ਲਾਹੌਰ ਤੋਂ ਭਾਅ ਫੀਰੋਜ਼ਦੀਨ ਦੇ ਪਿੰਡ ਤੱਕ

ਮੇਰੀ ਪਾਕਿਸਤਾਨ ਫੇਰੀ-2
ਸੰਨ ਸੰਤਾਲੀ ਵਿਚ ਭਾਰਤ ਵੰਡਿਆ ਗਿਆ ਪਰ ਅਸਲ ਵੰਡ ਤਾਂ ਪੰਜਾਬ ਅਤੇ ਬੰਗਾਲ ਦੀ ਹੋਈ ਜਿਥੇ ਦੋ ਕੌਮਾਂ ਟੋਟੇ-ਟੋਟੇ ਹੋ ਗਈਆਂ। ਇਸ ਵੰਡ ਵੇਲੇ ਵਸੋਂ ਦੀ ਅਦਲਾ-ਬਦਲੀ ਦੌਰਾਨ ਪੰਜਾਬ ਲਹੂ-ਲੁਹਾਣ ਹੋ ਗਿਆ। ਬਾਅਦ ਵਿਚ ਦੋਹਾਂ ਮੁਲਕਾਂ ਦੇ ਸਿਆਸਤਦਾਨ ਭਾਵੇਂ ਇਕ-ਦੂਜੇ ਖਿਲਾਫ ਨਫਰਤ ਵਾਲੀ ਸਿਆਸਤ ਕਰਦੇ ਰਹੇ ਪਰ ਦੋਹਾਂ ਪਾਸਿਆਂ ਦੇ ਲੋਕ ਇਕ-ਦੂਜੇ ਨੂੰ ਧਾਹ ਗਲਵੱਕੜੀ ਪਾਉਂਦੇ ਹਨ। ‘ਪੰਜਾਬ ਟਾਈਮਜ਼’ ਨਾਲ ਚਿਰਾਂ ਤੋਂ ਜੁੜੇ ਰਹੇ ਅਤੇ ਅੱਜਕੱਲ੍ਹ ਅਮਰੀਕਾ ਵੱਸਦੇ ਜਸਵੰਤ ਸਿੰਘ ਸੰਧੂ ਨੇ ਪਾਕਿਸਤਾਨ ਫੇਰੀ ਬਾਰੇ ਲੰਮਾ ਲੇਖ ਸਾਨੂੰ ਲਿਖ ਭੇਜਿਆ ਹੈ। ਇਸ ਦੀ ਦੂਜੀ ਕਿਸ਼ਤ ਹਾਜ਼ਰ ਹੈ।

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ, ਕੈਲੀਫੋਰਨੀਆ
ਫੋਨ: 510-909-8204

ਹੁਣ ਅਸੀਂ ਸ਼ਾਹੀ ਕਿਲ੍ਹਾ ਦੇਖਣ ਜਾਣਾ ਸੀ। ਮਨਦੀਪ ਭੁੱਲਰ ਦੇ ਪਿਤਾ ਜੀ ਮਨਮੋਹਨ ਸਿੰਘ ਭੁੱਲਰ ਦਾ ਟੋਰਾਂਟੋ ਨਿਵਾਸੀ ਕਰੀਬੀ ਦੋਸਤ ਸਈਅਦ ਇਕਬਾਲ ਮੇਊ ਜੋ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਵਿਚ ਚੰਗਾ ਅਸਰ ਰਸੂਖ ਰੱਖਦਾ ਹੈ, ਨੇ ਆਪਣੇ ਦੋ ਕਰੀਬੀ ਰਿਸ਼ਤੇਸਦਾਰਾਂ ਅਤੇ ਕਾਰ ਡਰਾਈਵਰ ਸਮੇਤ ਪਾਕਿਸਤਾਨ ਦੇ ਤਾਰੀਖੀ (ਇਤਿਹਾਸਕ) ਸਥਾਨਾਂ ਅਤੇ ਗੁਰਦੁਆਰਿਆਂ ਦੀ ਯਾਤਰਾ ਵਾਸਤੇ ਪ੍ਰਬੰਧ ਕਰ ਦਿੱਤਾ। ਉਹ ਸਾਨੂੰ ਕਾਰ ‘ਤੇ ਸ਼ਾਹੀ ਕਿਲ੍ਹੇ ਲੈ ਗਏ।
ਸ਼ਾਹੀ ਕਿਲ੍ਹਾ ਦੇਖਣ ਲਈ ਟਿਕਟਾਂ ਖਰੀਦੀਆਂ ਅਤੇ ਮੁੱਖ ਗੇਟ ਰਾਹੀਂ ਅੰਦਰ ਦਾਖਲ ਹੋ ਗਏ। 46 ਏਕੜ ਵਿਚ ਫੈਲੇ ਇਸ ਕਿਲ੍ਹੇ ਨੂੰ 1605 ਵਿਚ ਮੁਗਲ ਬਾਦਸ਼ਾਹ ਅਕਬਰ ਨੇ ਬਣਵਾਇਆ ਸੀ। ਬਾਅਦ ਵਿਚ ਆਉਣ ਵਾਲੇ ਮੁਗਲ ਬਾਦਸ਼ਾਹ ਆਪਣੀਆਂ ਲੋੜਾਂ ਮੁਤਾਬਕ ਇਮਾਰਤਾਂ ਵਿਚ ਵਾਧਾ ਕਰਦੇ ਰਹੇ। ਇਸ ਕਿਲ੍ਹੇ ਦੇ ਤੇਰਾਂ ਦਰਵਾਜ਼ੇ ਨੇ। ਇਮਾਰਤਾਂ ਇਸਲਾਮੀ ਇਮਾਰਤਸਾਜ਼ੀ ਦੇ ਵਧੀਆ ਨਮੂਨੇ ਨੇ। ਦੀਵਾਨ-ਏ-ਆਮ, ਦੀਵਾਨ-ਏ-ਖਾਸ, ਸ਼ੀਸ਼ ਮਹਿਲ, ਸ਼ਾਹੀ ਹਮਾਮ ਤੇ ਖਾਬਗਾਹਾਂ ਮੌਜੂਦ ਨੇ। ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਈ ਇਮਾਰਤਾਂ ਬਣਾਈਆਂ।
ਮੁਗਲਾਂ ਦੇ ਰਾਜ ਵਿਚ ਕਦੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ ਪਰ ਸਿੱਖਾਂ ਕੋਲ ਆਪਣੇ ਇਖਲਾਕ ਦੀ ਤਾਕਤ ਸੀ। ਉਹ ਇਸ ਜ਼ੁਲਮ ਦਾ ਟਾਕਰਾ ਕਰਦੇ ਕਰਦੇ ਲਾਹੌਰ ਦੇ ਤਖਤ ‘ਤੇ, ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿਚ, ਸਿਰ ‘ਤੇ ਕਲਗੀ ਲਾ ਕੇ ਬੈਠੇ।
ਮਹਾਰਾਜਾ ਰਣਜੀਤ ਸਿੰਘ ਨੇ ਬੇਸ਼ਕ ਮੁਗਲਾਂ ਤੋਂ ਰਾਜ ਖੋਹਿਆ ਸੀ ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਮੁਤਾਬਕ ਸਾਰਿਆਂ (ਹਿੰਦੂ, ਮੁਸਲਿਮ, ਸਿੱਖ, ਈਸਾਈ) ਫਿਰਕਿਆਂ ਨੂੰ ਨਾਲ ਲੈ ਕੇ ਰਾਜ ਕਰਨਾ ਚਾਹੁੰਦੇ ਸਨ। ਉਨ੍ਹਾਂ ਆਪਣੇ ਰਾਜ ਪ੍ਰਬੰਧ ਵਿਚ ਹਰ ਫਿਰਕੇ ਨੂੰ ਨੁਮਾਇੰਦਗੀ ਦਿਤੀ ਅਤੇ ਪਹਿਲੀ ਵਾਰ ਸਹੀ ਰੂਪ ਵਿਚ ਪੰਜਾਬੀਆਂ ਦਾ ਰਾਜ ਕਾਇਮ ਕੀਤਾ। ਉਨ੍ਹਾਂ ਦੇ 40 ਸਾਲ ਦੇ ਰਾਜ ਵਿਚ ਕੋਈ ਫਿਰਕੂ ਫਸਾਦ ਨਹੀਂ ਹੋਇਆ, ਨਾ ਹੀ ਕਿਸੇ ਨੂੰ ਫਾਂਸੀ ਲੱਗੀ। ਉਨ੍ਹਾਂ ਦੀ ਮੌਤ ਤੋਂ 10 ਸਾਲਾਂ ਦੇ ਵਿਚ-ਵਿਚ ਹੀ ਡੋਗਰਿਆਂ ਦੀ ਗਦਾਰੀ ਤੇ ਸਿੱਖ ਸਰਦਾਰਾਂ ਦੀ ਗੱਦੀ ਦੀ ਭੁੱਖ ਨੇ ਪੰਜਾਬੀਆਂ ਦਾ ਇਹ ਰਾਜ ਖਤਮ ਕਰ ਦਿੱਤਾ। ਜੇ ਕਿਤੇ ਇਹ ਰਾਜ ਕਾਇਮ ਰਹਿੰਦਾ ਤਾਂ 47 ਵਿਚ ਪੰਜਾਬੀਆਂ ਨੇ ਜੋ ਬਰਬਾਦੀ ਦੇਖੀ, ਨਾ ਦੇਖਣੀ ਪੈਂਦੀ। ਅੱਜ ਵੀ ਸਾਡੀਆਂ ਸਿਆਸੀ ਪਾਰਟੀਆਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ, ਅੰਗਰੇਜ਼ਾਂ ਦੀ ‘ਵੰਡੋ ਤੇ ਰਾਜ ਕਰੋ’ ਵਾਲੀ ਨੀਤੀ ‘ਤੇ ਚੱਲ ਰਹੀਆਂ ਨੇ। ਇਸੇ ਕਰਕੇ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕਿਆ।
ਇਸ ਸ਼ਾਹੀ ਕਿਲ੍ਹੇ ਨੱਲ ਸਿੱਖ ਰਾਜ ਵੇਲੇ ਦੀ ਇਕ ਦੁਖਦਾਈ ਘਟਨਾ ਵੀ ਜੁੜੀ ਹੋਈ ਹੈ। ਆਪਣੇ ਬਾਪ ਖੜਕ ਸਿੰਘ ਦੇ ਸਸਕਾਰ ਤੋਂ ਬਾਅਦ ਕੰਵਰ ਨੌਨਿਹਾਲ ਕਿਲ੍ਹੇ ਵੱਲ ਆ ਰਿਹਾ ਸੀ। ਉਸ ਦੇ ਨਾਲ ਧਿਆਨ ਸਿੰਘ ਦਾ ਭਤੀਜਾ ਊਧਮ ਸਿੰਘ ਵੀ ਸੀ। ਰਾਜਾ ਧਿਆਨ ਸਿੰਘ ਨੇ ਕੰਵਰ ਨੂੰ ਖਤਮ ਕਰਨ ਲਈ ਜਿਸ ਦਰਵਾਜ਼ੇ ਤੋਂ ਉਸ ਨੇ ਕਿਲ੍ਹੇ ਵਿਚ ਦਾਖਲ ਹੋਣਾ ਸੀ, ਦੇ ਛੱਜੇ ਦੀਆਂ ਦਾੜ੍ਹਾਂ ਪੁੱਟ ਕੇ ਵਿਚ ਬਰੂਦ ਭਰ ਛੱਡਿਆ ਸੀ। ਜਦ ਕੰਵਰ ਤੇ ਊਧਮ ਸਿੰਘ ਛੱਜੇ ਹੇਠ ਆਏ ਤਾਂ ਕਰਨਲ ਬਿਜੈ ਸਿੰਘ ਦੇ ਆਦਮੀਆਂ ਨੇ ਬਰੂਦ ਨੂੰ ਅੱਗ ਲਾ ਦਿੱਤੀ ਤਾਂ ਧਮਾਕੇ ਨਾਲ ਛੱਜਾ ਥੱਲੇ ਆ ਪਿਆ। ਊਧਮ ਸਿੰਘ ਥਾਏਂ ਮਾਰਿਆ ਗਿਆ। ਕੰਵਰ ਦੇ ਸੱਜੇ ਕੰਨ ਥੱਲੇ ਮਾਮੂਲੀ ਸੱਟ ਲੱਗੀ ਪਰ ਡੋਗਰੇ ਸਿਪਾਹੀ ਉਸ ਨੂੰ ਪਾਲਕੀ ਵਿਚ ਪਾ ਕੇ ਕਿਲ੍ਹੇ ਦੇ ਅੰਦਰ ਲੈ ਗਏ, ਦਰਵਾਜ਼ਾ ਬੰਦ ਕਰ ਦਿੱਤਾ ਅਤੇ ਸਿਰ ‘ਤੇ ਪੱਥਰ ਮਾਰ-ਮਾਰ ਕੇ ਮਾਰ ਦਿੱਤਾ। ਉਹ ਛੱਜਾ ਕੰਵਰ ‘ਤੇ ਨਹੀਂ ਸੀ ਡਿੱਗਾ ਸਗੋਂ ਸਿੱਖਾਂ ਤੇ ਪੰਜਾਬੀਆਂ ਦੀ ਕਿਸਮਤ ‘ਤੇ ਡਿੱਗਾ ਸੀ। ਕੰਵਰ ਨੌਨਿਹਾਲ ਸਿੰਘ ਬੜਾ ਸੂਝਵਾਨ ਤੇ ਸਿਆਣਾ ਬਾਦਸ਼ਾਹ ਸੀ ਜੋ ਡੋਗਰਿਆਂ ਅਤੇ ਅੰਗਰੇਜ਼ਾਂ ਦੀਆ ਚਾਲਾਂ ਨੂੰ ਸਮਝਦਾ ਸੀ। ਇਸੇ ਕਰਕੇ ਡੋਗਰਿਆਂ ਨੇ ਉਸ ਨੂੰ ਆਪਣੇ ਰਸਤੇ ਵਿਚੋਂ ਹਟਾਉਣ ਵਾਸਤੇ ਕਤਲ ਕਰ ਦਿੱਤਾ।
ਇਹ ਦਰਵਾਜ਼ਾ ਹਜ਼ੂਰੀ ਬਾਰਾਂਦਰੀ ਨੂੰ ਸਾਹਮਣਾ ਸਮਾਧ ਦੇ ਨਾਲ ਹੈ। ਇਸ ਦਾ ਨਾਮ ਪਹਿਲਾਂ ‘ਬਦਾਮੀ ਬਾਗ਼ ਦਾ ਦਰਵਾਜ਼ਾ’ ਸੀ ਅਤੇ ਕੰਵਰ ਦੇ ਜ਼ਖਮੀ ਹੋਣ ਪਿੱਛੋਂ ਇਸ ਦਾ ਨਾਂ ਖੂਨੀ ਦਰਵਾਜ਼ਾ ਪੈ ਗਿਆ।
ਕੁਦਰਤੀ ਉਸ ਦਿਨ ਫੈਸਲਾਬਾਦ (ਪਹਿਲਾਂ ਨਾਂ ਲਾਇਲਪੁਰ) ਤੋਂ ਦਸਵੀਂ-ਬਾਰ੍ਹਵੀਂ ਦੇ ਵਿਦਿਆਰਥੀ ਆਪਣੇ ਉਸਤਾਦਾਂ ਸਮੇਤ ਕਿਲ੍ਹਾ ਦੇਖਣ ਆਏ ਹੋਏ ਸਨ। ਮੇਰੇ ਅਤੇ ਸ. ਮਨਮੋਹਨ ਸਿੰਘ ਨਾਲ ਆਮ ਲੋਕ ਫੋਟੋਆਂ ਖਿਚਵਾ ਰਹੇ ਸਨ। ਫੋਟੋਆਂ ਖਿਚਵਾਉਣ ਵਾਲੇ ਸਾਨੂੰ ਪੰਜ ਕਦਮ ਵੀ ਨਹੀਂ ਸੀ ਚੱਲਣ ਦਿੰਦੇ। ਇਸੇ ਦੌਰਾਨ ਬਾਰ੍ਹਵੀਂ ਜਮਾਤ ਦੀਆਂ ਪੰਜ-ਛੇ ਕੁੜੀਆਂ ਸਾਡੇ ਪਾਸ ਆਈਆਂ ਅਤੇ ਫੋਟੋ ਖਿਚਵਾਉਣ ਲਈ ਕਹਿਾਣ ਲੱਗੀਆਂ। ਜਦ ਫੋਟੋ ਖਿਚਣ ਲੱਗੇ ਤਾਂ ਇਕ ਲੜਕੀ ਨੇ ਮੈਨੂੰ ਕਿਹਾ, “ਅੰਕਲ ਜੀ! ਮੇਰੇ ਸਿਰ ‘ਤੇ ਹੱਥ ਰੱਖੋ।” ਮੈਂ ਉਸ ਦੇ ਸਿਰ ‘ਤੇ ਹੱਥ ਰੱਖ ਕੇ ਫੋਟੋ ਖਿਚਵਾਈ। ਮੈਂ ਸੋਚਿਆ, ਨਵੀਂ ਪੀੜ੍ਹੀ ਦੀ ਸਿੱਖ ਸ਼ਕਲਾਂ ਨਾਲ ਫੋਟੋ ਖਿਚਵਾਉਣ ਵਿਚ ਦਿਲਚਸਪੀ ਕਿਉ਼ਂ ਹੈ? ਇਸ ਦੀ ਵਜ੍ਹਾ ਮੈਂ ਇਹ ਸਮਝਦਾ ਹਾਂ ਕਿ ਉਸ ਬੱਚੀ ਦੇ ਬਜ਼ੁਰਗਾਂ ਨੇ ਜ਼ਰੂਰ ਪਰਿਵਾਰ ਵਿਚ ਬੈਠ ਕੇ ਵੰਡ ਤੋਂ ਪਹਿਲਾਂ ਦੇ ਸਿੱਖਾਂ ਅਤੇ ਮੁਸਲਮਾਨਾਂ ਦੇ ਆਪਸ ਵਿਚ ਵਧੀਆ ਅਤੇ ਨਿੱਘੇ ਤਅੱਲਕਾਤ ਦੀਆਂ ਗੱਲਾਂ ਜ਼ਰੂਰ ਕੀਤੀਆਂ ਹੋਣਗੀਆਂ। ਇਸੇ ਕਿਲ੍ਹੇ ‘ਚੋਂ ਮੁਗਲਾਂ ਵੱਲੋਂ ਖੋਹੇ ਘੋੜੇ ਬਾਬਾ ਬਿਧੀ ਚੰਦ ਭਜਾ ਕੇ ਲੈ ਗਿਆ ਸੀ।
ਸ਼ਾਹੀ ਕਿਲ੍ਹੇ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਡੇਰਾ ਸਾਹਿਬ ਹੈ। ਗੁਰੂ ਅਰਜਨ ਦੇਵ ਜੀ ਨੇ 1604 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਜਿਸ ਵਿਚ ਸਾਰੇ ਮਜ਼੍ਹਬਾਂ ਦੇ ਸੰਤਾਂ, ਸੂਫੀ ਫਕੀਰਾਂ ਤੇ ਭਗਤਾਂ ਦੀ ਬਾਣੀ ਵੀ ਸ਼ਾਮਲ ਕੀਤੀ। ਸ੍ਰੀ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾਈ। ਅਕਬਰ ਬਾਦਸ਼ਾਹ ਦੀਨੇ-ਇਲਾਹੀ ਦੀ ਉਦਾਰਚਿਤ ਤੇ ਖੁੱਲ੍ਹਦਿਲੀ ਨੀਤੀ ਦੀ ਵਜ੍ਹਾ ਨਾਲ ਹਿੰਦੂਆਂ ਲਈ ਬਰਾਬਰ ਪ੍ਰੇਮ-ਪਿਆਰ ਰੱਖਦਾ ਸੀ। ਇਸੇ ਲਈ ਉਹ ਗੁਰੂ ਜੀ ਬੜਾ ਸਤਿਕਾਰ ਕਰਦਾ ਸੀ ਪਰ ਜਹਾਂਗੀਰ ਮੁਤੱਸਬੀ ਸੋਚ ਦਾ ਮਾਲਕ ਸੀ। ਉਹ ਆਪਣੀ ਜੀਵਨੀ ‘ਤੁਜ਼ਕ-ਏ-ਜਹਾਂਗੀਰੀ’ ਵਿਚ ਗੁਰੂ ਜੀ ਦੀ ਸੋਚ ਨੂੰ ਝੂਠ ਦੀ ਦੁਕਾਨ ਕਹਿੰਦਾ ਹੈ ਤੇ ਉਸ ਨੂੰ ਬੰਦ ਕਰਾਉਣੀ ਚਾਹੁੰਦਾ ਹੈ। ਇਸੇ ਦੌਰਾਨ ਜਦ ਚੰਦੂ ਦੀ ਕੁੜੀ ਦਾ ਰਿਸ਼ਤਾ ਸ੍ਰੀ ਗੁਰੂ ਹਰਗੋਬਿੰਦ ਨੂੰ ਜਾਂਦਾ ਹੈ ਤਾਂ ਉਹ ਆਪਣੀ ਹੈਂਕੜ ਨਾਲ ਕਹਿੰਦਾ ਹੈ, “ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ।” ਸਵੈ-ਮਾਨੀ ਗੁਰੂ ਜੀ ਨੇ ਇਹ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਚੰਦੂ ਦੀ ਚੁੱਕ ‘ਤੇ ਜਹਾਂਗੀਰ ਨੇ ਯਾਸਾ (ਬਿਨਾ ਲਹੂ ਡੁਲ੍ਹਿਆਂ ਮਾਰਨਾ) ਦੇ ਸ਼ਰਈ ਕਾਨੂੰਨ ਅਨੁਸਾਰ ਗੁਰੂ ਜੀ ਨੂੰ ਸਜ਼ਾ ਦੇਣ ਲਈ ਹੁਕਮ ਸੁਣਾ ਦਿੱਤਾ। ਤੱਤੀ ਤਵੀ ‘ਤੇ ਬਿਠਾ ਕੇ ਸੀਸ ਵਿਚ ਤੱਤੀ ਰੇਤ ਪਵਾ ਕੇ ਅਕਹਿ ਤੇ ਅਸਹਿ ਤਸੀਹੇ ਦੇ ਕੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ। ਗੁਰੂ ਜੀ ਸਿੱਖ ਧਰਮ ਵਿਚ ਪਹਿਲੇ ਸ਼ਹੀਦ ਹਨ। ਸ਼ਹੀਦੀ ਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਦੁਆਰਾ ਬਣਾ ਦਿੱਤਾ। ਅੱਜਕੱਲ੍ਹ ਇਸ ਦੀ ਵਿਸ਼ਾਲ ਇਮਾਰਤ ਉਸਾਰੀ ਅਧੀਨ ਹੈ।
ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਵਾਰਸਾਂ ਦੀਆਂ ਸਮਾਧਾਂ ਹਨ ਜਿਥੇ ਇਹ ਪੰਜਾਬੀਆਂ ਦਾ ਹਰਮਨ ਪਿਆਰਾ ਬਾਦਸ਼ਾਹ ਸੁੱਤਾ ਪਿਆ ਹੈ। ਅੱਜ ਦੇ ਵਿਸ਼ਲੇਸ਼ਕਾਂ ਨੇ ਸਾਰੇ ਸੰਸਾਰ ਦੇ ਬਾਦਸ਼ਾਹੋਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲਾ ਸਥਾਨ ਦਿੱਤਾ ਹੈ ਕਿਉਂਕਿ ਉਹ ਸਾਰੇ ਇਨਸਾਨਾਂ ਨੂੰ ਬਰਾਬਰ ਸਮਝਦੇ ਸਨ।
ਕਿਲ੍ਹੇ ਦੇ ਮੁੱਖ ਗੇਟ ਦੇ ਸਾਹਮਣੇ ਬਾਦਸ਼ਾਹੀ ਮਸਜਿਦ ਹੈ। ਮਸਜਿਦ ਦੇ ਗੇਟ ਦੇ ਖੱਬੇ ਪਾਸੇ ਸ਼ਾਇਰ-ਏ-ਮਸ਼ਰਕ ਡਾ. ਮੁਹੰਮਦ ਇਕਬਾਲ ਦੀ ਯਾਦਗਾਰ ਹੈ। ਇਥੇ ਜੁੱਤੀ ਉਤਾਰ ਕੇ ਯਾਦਗਾਰ ਦੇ ਦਰਸ਼ਨ ਕੀਤੇ। ਉਨ੍ਹਾਂ ਦੀ ਮੌਤ ਅਪਰੈਲ 1938 ਵਿਚ ਹੋਈ ਸੀ। ਯਾਦਗਾਰ ਦੇ ਅੰਦਰ ਉਨ੍ਹਾਂ ਦੇ ਖਾਸ ਸ਼ਿਅਰ ਲਿਖੇ ਹੋਏ ਸਨ। ਇਹ ਇਮਾਰਤਸਾਜ਼ੀ ਦਾ ਵਧੀਆ ਨਮੂਨਾ ਹੈ। ਬਾਦਸ਼ਾਹੀ ਮਸਜਿਦ ਸ਼ਹਿਨਸ਼ਾਹ ਔਰਗਜ਼ੇਬ ਆਲਮਗੀਰ ਨੇ 1674 ਵਿਚ ਬਣਵਾਈ ਸੀ ਜੋ ਇਸਲਾਮੀ ਭਵਨ ਨਿਰਮਾਣ ਕਲਾ ਪੱਖੋਂ ਸ਼ਾਨਦਾਰ ਇਮਾਰਤ ਹੈ। ਹਨੇਰਾ ਹੋਣ ਕਰਕੇ ਅਸੀਂ ਮਸਜਿਦ ਦੇ ਵਿਸ਼ਾਲ ਵਿਹੜੇ ਵਿਚੋਂ ਹੀ ਦਰਸ਼ਨ ਕਰਕੇ ਬਾਹਰ ਆ ਗਏ। ਸਾਡੇ ਮੇਜ਼ਬਾਨ ਸਾਨੂੰ ਪੀ.ਸੀ. ਹੋਟਲ ਛੱਡ ਕੇ ਦਿਨੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਜਾਣ ਦਾ ਕਹਿ ਕੇ ਚਲੇ ਗਏ।
000
ਅਗਲੇ ਦਿਨ ਅਸੀਂ ਦਰਬਾਰ ਸਾਹਿਬ ਕਰਤਾਰਪੁਰ ਵੱਲ ਚਾਲੇ ਪਾ ਦਿੱਤੇ। ਇਹ ਗੁਰਦੁਆਰਾ 1947 ਤੋਂ ਪਹਿਲਾਂ ਸਿਆਲਕੋਟ ਜ਼ਿਲ੍ਹੇ ਵਿਚ ਹੁੰਦਾ ਸੀ। ਸਿਆਲਕੋਟ ਜ਼ਿਲ੍ਹੇ ਦੀਆਂ ਚਾਰ ਤਹਿਸੀਲਾਂ ਸਨ- ਸਿਆਲਕੋਟ, ਪਸਰੂਰ, ਡਸਕਾ ਤੇ ਨਾਰੋਵਾਲ। ਨਾਰੋਵਾਲ ਜ਼ਿਲ੍ਹਾ ਬਣਨ ਕਰਕੇ ਇਹ ਧਰਮ ਸਥਾਨ ਹੁਣ ਨਾਰੋਵਾਲ ਜ਼ਿਲ੍ਹੇ ਵਿਚ ਪੈਂਦਾ ਹੈ।
ਲਾਹੌਰ ਤੋਂ ਇਹ ਸਥਾਨ 139 ਕਿਲੋਮੀਟਰ ਹੈ। ਤਿੰਨ ਘੰਟੇ ਦੇ ਸਫਰ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਕਰਤਾਰਪੁਰ ਪਹੁੰਚ ਗਏ। ਸਕਿਉਰਿਟੀ ਚੈਕਿੰਗ ਤੋਂ ਬਾਅਦ ਅਸੀਂ ਗੁਰਦੁਆਰੇ ਵਿਚ ਪਰਵੇਸ਼ ਕੀਤਾ।
ਚਾਰ ਉਦਾਸੀਆਂ ਰਾਹੀਂ ਸਾਰੀ ਦੁਨੀਆ ਨੂੰ ਭਾਈਚਾਰਕ ਸਾਂਝ ਦਾ ਸੰਦੇਸ਼, ਅੰਧਵਿਸ਼ਵਾਸ, ਵਹਿਮਾਂ ਭਰਮਾਂ, ਕਰਾਮਾਤਾਂ ਤੇ ਵਰ ਸਰਾਪ ਦੇ ਚੱਕਰਾਂ ਵਿਚੋਂ ਕੱਢਣ ਦਾ ਪ੍ਰਚਾਰ ਕਰਕੇ ਅੰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਕਰੋੜੀਆ ਦੀ ਦਿੱਤੀ ਜ਼ਮੀਨ ‘ਤੇ 1521 ਵਿਚ ਕਰਤਾਰਪੁਰ ਵਸਾਇਆ। 18 ਸਾਲ ਹੱਥੀਂ ਖੇਤੀ ਕਰਕੇ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਾ ਸਿਧਾਂਤ ਦਿੱਤਾ। ਜਾਤਾਂ-ਪਾਤਾਂ ਵਿਚ ਵੰਡੀ ਮਨੁੱਖਤਾ ਨੂੰ ਇਕ ਪਰਮਾਤਮਾ ਦੀ ਸੰਤਾਨ ਦੱਸਿਆ। ਸਾਨੂੰ ਰੱਬ ਨੂੰ ਪ੍ਰਾਪਤ ਕਰਨ ਲਈ ਜੰਗਲਾਂ ਵਿਚ ਜਾ ਕੇ ਭਗਤੀ ਕਰਨ ਅਤੇ ਸੰਨਿਆਸ ਲੈਣ ਦੀ ਲੋੜ ਨਹੀਂ ਸਗੋਂ ਗ੍ਰਹਿਸਥ ਜੀਵਨ ਵਿਚ ਕੰਮ ਕਰਕੇ ਦੁਨੀਆਵੀ ਫਰਜ਼ ਨਿਭਾਉਣੇ ਚਾਹੀਦੇ ਨੇ। ਉਨ੍ਹਾਂ ਸਿੱਧਾਂ ਨਾਲ ਤਰਕਸੰਗਤ ਗੋਸ਼ਟੀਆਂ ਨਾਲ ਸਮਝਾਇਆ ਕਿ ਤੁਸੀਂ ਗ੍ਰਹਿਸਥ ਜੀਵਨ ਛੱਡ ਕੇ ਪਹਾੜਾਂ ‘ਤੇ ਆ ਡੇਰੇ ਲਾਏ ਨੇ ਪਰ ਜ਼ਿੰਦਗੀ ਦੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਗ੍ਰਹਿਸਥੀਆਂ ਕੋਲੋਂ ਮੰਗਣ ਜਾਂਦੇ ਹੋ। ਗੁਰੂ ਨਾਨਕ ਉਸ ਵਕਤ ਦੇ ਦੋ ਮੁੱਖ ਭਾਈਚਾਰਿਆਂ (ਹਿੰਦੂ ਤੇ ਮੁਸਲਮਾਨ) ਵਿਚ ਪਿਆਰੇ ਤੇ ਸਤਿਕਾਰੇ ਜਾਂਦੇ ਸਨ। ਇਸੇ ਕਾਰਨ ਉਨ੍ਹਾਂ ਦੇ ਜੋਤੀ ਜੋਤ ਸਮਾਉਣ ‘ਤੇ ਦੋਵਾਂ ਭਾਈਚਾਰਿਆਂ ਵਿਚ ਝਗੜਾ ਹੋਇਆ ਤੇ ਅਖੀਰ ਉਨ੍ਹਾਂ ਦੇ ਸਰੀਰ ‘ਤੇ ਪਈ ਚਾਦਰ ਨੂੰ ਅਧੋ ਅੱਧ ਵੰਡ ਕੇ ਹਿੰਦੂਆਂ ਨੇ ਸਮਾਧ ਬਣਾ ਦਿੱਤੀ ਤੇ ਮੁਸਲਮਾਨਾਂ ਨੇ ਕਬਰ।
ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਅਤੇ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਨੇ ਇਹ ਰਸਤਾ 9 ਨਵੰਬਰ 2019 ਨੂੰ ਉਦਘਾਟਨ ਕਰਕੇ ਖੋਲ੍ਹ ਦਿੱਤਾ। ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਸਿੱਖ ਸ਼ਰਧਾਲੂ ਹੁਣ ਕਾਨੂੰਨੀ ਪ੍ਰਕਿਰਿਆ ‘ਚੋਂ ਲੰਘ ਕੇ ਦਰਸ਼ਨ ਕਰ ਸਕਦੇ ਨੇ ਜਿਸ ਲਈ ਮਰਹੂਮ ਕੁਲਦੀਪ ਸਿੰਘ ਵਡਾਲਾ ਜੀ ਨੇ ਅਰਦਾਸਾਂ ਕੀਤੀਆਂ ਸਨ।
ਪਾਕਿਸਤਾਨ ਸਰਕਾਰ ਨੇ ਕਾਫੀ ਪੈਸਾ ਖਰਚ ਕੇ ਗੁਰਦੁਆਰੇ ਦੀ ਪਹਿਲੀ ਇਮਾਰਤ ਦੁਆਲੇ ਵਿਹੜੇ ਵਿਚ ਚਿੱਟਾ ਸੰਗਮਰਮਰ ਲਾ ਕੇ ਬੜਾ ਵਧੀਆ ਬਣਾ ਦਿੱਤਾ ਹੈ। ਲੰਗਰ ਹਾਲ, ਦੀਵਾਨ ਹਾਲ ਤੇ ਹੋਰ ਲੋੜੀਂਦੀਆਂ ਇਮਾਰਤਾਂ ਦੀ ਉਸਾਰੀ ਕੀਤੀ ਗਈ ਹੈ।
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਇਸ ਖੂਬਸੂਰਤ ਇਮਾਰਤ ਦੀ ਸੇਵਾ ਸਭ ਤੋਂ ਪਹਿਲਾਂ ਮਹਾਰਾਜਾ ਪਟਿਆਲਾ ਭੂਪਿੰਦਰ ਸਿੰਘ ਨੇ 1920-27 ਸਮੇਂ ਦੌਰਾਨ ਕਰਵਾਈ ਗਈ ਸੀ। ਪੰਜਾਬ ਦੀ ਵੰਡ ਵੇਲੇ ਸਿੱਖ ਅਵਾਮ ਦਾ ਉਥੋਂ ਆ ਜਾਣ ਕਰਕੇ ਇਹ ਸਥਾਨ ਬੰਦ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ ਇਹ ਸੰਨ 2000 ਵਿਚ ਸੰਗਤਾਂ ਦੇ ਦਰਸ਼ਨ ਲਈ ਖੋਲ੍ਹ ਦਿੱਤਾ ਗਿਆ। ਇਥੋਂ ਦੇ ਮੁੱਖ ਗ੍ਰੰਥੀ ਗੋਬਿੰਦ ਸਿੰਘ ਨੇ ਜੋ ਬੜੇ ਮਿਲਾਪੜੇ ਸੱਜਣ ਹਨ।
ਵਾਪਸੀ ‘ਤੇ ਜਦ ਅਸੀਂ ਲਾਹੌਰ ਦੀ ਹਦੂਦ ਵਿਚ ਦਾਖਲ ਹੋਏ ਤਾਂ ਸਈਅਦ ਇਕਬਾਲ ਮੇਊ ਜੀ ਦਾ ਫੋਨ ਆ ਗਿਆ ਕਿ ਅੱਜ ਹੋਟਲ ਵਿਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਗਵਰਨਰ ਹਾਊਸ ਦਿਖਾਉਣ ਦੇ ਨਾਲ-ਨਾਲ ਲਹਿੰਦੇ ਪੰਜਾਬ ਦੇ ਗਵਰਨਰ ਜਨਾਬ ਮੁਹੰਮਦ ਸਰਵਰ ਜੀ ਨੂੰ ਮਿਲਾਉਣਾ ਚਾਹੁੰਦਾ ਹਾਂ।
000
ਹਨੇਰਾ ਹੋ ਚੁੱਕਾ ਸੀ। ਸਕਿਉਰਟੀ ਚੈਕਿੰਗ ਤੋਂ ਬਾਅਦ ਅਸੀਂ ਗਵਰਨਰ ਹਾਊਸ ਦੇ ਵਿਹੜੇ ਵਿਚ ਦਾਖਲ ਹੋਏ। ਸਈਅਦ ਇਕਬਾਲ ਮੇਊ ਜੀ ਅਤੇ ਸਟਾਫ ਨੇ ਸਾਡਾ ਨਿੱਘਾ ਸਵਾਗਤ ਕੀਤਾ। ਗਵਰਨਰ ਹਾਊਸ 82 ਏਕੜ ਰਕਬੇ ਵਿਚ ਫੈਲਿਆ ਹੋਇਆ ਹੈ। ਆਲੇ-ਦੁਆਲੇ ਦੀ ਹਰਿਆਵਲ ਬੜੀ ਮਨਮੋਹਣੀ ਹੈ। ਇਸ ਦੀਆਂ ਇਮਾਰਤਾਂ, ਮੁਗਲਾਂ, ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ ਬਣੀਆਂ ਹੋਈਆਂ ਹਨ। ਗਵਰਨਰ ਦੇ ਗੈਸਟ ਹਾਊਸ ਵਿਚ ਅੱਡ-ਅੱਡ ਕਿਸਮ ਦੀਆਂ ਮਠਿਆਈਆਂ ਅਤੇ ਕੌਫੀ ਨਾਲ ਸਾਡੀ ਮਹਿਮਾਨ ਨਿਵਾਜੀ ਕੀਤੀ ਗਈ। ਸਈਅਦ ਇਕਬਾਲ ਮੇਊ ਨੇ ਸਾਨੂੰ ਗਵਰਨਰ ਚੌਧਰੀ ਮੁਹੰਮਦ ਸਰਵਰ ਨਾਲ ਮਿਲਾਇਆ। ਉਹ ਬੜੇ ਨਿਘੇ ਸੁਭਾਅ ਦੇ ਮਾਲਕ ਹਨ। ਉਨ੍ਹਾਂ ਸਾਡੇ ਨਾਲ ਠੇਠ ਪੰਜਾਬੀ ਵਿਚ ਗੱਲਾਂ ਕੀਤੀਆਂ ਤੇ ਆਪਣੇ ਨਾਲ ਫੋਟੋਆਂ ਵੀ ਖਿਚਵਾਈਆਂ।
ਇਥੇ ਅਸੀਂ ਅਜਿਹਾ ਮੇਜ਼ ਦੇਖਿਆ ਜਿਸ ਨੂੰ ਨਾ ਕੋਈ ਕਿੱਲ ਕਾਂਟਾ ਤੇ ਨਾ ਕੋਈ ਜੋੜ ਹੈ। ਇਹ ਆਕਾਰ ਵਿਚ ਕਾਫੀ ਵੱਡਾ ਹੈ ਤੇ ਕਿਸੇ ਵੱਡੀ ਲਕੜੀ ਤਰਾਸ਼-ਤਰਾਸ਼ ਕੇ ਬਣਾਇਆ ਹੋਇਆ ਦੱਸਦੇ ਨੇ। ਲੱਕੜ ਘਾੜੇ ਦੀ ਕਲਾ ਦੀ ਅਜੀਬ ਘਾੜਤ ਹੈ। ਮੇਜ਼ ਦੀਆਂ ਲੱਤਾਂ ਸ਼ੇਰ ਦੇ ਪੰਜਿਆਂ ਵਰਗੀਆਂ ਨੇ, ਇਸ ਲਈ ਇਸ ਮੇਜ਼ ਨੂੰ ਟਾਈਗਰ ਟੇਬਲ ਕਹਿੰਦੇ ਨੇ।
ਅੱਜ ਅਸੀਂ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਅਤੇ ਮੈਂ ਆਪਣੇ ਪਿੰਡ ਦੇ ਫੀਰੋਜ਼ਦੀਨ (ਜੋ ਮੈਨੂੰ ਖਿਡਾਉਂਦਾ ਰਿਹਾ ਸੀ) ਤੇ ਮੁਹੰਮਦ ਇਸਹਾਕ ਉਰਫ ਸਾਕੀ ਨੂੰ ਉਨ੍ਹਾਂ ਦੇ ਸੱਚੇ ਸੌਦੇ ਲਾਗੇ ਪਿੰਡ ਸਰਕਾਰੀ ਖੁਰਦ ਵਿਚ ਮਿਲਣ ਦਾ ਪ੍ਰੋਗਰਾਮ ਬਣਾਇਆ। ਮੈਂ ਅਤੇ ਸਾਕੀ 1947 ਤੋਂ ਪਹਿਲਾਂ ਪਿੰਡ ਘਰਿੰਡੇ ਛੋਟੇ ਹੁੰਦੇ ਘੁਲਦੇ ਹੁੰਦੇ ਸਾਂ।
ਨਨਕਾਣਾ ਸਾਹਿਬ ਲਾਹੌਰ ਤੋਂ ਕਰੀਬ 80 ਕਿਲੋਮੀਟਰ ਹੈ ਜਿਥੇ ਗੁਰੂ ਨਾਨਕ ਦੇਵ ਜੀ 1469 ਵਿਚ ਪੈਦਾ ਹੋਏ। ਇਥੇ ਹੀ ਉਨ੍ਹਾਂ ਬਚਪਨ ਦੀਆਂ ਯਾਦਗਾਰਾਂ, ਗੁਰਦੁਆਰਾ ਬਾਲ ਲੀਲਾ, ਪੱਟੀ ਸਾਹਿਬ, ਮਾਲਚੀ ਸਾਹਿਬ, ਕਿਆਰਾ ਸਾਹਿਬ ਤੇ ਤੰਬੂ ਸਾਹਿਬ ਬਣੇ ਹੋਏ ਹਨ। ਹਿੰਦੂ ਮਤ ਦੀ ਰੀਤ ਅਨੁਸਾਰ ਜਦ ਗੁਰੂ ਨੂੰ ਜਨੇਊ ਪਹਿਨਾਉਣ ਲੱਗੇ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਦੁਨਿਆਵੀ ਧਾਗੇ ਦਾ ਜਨੇਊ ਨਹੀਂ, ਇਖਲਾਕੀ ਜਨੇਊ ਜਿਸ ਵਿਚ ਦਇਆ, ਸੰਤੋਖ, ਜਤ ਸਤ, ਸਵੈ-ਕਾਬੂ ਦੀ ਘੁੰਡੀ ਹੋਵੇ, ਪਹਿਨਾਓ।
ਉਨ੍ਹਾਂ ਦੇਖਿਆ ਕਿ ਮੁਲਕ ਦੇ ਦੋ ਵੱਡੇ ਫਿਰਕੇ ਆਪਸ ਵਿਚ ਲੜ ਰਹੇ ਨੇ। ਨਿਮਾਣੀ ਜਨਤਾ ਨੂੰ ਲੁੱਟ ਰਹੇ ਨੇ। ਬੇਇਨਸਾਫੀ ਕਰ ਰਹੇ ਨੇ। ਕਾਜ਼ੀ-ਪੁਜਾਰੀ ਵੱਢੀਆਂ ਲੈ ਕੇ ਧਰਮ ਦਾ ਅਨਰਥ ਕਰ ਰਹੇ ਨੇ। ਸੱਜਣ ਠੱਗ ਜਿਹੇ ਧਰਮ ਦਾ ਬਾਣਾ ਪਾ ਕੇ ਕਤਲ ਕਰ ਰਹੇ ਨੇ। ਸਮਾਜ ਵਿਚ ਊਚ ਨੀਚ ਦੀਆਂ ਵੰਡੀਆਂ ਪਾ ਰਹੇ ਨੇ। ਇਸਤਰੀ ਜਾਤੀ ਜੋ ਰਾਜਿਆਂ, ਸੂਰਮਿਆਂ ਤੇ ਭਗਤਾਂ ਨੂੰ ਜਨਮ ਦਿੰਦੀ ਹੈ, ਨੂੰ ਵੇਸਵਾ, ਨਰਕ ਦਾ ਦੁਆਰ ਤੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਜਿਉਂਦੇ ਪਿੱਤਰ ਨਾ ਮਾਨੇ ਕੋਈ ਮੋਇਆ ਸਰਾਧ ਕਰਾਏ। ਭਾਵ, ਜਿਉਂਦੇ ਬੰਦਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਜਦ ਬਾਬਰ ਨੇ ਏਮਨਾਬਾਦ ‘ਤੇ ਹਮਲਾ ਕੀਤਾ ਤਾਂ ਗੁਰੂ ਜੀ ਨੇ ਰੱਬ ਨੂੰ ਵੀ ਉਲਾਂਭਾ ਦਿੱਤਾ- ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ? ਬਾਬਰ ਦੀ ਫੌਜ ਨੂੰ ਪਾਪ ਦੀ ਜੰਨ ਕਿਹਾ ਅਤੇ ਬਾਬਰ ਨੂੰ ਜਾਬਰ ਕਹਿ ਕੇ ਪੁਕਾਰਿਆ। ਉਨ੍ਹਾਂ ਅਜਿਹੀਆਂ ਧਾਰਮਿਕ, ਸਿਆਸੀ ਅਤੇ ਸਮਾਜਿਕ ਬੁਰਾਈਆਂ ਦੂਰ ਕਰਨ ਦਾ ਮਨ ਬਣਾ ਲਿਆ, ਜਿਵੇਂ ਪ੍ਰਸਿੱਧ ਢਾਡੀ ਪਿਆਰਾ ਸਿੰਘ ਪੰਛੀ ਜੀ ਲਿਖਦੇ ਨੇ:
ਸੜਦੀ ਦੁਨੀਆ ਦੇ ਵਿਚ, ਸਵਰਗ ਕਿਵੇਂ ਬਣ ਸਕਦਾ ਹੈ,
ਸੋਚਾਂ ਸੋਚਦੇ ਸੀ ਵਾਲੀ ਦੋ ਜਹਾਨ ਦੇ।
ਇਨ੍ਹਾਂ ਫਿਕਰਾਂ ਦੇ ਵਿਚ, ਛੋਟੀ ਉਮਰੇ ਨਾਨਕ ਨੂੰ,
ਚੇਤੇ ਭੁੱਲ ਗਏ ਹੱਸਣ, ਖੇਡਣ, ਖਾਣ, ਹੰਡਾਣ ਦੇ।
ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਇਨਸਾਨੀਅਤ ਨੂੰ ਜ਼ਿੰਦਗੀ ਦਾ ਸਹੀ ਰਸਤਾ ਦਿਖਾਉਣ ਲਈ ਗੁਰੂ ਜੀ ਨੇ ਦੇਸ਼-ਦੇਸ਼ਾਂਤਰਾਂ ਵਿਚ ਚਾਰ ਉਦਾਸੀਆਂ ਕੀਤੀਆਂ।
000
ਮੁੱਖ ਗੇਟ ‘ਤੇ ਸਕਿਉਰਿਟੀ ਵਾਲਿਆਂ ਨੇ ਸਾਡੇ ਪਾਸਪੋਰਟ ਆਪਣੇ ਕੋਲ ਰੱਖ ਲਏ ਅਤੇ ਅਸੀਂ ਗੁਰਦੁਆਰੇ ਦੀ ਹਦੂਦ ਵਿਚ ਦਾਖਲ ਹੋਏ। ਚੇਤਰ ਸਿੰਘ ਨਾਮੀ ਗਾਈਡ ਸਾਨੂੰ ਮਿਲ ਗਿਆ। ਉਸ ਨੇ ਦੱਸਿਆ ਕਿ ਪਾਕਿਸਤਾਨ ਵਿਚ ਜਿੰਨੇ ਵੀ ਗੁਰਦੁਆਰੇ ਹਨ, ਉਨ੍ਹਾਂ ਦੇ ਖੱਬੇ ਹੱਥ ਸਰੋਵਰ, ਸਾਹਮਣੇ ਗੁਰਦੁਆਰਾ ਅਤੇ ਸੱਜੇ ਹੱਥ ਲੰਗਰ ਦਾ ਪ੍ਰਬੰਧ ਹੁੰਦਾ ਹੈ। 1947 ਤੋਂ ਪਹਿਲਾਂ ਦੀ ਬਣੀ ਸਰਾਂ ਸੱਜੇ ਹੱਥ ਹੈ ਜੋ ਮੁਗਲ ਇਤਿਹਾਸ ਸਾਂਭੀ ਬੈਠੀ ਹੈ। ਐਨ.ਆਰ.ਆਈ. ਸ਼ਰਧਾਲੂਆਂ ਦੇ ਉਦਮ ਨਾਲ ਹੁਣ ਨਵੀਆਂ ਆਧੁਨਿਕ ਸਰਾਵਾਂ ਬਣ ਗਈਆਂ ਨੇ। ਸਾਫ ਸਫਾਈ ਦਾ ਇੰਤਜ਼ਾਮ ਬਹੁਤ ਵਧੀਆ ਹੈ। ਜਨਮ ਸਥਾਨ ਵਲ ਜਾਂਦਿਆਂ ਗੁਰੂ ਜੀ ਦੇ ਵੇਲੇ ਦਾ ਖੂਹ ਹੈ। ਸਾਹਮਣੇ ਛੋਟਾ ਜਿਹਾ ਕਮਰਾ ਹੈ ਜਿਥੇ ਗੁਰੂ ਜੀ ਦਾ ਜਨਮ ਹੋਇਆ ਸੀ। ਸੰਗਮਰਮਰ ਦੀ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਹੈ। ਮੱਥਾ ਟੇਕਿਆ। ਇਥੇ ਅੰਦਰ ਉਹ ਅਲਮਾਰੀ ਵੀ ਦੇਖੀ ਜਿਥੇ ਨਨਕਾਣਾ ਸਾਹਿਬ ਸਾਕੇ ਸਮੇਂ ਇਕ ਬਾਲਕ ਦਰਬਾਰਾ ਸਿੰਘ ਲੁਕ ਗਿਆ ਸੀ। ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਉਸ ਨੂੰ ਬਾਹਰ ਕੱਢ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਜੰਡ ਦੇ ਦਰਸ਼ਨ ਕੀਤੇ ਜਿਸ ਨਾਲ ਲਛਮਣ ਸਿੰਘ ਧਾਰੋਵਾਲੀ ਜੀ ਨੂੰ ਬੰਨ੍ਹ ਕੇ ਜਿਉਂਦਾ ਸਾੜ ਦਿੱਤਾ ਗਿਆ ਸੀ, ਜਿਥੇ 20 ਫਰਵਰੀ 1921 ਨੂੰ ਮਹੰਤ ਨਰਾਇਣ ਦਾਸ ਤੋਂ ਗੁਰਦੁਆਰਾ ਆਜ਼ਾਦ ਕਰਾਉਣ ਲਈ ਡੇਢ-ਦੋ ਸੌ ਸਿੰਘਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਸਨ। 21 ਫਰਵਰੀ 1921 ਨੂੰ ਸ਼ਹੀਦ ਹੋਣ ਵਾਲੇ ਸਿੰਘਾਂ ਦਾ ਜਿਥੇ ਸਮੂਹਕ ਸਸਕਾਰ ਕੀਤਾ ਗਿਆ ਸੀ, ਉਸ ਯਾਦਗਾਰ ਦੇ ਦਰਸ਼ਨ ਕਰਕੇ ਲੰਗਰ ਛਕਿਆ ਤੇ ਗੁਰਦੁਆਰਾ ਸੱਚਾ ਸੌਦਾ (ਚੂਹੜਕਾਣਾ (ਅੱਜ ਕੱਲ੍ਹ ਫਾਰੂਕਾਬਾਦ) ਵੱਲ ਚਾਲੇ ਪਾ ਦਿੱਤੇ।
000
ਮਹਿਤਾ ਕਾਲੂ ਨੇ ਬਾਲਕ ਨਾਨਕ ਨੂੰ 20 ਰੁਪਏ ਦੇ ਕੇ, ਭਾਈ ਬਾਲੇ ਨੂੰ ਨਾਲ ਭੇਜ ਕੇ ਕੋਈ ਸੱਚਾ ਸੌਦਾ ਕਰਨ ਲਈ ਆਖਿਆ। ਚਾਲੀ ਕੁ ਕਿਲੋਮੀਟਰ ਪੰਧ ਤੈਅ ਕਰਕੇ ਗੁਰੂ ਜੀ ਚੂਹੜਕਾਣੇ ਪਹੁੰਚੇ। ਉਥੇ ਉਨ੍ਹਾਂ ਕੁਝ ਭੁੱਖੇ ਸਾਧੂ ਬੈਠੇ ਦੇਖੇ। ਭਾਈ ਬਾਲੇ ਨਾਲ ਸਲਾਹ ਕਰਕੇ ਉਨ੍ਹਾਂ ਨੇ ਰਸਦਾਂ ਮੰਗਵਾ ਕੇ ਲੰਗਰ ਛਕਾਇਆ। ਉਨ੍ਹਾਂ ਭੁੱਖੇ ਆਦਮੀ ਨੂੰ ਰੋਟੀ ਖੁਆਉਣਾ ਸੱਚਾ ਸੌਦਾ ਸਮਝਿਆ। ਚੂਹੜਕਾਣੇ ਤੋਂ ਚਲਾਇਆ 20 ਰੁਪਏ ਦਾ ਲੰਗਰ ਬਿਨਾ ਕਿਸੇ ਭੇਦ-ਭਾਵ ਅੱਜ ਤੱਕ ਚੱਲ ਰਿਹਾ ਹੈ ਅਤੇ ਇਹ ਲੰਗਰ ਮੁੱਕਿਆ ਨਹੀਂ ਹੈ।
ਇਹ ਗੁਰਦੁਆਰਾ ਕਾਫੀ ਉਚੇ ਥਾਂ ‘ਤੇ ਮਜ਼ਬੂਤ ਕਿਲ੍ਹੇ ਵਾਂਗ ਬਣਿਆ ਹੋਇਆ ਹੈ। ਪਹਿਲਾਂ ਲੋਕ ਇਥੇ ਡੰਗਰ ਬੰਨ੍ਹਦੇ ਅਤੇ ਪਾਥੀਆਂ ਪੱਥਦੇ ਸਨ ਪਰ ਪਾਕਿਸਤਾਨ ਸਰਕਾਰ ਨੇ ਇਸ ਨੂੰ ਲੋਕਲ ਲੋਕਾਂ ਦੇ ਕਬਜ਼ੇ ਵਿਚੋਂ ਛੁਡਾ ਕੇ ਚਾਰਦਵਾਰੀ ਬਣਾ ਕੇ ਬੜਾ ਸੁੰਦਰ ਗੇਟ ਲਾਇਆ ਹੋਇਆ ਹੈ। ਗੇਟ ਅੰਦਰ ਵੜਦਿਆਂ ਹੀ ਅਮਰੂਦਾਂ ਦੇ ਬੂਟੇ ਅਤੇ ਫੁੱਲਾਂ ਦੇ ਬਗੀਚੇ ਸ਼ਰਧਾਲੂਆਂ ਦੇ ਮਨ ਮੋਹ ਲੈਂਦੇ ਹਨ। ਇਸ਼ਨਾਨ ਵਾਸਤੇ ਛੋਟਾ ਸਰੋਵਰ ਵੀ ਹੈ। ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਇਸ ਦੇ ਮਹੰਤ ਨਰਾਇਣ ਦਾਸ ਦੇ ਚੇਲੇ ਲਾਲ ਦਾਸ ਨੇ ਕਰਤਾਰ ਸਿੰਘ ਝੱਬਰ ਨੂੰ ਸੂਚਿਤ ਕੀਤਾ ਕਿ ਮੈਨੂੰ ਮਹੰਤ ਨਰਾਇਣ ਦਾਸ ਇਥੋ ਕੱਢ ਰਿਹਾ ਹੈ ਤੇ ਸਾਰਾ ਸਮਾਨ ਆਪਣੇ ਪਿੰਡ ਭੇਜ ਰਿਹਾ ਹੈ। ਕਰਤਾਰ ਸਿੰਘ ਝੱਬਰ ਅਤੇ ਤੇਜਾ ਸਿੰਘ ਚੂਹੜਕਾਣਾ ਨੇ ਤੁਰੰਤ ਕਾਰਵਾਈ ਕਰਕੇ 24 ਦਸੰਬਰ 1920 ਨੂੰ ਗੁਰਦੁਆਰੇ ਤੇ ਕਬਜ਼ਾ ਕਰ ਲਿਆ। ਕਰਤਾਰ ਸਿੰਘ ਝੱਬਰ ਅਜਿਹੇ ਸਿੱਖ ਨੇਤਾ ਸਨ ਜਿਨ੍ਹਾਂ ਨੇ ਅਯਾਸ਼ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਿਚ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ ਪਰ ਸ਼੍ਰੋਮਣੀ ਕਮੇਟੀ ਵਿਚ ਕੋਈ ਅਹੁਦਾ ਨਹੀਂ ਲਿਆ ਤੇ ਨਾ ਹੀ ਕੋਈ ਤਨਖਾਹ ਗੁਰੂ ਦੀ ਗੋਲਕ ਵਿਚੋਂ ਪ੍ਰਾਪਤ ਕੀਤੀ।
ਸੱਚੇ ਸੌਦੇ ਗੁਰਦੁਆਰੇ ਤੋਂ ਸਾਕੀ ਦਾ ਪਿੰਡ ਸਿਰਫ ਦਸਾਂ ਮਿੰਟਾਂ ਦਾ ਸੀ। ਉਥੇ ਮੇਰੇ ਪਿੰਡ ਘਰਿੰਡੇ ਦੇ ਸਾਬਕਾ ਵਸਨੀਕਾਂ, ਸਾਕੀ ਅਤੇ ਭਾਅ ਫੀਰੋਜ਼ ਨੇ ਸਾਡਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੈਂ ਅਤੇ ਸਾਕੀ 72 ਸਾਲ ਬਾਅਦ ਜੱਫੀ ਪਾ ਕੇ ਮਿਲੇ। ਦੋਹਾਂ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਵਹਿ ਤੁਰੇ। ਘਰ ਜਾ ਕੇ ਚਾਹ-ਪਾਣੀ ਪੀਤਾ ਤੇ 47 ਤੋਂ ਪਹਿਲਾਂ ਦੀਆਂ ਗੱਲਾਂ ਕਰਕੇ ਅਸੀਂ ਦੋਵੇਂ ਆਪਣੇ ਬਚਪਨ ਦੀਆਂ ਯਾਦਾਂ ਵਿਚ ਗਵਾਚ ਗਏ। ਸਾਕੀ ਵੱਲੋਂ ਚਾਹ ਪਾਣੀ ਪੀ ਕੇ ਅਸੀਂ ਭਾਅ ਫੀਰੋਜ਼ ਨੂੰ ਮਿਲਣ ਗਏ। ਹੁਣ ਉਸ ਦੀ ਉਮਰ ਲੱਗਭੱਗ ਸੌ ਸਾਲ ਸੀ ਪਰ ਉਸ ਦੀ ਯਾਦ ਸ਼ਕਤੀ ਅਜੇ ਵੀ ਕਮਾਲ ਦੀ ਸੀ। ਉਸ ਨੇ ਮੇਰੇ ਮਾਮਿਆਂ ਦੇ ਨਾਂ ਵੀ ਦੱਸੇ। ਮੈਨੂੰ ਯਾਦ ਹੈ, ਇਕ ਵਾਰ ਮੇਰੇ ਮਾਮੇ ਨੇ ਹਲਾਂ ਦੀ ਮੰਗ (ਆਬਤ) ਪਾਈ। ਮੇਰੇ ਪਿਤਾ ਜੀ ਅਤੇ ਭਾਅ ਫੀਰੋਜ਼ ਹਲ ਲੈ ਕੇ ਇਕ ਮੀਲ ਦੀ ਦੂਰੀ ‘ਤੇ ਮੇਰੇ ਨਾਨਕੇ ਪਿੰਡ ਲਾਹੌਰੀ ਮਲ ਗਏ। ਉਸ ਵੇਲੇ ਮੁਸਲਮਾਨ ਅਤੇ ਸਿੱਖ ਇਕ ਦੂਜੇ ਦੇ ਘਰ ਦਾ ਖਾਣਾ ਨਹੀਂ ਸੀ ਖਾਂਦੇ। ਮੇਰੇ ਨਾਨੀ ਜੀ ਉਸ ਵਕਤ ਦੇ ਰਿਵਾਜ ਮੁਤਾਬਿਕ ਦੇਸੀ ਘਿਓ ਦੇ ਪਰੌਂਠੇ ਤੇ ਸ਼ੱਕਰ-ਘਿਓ ਲੈ ਕੇ ਹਾਲੀਆਂ ਕੋਲ ਪਹੁੰਚੇ। ਤਾਏ ਅੱਲ੍ਹਾ ਬਖਸ਼ (ਫੀਰੋਜ਼ ਦਾ ਬਾਪ) ਨੇ ਰੋਟੀ ਲੈ ਕੇ ਆਉਣੀ ਸੀ ਪਰ ਉਹ ਅਜੇ ਆਇਆ ਨਹੀਂ ਸੀ। ਮੇਰੇ ਪਿਤਾ ਜੀ ਦੇ ਸੁਲ੍ਹਾ ਮਾਰਨ ‘ਤੇ ਭਾਅ ਫੀਰੋਜ਼ ਨੇ ਘਿਓ-ਸ਼ੱਕਰ ਨਾਲ ਪਰੌਂਠੇ ਰੱਜ ਕੇ ਖਾਧੇ। ਨਾਲ ਹੀ ਮੇਰੇ ਪਿਤਾ ਜੀ ਨੂੰ ਕਿਹਾ, “ਚਾਚਾ! ਅੱਬੇ ਨੂੰ ਦੱਸੀਂ ਨਾ, ਮੈਂ ਉਹ ਵੀ ਖਾ ਲੈਣੀਆਂ ਨੇ।” ਭਾਅ ਫੀਰੋਜ਼ ਖੁੱਲ੍ਹ ਖਿਆਲਾ ਸੀ ਬਾਬੇ ਬੁੱਲ੍ਹੇ ਸ਼ਾਹ ਵਾਂਗ। ਅੱਜ ਉਹ ਗੱਲਾਂ ਖਤਮ ਹੋ ਗਈਆਂ ਨੇ। ਦੋਵੇਂ ਭਾਈਚਾਰੇ ਇਕ ਦੂਜੇ ਦੀ ਮਹਿਮਾਨ ਨਿਵਾਜੀ ਦਾ ਖੂਬ ਆਨੰਦ ਮਾਣਦੇ ਨੇ। 47 ਤੋਂ ਪਹਿਲਾਂ ‘ਝਟਕੇ’ ਅਤੇ ‘ਹਲਾਲ’ ਤੋਂ ਪਿੰਡਾਂ ਵਿਚ ਆਮ ਲੜਾਈਆਂ ਹੁੰਦੀਆਂ ਸਨ, ਜਿਵੇਂ ਸੋਹਣ ਸਿੰਘ ਸੀਤਲ ਨੇ ਆਪਣੇ ਨਾਵਲ ‘ਤੂਤਾਂ ਵਾਲਾ ਖੂਹ’ ਵਿਚ ਵੀ ਜ਼ਿਕਰ ਕੀਤਾ ਹੈ ਪਰ ਅਫਸੋਸ ਕਿ ਮੇਰੇ ਮਿਲਣ ਤੋਂ 26 ਦਿਨ ਬਾਅਦ 30 ਨਵੰਬਰ, 2019 ਨੂੰ ਉਸ ਦੀ ਮੌਤ ਹੋ ਗਈ। ਪਤਾ ਨਹੀਂ, ਉਹ ਮੈਨੂੰ ਹੀ ਉਡੀਕ ਰਿਹਾ ਸੀ!
(ਚੱਲਦਾ)