ਅਵਤਾਰ ਸਿੰਘ
ਫੋਨ: 91-94175-18384
ਈਮੇਲ: ਅਵਟਅਰ61@ਗਮਅਿਲ।ਚੋਮ
ਉਹਦਾ ਨਾਂ ਤਾਂ ਵਲੀ ਸੀ, ਪਰ ਅਸੀਂ ਉਹਨੂੰ ਆਪਣੇ ਅਣਜਾਣਪੁਣੇ ਕਾਰਨ ਬਲੀ ਕਹਿੰਦੇ। ਜੇ ਸਾਨੂੰ ਪਤਾ ਵੀ ਹੁੰਦਾ ਕਿ ਉਹ ਬਲੀ ਨਹੀਂ, ਵਲੀ ਹੈ, ਤਾਂ ਵੀ ਅਸੀਂ ਦੁਆਬੀਆਂ ਨੇ ਉਹਨੂੰ ਬਲੀ ਹੀ ਕਹਿਣਾ ਸੀ। ਜਦਕਿ ਬਲੀ ਬਲਵਾਨ ਨੂੰ ਕਹਿੰਦੇ ਹਨ ਤੇ ਵਲੀ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਹਦਾ ਅਰਥ ਹੈ, ਰੱਬ ਦਾ ਖਾਸ ਦੋਸਤ। ਇਸਲਾਮ ਵਿਚ ਵਲੀ ਦਾ ਰੁਤਬਾ ਜੇ ਪੈਗ਼ੰਬਰ ਦੇ ਬਰਾਬਰ ਨਹੀਂ ਤਾਂ ਨੇੜੇ-ਤੇੜੇ ਜ਼ਰੂਰ ਹੈ। ਵਲੀ ਦੀ ਵਡਿਆਈ ਮਿਰਜ਼ਾ ਗ਼ਾਲਿਬ ਦੇ ਸ਼ਿਅਰ ਤੋਂ ਵੀ ਪਤਾ ਲੱਗਦੀ ਹੈ:
ਯੇ ਮਿਸਾਈਲ-ਏ-ਤਸੱਵੁਫ ਯੇ ਤਿਰਾ ਬਯਾਂ ਗ਼ਾਲਿਬ,
ਤੁਝੇ ਹਮ ਵਲੀ ਸਮਝਤੇ ਜੁ ਨਾ ਬਾਦਾ-ਖ੍ਵਾਰ ਹੋਤਾ।’
ਵਲੀ ਦੀ ਅਜ਼ਮਤ ਦਾ ਹਿਸਾਬ ਲਾਉ ਕਿ ਗ਼ਾਲਿਬ ਜੇ ਸ਼ਰਾਬ ਨਾ ਪੀਂਦੇ ਹੁੰਦੇ ਤਾਂ ਉਹ ਹਰਗਿਜ਼ ਵਲੀ ਹੋਣੇ ਸਨ।
ਗੱਲ 1965-66 ਦੀ ਹੋਵੇਗੀ। ਮੈਂ ਉਦੋਂ ਮਸਾਂ ਚਾਰ-ਪੰਜ ਸਾਲ ਦਾ ਹੋਵਾਂਗਾ ਕਿ ਅਸੀਂ ਆਪਣੇ ਘਰ ਦੇ ਸਾਰੇ ਜੀ ਰੋਟੀ ਖਾ ਰਹੇ ਹੁੰਦੇ ਕਿ ਬਲੀ ਘਰ ਦੇ ਮੁੱਖ ‘ਤੇ ਆ ਕੇ ਖੜ੍ਹ ਜਾਂਦਾ। ਉਹ ਆਪਣੀ ਜਾਣੇ ਪਤਾ ਨਹੀਂ ਕੀ ਬੋਲਦਾ, ਪਰ ਸਾਨੂੰ ਉਹਦੇ ਟੁੱਟੇ-ਭੱਜੇ ਤੇ ਅਬੁੱਝ ਵਾਕ ਵਿਚੋਂ ਸਿਰਫ ਤਿੰਨ ਲਫਜ਼ ਸੁਣਦੇ-ਖੰਨਾ, ਟੁੱਕ ਅਤੇ ਦਾੜ। ਉਹ ਲੱਲੇ ਨੂੰ ੜਾੜੇ ਵਾਂਗ ਬੋਲਦਾ ਤੇ ਅਸੀਂ ਸਮਝ ਜਾਂਦੇ ਕਿ ਉਹ ਰੋਟੀ ਨਾਲ ਦਾਲ ਵੀ ਮੰਗਦਾ ਹੈ। ਉਹਨੇ ਕਮੀਜ਼ ਪਾਈ ਹੋਣੀ, ਤੇੜ ਕੱਛਾ ਤੇ ਪੈਰੋਂ ਨੰਗਾ ਹੋਣਾ। ਉਹਦੇ ਚੀਥੜੇ ਮੈਲ ਨਾਲ ਏਨੇ ਆਕੜੇ ਹੁੰਦੇ, ਜਿਵੇਂ ਮਾਂਡੀ ਦਿੱਤੀ ਹੋਵੇ। ਉਹਦੇ ਵਾਲ ਇਸ ਤਰ੍ਹਾਂ ਲਗਦੇ, ਜਿਵੇਂ ਝੋਨੇ ਦੀਆਂ ਮੁੰਜਰਾਂ ਹੋਣ। ਉਹਦੇ ਦੰਦ ਦੇਖੇ ਨਾ ਜਾਂਦੇ ਤੇ ਉਹਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ, ਜਿਵੇਂ ਉਹਨੂੰ ਜੰਮਣ ਵੇਲੇ ਵੀ ਨੁਹਾਇਆ ਨਾ ਹੋਵੇ। ਉਹ ਰੋਜ਼ ਆਉਂਦਾ ਤੇ ‘ਖੰਨਾ ਟੁੱਕ ਦਾੜ’ ਮੰਗਦਾ। ਅਸੀਂ ਉਹਨੂੰ ਰੋਜ਼ ਦੇਖਦੇ, ਜਿਸ ਕਰਕੇ ਸਾਡੇ ਮਨ ਵਿਚ ਉਹਨੂੰ ਜਾਣਨ ਦੀ ਕੋਈ ਉਤਸੁਕਤਾ ਨਹੀਂ ਸੀ। ਏਨਾ ਜ਼ਰੂਰ ਸੀ ਕਿ ਉਹ ਸਾਨੂੰ ਅਜੀਬ ਲੱਗਦਾ ਤੇ ਉਹਨੂੰ ਦੇਖ ਕੇ ਏਨੀ ਅਲਕਤ ਆਉਂਦੀ ਕਿ ਸਾਨੂੰ ਆਪਣੀ ਰੋਟੀ ਜੂਠੀ ਹੋ ਗਈ ਲਗਦੀ।
ਉਦੋਂ ਪੰਜਾਬ ਦੀ ਵੰਡ ਹੋਈ ਨੂੰ ਮਸਾਂ ਸਤਾਰਾਂ-ਅਠਾਰਾਂ ਸਾਲ ਹੋਏ ਸਨ। ਹਰ ਇਲਾਕੇ ਦੇ ਲੋਕਾਂ ਨੇ ਸੰਤਾਲੀ ਦੀ ਇਸ ਵੰਡ ਨੂੰ ਆਪੋ-ਆਪਣੇ ਹਿਸਾਬ ਨਾਲ ਲਫਜ਼ ਦੇ ਦਿੱਤੇ ਸਨ। ਸਾਡੇ ਪਿੰਡਾਂ ਵਾਲੇ ਉਨ੍ਹਾਂ ਦਿਨਾਂ ਨੂੰ ਰੌਲੇ ਕਹਿੰਦੇ ਤੇ ਸਾਡੇ ਘਰ ਰੋਜ਼ ਰਾਤ ਨੂੰ ਸੌਣ ਲੱਗਿਆਂ ਬੀਬੀ ਭਾਈਏ ਦੀਆਂ ਗੱਲਾਂ ਵਿਚ ਰੌਲਿਆਂ ਦੀ ਗੱਲ ਜ਼ਰੂਰ ਛਿੜਦੀ। ਮੇਰੇ ਬੀਬੀ ਭਾਈਏ ਲਈ ਬੇਸ਼ੱਕ ਉਹ ਹਾਲੇ ਕੱਲ੍ਹ ਦੀ ਗੱਲ ਸੀ, ਪਰ ਅਸੀਂ ਉਹ ਗੱਲਾਂ ਇਵੇਂ ਸੁਣਦੇ, ਜਿਵੇਂ ਕੋਈ ਪਿਛਲੇ ਜਨਮ ਦੀ ਗੱਲ ਹੋਵੇ।
ਗੱਲਾਂ ਸੁਣਦਿਆਂ ਸਾਨੂੰ ਕੋਠੜੀਆਂ ਵਿਚ ਪਏ ਬਰਛੇ ਦਾ ਚੇਤਾ ਆਉਂਦਾ ਤੇ ਗਭਲੇ ਅੰਦਰ ਦੀ ਛੱਤ ਉਪਰ ਪਈਆਂ ਛੋਟੀਆਂ ਇੱਟਾਂ ਦਾ ਖਿਆਲ ਆਉਂਦਾ, ਜਿਨ੍ਹਾਂ ਨਾਲ ਅਸੀਂ ਰੇਲ-ਗੱਡੀ ਖੇਡਦੇ। ਸਾਰੀਆਂ ਇੱਟਾਂ ਨੇੜੇ-ਨੇੜੇ ਲਾਈਨ ਵਿਚ ਖੜ੍ਹੀਆਂ ਕਰ ਲੈਣੀਆਂ ਤੇ ਫਿਰ ਸਿਰੇ ਵਾਲੀ ਇੱਟ ਨੂੰ ਹੌਲੀ ਦੇਣੇ ਡੇਗ ਦੇਣਾ। ਇੱਟਾਂ ਨੇ ਇਕ ਇਕ ਕਰਕੇ ਲਗਾਤਾਰ ਡਿਗਣਾ, ਜਿਵੇਂ ਰੇਲ ਗੱਡੀ ਚੱਲਦੀ ਹੋਵੇ। ਛਕ ਛਕ ਅਸੀਂ ਮੂੰਹ ਨਾਲ ਕਰੀ ਜਾਣੀ ਤੇ ਬੜਾ ਅਨੰਦ ਆਉਣਾ।
ਰਾਤ ਨੂੰ ਗੱਲਾਂ ਸੁਣਦੇ-ਸੁਣਦੇ ਸਾਨੂੰ ਨੀਂਦ ਆ ਜਾਂਦੀ ਤੇ ਸਾਡੇ ਸੁਪਨਿਆਂ ਵਿਚ ਬਰਛੇ ਆਉਂਦੇ, ਕਦੇ ਨਿੱਕੀਆਂ ਇੱਟਾਂ ਤੇ ਕਦੇ ਚੱਲਦੀਆਂ ਰੇਲਾਂ ਦੀ ਛੱਕ-ਛੱਕ ਸੁਣਾਈ ਦਿੰਦੀ। ਇਨ੍ਹਾਂ ਸੁਪਨਈ ਰੇਲਾਂ ਵਿਚ ਸਾਨੂੰ ਤੰਦਰੁਸਤ ਲੋਕਾਂ ਦੀ ਬਜਾਏ ਵੱਢੇ-ਟੁੱਕੇ ਤੇ ਲਹੂ ਲੁਹਾਨ ਲੋਕ ਹੀ ਨਜ਼ਰ ਆਉਂਦੇ; ਚੀਕ ਪੁਕਾਰ ਤੇ ਹਾਲ-ਪਾਹਰਿਆ ਵਾਧੂ ਸੁਣਾਈ ਦਿੰਦੀ।
ਬੀਬੀ ਨੂੰ ਪੁੱਛਣਾ ਕਿ ਗਭਲੇ ਅੰਦਰ ਦੀ ਛੱਤ ਉਤੇ ਇੱਟਾਂ ਕਿਉਂ ਰੱਖੀਆਂ। ਬੀਬੀ ਦੱਸਦੀ, ‘ਪੁੱਤ, ਰੌਲਿਆਂ ਵੇਲੇ ਚੜ੍ਹਾਈਆਂ ਸਨ।’ ਪੁੱਛਣਾ ਕਿ ਸਾਨੂੰ ਕਾਹਦਾ ਡਰ ਸੀ ਤਾਂ ਉਹ ਦੱਸਦੀ, ‘ਪੁੱਤ, ਸਾਡੇ ਲੋਕ ਮੁਸਲਮਾਨਾਂ ਨੂੰ ਮਾਰਦੇ-ਵੱਢਦੇ ਸੀ ਤਾਂ ਡਰ ਸੀ ਕਿਤੇ ਉਹ ਸਾਡੇ ‘ਤੇ ਹਮਲਾ ਨਾ ਕਰ ਦੇਣ।’ ਅਸੀਂ ਅਗਲਾ ਸਵਾਲ ਕਰਨਾ ਕਿ ‘ਇੱਟਾਂ ਨਾਲ ਕੀ ਹੋਣਾ ਸੀ’ ਤਾਂ ਉਹ ਦੱਸਦੀ, ‘ਪੁੱਤ, ਇੱਟਾਂ ਅਸੀਂ ਆਪਣੇ ਲਈ ਕੋਠੇ ਚੜ੍ਹਾਈਆਂ ਸਨ ਕਿ ਬੰਦੇ ਹੇਠਾਂ ਲੜਨਗੇ ਤੇ ਅਸੀਂ ਤੀਵੀਆਂ ਮਾਨੀਆਂ ਕੋਠੇ ਚੜ੍ਹ ਕੇ ਇੱਟਾਂ ਨਾਲ ਆਪਣੀ ਰਾਖੀ ਕਰਾਂਗੀਆਂ।’
ਇਹ ਗੱਲਾਂ ਸੁਣ ਕੇ ਸਾਡੇ ਬਾਲ ਮਨ ਖੌਫਜ਼ਦਾ ਹੋ ਜਾਂਦੇ, ਸਾਡੇ ਦਿਲਾਂ ਵਿਚ ਦੰਗੇ ਫਸਾਦ ਤੇ ਰੌਲਿਆਂ ਦੇ ਦ੍ਰਿਸ਼ ਘੁੰਮਣ ਲੱਗ ਜਾਂਦੇ ਤੇ ਕੰਨਾਂ ਵਿਚ ਹਾਹਾਕਾਰ ਗੂੰਜਣ ਲੱਗ ਜਾਂਦੀ। ਸਾਡੇ ਸਾਹਮਣੇ ਸੁਣੀ ਹੋਈ ਅਰਦਾਸ ਵਿਚਲੀਆਂ ਰੰਬੀਆਂ, ਆਰੇ, ਦੇਗਾਂ, ਸੂਲੀਆਂ ਤੇ ਬਰਛੇ ਉਲਰਦੇ, ਸਵਾ-ਸਵਾ ਮਣ ਦੇ ਪੀਸਣੇ ਤੇ ਚੱਕੀਆਂ ਆਉਂਦੀਆਂ, ਚਰਖੜੀਆਂ ਤੇ ਲਹੂ-ਲੁਹਾਣ ਖੋਪੜੀਆਂ ਦੇ ਦ੍ਰਿਸ਼ ਸਾਕਾਰ ਹੁੰਦੇ ਤੇ ਅਸੀਂ ਸੋਚਦੇ ਕਿ ਮੁਸਲਮਾਨ ਕਿੰਨੇ ਖੌਫਨਾਕ ਹੁੰਦੇ ਹੋਣਗੇ।
ਬੀਬੀ ਭਾਈਏ ਕੋਲੋਂ ਅਸੀਂ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਣੇ। ਕਦੇ ਉਨ੍ਹਾਂ ਖਿਝ ਜਾਣਾ ਤੇ ਕਦੇ ਲੰਮੀਆਂ ਕਹਾਣੀਆਂ ਛੇੜ ਲੈਣੀਆਂ ਕਿ ਕਿਵੇਂ ਸਾਡੇ ਲੋਕਾਂ ਨੇ ਧਰਮ-ਕਰਮ ਦੀਆਂ ਸਭ ਗੱਲਾਂ ਵਿਸਾਰ ਕੇ ਵਸਦੇ-ਰਸਦੇ ਮੁਸਲਮਾਨਾਂ ਦੇ ਘਰਾਂ ਦੇ ਘਰ ਉਜਾੜ ਦਿੱਤੇ। ਕਿਵੇਂ ਅਬਲਾ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਤੇ ਕੁਆਰੀਆਂ ਕੁੜੀਆਂ ਖਿੱਦੋ ਦੀ ਤਰ੍ਹਾਂ ਉਧੇੜ ਦਿੱਤੀਆਂ। ਕਿਵੇਂ ਕਾਂਵਾਂ, ਕੁੱਤਿਆਂ, ਬਿੱਲਿਆਂ ਤੇ ਬੰਦਿਆਂ ਵਿਚ ਕੋਈ ਫਰਕ ਨਾ ਰਿਹਾ।
ਅੱਜ ਉਹ ਲਹੂ ਦੇ ਅੱਥਰੂਆਂ ਦੀਆਂ ਦਰਦਨਾਕ ਕਹਾਣੀਆਂ ਚੇਤਿਆਂ ਵਿਚ ਉੱਸਲਵੱਟੇ ਲੈਂਦੀਆਂ ਹਨ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੀਆਂ ਹਨ, ਜਿਨ੍ਹਾਂ ਦੇ ਸਾਹਮਣੇ ਮਿੱਟੀ ਦੇ ਬਾਵੇ ਜਿਹਾ, ਸਾਡਾ ਧਰਮ ਤੇ ਦੀਨ ਇਮਾਨ, ਡੁੰਨਵੱਟਾ ਹੋਇਆ ਮੁਤਰ-ਮੁਤਰ ਝਾਕ ਰਿਹਾ ਹੈ। ਉਹ ਕਿਹੋ ਜਿਹੇ ਦਿਨ ਸਨ ਤੇ ਕਿਹੋ ਜਿਹਾ ਵਕਤ ਸੀ, ਜਦ ਸਾਡੇ ਦਿਲਾਂ ਨੂੰ ਨਫਰਤ ਦੇ ਕੋਬਰੇ ਨੇ ਡੱਸ ਲਿਆ ਸੀ ਕਿ ਅਸੀਂ ਖੁਦ ਨੂੰ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਪੁਜਾਰੀ ਦੱਸਣ ਵਾਲੇ ਲੋਕ ਲਹੂ ਦੇ ਏਨੇ ਪਿਆਸੇ ਹੋ ਗਏ ਕਿ ਸਾਡੇ ਕਹਿਰ ਦੀਆਂ ਕਹਾਣੀਆਂ ਮੁੱਕਣ ਵਿਚ ਨਹੀਂ ਆਉਂਦੀਆਂ।
ਬਲੀ ਕਿਸੇ ਮੁਸਲਮਾਨ ਟੱਬਰ ਦਾ ਸਿਧਰਾ ਮੁੰਡਾ ਸੀ ਤੇ ਘਰੇ ਘੱਟ-ਵੱਧ ਹੀ ਰਹਿੰਦਾ। ਸਾਰਾ ਦਿਨ ਬਾਹਰ ਤੁਰਦਾ ਫਿਰਦਾ ਰਹਿੰਦਾ। ਜਿਸ ਦਿਨ ਉਹਦੇ ਘਰਦਿਆਂ ਨੂੰ ਅਚਾਨਕ ਜਾਣਾ ਪਿਆ ਸੀ ਤਾਂ ਬਲੀ ਘਰ ਨਹੀਂ ਸੀ ਤੇ ਨਾ ਹੀ ਉਹਦਾ ਕੋਈ ਅਤਾ-ਪਤਾ ਸੀ ਕਿ ਉਹ ਕਿੱਥੇ ਹੋਵੇਗਾ। ਉਹਦੇ ਘਰਦਿਆਂ ਨੇ ਉਹਨੂੰ ਇੱਥੇ ਹੀ ਛੱਡ ਜਾਣ ‘ਚ ਸਿਆਣਪ ਸਮਝੀ। ਉਹਨੂੰ ਨਾਲ ਲੈ ਜਾਣਾ ਓਦਾਂ ਵੀ ਖਤਰੇ ਤੋਂ ਖਾਲੀ ਨਹੀਂ ਸੀ। ਕਰਮਾਂ ਦਾ ਮਾਰਿਆ ਬਲੀ ਵਿਚਾਰਾ ਇੱਥੇ ਰਹਿ ਗਿਆ। ਉਹ ਸਾਰਾ ਦਿਨ ਲੋਕਾਂ ਦੇ ਦਰਾਂ ‘ਤੇ ਭਟਕਦਾ, ‘ਖੰਨਾ ਟੁੱਕ ਦਾੜ’ ਮਿਲ ਜਾਣੀ ਤੇ ਰਾਤ ਨੂੰ ਨਾਲ ਦੇ ਪਿੰਡ ਦੀ ਉਜੜੀ ਮਸੀਤ ਵਿਚ ਸੌਂ ਜਾਂਦਾ। ਇਸ ਤੋਂ ਇਲਾਵਾ ਉਹਦੇ ਸੌਣ ਲਈ ਕੋਈ ਥਾਂ ਨਹੀਂ ਸੀ।
ਬੀਬੀ ਦੱਸਦੀ ਕਿ ਖੁਸ਼ੀਆ ਮੁਸਲਮਾਨ ਮੇਰੇ ਭਾਈਏ ਦਾ ਬੜਾ ਨੇਕ ਮਿੱਤਰ ਸੀ, ਜਿਹਦੀ ਰੀਸੇ ਭਾਈਆ ਜੀ ਹਮੇਸ਼ਾ ਸਲਵਾਰ ਕਮੀਜ਼ ਪਹਿਨਦੇ ਤੇ ਲੜ ਛੱਡਵੀਂ ਪੱਗ ਬੰਨ੍ਹਦੇ। ਹਰ ਵਕਤ ਦੋਹਵੇਂ ਇਕੱਠੇ ਰਹਿੰਦੇ ਤੇ ਛਿੰਝਾਂ ਮੇਲੇ ਦੇਖਦੇ; ਕਦੇ ਕਦੇ ਪ੍ਰਾਹੁਣਚਾਰੀ ਵੀ ਇਕੱਠੇ ਜਾਂਦੇ। ਮੇਰੀ ਬੀਬੀ ਸੂਫ ਦੇ ਘੱਗਰੇ ਪਾਉਂਦੀ। ਸਿੱਖਾਂ ਤੇ ਮੁਸਲਮਾਨਾਂ ਵਿਚ ਏਨਾ ਇਤਫਾਕ ਸੀ ਕਿ ਵੇਲੇ-ਕੁਵੇਲੇ ਇਕ ਦੂਜੇ ਦੇ ਘਰਾਂ ਵਿਚੋਂ ਦਾਲ-ਸਬਜ਼ੀ ਜਾਂ ਦੁੱਧ ਲੱਸੀ ਵੀ ਲੈ ਆਉਂਦੇ। ਬੀਬੀ ਦੱਸਦੀ ਕਿ ਸੰਤਾਲੀ ਦੇ ਨੇੜੇ ਜਾ ਕੇ ਪਤਾ ਨਹੀਂ ਕੀ ਹੋਇਆ ਕਿ ਚਿਰਾਂ ਦੀ ਸਾਂਝ ਵਿਚ ਜਿਵੇਂ ਜ਼ਹਿਰ ਘੁਲ ਗਈ ਹੋਵੇ। ਘਰਾਂ ਵਿਚ ਮੁਸਲਮਾਨਾਂ ਪ੍ਰਤੀ ਨਫਰਤ ਦੀਆਂ ਗੱਲਾਂ ਹੋਣ ਲੱਗ ਪਈਆਂ, ਜਿਨ੍ਹਾਂ ਨੂੰ ਸੁਣ ਕੇ ਸਿੱਖ ਬੱਚੇ ਆਪਣੇ ਮੁਸਲਮਾਨ ਦੋਸਤਾਂ ਦੇ ਮੂੰਹ ਚਿੜਾਉਣ ਲੱਗ ਪਏ। ਇਕੱਲੀ ਨਫਰਤ ਨਾਲ ਗੱਲ ਨਾ ਬਣਦੀ ਤਾਂ ਅਸ਼ਲੀਲਤਾ ਦੇ ਤੜਕੇ ਲਗਦੇ। ਸਿਆਣਿਆਂ ਦੀ ਬਜਾਏ ਬੱਚਿਆਂ ਨੂੰ ਆਪਣੇ ਦੀਨ ਮਜ਼੍ਹਬ ਦਾ ਏਨਾ ਦੁੱਖ ਲੱਗਦਾ ਕਿ ਇਕ-ਦੂਜੇ ਦਾ ਸਿਰ ਪਾੜਨ ਤੱਕ ਜਾਂਦੇ। ਵੱਡੇ ਦੱਬ ਘੁੱਟ ਜਾਂਦੇ ਤੇ ਦਿਲ ਵਿਚ ਕਿਸੇ ਮੌਕੇ ਦੀ ਉਮੀਦ ਅਤੇ ਉਡੀਕ ਵਿਚ ਵਿਉਂਤਾਂ ਬਣਾਉਂਦੇ। ਜਿਵੇਂ ਜਿਵੇਂ ਸੰਤਾਲੀ ਨੇੜੇ ਆ ਰਹੀ ਸੀ, ਉਵੇਂ ਉਵੇਂ ਦਿਲਾਂ ਵਿਚ ਗ਼ੁਬਾਰ ਵੱਧਦਾ ਜਾਂਦਾ ਤੇ ਬੁਰੇ ਅਸਾਰ ਨਜ਼ਰ ਆਉਂਦੇ।
ਬੀਬੀ ਦੱਸਦੀ ਕਿ ਉਧਰ ਆਜ਼ਾਦੀ ਦਾ ਐਲਾਨ ਹੋਇਆ ਤੇ ਇੱਧਰ ਸੰਤ ਬਖਲੌਰ ਸਿੰਘ ਨੇ ਆਪਣੇ ਸੇਵਕ ਇਕੱਠੇ ਕੀਤੇ ਤੇ ਮੁਸਲਮਾਨਾਂ ਦੇ ਵੱਡੇ ਪਿੰਡ ਮੀਰ ਪੁਰ ਨੂੰ ਅੱਗ ਲਾ ਦਿੱਤੀ। ਕਿਸੇ ਨੂੰ ਘਰੋਂ ਨਿਕਲਣ ਦਾ ਵਕਤ ਵੀ ਨਾ ਦਿੱਤਾ। ਕੁਝ ਮਾਰ ਦਿੱਤੇ ਤੇ ਕੁਝ ਸਾੜ ਦਿੱਤੇ। ਬਾਕੀ ਦੇ ਮੁਸਲਮਾਨ ਇਸ ਅਫਰਾ-ਤਫਰੀ ਤੇ ਚੀਕ-ਚਿਹਾੜੇ ਵਿਚ ਪਿੰਡ ਛੱਡ ਕੇ ਦੌੜ ਗਏ। ਉਨ੍ਹਾਂ ਦੀਆਂ ਕਈ ਸੁਨੱਖੀਆਂ ਬਹੂ-ਬੇਟੀਆਂ ਸੰਤ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਤੇ ਖੇਹ ਖਰਾਬ ਕਰਕੇ, ਆਪਣੇ ਮੂਰੇ ਅਤੇ ਬਦਸ਼ੂਰੇ ਚੇਲਿਆਂ ਨੂੰ ਸੌਂਪ ਦਿੱਤੀਆਂ। ਬੀਬੀ ਦੱਸਦੀ ਕਿ ਸੜਦੇ ਹੋਏ ਮੀਰ ਪੁਰ ਪਿੰਡ ਦੇ ਧੂੰਏਂ ਦੇ ਅੰਬਾਰ ਸਾਡੇ ਪਿੰਡੋਂ ਨਜ਼ਰ ਆਉਂਦੇ ਤੇ ਲੋਕ ਕੋਠਿਆਂ ‘ਤੇ ਚੜ੍ਹ ਚੜ੍ਹ ਨਜ਼ਾਰੇ ਦੇਖਦੇ।
ਦੇਖਦੇ ਹੀ ਦੇਖਦੇ ਪਿੰਡ ਪਿੰਡ ਜਥੇ ਬਣਨ ਲੱਗੇ। ਸ਼ਹਿਰੋਂ ਜਾ ਜਾ ਬਰਛੇ ਖਰੀਦੇ ਜਾਣ ਲੱਗੇ, ਘਰ ਪਏ ਟਕੂਏ, ਗੰਡਾਸੇ ਤੇ ਕਿਰਪਾਨਾਂ ਤਿੱਖੀਆਂ ਹੋਣ ਲੱਗੀਆਂ। ਅੱਖਾਂ ਵਿਚੋਂ ਹਵਸ ਡੁੱਲ੍ਹ ਡੁੱਲ੍ਹ ਪੈਣ ਲੱਗੀ, ਨੱਕ ਵਿਚੋਂ ਠੂੰਹੇਂ ਡਿਗਦੇ, ਮੱਥੇ ‘ਤੇ ਕਿਆਮਤ ਲਿਸ਼ਕਦੀ ਤੇ ਕੰਨਾਂ ਵਿਚ ਚੰਡੀ ਗੂੰਜਦੀ। ਅੱਲ੍ਹਾ ਤੇ ਵਾਹਿਗੁਰੂ ਮੁਕਾਬਲੇ ‘ਚ ਆ ਗਏ, ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਤੇ ਬਿਸਮਿਲਾ ਸਕੋਰ ਗਿਣਦੀ।
ਮੇਰੇ ਪਿੰਡ ਦੇ ਮੁਸਲਮਾਨ ਵੀ ਸਮਾਨ ਸਮੇਟਣ ਲੱਗੇ ਤੇ ਧਾਹਾਂ ਮਾਰ ਮਾਰ ਘਰ ਛੱਡਣ ਲੱਗੇ। ਕਿਸੇ ਨੇ ਉਨ੍ਹਾਂ ਨੂੰ ਰੁਕਣ ਲਈ ਨਾ ਕਿਹਾ ਤੇ ਨਾ ਕਿਸੇ ਨੇ ਮੱਦਦ ਦਾ ਭਰੋਸਾ ਦਿੱਤਾ। ਬੀਬੀ ਦੱਸਦੀ ਕਿ ਸਾਡੇ ਭਾਈਏ ਦੇ ਮਿੱਤਰ ਖੁਸ਼ੀਏ ਦੇ ਟੱਬਰ ਨੇ ਅਖੀਰ ਵਿਚ ਪਿੰਡ ਛੱਡਿਆ ਤੇ ਉਹ ਭੁੱਬਾਂ ਮਾਰ ਮਾਰ ਰੋ ਰਿਹਾ ਸੀ ਤੇ ਕਹਿ ਰਿਹਾ ਸੀ, ‘ਉਇ ਯਾਰੋ, ਮੈਂ ਵੀ ਜਾਵਾਂ!’ ਭਾਈਆ ਜੀ ਸਾਹਮਣੇ ਖੜ੍ਹੇ ਸਨ ਤੇ ਸੰਤ ਬਖਲੌਰ ਸਿੰਘ ਦੇ ਡਰੋਂ, ਆਪਣੇ ਬਚਪਨ ਦੇ ਮਿੱਤਰ ਨੂੰ ਝੂਠੇ-ਸੱਚੇ ਵੀ ਰੁਕਣ ਲਈ ਨਾ ਕਹਿ ਸਕੇ।
ਸਾਡੇ ਪਿੰਡਾਂ ਦੇ ਸਾਰੇ ਮੁਸਲਮਾਨ ਬੇਟ ਦੇ ਪਿੰਡ ਮੰਢਾਲੇ ਕੋਲ ਇਕੱਠੇ ਹੋ ਰਹੇ ਸਨ, ਜਿੱਥੋਂ ਉਨ੍ਹਾਂ ਨੇ ਵੱਡੇ ਕਾਫਲੇ ਦੇ ਰੂਪ ਵਿਚ ਸਤਲੁਜ ਦਰਿਆ ਦੇ ਕੰਢੇ ਕੰਢੇ ਪਾਕਿਸਤਾਨ ਵੱਲ ਰਵਾਨਾ ਹੋਣਾ ਸੀ। ਬੀਬੀ ਦੱਸਦੀ ਕਿ ਮੇਰੇ ਭਾਈਆ ਜੀ ਤਿੰਨ ਦਿਨ ਲਗਾਤਾਰ ਰਾਤ ਬਰਾਤੇ, ਲੁਕ ਛਿਪ ਕੇ ਆਪਣੇ ਖੁਸ਼ੀਏ ਮਿੱਤਰ ਦੇ ਟੱਬਰ ਲਈ ਰੋਟੀ ਲੈ ਕੇ ਮੰਢਾਲੇ ਜਾਂਦੇ ਰਹੇ। ਫਿਰ ਕਿਸੇ ਨੇ ਜਗਤਾਰੇ ਨੂੰ ਦੱਸ ਦਿਤਾ ਤੇ ਉਹਨੇ ਆ ਕੇ ਮੇਰੇ ਭਾਈਏ ਨੂੰ ਡਾਂਟ ਪਾਈ ਤੇ ਰੋਟੀ ਲਿਜਾਣੋ ਰੋਕ ਦਿੱਤਾ। ਅਖੇ ‘ਇਹ ਕੌਮ ਭਲੇ ਦੇ ਲਾਇਕ ਨਹੀਂ, ਇਨ੍ਹਾਂ ਨੇ ਤੈਨੂੰ ਹੀ ਮਾਰ ਦੇਣਾ।’
ਜਗਤਾਰਾ ਜਥੇ ਸਮੇਤ ਪਿੰਡੋਂ ਨਿਕਲਦਾ ਤੇ ਰੀਝ ਨਾਲ ਮੁਸਲਮਾਨਾਂ ਦੇ ਘਰ ਲੁੱਟਦਾ ਤੇ ਵੱਢਦਾ ਟੁੱਕਦਾ। ਬੀਬੀ ਦੱਸਦੀ ਕਿ ਉਹ ਮੇਰੇ ਬਾਬੇ ਕੋਲ ਆਇਆ ਕਿ ਉਹ ਮੇਰੇ ਭਾਈਏ ਨੂੰ ਵੀ ਲੁੱਟ ਮਾਰ ਕਰਨ ਲਈ ਭੇਜੇ; ਪਰ ਮੇਰੇ ਬਾਬੇ ਨੇ ਭਾਈਏ ਨੂੰ ਜਾਣ ਨਾ ਦਿੱਤਾ। ਜਗਤਾਰੇ ਨੇ ਮੇਰੇ ਬਾਬੇ ਨੂੰ ਨਾਲ ਜਾਣ ਲਈ ਮਨਾ ਲਿਆ। ਬੀਬੀ ਦੱਸਦੀ ਕਿ ਮੇਰਾ ਬਾਬਾ ਨਾਲ ਤਾਂ ਚਲਿਆ ਜਾਂਦਾ, ਪਰ ਉਹ ਲੁੱਟ ਤੱਕ ਹੀ ਸੀਮਤ ਰਹਿੰਦਾ ਤੇ ਲੁੱਟ ਵਿਚੋਂ ਉਹਦੇ ਹਿੱਸੇ ਇਕ ਸੱਜਰ ਮੱਝ ਆਈ। ਮੇਰਾ ਬਾਬਾ ਕਿਤੋਂ ਕਲਾ ਵਾਲੀ ਚੱਕੀ ਚੁੱਕ ਲਿਆਇਆ ਤੇ ਕਿਤੋਂ ਕਾਲੇ ਸ਼ਾਹ ਪੱਥਰ ਦਾ ਭਾਰਾ ਕੂੰਡਾ ਲੈ ਆਇਆ। ਇਕ ਦੁੱਧ ਚਿੱਟੇ ਸੰਗਮਰਮਰ ਦਾ ਗਲਾਸ ਲਿਆਇਆ, ਜਿਹਦੇ ਵਿਚ ਅਸੀਂ ਘਰ ਦੀ ਸਭ ਤੋਂ ਪਵਿੱਤਰ ਚੀਜ਼ ਧੂਫ ਰੱਖਦੇ।
ਮੇਰਾ ਬਾਬਾ ਘਰ ਆ ਕੇ ਜਗਤਾਰੇ ਦੇ ਕਹਿਰ ਦੀਆਂ ਕਹਾਣੀਆਂ ਸੁਣਾਉਂਦਾ। ਕਿਵੇਂ ਕਿਸੇ ਘਰ ਵਿਚ ਪਏ ਸੰਦੂਕ ਦੇ ਪਿਛਲੇ ਪਾਸੇ ਕੋਈ ਮੁਸਲਮਾਨ ਇਸ ਉਮੀਦ ਨਾਲ ਲੁਕਿਆ ਹੋਇਆ ਸੀ ਕਿ ਚਾਰ ਦਿਨ ਦੇ ਰੌਲੇ-ਰੱਪੇ ਬਾਅਦ ਸ਼ਾਂਤੀ ਪਰਤ ਆਵੇਗੀ ਤੇ ਜਨ ਜੀਵਨ ਆਮ ਹੋ ਜਾਵੇਗਾ; ਪਰ ਉਹਦੀ ਰਤਾ ਕੁ ਜਿੰਨੀ ਹਿਲ-ਜੁਲ ਦੀ ਜਗਤਾਰੇ ਨੂੰ ਭਿਣਕ ਪੈ ਗਈ ਤਾਂ ਉਹਨੇ ਰੋਂਦੇ ਕੁਰਲਾਉਂਦੇ ਮੁਸਲਮਾਨ ਦੇ ਢਿੱਡ ਵਿਚ ਬਰਛੇ ਮਾਰ ਮਾਰ ਕੇ ਮਾਰ ਦਿੱਤਾ। ਬੀਬੀ ਦੱਸਦੀ ਕਿ ਉਸ ਦਿਨ ਦੇ ਬਾਅਦ ਮੇਰੇ ਬਾਬੇ ਨੇ ਉਹਦੇ ਨਾਲ ਜਾਣਾ ਛੱਡ ਦਿੱਤਾ।
ਲੋਕ ਦੱਸਦੇ ਕਿ ਫਲਾਹੀਆਂ ਦੀ ਝਿੜੀ ਵਿਚ ਜਗਤਾਰੇ ਨੇ ਮੁਸਲਮਾਨਾਂ ਦੀਆਂ ਦੋ ਜੁਆਨ ਕੁੜੀਆਂ ਦੇਖ ਲਈਆਂ। ਉਹਦੇ ਨਾਲ, ਨਾਲ ਦੇ ਪਿੰਡ ਦਾ ਜਮਾਂਦਰੂ ਜਾਹਲ ਅਤੇ ਮੁਸ਼ਟੰਡ ਬੁੜ੍ਹਾ ਪਾਰੜਾ ਵੀ ਸੀ। ਜਗਤਾਰੇ ਨੇ ਇਕ ਕੁੜੀ ਨੂੰ ਪਾਰੜੇ ਨਾਲ ਜਾਣ ਲਈ ਕਿਹਾ ਤਾਂ ਉਹਨੇ ਨਾਂਹ ਕਰ ਦਿੱਤੀ। ਕਹਿੰਦੇ ਹਨ, ਕੁੜੀ ਦੀ ਨਾਂਹ ਸੁਣ ਕੇ, ਜਗਤਾਰਾ ਗੁੱਸੇ ਵਿਚ ਲਾਲ ਪੀਲਾ ਹੋ ਗਿਆ, ਉਹਦੀਆਂ ਅੱਖਾਂ ਵਿਚ ਲਹੂ ਉਤਰ ਆਇਆ ਤੇ ਉਹਨੇ ਦੋਹਾਂ ਕੁੜੀਆਂ ਦਾ ਥਹੇਂ ਕਤਲ ਕਰ ਦਿੱਤਾ। ਕੁਆਰੀਆਂ ਕੁੜੀਆਂ ਦੀਆਂ ਮੁਰਦਾ ਦੇਹਾਂ ਨੂੰ ਕੋਈ ਡਰਦਾ ਹੱਥ ਨਹੀਂ ਸੀ ਲਾਉਂਦਾ ਤੇ ਉਹ ਲਾਸ਼ਾਂ ਕਾਂਵਾਂ, ਕੁੱਤਿਆਂ ਤੇ ਗਿਰਝਾਂ ਦੇ ਕੰਮ ਆਈਆਂ।
ਮੈਂ ਤੇ ਮੇਰਾ ਮਿੱਤਰ ਅਕਸਰ, ਘਰੋਂ ਸੁਣੀਆਂ ਮੁਸਲਮਾਨਾਂ ਦੀਆਂ ਗੱਲਾਂ, ਆਪਸ ਵਿਚ ਸਾਂਝੀਆਂ ਕਰਦੇ ਤੇ ਕੋਈ ਵੀ ਓਪਰਾ ਬੰਦਾ ਦੇਖ ਕੇ ਡਰ ਜਾਂਦੇ, ਜਿਵੇਂ ਉਹ ਕੋਈ ਮੁਸਲਮਾਨ ਹੋਵੇ। ਬੇਸ਼ੱਕ ਅਸੀਂ ਇਹ ਗੱਲਾਂ ਸੁਣ-ਸੁਣ ਵੱਡੇ ਹੋਏ, ਪਰ ਜਦ ਕਦੇ ਵੀ ਉਹ ਗੱਲਾਂ ਮੁੜ ਯਾਦ ਕਰਦੇ ਤਾਂ ਕਈ ਗੱਲਾਂ ਸੱਚੀਆਂ ਲੱਗਦੀਆਂ ਤੇ ਕਈਆਂ ‘ਤੇ ਯਕੀਨ ਨਾ ਆਉਣਾ ਕਿ ਸਾਡੇ ਲੋਕ ਏਨੇ ਜ਼ਾਲਿਮ ਤਾਂ ਨਹੀਂ ਹੋ ਸਕਦੇ! ਖਾਸ ਕਰ ਜਗਤਾਰਾ ਤਾਂ ਪਿੰਡ ਦੇ ਸਿੰਘ ਸਭਾ ਗੁਰਦੁਆਰੇ ਦਾ ਖਜਾਨਚੀ ਸੀ ਤੇ ਹਰ ਸੰਗਰਾਂਦ ਨੂੰ ਗੁਰਦੁਆਰੇ ਪ੍ਰਸ਼ਾਦ ਵੀ ਉਹੀ ਵਰਤਾਉਂਦਾ ਸੀ। ਉਹਨੂੰ ਦੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਪ੍ਰਸ਼ਾਦ ਵਰਤਾਉਣ ਵਾਲੇ ਹੱਥ ਕਾਤਲ ਵੀ ਹੋ ਸਕਦੇ ਹਨ।
ਜਦ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਐਮ.ਫਿਲ ਕਰ ਰਿਹਾ ਸਾਂ ਤਾਂ ਮੇਰੇ ਇਕ ਦੋਸਤ ਨੇ ਪੰਜਾਬ ਦੀ ਵੰਡ ‘ਤੇ ਲਿਖੇ ਨਾਵਲਾਂ ‘ਤੇ ਐਮ.ਫਿਲ ਕਰਨੀ ਸ਼ੁਰੂ ਕੀਤੀ। ਉਹਨੇ ਮੈਨੂੰ ਨਾਨਕ ਸਿੰਘ ਦਾ ਨਾਵਲ ‘ਅੱਗ ਦੀ ਖੇਡ’ ਪੜ੍ਹਨ ਲਈ ਕਿਹਾ। ਉਹ ਨਾਵਲ ਪੜ੍ਹਦਿਆਂ ਮੇਰੇ ਮਨ ਵਿਚ ਬੀਬੀ ਤੋਂ ਸੁਣੀਆਂ ਗੱਲਾਂ ਸਾਕਾਰ ਹੋਣੀਆਂ ਸ਼ੁਰੂ ਹੋ ਗਈਆਂ ਤੇ ਉਨ੍ਹਾਂ ਗੱਲਾਂ ‘ਤੇ ਵੀ ਯਕੀਨ ਬੱਝ ਗਿਆ, ਜਿਹੜੀਆਂ ਗੱਲਾਂ ਮਨੋਕਲਪਤ ਲੱਗਣ ਲੱਗ ਪਈਆਂ ਸਨ।
ਮੈਂ ਆਪਣੇ ਭਾਈਏ ਨੂੰ ਕਦੇ ਉਚੀ ਉਚੀ ਹੱਸਦੇ ਨਹੀਂ ਸੀ ਸੁਣਿਆ। ਬੀਬੀ ਦੱਸਦੀ, “ਤੁਹਾਡੇ ਭਾਈਏ ਨੂੰ ਆਪਣੇ ਖੁਸ਼ੀਏ ਮਿੱਤਰ ਦਾ ਹੇਰਵਾ ਵੱਢ ਵੱਢ ਖਾਂਦਾ ਰਹਿੰਦਾ, ਜਦ ਉਹ ਕਹਿੰਦਾ ਸੀ, ‘ਉਇ ਯਾਰੋ, ਮੈਂ ਵੀ ਜਾਵਾਂ!’ ਤਾਂ ਉਹ ਝੂਠਾ-ਸੱਚਾ ਵੀ ਉਹਨੂੰ ਧਰਵਾਸ ਨਹੀਂ ਸਨ ਦੇ ਸਕੇ।” ਮੈਨੂੰ ਆਪਣੇ ਭਾਈਏ ਦੀ ਇਸ ਗੱਲ ‘ਤੇ ਤਰਸ ਵੀ ਆਉਂਦਾ ਤੇ ਖਿਝ ਵੀ। ਬੇਸ਼ੱਕ ਉਨ੍ਹਾਂ ਦਾ ਹੁਕਮ ਸੀ ਕਿ ਜਦ ਵੀ ਬਲੀ ਆਵੇ ਤਾਂ ਉਹਨੂੰ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਦੇਣਾ ਹੈ ਤਾਂ ਵੀ ਖੁਸ਼ੀਏ ਵਾਲੀ ਗੱਲ ਤਾਂ ਉਥੇ ਦੀ ਉਥੇ ਖੜ੍ਹੀ ਹੈ ਨਾ। ਸੰਤ ਬਖਲੌਰ ਸਿੰਘ ਨੇ ਵੀ ਕੋਈ ਖਾ ਥੋੜੀ ਜਾਣਾ ਸੀ। ਮੇਰਾ ਭਾਈਆ ਕਿਸੇ ਦੀ ਮਿੰਨਤ ਤਰਲਾ ਕਰਕੇ ਆਪਣੇ ਦੋਸਤ ਖੁਸ਼ੀਏ ਨੂੰ ਇੱਥੇ ਰੱਖ ਲੈਂਦਾ ਤਾਂ ਏਨਾ ਦੁਖੀ ਨਾ ਹੁੰਦਾ। ਹੁਣ ਪਛਤਾਉਣ ਦਾ ਕੀ ਫਾਇਦਾ! ਹੁਣ ਤਾਂ ਸਾਰਾ ਪੰਜਾਬ ਭਗੀਰਥ ਦੀ ਤਰ੍ਹਾਂ ਸੱਤ ਧੂਣੀਆਂ ਬਾਲ ਕੇ ਸੱਤ ਹਜ਼ਾਰ ਸਾਲ ਵੀ ਤਪ ਕਰੀ ਜਾਵੇ, ਤਾਂ ਵੀ ਮੁਕੰਮਲ ਪਸ਼ਚਾਤਾਪ ਨਹੀਂ ਹੋ ਸਕਦਾ।
ਹੁਣ ਹਰ ਸਾਲ ਜਦ ਪੰਦਰਾਂ ਅਗਸਤ ਨੇੜੇ ਆਉਂਦੀ ਹੈ ਤਾਂ ਮੈਨੂੰ ਆਜ਼ਾਦੀ ਦਾ ਜਸ਼ਨ, ਬਰਬਾਦੀ ਦਾ ਕਫਨ ਮਹਿਸੂਸ ਹੁੰਦਾ ਹੈ ਤੇ ਉਸ ਦਿਨ ਮੈਨੂੰ ਮੇਰੇ ਭਾਈਏ ਦਾ ਦੋਸਤ ਖੁਸ਼ੀਆ ਤੇ ਬਲੀ ਚੇਤੇ ਆਉਂਦੇ ਹਨ, ਜਿਨ੍ਹਾਂ ਦੀ ਗੱਲ ਲਿਖਣੀ ਜਾਂ ਕਹਿਣੀ ਮੇਰੇ ਲਈ ਹਾਰਾਕੀਰੀ ਤੋਂ ਘੱਟ ਨਹੀਂ। ਇਹ ਲਿਖਦੇ ਲਿਖਦੇ ਮੇਰੇ ਅੰਦਰੋਂ ਕਈ ਵਾਰੀ ਭੁੱਬਾਂ ਵਰਗਾ ਰੋਣਾ ਫੁੱਟਿਆ ਤੇ ਮੈਨੂੰ ਸੁਰਜੀਤ ਪਾਤਰ ਦਾ ਸ਼ਿਅਰ ਯਾਦ ਆਇਆ:
ਹਰ ਵਾਰੀ ਆਪਣੇ ਹੀ ਅੱਥਰੂ
ਅੱਖੀਆਂ ਵਿਚ ਨਹੀਂ ਆਉਂਦੇ,
ਕਦੀ ਕਦੀ ਸਾਡੇ ਪਿਤਰ ਵੀ
ਰੋਂਦੇ ਸਾਡੀਆਂ ਅੱਖਾਂ ਥਾਣੀਂ।
ਬਹੁਤ ਸਾਰੇ ਲੋਕ ਆਪੋ ਆਪਣੇ ਜ਼ੁਲਮ ਨੂੰ ਇਸ ਕਰਕੇ ਜਾਇਜ਼ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੇ ਹਮਸਾਇਆਂ ਨਾਲ ਵੀ ਦੂਸਰੇ ਪਾਸੇ ਅਤਿਆਚਾਰ ਹੋਏ ਸਨ। ਇਹ ਹਕੀਕਤ ਹੈ ਕਿ ਸੰਤਾਲੀ ਦੀ ਕਤਲੋਗਾਰਤ ਵਿਚ ਅਸੀਂ ਸਾਰੇ ਆਪੋ-ਆਪਣੇ ਧਰਮ ਕਰਮ ਨੂੰ ਭੁੱਲ ਬੈਠੇ ਸਾਂ। ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਨੇ ਮਾਰਿਆ, ਉਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਕੁਝ ਨਹੀਂ ਸੀ ਵਿਗਾੜਿਆ। ਜਿਨ੍ਹਾਂ ਲੋਕਾਂ ਨੂੰ ਅਸੀਂ ਮਾਰਿਆ, ਉਨ੍ਹਾਂ ਲੋਕਾਂ ਨੇ ਸਾਡਾ ਕੁਝ ਨਹੀਂ ਸੀ ਵਿਗਾੜਿਆ। ਅਸੀਂ ਵੀ ਬੇਦੋਸ਼ੇ ਮਾਰੇ ਤੇ ਉਨ੍ਹਾਂ ਨੇ ਵੀ ਬੇਦੋਸ਼ੇ ਮਾਰੇ। ਅਸੀਂ ਵੀ ਦੋਸ਼ੀ ਹਾਂ, ਉਹ ਵੀ ਦੋਸ਼ੀ ਹਨ। ਦੋਸ਼ ਬਦਲੇ ਦੋਸ਼ ਮਾਫ ਨਹੀਂ ਹੋ ਜਾਂਦਾ।
ਅਸੀਂ ਆਪਣੇ ਕੀਤੇ ਦੀ ਸਜ਼ਾ ਪਾਉਣੀ ਹੈ, ਉਨ੍ਹਾਂ ਆਪਣੇ ਕੀਤੇ ਦੀ। ਅਸੀਂ ਆਪਣੇ ਕੀਤੇ ਦਾ ਪਸ਼ਚਾਤਾਪ ਕਰੀਏ, ਉਹ ਆਪਣੇ ਦਾ ਕਰਨ। ਇਵੇਂ ਹੀ ਸਾਡੀ ਗਤੀ ਸੰਭਵ ਹੈ।
ਉਹ ਕਰਨ ਜਾ ਨਾ ਕਰਨ, ਅਸੀਂ ਵੱਡੇ ਬਣੀਏ ਤੇ ਆਪਣੇ ਕੀਤੇ ਨੂੰ ਕਬੂਲਦੇ ਹੋਏ ਬਖਸ਼ੇ ਜਾਣ ਲਈ ਅਰਦਾਸ ਕਰੀਏ। ਨਹੀਂ ਤਾਂ ਸਾਡੇ ਦੋਸ਼ ਸਾਨੂੰ ਚੈਨ ਨਹੀਂ ਲੈਣ ਦੇਣਗੇ। ਕੀ ਹੁੰਦਾ ਜੇ ਅਸੀਂ ‘ਸੇਵਾ ਸੰਭਾਲ ਦੇ ਦਾਨ’ ਦੇ ਨਾਲ ਆਪਣੇ ਕੀਤੇ ਪਾਪਾਂ ਦੀ ਭੁੱਲ ਵੀ ਬਖਸ਼ਾ ਲੈਂਦੇ: …ਪਾਪ ਤਿਨ੍ਹ ਭੀਤਰਿ ਕੰਪਹਿ॥
ਬੇਸ਼ੱਕ ਮੈਂ ਮੁਸਲਮਾਨਾਂ ਦੀ ਉਸ ਮੱਝ ਦਾ ਦੁੱਧ ਨਹੀਂ ਪੀਤਾ, ਪਰ ਮੈਂ ਉਸ ਚੱਕੀ ਵਿਚ ਪੀਸੀ ਸੂਜ਼ੀ ਦਾ ਪ੍ਰਸ਼ਾਦ ਛਕਿਆ ਹੈ। ਉਸ ਕੂੰਡੇ ਵਿਚ ਰਗੜੇ ਮਸਾਲੇ ਤੇ ਕੁੱਟੀ ਹੋਈ ਚਟਣੀ ਦਾ ਸੁਆਦ ਚੱਖਿਆ ਹੈ। ਹੋਰ ਤਾਂ ਹੋਰ ਸਾਲਾਂ ਬੱਧੀ ਉਸ ਸੰਗਮਰਮਰ ਦੇ ਦੁੱਧ ਚਿੱਟੇ ਗਲਾਸ ਵਿਚ ਰੱਖਿਆ ਧੂਫ ਧੁਖਾਇਆ ਹੈ। ਮੇਰੇ ਅੰਦਰ ਕਦੀ ਕਦੀ ਮੇਰੇ ਭਾਈਏ ਦਾ ਮਿੱਤਰ ਖੁਸ਼ੀਆ ਬੋਲਦਾ ਹੈ, ਜੋ ਆਪਣਾ ਸਮਾਨ ਸਮੇਟੀ ਘਰ ਦੇ ਬਾਹਰ ਖੜ੍ਹਾ ਧਾਹਾਂ ਮਾਰ ਮਾਰ ਪੁਕਾਰ ਰਿਹਾ ਹੈ, ‘ਉਇ ਯਾਰੋ, ਮੈਂ ਵੀ ਜਾਵਾਂ।’
ਹੁਣ ਤਾਂ ਗੱਲ ਇਸ ਤੋਂ ਵੀ ਅੱਗੇ ਲੰਘ ਗਈ। ਕਦੇ ਕਦੇ ਮੈਨੂੰ ਇਵੇਂ ਲੱਗਦਾ, ਜਿਵੇਂ ਮੈਂ ਹੀ ਬਲੀ ਹੋਵਾਂ ਤੇ ਮੈਨੂੰ ਮੇਰੇ ਬੀਬੀ ਭਾਈਆ ਤੇ ਭੈਣ-ਭਾਈ ਪਾਗਲ ਜਾਣ ਕੇ ਇੱਧਰ ਛੱਡ ਗਏ ਹੋਣ। ਜਿਵੇਂ ਮੈਨੂੰ ਸਾਂਭਣ ਵਾਲਾ ਇਸ ਦੇਸ਼ ਵਿਚ ਮੇਰਾ ਕੋਈ ਨਾ ਹੋਵੇ ਤੇ ਮੈਂ ਹੁਣ ਲੋਕਾਂ ਦੇ ਮੁੱਖ ‘ਤੇ ਖੜ੍ਹਾ ਕਹਿ ਰਿਹਾ ਹੋਵਾਂ, ‘ਖੰਨਾ ਟੁੱਕ ਦਾੜ।’