ਹਾਕੀ ਤੋਂ ਕੰਪਿਊਟਰ ਤਕ ਕਿਰਪਾਲ ਸਿੰਘ ਪੰਨੂੰ

ਪ੍ਰਿੰ. ਸਰਵਣ ਸਿੰਘ
ਕਿਰਪਾਲ ਸਿੰਘ ਪੰਨੂੰ ਦਾ ਜੀਵਨ ਸਫਰ ਹਾਕੀ ਤੋਂ ਕੰਪਿਊਟਰ ਤੱਕ ਦਾ ਹੈ। ਉਹ ਹਾਕੀ ਦਾ ਵੈਟਰਨ ਖਿਡਾਰੀ ਹੋਣ ਨਾਲ ਪੰਜਾਬੀ ਕੰਪਿਊਟਰ ਦਾ ਵੀ ਧਨੰਤਰ ਹੈ। 1956-66 ਦੌਰਾਨ ਉਹ ਓਲੰਪੀਅਨ ਬਲਬੀਰ ਸਿੰਘ, ਊਧਮ ਸਿੰਘ, ਗੁਰਦੇਵ ਸਿੰਘ ਤੇ ਪ੍ਰਿਥੀਪਾਲ ਸਿੰਘ ਹੋਰਾਂ ਨਾਲ ਪੁਲਿਸ ਵਿਚ ਹਾਕੀ ਖੇਡਿਆ। 1990 ਤੋਂ ਉਹ ਕੰਪਿਊਟਰ ਦਾ ਪੰਜਾਬੀਕਰਨ ਕਰ ਰਿਹੈ, ਪਰ ਉਸ ਦੀ ਕੰਪਿਊਟਰੀ ਪ੍ਰਤਿਭਾ ਤੇ ਘਾਲਣਾ ਨੂੰ ਪੰਜਾਬੀ ਸੰਸਥਾਵਾਂ ਵੱਲੋਂ ਗੌਲਿਆ ਨਹੀਂ ਗਿਆ। ਐਨ ਉਵੇਂ, ਜਿਵੇਂ ਵਣਜਾਰਾ ਬੇਦੀ ਪੰਜਾਬੀ ਲੋਕ ਧਾਰਾ ਦੇ ਪਹਾੜ ਨਾਲ ਮੱਥਾ ਮਾਰਦਾ ਰਿਹਾ, ਪਰ ਕਿਸੇ ਪੰਜਾਬੀ ਸੰਸਥਾ ਨੇ ਉਸ ਵੱਲ ਧਿਆਨ ਨਾ ਦਿੱਤਾ। ਉਹਦੇ ਕੂਚ ਕਰ ਜਾਣ ਬਾਅਦ ਉਹਦਾ ਕੀਤਾ ਕੰਮ ਵੇਖ ਕੇ ਖੋਜੀ ਵਿਦਵਾਨ ਦੰਗ ਹਨ। ਜੇ ਖੋਜ ਸੰਸਥਾਵਾਂ ਉਸ ਨੂੰ ਜਿਊਂਦੇ ਜੀਅ ਸਹਿਯੋਗ ਦਿੰਦੀਆਂ ਤਾਂ ਲੋਕ ਧਾਰਾ ਦੇ ਉਸ ਫਰਿਹਾਦ ਤੋਂ ਕਿਤੇ ਵੱਧ ਕੰਮ ਕਰਵਾ ਲੈਂਦੀਆਂ।

ਪੰਨੂੰ ਨੇ ਕੈਨੇਡਾ ਵਿਚ ਕੰਪਿਊਟਰ ਦੇ ਪੰਜਾਬੀਕਰਨ ਦਾ ਲੰਗਰ ਲਾ ਰੱਖਿਆ ਹੈ। ਉਸ ਨੂੰ ਕੰਪਿਊਟਰ ਦਾ ਭਾਈ ਘਨੱਈਆ ਕਿਹਾ ਜਾਂਦਾ ਹੈ। ਰਿਟਾਇਰ ਹੋਣ ਵੇਲੇ ਉਹ ਬਾਰਡਰ ਸਿਕਿਉਰਿਟੀ ਫੋਰਸ ਦਾ ਕਮਾਂਡੈਂਟ ਸੀ। ਹੱਥ ‘ਚ ਕਾਰਬਾਈਨ ਤੇ ਮੋਢਿਆਂ ‘ਤੇ ਸਟਾਰ ਸਨ। ਉਹ ਖਿੱਦੋ ਖੂੰਡੀ ਤੋਂ ਹਾਕੀ, ਹਾਕੀ ਤੋਂ ਕਾਰਬਾਈਨ ਤੇ ਕਾਰਬਾਈਨ ਤੋਂ ਕੰਪਿਊਟਰ ਵੱਲ ਆਇਆ। ਉਸ ਨੇ ਖੇਡਾਂ ਖਿਡਾਰੀਆਂ ਤੇ ਕੰਪਿਊਟਰ ਬਾਰੇ ਕਲਮ ਵਾਹੀ ਤੇ ਖੇਡ ਸਾਹਿਤ ਵਿਚ ਯੋਗਦਾਨ ਪਾਇਆ। ਉਸ ਦੀਆਂ ਲਿਖਤਾਂ ਅਖਬਾਰਾਂ ਵਿਚ ਛਪਦੀਆਂ ਰਹੀਆਂ ਅਤੇ ਪੁਸਤਕ ਵੀ ਛਪਵਾਈ, ‘ਆਓ ਕੰਪਿਊਟਰ ਸਿੱਖੀਏ।’
ਉਸ ਦਾ ਜਨਮ 25 ਮਾਰਚ 1936 ਨੂੰ ਰਾੜਾ ਸਾਹਿਬ ਨੇੜੇ ਪਿੰਡ ਕਟਾਹਰੀ ਵਿਚ ਪਿਤਾ ਪ੍ਰੇਮ ਸਿੰਘ ਤੇ ਮਾਤਾ ਰਤਨ ਕੌਰ ਦੇ ਘਰ ਹੋਇਆ। ਉਹ ਪੜ੍ਹਾਈ ‘ਚ ਹੁਸਿ਼ਆਰ ਸੀ ਤੇ ਹਾਕੀ ਦਾ ਤਕੜਾ ਖਿਡਾਰੀ ਸੀ। ਗਿਆਨੀ ਕਰ ਕੇ ਬੀ. ਏ. ਕਰਨ ਨਾਲ ਗੁਰਮੁਖੀ, ਸ਼ਾਹਮੁਖੀ ਤੇ ਰੋਮਨ ਲਿਪੀਆਂ ਦਾ ਪੂਰਾ ਜਾਣੂੰ ਹੋ ਗਿਆ ਸੀ, ਜੋ ਕੰਪਿਊਟਰ ਦੇ ਪੰਜਾਬੀਕਰਨ ਵਿਚ ਕੰਮ ਆਈਆਂ। ਬੀ. ਐੱਸ. ਐੱਫ. ਵਿਚੋਂ ਅਗਾਊਂ ਰਿਟਾਇਰਮੈਂਟ ਲੈ ਕੇ 1988 ਵਿਚ ਉਹ ਕੈਨੇਡਾ ਪੁੱਜਾ ਸੀ। ਉਹਦੇ ਬੱਚਿਆਂ ਨੇ ਕੰਪਿਊਟਰ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੋਈ ਸੀ, ਜਿਸ ਕਰਕੇ ਘਰ ਵਿਚ ਕੰਪਿਊਟਰ ਪਏ ਸਨ। ਘਰੋਂ ਹੀ ਉਸ ਨੂੰ ਕੰਪਿਊਟਰ ਸਿੱਖਣ ਦੀ ਜਾਗ ਲੱਗੀ। ਫਿਰ ਉਸ ਨੇ ਆਪਣੀ ਸਾਰੀ ਵਿਹਲ ਤੇ ਪ੍ਰਤਿਭਾ ਕੰਪਿਊਟਰ ਦੀ ਕਾਰੀਗਰੀ ਕਰਨ ਵਿਚ ਝੋਕ ਦਿੱਤੀ, ਜਿਸ ਦੇ ਸਿੱਟੇ ਸਾਹਮਣੇ ਹਨ। ਕਿਸੇ ਦਾ ਕੰਪਿਊਟਰ ਬਿਮਾਰ ਹੋ ਜਾਵੇ ਤਾਂ ਉਹ ਵੈਦ ਰੋਗੀਆਂ ਦਾ ਬਣ ਕੇ ਬਹੁੜਦਾ। ਕਿਸੇ ਨੇ ਕੰਪਿਊਟਰ ਦੀ ਜਾਚ ਸਿੱਖਣੀ ਹੋਵੇ ਤਾਂ ਉਹ ਹਰ ਵੇਲੇ ਹਾਜ਼ਰ ਹੁੰਦਾ। ਉਸ ਤੋਂ ਕੰਪਿਊਟਰ ਸਿੱਖੇ ਸ਼ਾਗਿਰਦਾਂ ਦੀ ਗਿਣਤੀ ਵੀਹਾਂ ‘ਚ ਨਹੀਂ, ਸੈਂਕੜਿਆਂ ਵਿਚ ਹੈ, ਜਿਨ੍ਹਾਂ ‘ਚ ਮੈਂ ਵੀ ਹਾਂ।
2011 ਵਿਚ ਮੈਂ ਪੰਨੂੰ ਬਾਰੇ ਪੁਸਤਕ ਸੰਪਾਦਿਤ ਕੀਤੀ ਸੀ, ਜਿਸ ਦਾ ਨਾਂ ਪਹਿਲਾਂ ‘ਕੰਪਿਊਟਰ ਦਾ ਧੰਨਾ ਜੱਟ’ ਸੋਚਿਆ, ਫਿਰ ‘ਕੰਪਿਊਟਰ ਦਾ ਧਨੰਤਰ’ ਰੱਖਿਆ। ਉਸ ਵਿਚ ਪੰਜਾਹ ਕੁ ਲੇਖਕਾਂ ਨੇ ਆਪਣੀਆਂ ਲਿਖਤਾਂ ਨਾਲ ਯੋਗਦਾਨ ਪਾਇਆ, ਜਿਨ੍ਹਾਂ ਦਾ ਮੁੱਢ ਵਰਿਆਮ ਸਿੰਘ ਸੰਧੂ ਨੇ ਨਾਟਕੀ ਢੰਗ ਨਾਲ ਬੱਧਾ:
ਦਰਿਆ ਦਿਲ ਪੰਨੂੰ
ਸਾਲ 1978, ਮੈਂ ਆਪਣੇ ਪਿੰਡ ਸੁਰ ਸਿੰਘ ਦੇ ਹਾਈ ਸਕੂਲ ਵਿਚ ਆਪਣੀ ਜਮਾਤ ਦਾ ਪੀਰਡ ਲਾ ਕੇ ਦਫਤਰ ਵਿਚ ਬੈਠਾ ਹੀ ਸਾਂ ਕਿ ਸਕੂਲ ਦੇ ਗੇਟ ਅੱਗੇ ਇੱਕ ਜੀਪ ਰੁਕੀ। ਉਸ ਵਿਚੋਂ ਖਾਕੀ ਵਰਦੀ ਵਾਲਾ ਅਫਸਰ, ਅੱਗੇ ਨੂੰ ਥੋੜ੍ਹੇ ਕੁ ਮੋਢੇ ਝੁਕਾ ਕੇ ਤੁਰਦਾ ਹੋਇਆ ਇੰਜ ਲੱਗਾ, ਜਿਵੇਂ ਮੋਢਿਆਂ ‘ਤੇ ਲਿਸ਼ਕਦੇ ਸਟਾਰ ਵਿਖਾਉਣ ਲਈ ਉਚੇਚ ਕਰ ਰਿਹਾ ਹੋਵੇ। ਉਹਦੇ ਪਿੱਛੇ ਪਿੱਛੇ ਉਹਦਾ ਸਹਾਇਕ। ਉਹ ਦਫਤਰ ਵਿਚ ਆ ਵੜੇ।
ਮੈਂ ਸੋਚਿਆ, ‘ਲੈ ਪੈ ਗਿਆ ਫੇਰ ਕੋਈ ਹੋਰ ਸਿਆਪਾ!’
ਅਫਸਰ ਨੇ ਪੁੱਛਦੀਆਂ ਨਜ਼ਰਾਂ ਨਾਲ ਸਾਹਮਣੀ ਕੁਰਸੀ ‘ਤੇ ਬੈਠੇ ਮੁੱਖ ਅਧਿਆਪਕ ਨੂੰ ਪੁੱਛਿਆ, ‘ਵਰਿਆਮ ਸਿੰਘ ਸੰਧੂ?’
ਮੁੱਖ ਅਧਿਆਪਕ ਨੂੰ ਮੇਰੇ ਵਾਲਾ ਫੁਰਨਾ ਹੀ ਫੁਰਿਆ ਹੋਣਾ ਏਂ। ਮੁਸਕਰਾ ਕੇ ਬੜੇ ਅਦਬ ਨਾਲ ਕਹਿੰਦਾ, ‘ਸਾਹਿਬ ਬਹਾਦਰ! ਤੁਸੀਂ ਬੈਠੋ ਤਾਂ ਸਹੀ ਕੁਰਸੀ ਲੈ ਕੇ। ਸੰਧੂ ਸਾਬ੍ਹ ਏਥੇ ਈ ਨੇ। ਆਹ ਵੇਖੋ। ਲਿਆ ਬਈ ਬੁੱਢਾ ਸਿਅ੍ਹਾਂ! ਪਾਣੀ ਦਾ ਗਿਲਾਸ ਸਰਦਾਰ ਸਾਬ੍ਹ ਲਈ।’
ਪਰ ‘ਸਾਹਿਬ ਬਹਾਦਰ’ ਕੁਰਸੀ `ਤੇ ਨਹੀਂ ਬੈਠਾ। ਮੇਰੀ ਕੁਰਸੀ ਵੱਲ ਵਧਿਆ। ਬੜੇ ਤਪਾਕ ਨਾਲ ਮੇਰੇ ਨਾਲ ਹੱਥ ਮਿਲਾਇਆ। ਉਸ ਦੇ ਮਿਲਣ ਵਿਚਲੀ ਗਰਮਜੋਸ਼ੀ ਨੇ ਮੇਰਾ ਸਾਹ ਸੌਖਾ ਜਿਹਾ ਕਰ ਦਿੱਤਾ। ਮੈਂ ਹੈਰਾਨ ਵੀ ਹੋਇਆ। ਪੁਲਿਸ ਵਿਚ ‘ਏਡਾ ਮੇਰਾ ਕਿਹੜਾ ਦਰਦੀ!’
ਹੁਣ ਤੁਸੀਂ ਅੰਦਰੇ ਅੰਦਰ ਹੱਸਦੇ ਹੋਵੋਗੇ ਕਿ ਏਡਾ ਨਾਟਕੀ ਦ੍ਰਿਸ਼ ਸਿਰਜਣ ਦੀ ਭਲਾ ਕੀ ਲੋੜ ਸੀ! ਸਾਰੇ ਜਾਣਦੇ ਨੇ ਉਹ ‘ਸਾਹਿਬ ਬਹਾਦਰ’ ਆਪਣਾ ਕਿਰਪਾਲ ਸਿੰਘ ਪੰਨੂੰ ਹੀ ਸੀ।
ਮੈਂ ਕਦੋਂ ਮੁੱਕਰਦਾਂ। ਹੈ ਤਾਂ ਕਿਰਪਾਲ ਸਿੰਘ ਪੰਨੂੰ ਹੀ ਸੀ, ਪਰ ਇੱਕ ਵਾਰ ਤਾਂ ਜਨਾਬ ਨੇ ਮੇਰਾ ਤ੍ਰਾਹ ਹੀ ਕੱਢ ਦਿੱਤਾ ਸੀ। ਅੱਜ ਤੱਕ ਪੁਲਿਸ ਮੈਨੂੰ ‘ਲੈਣ’ ਈ ਆਉਂਦੀ ਰਹੀ ਸੀ, ‘ਮਿਲਣ’ ਕਦੀ ਨਹੀਂ ਸੀ ਆਈ ਤੇ ਉਹ ਵੀ ਏਨੇ ਮੁਹੱਬਤੀ ਤੇ ਮਿਲਾਪੜੇ ਅੰਦਾਜ਼ ਵਿਚ! ਉਨ੍ਹੀਂ ਦਿਨੀਂ ਸਰਕਾਰ ਦਾ ਕੁਝ ਵਧੇਰੇ ਹੀ ‘ਚਹੇਤਾ’ ਹੋਣ ਕਰਕੇ ਪੁਲਿਸ ਦੇ ‘ਆਉਣ’ ਤੇ ਮੈਨੂੰ ‘ਲੈ ਜਾਣ’ ਦਾ ਮਾਣ ਅਕਸਰ ਹੀ ਮਿਲਦਾ ਰਹਿੰਦਾ ਸੀ। ਹੁਣ ਵੀ ਮੈਂ ਉਨ੍ਹਾਂ ਨੂੰ ਵੇਖ ਕੇ ਇਹੋ ਹੀ ਲੱਖਣ ਲਾਇਆ ਸੀ ਕਿ ‘ਲਾਲ ਪਗੜੀਆਂ ਵਾਲੇ ਆਲੋਚਕ’ ਮੇਰੇ ‘ਕੀਤੇ ਕੰਮਾਂ ਤੇ ਲਿਖਤਾਂ ਦੀ ਦਾਦ ਦੇਣ ਮੁੜ ਤੋਂ ਆਣ ਧਮਕੇ ਹਨ।’
ਕੁਰਸੀ ਉੱਤੇ ਬੈਠ ਕੇ ਪੰਨੂੰ ਮੇਰਾ ਵੱਜ ਬਣਾ ਰਿਹਾ ਸੀ। ਪਿਛਲੇ ਦਿਨੀਂ ਉਹ ਅੰਮ੍ਰਿਤਸਰ ਦੇ ਬੱਸ ਅੱਡੇ ‘ਤੇ ਕਿਤਾਬਾਂ ਰਿਸਾਲੇ ਵੇਖ ਰਿਹਾ ਸੀ ਤੇ ਕੁਝ ਵਿਸ਼ੇਸ਼ ਸਾਹਿਤਕਾਰਾਂ ਦੀਆਂ ਨਵੀਆਂ ਛਪੀਆਂ ਕਿਤਾਬਾਂ ਬਾਰੇ ਪੁੱਛ ਰਿਹਾ ਸੀ ਕਿ ਸਟਾਲ ‘ਤੇ ਖਲੋਤੇ ਮੇਰੇ ਕਿਸੇ ਜਾਣੂ ਪਾਠਕ ਨੇ ਪੁੱਛਿਆ, ‘ਤੁਸੀਂ ਸਾਡੇ ਇਲਾਕੇ ਦੇ ਲੇਖਕ ਵਰਿਆਮ ਸਿੰਘ ਸੰਧੂ ਨੂੰ ਪੜ੍ਹਿਆ ਏ?’ ਤੇ ਫਿਰ ਮੇਰੀਆਂ ਗੱਲਾਂ ਚੱਲ ਪਈਆਂ। ਪੰਨੂੰ ਨੇ ਉਸ ਤੋਂ ਮੇਰੇ ਪਿੰਡ ਤੇ ਥਾਂ-ਟਿਕਾਣੇ ਬਾਰੇ ਪੁੱਛਿਆ। ਮੈਂ ਤਾਂ ਉਸ ਦੀ ਪਹੁੰਚ ਵਿਚ ਹੀ ਸਾਂ। ਪੰਨੂੰ ਉਦੋਂ ਮੇਰੇ ਪਿੰਡ ਤੋਂ ਸਵਾ-ਡੇਢ ਮੀਲ ਦੀ ਵਿੱਥ ‘ਤੇ ਬਣੀ ਬੀ. ਐੱਸ. ਐਫ. ਦੀ ਛਾਉਣੀ ਵਿਖੇ ਤਾਇਨਾਤ ਸੀ। ਅਗਲੇ ਦਿਨ ਛਾਉਣੀਓਂ ਨਿਕਲਦਿਆਂ ਉਸ ਨੇ ਡਰਾਈਵਰ ਨੂੰ ਜੀਪ ਮੇਰੇ ਪਿੰਡ ਵੱਲ ਮੋੜਨ ਲਈ ਕਿਹਾ ਤੇ ਹੁਣ ਅਸੀਂ ਆਹਮੋ-ਸਾਹਮਣੇ ਸਾਂ।
ਉਥੋਂ ਉੱਠ ਕੇ ਅਸੀਂ ਘਰ ਚਲੇ ਗਏ। ਜਲ-ਪਾਣੀ ਪੀਤਾ, ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਜਾਣ ਲੱਗਾ ਉਹ ਮੇਰੇ ਰੋਕਦਿਆਂ ਰੋਕਦਿਆਂ ਤੇ ਕਹਿੰਦਿਆਂ ਕਹਿੰਦਿਆਂ ਕਿ ‘ਇਹ ਮੇਰੇ ਕੰਮ ਦੀ ਚੀਜ਼ ਨਹੀਂ’ ਉਹ ਉਚੇਚੇ ਤੌਰ `ਤੇ ਮੇਰੇ ਲਈ ਲਿਆਂਦੀ ਰੰਮ ਦੀ ਬੋਤਲ ਰੱਖ ਗਿਆ ਤੇ ਮੇਰੇ ਕੋਲੋਂ ਕੁਝ ਕਿਤਾਬਾਂ ਦੇ ਨਾਲ ਨਾਲ ਮੇਰਾ ਦਿਲ ਵੀ ਆਪਣੇ ਨਾਲ ਲੈ ਗਿਆ। ਨਾ ਉਸ ਨੇ ਮੁੜ ਕੇ ਮੇਰੀਆਂ ਕਿਤਾਬਾਂ ਮੋੜੀਆਂ ਤੇ ਨਾ ਦਿਲ ਹੀ। ਉਸ ਦੇ ਮਿਲਣ ਆਉਣ ਨਾਲ ਮੇਰੀ ਚੰਗੀ ਭੱਲ ਬਣੀ। ਸਕੂਲ ਦੇ ਮਾਸਟਰ ਤੇ ਪਿੰਡ ਦੇ ਲੋਕ ਸਮਝਣ ਲੱਗੇ ਕਿ ‘ਮੈਂ ਵੀ ਕੁਝ ਹਾਂ’ ਜਿਹਨੂੰ ਏਡੇ ਏਡੇ ਅਫਸਰ ‘ਸਲਾਮ’ ਕਰਨ ਆਉਂਦੇ ਨੇ!
ਪਰ ਸਾਡੀਆਂ ਮਿਲਣੀਆਂ ਦਾ ਨਿੱਕਾ ਜਿਹਾ ਸਿਲਸਿਲਾ ਚੱਲ ਕੇ ਛੇਤੀ ਹੀ ਬੰਦ ਹੋ ਗਿਆ। ਫਿਰ ਲੰਮਾ ਅਰਸਾ ਉਸ ਵੱਲੋਂ ਕੋਈ ਸੁਖ-ਸੁਨੇਹਾ ਨਾ ਪੁੱਜਾ। ਇੱਕ ਦਿਨ ਇੱਕ ਬੰਦਾ ਆਇਆ। ਕਹਿਣ ਲੱਗਾ, ‘ਪੰਨੂੰ ਸਾਹਿਬ ਦੀ ਬਦਲੀ ਜੰਮੂ-ਕਸ਼ਮੀਰ ਵੱਲ ਹੋ ਗਈ ਏ ਤੇ ਉਨ੍ਹਾਂ ਤੁਹਾਡੇ ਲਈ ਕੁਝ ਸਮਾਨ ਭੇਜਿਆ ਏ।’
ਇਹ ਜੂਸ ਦੀਆਂ ਬੋਤਲਾਂ ਸਨ ਤੇ ਨਾਲ ਅਖਰੋਟਾਂ ਦੀ ਪੋਟਲੀ। ਪੰਨੂੰ ਦੂਰ ਜਾ ਕੇ ਵੀ ਮੇਰੇ ਨੇੜੇ ਸੀ। ਪਹਿਲਾਂ ‘ਰੰਮ’ ਦੇ ਰੂਪ ਵਿਚ ਤੇ ਫਿਰ ‘ਜੂਸ’ ਦੇ ਰੂਪ ਵਿਚ…।

ਨਵਤੇਜ ਭਾਰਤੀ ਨੇ ਲਿਖਿਆ: ਮੈਂ ਕਿਰਪਾਲ ਸਿੰਘ ਪੰਨੂੰ ਨੂੰ ਜਿੰਨਾ ਕੁ ਜਾਣਦਾ ਹਾਂ, ਉਹ ਉਸ ਤੋਂ ਵੱਡਾ ਹੈ…ਜਿੰਨਾ ਕੁ ਜਾਣਦਾ ਹਾਂ, ਬਥੇਰਾ ਹੈ। ਕਿਰਪਾਲ ਵੀ ਆਪਣੇ ਆਪ ਨੂੰ ਜਣਾਉਂਦਾ ਨਹੀਂ।

ਕੰਪਿਊਟਰ ਦੇ ਮਾਹਿਰ ਡਾ. ਕੁਲਬੀਰ ਸਿੰਘ ਨੇ ਲਿਖਿਆ: ਸਾਲ 1999 ਵਿਚ ਉਹ ਪਹਿਲਾ ਵਿਅਕਤੀ ਸੀ, ਜਿਸ ਨੇ ਸਫਲਤਾ ਨਾਲ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਦਾ ਪਰਿਵਰਤਨ ਤਿਆਰ ਕੀਤਾ। ਮੇਰੇ ਕਹਿਣ ਉੱਤੇ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿਚ ਕਨਵਰਟ ਕੀਤਾ, ਜਿਸ ਨੂੰ ਸ਼੍ਰੀਗਰੰਥ ਡਾਟ ਆਰਗ ਉੱਤੇ ਦੇਖਿਆ ਜਾ ਸਕਦਾ ਹੈ।

ਡਾ. ਨਿਰਮਲ ਸਿੰਘ ਲਾਂਬੜਾ ਨੇ ਲਿਖਿਆ: ਪੰਨੂੰ ਨੇ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਆਦਿ ਮੁਲਕਾਂ ਵਿਚ ਵਸਦੇ ਹਮਵਤਨੀਆਂ ਨੂੰ ਤਾਂ ਪੰਜਾਬ ਨਾਲ ਜੋੜਨ ਦੀ ਕਾਮਯਾਬੀ ਹਾਸਲ ਕਰ ਲਈ, ਪਰ ਲਾਹੌਰ, ਮੁਲਤਾਨ, ਰਾਵਲਪਿੰਡੀ ਅਜੇ ਵੀ ਸਾਥੋਂ ਹਜ਼ਾਰਾਂ ਕੋਹਾਂ ਦੂਰ ਜਾਪਦੇ ਸਨ। ਉਥੇ ਪੰਜਾਬੀ ਲਿਖਣ ਲਈ ‘ਸ਼ਾਹਮੁਖੀ’ ਲਿਪੀ ਵਰਤੀ ਜਾਂਦੀ ਹੈ। ਏਸ ਮੁੱਦੇ ਨੂੰ ਗੰਭੀਰਤਾ ਨਾਲ ਹੱਲ ਕਰਨ ਦੇ ਜਿਹੜੇ ਯਤਨ ਪੰਨੂੰ ਹੋਰਾਂ ਕੀਤੇ, ਉਹ ਪੰਜਾਬੀਆਂ ਲਈ ਹੀ ਨਹੀਂ, ਭਾਰਤ-ਪਾਕਿਸਤਾਨ ਦੇ ਆਮ ਲੋਕਾਂ ਲਈ ਵੀ ਬੇਹੱਦ ਲਾਹੇਵੰਦ ਸਾਬਤ ਹੋਏ।

ਗੁੱਜਰਾਂਵਾਲੇ ਦੇ ਜ਼ਾਹਿਦ ਇਕਬਾਲ ਨੇ ਫੁਰਮਾਇਆ: ਵਾਰਿਸ ਸ਼ਾਹ ਅੱਲਾ ਜਾਂ ਕਰਮ ਕਰਦਾ, ਹੁਕਮ ਹੁੰਦਾ ਏ ਨੇਕ ਸਤਾਰਿਆਂ ਨੂੰ। ਪੰਨੂੰ ਸਾਹਿਬ ਜਿਥੇ ਕੰਪਿਊਟਰ ਅਤੇ ਗੁਰਮੁਖੀ ਫੌਂਟਾਂ ਦੇ ਐਕਸਪਰਟ ਸਿਆਣੇ ਹਨ, ਉਥੇ ਉਹ ਆਪਣੇ ਇਲਮ, ਗਿਆਨ, ਨਿੱਘੇ ਸੁਭਾਅ, ਦਰਵੇਸ਼ ਬਿਰਤੀ ਕਰਕੇ ਹਰ ਤਰ੍ਹਾਂ ਦੀਆਂ ਧਰਮੀ ਤੇ ਮੁਲਕੀ ਵੰਡਾਂ ਤੇ ਵਲਗਣਾਂ ਤੋਂਂ ਉਪਰ ਉੱਠ ਕੇ ਆਮ ਲੋਕਾਂ ਨਾਲ ਮੋਹ ਰੱਖਦੇ ਹਨ।

ਮੇਰਾ ਕੰਪਿਊਟਰ ਦੇ ਲੜ ਲੱਗਣਾ
ਪ੍ਰਿੰਸੀਪਲੀ ਤੋਂ ਰਿਟਾਇਰ ਹੋਣ ਪਿੱਛੋਂ ਮੈਨੂੰ ਕੰਪਿਊਟਰ ਦੇ ਲੜ ਲਾਉਣ ਵਾਲਾ ਕਿਰਪਾਲ ਸਿੰਘ ਪੰਨੂੰ ਹੀ ਸੀ। ਹਮੇਸ਼ਾ ਪੈੱਨ ਨਾਲ ਲਿਖਦਾ ਹੋਣ ਕਰਕੇ ਮੈਂ ਸਮਝਦਾ ਸਾਂ ਲਿਖਿਆ ਸਿਰਫ ਪੈੱਨ ਨਾਲ ਹੀ ਜਾ ਸਕਦੈ। 1960ਵਿਆਂ ‘ਚ ਜਸਵੰਤ ਸਿੰਘ ਕੰਵਲ ਕੋਲ ਢੁੱਡੀਕੇ ਆਏ ਬਲਰਾਜ ਸਾਹਨੀ ਦਾ ਖੁਦ ਆਪਣਾ ਸਫਰਨਾਮਾ ਸਿੱਧਾ ਟਾਈਪ ਕੀਤਾ ਸੁਣ ਕੇ ਮੈਂ ਹੈਰਾਨ ਹੋਇਆ ਸਾਂ ਕਿ ਲੇਖਕ ਆਪਣੀ ਰਚਨਾ ਸਿੱਧੀ ਹੀ ਟਾਈਪ ਕਿਵੇਂ ਕਰ ਲੈਂਦੇ ਨੇ? ਮੈਂ ਇਸ ਭੁਲੇਖੇ ਦਾ ਸਿ਼ਕਾਰ ਸਾਂ ਕਿ ਰਚਨਾ ਕਲਮ ਨਾਲ ਹੀ ਕਾਗਜ਼ ‘ਤੇ ਲਿਖੀ ਜਾ ਸਕਦੀ ਹੈ।
ਪਰ ਪੰਨੂੰ ਦੇ ਸੰਪਰਕ ਵਿਚ ਆਉਣ ਪਿੱਛੋਂ ਮੈਂ ਆਪਣੀਆਂ ਚੌਵੀ ਪੱਚੀ ਕਿਤਾਬਾਂ ਖੁਦ ਕੰਪੋਜ਼ ਕੀਤੀਆਂ। ਪਿਛਲੀ ਉਮਰ ‘ਚ ਮੈਨੂੰ ਕੰਪਿਊਟਰ ਦਾ ਬੜਾ ਸੁਖ ਹੋ ਗਿਆ ਹੈ ਤੇ ਮੇਰਾ ਰਿਟਾਇਰ ਹੋਣਾ ਸਕਾਰਥੇ ਲੱਗ ਗਿਆ ਹੈ। ਕੰਪਿਊਟਰ ਦੇ ਸਾਥ ਵਿਚ ਲੱਗਦਾ ਹੀ ਨਹੀਂ ਕਿ ਮੈਂ ਬੁੱਢਾ ਹੋ ਰਿਹਾਂ ਜਾਂ ਕੋਈ ਆਹਰ ਨਹੀਂ ਰਿਹਾ। ਇੰਟਰਨੈੱਟ ਰਾਹੀਂ ਮੇਰੇ ਲਈ ਕੁਲ ਦੁਨੀਆਂ ਨੂੰ ਵੇਖਣ ਦੀ ਬਾਰੀ ਖੁੱਲ੍ਹ ਗਈ ਹੈ। ਈਮੇਲ ਸਾਰੀ ਦੁਨੀਆਂ ਦਾ ਸਾਂਝਾ ਡਾਕਖਾਨਾ ਹੈ, ਜਿਥੇ ਦੇਸ਼-ਵਿਦੇਸ਼ ਦੀ ਲਿਖਤ ਪੜ੍ਹਤ ਪਲਾਂ ਵਿਚ ਆਉਂਦੀ ਜਾਂਦੀ ਹੈ। 1999 ਤੋਂ ਪੰਨੂੰ ਨੇ ਨਿਸ਼ਕਾਮ ਸੇਵਾ ਵਜੋਂ ਕੰਪਿਊਟਰ ਸਿਖਾਉਣ ਦਾ ਸਦਾਵਰਤ ਲਾ ਰੱਖਿਆ ਹੈ, ਜਿਸ ਦਾ ਅਨੇਕਾਂ ਲੋੜਵੰਦਾਂ ਨੇ ਲਾਹਾ ਲਿਆ ਹੈ।
ਪੰਨੂੰ ਕੰਪਿਊਟਰ ਦਾ ਐਸਾ ਆਸ਼ਕ ਹੈ, ਜਿਸ ਨੂੰ ਕੰਪਿਊਟਰ ਦੇ ਪਹਾੜ ਦਾ ਫਰਿਹਾਦ ਕਿਹਾ ਜਾ ਸਕਦੈ, ਪਰ ਉਹ ਆਪਣੇ ਤੇਸੇ ਨਾਲ ਹੀ ਪਹਾੜ ਕੱਟਣ ਡਿਹੈ। ਧੰਨ ਹੈ ਉਸ ਦੀ ਲਗਨ ਤੇ ਸਲਾਮ ਹੈ ਉਸ ਦੇ ਸਿਰੜ ਨੂੰ ਕਿ ‘ਕੱਲਾ ਹੀ ਰਾਹ ਬਣਾਈ ਜਾ ਰਿਹੈ। ਉਂਜ ਡਰ ਹੈ, ਉਹ ਅਧਵਾਟੇ ਨਾ ਰਹਿ ਜਾਵੇ। ਇਸ ਲਈ ਲੋੜ ਹੈ ਉਸ ਨੂੰ ਸੰਭਾਲਣ ਦੀ ਤੇ ਉਸ ਤੋਂ ਹੋਰ ਵੀ ਯਾਦਗਾਰੀ ਕਾਰਜ ਕਰਵਾਉਣ ਦੀ। ਪੇਸ਼ ਹਨ, ਪੰਨੂੰ ਦੀਆਂ ਖੇਡ ਲਿਖਤਾਂ:
ਪ੍ਰਿਥੀਪਾਲ ਨਾਲ ਹਾਕੀ ਖੇਡਦਿਆਂ
ਮੈਂ ਸਮਝਦਾ ਹਾਂ ਜੀਵਨ ਵਿਚ ਖੇਡਾਂ ਦਾ ਬੜਾ ਮਹੱਤਵ ਹੈ। ਮੇਰੇ ਜੀਵਨ ਵਿਚ ਖੇਡਾਂ ਖੁਸ਼ਬੂ ਬਣ ਕੇ ਘੁਲੀਆਂ ਹੋਈਆਂ ਹਨ, ਜਿਨ੍ਹਾਂ ਨੂੰ ਯਾਦ ਕਰਦਿਆਂ ਅੱਜ ਵੀ ਰੂਹ ਸੁਗੰਧੀਆਂ ਨਾਲ ਭਰ ਜਾਂਦੀ ਹੈ। ਕਈ ਵਾਰ ਸੋਚਦਾਂ, ਕੁਦਰਤ ਨੇ ਭਾਵੇਂ ਮੈਨੂੰ ਬਹੁਤਾ ਕੁਝ ਨਹੀਂ ਦਿੱਤਾ, ਪਰ ਜੋ ਵੀ ਦਿੱਤਾ, ਆਪਣੇ ਆਪ ਉੱਤੇ ਮਾਣ ਕਰਨ ਲਈ ਓਹੋ ਹੀ ਬਹੁਤ ਹੈ। ਖੇਡਾਂ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਹੋਰ ਤਾਂ ਹੋਰ ਮੈਨੂੰ ਰੋਜ਼ੀ ਰੋਟੀ ਦੇਣ ਵਾਲੀਆਂ ਵੀ ਖੇਡਾਂ ਹੀ ਸਨ।
ਹੋਇਆ ਇਸ ਤਰ੍ਹਾਂ ਕਿ ਮੈਂ ਐੱਫ. ਐਸ. ਸੀ. ਦੀ ਪੜ੍ਹਾਈ ਤੋਂ ਕਿਨਾਰਾ ਕਰਕੇ ਵਿਹਲਾ ਸਾਂ। ਮੇਰੇ ਨਾਲ ਕਬੱਡੀ ਖੇਡਣ ਵਾਲੇ ਮਹਿੰਦਰ ਸਿੰਘ ਪੰਨੂੰ ਤੇ ਮੇਹਰ ਸਿੰਘ ਪੰਨੂੰ, ਜੋ ਪਹਿਲਾਂ ਹੀ ਪੁਲਿਸ ਵਿਚ ਭਰਤੀ ਸਨ, ਮੈਨੂੰ ਵੀ ਪੁਲਿਸ ਵਿਚ ਭਰਤੀ ਕਰਾਉਣ ਲਈ ਆਪਣੇ ਨਾਲ ਕਿਲਾ ਬਹਾਦਰਗੜ੍ਹ ਲੈ ਗਏ। ਸਾਰੇ ਹੀਲੇ ਵਸੀਲੇ ਹੋਣ ‘ਤੇ ਵੀ ਭਰਤੀ ਕਰਨ ਵਾਲਾ ਕਲਰਕ ਪਾਤਸ਼ਾਹ ਮੈਨੂੰ ਭਰਤੀ ਦੇ ਨੇੜੇ ਨਾ ਲੱਗਣ ਦੇਵੇ। ਇਕ ਦਿਨ ਮੈਂ ਹਾਕੀ ਦੀ ਗਰਾਊਂਡ ਵੱਲ ਚਲਾ ਗਿਆ, ਜਿਥੇ ਕਿਲੇ ਦੀ ਹਾਕੀ ਟੀਮ ਪ੍ਰੈਕਟਿਸ ਕਰ ਰਹੀ ਸੀ। ਮੈਂ ਵੀ ਉਨ੍ਹਾਂ ਦੇ ਨਾਲ ਖੇਡਣ ਲੱਗ ਪਿਆ। ਅਗਲੇ ਦਿਨ ਏ. ਐੱਸ. ਆਈ. ਬਲਵੰਤ ਸਿੰਘ ਸੰਸਾਰਪੁਰੀਏ ਨੇ ਭਰਤੀ ਕਲਰਕ ਦੀ ਪੂਛ ਜਾ ਮਰੋੜੀ। ਉਸੇ ਦਿਨ 8 ਅਗਸਤ 1956 ਨੂੰ ਮੈਂ ਆਰਮਡ ਪੁਲਿਸ ਬਟਾਲੀਅਨ ਵਿਚ ਸਿਲੈਕਸ਼ਨ ਗ੍ਰੇਡ ਸਿਪਾਹੀ ਭਰਤੀ ਹੋ ਗਿਆ।
ਜਿਸ ਬਟਾਲੀਅਨ ਵਿਚ ਮੈਂ ਭਰਤੀ ਹੋਇਆ, ਉਸੇ ਵਿਚ ਪ੍ਰਿਥੀਪਾਲ ਸਿੰਘ ਵੀ ਏ. ਐੱਸ. ਆਈ. ਵਜੋਂ ਭਰਤੀ ਸੀ। ਉਸ ਨੂੰ ਪੁਲਿਸ ਵਿਚ ਭਰਤੀ ਕਰਨ ਤੋਂ ‘ਕੇਰਾਂ ਨਾਂਹ ਹੋ ਗਈ ਸੀ। ਪੈਪਸੂ ਦਾ ਆਈ. ਜੀ. ਕਹਿੰਦਾ ਸੀ, ‘ਐੱਮ. ਐੱਸ. ਸੀ. ਪੜ੍ਹਿਆ ਇਕ ਚੰਗਾ ਪੁਲਿਸ ਅਫਸਰ ਨਹੀਂ ਬਣ ਸਕਦਾ।’ ਸਿਰਫ ਹਾਕੀ ਦੇ ਖਿਡਾਰੀ ਵਜੋਂ ਹੀ ਉਸ ਨੂੰ ਪੁਲਿਸ ਵਿਚ ਲਿਆ ਗਿਆ ਸੀ। ਉਸ ਨੇ ਜਿੰਨੇ ਸਾਲ ਪੁਲਿਸ ਦੀ ਨੌਕਰੀ ਕੀਤੀ, ਹਾਕੀ ਹੀ ਖੇਡੀ। ਪੁਲਿਸ ਵਿਚ ਇੱਕੋ ਬਟਾਲੀਅਨ ‘ਚ ਹੋਣ ਕਰਕੇ ਮੈਂ ਵੀ ਪ੍ਰਿਥੀਪਾਲ ਨਾਲ ਇਕੋ ਟੀਮ ਵਿਚ ਖੇਡਦਾ ਰਿਹਾ। ਪ੍ਰਿਥੀਪਾਲ ਚੁੱਪ-ਚਾਪ ਰਹਿਣ ਵਾਲਾ ਖਿਡਾਰੀ ਸੀ। ਹੋਰਨਾਂ ਖਿਡਾਰੀਆਂ ਵਾਂਗ ਨਾ ਮੈਂ ਉਸ ਨੂੰ ਕਦੀ ਠੱਠਾ ਮਖੌਲ ਕਰਦਿਆਂ ਦੇਖਿਆ ਅਤੇ ਨਾ ਹੀ ਕਿਸੇ ਦੇ ਠੱਠੇ ਮਖੌਲ ਉੱਤੇ ਖੁੱਲ੍ਹ ਕੇ ਠਹਾਕਾ ਮਾਰਦਿਆਂ ਦੇਖਿਆ। ਉਹ ਮਾਣਮੱਤਾ ਖਿਡਾਰੀ ਸੀ। ਸਾਰੇ ਹਾਕੀ ਖਿਡਾਰੀ ਉਸ ਦੀ ਸਰਦਾਰੀ ਮੰਨਦੇ ਸਨ ਤੇ ਉਸ ਦਾ ਮਾਣ ਵੀ ਕਰਦੇ ਸਨ।
ਖੇਡ ਵਿਚ ਉਹ ਘੱਟ ਹੀ ਡਾਜ ਖਾਂਦਾ ਸੀ। ਆਪਣੀ ਹਾਕੀ ਉਦੋਂ ਹੀ ਡਾਹੁੰਦਾ, ਜਦੋਂ ਵਿਰੋਧੀ ਡਾਜ ਮਾਰਨ ਦਾ ਯਤਨ ਕਰੇ। ਉਹਦੀ ਹਿੱਟ ਤੋਂ ਵਿਰੋਧੀ ਖਿਡਾਰੀ ਕਾਂ ਦੇ ਗੁਲੇਲੇ ਵਾਂਗ ਭੈਅ ਖਾਂਦੇ ਸਨ। 1956-57 ਵਿਚ ਅੰਬਾਲੇ ਏਅਰ ਫੋਰਸ ਨਾਲ ਇਕ ਦੋਸਤਾਨਾ ਮੈਚ ਵਿਚ ਪ੍ਰਿਥੀਪਾਲ ਨੇ ਅਜਿਹਾ ਸ਼ਾਰਟ ਕਾਰਨਰ ਮਾਰਿਆ ਕਿ ਬਾਲ ਵਿਰੋਧੀ ਦੀ ਹਾਕੀ ਤੋਂ ਤਿਲ੍ਹਕ ਕੇ ਦੂਜੇ ਸਾਥੀ ਦੇ ਮੱਥੇ ‘ਚ ਲੱਗੀ ਤੇ ਉਹ ਉਥੇ ਹੀ ਢੇਰੀ ਹੋ ਗਿਆ। ਜੰਮੂ ਕਸ਼ਮੀਰ ਵਿਚ ਅਸੀਂ ਆਰਮੀ ਵਿਰੁੱਧ ਖੇਡਦਿਆਂ ਬੜੇ ਫਸਵੇਂ ਮੈਚ ਜਿੱਤੇ। ਵੈਸੇ ਵੀ ਸਾਡੀ ਟੀਮ ਤਕੜੀ ਸੀ, ਪਰ ਪ੍ਰਿਥੀਪਾਲ ਦੇ ਹੁੰਦਿਆਂ ਤਾਂ ਹਾਰਨ ਦਾ ਸਵਾਲ ਹੀ ਪੈਦਾ ਹੀ ਨਹੀਂ ਸੀ ਹੁੰਦਾ।
ਸਾਡੀ ਟੀਮ ਵਿਚ ਹੁਸ਼ਿਆਰਪੁਰੀਆ ਖੁਸ਼ਦੇਵ ਸਿੰਘ ਗੋਲਕੀਪਰ, ਹਰਬੰਸ ਸਿੰਘ ਦਾਖਾ ਤੇ ਪ੍ਰਿਥੀਪਾਲ ਸਿੰਘ ਫੁੱਲ ਬੈਕ, ਪ੍ਰੀਤਮ ਸਿੰਘ ਨਾਭਾ, ਮੇਜਰ ਸਿੰਘ, ਪਰਭਾਤੀ ਰਾਮ, ਦਲੀਪ ਸਿੰਘ ਕਿਲਾ ਰਾਏਪੁਰ, ਬਲਵੰਤ ਸਕੂਟੀ, ਗੁਰਦੇਵ ਸਿੰਘ ਕੁਲਾਰ, ਗੁਰਦੇਵ ਸਿੰਘ ਖੱਬੂ ਆਦਿ ਹੁੰਦੇ ਸਨ। ਪ੍ਰਿਥੀਪਾਲ ਸਦਾ ਜੇਤੂ ਰਹਿਣ ਕਾਰਨ ਉਸ ਵਿਚ ਵਿਰੋਧੀ ਵਿਚਾਰਾਂ ਨਾਲ ਸਮਝੌਤਾ ਕਰਨ ਦੀ ਕੋਈ ਥਾਂ ਨਹੀਂ ਸੀ ਹੁੰਦੀ। ਉਹ ਕਿਸੇ ਦੀ ਧੌਂਸ ਨਹੀਂ ਸੀ ਮੰਨਦਾ। ਉਸ ਦੀ ਆਪਣੇ ਬੌਸ ਆਈ. ਜੀ. ਅਸਵਨੀ ਕੁਮਾਰ ਨਾਲ ਨਾ ਬਣੀ ਤੇ ਉਹਦੇ ਉੱਤੇ ਮਾਣਹਾਨੀ ਦਾ ਕੇਸ ਕਰ ਦਿੱਤਾ। ਫਿਰ ਪੁਲਿਸ ਵਿਚੋਂ ਅਸਤੀਫਾ ਦੇ ਕੇ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਵਿਚ ਵਿਦਿਆਰਥੀ ਭਲਾਈ ਅਫਸਰ ਲੱਗ ਗਿਆ। ਉਥੇ ਵੀ ਉਸ ਦਾ ਵਿਹਾਰ ਜੇਤੂਆਂ ਵਾਲਾ ਰਿਹਾ। ਵਿਦਿਆਰਥੀਆਂ ਦਾ ਇਕ ਗਰੁੱਪ ਉਹਦੇ ਵਿਰੁੱਧ ਹੋ ਗਿਆ, ਜਿਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ।
ਪ੍ਰਿਥੀਪਾਲ ਸਿੰਘ ਹਾਕੀ ਦਾ ਹੀਰਾ ਖਿਡਾਰੀ ਸੀ। ਉਸ ਨੂੰ ਵਿਸ਼ਵ ਦਾ ਬਿਹਤਰੀਨ ਫੁੱਲ ਬੈਕ ਖਿਡਾਰੀ ਮੰਨਦਿਆਂ ‘ਪੈਨਲਟੀ ਕਿੰਗ’ ਕਿਹਾ ਜਾਂਦਾ ਸੀ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਉਸ ਨੇ ਸਭ ਤੋਂ ਵੱਧ ਗੋਲ ਕੀਤੇ। ਉਸ ਦੀ ਖਤਰਨਾਕ ਹਿੱਟ `ਤੇ ਕਾਬੂ ਪਾਉਣ ਲਈ ਐੱਫ. ਆਈ. ਐੱਚ. ਨੂੰ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲਣੇ ਪਏ ਸਨ! ਨਿਊਜ਼ੀਲੈਂਡ ਦੇ ਇਕ ਅਖਬਾਰ ਨੇ ਪ੍ਰਿਥੀਪਾਲ ਨੂੰ ਭਾਰਤੀ ਹਾਕੀ ਟੀਮ ਦਾ ਬੰਬ ਲਿਖਿਆ ਸੀ। ਉਸ ਨੇ ਗੋਲਕੀਪਰਾਂ ਨੂੰ ਸਲਾਹ ਦਿੱਤੀ ਸੀ ਕਿ ਉਸ ਦੀ ਖਤਰਨਾਕ ਹਿੱਟ ਮੂਹਰੇ ਖੜ੍ਹ ਕੇ ਜਾਨ ਖਤਰੇ `ਚ ਪਾਉਣ ਦੀ ਥਾਂ ਬਿਹਤਰ ਹੋਵੇਗਾ ਉਹ ਗੋਲ ਹੀ ਖਾਲੀ ਛੱਡ ਦੇਣ…।

ਹਾਕੀ ਦਾ ਥੰਮ੍ਹ ਗੁਰਵਿੰਦਰ ਸੰਧੂ
ਜਦੋਂ ਕਿਸੇ ਨੌਜੁਆਨ ਖਿਡਾਰੀ ਦੀਆਂ ਪ੍ਰਾਪਤੀਆਂ ਦੀ ਸੁਗੰਧੀ ਚੁਫੇਰੇ ਪਸਰਦੀ ਹੈ ਤਾਂ ਉਸ ਉੱਤੇ ਰਸ਼ਕ ਆਉਂਦੈ। ਜੇ ਹੋਵੇ ਵੀ ਸਰਵਣ ਪੁੱਤਰ ਤਾਂ ਅਨੰਦ ਵਰਨਣੋਂ ਬਾਹਰਾ ਹੋ ਜਾਂਦੈ। ਕੁਝ ਇਸੇ ਤਰ੍ਹਾਂ ਦਾ ਅਕਹਿ ਅਨੰਦ, ਬਰੈਂਪਟਨ ਸਪੋਰਟਸ ਕਲੱਬ ਦੀ ਹਾਕੀ ਟੀਮ ਦੇ ਗੋਲਕੀਪਰ ਗੁਰਵਿੰਦਰ ਸੰਧੂ ਦੀ ਖੇਡ ਵੇਖ ਕੇ ਆਇਆ। ਉਨ੍ਹਾਂ ਦੀ ਟੀਮ ਦੋ ਵਾਰ ਕੈਨੇਡਾ ਦੀ ਨੈਸ਼ਨਲ ਹਾਕੀ ਚੈਂਪੀਅਨਸਿ਼ਪ ਜਿੱਤੀ। ਦੂਜੀ ਵਾਰ ਫਾਈਨਲ ਮੈਚ ਪੈਨਲਟੀ ਸਟਰੋਕਾਂ ‘ਤੇ ਚਲਾ ਗਿਆ ਸੀ, ਜੋ ਗੁਰਵਿੰਦਰ ਨੇ ਸਾਰੇ ਸਟਰੋਕ ਰੋਕ ਕੇ ਨੈਸ਼ਨਲ ਕੱਪ ਆਪਣੀ ਟੀਮ ਦੀ ਝੋਲੀ ਵਿਚ ਪਾਇਆ, ਜਿਸ ਦਾ ਉਹ ਕਪਤਾਨ ਸੀ।
ਉਸ ਦੀ ਇਹ ਪ੍ਰਾਪਤੀ ਰਾਤੋ ਰਾਤ ਨਸੀਬ ਨਹੀਂ ਹੋਈ। ਇਸ ਦੇ ਪਿੱਛੇ ਲੰਬੀ ਘਾਲਣਾ, ਇੱਛਾ ਸ਼ਕਤੀ ਤੇ ਕੁਦਰਤ ਵੱਲੋਂ ਵਰੋਸਾਈ ਪ੍ਰਤਿਭਾ ਦਾ ਸੁਮੇਲ ਸੀ। ਉਸ ਦੀ ਬੋਲਬਾਣੀ ਵਿਚ ਮਿਠਾਸ ਹੈ ਤੇ ਸੁਭਾਅ ‘ਚ ਸਬਰ ਦਾ ਬੇਮਿਸਾਲ ਠਰ੍ਹੰਮਾ। ਗੁਰਵਿੰਦਰ ਸੰਧੂ ਉਰਫ ਸੋਨੂ ਦਾ ਜਨਮ 2 ਅਪਰੈਲ 1976 ਨੂੰ ਪਿੰਡ ਢੁੱਡੀਕੇ ਵਿਚ ਹੋਇਆ। ਉਸ ਦਾ ਜੱਦੀ ਪਿੰਡ ਚਕਰ ਹੈ, ਪਰ ਉਸ ਦੇ ਮਾਤਾ ਪਿਤਾ ਢੁੱਡੀਕੇ ਪੜ੍ਹਾਉਂਦੇ ਤੇ ਉੱਥੇ ਹੀ ਰਹਿੰਦੇ ਸਨ। ਉਸ ਨੂੰ ਬਚਪਨ ਤੋਂ ਹੀ ਘਰ ਵਿਚ ਖੇਡਾਂ ਦਾ ਵਾਤਾਵਰਨ ਮਿਲਿਆ, ਜੋ ਉਹਦੀ ਰੂਹ ਵਿਚ ਰਚ ਗਿਆ।
ਸੋਨੂੰ ਦਾ ਵੱਡਾ ਵੀਰ ਪ੍ਰੋ. ਜਗਵਿੰਦਰ ਸਿੰਘ ਪਹਿਲਾਂ ਹਾਕੀ ਖੇਡਦਾ ਸੀ, ਫਿਰ ਅਥਲੈਟਿਕਸ ਕਰਨ ਲੱਗਾ। ਉਹ ਦੋ ਸਾਲ ਡਕੈੱਥਲਿਨ ਦਾ ਜੂਨੀਅਰ ਨੈਸ਼ਨਲ ਚੈਂਪੀਅਨ ਰਿਹਾ। ਪੰਜਾਬ ਯੂਨੀਵਰਸਿਟੀ ਵਿਚ ਉਸ ਦਾ ਰਿਕਾਰਡ ਦਸ ਸਾਲ ਨਾ ਟੁੱਟਾ, ਪਰ ਗੋਡੇ ਦੀ ਸੱਟ ਕਾਰਨ ਉਹਦਾ ਖੇਡ ਕੈਰੀਅਰ ਅਧੂਰਾ ਰਹਿ ਗਿਆ। ਉਹ ਜਦੋਂ ਹਾਕੀ ਫੜ ਕੇ ਖੇਡ ਮੈਦਾਨ ਦਾ ਰੁਖ ਕਰਦਾ ਸੀ ਤਾਂ ਛੋਟਾ ਸੋਨੂੰ ਵੀ ਹਾਕੀ ਲੈ ਕੇ ਨਾਲ ਹੀ ਹੋ ਤੁਰਦਾ ਸੀ। ਉਹ ਅਜੇ ਸੱਤਵੀਂ ਕਲਾਸ ‘ਚ ਸੀ ਕਿ ਅਪਣੇ ਸਕੂਲ ਦੀ ਹਾਕੀ ਟੀਮ ਦਾ ਸੈਂਟਰ ਹਾਫ ਚੁਣ ਲਿਆ ਗਿਆ। ਸਕੂਲ ਦੇ ਕੋਚ ਦਰਸ਼ਨ ਸਿੰਘ ਗਿੱਲ ਨੂੰ ਟੀਮ ਲਈ ਇੱਕ ਤਕੜੇ ਗੋਲਕੀਪਰ ਦੀ ਲੋੜ ਅਨੁਭਵ ਹੋਈ। ਉਸ ਨੇ ਹਰ ਖਿਡਾਰੀ ਨੂੰ ਗੋਲਕੀਪਰ ਵਜੋਂ ਪਰਖਿਆ ਤਾਂ ਉਹਦੀ ਅੱਖ ਗੁਰਵਿੰਦਰ ਦੀ ਪ੍ਰਤਿਭਾ ਉੱਤੇ ਜਾ ਟਿਕੀ। ਉਸ ਨੇ ਭਵਿੱਖਵਾਣੀ ਕੀਤੀ ਕਿ ਸੋਨੂੰ ਕਿਸੇ ਦਿਨ ਹਾਕੀ ਦਾ ਨਾਮੀ ਗੋਲਕੀਪਰ ਬਣੇਗਾ।
ਸੋਨੂੰ 9ਵੀਂ ਤੇ 10ਵੀਂ ਕਲਾਸ ਵਿਚ ਢੁੱਡੀਕੇ ਸਕੂਲ ਦੇ ਸਪੋਰਟਸ ਵਿੰਗ ਵਿਚ ਗੋਲਕੀਪਰ ਵਜੋਂ ਖੇਡਦਾ ਰਿਹਾ ਤੇ ਟੀਮ ਦਾ ਕੈਪਟਨ ਬਣਿਆ। ਉਸ ਦੀ ਅਗਲੀ ਪੜ੍ਹਾਈ ਸਪੋਰਟਸ ਸਕੂਲ ਜਲੰਧਰ ਵਿਚ ਹੋਈ। ਸਪੋਰਟਸ ਸਕੂਲ ਜਲੰਧਰ ਦੇ ਕੋਚ ਗੁਰਦੀਪ ਸਿੰਘ ਨੇ ਉਸ ਨੂੰ ਹੋਰ ਪਰਪੱਕ ਕੀਤਾ। ਜਲੰਧਰ ਵਿਚਲੇ ਸਾਲ ਗੁਰਵਿੰਦਰ ਲਈ ਸੰਘਰਸ਼ਮਈ ਸਾਲ ਸਨ। ਉਹਦੇ ਕਦਮ ਆਪਣੇ ਟੀਚੇ ਵੱਲ ਅੱਗੇ ਵਧਦੇ ਗਏ ਅਤੇ ਉਨ੍ਹਾਂ ਦੀ ਟੀਮ ਸਕੂਲਾਂ ਦੀ ਨੈਸ਼ਨਲ ਚੈਂਪੀਅਨ ਬਣ ਗਈ।
ਫਿਰ ਡੀ. ਏ. ਵੀ. ਕਾਲਜ ਜਲੰਧਰ ਨੇ ਗੁਰਵਿੰਦਰ ਨੂੰ ਆਪਣੀ ਸਰਪ੍ਰਸਤੀ ਵਿਚ ਲੈ ਲਿਆ, ਜਿਥੇ ਉਹ ਕੰਬਾਈਂਡ ਯੂਨੀਵਰਸਿਟੀ ਦਾ ਗੋਲਕੀਪਰ ਖੇਡਿਆ। ਇਸੇ ਸਮੇਂ ਪੰਜਾਬ ਐਂਡ ਸਿੰਘ ਬੈਂਕ ਨੇ ਉਸ ਨੂੰ 1500 ਰੁਪਏ ਮਹੀਨੇ ਦਾ ਵਜ਼ੀਫਾ ਲਾ ਦਿੱਤਾ। ਉਹ ਬੈਂਕ ਦੀ 19 ਸਾਲਾ ਜੂਨੀਅਰ ਹਾਕੀ ਟੀਮ ਦਾ ਕੈਪਟਨ ਬਣਿਆ ਅਤੇ ‘ਸੰਜੇ ਗਾਂਧੀ ਮੈਮੋਰੀਅਲ’ ਵਰਗੇ ‘ਏ’ ਗਰੇਡ ਦੇ ਕਈ ਟੂਰਨਾਮੈਂਟ ਉਸ ਦੀ ਟੀਮ ਨੇ ਬੈਂਕ ਦੇ ਖਾਤੇ ਵਿਚ ਜੋੜੇ। ਫਿਰ ਪੰਜਾਬ ਐਂਡ ਸਿੰਧ ਬੈਂਕ ਨੇ 1995 ਵਿਚ ਉਸ ਨੂੰ ਆਪਣੀ ਪੱਕੀ ਜੌਬ `ਤੇ ਰੱਖ ਲਿਆ। 1995 ਵਿਚ ‘ਜੂਨੀਅਰ ਹਾਕੀ ਟੀਮ ਪੰਜਾਬ’ ਦਾ ਮੈਂਬਰ ਬਣ ਕੇ ਉਹ ਕੈਨੇਡਾ ਟੂਰ ਉੱਤੇ ਆਇਆ। ਇੱਥੇ ਉਨ੍ਹਾਂ ਨੇ ‘ਆਟਵਾ ਕੈਪੀਟਲ ਕੱਪ’ ਅਤੇ ‘ਮਾਂਟਰੀਅਲ ਕੱਪ’ ਦੇ ਮੈਚ ਖੇਡੇ। ਟੋਰਾਂਟੋ ਵਿਚ ਵੀ ਪੰਜਾਬ ਦੀ ਇਸ ਟੀਮ ਨੇ ਇੱਕ ਸ਼ੋਅ ਮੈਚ ਖੇਡਿਆ। ਸਾਰੇ ਮੈਚਾਂ ਵਿਚ ਇਸ ਟੀਮ ਦੀ ਗੋਲਕੀਪਰੀ ਉੱਤਮ ਰਹੀ।
ਅਗਸਤ 1995 ਵਿਚ ਜੂਨੀਅਰ ਨੈਸ਼ਨਲ ਹਾਕੀ ਟੀਮ ਦਾ ਕੋਚਿੰਗ ਕੈਂਪ ਲੱਗਾ, ਜਿਸ ਵਿਚ ਸੋਨੂੰ ਸਮੇਤ ਪੰਜਾਬ ਦੇ 8 ਖਿਡਾਰੀ ਸ਼ਾਮਲ ਸਨ। ਪਾਕਿਸਤਾਨ ਵਿਚ ਜੂਨੀਅਰ ਵਿਸ਼ਵ ਹਾਕੀ ਕੱਪ ਖੇਡਣ ਦੇ ਸਾਰੇ ਪ੍ਰਬੰਧ ਹੋ ਚੁਕੇ ਸਨ ਕਿ ਐਨ ਅਖੀਰਲੇ ਪਲ ਪਾਕਿਸਤਾਨ ਇਹ ਕਹਿ ਕੇ ਪਿੱਛੇ ਹਟ ਗਿਆ ਕਿ ਉਹ ਭਾਰਤੀ ਖਿਡਾਰੀਆਂ ਦੀ ਸੁਰੱਖਿਆ ਦਾ ਰਿਸਕ ਨਹੀਂ ਲੈ ਸਕਦਾ। ਉਸ ਪਿੱਛੋਂ ਫਿਰ 20 ਖਿਡਾਰੀਆਂ ਦਾ ਇੱਕ ਖੇਡ ਕੈਂਪ ਆਸਟ੍ਰੇਲੀਆ ਦੇ ਟੈੱਸਟ ਮੈਚ ਲਈ ਲੱਗਿਆ। ਉੱਥੇ ਫਿਰ ਖੇਡਾਂ ਦੀ ਕੂਟਨੀਤੀ ਆਪਣੀ ਬਦਨੀਤੀ ਦਿਖਾ ਗਈ ਤੇ ਜੂਨੀਅਰ ਟੀਮ ਦੀ ਥਾਂ ਸੀਨੀਅਰ ਟੀਮ ਘੱਲ ਦਿੱਤੀ ਗਈ। ਫਿਰ ਇੰਡੀਅਨ ਹਾਕੀ ਫੈਡਰੇਸ਼ਨ ਨੇ ਆਪਣੀ ਪੂਰੀ ਤਿਆਰੀ ਵਾਲੀ ਜੂਨੀਅਰ ਟੀਮ ਨੂੰ ਸਿੰਘਾਪੁਰ, ਮਲੇਸ਼ੀਆ ਦੇ ਟੂਰ ਲਈ ਤਿਆਰ ਕੀਤਾ। ਗੁਰਵਿੰਦਰ 1996 ਵਿਚ ਇੰਡੀਅਨ ਏਅਰ ਲਾਈਨਜ਼ ਵੱਲੋਂ ਡੁੱਬਈ ਵਿਚ ਟੂਰਨਾਮੈਂਟ ਖੇਡਿਆ ਤੇ ਫਾਈਨਲ ਵਿਚ ਪਾਕਿਸਤਾਨ ਏਅਰ ਲਾਈਨਜ਼ ਨਾਲ ਤਕੜਾ ਲੋਹਾ ਲਿਆ। ਫਿਰ ਉਹ ਪੱਕੇ ਪਰਵਾਸੀ ਵਜੋਂ ਕੈਨੇਡਾ ਆ ਗਿਆ। ਉਸ ਦਾ ਕਹਿਣਾ ਹੈ ਕਿ ਖੇਡਾਂ ਸਿਹਤ ਨੂੰ ਹਰ ਪੱਖੋਂ ਸੰਤੁਲਤ ਰੱਖਦੀਆਂ ਹਨ ਅਤੇ ਜੀਵਨ ਦੀਆਂ ਚੰਗੀਆਂ ਬੁਰੀਆਂ ਸਥਿਤੀਆਂ ਨਾਲ ਸਿੱਝਣ ਦਾ ਢੰਗ ਤਰੀਕਾ ਸਿਖਾਉਂਦੀਆਂ ਹਨ। ਹਾਲੇ ਵੀ ਉਹ ਹਾਕੀ ਨਾਲ ਜੁੜਿਆ ਹੋਇਆ ਹੈ।