ਜਦੋਂ ਰਾਜ-ਕਰਤੇ ਵੋਟਾਂ ਲੈਣ ਜਾਣਗੇ ਤਾਂ ਕੀ ਹੋਵੇਗਾ!

ਜਤਿੰਦਰ ਪਨੂੰ
ਭਾਰਤ ਦੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਇੱਕ ਸ਼ੇਅਰ ਆਮ ਚਰਚਾ ਵਿਚ ਆਉਂਦਾ ਰਹਿੰਦਾ ਹੈ, ਉਸੇ ਬਹਾਦਰ ਸ਼ਾਹ ਜ਼ਫਰ ਦਾ, ਜੋ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਵਿਚ ਅੰਗਰੇਜ਼ਾਂ ਵਿਰੁੱਧ ਲੜਿਆ ਅਤੇ ਉਸ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਦਿੱਤਾ ਸੀ। ਉਸ ਦੇ ਪਰਿਵਾਰ ਅਤੇ ਪੁੱਤਰਾਂ ਦਾ ਕੀ ਬਣਿਆ, ਇਹ ਸਭ ਵੱਖਰਾ ਵਿਸ਼ਾ ਹੈ। ਗੱਲ ਉਸ ਦੇ ਇਸ ਸ਼ੇਅਰ ਦੀ ਹੈ ਕਿ ‘ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।’ ਇਸ ਸ਼ੇਅਰ ਦੀ ਕਹਾਣੀ ਵੀ ਪਾਈਏ ਤਾਂ ਗੱਲ ਇਥੇ ਪੁੱਜ ਜਾਣੀ ਹੈ ਕਿ ਸ਼ੇਅਰ ਉਸ ਦਾ ਸੀ ਜਾਂ ਉਸ ਦੇ ਨਾਂ ਨਾਲ ਜੁੜ ਗਿਆ। ਕਿਹਾ ਜਾਂਦਾ ਹੈ ਕਿ ਬਹਾਦਰ ਸ਼ਾਹ ਜ਼ਫਰ ਨੇ ਸਿਰਫ ਏਨਾ ਲਿਖਿਆ ਸੀ:

ਲਗਤਾ ਨਹੀਂ ਹੈ ਦਿਲ ਮੇਰਾ, ਉਜੜੇ ਦਿਆਰ ਮੇਂ।
ਕਿਸ ਕੀ ਬਨੀ ਹੈ ਆਲਮ-ਇ-ਨਾ-ਪਾਏਦਾਰ ਮੇਂ।
ਕਿਤਨਾ ਹੈ ਬਦ-ਨਸੀਬ ‘ਜ਼ਫਰ’ ਦਫਨ ਕੇ ਲੀਏ,
ਦੋ ਗਜ਼ ਜ਼ਮੀਂ ਭੀ ਨਾ ਮਿਲੀ ਕੂ-ਇ-ਯਾਰ ਮੇਂ।
ਸੀਮਾਬ ਅਕਬਰਾਬਾਦੀ ਵੱਲੋਂ ਲਿਖਿਆ ‘ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ’ ਇਸ ਸ਼ੇਅਰ ਨਾਲ ਏਨਾ ਤੇ ਬਹਾਦਰ ਸ਼ਾਹ ਜ਼ਫਰ ਦੀ ਜਿ਼ੰਦਗੀ ਨਾਲ ਏਨਾ ਮਿਲਦਾ ਸੀ ਕਿ ਕਿਹਾ ਜਾਂਦਾ ਹੈ ਕਿ ਸਿਰਫ ਇਸੇ ਲਈ ਬਹਾਦਰ ਸ਼ਾਹ ਜ਼ਫਰ ਦਾ ਮੰਨਿਆ ਗਿਆ। ਇਹ ਗੱਲ ਕਿੰਨੀ ਠੀਕ ਅਤੇ ਕਿੰਨੀ ਗਲਤ ਹੈ, ਮੈਂ ਨਹੀਂ ਜਾਣ ਸਕਿਆ, ਪਰ ਮੈਂ ਇਸ ਨੂੰ ਅਜੋਕੀਆਂ ਹਕੂਮਤਾਂ ਦੇ ਚੱਲਣ ਨਾਲ ਜੋੜ ਕੇ ਵੇਖਦਾ ਹਾਂ।
ਇਸ ਵਕਤ ਭਾਰਤ ਚੋਣਾਂ ਦੇ ਇੱਕ ਹੋਰ ਦੌਰ ਲਈ ਗੇਅਰ ਵਿਚ ਪੈ ਚੁੱਕਾ ਹੈ। ਅਜੇ ਦੋ-ਢਾਈ ਮਹੀਨੇ ਪਹਿਲਾਂ ਹੀ ਅਸੀਂ ਭਾਰਤ ਦੀਆਂ ਪੰਜ ਵਿਧਾਨ ਸਭਾਵਾਂ ਲਈ ਚੋਣਾਂ ਦਾ ਇੱਕ ਗੇੜ ਵੇਖਿਆ ਤੇ ਵੇਖਣ ਤੋਂ ਵੱਧ ਭੁਗਤਿਆ ਹੈ। ਨਵਾਂ ਸਾਲ ਚੜ੍ਹਨ ਵਿਚ ਮਸਾਂ ਸਾਢੇ ਪੰਜ ਮਹੀਨੇ ਬਾਕੀ ਹਨ ਤੇ ਉਹ ਸਾਲ ਚੜ੍ਹਦੇ ਸਾਰ ਪੰਜ ਹੋਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਦਾ ਦੌਰ ਚੱਲ ਪਵੇਗਾ। ਸਾਡੇ ਪੰਜਾਬ ਦੇ ਨਾਲ ਭਾਰਤ ਦਾ ਸਭ ਤੋਂ ਵੱਡਾ ਰਾਜ ਉੱਤਰ ਪ੍ਰਦੇਸ਼ ਵੀ ਉਸ ਵਕਤ ਚੋਣਾਂ ਕਰਾਵੇਗਾ, ਉਸ ਤੋਂ ਕੱਟ ਕੇ ਬਣਾਇਆ ਉੱਤਰਾਖੰਡ ਵੀ, ਉੱਤਰ ਪੂਰਬ ਦਾ ਰਾਜ ਮਨੀਪੁਰ ਵੀ ਤੇ ਸੰਸਾਰ ਪ੍ਰਸਿੱਧ ਟੂਰਿਸਟ ਟਿਕਾਣੇ ਵਾਲੇ ਰਾਜ ਗੋਆ ਵਿਚ ਵੀ ਚੋਣਾਂ ਹੋਣਗੀਆਂ। ਮਨੀਪੁਰ ਅਤੇ ਗੋਆ ਵਿਚ ਇਸ ਵੇਲੇ ਕਿੱਦਾਂ ਦੀ ਹਾਲਤ ਹੈ, ਇਸ ਬਾਰੇ ਨਾ ਬਹੁਤਾ ਕੁਝ ਅਸੀਂ ਜਾਣਦੇ ਹਾਂ, ਨਾ ਜਾਣਨ ਦੀ ਇੱਛਾ ਹੁੰਦੀ ਹੈ, ਪਰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦਾ ਸਾਨੂੰ ਪੰਜਾਬ ਜਿੰਨਾ ਪਤਾ ਭਾਵੇਂ ਨਹੀਂ ਹੋ ਸਕਦਾ, ਫਿਰ ਵੀ ਬਹੁਤ ਕੁਝ ਪਤਾ ਲੱਗਦਾ ਰਹਿੰਦਾ ਹੈ। ਜਦੋਂ ਅਗਲੇ ਸਾਲ ਇਹ ਤਿੰਨੇ ਰਾਜ ਚੋਣਾਂ ਵਿਚ ਜਾਣ ਵਾਸਤੇ ਤਿਆਰ ਹਨ, ਇਨ੍ਹਾਂ ਵਿਚੋਂ ਕਿਸੇ ਇੱਕ ਦੇ ਹਾਲਾਤ ਵੀ ਇਹੋ ਜਿਹੇ ਨਹੀਂ ਕਹੇ ਜਾ ਸਕਦੇ ਕਿ ਅੱਜ ਦੇ ਰਾਜ-ਕਰਤੇ ਆਪਣੇ ਕੀਤੇ ਕੰਮਾਂ ਦੇ ਨਾਂ ਉੱਤੇ ਲੋਕਾਂ ਕੋਲੋਂ ਵੋਟਾਂ ਮੰਗ ਸਕਦੇ ਹੋਣ।
ਉੱਤਰ ਪ੍ਰਦੇਸ਼ ਵਿਚ ਘਰੋਂ ਸਾਰੀ ਮੋਹ-ਮਾਇਆ ਛੱਡ ਕੇ ਰੱਬ ਦੀ ਭਗਤੀ ਕਰਨ ਦੇ ਰਾਹ ਪਿਆ ਵਿਅਕਤੀ ਰਾਜ-ਸੁਖ ਮਾਣਨ ਵਿਚ ਏਨਾ ਜਿ਼ਆਦਾ ਗਲਤਾਨ ਹੈ ਕਿ ਸਿਰਫ ਚੋਲਾ ਸਾਧ ਦਾ ਹੈ, ਬਾਕੀ ਸਭ ਕੰਮ ਦੇਸ਼ ਦੇ ਰਾਜਸੀ ਆਗੂਆਂ ਵਾਲੇ ਹਨ। ਲੋਕਾਂ ਲਈ ਕੁਝ ਕੀਤਾ ਨਹੀਂ ਤੇ ਆਪਣੀ ਪਾਰਟੀ ਵਿਚ ਸਾਥੀਆਂ ਨਾਲ ਏਦਾਂ ਭਿੜਦਾ ਰਿਹਾ ਕਿ ਅਗਲੀ ਵਾਰੀ ਸਾਰੀ ਭਾਜਪਾ ਟੀਮ ਮਿਲ ਕੇ ਨਹੀਂ ਚੱਲ ਸਕਦੀ। ਭਾਜਪਾ ਦੀ ਮਾਂ ਦਾ ਦਰਜਾ ਰੱਖਦੇ ਸੰਘ ਪਰਿਵਾਰ ਦੇ ਆਗੂ ਉਥੇ ਆ ਕੇ ਭਾਜਪਾ ਆਗੂਆਂ ਨੂੰ ਮਿਲ ਕੇ ਚੱਲਣ ਦੀਆਂ ਹਦਾਇਤਾਂ ਕਰਦੇ ਹਨ, ਪਰ ਮੰਨਦਾ ਕੋਈ ਨਹੀਂ। ਏਨਾ ਕੁ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਾਂਗ ਲੋਕਾਂ ਅੱਗੇ ਵਿਖਾਲਾ ਨਹੀਂ ਪਾ ਰਹੇ। ਉੱਤਰਾਖੰਡ ਦਾ ਮੁੱਖ ਮੰਤਰੀ ਸਵਾ ਚਾਰ ਸਾਲਾਂ ਵਿਚ ਤਿੰਨ ਵਾਰੀ ਬਦਲਿਆ ਜਾਣਾ ਦੱਸਦਾ ਹੈ ਕਿ ਉਥੇ ਭਾਜਪਾ ਦੀ ਅੰਦਰੂਨੀ ਹਾਲਤ ਕਿਸ ਤਰ੍ਹਾਂ ਨਿੱਘਰੀ ਹੋਈ ਹੈ ਅਤੇ ਭ੍ਰਿਸ਼ਟਾਚਾਰ ਵੀ ਲੁਕਾਇਆ ਨਹੀਂ ਜਾ ਰਿਹਾ। ਕੇਂਦਰੀ ਲੀਡਰ ਇਸ ਕਾਰਨ ਫਿਕਰਾਂ ਵਿਚ ਹਨ।
ਇਨ੍ਹਾਂ ਦੋਹਾਂ ਵੱਲੋਂ ਹਟ ਕੇ ਜਦੋਂ ਅਸੀਂ ਪੰਜਾਬ ਦੀ ਹਾਲਤ ਵੇਖਦੇ ਹਾਂ ਤਾਂ ਇਥੇ ਚਾਰ ਸਾਲ ਬੀਤ ਜਾਣ ਪਿੱਛੋਂ ਹਾਲਤ ਏਦਾਂ ਦੀ ਹੈ ਕਿ ਭਲਕੇ ਸਰਕਾਰ ਦਾ ਮੁਖੀ ਕੌਣ ਹੋਵੇਗਾ, ਇਹੋ ਚਰਚਾ ਚੱਲੀ ਜਾਂਦੀ ਹੈ। ਦਿੱਲੀ ਬੈਠੀ ਪਾਰਟੀ ਹਾਈ ਕਮਾਂਡ ਅਣਹੋਈ ਤੋਂ ਵੀ ਵੱਧ ਬੇਅਸਰ ਹੋ ਚੁਕੀ ਹੈ। ਅਸੀਂ ਕਿਸੇ ਇੱਕ ਪੱਖ ਨੂੰ ਠੀਕ ਤੇ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ, ਇਹ ਕੰਮ ਉਹ ਸਾਰੇ ਜਣੇ ਖੁਦ ਕਰ ਰਹੇ ਹਨ, ਸਾਡੀ ਦਿਲਚਸਪੀ ਦਾ ਵੱਡਾ ਨੁਕਤਾ ਇਹ ਹੈ ਕਿ ਜੋ ਗੱਲਾਂ ਇਸ ਸਰਕਾਰ ਦੇ ਵਿਰੋਧੀਆਂ ਨੂੰ ਕਹਿਣੀਆਂ ਚਾਹੀਦੀਆਂ ਹਨ, ਰਾਜ ਕਰਦੀ ਇਸ ਪਾਰਟੀ ਦੇ ਆਪਣੇ ਆਗੂ ਇੱਕ ਦੂਸਰੇ ਬਾਰੇ ਖੁਦ ਹੀ ਕਹੀ ਜਾਂਦੇ ਹਨ। ਕੱਲ੍ਹ ਨੂੰ ਜਦੋਂ ਇਨ੍ਹਾਂ ਦੇ ਵਿਰੋਧੀਆਂ ਨੇ ਆਪਣੇ ਚੋਣ ਪ੍ਰਚਾਰ ਦੇ ਨੁਕਤੇ ਲੱਭਣੇ ਹਨ ਤਾਂ ਉਨ੍ਹਾਂ ਨੂੰ ਖੇਚਲ ਕਰਨ ਦੀ ਲੋੜ ਨਹੀਂ, ਜਿੰਨਾ ਕੁਝ ਇਹ ਲੋਕ ਅੱਜ ਕੱਲ੍ਹ ਖੁਦ ਕਹਿੰਦੇ ਅਤੇ ਫਿਰ ਮੀਡੀਏ ਵਾਲਿਆਂ ਨੂੰ ਲੱਭ-ਲੱਭ ਕੇ ਪਰੋਸਦੇ ਪਏ ਹਨ, ਉਹ ਇਨ੍ਹਾਂ ਦੇ ਵਿਰੋਧੀਆਂ ਦੇ ਕੰਮ ਆ ਜਾਵੇਗਾ।
ਕਾਂਗਰਸ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਉਨ੍ਹਾਂ ਦੇ ਰਾਜ ਦੇ ਚਾਰ ਸਾਲਾਂ ਤੋਂ ਵੱਧ ਦੇ ਸਮੇਂ ਦੀਆਂ ਪ੍ਰਾਪਤੀਆਂ ਬਾਰੇ ਪੁੱਛੋ ਤਾਂ ਉਹ ਇਹ ਕਦੇ ਨਹੀਂ ਕਹੇਗਾ ਕਿ ਉਸ ਨੇ ਖੁਦ ਕੀ ਕੀਤਾ ਹੈ, ਸਗੋਂ ਇਹ ਦੱਸਣ ਲੱਗ ਜਾਵੇਗਾ ਕਿ ਉਸ ਦੇ ਵਿਰੋਧੀ ਧੜੇ ਨੇ ਇਸ ਦੌਰਾਨ ਬੇੜਾ ਗਰਕ ਕਰਨ ਲਈ ਆਹ ਕੁਝ ਕੀਤਾ ਹੈ। ਲੋਕਾਂ ਨੂੰ ਬਿਜਲੀ ਚਾਹੀਦੀ ਹੈ, ਮਿਲਦੀ ਨਹੀਂ ਅਤੇ ਰੁਜ਼ਗਾਰ ਵੀ ਮਿਲਿਆ ਨਹੀਂ। ਨਸ਼ੀਲੇ ਪਦਾਰਥਾਂ ਦਾ ਵਹਿਣ ਬੰਦ ਕਰਨ ਦਾ ਦਾਅਵਾ ਕੀਤਾ ਸੀ, ਉਹ ਕਰ ਨਹੀਂ ਸਕੇ ਤੇ ਸਿੱਖ ਭਾਈਚਾਰੇ ਦੇ ਜਿਹੜੇ ਦੋ ਭਾਵੁਕ ਮੁੱਦਿਆਂ ਉੱਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦਾ ਵਾਅਦਾ ਕੀਤਾ ਸੀ, ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਵਾਲਾ ਮੁੱਦਾ ਹੋਵੇ ਜਾਂ ਬਰਗਾੜੀ ਦਾ ਬੇਅਦਬੀ ਕਾਂਡ ਹੋਵੇ, ਕਿਸੇ ਵਿਚ ਵੀ ਲੋਕਾਂ ਦੀ ਤਸੱਲੀ ਕਰਵਾ ਸਕਣ ਵਰਗਾ ਕੁਝ ਨਹੀਂ ਕੀਤਾ ਗਿਆ। ਜਿਹੜਾ ਸਮਾਂ ਅਤੇ ਸ਼ਕਤੀ ਲੋਕਾਂ ਦੇ ਕੰਮਾਂ ਲਈ ਲਾਉਣੀ ਚਾਹੀਦੀ ਸੀ, ਉਹ ਕਾਂਗਰਸ ਦੇ ਲੀਡਰਾਂ ਦੀ ਆਪਸੀ ਖਹਿਬਾਜ਼ੀ ਵਿਚ ਲੱਗਦੀ ਰਹੀ ਹੈ ਅਤੇ ਜਨਤਕ ਮੁੱਦੇ ਅੱਜ ਤੱਕ ਓਦਾਂ ਹੀ ਠੱਪੇ ਪਏ ਸੁਣੀਂਦੇ ਹਨ।
ਪੰਜਾਬ ਵਿਚ ਰਾਜ ਕਰਦੀ ਕਾਂਗਰਸ ਪਾਰਟੀ ਦੇ ਕੋਲ ਜਦੋਂ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ, ਇਸ ਦੇ ਅੰਦਰਲਾ ਕਲੇਸ਼ ਅਜੇ ਵੀ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ ਤਾਂ ਇਸ ਦੇ ਇਹੋ ਜਿਹੇ ਪਿਛਲੇ ਤਜਰਬੇ ਤੋਂ ਕੋਈ ਸਬਕ ਲੈਣ ਦੀ ਲੋੜ ਵੀ ਕਿਸੇ ਲੀਡਰ ਨੂੰ ਨਹੀਂ ਜਾਪਦੀ। ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਮਗਰੋਂ ਹਰਚਰਨ ਸਿੰਘ ਬਰਾੜ ਅਤੇ ਰਜਿੰਦਰ ਕੌਰ ਭੱਠਲ ਦਾ ਆਖਰੀ ਸਾਲ ਦਾ ਆਢਾ ਇਸ ਪਾਰਟੀ ਨੂੰ ਲੈ ਬੈਠਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਦੇ ਆਖਰੀ ਸਾਲ ਵਿਚ ਵੀ ਕੈਪਟਨ ਅਤੇ ਭੱਠਲ ਧੜਿਆਂ ਦੀ ਖਹਿਬਾਜ਼ੀ ਆਖਰੀ ਦਿਨ ਤੱਕ ਚੱਲਦੀ ਰਹੀ ਸੀ, ਜਿਸ ਨੇ ਦੋਹਾਂ ਨੂੰ ਲੋਕਾਂ ਕੋਲ ਜਾਣ ਜੋਗੇ ਨਹੀਂ ਸੀ ਛੱਡਿਆ। ਉਹੀ ਕੁਝ ਇਸ ਵਾਰ ਹੋਈ ਜਾਂਦਾ ਹੈ। ਕੋਈ ਵਕਤ ਸੀ ਕਿ ਅਕਾਲੀ ਦਲ ਦੇ ਲੀਡਰ ਇਹ ਰੋਣਾ ਰੋਇਆ ਕਰਦੇ ਸਨ ਕਿ ਸਾਡੇ ਵਿਚ ਕਾਂਗਰਸ ਪਾਟਕ ਪਾਉਂਦੀ ਹੈ ਅਤੇ ਸਾਡੇ ਅੱਧੇ ਆਗੂ ਕਾਂਗਰਸ ਦੇ ਇੱਕ ਲੀਡਰ ਅਤੇ ਅੱਧੇ ਦੂਸਰੇ ਦੇ ਹੱਥਾਂ ਵਿਚ ਖੇਡਦੇ ਹਨ।
ਅੱਜ ਇਹੋ ਜਿਹਾ ਹਾਲ ਕਾਂਗਰਸ ਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕਾਂਗਰਸ ਦੇ ਆਪਣੇ ਲੀਡਰ ਹੀ ਬਾਦਲ ਪਰਿਵਾਰ ਨਾਲ ਮਿਲਿਆ ਹੋਣ ਦਾ ਦੋਸ਼ ਲਾਈ ਜਾਂਦੇ ਹਨ ਤੇ ਨਵਜੋਤ ਸਿੰਘ ਸਿੱਧੂ ਨੂੰ ਕਦੀ ਇੱਕ ਪਾਰਟੀ ਤੇ ਕਦੀ ਦੂਸਰੀ ਵਿਚ ਜਾਣ ਨੂੰ ਤਿਆਰ ਦੱਸਿਆ ਜਾਂਦਾ ਹੈ। ਪੰਜਾਂ ਸਾਲਾਂ ਦਾ ਸਮਾਂ ਇਨ੍ਹਾਂ ਨੇ ਜਿੰਨਾ ਗੁਜ਼ਾਰਨਾ ਸੀ, ਉਸ ਦਾ ਬਹੁਤਾ ਲੰਘ ਗਿਆ ਅਤੇ ਥੋੜ੍ਹਾ ਜਿਹਾ ਬਾਕੀ ਹੈ, ਜਿਸ ਦੇ ਬਾਅਦ ਇਹ ਆਪਣੀ ਇਸ ਸਰਕਾਰ ਦੌਰਾਨ ਕੀਤੀ ਆਪੋ-ਆਪਣੀ ਕਮਾਈ ਗਿਣਨਗੇ, ਪਰ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਨੂੰ ਰਾਜ ਦਿੱਤਾ ਸੀ, ਉਹਦੇ ਪੱਲੇ ਕਿੰਨਾ ਪਾਇਆ ਹੈ, ਇਸ ਸਵਾਲ ਦਾ ਜਵਾਬ ਦੇਣਾ ਪਵੇ ਤਾਂ ਖਾਲੀ ਪਰਚਾ ਦੇਣਾ ਪਵੇਗਾ। ਮਿਲੀ ਮਿਆਦ ਦਾ ਅੱਧਾ ਸਮਾਂ ਭ੍ਰਿਸ਼ਟ ਤਰੀਕਿਆਂ ਨਾਲ ਕਮਾਈਆਂ ਕਰਨ ਉੱਤੇ ਲਾ ਦਿੱਤਾ ਤੇ ਅੱਧ ਸਮਾਂ ਆਪਸੀ ਭੇੜ ਕਰਨ ਉੱਤੇ ਲਾਉਣ ਪਿੱਛੋਂ ਲੋਕਾਂ ਕੋਲ ਜਾਣ ਵੇਲੇ ਉਹ ਸ਼ੇਅਰ ਹੀ ਪੱਲੇ ਰਹਿ ਜਾਵੇਗਾ, ਜਿਹੜਾ ਭਾਵੇਂ ਬਹਾਦਰ ਸ਼ਾਹ ਜ਼ਫਰ ਦਾ ਕਹਿ ਲਓ ਤੇ ਭਾਵੇਂ ਅਕਬਰਾਬਾਦੀ ਦਾ; ਇਸ ਪਾਰਟੀ ਦੇ ਇਨ੍ਹਾਂ ਲੀਡਰਾਂ ਉੱਤੇ ਪੂਰੀ ਤਰ੍ਹਾਂ ਫਿੱਟ ਬੈਠ ਸਕਦਾ ਹੈ:
ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ,
ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।
ਜਦੋਂ ਅੱਜ ਦੇ ਪੰਜਾਬ ਦੇ ਰਾਜ-ਕਰਤਿਆਂ ਨੂੰ ਅਗਲੇ ਸਾਲ ਲੋਕਾਂ ਦੇ ਸਾਹਮਣੇ ਜਾਣਾ ਪਿਆ ਤਾਂ ਉਸ ਵਕਤ ਇਸ ਸ਼ੇਅਰ ਵਿਚ ਬੱਸ ਜ਼ਰਾ ਜਿੰਨੀ ਤੋੜ-ਭੰਨ ਕਰਨੀ ਪਵੇਗੀ ਕਿ:
ਰਾਜ ਕਰਨ ਨੂੰ ਮਿਲੇ ਸਨ, ਮਸਾਂ ਪੰਜ ਹੀ ਸਾਲ,
ਦੋ ਕਮਾਈ ਵਿਚ ਗੁਜ਼ਰ ਗਏ, ਦੋ ਖਾ ਗਈ ਲੜਾਈ।
ਸਾਨੂੰ ਕਿਸੇ ਨੂੰ ਇਹੋ ਨਾ, ਰਿਹਾ ਸੀ ਕਦੀ ਯਾਦ,
ਘੜੀ ਵੀ ਲੇਖਾ ਦੇਣ ਦੀ, ਬਸ ਆਈ ਆ ਕਿ ਆਈ।