਸਰ ਨੂੰ ਪੁੱਛੀਂ ਐਤਕਾਂ ਕਿੰਨੇ ਕੁ ਘਰ ਬਰਬਾਦ ਹੋਣਗੇ!’ ਕੁਸ਼ੱਲਿਆ ਨੇ ਸਵੇਰ ਤੋਂ ਫੌਜ ਦੀ ਲੰਘਣੀ ਕਾਨਵਾਈ ਬਾਰੇ ਸਵਾਲ ਪੁੱਛਣ ਲਈ ਕਿਹਾ।
ਭਾਗੂ ਕੁਝ ਨਾ ਬੋਲਿਆ ਤੇ ਚਾਹ ਦਾ ਕੱਪ ਘਸਮੈਲੀ ਜਿਹੀ ਸਟੀਲ ਦੀ ਪਲੇਟ ‘ਚ ਰੱਖ ਕੇ ਜਦੋਂ ਫੌਜੀ ਅਫਸਰ ਨੂੰ ਫੜਾ ਕੇ ਮੁੜਨ ਲੱਗਾ ਤਾਂ ਸਵਾਲ ਬੁੱਲ੍ਹਾਂ ਵਿਚ ਅਟਕ ਗਿਆ ਤੇ ਜਦੋਂ ਲੱਭੂ ਨੇ ਗੱਲ ਤੋਰੀ ਕਿ ‘ਜਨਾਬ ਇਹਦਾ ‘ਕੱਲਾ-‘ਕਹਿਰਾ ਪੁੱਤ ਕਾਰਗਿਲ ‘ਚ ਸ਼ਹੀਦ ਹੋ ਗਿਆ ਸੀæææਬੱਸ ਹੁਣ ਦੋਵੇਂ ਜਣੇ ਧੰਦੇ ਪਿੱਟਦੇ ਨੇ।’
ਇਸ ਤੋਂ ਪਹਿਲਾਂ ਕਿ ਫੌਜੀ ਅਫਸਰ ਕੁਝ ਬੋਲਦਾ, ਹਉਕਿਆਂ ‘ਚ ਬੁਸਕਦੀ ਕੁਸ਼ੱਲਿਆ ਦਾ ਲਾਵਾ ਫੁੱਟਣ ਤੋਂ ਪਹਿਲਾਂ ਹੀ ਭਾਗੂ ਨੇ ਜੇਰਾ ਕਰ ਕੇ ਪੁੱਛ ਲਿਆ, ‘ਜਨਾਬ, ਕਾਰਗਿਲ ‘ਤੇ ਫਿਰ ਜੰਗ ਛਿੜ ਪਈ?’
‘ਨਹੀਂ ਨਹੀਂ! ਇਹ ਤਾਂ ਊਂਈ ਮਸ਼ਕਾਂ ‘ਤੇ ਚੱਲੀ ਐ ਫੌਜ। ਸਾਡੇ ਫੌਜੀਆਂ ਨੇ ਦੁਸ਼ਮਣ ‘ਚ ਕਾਰਗਿਲ ਵਰਗੇ ਹਮਲੇ ਦਾ ਦਮ ਹੀ ਕਿਥੇ ਰਹਿਣ ਦਿੱਤੈ।’
‘ਸ਼ੁਕਰ ਹੈ ਮਾਲਕ ਦਾ! ਫਿਰ ਕਿਸੇ ਨਾਲ ਸਾਡੇ ਵਰਗੀ ਨਹੀਂ ਹੋਣ ਲੱਗੀ?’
‘ਪਰ ਬਜ਼ੁਰਗਾ ਤੈਨੂੰ ਮਾਣ ਹੋਣਾ ਚਾਹੀਦੈæææਤੇਰਾ ਪੁੱਤ ਦੇਸ਼ ਲਈ ਸ਼ਹੀਦ ਹੋਇਐæææ।’
‘ਹਾਂ, ਮਾਣ ਤਾਂ ਹੈ ਸਰ! ਪਰæææ।’æææਤੇ ਅਗਲੀ ਗੱਲ ਕਹਿਣ ਤੋਂ ਪਹਿਲਾਂ ਹੀ ਭਾਗੂ ਤੇ ਕੁਸ਼ੱਲਿਆ ਦਾ ਦੁੱਖਾਂ ਦਾ ਛਰਾਟਾ ਸਾਉਣ ਵਾਂਗ ਧਾਹਾਂ ‘ਚ ਵਰ੍ਹ ਪਿਆ।
‘ਜਨਾਬ ਜੇ ਅੱਜ ਇਨ੍ਹਾਂ ਦਾ ਦੁੱਖ ਸੁਣ ਜਾਓ ਤਾਂ ਸ਼ਾਇਦ ਇਨ੍ਹਾਂ ਦਾ ਮਨ ਸ਼ਾਂਤ ਹੋ ਜਾਵੇ।’ ਲੱਭੂ ਨੇ ਫੌਜੀ ਅੱਗੇ ਤਰਲਾ ਕੀਤਾ।
æææਤੇ ਉਹ ਮੋਚੀ ਦੀਆਂ ਟੁੱਟੀਆਂ ਚੱਪਲਾਂ ਨਾਲ ਹੀ ਭਾਗੂ ਦੀ ਦੁਕਾਨ ਦੇ ਅੰਦਰ ਆ ਬੈਠਾ। ਚਾਹ ਦੀ ਘੁੱਟ ਭਰਦਿਆਂ ਫੌਜੀ ਪੁੱਛਣ ਲੱਗਾ, ‘ਤੁਹਾਡੇ ਵਰਗੇ ਮਾਂ ਬਾਪ ਹੋਰ ਬੜੇ ਨੇ ਭਾਗਾਂ ਭਰੇ, ਜਿਨ੍ਹਾਂ ਦੇ ਪੁੱਤ ਕਾਰਗਿਲ ‘ਚ ਸ਼ਹੀਦ ਹੋਏ ਨੇ। ਠੀਕ ਹੈ, ਤੁਹਾਡਾ ਇਕ ਪੁੱਤ ਸੀ ਪਰ ਦੁਖੀ ਨਾ ਹੋਵੋ, ਮਾਣ ਕਰੋ ਸ਼ਹੀਦ ਪੁੱਤ ‘ਤੇ।’
‘ਜਨਾਬ, ਪੁੱਤ ਦੀ ਕੁਰਬਾਨੀ ‘ਤੇ ਸਾਨੂੰ ਨਾਜ਼ ਐ ਪਰ ਪੁੱਤ ਦੀ ਕੁਰਬਾਨੀ ਦਾ ਹਸ਼ਰ ਇਹ ਹੋਇਆ ਜਿਵੇਂ ਕੋਈ ਅੱਗ ਮੰਗਣ ਆਇਆ, ਦੁੱਧ ਦੀ ਕਾੜ੍ਹਨੀ ਚੁੱਕ ਕੇ ਲੈ ਗਿਆ ਹੋਵੇ।’
‘ਗੱਲ ਖੋਲ੍ਹ ਕੇ ਦੱਸੋ ਸਾਰੀ।’
‘ਸਰ, ਭਰਤੀ ਹੋਣ ਤੋਂ ਦੋ ਸਾਲ ਪਿੱਛੋਂ ਪੁੱਤ ਛੁੱਟੀ ਆਇਆ ਸੀ ਦੋ ਮਹੀਨੇ ਦੀ। ਪੰਦਰਾਂ ਕੁ ਦਿਨ ਚਾਅ ‘ਚ ਲੰਘ ਗਏ। ਫਿਰ ਵਿਆਹ ਦੀਆਂ ਗੱਲਾਂ ਹੋਣ ਲੱਗ ਪਈਆਂ। ਰਿਸ਼ਤੇ ਆਉਣ ਲੱਗ ਪਏ। ਪਹਿਲਾਂ ਤਾਂ ਸਾਡਾ ਫੌਜੀ ਪੁੱਤ ਪਿੰਡੇ ‘ਤੇ ਮੱਖੀ ਨਾ ਬਹਿਣ ਦੇਵੇ, ਫਿਰ ਪਤਾ ਨ੍ਹੀਂ ਮਨ-ਸੁਮੱਤਿਆ ਪਈ, ਮੰਨ ਗਿਆ। ਪੁੱਤ ਬਲਜੀਤ ਸਿਹੁੰ ਸੁਨੱਖਾ ਵੀ ਬੜਾ ਸੀ ਤੇ ਫਿਰ ਜਿਵੇਂ ਸਿਆਣੇ ਕਹਿੰਦੇ ਨੇ, ਸੰਜੋਗ ਜੋਰਾਵਰ। ਰੱਬ ਦੇ ਧਰਮੀ ਬਾਣੇ ਵਾਲੇ ਇਕ ਬੰਦੇ ਦੀ ਧੀ ਮਨਪ੍ਰੀਤ ਨਾਲ ਦਸ ਕੁ ਦਿਨਾਂ ‘ਚ ਵਿਆਹ ਹੋ ਗਿਆ।’
‘ਮਾਂ ਨੂੰ ਕਿਹਾ ਕਰੇ ਕਿ ਲੈ ਹੁਣ ਮੌਜਾਂ ਕਰੀਂ, ਵਥੇਰੀਆਂ ਪਕਾਈਆਂ ਤੇ ਖੁਆਈਆਂ। ਹੁਣ ਨੂੰਹ ਦੀਆਂ ਪੱਕੀਆਂ ਖਾਈਂ।’ ਕੁਸ਼ੱਲਿਆ ਵਿਚੋਂ ਬੋਲ ਪਈ।
‘ਚੁੱਪ ਕਰ, ਗੱਲ ਮੈਨੂੰ ਪੂਰੀ ਕਰਨ ਦੇæææਬੱਸ ਵਿਆਹ ਦੇ ਪੰਦਰਾਂ ਕੁ ਦਿਨਾਂ ਬਾਅਦ ਬੁਲਾ ਲਿਆ ਵਾਪਿਸ ਫੌਜ ‘ਚæææਤੇ ਗਏ ਦੇ ਛੇਵੇਂ ਦਿਨ ਆ ਗਈ ਖ਼ਬਰ, ਸ਼ਹੀਦੀ ਪ੍ਰਾਪਤ ਕਰਨ ਦੀ।’
‘ਬਹੂ ਹੁਣ ਤੁਹਾਡੇ ਨਾਲ ਰਹਿੰਦੀ ਐ?’
‘ਜਨਾਬ ਇਹੋ ਤਾਂ ਦਰਦ ਐ ਸਾਡਾ। ਲਾਸ਼ ਪੁੱਤ ਦੀ ਪਿੰਡ ਆਈ, ਅੰਤਿਮ ਸੰਸਕਾਰ ਵੇਲੇ ਵੱਡੇ ਵੱਡੇ ਅਫਸਰ ਆਏ, ਡੀæਸੀæ ਆਇਆ, ਮੰਤਰੀ ਆਏ। ਬੁੱਤ ਦਾ ਐਲਾਨ ਹੋਇਆ, ਜਿਸ ਰਾਹੇ ਕੁਸ਼ੱਲਿਆ ਰੋਟੀ ਲੈ ਕੇ ਆਉਂਦੀ ਐ, ਉਸ ਰਾਹ ਦਾ ਨਾਂ ਪੁੱਤ ਦੇ ਨਾਂ ‘ਤੇ।’
‘ਫਿਰ ਉਦਾਸ ਕਿਉਂ ਐ?’
‘ਸਰ ਕੁੜਮ ਨੇ ਭੋਗ ਵਾਲੇ ਦਿਨ ਭਰੀ ਪਰ੍ਹਿਆ ‘ਚ ਕਿਹਾ-ਮੇਰੀ ਧੀ ਸ਼ਹੀਦ ਦੀ ਪਤਨੀ ਐ, ਭਾਵੇਂ ਇਹ ਭਰ ਜੁਆਨ ਐ ਪਰ ਮੇਰਾ ਤੇ ਧੀ ਦਾ ਫੈਸਲਾ ਹੈ ਕਿ ਇਹ ਭਗਵਾਨ ਤੇ ਕੁਸ਼ੱØਲਿਆ ਦੀ ਨੂੰਹ ਨਹੀਂ, ਪੁੱਤਰ ਬਣ ਕੇ ਰਹੇਗੀ।’
‘ਕੁੜਮ ਨੇ ਵੀ ਲਾਜ ਰੱਖੀ ਫਿਰ ਬਾਣੇ ਦੀ?’ ਫੌਜੀ ਭਾਵੁਕ ਹੋ ਗਿਆ।
‘ਜਨਾਬ ਸਾਨੂੰ ਵੀ ਹੁਣ ਈ ਪਤਾ ਲੱਗਾ ਕਿ ਚੋਰ, ਸਾਧਾਂ ਦੇ ਬਾਣੇ ‘ਚ ਲੁਕਦੇ ਕਿਵੇਂ ਆ। ਮਨਪ੍ਰੀਤ ਇੰਨੀ ਮਿੱਠੀ ਬਣ ਗਈ ਕਿ ਅਸੀਂ ਭੁੱਲ ਹੀ ਗਏ ਕਿ ਚਲਾਕੀ ਦਾ ਸ਼ੀਸ਼ਾ ਲੋਕ ਵੇਖਦੇ ਕਿਵੇਂ। ਫੌਜ ਨੇ ਲੱਖਾਂ ਰੁਪਏ ਸ਼ਹੀਦ ਪੁੱਤ ਲਈ ਦਿੱਤੇ। ਅਸੀਂ ਕਿਹਾ, ਮਨਪ੍ਰੀਤ ਤੂੰ ਹੀ ਸਾਂਭ, ਕਿਉਂਕਿ ਸਭ ਕੁਝ ਮਿਲਦਾ ਉਹਦੇ ਨਾਂ ‘ਤੇ ਸੀæææਫਿਰ ਪੰਜਾਬ ਸਰਕਾਰ ਨੇ ਕਈ ਲੱਖ ਦਿੱਤੇ ਤੇ ਚਾਰ ਮਹੀਨੇ ਪਹਿਲਾਂ ਜਦੋਂ ਪੁੱਤ ਕਰ ਕੇ ਨੂੰਹ ਨੂੰ ਸਰਕਾਰੀ ਨੌਕਰੀ ਮਿਲੀ ਤਾਂ ਉਹਦਾ ਧਰਮੀ ਬਾਬਲ ਬਹਾਨੇ ਨਾਲ ਲੈ ਗਿਆ ਤੇ ਦੋ ਕੁ ਮਹੀਨੇ ਪਿੱਛੋਂ ਸਾਨੂੰ ਦੱਸ ਗਿਆ, ਧੀ ਦਾ ਚਿਹਰਾ ਵੇਖ ਨਹੀਂ ਹੁੰਦਾ ਸੀæææਲੋਕ ਕਹਿਣਗੇ ਪੈਸੇ ਦੇ ਲਾਲਚੀ ਹੋ ਗਏ, ਤਾਂ ਨ੍ਹੀਂ ਵਿਆਉਂਦੇ ਧੀ ਨੂੰ। ਇਸ ਲਈ ਗੁੱਸਾ ਨਾ ਕਰਿਓ, ਮਜਬੂਰੀ ਨਾਲ ਧੀ ਦੇ ਹੱਥ ਦੁਬਾਰਾ ਪੀਲ ਕਰਨੇ ਪੈ ਗਏ।’
‘æææਤੇ ਜਨਾਬ, ਲੰਕਾ ਦੂਜੀ ਵਾਰ ਤਾਂ ਨਹੀਂ ਸੀ ਲੁੱਟੀ ਗਈ?’
æææਤੇ ਉਹ ਫੌਜੀ ਅਫਸਰ ਬੁੱਢੇ ਜੋੜੇ ਦੇ ਵੈਣ ਸੁਣ ਕੇ ਸੋਚਦਾ ਸੀ, ਜਿਵੇਂ ਸ਼ਹੀਦ ਦੀ ਮਕਾਣੇ ਆ ਗਿਆ ਹੋਵਾਂ।
ਭਾਗੂ ਤੇ ਕੁਸ਼ੱਲਿਆ ਦੀਆਂ ਅੱਡੀਆਂ ਸਵਾਲੀਆ ਨਜ਼ਰਾਂ ਦਾ ਫੌਜੀ ਕੋਲ ਵੀ ਜਵਾਬ ਨਹੀਂ ਸੀ।
ਫੌਜੀ ਦੀ ਜੀਪ ਚਲੇ ਜਾਣ ਪਿੱਛੋਂ ਫਿਰ ਕੋਈ ਗੱਡੀ ਨਾ ਗੁਜ਼ਰੀ ਤੇ ਜਿਵੇਂ ਇਹ ਫੌਜੀ ਤੇ ਜੀਪ ਉਨ੍ਹਾਂ ਦੋਹਾਂ ਦੇ ਦੁੱਖਾਂ ਦੀ ਟਕਸਾਲ ਦਾ ਬੂਹਾ ਖੋਲ੍ਹ ਕੇ ਚਾਬੀ ਤੇ ਜਿੰਦਰਾ ਨਾਲ ਲੈ ਗਿਆ ਹੋਵੇ।

ਗੱਲ ਬਣੀ ਕਿ ਨਹੀਂ
ਨਸ਼ਈ ਮੁਲਕ
ਧੀਆਂ ਪਹਿਲਾਂ ਦੇ ਕੇ ਕਾਲੇ ਲਿਖਦੈਂ ਲੇਖ। ਅੱਖਾਂ ਖੋਲ੍ਹ ਕੇ ਡਾਢਿਆਂ ਜੱਗੋਂ ਤੇਰਵੀਂ ਦੇਖ।
ਤੇਰਾਂ ਸਾਲ ਦੀ ਬਚੜੀ ਬਣੀ ਬੱਚੇ ਦੀ ਮਾਂ। ਬੀਬੇ ਬੰਦੇ ਭਾਲਦੇ ਗਰਕਣ ਦੇ ਲਈ ਥਾਂ।
ਜਬਰੀ ਭੈਣਾਂ ਘਰਾਂ ਚੋਂ ਚੁੱਕਣ ਜ਼ੋਰਾਵਰ। ਹਾਕਮ ਥਾਪੀ ਦੇ ਰਹੇ ਨਹੀਂ ਕਿਸੇ ਦਾ ਡਰ।
ਧੀਆਂ ਗਈਆਂ ਸਹਿਮੀਆਂ ਬੋਲ ਸਕਣ ਨਾ ਬੋਲ। ਹੱਡ ਤੁੜਾ ਲਏ ਮਾਪਿਆਂ ਪੱਗਾਂ ਲਈਆਂ ਰੋਲ।
ਪਤਝੜ ਲੰਮੀ ਹੋ ਰਹੀ ਆਉਂਦੀ ਨਹੀਂ ਬਸੰਤ। ਕਿੱਦਾਂ ਬਚੂਗਾ ਮਾਲਕਾ ਇਹ ਤੇਰਾ ਜੀਆ-ਜੰਤ।
ਮੁਲਕ ਨਸ਼ਈ ਹੋ ਰਿਹਾ ਕਿਵੇਂ ਲਕੋਈਏ ਸੱਚ। ਲੱਭਣ ਨਾਹੀਂ ਜਵਾਨੀਆਂ ਭਰ ਭਰ ਆਉਂਦਾ ਗੱਚ।
ਛੱਡਦੇ ਫਿਕਰ ਜਹਾਨ ਦਾ ਆਪਣਾ ਅੱਗਾ ਢੱਕ। ਮੂੰਹ ‘ਤੇ ‘ਭੌਰੇ’ ਰਹਿ ਗਿਆ ਨਹੀਂ ਕਿਸੇ ਦੇ ਨੱਕ।

ਧੁੱਪੇ ਬੈਠੀਆਂ ਯਾਦਾਂ
ਸਾਡਾ ਯਾਰ ਜਸਪਾਲ ਭੱਟੀ ਵੀ ਚਲੇ ਗਿਆ
ਮੌਤ ਨਾਲ ਬਹਿਸ ਖਤਰਨਾਕ ਹੁੰਦੀ ਹੈ ਕਿਉਂਕਿ ਉਸ ਕੋਲ ਜਾਨ ਕੱਢਣ ਦਾ ਹਥਿਆਰ ਹੈ। ਅਸੀਂ ਸਾਰੇ ਮੌਤ ਦੀ ਨੁਮਾਇਸ਼ ਦੇ ਹਿੱਸੇਦਾਰ ਹਾਂ।
ਕਾਮੇਡੀ ਦਾ ਬਾਦਸ਼ਾਹ ਚਲੇ ਗਿਐ। ਜਸਪਾਲ ਭੱਟੀ ਵਰਗੇ ਬਹੁਤ ਘੱਟ ਲੋਕ ਹਨ ਜੋ ਕਲਮ ਤੇ ਜ਼ੁਬਾਂ, ਦੋਹਾਂ ਨਾਲ ਹੀ ਲੋਕਾਂ ਦਾ ਸਿਹਤਮੰਦ ਮਨੋਰੰਜਨ ਕਰਦੇ ਰਹੇ। ਹੋਣੀ ਦਾ ਫਰੇਬ ਦੇਖੋ ਕਿ ਜਿਸ ਕੰਮ ਲਈ ਉਹ ਭੱਜਿਆ ਫਿਰਦਾ ਸੀ, ਉਹਦੀ ਬੇੜੀ ਤਾਂ ਸਿਰੇ ਲਾ’ਤੀ ਪਰ ਮਲਾਹ ਪਾਰ ਨਹੀਂ ਲੱਗਣ ਦਿੱਤਾ। ਉਵੇਂ ਹੀ ਵਾਪਰ ਗਿਆ, ਹੋਣੀ ਜਿਵੇਂ ਕਰ ਕੇ ਵਿਖਾ ਦਿੰਦੀ ਹੈ, ਜਾਣੀ ਜ਼ਿੰਦਗੀ ਦੀ ਡੋਰ ਨਾਲ ਪੇਚਾ ਸਿਰਫ ਉਸ ਨੂੰ ਹੀ ਪਾਉਣਾ ਆਉਂਦਾ ਹੈ। ਵਿਗਿਆਨ ਚੰਦ ਤੋਂ ਵੀ ਅੱਗੇ ਲੈ ਜਾਵੇ ਪਰ ਜੀਵਨਦਾਨ ਡਾਢੇ ਦਿਆਂ ਹੱਥਾਂ ‘ਚ ਹੀ ਰਹੇਗਾ।
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਜਲੰਧਰ ਦੂਰਦਰਸ਼ਨ ਦੀ ਪੂਰੀ ਸਰਦਾਰੀ ਸੀ। ਅਜਿਹਾ ਹੋਰ ਕੋਈ ਚੈਨਲ ਹੈ ਵੀ ਨਹੀਂ ਸੀ। ਭੱਟੀ ਦਾ ‘ਉਲਟਾ ਪੁਲਟਾ’ ਦਿਨਾਂ-ਮਹੀਨਿਆਂ ਵਿਚ ਉਹਨੂੰ ਸ਼ੁਹਰਤ ਦੀ ਸਿਖ਼ਰ ‘ਤੇ ਲੈ ਗਿਆ। ਉਦੋਂ ਜਸਪਾਲ ਭੱਟੀ ਦਾ ‘ਉਲਟਾ ਪੁਲਟਾ’ ਤੇ ਅਮਿਤੋਜ ਦਾ ‘ਕੱਚ ਦੀਆਂ ਮੁੰਦਰਾਂ’ ਸਭ ਤੋਂ ਹਰਮਨਪਿਆਰੇ ਪ੍ਰੋਗਰਾਮ ਸਨ। ਸਾਲ 1982 ਵਿਚ ਮੈਂ ਵੀ ਦੂਰਦਰਸ਼ਨ ਦੇ ਕੁਝ ਪ੍ਰੋਗਰਾਮਾਂ ਦਾ ਸੰਚਾਲਕ ਬਣ ਗਿਆ ਸੀ। ਖ਼ਬਰਾਂ ਵਾਲੀ ‘ਬੀ’ ਸਟੂਡੀਓ ਵਿਚ ਤਿੰਨ-ਚਾਰ ਮਿੰਟ ਤੇ ਇਸ ‘ਉਲਟਾ ਪੁਲਟਾ’ ਪ੍ਰੋਗਰਾਮ ਦੀ ਰਿਕਾਰਡਿੰਗ ਹੋਣੀ ਹੁੰਦੀ ਸੀ ਜਿਸ ਨੂੰ ਫਿਰ ਦਿੱਲੀ ਨੈਸ਼ਨਲ ਨੈਟਵਰਕ ਲਈ ਭੇਜਿਆ ਜਾਂਦਾ ਸੀ। ਅਸੀਂ ਉਦੋਂ ਵੱਡੇ ਸਟੂਡੀਓ ਵਿਚ ਪ੍ਰੋਗਰਾਮ ਪੇਸ਼ ਕਰਦੇ ਸਾਂ, ਪਰ ਕੇਂਦਰ ਨਿਰਦੇਸ਼ਕ ਸਮੇਤ ਜਲੰਧਰ ਦੂਰਦਰਸ਼ਨ ਦਾ ਸਾਰਾ ਅਮਲਾ-ਫੈਲਾ ਭੱਟੀ ਦੇ ਸ਼ੋਅ ਵੇਲੇ ਸਟੂਡੀਓ ‘ਬੀ’ ਵਿਚ ਹੁੰਦਾ ਸੀ।
ਮੇਰੇ ਨਾਲ ਭੱਟੀ ਦੀਆਂ ਇਥੇ ਹੀ ਬਹੁਤੀਆਂ ਮੁਲਾਕਾਤਾਂ ਹੋਈਆਂ ਤੇ ‘ਫਲਾਪ ਸ਼ੋਅ’ ਜਾਂ ਫਿਲਮ ‘ਮਾਹੌਲ ਠੀਕ ਹੈ’ ਤੱਕ ਉਹਦੇ ਬਾਰੇ ‘ਅਜੀਤ’ ਦੇ ਪਹਿਲੇ ਪੰਨੇ ਵਰਗੀਆਂ ਸੁਰਖੀਆਂ ਵੀ ਮੈਨੂੰ ਲਾਉਣ ਦਾ ਮੌਕਾ ਮਿਲਦਾ ਰਿਹਾ। ਫਿਰ ਸਮਾਂ ਪਾ ਕੇ ਉਹਦਾ ਰਿਸ਼ਤੇ ‘ਚੋਂ ਲਗਦਾ ਨਜ਼ਦੀਕੀ ਅਰਵਿੰਦਰ ਸਿੰਘ ਭੱਟੀ ਜਲੰਧਰ ਦੇ ਇਸੇ ਕੇਂਦਰ ‘ਤੇ ਨਿਊਜ਼ ਰੀਡਰ ਬਣ ਗਿਆ। ਭੱਟੀ ਜਿਵੇਂ ਸਾਰਿਆਂ ਦੇ ਹੱਥਾਂ ‘ਚੋਂ ਨਿਕਲ ਕੇ ਕਮਾਲ ਦਾ ਕਲਾਕਾਰ ਬਣਿਆ, ਇਨ ਬਿਨ ਮੱਛੀ ਵਾਂਗ ਹੱਥਾਂ ਵਿਚੋਂ ਤਿਲਕ ਕੇ ਹੋਣੀ ਦੀ ਗੋਦ ਵਿਚ ਜਾ ਪਿਆ।
ਇਸ ਗੱਲ ਨੂੰ ਮੈਂ ਮਾਣ ਨਾਲ ਹੀ ਕਹਾਂਗਾ ਕਿ ਭੱਲੇ-ਬਾਲੇ ਹੋਰਾਂ ਨੂੰ ਮੈਂ ਜੱਸੋਵਾਲ ਦੇ ਘਰੋਂ ਭੰਡਾਂ ਦੀ ਨਕਲ ਲਾਉਂਦਿਆਂ ਜਾਣਦਾ ਹਾਂ। ਭਗਵੰਤ ਮਾਨ ਨੂੰ ‘ਗੋਭੀ ਦੀਏ ਕੱਚੀਏ ਵਪਾਰਨੇ’ ਤੋਂ, ਭਜਨੇ ਅਮਲੀ ਨੂੰ ਜਗਮੋਹਨ ਕੌਰ ਦੀ ਸਟੇਜ ਸਕੱਤਰੀ ਤੋਂ ਅਤੇ ਜਸਪਾਲ ਭੱਟੀ ਨੂੰ ਉਦੋਂ ਤੋਂ ਹੁਣ ਤੱਕæææਤੇ ਇਸ ਖੇਤਰ ਦੇ ਸਾਰੇ ਲੋਕ ਇਸ ਸਾਂਝ ਨੂੰ ਜਾਣਦੇ ਹਨ ਪਰ ਸਾਡਾ ਯਾਰ ਬਿਨਾਂ ਮੁਲਾਕਾਤ ਹੀ ਸਾਥ ਛੱਡ ਗਿਆ ਹੈ। ਜਸਰਾਜ ਤੇ ਰਾਬੀਆ ਹੁਣੇ ਜਨਮੇ ਸਨæææਸਵਿਤਾ ਨੇ ਦੁੱਖ ਨਹੀਂ ਦੇਖਿਆ ਸੀ ਪਰ ਦੁੱਖਾਂ ਦੇ ਪਹਾੜ ਨਾਲ ਮੱਥਾ ਲੱਗ ਗਿਆ ਹੈ।
ਮੈਂ ਹੋਣੀ ਨੂੰ ਹੁਣੇ ਚਕਮਾ ਦੇ ਕੇ ਹਟਿਆ ਹਾਂ ਪਰ ਉਹ ਉਹਨੂੰ ਵੀ ਗੱਲਾਂ ‘ਚ ਨਹੀਂ ਲੈ ਸਕਿਆ। ਰਿਸ਼ਤਾ ਕਰਨ ਵੇਲੇ ਹੀ ਪਤਾ ਲਗਦਾ ਹੈ ਕਿ ਚੰਗੇ ਘਰਾਂ ਦੇ ਧੀਆਂ ਪੁੱਤ ਪਹਿਲਾਂ ਹੀ ਮੰਗੇ ਜਾ ਚੁੱਕੇ ਹਨ।
ਖੈਰ! ਅਨੰਦ ਰੱਬ ਦਾ ਨਾਂ ਹੈ ਤੇ ਮੌਤ ਸਬਰ ਦਾ।
-ਐਸ਼ ਅਸ਼ੋਕ ਭੌਰਾ

Be the first to comment

Leave a Reply

Your email address will not be published.