ਅਕਸਰ ਮਾਪਿਆਂ ਨੂੰ ਪੁੱਤਾਂ ਦੀ ਹਰ ਸੁੱਖ-ਸਹੂਲਤ ਦਾ ਖਿਆਲ ਰਹਿੰਦਾ ਹੈ ਤੇ ਉਹ ਉਸ ਲਈ ਲੱਗਦੀ ਵਾਅ ਤਰੱਦਦ ਵੀ ਕਰਦੇ ਹਨ। ਮਾਂਵਾਂ ਤਾਂ ਪੁੱਤਾਂ ਨੂੰ ਅਸੀਸਾਂ ਦਿੰਦੀਆਂ ਥੱਕਦੀਆਂ ਹੀ ਨਹੀਂ, ਪਰ ਜਦੋਂ ਕੋਈ ਪੁੱਤ ਅਵੇਸਲਾ ਹੋ ਕੇ ਮਾਂ ਦੀਆਂ ਤਕਲੀਫਾਂ ਨੂੰ ਨਜ਼ਰਅੰਦਾਜ਼ ਕਰ ਉਸ ਨੂੰ ਉਸ ਦੇ ਹਾਲ `ਤੇ ਛੱਡ ਦੇਵੇ ਤਾਂ ਅਸੀਸਾਂ ਅੱਗਿਓਂ ਬਦ-ਅਸੀਸਾਂ ਹੋ ਕੇ ਟੱਕਰਦੀਆਂ ਹਨ। ਇਸੇ ਤ੍ਰਾਸਦਿਕ ਹੋਣੀ ਵਿਚੋਂ ਆਪਣੀ ਧੀ ਬਾਰੇ ਸੋਚ ਕੇ ਪਿਉ ਦੇ ਸੀਨੇ ਉਠੀ ਚੀਸ ਜਰੀਏ ਜਿਸ ਢੰਗ ਨਾਲ ਲੇਖਕ ਨੇ ਸੁਨੇਹਾ ਦੇਣ ਦਾ ਯਤਨ ਕੀਤਾ ਹੈ, ਉਹ ਬੜਾ ਸਾਰਥਕ ਤਾਂ ਹੈ ਹੀ, ਇਕ ਸਬਕ ਵੀ ਹੈ।
ਜੇ. ਬੀ. ਸਿੰਘ
ਕੈਂਟ (ਵਾਸ਼ਿੰਗਟਨ)
ਫੋਨ: 253-508-9805
ਜੀਤਾਂ ਦੀ ਸ਼ਾਦੀ ਦੇ ਦਿਨ ਸਨ। ਰਿਸ਼ਤੇਦਾਰ ਮਿੱਤਰ ਸਭ ਪਹੁੰਚੇ ਹੋਏ ਸਨ। ਖੂਬ ਚਹਿਲ-ਪਹਿਲ ਸੀ। ਲੇਡੀਜ਼ ਸੰਗੀਤ, ਗਿੱਧਾ, ਟੱਪੇ, ਬੋਲੀਆਂ, ਸਿੱਠਣੀਆਂ। ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਰਸਮ-ਮਹਿੰਦੀ ਲਾਉਣ ਦੀ, ਵਟਣੇ ਦੀ, ਚੂੜੀਆਂ ਚੜ੍ਹਾਉਣ ਦੀ, ਨਹਾਈ ਧੋਈ ਦੀ ਤੇ ਹੋਰ ਕਈ। ਤੇ ਨਾਲ ਨਾਲ ਕੋਈ ਨਾ ਕੋਈ ਠੱਠਾ ਮਜ਼ਾਕ, ਪਰ ਕੋਈ ਗੁੱਸਾ ਨਹੀਂ ਸੀ ਕਰ ਰਿਹਾ। ਵੱਡੀ ਉਮਰ ਦੀਆਂ ਔਰਤਾਂ ਦੇ ਕਈ ਕਈ ਵਾਰ ਸੁਣੇ ਹੋਏ ਪੁਰਾਣੇ ਚੁਟਕਲਿਆਂ `ਤੇ ਫਿਰ ਵੀ ਹੱਸ ਦੇਣਾ, ਪਰ ਅਜਿਹੇ ਰੌਣਕਾਂ ਭਰੇ ਮਾਹੌਲ ਵਿਚ ਸਿਰਫ ਇਕ ਬੰਦਾ ਉਦਾਸ ਸੀ; ਤੇ ਇਹ ਸੀ ਜੀਤਾਂ ਦਾ ਪਿਤਾ, ਸੁਚੇਤ ਸਿੰਘ। ਕਦੇ ਕਦੇ ਉਹ ਓਹਲੇ ਜਿਹੇ ਹੋ ਕੇ ਰੋ ਵੀ ਲੈਂਦਾ। ਉਹਦੀ ਪਤਨੀ ਸਭ ਕੁਝ ਨੋਟ ਕਰ ਰਹੀ ਸੀ। ਉਹ ਉਹਦੇ ਪਾਸ ਗਈ, ਕਹਿੰਦੀ, ‘ਕੁਝ ਹੰਝੂ ਡੋਲੀ ਤੋਰਨ ਵੇਲੇ ਲਈ ਵੀ ਬਚਾ ਲਓ। ਨਾਲੇ ਇੰਨੀ ਵੀ ਕੀ ਗੱਲ ਏ, ਧੀਆਂ ਸਭ ਤੋਰਦੇ ਨੇ।’
ਉਹ ਸੱਚਮੁੱਚ ਜੀਤਾਂ ਨੂੰ ਬਹੁਤ ਪਿਆਰ ਕਰਦਾ ਸੀ। ਜੀਤਾਂ ਦਾ ਬਚਪਨ ਯਾਦ ਕਰਕੇ, ਉਹਨੂੰ ਆਪਣਾ ਬਚਪਨ ਯਾਦ ਆ ਜਾਂਦਾ। ਉਹਨੂੰ ਅਫਸੋਸ ਹੁੰਦਾ ਕਿ ਜਿੰਨਾ ਪਿਆਰ ਉਹਨੂੰ ਆਪਣੀ ਮਾਂ ਵਲੋਂ ਮਿਲਿਆ ਸੀ, ਉਨਾ ਉਹ ਜੀਤਾਂ ਨੂੰ ਨਾ ਦੇ ਸਕਿਆ।
ਉਸ ਦੀ ਆਪਣੀ ਮਾਂ! ਕਿੰਨੀ ਚੰਗੀ ਸੀ ਉਹ। ਤਦ ਉਹ ਪ੍ਰਾਇਮਰੀ ਸਕੂਲ ਵਿਚ ਸੀ। ਸਵੇਰੇ ਉਠਾ ਕੇ ਉਹ ਉਸ ਨੂੰ ਆਪ ਨੁਹਾਉਂਦੀ। ਹਰ ਰੋਜ਼ ਨਵੇਂ ਧੋਤੇ ਹੋਏ, ਪ੍ਰੈੱਸ ਕੀਤੇ ਹੋਏ ਕੱਪੜੇ ਪਾਉਂਦੀ। ਹੱਥੀਂ ਨਾਸ਼ਤਾ ਕਰਾਉਂਦੀ। ਉਸ ਦੇ ਸਿਰ `ਤੇ ਪੱਗ ਬੰਨ੍ਹਦੀ। ਉਸ ਦੇ ਬੂਟ ਪਾਲਸ਼ ਕਰਦੀ। ਲੰਚ ਲਈ ਟਿਫਨ ਤਿਆਰ ਕਰਦੀ। ਸਕੂਲ ਛੱਡਣ ਜਾਂਦੀ। ਸਕੂਲ ਦੇ ਗੇਟ `ਤੇ ਪਹੁੰਚ ਕੇ, ਉਹਨੂੰ ਜੱਫੀ ਪਾਉਂਦੀ, ਮੱਥਾ ਚੁੰਮਦੀ ਤੇ ਅਸੀਸ ਦਿੰਦੀ, ‘ਜਿਊਂਦਾ ਰਹੋ, ਮੇਰੇ ਲਾਲ। ਰੱਬ, ਤੇਰੇ ਜਿਹਾ ਪੁੱਤ ਮੇਰੀਆਂ ਸੱਤਾਂ ਪੀੜ੍ਹੀਆਂ ਨੂੰ ਦੇਵੇ।’
ਇਹ ਅਸੀਸ ਉਹਨੂੰ ਰੋਜ਼ ਦੋ ਵਾਰ ਮਿਲਦੀ ਸੀ। ਇਕ ਵਾਰ ਸਵੇਰੇ ਸਕੂਲ ਛੱਡਣ ਵੇਲੇ ਤੇ ਇਕ ਵਾਰ ਰਾਤ ਬਿਸਤਰ ਵਿਚ ਜਾਣ ਤੋਂ ਪਹਿਲੇ।
ਸਕੂਲੋਂ ਛੁੱਟੀ ਹੁੰਦੀ। ਮਾਂ ਬਾਹਰ ਗੇਟ `ਤੇ ਖੜ੍ਹੀ ਉਡੀਕ ਰਹੀ ਹੁੰਦੀ। ਘਰ ਪਹੁੰਚ ਕੇ, ਨਾਲ ਬੈਠ ਕੇ ਹੋਮ ਵਰਕ ਕਰਾਉਂਦੀ। ਫਿਰ ਉਹ ਆਪਣੇ ਘਰ ਦੇ ਕੰਮਾਂ ਵਿਚ ਰੁੱਝ ਜਾਂਦੀ। ਘਰ ਦੇ ਕੰਮ, ਜਿਹੜੇ ਕਦੇ ਉਹਦੇ ਕੋਲੋਂ ਖਤਮ ਹੀ ਨਹੀਂ ਸਨ ਹੁੰਦੇ।
ਉਹਦੇ ਪਿਤਾ ਜੀ ਸ਼ਾਮ ਦੀ ਸ਼ਿਫਟ ਕਰਦੇ ਸਨ। ਅੱਧੀ ਕੁ ਰਾਤ ਘਰ ਵਾਪਸ ਪਰਤਦੇ ਸਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਉਹ ਸੁੱਤਾ ਹੁੰਦਾ ਸੀ। ਸਵੇਰੇ ਉਠਣ ਤੋਂ ਪਹਿਲਾਂ ਉਹ ਸਕੂਲ ਚਲਾ ਜਾਂਦਾ ਸੀ। ਰਾਤ ਨੂੰ ਉਹ ਸੌਂ ਜਾਂਦਾ, ਉਸ ਦੀ ਮਾਂ ਉਸ ਦੇ ਪਿਉ ਨੂੰ ਉਡੀਕਣ ਲਈ ਜਾਗਦੀ। ਫਿਰ ਆਣ `ਤੇ ਰੋਟੀ ਪਕਾ ਕੇ ਦਿੰਦੀ। ਉਹਦਾ ਬਿਸਤਰ ਸਾਫ ਕਰਦੀ ਤੇ ਪੈਰ ਘੁੱਟਦੀ। ਕਦੇ ਕਦੇ ਕੱਚੀ ਨੀਂਦ ਵਿਚ ਉਹਨੂੰ ਮਾਂ ਬਾਪ ਦੀਆਂ ਗੱਲਾਂ ਸੁਣਦੀਆਂ। ਮਾਂ ਕਹਿੰਦੀ, ‘ਮੈਂ ਰੱਬ ਅੱਗੇ ਗੋਡੇ ਟੇਕ ਕੇ, ਮੁੰਡਾ ਲਿਆ ਏ, ਪਰ ਤੁਹਾਡੇ ਕੋਲ ਉਹਦੇ ਲਈ ਟਾਈਮ ਨਹੀਂ। ਤੁਸੀਂ ਆਪਣੀ ਡਿਊਟੀ ਸਵੇਰ ਦੀ ਕਿਉਂ ਨਹੀਂ ਕਰਾ ਲੈਂਦੇ?’ ਬਾਪੂ ਆਪਣੀਆਂ ਮਜ਼ਬੂਰੀਆਂ ਦੱਸਦਾ, ਪਰ ਵੀਕ ਐਂਡ `ਤੇ ਪੂਰੀ ਐਸ਼ ਕਰਾਉਂਦਾ।
ਰੱਬ ਅੱਗੇ ਗੋਡੇ ਟੇਕਣ ਵਾਲੀ ਗੱਲ ਸੁਚੇਤ ਨੂੰ ਬਾਅਦ ਵਿਚ ਸਮਝ ਲੱਗੀ। ਉਹਦਾ ਜਨਮ ਉਹਦੀ ਭੈਣ ਤੋਂ ਅਠ ਸਾਲ ਬਾਅਦ ਹੋਇਆ ਸੀ। ਸੁਚੇਤ ਦੇ ਵਿਆਹ ਤੋਂ ਬਾਅਦ, ਉਹਦੀ ਮਾਂ ਰੱਬ ਤੋਂ ਪੋਤਾ ਮੰਗਣ ਲੱਗ ਪਈ, ਪਰ ਇਸ ਵਾਰ ਰੱਬ ਨੇ ਉਹਦੀ ਸੁਣੀ ਨਹੀਂ। ਪੁੱਤ ਦੀ ਉਡੀਕ ਕਰਦਿਆਂ ਕਰਦਿਆਂ ਉਹਦੇ ਘਰ ਤਿੰਨ ਕੁੜੀਆਂ ਹੋ ਗਈਆਂ। ਜੀਤਾਂ ਸਭ ਤੋਂ ਵੱਡੀ ਸੀ। ਸੁਚੇਤ ਦੀ ਪਤਨੀ ਘਰ ਰਹਿ ਕੇ ਬੱਚੇ ਸਾਂਭਦੀ ਤੇ ਉਹ ਬਾਹਰ ਨਿੱਕੀ ਮੋਟੀ ਨੌਕਰੀ ਕਰਨ ਚਲਾ ਜਾਂਦਾ। ਵੱਡੀ ਨੌਕਰੀ ਮਿਲਣ ਦੀ ਉਹਨੂੰ ਆਸ ਵੀ ਨਹੀਂ ਸੀ। ਪੜ੍ਹਾਈ ਤਾਂ ਸਿਰਫ ਦਸਵੀਂ ਤਕ ਹੀ ਕੀਤੀ ਸੀ। ਉਹਦੀ ਮਾਂ ਨੇ ਉਹਨੂੰ ਕਾਲਜ ਜਾਣ ਲਈ ਬਹੁਤ ਜ਼ੋਰ ਲਾਇਆ, ਪਰ ਉਹ ਨਹੀਂ ਮੰਨਿਆ। ਸ਼ਕਲ ਸੂਰਤ ਤੋਂ ਸੋਹਣਾ ਸੁਨੱਖਾ ਸੀ। ਉਹਦੀ ਮਾਂ ਦੀ ਸਹੇਲੀ ਨੇ, ਉਹਦਾ ਰਿਸ਼ਤਾ ਅਮਰੀਕਾ ‘ਚ ਕਰਵਾ ਦਿੱਤਾ ਤੇ ਉਹ ਅਮਰੀਕਾ ਆ ਗਿਆ।
ਜੀਤਾਂ ਅਜੇ 5 ਕੁ ਸਾਲ ਦੀ ਹੀ ਸੀ ਕਿ ਸੁਚੇਤ ਦੇ ਪਿਉ ਦੀ ਮੌਤ ਹੋ ਗਈ। ਜੀਤਾਂ ਨੇ ਆਪਣੇ ਦਾਦਾ-ਦਾਦੀ ਦਾ ਅਜੇ ਮੂੰਹ ਵੀ ਨਹੀਂ ਸੀ ਵੇਖਿਆ। ਸੁਚੇਤ ਨੇ ਸੋਚਿਆ ਕਿ ਉਹ ਆਪਣੀ ਮਾਂ ਨੂੰ ਆਪਣੇ ਪਾਸ ਅਮਰੀਕਾ ਬੁਲਾ ਲਵੇ। ਇਕ ਤਾਂ ਬੱਚਿਆਂ ਨਾਲ ਉਸ ਦਾ ਮਨ ਲਗ ਜਾਵੇਗਾ, ਦੂਸਰਾ ਉਹਦੀ ਆਪਣੀ ਪਤਨੀ ਨੂੰ ਕੋਈ ਨੌਕਰੀ ਕਰਨ ਦਾ ਸਮਾਂ ਮਿਲ ਜਾਵੇਗਾ। ਮਾਂ ਨੂੰ ਵੀ ਇਹ ਸੁਣ ਕੇ ਖੁਸ਼ੀ ਹੋਈ ਤੇ ਜਿੰਨੀ ਜਲਦੀ ਹੋ ਸਕਿਆ, ਉਹ ਅਮਰੀਕਾ ਪਹੁੰਚ ਗਈ। ਆਉਣ ਲੱਗਿਆਂ ਉਹਨੇ ਜੀਤਾਂ ਲਈ ਸੋਨੇ ਦੀਆਂ ਝਾਂਜਰਾਂ ਤੇ ਬਾਕੀ ਦੋਹਾਂ ਕੁੜੀਆਂ ਲਈ ਹੋਰ ਗਿਫਟ ਲਿਆਂਦੇ।
‘ਮਾਂ, ਅਜੇ ਇਹਦੀ ਉਮਰ ਨਹੀਂ ਏ, ਝਾਂਜਰਾਂ ਸੰਭਾਲਣ ਦੀ। ਨਾਲੇ ਅਜਿਹੇ ਲਾਡਾਂ ਨਾਲ ਕੁੜੀਆਂ ਵਿਗੜ ਜਾਂਦੀਆ ਨੇ,’ ਸੁਚੇਤ ਨੇ ਕਿਹਾ।
‘ਤੈਨੂੰ ਵੀ ਤਾਂ ਮੈਂ ਈ ਪਾਲਿਆ ਏ! ਕਿੰਨਾ ਕੁ ਵਿਗਾੜ ਦਿੱਤਾ ਏ ਤੈਨੂੰ?’ ਮਾਂ ਨੇ ਝੱਟ ਜਵਾਬ ਦਿੱਤਾ।
ਉਹ ਮਾਂ ਸਾਹਮਣੇ ਤਾਂ ਕੁਝ ਨਾ ਬੋਲਿਆ, ਪਰ ਦੋ ਦਿਨਾਂ ਬਾਅਦ ਉਹਨੇ ਝਾਂਜਰਾਂ ਲੁਕਾ ਦਿੱਤੀਆਂ। ਉਹਨੂੰ ਡਰ ਸੀ ਕਿ ਇੰਨੀਆਂ ਕੀਮਤੀ ਝਾਂਜਰਾਂ ਜੀਤੋਂ ਕਿਤੇ ਗਵਾ ਨਾ ਲਵੇ। ਉਹ ਫਿਰ ਸਾਰਿਆਂ ਸਾਹਮਣੇ ਲੱਭਣ ਦਾ ਢੋਂਗ ਰਚਦਾ ਰਿਹਾ। ਕਿਤੇ ਇਧਰ ਦੇਖ, ਕਿਤੇ ਉਧਰ।
‘ਪੁੱਤ ਇੰਨਾ ਪ੍ਰੇਸ਼ਾਨ ਨਾ ਹੋ। ਝਾਂਜਰਾਂ ਈ ਹੈਨ ਨਾ! ਹੋਰ ਆ ਜਾਣਗੀਆਂ। ਕਿਤੇ ਬਾਹਰ ਡੇਗ ਆਈ ਹੋਣੀ ਹੈ।’
‘ਨਹੀਂ ਦਾਦੀ ਮਾਂ, ਮੈਂ ਰਾਤ ਸੌਂਣ ਤੋਂ ਪਹਿਲਾਂ ਸਿਰਹਾਣੇ ਹੇਠਾਂ ਰੱਖੀਆਂ ਸਨ,’ ਜੀਤਾਂ ਨੇ ਪੂਰੀ ਦ੍ਰਿੜਤਾ ਨਾਲ ਕਿਹਾ।
‘ਕੀ ਫਿਰ ਸਿਰਹਾਣੇ ਨੇ ਖਾ ਲਈਆ ਤੇਰੀਆਂ ਝਾਂਜਰਾਂ?’ ਉਹ ਖਿਝ ਕੇ ਬੋਲਿਆ।
ਜੀਤਾਂ ਦੋ ਕੁ ਦਿਨ ਰੋ ਕੇ ਚੁੱਪ ਕਰ ਗਈ। ਸਾਰੇ ਝਾਂਜਰਾਂ ਦੀ ਗੱਲ ਭੁੱਲ ਗਏ।
ਉਹਦੀ ਮਾਂ ਦੇ ਆਉਣ ਨਾਲ ਘਰ ਦੀ ਹਾਲਤ ਬਦਲ ਗਈ। ਉਸ ਦੀ ਪਤਨੀ ਵੀ ਨੌਕਰੀ ਕਰਨ ਲੱਗ ਗਈ। ਦੋਨੋਂ ਡਬਲ ਸ਼ਿਫਟਾਂ ਲਾਉਣ ਲੱਗੇ। ਕਮਾਈ ਚਾਰ ਗੁਣਾ ਹੋ ਗਈ। ਘਰ ਦਾ ਸਾਰਾ ਕੰਮ ਉਹਦੀ ਮਾਂ ਨੇ ਸੰਭਾਲ ਲਿਆ। ਪੰਜ ਸਾਲ ਦੀ ਸਖਤ ਮਿਹਨਤ ਬਾਅਦ ਉਨ੍ਹਾਂ ਕੋਲ ਆਪਣਾ ਘਰ ਲੈਣ ਲਈ ਪੈਸੇ ਇਕੱਠੇ ਹੋਏ, ਪਰ ਇਨ੍ਹਾਂ ਪੰਜਾਂ ਸਾਲਾਂ ਵਿਚ ਮਾਂ ਦੀ ਸਿਹਤ ਇੰਨੀ ਵਿਗੜ ਗਈ ਕਿ ਡਾਕਟਰ ਕੋਲ ਜਾਣਾ ਲਾਜ਼ਮੀ ਹੋ ਗਿਆ। ਉਸ ਦੇ ਤੁਰਨ ਦੀ ਚਾਲ ਧੀਮੀ ਹੋ ਗਈ। ਕਦੇ ਕਦੇ ਤੁਰਦਿਆਂ ਆਪਣਾ ਸੰਤੁਲਨ ਵੀ ਖੋਹ ਬਹਿੰਦੀ। ਉਸ ਦੇ ਹੱਥ ਕੰਬਣ ਲੱਗ ਪਏ। ਆਵਾਜ਼ ਵਿਚ ਤਬਦੀਲੀ ਆ ਗਈ। ਸਰੀਰ ਲੱਕੜ ਵਾਂਗ ਸਖਤ ਹੁੰਦਾ ਗਿਆ ਤੇ ਕੁੱਬ ਨਿਕਲ ਆਇਆ। ਉਹ ਆਪਣੀ ਮਾਂ ਨੂੰ ਸਰਕਾਰੀ ਡਿਸਪੈਂਸਰੀ ਲੈ ਗਿਆ। ਚੈੱਕ-ਅਪ ਕਰਾਉਣ `ਤੇ ਪਤਾ ਲੱਗਿਆ ਕਿ ਉਸ ਨੂੰ ਪਾਰਕਿੰਸਨ ਹੋ ਗਈ ਸੀ। ਡਾਕਟਰ ਨੇ ਦਵਾਈਆਂ ਲਿਖ ਦਿੱਤੀਆਂ।
‘ਪਰ ਇਸ ਕੋਲ ਮੈਡੀਕਲ ਇੰਸੋਰੈਂਸ ਨਹੀਂ ਹੈ। ਇੰਡੀਆਂ ਤੋਂ ਦਵਾਈ ਮੰਗਵਾਉਂਦਿਆਂ ਪੂਰਾ ਮਹੀਨਾ ਲੱਗ ਜਾਊ। ਤਦ ਤਕ ਕੋਈ ਘਰੇਲੂ ਇਲਾਜ ਦੱਸ ਸਕਦੇ ਹੋ?’ ਸੁਚੇਤ ਨੇ ਡਾਕਟਰ ਨੂੰ ਪੁਛਿਆ।
ਡਾਕਟਰ ਨੇ ਆਪਣੇ ਕੋਲੋਂ ਇਕ ਮਹੀਨੇ ਲਈ ਦਵਾਈ ਦੇ ਸੈਂਪਲ ਦੇ ਦਿੱਤੇ। ਮਾਂ ਨੂੰ ਫਰਕ ਪੈਣ ਲੱਗ ਪਿਆ। ਘਰ ਦੀ ਰੂਟੀਨ ਫਿਰ ਵਾਪਸ ਆ ਗਈ। ਸਾਰੇ ਆਪਣੇ ਆਪਣੇ ਕੰਮਾਂ ਵਿਚ ਬਿਜ਼ੀ ਹੋ ਗਏ। ਡਾਕਟਰ ਵਲੋਂ ਦਿੱਤੀ ਦਵਾਈ ਖਤਮ ਹੋ ਗਈ ਤੇ ਇੰਡੀਆ ਤੋਂ ਦਵਾਈ ਮੰਗਵਾਉਣ ਦਾ ਕਿਸੇ ਨੂੰ ਚੇਤਾ ਨਾ ਆਇਆ। ਉਹਦੀ ਮਾਂ ਨੇ ਵੀ ਉਸ ਨੂੰ ਯਾਦ ਨਹੀਂ ਕਰਵਾਇਆ। ਬਸ ਦਵਾਈ ਖਾਣੀ ਬੰਦ ਕਰ ਦਿੱਤੀ। ਤੇ ਅਗਲੇ ਕੁਝ ਦਿਨਾਂ ਵਿਚ ਹੀ ਉਸ ਦੀ ਹਾਲਤ ਫਿਰ ਪਹਿਲਾਂ ਦੀ ਤਰ੍ਹਾਂ ਹੋ ਗਈ।
ਇਕ ਦਿਨ ਉਹਦੀ ਮਾਂ ਬੈੱਡ ਰੂਮ ਦੀ ਸਫਾਈ ਕਰ ਰਹੀ ਸੀ। ਹੇਠੋਂ ਛੋਟੀ ਗੁੱਡੀ ਦੇ ਰੋਣ ਦੀ ਆਵਾਜ਼ ਆਈ। ਮਾਂ ਜਲਦੀ ਨਾਲ ਪੌੜੀਆਂ ਉਤਰਨ ਲੱਗੀ ਤੇ ਉਹਦਾ ਪੈਰ ਫਿਸਲ ਗਿਆ। ਸਾਰੀਆਂ ਪੌੜੀਆਂ ਰੁੜਦੀ ਰੁੜਦੀ ਹੇਠਾਂ ਫਰਸ਼ `ਤੇ ਆ ਡਿੱਗੀ। ਸੱਜੀ ਬਾਂਹ, ਦੋ ਥਾਂਵਾਂ ਤੋਂ ਟੁੱਟ ਗਈ ਸੀ। ਡਾਕਟਰ ਨੇ ਆਰਜ਼ੀ ਤੌਰ `ਤੇ ਪਲੱਸਤਰ ਲਾ ਦਿੱਤਾ, ਪਰ ਨਾਲ ਇਹ ਵੀ ਦੱਸ ਦਿੱਤਾ ਕਿ ਹੁਣ ਪਾਰਕਿੰਸਨ ਕਾਰਨ, ਬਾਂਹ ਪਹਿਲਾਂ ਦੀ ਤਰ੍ਹਾਂ ਕਦੇ ਕੰਮ ਨਹੀਂ ਕਰ ਸਕੇਗੀ। ਉਹਨੇ ਆਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ।
ਸੁਚੇਤ ਨੇ ਇੰਡੀਆ ਆਪਣੀ ਵੱਡੀ ਭੈਣ ਨੂੰ ਕਾਲ ਕੀਤੀ ਤੇ ਮਾਂ ਦੀ ਹਾਲਤ ਬਾਰੇ ਦੱਸਿਆ। ਨਾਲ ਇਹ ਭੀ ਇਸ਼ਾਰਾ ਕਰ ਦਿੱਤਾ ਕਿ ਇੰਡੀਆ ਵਿਚ ਇਸ ਦੀ ਸਰਜਰੀ ਦਾ ਖਰਚਾ, ਅਮਰੀਕਾ ਤੋਂ ਦਸਵਾਂ ਹਿੱਸਾ ਵੀ ਨਹੀਂ ਆਉਣਾ। ਮਾਂ ਨੂੰ ਸਿੱਧਾ ਕਹਿਣ ਤੋਂ ਉਹ ਝਕਦਾ ਸੀ ਕਿ ਸਰਜਰੀ ਇੰਡੀਆ ਜਾ ਕੇ ਕਰਵਾ ਲਵੇ। ਉਸ ਦੀ ਭੈਣ ਨੇ ਆਪਣੇ ਵਲੋਂ ਮਾਂ ਨੂੰ ਕਾਲ ਕਰ ਕੇ ਇਕ ਵਾਰ ਇੰਡੀਆ ਆਉਣ ਲਈ ਕਿਹਾ ਤੇ ਉਹ ਇੰਡੀਆ ਵਾਪਸ ਚਲੀ ਗਈ।
ਪੰਦਰਾਂ ਕੁ ਦਿਨਾਂ ਬਾਅਦ ਸੁਚੇਤ ਨੂੰ ਪਾਰਸਲ ਆਇਆ। ਉਹਦੀ ਮਾਂ ਨੇ ਜੀਤਾਂ ਲਈ ਸੋਨੇ ਦੀਆਂ ਝਾਂਜਰਾਂ ਦੁਬਾਰਾ ਭੇਜੀਆਂ ਸਨ। ਸੁਚੇਤ ਨੂੰ ਝਾਂਜਰਾਂ ਦੇਖ ਕੇ ਬਹੁਤ ਸ਼ਰਮ ਆਈ।
ਉਹਦੀ ਮਾਂ ਦੀ ਸਰਜਰੀ ਤਾਂ ਹੋ ਗਈ, ਪਰ ਬਾਂਹ ਨਹੀਂ ਚੱਲੀ, ਸਗੋਂ ਅਗਲੇ ਦੋ ਮਹੀਨਿਆਂ ਵਿਚ ਪਾਰਕਿੰਸਨ ਨੇ ਜਿ਼ਆਦਾ ਜੋਰ ਪਕੜ ਲਿਆ ਤੇ ਉਸ ਨੂੰ ਹਮੇਸ਼ਾ ਲਈ ਵ੍ਹੀਲ ਚੇਅਰ ਦੇ ਸਪੁਰਦ ਕਰ ਦਿੱਤਾ। ਉਸ ਨੂੰ ਨੁਹਾਉਣ-ਖੁਆਉਣ ਦਾ ਕੰਮ ਉਸ ਦੀ ਧੀ ਹੀ ਕਰਦੀ ਸੀ। ਸੁਚੇਤ ਹਰ ਹਫਤੇ ਬਾਅਦ ਟੈਲੀਫੂਨ ਕਰਕੇ ਹਾਲ ਜਰੂਰ ਪੁੱਛਦਾ। ਮਾਂ ਅਜੇ ਵੀ ਉਹੀ ਅਸੀਸ ਦਿੰਦੀ, ਜਿਹੜੀ ਬਚਪਨ ਵਿਚ ਉਸ ਨੂੰ ਦਿਹਾੜੀ ਵਿਚ ਦੋ ਵਾਰ ਮਿਲਦੀ ਸੀ, ‘ਜਿਊਂਦਾ ਰਹੋ, ਮੇਰੇ ਲਾਲ। ਰੱਬ, ਤੇਰੇ ਜਿਹਾ ਪੁੱਤ ਮੇਰੀਆਂ ਸੱਤਾਂ ਪੀੜ੍ਹੀਆਂ ਨੂੰ ਦੇਵੇ।’
ਸਾਲ ਲੰਘ ਗਏ। ਜੀਤਾਂ ਦੀ ਸ਼ਾਦੀ ਤੈਅ ਹੋ ਗਈ। ਲੜਕਾ ਇੰਡੀਆ ਵਿਚ ਹੀ ਸੀ। ਵਿਆਹ ਦੀ ਤਾਰੀਖ ਨਿਸ਼ਚਿਤ ਹੋ ਗਈ। ਸੁਚੇਤ, ਪਰਿਵਾਰ ਸਮੇਤ ਮਹੀਨਾ ਪਹਿਲਾਂ ਹੀ ਇੰਡੀਆ ਪਹੁੰਚ ਗਿਆ। ਉਹ ਅਜੇ ਆਪਣੀ ਭੈਣ ਦੇ ਘਰ ਦੇ ਸਾਹਮਣੇ ਟੈਕਸੀ ਤੋਂ ਸਮਾਨ ਉਤਾਰ ਹੀ ਰਿਹਾ ਸੀ ਕਿ ਤਿੰਨੇ ਭੈਣਾਂ ਦੌੜ ਕੇ ਆਪਣੀ ਦਾਦੀ ਨੂੰ ਜਾ ਮਿਲੀਆਂ।
ਉਹ ਡਰਾਈਵਰ ਤੋਂ ਵਿਹਲਾ ਹੋ ਕੇ, ਆਪਣੀ ਮਾਂ ਕੋਲ ਆਇਆ। ਮਾਂ ਇਕ ਦਮ ਉਠ ਕੇ ਸੁਚੇਤ ਨੂੰ ਮਿਲਣ ਲੱਗੀ, ਪਰ ਅੱਧ ਵਿਚਾਲਿਓਂ ਹੀ ਵਾਪਸ ਵ੍ਹੀਲ ਚੇਅਰ ਵਿਚ ਡਿੱਗ ਪਈ। ਉਹਨੇ ਕੋਸ਼ਿਸ਼ ਕੀਤੀ, ਪਰ ਉਠਿਆ ਨਾ ਗਿਆ। ਸੁਚੇਤ ਨੇ ਨੀਂਵਾਂ ਹੋ ਮਾਂ ਦੇ ਪੈਰੀਂ ਹੱਥ ਲਾਏ। ਸਿਰ ਨਿਵਾਇਆ। ਮਾਂ ਨੇ ਸੁਚੇਤ ਨੂੰ ਗਲਵੱਕੜੀ ਵਿਚ ਲਿਆ। ‘ਜਿਊਂਦਾ ਰਹੋ, ਮੇਰੇ ਲਾਲ। ਰੱਬ ਤੇਰੇ ਜਿਹਾ ਪੁੱਤ ਮੇਰੀਆਂ ਸੱਤਾਂ ਪੀੜ੍ਹੀਆਂ ਨੂੰ ਦੇਵੇ।’ ਉਹਨੇ ਕਿਹਾ ਤੇ ਨਾਲ ਹੀ ਜਿ਼ੰਦਗੀ ਦਾ ਆਖਰੀ ਸਾਹ ਲੈ ਲਿਆ। ਘਰ ਵਿਚ ਸੋਗ ਦੀ ਲਹਿਰ ਖਿਲਰ ਗਈ।
ਆਂਢ-ਗਵਾਂਢ, ਗਲੀ-ਮਹੱਲੇ ਵਾਲੇ ਲੋਕ ਅਫਸੋਸ ਕਰਨ ਆਏ। ਇਕ ਸਿਆਣੀ ਔਰਤ ਨੇ ਸੁਚੇਤ ਨੂੰ ਕਿਹਾ, ‘ਕੋਈ ਚੰਗੇ ਕਰਮ ਕੀਤੇ ਸੀ ਤੇਰੀ ਮਾਂ ਨੇ, ਜਿਸ ਮਾਂ ਦਾ ਪੁੱਤ ਉਹਦੀ ਮੌਤ ਵੇਲੇ ਕੋਲ ਹੋਵੇ, ਉਹ ਬੜੀ ਭਾਗਾਂ ਵਾਲੀ ਹੁੰਦੀ ਹੈ।’
ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆ ਹੋਣ ਬਾਅਦ ਸੁਚੇਤ ਨੇ ਆਪਣੇ ਜੱਦੀ ਘਰ ਦਾ ਤਾਲਾ ਖੋਲ੍ਹਿਆ। ਇਕ ਅਟੈਚੀ ਵਿਚ ਜੀਤਾਂ ਦੇ ਵਿਆਹ ਲਈ ਬਣਾਏ ਗਹਿਣੇ ਤੇ ਸੂਟ ਪਏ ਸਨ। ਜੀਤਾਂ ਸੂਟ ਵੇਖ ਵੇਖ ਖੁਸ਼ ਹੋ ਰਹੀ ਸੀ।
ਸੁਚੇਤ ਨੂੰ ਮਾਂ ਦੀ ਯਾਦ ਆ ਰਹੀ ਸੀ। ਉਹ ਸੋਚ ਰਿਹਾ ਸੀ ਕਿ ਉਹਨੇ ਆਪਣੀ ਮਾਂ ਨਾਲ ਜਿ਼ਆਦਤੀ ਕੀਤੀ ਸੀ। ਉਹਨੂੰ ਹਰ ਪਾਸੇ ਟੁੱਟੀ ਬਾਂਹ ਨੂੰ ਦੂਸਰੇ ਹੱਥ ਦਾ ਸਹਾਰਾ ਦਿੰਦੀ, ਲੜਖੜਾ ਕੇ ਤੁਰਦੀ, ਮਾਂ ਨਜ਼ਰ ਆ ਰਹੀ ਸੀ। ਮਾਂ ਜਿਵੇਂ ਉਹਦੇ ਜਿ਼ਹਨ ਵਿਚ ਵੜ ਗਈ ਸੀ। ਉਹ ਜਿੰਨਾ ਜਿ਼ਆਦਾ ਸੋਚਦਾ, ਉਨੀ ਹੀ ਸਾਫ ਸ਼ਕਲ, ਉਹਨੂੰ ਆਪਣੀ ਮਾਂ ਦੀ ਦਿਖਾਈ ਦਿੰਦੀ। ਹਰ ਵਕਤ ਉਹ ਆਪਣੇ ਦਿਮਾਗ ਵਿਚ ਮਾਂ ਨਾਲ ਗੱਲਾਂ ਕਰਦਾ ਰਹਿੰਦਾ।
ਰਿਸ਼ਤੇਦਾਰ ਮਿੱਤਰ ਆ ਚੁੱਕੇ ਸਨ। ਘਰ ਵਿਚ ਵਿਆਹ ਦੀਆਂ ਰਸਮਾਂ ਜਾਰੀ ਸਨ। ਹਰ ਇਕ ਵਿਆਹ ਵਿਚ ਸ਼ਾਮਲ ਹੋਣ ਦਾ ਅਨੰਦ ਮਾਣ ਰਿਹਾ ਸੀ। ਸਿਰਫ ਸੁਚੇਤ ਹੀ ਉਦਾਸ ਸੀ। ਉਹਦੀ ਪਤਨੀ ਨੇ ਉਹਨੂੰ ਕੁਝ ਹੰਝੂ ਡੋਲੀ ਵੇਲੇ ਲਈ ਸਾਂਭ ਕੇ ਰੱਖਣ ਲਈ ਕਿਹਾ ਸੀ, ਪਰ ਉਹਦੇ ਵੱਸ ਵਿਚ ਨਹੀਂ ਸੀ।
ਜੀਤਾਂ ਦੀਆਂ ਲਾਵਾਂ ਹੋ ਗਈਆਂ। ਉਹਦੀਆਂ ਛੋਟੀਆਂ ਭੈਣਾਂ ਜੀਜੇ ਨਾਲ ਮਖੌਲ ਕਰ ਰਹੀਆਂ ਸਨ। ਉਹ ਦੂਸਰੇ ਕਮਰੇ ਵਿਚ ਜਾ ਕੇ ਸੋਫੇ `ਤੇ ਬੈਠ ਗਿਆ। ਸ਼ਾਮ ਪੈ ਗਈ। ਜੀਤਾਂ ਦੀ ਡੋਲੀ ਤੁਰਨ ਦਾ ਸਮਾਂ ਹੋ ਗਿਆ। ਉਹਦੀ ਛੋਟੀ ਭੈਣ ਨੇ ਆ ਕੇ ਸੁਚੇਤ ਨੂੰ ਬੁਲਾਇਆ। ਉਹ ਬਾਹਰ ਆਇਆ। ਜੀਤਾਂ ਘਰ ਦੀ ਦਹਿਲੀਜ਼ ਪਾਰ ਕਰ ਰਹੀ ਸੀ। ਆਸੇ-ਪਾਸੇ ਉਹਦੀ ਮਾਂ ਤੇ ਸਹੇਲੀਆਂ, ਉਸ ਨੂੰ ਸਹਾਰਾ ਦੇ ਡੋਲੀ ਦੀ ਕਾਰ ਵੱਲ ਲਿਜਾ ਰਹੀਆਂ ਸਨ। ਜੀਤਾਂ ਦੀ ਵਿਦਾਇਗੀ ਵੇਲੇ ਸਭ ਰੋ ਰਹੀਆਂ ਸਨ।
ਪਰ ਉਹਨੂੰ ਇਹ ਸਭ ਨਜ਼ਰ ਨਹੀਂ ਆ ਰਿਹਾ ਸੀ। ਉਹਦੇ ਸਾਹਮਣੇ ਤਾਂ ਇਕ ਬੁੱਢੀ ਔਰਤ, ਆਪਣੀ ਟੁੱਟੀ ਬਾਂਹ ਨੂੰ ਦੂਸਰੇ ਹੱਥ ਦਾ ਸਹਾਰਾ ਦਿੰਦੀ ਲੜਖੜਾ ਕੇ ਤੁਰਦੀ, ਨਜ਼ਰ ਆਉਂਦੀ ਸੀ; ਪਰ ਇਸ ਵਕਤ ਉਹਨੂੰ ਮਾਂ ਦਾ ਨਹੀਂ, ਸਗੋਂ ਜੀਤਾਂ ਦਾ ਚਿਹਰਾ ਦਿਸ ਰਿਹਾ ਸੀ। ਉਸ ਦੀ ਪਤਨੀ ਨੇ ਉਹਦਾ ਹੱਥ ਫੜ ਕੇ ਜੀਤਾਂ ਦੇ ਸਿਰ `ਤੇ ਰੱਖਿਆ। ਸੁਚੇਤ ਦਾ ਹੱਥ ਤਪ ਰਿਹਾ ਸੀ। ਉਹਨੂੰ ਲੱਗਿਆ, ਬਾਪ ਤੋਂ ਆਪਣੀ ਧੀ ਦੀ ਵਿਦਾਇਗੀ ਸਹਾਰੀ ਨਹੀਂ ਜਾ ਰਹੀ।
‘ਤੁਹਾਡੀ ਤਬੀਅਤ ਠੀਕ ਨਹੀਂ ਲੱਗ ਰਹੀ। ਤੁਸੀਂ ਜਾ ਕੇ ਅੰਦਰ ਅਰਾਮ ਕਰ ਲਓ,’ ਉਹਨੇ ਕਿਹਾ।
ਸੁਚੇਤ ਸਭ ਨੂੰ ਉਥੇ ਹੀ ਛੱਡ ਕੇ ਆਪਣੇ ਕਮਰੇ ਵਿਚ ਚਲਾ ਗਿਆ। ਦਰਵਾਜ਼ਾ ਬੰਦ ਕਰਕੇ ਮੁੱਧੇ ਮੂੰਹ ਮੰਜੇ `ਤੇ ਜਾ ਡਿਗਿਆ।
ਡੋਲੀ ਤੋਰਨ ਬਾਅਦ ਉਸ ਦੀ ਪਤਨੀ ਸੁਚੇਤ ਦੇ ਕਮਰੇ `ਚ ਆਈ। ਸੁਚੇਤ ਪੂਰੀ ਤਰ੍ਹਾਂ ਰੋ ਰਿਹਾ ਸੀ। ਉਸ ਦੇ ਹੱਥ ਜੁੜੇ ਹੋਏ ਸਨ, ਜਿਵੇਂ ਲੰਬਾ ਪੈ ਕੇ ਡੰਡੌਤ ਕਰ ਰਿਹਾ ਹੋਵੇ।
‘ਮਾਂ ਆਪਣੀਆਂ ਅਸੀਸਾਂ ਵਾਪਸ ਲੈ ਲੈ। ਰੱਬ, ਮੇਰੇ ਜਿਹਾ ਪੁੱਤ ਮੇਰੀ ਧੀ ਨੂੰ ਨਾ ਦੇਵੇ।’ ਉਹ ਵਾਰ ਵਾਰ ਦੁਹਰਾ ਰਿਹਾ ਸੀ, ਲਿਲਕੜੀਆਂ ਕੱਢ ਰਿਹਾ ਸੀ।
ਉਸ ਦੀ ਪਤਨੀ ਨੂੰ ਅੱਧੀ ਪਚੱਧੀ ਗਲ ਸਮਝ ਆ ਰਹੀ ਸੀ। ਉਹਨੇ ਸੁਚੇਤ ਨੂੰ ਹਲੂਣਿਆ, ਪਰ ਉਹ ਜਿਵੇਂ ਸੁਰਤ ਖੋਹ ਬੈਠਾ ਸੀ। ਪਤਨੀ ਨੇ ਨਾਲ ਟੇਬਲ `ਤੇ ਪਾਣੀ ਦਾ ਗਲਾਸ ਪਿਆ ਦੇਖਿਆ ਤੇ ਪੂਰੇ ਦਾ ਪੂਰਾ ਉਸ ਦੇ ਮੂੰਹ `ਤੇ ਉਲਟਾ ਦਿੱਤਾ। ਸੁਚੇਤ ਨੇ ਅੱਖਾਂ ਖੋਲ੍ਹੀਆਂ।
‘ਡੋਲੀ ਤਾਂ ਅਜੇ ਉਹਦੇ ਘਰ ਵੀ ਨਹੀਂ ਪਹੁੰਚੀ, ਤੇ ਤੁਸੀਂ ਉਹਦੇ ਪੁੱਤ ਬਾਰੇ ਸੁਪਨੇ ਲੈ ਰਹੇ ਹੋ,’ ਉਸ ਦੀ ਪਤਨੀ ਨੇ ਕਿਹਾ।
‘ਮਾਂ ਮੰਨਦੀ ਹੀ ਨਹੀਂ, ਉਹੀ ਅਸੀਸਾਂ ਵਾਰ ਵਾਰ ਦੇ ਰਹੀ ਹੈ,’ ਉਹਨੇ ਜਵਾਬ ਦਿੱਤਾ। ਤੇ ਫਿਰ ਉਹਨੂੰ ਪਤਾ ਲੱਗਿਆ, ‘ਨਾ ਮਾਂ ਕੋਲ ਸੀ ਤੇ ਨਾ ਉਸ ਦੀ ਧੀ। ਦੋਨੋਂ ਆਪਣੇ ਆਪਣੇ ਘਰ ਜਾ ਚੁਕੀਆਂ ਸਨ। ਉਹ ਇਕੱਲਾ ਹੀ ਮੰਜੇ `ਤੇ ਬੈਠਾ ਸੀ, ਆਪਣੀ ਪਤਨੀ ਦੇ ਨਾਲ।