ਕਿੰਨੀ ਬਦਲ ਗਈ ਔਲਾਦ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ, “ਪਿਘਲਣਾ, ਰੁੱਖੇਪਣ ਤੋਂ ਨਰਮਾਈ ਨੂੰ ਜਾਣ ਦਾ ਮਾਰਗ ਹੈ, ਕਿਉਂਕਿ ਮਨ ਤੋਂ ਪਿਘਲ ਕੇ ਕਿਸੇ ਮਨੁੱਖ ਵਿਚੋਂ ਮਾਨਵਤਾ ਪਨਪਦੀ। ਪਿਘਲਣ ਨਾਲ ਹੀ ਜਿ਼ੰਦਗੀ ਦੀ ਸੁੱਚਮਤਾ ਨਜ਼ਰ ਆਉਂਦੀ। ਪਿਘਲਣ ਨਾਲ ਹੀ ਹੱਠ ਤੋਂ ਹਲੀਮੀ, ਹਾਉਕੇ ਤੋਂ ਹਾਸਾ, ਹੰਝੂ ਤੋਂ ਹੁਲਾਸ, ਹੈਂਕੜ ਤੋਂ ਹੇਕ, ਹਾਕ ਤੋਂ ਹੁੰਗਾਰਾ, ਹੰਕਾਰ ਤੋਂ ਹਮਦਰਦੀ ਅਤੇ ਹੋਛੇਪਣ ਤੋਂ ਹਰਜ਼ਾਈ ਤੀਕ ਦਾ ਸਫਰਨਾਮਾ ਲਿਖਿਆ ਜਾ ਸਕਦਾ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਉਨ੍ਹਾਂ ਮਾਪਿਆਂ ਦਾ ਦਰਦ ਬਿਆਨ ਕੀਤਾ ਹੈ, ਜੋ ਆਪਣੀ ਔਲਾਦ ਦੇ ਬੇਗਾਨਗੀ ਭਰੇ ਰਵੱਈਏ ਕਾਰਨ ਇਕੱਲ ਹੰਢਾਉਣ ਤੇ ਦੁੱਖ ਭੋਗਣ ਲਈ ਮਜਬੂਰ ਹਨ। ਉਹ ਕਹਿੰਦੇ ਹਨ, “ਬੱਚਿਆਂ ਦੀ ਕੇਹੀ ਸੋਚ ਬਣ ਗਈ ਏ ਕਿ ਉਹ ਅੰਬਰਾਂ ਨੂੰ ਟਾਕੀਆਂ ਲਾਉਣ ਨੂੰ ਫਿਰਦੇ। ਕਦੇ ਪਿਆਰ ਲਈ ਚੰਨ ਦਾ ਟਿੱਕਾ ਬਣਾਉਂਦੇ। ਕਦੇ ਮੰਗਲ ਗ੍ਰਹਿ ਦੀਆਂ ਗੱਲਾਂ ਕਰਦੇ, ਪਰ ਕਦੇ ਅਲਾਣੀ ਮੰਜੇ `ਤੇ ਬੈਠੇ ਮਾਂ-ਬਾਪ ਦੇ ਚਰਨਾਂ ਨੂੰ ਨਤਮਸਤਕ ਨਹੀਂ ਹੁੰਦੇ।…ਅੱਜ ਕੱਲ੍ਹ ਮਾਪਿਆਂ ਤੇ ਬੱਚਿਆਂ ਦੇ ਘਰ ਦਾ ਪਤਾ ਤਾਂ ਭਾਵੇਂ ਇਕ ਹੋਵੇ, ਪਰ ਉਨ੍ਹਾਂ ਨੂੰ ਇਕ ਦੂਜੇ ਦਾ ਪਤਾ ਹੀ ਨਹੀਂ ਹੁੰਦਾ।” ਡਾ. ਭੰਡਾਲ ਦੀ ਨਸੀਹਤ ਹੈ, “ਬਦਲਣਾ ਚਾਹੀਦਾ, ਪਰ ਇੰਨਾ ਵੀ ਨਾ ਬਦਲੋ ਕਿ ਆਪਣੇ ਪੈਰਾਂ ਹੇਠਲੀ ਜਮੀਨ ਦਾ ਵੀ ਖਿਆਲ ਨਾ ਰਹੇ। ਆਪਣੀ ਧਰਾਤਲ ਗਵਾਉਣ ਵਾਲੇ ਸਿਰਫ ਹਵਾ ਵਿਚ ਹੀ ਲਟਕਦੇ। ਨਾ ਉਨ੍ਹਾਂ ਲਈ ਧਰਤੀ ਠਾਹਰ ਬਣਦੀ ਅਤੇ ਨਾ ਹੀ ਅੰਬਰ ਉਨ੍ਹਾਂ ਦੀਆਂ ਅਰਜੋਈਆਂ ਦਾ ਹੁੰਗਾਰਾ ਭਰਦਾ।” ਖੈਰ! ਅਜਿਹੇ ਜਿਊੜੇ ਵੀ ਹਨ, ਜੋ ਮਾਪਿਆਂ ਦਾ ਪੂਰਾ ਮਾਣ-ਤਾਣ ਕਰਦੇ ਹਨ ਅਤੇ ਉਨ੍ਹਾਂ ਦੀ ਹੱਥੀਂ ਸੇਵਾ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ।

ਡਾ. ਗੁਰਬਖਸ਼ ਸਿੰਘ ਭੰਡਾਲ

ਸਮਾਂ, ਤਬਦੀਲੀ ਦਾ ਸੂਚਕ। ਸਮੇਂ ਨਾਲ ਨਾ ਬਦਲਣ ਵਾਲਿਆਂ ਨੂੰ ਸਮਾਂ ਬਦਲਣ ਲਈ ਮਜਬੂਰ ਕਰਦਾ। ਨਾ ਬਦਲਣ ਦੀ ਜਿ਼ੱਦ ਕਰਨ ਵਾਲੇ ਰੁਲ ਜਾਂਦੇ ਵਕਤ ਦੀਆਂ ਪੈੜਾਂ ‘ਚ। ਇਸ ਲਈ ਬਦਲਣਾ ਬਹੁਤ ਜਰੂਰੀ।
ਪਰ ਬਦਲਣ ਲਈ ਬਿਹਤਰੀ ਜਰੂਰੀ। ਕੁਝ ਚੰਗੇਰੇ ਭਵਿੱਖ, ਨਵੀਂ ਵਿਰਾਸਤ ਦੀ ਸਿਰਜਣਾ, ਨਵੀਆਂ ਪਹਿਲਕਦਮੀਆਂ, ਨਵੀਆਂ ਪ੍ਰੇਰਨਾਵਾਂ, ਨਰੋਈਆਂ ਪੈੜਾਂ, ਨਵੇਂ ਸਰੋਕਾਰਾਂ ਦੀ ਪ੍ਰਾਪਤੀ ਅਤੇ ਸੁੱਚੀ ਸੰਵੇਦਨਾ ਭਰੀ ਸਰਘੀ ਨੂੰ ਨਤਮਸਤਕ ਹੋਣ ਲਈ।
ਬਦਲਣਾ ਤਾਂ ਹੀ ਜਰੂਰੀ ਹੁੰਦਾ, ਜਿਸ ਵਿਚ ਮਾਨਵੀ ਕਦਰਾਂ-ਕੀਮਤਾਂ `ਤੇ ਪਹਿਰੇਦਾਰੀ ਮਜਬੂਤ ਹੋਵੇ, ਪਰਿਵਾਰਕ ਮਰਿਆਦਾਵਾਂ ਨੂੰ ਪਕਿਆਈ ਮਿਲੇ। ਸਮਾਜਿਕ ਸਬੰਧਾਂ ਵਿਚ ਪਾਕੀਜ਼ਗੀ ਹੋਵੇ। ਨਵੇਂ ਸਬੰਧਾਂ ਵਿਚ ਪਰਪੱਕਤਾ, ਮੁਹੱਬਤ, ਸਾਦਗੀ, ਸਦੀਵਤਾ, ਸਪੱਸ਼ਟਤਾ ਅਤੇ ਸੁਹਜ ਭਰਿਆ ਰਹੇ; ਸੂਖਮਭਾਵੀ ਮਹਿਕ ਦਾ ਵਣਜ ਹੁੰਦਾ ਰਹੇ।
ਬਦਲਣਾ ਇਸ ਲਈ ਅਹਿਮ, ਕਿਉਂਕਿ ਇਸ ਨੇ ਹੀ ਭਵਿੱਖ ਨੂੰ ਨਿਸ਼ਚਿਤ ਤੇ ਨਿਰਧਾਰਤ ਕਰਨਾ। ਇਸ ਨੇ ਨਵੀਆਂ ਕਿਰਨਾਂ ਨੂੰ ਖੁਸ਼ਆਮਦੀਦ ਕਹਿਣਾ ਜਾਂ ਹਨੇਰਿਆਂ ਨੂੰ ਦਾਅਵਤ ਦੇਣੀ ਹੁੰਦੀ।
ਮਨੁੱਖ ਤਾਂ ਬਹੁਤ ਬਦਲ ਗਿਆ ਅਤੇ ਬਦਲ ਗਈਆਂ ਨੇ ਇਸ ਦੀਆਂ ਰੁਚੀਆਂ, ਰਵਾਇਤਾਂ, ਰਮਜ਼ਾਂ, ਰਹਿਤਲਾਂ, ਰਵਾਨਗੀ ਤੇ ਰਸਨਾ। ਕਈ ਵਾਰ ਇੰਜ ਜਾਪਦਾ ਕਿ ਬਦਲਣਾ ਬਹੁਤ ਪੀੜਤ ਤੇ ਦੁੱਖਦ ਕਰਦਾ। ਇਹ ਪਰਿਵਾਰਕ ਖੁਸ਼ੀ, ਪਵਿੱਤਰਤਾ ਅਤੇ ਰਿਸ਼ਤਈ ਮਹਿਮਾ ਨੂੰ ਗਲੀਜ਼ ਕਰਨ ਵੱਲ ਰੁਚਿਤ।
ਕਦੇ ਪਰਿਵਾਰ ਵਿਚ ਹੋਈਆਂ ਤਬਦੀਲੀਆਂ ਅਤੇ ਇਨ੍ਹਾਂ ਦੇ ਭਵਿੱਖਮੁਖੀ ਅਸਰਾਂ ਨੂੰ ਕਿਆਸਣਾ। ਇਸ ਨਾਲ ਆਉਣ ਵਾਲੇ ਸਮਿਆਂ ਨੂੰ ਕਿਹੜੇ ਅਰਥ ਮਿਲਣਗੇ? ਸਮੇਂ ਦੀਆਂ ਮੁਹਾਰਾਂ ਕਿਸ ਪਾਸੇ ਮੁੜਨਗੀਆਂ? ਚਿੰਤਾ ਤੇ ਚੇਤਨਾ ਦਾ ਵਿਸ਼ਾ। ਫਿਕਰ ਤੇ ਫਰੋਲਣ ਦੀ ਲੋੜ ਅਤੇ ਇਸ ਨੂੰ ਸਾਰਥਿਕਤਾ ਵੰਨੀਂ ਸੇਧਤ ਕਰਨ ਦੀ ਅਤਿਅੰਤ ਲੋੜ।
ਇਨ੍ਹਾਂ ਤਬਦੀਲੀਆਂ ਵਿਚ ਸਭ ਤੋਂ ਭਿਆਨਕ ਹੈ ਮਾਪਿਆਂ ਤੇ ਬੱਚਿਆਂ ਦਰਮਿਆਨ ਪੈਦਾ ਹੋ ਰਹੀ ਬੇਅਦਬੀ, ਬੇਇਤਬਾਰੀ, ਬੇਲਿਹਾਜੀ, ਬੇਸ਼ਰਮੀ, ਬੇਲਾਗਤਾ, ਬੇਗਾਨਗੀ, ਬੇਗੈਰਤਾ, ਬਦਮਿਜ਼ਾਜ਼ੀ, ਬਦਤਮੀਜ਼ੀ ਅਤੇ ਬਦਦਿਆਨਤਾ।
ਬਾਪ ਫੜਦਾ ਹੈ ਬੱਚੇ ਦੀ ਉਂਗਲ, ਪੈਰ ਪੁੱਟਣ ਤੇ ਤੁਰਨਾ ਸਿਖਾਉਣ ਲਈ ਅਤੇ ਬੱਚੇ ਦੀ ਪਹਿਲੀ ਪੁਲਾਂਘ ਵਿਚੋਂ ਖੁਸ਼ੀ ਦੀ ਚੀਖ ਮਾਰਦਾ; ਪਰ ਜਦ ਬੁੱਢੇ ਬਾਪ ਦੀ ਡੰਗੋਰੀ ਬਣਨ ਦੀ ਵਾਰੀ ਆਉਂਦੀ ਤਾਂ ਬੱਚਿਆਂ ਨੂੰ ਕਚਿਆਣ ਆਉਂਦੀ। ਬਚਪਨੇ ਤੋਂ ਜਵਾਨੀ ਵਿਚ ਪਹੁੰਚਣ ਦੌਰਾਨ ਬਾਪ ਦੇ ਦਿੱਤੇ ਹੌਂਸਲੇ, ਹਿੰਮਤ ਅਤੇ ਹੱਲਾਸ਼ੇਰੀ ਦੇ ਸ਼ੁਕਰੀਏ ਤੋਂ ਨੌਜਵਾਨ ਪੀਹੜੀ ਮੁਨਕਰ। ਇਸ ਕੁਕਰਮ ਤੋਂ ਬਚਣ ਲਈ ਜਰੂਰੀ ਹੈ ਕਿ ਬੱਚਾ ਮਾਪਿਆਂ ਦਾ ਸਹਾਰਾ ਬਣ ਕੇ, ਡਿਗਦੇ-ਢਹਿੰਦੇ ਕਦਮਾਂ ਨੂੰ ਸਹਾਰਾ ਦੇਵੇ।
ਕਦੇ ਬਾਪ ਨੇ ਕੰਨ੍ਹੇੜੀ ‘ਤੇ ਚੜ੍ਹਾ ਮੇਲਾ ਵੀ ਦਿਖਾਇਆ ਸੀ, ਤੱਤੀ ਭੁੱਬਲ ਤੋਂ ਬਚਾਉਣ ਲਈ ਲਾਡਲੇ ਨੂੰ ਮੋਢਿਆਂ `ਤੇ ਚੁੱਕਿਆ ਜਾਂ ਨਾਲਾ ਪਾਰ ਕਰਵਾਉਣ ਲਈ ਬਾਪ ਹੀ ਬੇੜੀ ਤੇ ਮਲਾਹ ਬਣਿਆ ਸੀ; ਪਰ ਬਾਪ ਦੀ ਅਰਥੀ ਨੂੰ ਮੋਢਾ ਦੇਣ ਤੋਂ ਆਨਾ-ਕਾਨੀ ਕਰਨ ਵਾਲਿਆਂ ਤੋਂ ਕੀ ਆਸ ਰੱਖੀ ਜਾ ਸਕਦੀ? ਸਿਵਿਆਂ ਦੇ ਰੁੱਖ ਕੋਲੋਂ ਬਾਪ ਦਾ ਦੁੱਖ ਸੁਣਨ ਲਈ ਉਹ ਕਿਵੇਂ ਆਉਣਗੇ?
ਮਾਪੇ ਹੀ ਹੁੰਦੇ ਜੋ ਆਪਣੇ ਹਿੱਸੇ ਦੀ ਜਿ਼ੰਦਗੀ ਬੱਚਿਆਂ ਦੇ ਲੇਖੇ ਲਾ, ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ, ਪਰ ਇਹ ਬੱਚਿਆਂ ਦਾ ਕੇਹਾ ਰਵਈਆ, ਜੋ ਮਾਪਿਆਂ ਲਈ ਨਰਕ-ਕੁੰਭੀ ਜਿ਼ੰਦਗੀ ਦਾ ਸੱਦਾ-ਪੱਤਰ ਹੁੰਦਾ।
ਆਪਣੇ ਖੀਸੇ ਵਿਚਲੇ ਆਖਰੀ ਮਚਕੋੜੇ ਹੋਏ ਨੋਟ ਵੀ ਬੱਚੇ ਦੀ ਤਲੀ `ਤੇ ਰੱਖਣ ਵਾਲਾ ਬਾਪ ਕੇਹੀ ਤ੍ਰਾਸਦੀ ਦਾ ਸਿ਼ਕਾਰ ਹੋ ਰਿਹਾ ਕਿ ਬੱਚੇ ਉਸ ਦੀ ਜੇਬ ਵਿਚ ਨੋਟ ਪਾਉਣ ਦੀ ਥਾਂ ਉਸ ਦੇ ਸਿਰਹਾਣੇ ਹੇਠ ਛੁਪਾ ਕੇ ਰੱਖੀ ਹੋਈ ਭਾਨ ਨੂੰ ਚੋਰੀ ਕਰਨ ਲੱਗਿਆਂ ਸ਼ਰਮਸਾਰ ਨਹੀਂ ਹੁੰਦੇ।
ਬੱਚੇ ਦੇ ਪੂਰਨਿਆਂ ਵਿਚੋਂ ਆਪਣੀ ਅਨਪੜ੍ਹਤਾ ਦਾ ਉਲਾਹਮਾ ਲਾਉਣ ਦੀ ਸੋਚਣ ਵਾਲੇ ਬਾਪ ਦੀ ਕੇਹੀ ਹਾਲਤ ਹੋ ਗਈ ਹੈ ਕਿ ਉਸ ਦੇ ਆਪਣੇ, ਪੜ੍ਹੇ-ਲਿਖੇ ਹੋਣ ਕਰਕੇ, ਬਾਪ ਦਾ ਜਾਅਲੀ ਅੰਗੂਠਾ ਲਾ, ਬਾਪ ਨੂੰ ਹੀ ਉਸ ਦੀ ਜਾਇਦਾਦ ਵਿਚੋਂ ਬੇਦਖਲ ਕਰ ਦਿੰਦਾ ਤੇ ਨੀਚਤਾ ਜੱਗ ਜਾਹਰ ਕਰ ਜਾਂਦਾ। ਅੰਗੂਠਾ ਛਾਪ ਬਾਪ, ਵਿਸ਼ਵਾਸ ਤੇ ਯਕੀਨ ਦਾ ਮੁਜੱਸਮਾ ਅਤੇ ਅਜਿਹੇ ਪੜ੍ਹੇ-ਲਿਖੇ ਬੱਚੇ, ਹੇਰਾ-ਫੇਰੀ ਤੇ ਧੋਖਾਧੜੀ ਦਾ ਬਦਇਖਲਾਕਨਾਮਾ।
ਬੱਚਿਆਂ ਨੂੰ ਨਵੇਂ ਨਕੋਰ ਕੱਪੜਿਆਂ ਵਿਚ ਦੇਖ ਕੇ ਮਾਣ ਮਹਿਸੂਸ ਕਰਨ ਵਾਲੇ ਬਾਪ ਦੀ ਨਮੋਸ਼ੀ ਵੀ ਉਸ ਨੂੰ ਚਿੜਾਉਂਦੀ, ਜਦ ਪੁੱਤ ਆਪਣੇ ਪੁਰਾਣੇ ਕੱਪੜੇ, ਬਾਪ ਦੇ ਪਹਿਨਣ ਲਈ ਉਸ ਅੱਗੇ ਸੁੱਟਦਾ।
ਨਿੱਕੇ ਜਿਹੇ ਘਰ ਵਿਚ ਬੱਚਿਆਂ ਨੂੰ ਅਮੀਰਾਨਾ ਠਾਠ ਵਿਚ ਰਹਿਣ ਦਾ ਅਹਿਸਾਸ ਕਰਵਾਉਣ ਵਾਲੇ ਮਾਪਿਆਂ ਲਈ, ਪੁੱਤਰ ਦੇ ਆਲੀਸ਼ਾਨ ਬੰਗਲੇ ਵਿਚ ਸਾਰਿਆਂ ਲਈ ਕਮਰੇ ਹੋਣਗੇ। ਇਕ ਕਮਰਾ ਉਹ ਵੀ ਹੋਵੇਗਾ, ਜਿਥੇ ਆਪਣੇ ਬੌਸ ਦੀ ਚਾਪਲੂਸੀ ਕਰਨੀ ਹੋਵੇ ਅਤੇ ਇਕ ਉਹ, ਜਿਥੇ ਆਪਣੀ ਚਾਪਲੂਸੀ ਕਰਵਾਉਣੀ ਹੋਵੇ; ਪਰ ਮਾਪਿਆਂ ਲਈ ਕੋਈ ਕਮਰਾ ਹੀ ਨਹੀਂ ਹੁੰਦਾ।
ਕਈ ਵਾਰ ਤਾਂ ਬਾਹਰਲੇ ਕਮਰੇ ਵਿਚ ਪਿਆ ਬਾਪ ਜਦ ਘਰ ਦੇ ਕਮਰੇ ਵਿਚੋਂ ਠਹਾਕੇ ਸੁਣਦਾ ਤਾਂ ਸੋਚਦਾ ਕਿ ਕੀ ਇਹ ਠਹਾਕੇ ਮੇਰੀ ਲਾਚਾਰੀ ‘ਤੇ ਹਨ ਜਾਂ ਮੇਰੇ ਹਉਕੇ ਹੀ ਇਨ੍ਹਾਂ ਠਹਾਕਿਆਂ ਵਿਚੋਂ ਪੈਦਾ ਹੋਏ? ਬਾਪ ਦੀ ਬੇਵਸੀ ਨੂੰ, ਕਮਰਾ ਵੀ ਸਮਾਉਣ ਤੋਂ ਆਕੀ; ਪਰ ਉਸ ਦੀ ਦਰਦ-ਕਹਾਣੀ ਦਾ ਬੰਦ ਕਮਰਾ ਹੀ ਹੁੰਦਾ ਸਾਕੀ।
ਬੱਚੇ ਨੂੰ ਸਾਈਕਲ ਸਿਖਾਉਣ ਅਤੇ ਉਸ ਲਈ ਨਵਾਂ ਸਾਈਕਲ ਲਿਆ ਕੇ ਦੇਣ ਵਾਲਾ ਬਾਪ ਮਸੋਸਿਆ ਜਾਂਦਾ, ਜਦ ਕੋਲ ਦੀ ਲੰਘਦੀ ਪੁੱਤ ਦੀ ਕਾਰ, ਸਾਈਕਲ `ਤੇ ਜਾਂਦੇ ਬਾਪ ਦੇ ਮੂੰਹ ‘ਤੇ ਘੱਟਾ ਧੂੜਦੀ। ਕਈ ਵਾਰ ਤਾਂ ਉਹ ਸਾਈਕਲ ਤੋਂ ਡਿੱਗ ਵੀ ਪੈਂਦਾ।
ਮਰਲਿਆਂ ਤੇ ਕਨਾਲਾਂ ਵਿਚ ਖਰੀਦ ਕੇ, ਜ਼ਮੀਨ ਦਾ ਵੱਡਾ ਟੱਕ ਬਣਾਉਣ ਵਾਲੇ ਬਾਪ ਦੀ ਜਿੰਦ ਦਾ ਰੁੱਗ ਭਰਿਆ ਜਾਂਦਾ, ਜਦ ਉਸ ਦੀ ਔਲਾਦ ਉਸ ਦੇ ਸਾਹਮਣੇ ਹੀ ਸਾਰੀ ਜ਼ਮੀਨ ਨੂੰ ਵੇਚ-ਵੱਟ, ਬਾਪ ਦੇ ਸੁਪਨਿਆਂ ਨੂੰ ਸਵਾਹ ਬਣਾ ਦਿੰਦੀ। ਬਾਪ ਦੇ ਜਿਊਂਦੇ ਜੀਅ ਜਦ ਉਸ ਦੀ ਜ਼ਮੀਨ ਨੂੰ ਹਥਿਆਉਣ ਅਤੇ ਮਲਕੀਅਤ ਨੂੰ ਹੜੱਪਣ ਲਈ ਬੱਚੇ ਕੋਹਝੀਆਂ ਕਰਤੂਤਾਂ ਕਰਦੇ ਤਾਂ ਪਿੰਡ ਵਿਚ ਸਿਰ ਨੀਵਾਂ ਕਰਕੇ ਜਿਊਣ ਨਾਲੋਂ, ਬਾਪ ਕਿਸੇ ਨਹਿਰ ਦੇ ਪਾਣੀ ਨੂੰ ਗੰਧਲਾ ਕਰ, ਨਮੋਸ਼ੀ ਤੋਂ ਨਿਜ਼ਾਤ ਪਾ ਲੈਂਦਾ।
ਬੱਚਿਆਂ ਦੀ ਪਰਵਰਿਸ਼ ਵਿਚ ਕੋਈ ਕਸਰ ਨਾ ਰਹਿਣ ਦੇਣ ਅਤੇ ਉਨ੍ਹਾਂ ਦੇ ਜੀਵਨ ਨੂੰ ਸਹੂਲਤਾਂ ਨਾਲ ਸੰਪਨ ਕਰਨ ਵਾਲੇ ਮਾਪਿਆਂ ਦੀ ਕੇਹੀ ਤਕਦੀਰ ਕਿ ਉਨ੍ਹਾਂ ਦਾ ਜਾਇਆ, ਉਨ੍ਹਾਂ ਨੂੰ ਕਿਸੇ ਬਿਰਧ-ਆਸ਼ਰਮ ਵਿਚ ਛੱਡ, ਕਦੇ ਉਸ ਦੀ ਸਾਰ ਲੈਣ ਨਹੀਂ ਬਹੁੜਦਾ।
ਇਹ ਕੇਹੀ ਤਬਦੀਲੀ ਕਿ ਆਪਣੇ ਬੱਚਿਆਂ ਨੂੰ ਆਪਣੇ ਜਾਣਕਾਰਾਂ ਸਾਹਮਣੇ ਹੁੱਬ ਕੇ ਪੇਸ਼ ਕਰਨ ਵਾਲਾ ਬਾਪ, ਸਿਰਫ ਹੰਝੂਆਂ ਵਿਚ ਖੁਦ ਨੂੰ ਖੋਰਨ ਜੋਗਾ ਰਹਿ ਜਾਂਦਾ, ਜਦ ਉਸ ਦਾ ਪੁੱਤ ਉਸ ਨੂੰ ਕਹਿੰਦਾ ਕਿ ਬੁੱਢਿਆ! ਤੂੰ ਕਮਰੇ ‘ਚੋਂ ਬਾਹਰ ਨਹੀਂ ਆਉਣਾ। ਮੇਰਾ ਵੱਡਾ ਅਫਸਰ ਘਰ ਆ ਰਿਹਾ ਏ। ਕੀ ਬਾਪ ਦਾ ਮੁਖੜਾ ਹੀ ਇੰਨਾ ਨਹਿਸ਼ ਹੋ ਗਿਆ ਕਿ ਉਸ ਦੇ ਸਾਹਮਣੇ ਆਉਣ `ਤੇ ਆਫਤ ਆ ਜਾਵੇਗੀ? ਇਹ ਕੇਹਾ ਪੁੱਤਰ ਏ?
ਬੱਚਿਆਂ ਦਾ ਮਾਣ ਕਰਨ ਵਾਲੇ ਬਾਪ ਲਈ ਇਸ ਤੋਂ ਵੱਡਾ ਅਪਮਾਨ ਕੀ ਹੋ ਸਕਦਾ ਕਿ ਉਸ ਦੇ ਬੱਚੇ ਹੀ ਦੇਖ ਕੇ ਅਣਢਿੱਠ ਕਰਨ ਲੱਗ ਪੈਣ ਅਤੇ ਪਛਾਣਦਿਆਂ ਵੀ ਬੇਪਛਾਣ ਹੋਣ ਦਾ ਢੋਂਗ ਰਚਣ ਵਿਚ ਫਖਰ ਮਹਿਸੂਸ ਕਰਨ।
ਮਾਪਿਆਂ ਦੀ ਲਾਚਾਰਗੀ ਅਤੇ ਤ੍ਰਾਸਦੀ ਨੂੰ ਕਿਵੇਂ ਬਿਆਨ ਕਰੋਗੇ, ਜਦ ਬਿਮਾਰ ਬਾਪ ਦੀ ਤਾਮੀਰਦਾਰੀ ਤੋਂ ਪਾਸਾ ਵੱਟ ਲਿਆ ਜਾਵੇ। ਉਸ ਦੀਆਂ ਜਰੂਰਤਾਂ ਨੂੰ ਨਕਾਰਿਆ ਜਾਵੇ ਅਤੇ ਬਜੁਰਗੀ ਦਾ ਮਖੌਲ ਉਡਾਇਆ ਜਾਵੇ।
ਬਾਪ ਦੀ ਚੀਸ ਨੂੰ ਬੋਲ ਵੀ ਨਹੀਂ ਮਿਲਦਾ, ਜਦ ਉਹ ਆਪਣੇ ਪੁੱਤ ਨੂੰ ਮਿਲਣ ਲਈ ਲੋਚਦਾ, ਉਸ ਦੇ ਤਰਲੇ ਕਰਦਾ। ਛੇਤੀ ਮਿਲਣ ਲਈ ਬਹੁੜੀਆਂ ਕਰਦਾ। ਬਾਪ ਦੇ ਤਰਲਿਆਂ ਦਾ ਹੁੰਗਾਰਾ ਭਰਨ ਤੋਂ ਹੀ ਪੁੱਤ ਬੇਧਿਆਨ ਹੋ ਜਾਵੇ। ਬਾਪ ਦੀਆਂ ਆਂਦਰਾਂ ਮਿਲਣ ਨੂੰ ਤੜਫਦੀਆਂ, ਸਦੀਵੀ ਅਲਵਿਦਾ ਕਹਿ ਜਾਣ ਅਤੇ ਫਿਰ ਉਹੀ ਪੁੱਤ ਬਾਪ ਦੀ ਵਸੀਹਤ ਨੂੰ ਫਰੋਲਣ ਆ ਜਾਵੇ। ਬਾਪ ਦੀ ਆਤਮਾ ਵਿਚੋਂ ਨਿਕਲੀ ਭੁੱਬ ਨੂੰ ਕਿਹੜੀ ਪੌਣ ਜਜ਼ਬ ਕਰ ਸਕਦੀ?
ਬਾਪ ਲਈ ਸਾਰੇ ਬੱਚੇ ਬਰਾਬਰ। ਸਾਰਿਆਂ ਨਾਲ ਆਪਣੀਆਂ ਰੀਝਾਂ ਤੇ ਸੁਪਨਿਆਂ ਨੂੰ ਸਾਂਝਾ ਕਰਦਾ। ਉਨ੍ਹਾਂ ਲਈ ਦੁਆਵਾਂ ਅਤੇ ਅਰਦਾਸਾਂ ਕਰਦਾ, ਪਰ ਬਾਪ ਦੇ ਅੱਖਾਂ ਮੀਟਣ `ਤੇ ਇਕ ਬੇਗੈਰਤ ਪੁੱਤ ਆਪਣੇ ਨਾਮ ਦੀ ਜਾਅਲੀ ਵਸੀਹਤ ਬਣਾ ਕੇ ਸਭ ਕੁਝ ਹੜੱਪ ਲਵੇ ਤਾਂ ਇਸ ਪੁੱਤ ਨੂੰ ਕਿਹੜੀ ਤਸ਼ਬੀਹ ਦਿਓਗੇ? ਇਸ ਬੇਈਮਾਨੀ ਕਾਰਨ ਬਾਪ ਦੇ ਬਿੰਬ, ਬੰਦਿਆਈ ਅਤੇ ਬਜੁਰਗੀ ਨੂੰ ਜਲੀਲ ਕਰਨ ਵਾਲੇ ਪੁੱਤ ਨੂੰ ਪੁੱਤ ਹੀ ਕਹਿਣਾ ਕਿੰਨਾ ਕੁ ਵਾਜਬ ਏ?
ਬੱਚਿਆਂ ਦੀਆਂ ਹਰ ਜਰੂਰਤਾਂ ਪੂਰੀਆਂ ਕਰਨ ਅਤੇ ਉਨ੍ਹਾਂ ਨੂੰ ਨਸੀਹਤਾਂ ਦੇਣ ਵਾਲੇ ਮਾਪੇ ਜਦ ਆਪਣੀਆਂ ਲੋੜਾਂ ਬੱਚਿਆਂ ਨੂੰ ਦੱਸਣ ਅਤੇ ਉਨ੍ਹਾਂ ਦੀਆਂ ਨਸੀਹਤਾਂ ਦੇਣ ਤੋਂ ਤ੍ਰਭਕਣ ਲੱਗ ਪੈਂਦੇ ਤਾਂ ਉਹ ਸਿਰਫ ਮੌਤ ਮੰਗਣ ਜੋਗੇ ਹੀ ਰਹਿ ਜਾਂਦੇ।
ਮਾਪਿਆਂ ਕੋਲ ਕੁਝ ਪਲ ਬਹਿਣ ਦੀ ਆਦਤ ਪਾ ਲਈਏ ਤਾਂ ਬੱਚੇ ਕਦੇ ਵੀ ਵੱਡੇ ਨਹੀਂ ਹੁੰਦੇ ਅਤੇ ਮਾਪੇ ਕਦੇ ਵੀ ਬੁੱਢੇ ਨਹੀਂ ਹੁੰਦੇ।
ਸਾਰੀ ਉਮਰ, ਜਾਇਦਾਦ, ਸੁੱਖ-ਸਾਧਨ, ਸੁਵਿਧਾਵਾਂ ਅਤੇ ਸੁਪਨਿਆਂ ਨੂੰ ਬੱਚਿਆਂ ਤੋਂ ਵਾਰਨ ਵਾਲੇ ਬਾਪ ਦੀ ਮਾਨਸਿਕਤਾ ਕਿੰਨੀ ਦਰਦਵੰਤੀ ਹੁੰਦੀ ਹੋਵੇਗੀ, ਜਦ ਬੱਚਿਆਂ ਲਈ ਬਾਪ ਸਿਰਫ ਜਾਇਦਾਦ ਨੂੰ ਪ੍ਰਾਪਤ ਕਰਨ ਦਾ ਜ਼ਰੀਆ। ਮਨਫੀ ਹੋ ਜਾਂਦੀਆਂ ਬਾਪ ਦੀਆਂ ਸਰੀਰਕ, ਮਾਨਸਿਕ, ਭਾਵਆਤਮਿਕ ਤੇ ਆਰਥਿਕ ਲੋੜਾਂ ਦੀ ਪੂਰਤੀ। ਬੇਗਾਨਿਆਂ ਹਾਰ ਸਿਰ ਦੀ ਛੱਤ ਭਾਲਦਾ ਅਤੇ ਦੋ ਡੰਗ ਦੇ ਟੁੱਕ ਲਈ ਤਰਲੇ ਕਰਦਾ ਬਾਪ ਸੋਚਦਾ ਤਾਂ ਜਰੂਰ ਹੋਵੇਗਾ ਕਿ ਕਾਸ਼! ਉਸ ਦੇ ਔਲਾਦ ਹੀ ਨਾ ਹੁੰਦੀ ਤਾਂ ਸਬਰ ਜਿਹਾ ਕਰ ਲੈਂਦਾ।
ਬੱਚਿਆਂ ਦੀਆਂ ਪ੍ਰਾਪਤੀਆਂ ‘ਚੋਂ ਤੁਰਲੇ ਨੂੰ ਉਚਾ ਕਰਨ ਦਾ ਖਿਆਲ ਪੈਦਾ ਕਰਨ ਵਾਲਾ ਬਾਪ ਬਹੁਤ ਨਿਰਾਸ਼ ਤੇ ਹਤਾਸ਼ ਹੋ ਜਾਂਦਾ, ਜਦ ਬੱਚਿਆਂ ਕਾਰਨ ਉਸ ਦੀ ਪੱਗ ਚੌਰਾਹੇ ਵਿਚ ਰੁਲਦੀ। ਕਦੇ ਕਦਾਈਂ ਤਾਂ ਕਿਸੇ ਦੇ ਪੈਰਾਂ ਵਿਚ ਪੱਗ ਧਰਨ ਦੀ ਨੌਬਤ ਵੀ ਆ ਜਾਂਦੀ। ਸਿਰ ਉਚਾ ਕਰਕੇ ਜਿਊਣ ਨਾਲੋਂ ਸਿਰ ਨੀਵਾਂ ਕਰਕੇ ਮੌਤ ਦੀ ਉਡੀਕ ਕਰਨਾ, ਬਾਪ ਲਈ ਕਿੰਨਾ ਔਖਾ? ਇਸ ਸਫਰ ਵਿਚ ਸਾਹ ਵੀ ਸਾਥ ਦੇਣ ਤੋਂ ਮੁਨਕਰ ਹੋ ਜਾਂਦੇ।
ਬੱਚਿਆਂ ਖਾਤਰ ਆਪਣਿਆਂ ਦੀ ਬੇਰੁਹਮਤੀ ਅਤੇ ਬੇਇਜ਼ਤੀ ਸਹਿਣ ਵਾਲਾ ਬਾਪ ਕਿਵੇਂ ਜਿਊਣ ਦਾ ਹੀਆ ਕਰੇ, ਜਦ ਉਸ ਦੀ ਔਲਾਦ ਹੀ ਉਸ ਦਾ ਮੂੰਹ ਕਬਰ ਵੱਲ ਕਰੇ ਅਤੇ ਉਚੀ ਉਚੀ ਮਰਸੀਆ ਪੜ੍ਹੇ।
ਬੱਚਿਆਂ ਦੀ ਬਿਹਤਰੀ ਅਤੇ ਬਹਿਸ਼ਤੀ ਕਾਮਨਾ ਕਰਨ ਵਾਲਾ ਬਾਪ ਸਾਰੀ ਉਮਰ ਸਖਤ ਮਿਹਨਤ ਕਰਦਾ, ਪਸੀਨਾ ਵਹਾਉਂਦਾ ਅਤੇ ਸੋਚਾਂ ਦੀ ਜ਼ਮੀਨ ਵਿਚ ਸੁੰਦਰ ਸੁਪਨਿਆਂ ਦੀ ਖੇਤੀ ਕਰਦਾ। ਜਦ ਇਹ ਸੁਪਨੇ ਹੀ ਉਸ ਲਈ ਸੋਗ, ਸੰਤਾਪ ਤੇ ਸਾੜਸਤੀ ਦਾ ਸਬੱਬ ਬਣ ਜਾਂਦੇ ਤਾਂ ਬਾਪ ਟੁੱਟ ਜਾਂਦਾ। ਉਸ ਦੀ ਤਿੜਕਣ ਵਿਚ ਹੀ ਉਸ ਦੀ ਹਿੱਕ ਵਿਚੋਂ ਹਾਵਿਆਂ ਦੀ ਨੈਂ ਫੁੱਟਦੀ।
ਛੋਟੇ ਹੁੰਦਿਆਂ ਬੱਚੇ ਮਾਂ-ਬਾਪ ਕੋਲ ਰਹਿੰਦੇ। ਬਾਪ ਕਦੇ ਨਹੀਂ ਕਹਿੰਦਾ ਕਿ ਬੱਚੇ ਮੇਰੇ ਕੋਲ ਰਹਿੰਦੇ ਨੇ, ਪਰ ਜਦ ਮਾਪੇ ਬੁੱਢੇ ਹੋ ਜਾਂਦੇ ਤਾਂ ਅਸੀਂ ਸਮਾਜ ਸਾਹਵੇਂ ਰੋਅਬ ਪਾਉਣ ਲਈ ਕਹਿੰਦੇ ਕਿ ਮਾਪੇ ਸਾਡੇ ਕੋਲ ਰਹਿੰਦੇ। ਇਹ ਕੇਹੀ ਬੌਣੀ ਮਾਨਸਿਕਤਾ ਹੈ ਅਜੋਕੇ ਬੱਚਿਆਂ ਦੀ। ਮਾਪੇ, ਬੱਚਿਆਂ ਕੋਲ ਨਹੀਂ ਰਹਿਣਗੇ ਤਾਂ ਉਹ ਕਿੱਥੇ ਜਾਣ? ਕਦੇ ਇਹ ਕਹਿਣਾ ਵੀ ਸਿੱਖ ਲਓ ਕਿ ਅੱਜ ਕੱਲ੍ਹ ਮੈਂ ਆਪਣੇ ਮਾਪਿਆਂ ਕੋਲ ਰਹਿੰਦਾ ਹਾਂ।
ਮਾਂ-ਬਾਪ ਨੇ ਕਿੰਨੀ ਮੁਸ਼ੱਕਤ ਤੇ ਭੁੱਖੇ ਰਹਿ ਕੇ ਬੱਚਿਆਂ ਨੂੰ ਹੋਣਹਾਰ ਬਣਾਇਆ ਹੁੰਦਾ, ਪਰ ਬੱਚੇ ਵੱਡੇ ਹੋ ਕੇ ਕਈ ਵਾਰ ਇੰਨੇ ਲਾਇਕ ਹੋ ਜਾਂਦੇ ਕਿ ਉਹ ਆਪਣੇ ਮਾਪਿਆਂ ਨੂੰ ਜਾਹਲ, ਅਨਪੜ੍ਹ, ਨਾਲਾਇਕ ਤੇ ਗੰਵਾਰ ਸਮਝਣ ਲੱਗ ਪੈਂਦੇ।
ਬੱਚੇ ਛੋਟੇ ਹੁੰਦੇ ਤਾਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਸਾਰਾ ਪਤਾ ਹੁੰਦਾ। ਉਨ੍ਹਾਂ ਦੀ ਫਿਕਰ ਹੁੰਦੀ, ਪਰ ਅੱਜ ਕੱਲ੍ਹ ਭਾਵੇਂ ਮਾਪਿਆਂ ਤੇ ਬੱਚਿਆਂ ਦੇ ਘਰ ਦਾ ਪਤਾ ਤਾਂ ਭਾਵੇਂ ਇਕ ਹੋਵੇ, ਪਰ ਉਨ੍ਹਾਂ ਨੂੰ ਇਕ ਦੂਜੇ ਦਾ ਪਤਾ ਹੀ ਨਹੀਂ ਹੁੰਦਾ।
ਇਹ ਕੇਹੀ ਬੇਕਦਰੀ ਤੇ ਬੇਕਿਰਕੀ ਕਿ ਬੱਚੇ ਛੋਟੇ ਹੁੰਦੇ ਤਾਂ ਉਹ ਮਾਪਿਆਂ ਕੋਲੋਂ ਬਾਹਰ ਜਾਣ ਲਈ ਆਗਿਆ ਮੰਗਦੇ। ਫਿਰ ਉਨ੍ਹਾਂ ਨੂੰ ਪੁੱਛ ਕੇ ਬਾਹਰ ਜਾਂਦੇ ਅਤੇ ਬਾਅਦ ਵਿਚ ਮਾਪਿਆਂ ਨੂੰ ਪੁੱਛਣ ਤੋਂ ਬਗੈਰ ਹੀ ਬਹਾਰ ਚਲੇ ਜਾਣ ਲੱਗ ਪੈਂਦੇ। ਪਰ ਕੇਹਾ ਵਕਤ ਆ ਜਾਂਦਾ ਕਿ ਬਜੁਰਗ ਮਾਪੇ ਬੱਚਿਆਂ ਦੀ ਮਰਜ਼ੀ ਤੋਂ ਬਗੈਰ ਬਾਹਰ ਹੀ ਨਹੀਂ ਜਾ ਸਕਦੇ।
ਛੋਟੇ ਹੁੰਦਿਆਂ ਬੱਚਾ ਖੰਘਦਾ ਸੀ। ਬੁਖਾਰ ਹੁੰਦਾ ਸੀ, ਪਾਸਾ ਵੱਟਦਾ ਸੀ ਜਾਂ ਨੀਂਦ ਵਿਚ ਵੀ ਚੀਖਦਾ ਤਾਂ ਮਾਪਿਆਂ ਦੀ ਨੀਂਦ ਉਚਾਟ ਹੋ ਜਾਂਦੀ ਅਤੇ ਸਾਰੀ ਰਾਤ ਅੱਖਾਂ ਵਿਚ ਲੰਘਦੀ। ਗਿੱਲੇ ਪੋਤੜਿਆਂ ਨੂੰ ਬਦਲਣ ਵਿਚ ਹੀ ਮਾਂ ਰਾਤ ਬਿਤਾ ਦਿੰਦੀ, ਪਰ ਹੁਣ ਮਾਪੇ ਸਾਰੀ ਰਾਤ ਵੀ ਖੰਘਦੇ ਰਹਿਣ ਤਾਂ ਨਾਲ ਦੇ ਕਮਰੇ `ਚੋਂ ਜਾਂ ਤਾਂ ਹਾਸੇ ਸੁਣਾਈ ਦਿੰਦੇ, ਡੂੰਘੀ ਚੁੱਪ ਹੁੰਦੀ ਜਾਂ ਘੁਰਾੜੇ ਸੁਣਾਈ ਦਿੰਦੇ।
ਮਾਪੇ ਜਿਹੜੀਆਂ ਦੀਵਾਰਾਂ ਨਾਲ ਘਰ ਦੀ ਤਾਮੀਰਦਾਰੀ ਕਰਦੇ, ਬੱਚੇ ਵੱਡੇ ਹੋ ਕੇ ਇਨ੍ਹਾਂ ਦੀਵਾਰਾਂ ਨਾਲ ਹੀ ਘਰ ਵਿਚ ਨਿੱਕੀਆਂ ਨਿੱਕੀਆਂ ਵਲਗਣਾਂ ਉਸਾਰ ਲੈਂਦੇ, ਜਿਨ੍ਹਾਂ ਵਿਚ ਸਾਹਾਂ ਦਾ ਵੀ ਦਮ ਘੁੱਟਦਾ। ਆਖਰ ਨੂੰ ਇਨ੍ਹਾਂ ਦੀਵਾਰਾਂ ਵਿਚ ਵੀ ਦਰਾੜਾਂ ਪੈਦਾ ਹੋ ਜਾਂਦੀਆਂ, ਜਿਨ੍ਹਾਂ ਦਰਾੜਾਂ ਨੂੰ ਭਰ ਕੇ ਮਾਪਿਆਂ ਨੇ ਕਦੇ ਘਰ ਲਈ ਦੀਵਾਰਾਂ ਉਸਾਰੀਆਂ ਹੁੰਦੀਆਂ।
ਬੱਚਿਆਂ ਦੀ ਕੇਹੀ ਸੋਚ ਬਣ ਗਈ ਏ ਕਿ ਉਹ ਅੰਬਰਾਂ ਨੂੰ ਟਾਕੀਆਂ ਲਾਉਣ ਨੂੰ ਫਿਰਦੇ। ਕਦੇ ਪਿਆਰ ਲਈ ਚੰਨ ਦਾ ਟਿੱਕਾ ਬਣਾਉਂਦੇ। ਕਦੇ ਮੰਗਲ ਗ੍ਰਹਿ ਦੀਆਂ ਗੱਲਾਂ ਕਰਦੇ, ਪਰ ਕਦੇ ਅਲਾਣੀ ਮੰਜੇ `ਤੇ ਬੈਠੇ ਮਾਂ-ਬਾਪ ਦੇ ਚਰਨਾਂ ਨੂੰ ਨਤਮਸਤਕ ਨਹੀਂ ਹੁੰਦੇ।
ਮਾਪਿਆਂ ਨੂੰ ਬੱਚੇ ਬਹੁਤ ਪਿਆਰੇ ਅਤੇ ਬੱਚਿਆਂ ਨੂੰ ਆਪਣੇ ਬੱਚੇ ਹੋਰ ਜਿ਼ਆਦਾ ਚੰਗੇ ਲੱਗਦੇ, ਪਰ ਯਾਦ ਰੱਖਣਾ! ਆਖਰ ਨੂੰ ਇਨ੍ਹਾਂ ਬੱਚਿਆਂ ਨੇ ਵੀ ਉਹੀ ਕੁਝ ਤੁਹਾਡੇ ਨਾਲ ਕਰਨਾ, ਜੋ ਤੁਸੀਂ ਆਪਣੇ ਮਾਪਿਆਂ ਨਾਲ ਕਰ ਰਹੇ ਹੋ। ਇਸ ਲਈ ਜਰੂਰੀ ਹੈ ਕਿ ਆਪਣੇ ਮਾਪਿਆਂ ਨਾਲ ਅਜਿਹਾ ਕੁਝ ਹੀ ਕਰੋ, ਜੋ ਤੁਸੀਂ ਆਪਣੇ ਬੱਚਿਆਂ ਤੋਂ ਆਸ ਰੱਖਦੇ ਹੋ।
ਬਦਲਣਾ ਚਾਹੀਦਾ, ਪਰ ਇੰਨਾ ਵੀ ਨਾ ਬਦਲੋ ਕਿ ਆਪਣੇ ਪੈਰਾਂ ਹੇਠਲੀ ਜਮੀਨ ਦਾ ਵੀ ਖਿਆਲ ਨਾ ਰਹੇ। ਆਪਣੀ ਧਰਾਤਲ ਗਵਾਉਣ ਵਾਲੇ ਸਿਰਫ ਹਵਾ ਵਿਚ ਹੀ ਲਟਕਦੇ। ਨਾ ਉਨ੍ਹਾਂ ਲਈ ਧਰਤੀ ਠਾਹਰ ਬਣਦੀ ਅਤੇ ਨਾ ਹੀ ਅੰਬਰ ਉਨ੍ਹਾਂ ਦੀਆਂ ਅਰਜੋਈਆਂ ਦਾ ਹੁੰਗਾਰਾ ਭਰਦਾ।
ਮਾਪਿਆਂ ਨੂੰ ਸਤਿਕਾਰਦੇ ਰਹੋ। ਉਨ੍ਹਾਂ ਦੀ ਯਾਦ ਨੂੰ ਚੇਤਿਆਂ ਵਿਚ ਚਿਰੰਜੀਵ ਰੱਖੋ। ਮਾਪਿਆਂ ਦੀਆਂ ਦੁਆਵਾਂ ਤੋਂ ਵੱਡੀ ਦੁਆ ਕੋਈ ਨਹੀਂ ਅਤੇ ਇਸ ਤੋਂ ਮਹਿਰੂਮ ਹੋਣ ਦਾ ਕਦੇ ਗੁਨਾਹ ਨਾ ਕਰਨਾ।