ਅਮਰਦੀਪ ਸਿੰਘ ਅਮਰ
ਮੈਂ ਜਿਨ੍ਹਾਂ ਦਿਨਾਂ ਵਿਚ ਅਮਰੀਕਾ ਦੀ ਧਰਤੀ ਉਤੇ ਪੱਕੇ ਤੌਰ `ਤੇ ਵਸਣ ਦਾ ਮਨ ਬਣਾ ਲਿਆ, ਉਨ੍ਹਾਂ ਦਿਨਾਂ ਵਿਚ ਮੈਨੂੰ ਆਪਣੀ ਸਾਹਿਤਕ ਭੁੱਖ ਤ੍ਰਿਪਤ ਕਰਨ ਲਈ ਕਿਸੇ ਅਖ਼ਬਾਰ ਦੀ ਲੋੜ ਮਹਿਸੂਸ ਹੋਈ। ਪੰਜਾਬ ਵਿਚ ਰਹਿੰਦੇ ਸਮੇਂ ਮੈਂ ‘ਪੰਜਾਬੀ ਟ੍ਰਿਬਿਊਨ’ ਦਾ ਪਾਠਕ ਸਾਂ, ਸੋ ਇਹ ਭੁਸ ਮੈਨੂੰ ਇਥੇ ਵੀ ਪੰਜਾਬੀ ਅਖ਼ਬਾਰਾਂ ਵੱਲ ਖਿੱਚਦਾ ਸੀ। ਉਸ ਸਮੇਂ ਭਾਵੇਂ ਕਈ ਹੋਰ ਪੰਜਾਬੀ ਅਖ਼ਬਾਰ ਅਮਰੀਕਾ ਵਿਚ ਵੱਖ ਵੱਖ ਥਾਵਾਂ ਤੋਂ ਪ੍ਰਕਾਸ਼ਿਤ ਹੁੰਦੇ ਸਨ ਪਰ ਮੇਰੀ ਖੋਜ ਅਤੇ ਦ੍ਰਿਸ਼ਟੀ ‘ਪੰਜਾਬ ਟਾਈਮਜ਼’ ‘ਤੇ ਆ ਕੇ ਖਲੋ ਗਈ। ਉਨ੍ਹੀਂ ਦਿਨੀਂ ਸੋਸ਼ਲ ਮੀਡੀਆ ਦੀ ਵਬਾ ਅਜੇ ਪੂਰੀ ਤਰ੍ਹਾਂ ਫੈਲੀ ਨਹੀਂ ਸੀ; ਸੋ, ਆਮ ਜਾਣਕਾਰੀ ਅਤੇ ਪੜ੍ਹਨ ਲਿਖਣ ਦਾ ਭੁਸ ਪੂਰਾ ਕਰਨ ਦਾ ਸਾਧਨ ਅਖ਼ਬਾਰ ਹੀ ਹੁੰਦੇ ਸਨ।
ਇਉਂ ਪੰਜਾਬ ਤੋਂ ਇਥੇ ਆਉਣ ਕਰਕੇ ਮੇਰੀ ਪੜ੍ਹਨ ਲਿਖਣ ਦੀ ਦੁਨੀਆ ਅੰਦਰ ਜੋ ਖ਼ਲਾਅ ਪੈਦਾ ਹੋਇਆ ਸੀ, ਉਹ ‘ਪੰਜਾਬ ਟਾਈਮਜ਼’ ਨੇ ਪੂਰ ਦਿੱਤਾ। ਬਾਕੀ ਪੰਜਾਬੀ ਅਖ਼ਬਾਰਾਂ ਜੋ ਉਸ ਸਮੇਂ ਪ੍ਰਕਾਸ਼ਤ ਹੁੰਦੀਆਂ ਸਨ, ਉਹ ਕਿਸੇ ਨਾ ਕਿਸੇ ਸਿਆਸੀ, ਅਰਧ ਸਿਆਸੀ ਜਾਂ ਧਾਰਮਿਕ ਵਿਚਾਰਧਾਰਾ ਦਾ ਪੱਖ ਪੂਰਦੀਆਂ ਮਹਿਸੂਸ ਹੁੰਦੀਆਂ ਸਨ ਅਤੇ ਉਨ੍ਹਾਂ ਵਿਚ ਸਾਹਿਤਕਤਾ ਦੀ ਘਾਟ ਵੀ ਸਪੱਸ਼ਟ ਤੌਰ `ਤੇ ਦੇਖਣ ਵਿਚ ਆਉਂਦੀ ਸੀ। ‘ਪੰਜਾਬ ਟਾਈਮਜ਼’ ਵਿਚ ਮੈਨੂੰ ਇਹ ਨੁਕਸ ਦੇਖਣ ਨੂੰ ਨਾ ਮਿਲੇ। ‘ਪੰਜਾਬ ਟਾਈਮਜ਼’ ਦੀ ਕਾਲਮ ਘਾੜਤ, ਖ਼ਬਰ ਅਤੇ ਲੇਖ ਚੋਣ ਵਿਚੋਂ ਵੀ ਮੈਨੂੰ ‘ਪੰਜਾਬੀ ਟ੍ਰਿਬਿਊਨ’ ਦਾ ਝਉਲਾ ਪੈਂਦਾ। ਬਾਅਦ ਵਿਚ ਜਾ ਕੇ ਜਦ ਇਹ ਪਤਾ ਲੱਗਾ ਕਿ ‘ਪੰਜਾਬ ਟਾਈਮਜ਼’ ਦੇ ਸੰਪਾਦਕ ਅਮੋਲਕ ਸਿੰਘ ਜੰਮੂ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਵਿਚ ਕਾਰਜਸ਼ੀਲ ਰਹੇ ਹਨ ਤਾਂ ‘ਪੰਜਾਬ ਟਾਈਮਜ਼’ ਮੇਰੇ ਲਈ ਹੋਰ ਵੀ ਮੋਹ ਦਾ ਪਾਤਰ ਬਣ ਗਿਆ।
ਥੋੜ੍ਹੀ ਬਹੁਤ ਲਿਖਣ ਦੀ ਮੱਸ ਰੱਖਦਾ ਹੋਣ ਕਰਕੇ ਮੈਂ ਛੋਟੀਆਂ ਮੋਟੀਆਂ ਰਚਨਾਵਾਂ ‘ਪੰਜਾਬ ਟਾਈਮਜ਼’ ਨੂੰ ਭੇਜਣੀਆਂ ਸ਼ੁਰੂ ਕੀਤੀਆਂ ਜੋ ਗਾਹੇ-ਬਗਾਹੇ ਛਪਦੀਆਂ ਵੀ ਰਹੀਆਂ। ਇਸੇ ਦੌਰਾਨ ਬਾਈ ਅਮੋਲਕ ਸਿੰਘ ਜੰਮੂ ਨਾਲ ਫ਼ੋਨ `ਤੇ ਰਾਬਤਾ ਹੋਇਆ। ਪਹਿਲੇ ਰਾਬਤੇ ਸਮੇਂ ਹੀ ਉਨ੍ਹਾਂ ਬਹੁਤ ਪਿਆਰ ਨਾਲ ਗੱਲਬਾਤ ਕੀਤੀ। ਮੈਂ ਰਚਨਾਵਾਂ ਛਾਪ ਦੇਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਕਿਹਾ, “ਕਿਉਂ ਨਹੀਂ ਛੋਟੇ ਭਾਈ, ਜੇ ਛਾਪਣ ਯੋਗ ਹੋਣਗੀਆਂ ਤਾਂ ਜ਼ਰੂਰ ਛਾਪਾਂਗੇ।” ਬਾਈ ਅਮੋਲਕ ਸਿੰਘ ਦਾ ਮੇਰੇ ਉਤੇ ਸਭ ਤੋਂ ਪਹਿਲਾ ਪ੍ਰਭਾਵ ਇਹੀ ਰਿਹਾ ਕਿ ਉਹ ਆਪਣੀ ਕਾਰਜਸ਼ੈਲੀ ਪ੍ਰਤੀ ਜਿੱਥੇ ਬਹੁਤ ਜ਼ਿੰਮੇਵਾਰ ਸ਼ਖਸ ਸਨ, ਉਥੇ ਸਪਸ਼ਟਵਾਦੀ ਵੀ ਬਹੁਤ ਸਨ।
ਫਿਰ ਜਦ ਮੈਂ ਆਪਣੀ ਕਹਾਣੀ ‘ਲਾਣੇਦਾਰ` ਛਪਣ ਲਈ ਭੇਜੀ ਤਾਂ ਉਨ੍ਹਾਂ ਦੀ ਕਾਲ ਆਈ ਤੇ ਪੁੱਛਿਆ, “ਤੇਰੀ ਇਹ ਕਹਾਣੀ ਪਹਿਲੀ ਕਹਾਣੀ ਤਾਂ ਨਹੀਂ ਲੱਗਦੀ!” ਮੈਂ ਉੱਤਰ ਦਿੱਤਾ, “ਜੀ ਬਾਈ ਜੀ, ਮੈਂ ਥੋੜ੍ਹਾ ਬਹੁਤ ਪਹਿਲਾਂ ਵੀ ਲਿਖ ਲੈਂਦਾ ਰਿਹਾ ਹਾਂ।” ਨਾਲ ਹੀ ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਧਿਆਨ ਵਿਚ ਰੱਖ ਕੇ ਪੁੱਛਿਆ, “ਤੁਸੀਂ ਸਾਰੀਆਂ ਖ਼ਬਰਾਂ ਤੇ ਕਹਾਣੀਆਂ ਲੇਖ ਵਗੈਰਾ ਆਪ ਪੜ੍ਹ ਕੇ ਛਾਪਦੇ ਹੋ?” ਜਵਾਬ ਸੀ, “ਹਾਂ ਬਿਲਕੁਲ…ਹਰ ਚੀਜ਼ ਨਜ਼ਰਾਂ ਥਾਣੀਂ ਕੱਢਣੀ ਪੈਂਦੀ ਹੈ। ਸੰਪਾਦਨ ਦਾ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੁੰਦਾ। ਸਿਰਫ ਇਸ਼ਤਿਹਾਰ ਛਾਪਣੇ ਤੇ ਤੱਤੀਆਂ ਸੁਰਖੀਆਂ ਛਾਪਣਾ ਹੀ ਅਖਬਾਰ ਕੱਢਣਾ ਨਹੀਂ ਹੁੰਦਾ। ਨਾਲੇ ਅਖਬਾਰ ਤਾਂ ਮੇਰਾ ਇਸ਼ਕ ਹੈ।” ਬਾਈ ਅਮੋਲਕ ਸਿੰਘ ਦੇ ਕਹੇ ਇਹ ਸ਼ਬਦ ਮੇਰੇ ਧੁਰ-ਅੰਦਰ ਧਸ ਗਏ। ‘ਲਾਣੇਦਾਰ` ਕਹਾਣੀ ‘ਪੰਜਾਬ ਟਾਈਮਜ਼’ ਵਿਚ ਛਪੀ, ਪਾਠਕਾਂ ਨੇ ਪੜ੍ਹੀ ਤੇ ਪਸੰਦ ਵੀ ਕੀਤੀ। ਫਿਰ ਉਨ੍ਹਾਂ ਦੀ ਕਾਲ ਆਈ, “ਯਾਰ ਅਮਰ, ਤੂੰ ਤਾਂ ‘ਲਾਣੇਦਾਰ` ਲਿਖ ਕੇ ਲਾਣੇਦਾਰ ਬਣ ਗਿਆ।” ਉਨ੍ਹਾਂ ਮੈਨੂੰ ਸ਼ਾਬਾਸ਼ ਦਿੱਤੀ ਅਤੇ ਨਾਲ ਹੀ ਕਿਹਾ, “ਜਦੋਂ ਕਿਤੇ ਸ਼ਿਕਾਗੋ ਆਇਆ ਤਾਂ ਮਿਲ ਕੇ ਜਾਈਂ।”
ਫਿਰ ਸ਼ਿਕਾਗੋ ਵਿਚ ਇਕ ਖੇਡ ਮੇਲੇ ਵਿਚ ਪਹਿਲੀ ਵਾਰ ਉਨ੍ਹਾਂ ਨਾਲ ਮਿਲਾਪ ਹੋਇਆ। ਬਾਈ ਅਮੋਲਕ ਸਿੰਘ ਵ੍ਹੀਲਚੇਅਰ ‘ਤੇ ਸਨ। ਮੈਂ ਆਪਣਾ ਤੁਆਰਫ ਕਰਵਾਇਆ ਤਾਂ ਉਹ ਬਹੁਤ ਗਰਮਜੋਸ਼ੀ ਨਾਲ ਮਿਲੇ, ਭਾਵੇਂ ਉਨ੍ਹਾਂ ਦਾ ਸਰੀਰ ਪੂਰਨ ਰੂਪ ਵਿਚ ਸਾਥ ਨਹੀਂ ਦੇ ਰਿਹਾ ਸੀ ਪਰ ਉਨ੍ਹਾਂ ਦੇ ਚਿਹਰੇ ‘ਤੇ ਚੜ੍ਹਦੀ ਕਲਾ ਦਾ ਨੂਰ ਛਲਕ ਰਿਹਾ ਸੀ। ਇਹ ਨੂਰ ਮੈਂ ਜਦ ਵੀ ਉਨ੍ਹਾਂ ਨੂੰ ਮਿਲਿਆ, ਉਨ੍ਹਾਂ ਦੇ ਚਿਹਰੇ `ਤੇ ਦੇਖਿਆ। ਉਨ੍ਹਾਂ ਨੂੰ ਮਿਲਣ ਵਾਲਾ ਹਰ ਸ਼ਖਸ ਉਨ੍ਹਾਂ ਕੋਲੋਂ ਮਣਾਂਮੂੰਹੀਂ ਮੁਹੱਬਤ, ਜ਼ਿੰਦਗੀ ਜਿਊਣ ਲਈ ਸਿਰੜ ਅਤੇ ਚੜ੍ਹਦੀ ਕਲਾ ਦਾ ਅਹਿਸਾਸ ਲੈ ਕੇ ਮੁੜਦਾ। ਮੇਰਾ ਉਨ੍ਹਾਂ ਨਾਲ 2008 ਤੋਂ ਸ਼ੁਰੂ ਹੋਏ ਮੇਲ-ਮਿਲਾਪ ਦਾ ਸਿਲਸਲਾ ਉਨ੍ਹਾਂ ਦੇ ਅੰਤਿਮ ਸਾਹਾਂ ਤੱਕ ਜਾਰੀ ਰਿਹਾ। ਜਦ ਕਦੇ ਵੀ ਮੈਂ ਸ਼ਿਕਾਗੋ ਜਾਂਦਾ ਤਾਂ ਉਨ੍ਹਾਂ ਨੂੰ ਜ਼ਰੂਰ ਮਿਲਦਾ। ਬਿਮਾਰੀ ਦੀ ਸ਼ਿੱਦਤ ਵਾਲੇ ਦਿਨਾਂ ਵਿਚ ਵੀ ਕਦੇ ਉਨ੍ਹਾਂ ਦੇ ਮੂੰਹੋਂ ਨਿਰਾਸ਼ਾਵਾਦੀ ਸ਼ਬਦ ਨਹੀਂ ਸੁਣੇ ਸਨ। ਆਖਦੇ ਸਨ, “ਅਮਰ ਸਿੰਹਾਂ, ਸਰੀਰ ਦਾ ਕੀ ਐ? ਸਾਰਿਆਂ ਦਾ ਇਕ ਨਾ ਇਕ ਦਿਨ ਛੁੱਟਣਾ ਹੀ ਹੈ ਪਰ ਬੰਦੇ ਦਾ ਕੰਮ ਤੇ ਉਹਦਾ ਸਿਰੜ ਹੀ ਨਾਲ ਨਿਭਦੈ। ਮੇਰੀ ਤਾਂ ਬੱਸ ਇਕ ਹੀ ਖਾਹਿਸ਼ ਹੈ ਕਿ ਮਾਂ ਬੋਲੀ ਦੀ ਸੇਵਾ ਕਰਦਿਆਂ ਆਖਰੀ ਸੁਆਸ ਲਵਾਂ।”
ਅਮੋਲਕ ਸਿੰਘ ਹੱਡ-ਮਾਸ ਦਾ ਬਣਿਆ ਆਮ ਸ਼ਖਸ ਨਹੀਂ ਸੀ ਸਗੋਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਸੂਰਮਗਤੀ ਨਾਲ ਸਾਹਮਣਾ ਕਰਨ ਵਾਲਾ ਯੋਧਾ ਸੀ ਜੋ ਅੰਤਿਮ ਸਾਹਾਂ ਤੱਕ ਸਿਰਫ ਲੜਿਆ ਹੀ ਨਹੀਂ ਸਗੋਂ ਕਈ ਹੋਰਾਂ ਲਈ ਮਿਸਾਲ ਪੈਦਾ ਕਰ ਗਿਆ ਕਿ ਜਿਨ੍ਹਾਂ ਲੋਕਾਂ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ, ਮੁਸ਼ਕਿਲਾਂ ਦੀ ਅੱਗ ਵੀ ਉਨ੍ਹਾਂ ਦਾ ਹੌਸਲਾ ਪਸਤ ਨਹੀਂ ਕਰ ਸਕਦੀ ਸਗੋਂ ਉਹ ਮੁਸ਼ਕਿਲ ਦਰ ਮੁਸ਼ਕਿਲ ਔਕੜਾਂ ਦਾ ਸਾਹਮਣਾ ਕਰਦੇ ਹੋਏ ਖਰਾ ਸੋਨਾ ਬਣ ਕੇ ਨਿੱਖਰਦੇ ਹਨ। ਇਕਬਾਲ ਦੀਆਂ ਇਹ ਸਤਰਾਂ ਬਾਈ ਅਮੋਲਕ ਸਿੰਘ ‘ਤੇ ਪੂਰਨ ਰੂਪ ਵਿਚ ਢੁਕਦੀਆਂ ਹਨ:
ਨਿਸ਼ਾਨ-ਏ-ਮਰਦ-ਏ-ਮੋਮਿਨ ਬਾ ਤੂ ਗੋਯਮ
ਚੂੰ ਮਰਗ ਆਯਦ, ਤਬੱਸੁਮ ਬਰ ਲਬ-ਏ-ਓਸਤ॥
ਅਰਥਾਤ, ਤੁਸੀਂ ਮੈਨੂੰ ਧਰਮੀ ਆਦਮੀ ਦੀ ਨਿਸ਼ਾਨੀ ਪੁੱਛਦੇ ਹੋ? ਉਹ ਐਸਾ ਸ਼ਖਸ ਹੈ, ਮੌਤ ਆਉਣ ‘ਤੇ ਜਿਸ ਦੇ ਬੁੱਲ੍ਹਾਂ ‘ਤੇ ਮੁਸਕਰਾਹਟ ਹੁੰਦੀ ਹੈ।