ਸਿੱਖ ਜਥੇ ਤੇ ਮਿਸਲਾਂ ਦੇ ਸਬੰਧ

ਇਤਿਹਾਸ-ਨਾਮਾ
“ਮੈਂ ਕੋਈ ਇਤਿਹਾਸਕਰ ਨਹੀਂ ਤੇ ਨਾ ਹੀ ਬਣਨ ਦੀ ਕੋਸਿ਼ਸ਼ ਹੈ, ਹਾਂ ਇੰਨਾ ਜਰੂਰ ਹੈ ਕਿ ਇਤਿਹਾਸ ਨਾਲ ਬੇਹਿਸਾਬ ਲਗਾਉ ਬਣਿਆ ਹੋਇਆ ਹੈ। ਲਾਹੌਰ, ਲੰਡਨ ਤੇ ਲੁਧਿਆਣੇ ਦੇ ‘ਬੁੱਕ ਸਟੋਰਾਂ’ ਤੋਂ ਸੈਂਕੜੇ ਇਤਿਹਾਸ ਦੀਆਂ ਦੁਰਲੱਭ ਕਿਤਾਬਾਂ ਮੈਂ ਹੌਲੀ ਹੌਲੀ ਹਵਾਈ ਜਹਾਜ਼ਾਂ ਰਾਹੀਂ ਸਰੀ (ਕੈਨੇਡਾ) ਢੋਹ ਲਈਆਂ ਹਨ, ਜਿਨ੍ਹਾਂ ਵਿਚ ਸਾਡੇ ਗੁਰੂਆਂ, ਪੁਰਖਿਆਂ ਤੇ ਇਤਿਹਾਸਕ ਪਰਛਾਂਵਿਆਂ ਦਾ ਖਜਾਨਾ ਦੱਬਿਆ ਪਿਆ ਹੈ। ਲੋਕ ਪੈਸੇ ਦੇ ਖਜਾਨੇ ਮਗਰ ਪੈਂਦੇ ਹਨ, ਪਰ ਮੈਂ ਪਿਛਲੇ 35 ਸਾਲ ਤੋਂ ਖੇਡਾਂ, ਖਿਡਾਰੀਆਂ ਤੇ ਕੈਮਰਿਆਂ ਦੇ ਨਾਲ ਨਾਲ ਕਿਤਾਬਾਂ ਦੇ ਖਜਾਨੇ ਮਗਰ ਪਿਆ ਰਿਹਾ।

ਇਨ੍ਹਾਂ ਕਿਤਾਬਾਂ ਦੇ ਖਜਾਨੇ ਅਤੇ ਮੇਰੇ ਦੇਸ਼-ਵਿਦੇਸ਼ ਦੇ ਅਣਗਿਣਤ ਦੌਰਿਆਂ ਵਿਚੋਂ ਹਾਸਿਲ ਇਤਿਹਾਸਕ ਅਨੁਭਵ ਪੰਜਾਬੀ ਪਾਠਕਾਂ ਦੀ ਜਾਣਕਾਰੀ ਲਈ ਸਾਂਝੀ ਕਰਨ ਦੀ ਕੋਸਿ਼ਸ਼ ਜਰੂਰ ਹੈ।” -ਸੰਤੋਖ ਸਿੰਘ ਮੰਡੇਰ

ਸੰਤੋਖ ਸਿੰਘ ਮੰਡੇਰ
ਸਰੀ, ਕੈਨੇਡਾ
ਫੋਨ: 1-604-505-7000

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਵਿਚ ਸਿੱਖਾਂ ਨੂੰ ਆਨੰਦਪੁਰ ਸਾਹਿਬ ਵਿਖੇ ਖਾਲਸਾ ਬਣਾਇਆ ਸੀ। ਇਹ ਹੀ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਝੱਖੜ ਝਮੇਲੇ ਸਹਿੰਦਾ ਸਮਾਂ ਪਾ ਕੇ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿਚ ਇਕ ਲਾਸਾਨੀ ਤੇ ਬੇਜੋੜ ਸਿੱਖ ਸਲਤਨਤ ਬਣ ਕੇ ਪ੍ਰਗਟ ਹੋਇਆ। ਇਸ ਸਿੱਖ ਸਲਤਨਤ ਨੇ 50 ਸਾਲ ਪੰਜਾਬ ਨੂੰ ਅਫਗਾਨਾਂ ਤੇ ਮੁਗਲਾਂ ਦੀ ਲੁੱਟ-ਖਸੁੱਟ ਤੋਂ ਸੁਰਖਰੂ ਰੱਖਿਆ। ਸਿੱਖ ਰਾਜ ਹੁੰਦੇ ਹੋਏ ਵੀ ਬਾਕੀ ਧਰਮਾਂ-ਮੁਸਲਿਮ, ਹਿੰਦੂ ਤੇ ਇਸਾਈ ਵਰਗ ਦੇ ਲੋਕਾਂ ਨਾਲ ਇਸ ਰਾਜ ਵਿਚ ਕੋਈ ਬੇਇਨਸਾਫੀ ਜਾਂ ਜੁਲਮ ਨਹੀਂ ਹੋਇਆ। ਪੰਜਾਬ ਦੇ ਸਿੱਖ ਬਾਦਸ਼ਾਹ ਦਾ ਸੰਸਾਰ ਭਰ ਵਿਚ ਬੋਲਬਾਲਾ ਸੀ ਤੇ ਸਿੱਖਾਂ ਦੀ ਬਹਾਦਰੀ, ਦਿਆਲਤਾ ਤੇ ਨਿਡਰਤਾ ਦਾ ਸਿੱਕਾ ਦੁਨੀਆਂ ਦੀਆਂ ਕੌਮਾਂ ਮੰਨਣ ਲੱਗ ਪਈਆਂ ਸਨ। ਹਿੰਦੋਸਤਾਨ ਉਪਰ ਰਾਜ ਕਰ ਰਹੇ ਮੁਗਲ ਤੇ ਅਫਗਾਨ ਧਾੜਵੀ ਬਾਦਸ਼ਾਹ ਨਵੀਂ ਕੌਮ, ਸਿੱਖਾਂ ਤੋਂ ਅੰਤਾਂ ਦਾ ਭੈਅ ਖਾਣ ਲੱਗ ਪਏ ਸਨ।
ਸੰਨ 1716 ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਤੋਂ ਛੇਤੀ ਪਿਛੋਂ ਲਾਹੌਰ ਦੇ ਸੂਬੇਦਾਰ ਅਬਦੁ-ਸਮਦ ਖਾਨ ਨੇ ਦਿੱਲੀ ਦੇ ਮੁਗਲ ਸ਼ਾਸ਼ਕ ਫਰੁੱਖਸੀਅਰ ਦੇ ਬਾਦਸ਼ਾਹੀ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਵਿਚ ਸਿੰਘਾਂ ਦੀ ਕਤਲੋ ਗਾਰਤ ਅਰੰਭ ਦਿੱਤੀ ਸੀ। ਪੰਜਾਬ ਦੇ ਇਤਿਹਾਸ ਦਾ ਨਾਮੀ ਲਿਖਾਰੀ ‘ਸਯਦ ਮੁਹੰਮਦ ਲਤੀਫ’ ਆਪਣੀ ਕਿਤਾਬ ‘ਹਿਸਟਰੀ ਆਫ ਦੀ ਪੰਜਾਬ’ ਵਿਚ ਲਿਖਦਾ ਹੈ, “ਦਿੱਲੀ ਦੇ ਮੁਗਲ ਬਾਦਸ਼ਾਹ ਵਲੋਂ ਇਕ ਬਾਦਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ ਕਿ (ਗੁਰੂ) ‘ਨਾਨਕ’ ਦੇ ਧਰਮ ਨੂੰ ਮੰਨਣ ਵਾਲਿਆਂ ‘ਨਾਨਕ ਪੂਜਾਂ’ ਨੂੰ ਕਤਲ ਕਰ ਦਿੱਤਾ ਜਾਵੇ।”
ਕਤਲ ਕੀਤੇ ਹਰ ਇਕ ਸਿੱਖ ਦੇ ਸਿਰ ਦਾ ਨਕਦ ਇਨਾਮ ਰੱਖ ਦਿੱਤਾ ਗਿਆ। ਨਕਦ ਇਨਾਮ ਦੇ ਲਾਲਚ ਵਿਚ ਲਾਲਚੀ ਮੁਸਲਮਾਨਾਂ ਨੇ ਸਿੱਖਾਂ ਨੂੰ ਕਿਧਰੇ ਟਿਕਣ ਨਾ ਦਿੱਤਾ ਅਤੇ ਜਿਥੇ ਕਿਧਰੇ ਵੀ ਕੋਈ ਸਿੱਖ ਮਿਲਿਆ, ਉਸ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸਮੇਂ ਦੇ ਇਨ੍ਹਾਂ ਮੁਸਲਮਾਨ ਹਾਕਮਾਂ ਤੋਂ ਡਰਦੇ ਸਿੱਖ ਕਈ ਸਾਲ ਆਪਣੇ ਪਰਿਵਾਰਾਂ ਸਮੇਤ ਪਹਾੜਾਂ ਵਿਚ ਲੁਕਣ ਲਈ ਮਜਬੂਰ ਰਹੇ ਅਤੇ ਇਨ੍ਹਾਂ ਸਿੱਖਾਂ ਨੂੰ ‘ਰਾਠ ਸਿੰਘ’ ਕਿਹਾ ਜਾਂਦਾ ਸੀ। ਸੰਨ 1726 ਵਿਚ ਲਾਹੌਰ ਦੇ ਸੂਬੇਦਾਰ ਅਬਦੁ-ਸਮਦ ਖਾਨ ਦੀ ਥਾਂ ਉਸ ਦੇ ਪੁੱਤਰ ਜ਼ਕਰੀਆ ਖਾਨ ਬਹਾਦੁਰ ਨੂੰ ਲਾਹੌਰ ਦਾ ਸੂਬੇਦਾਰ ਬਣਾਈਆ ਗਿਆ, ਜਿਸ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਅੰਤਾਂ ਦਾ ਜੁਲਮ ਕੀਤਾ। ਲਗਭਗ 40 ਸਾਲ ਸਿੱਖ ਜਥਿਆਂ ਅਤੇ ਸਿੱਖ ਮਿਸਲਾਂ ਨੇ ਹਿੰਦੋਸਤਾਨ ਦੀ ਡਾਢੀ ਜਾਲਮ ਮੁਗਲ ਹਕੂਮਤ ਦਾ ਮਕਾਬਲਾ ਇਨ੍ਹਾਂ ਸਿੰਘਾਂ ਨੇ ਤੇਗ-ਤਲਵਾਰ ਦੇ ਜ਼ੋਰ ਨਾਲ ਕੀਤਾ ਅਤੇ ਜਰਵਾਣੇ ਮੁਗਲਾਂ ਤੋਂ ਪੰਜਾਬ ਦੀ ਧਰਤੀ ਨੂੰ ਆਜ਼ਾਦ ਕਰਾ ਕੇ ਲੋਕ ਰਾਜ ਦੀ ਨੀਂਹ ਧਰੀ ਸੀ। ਇਥੇ ਮਹਾਰਾਜਾ ਰਣਜੀਤ ਸਿੰਘ ਦੇ ਹਰਮਨ ਪਿਆਰੇ ਪੰਜਾਬ ਦੇ ਵਿਸ਼ਾਲ ਰਾਜ ਦਾ ਬਾਨਣੂੰ ਬੰਨਿਆ, ਜਿਸ ਦੀਆਂ ਹੱਦਾਂ ਚੀਨ ਤੋਂ ਸਿੰਧ ਤੱਕ ਅਤੇ ਖੈਬਰ ਦੱਰੇ ਤੋਂ ਦਿੱਲੀ ਦੀ ਜਮਨਾ ਨਦੀ ਤਕ ਪੁੱਜ ਗਈਆਂ ਸਨ।
ਜਿਵੇਂ ਜਿਵੇਂ ਪੰਜਾਬ ਸੂਬੇ ਦਾ ਮੁਗਲ ਸੂਬੇਦਾਰ ਜ਼ਕਰੀਆ ਖਾਨ ਸਿੱਖਾਂ ਉਪਰ ਸਖਤੀ ਕਰਦਾ ਗਿਆ, ਪਿੰਡਾਂ ਵਿਚ ਆਮ ਪਰਜਾ ਦੀ ਹਮਦਰਦੀ ਸਿੰਘਾਂ ਲਈ ਵਧਦੀ ਗਈ ਅਤੇ ਨੌਜਵਾਨ ਸਿੱਖ ਗੱਭਰੂ ਅੰਮ੍ਰਿਤ ਛੱਕ ਕੇ ਹਜ਼ਾਰਾਂ ਦੀ ਗਿਣਤੀ ਵਿਚ ਖਾਲਸਾ ਦਲ ਅਤੇ ਸਿੱਖ ਜਥਿਆਂ ਵਿਚ ਸ਼ਾਮਲ ਹੋਣ ਲੱਗ ਪਏ ਸਨ। ਖਾਲਸਾ ਦਲ ਅਤੇ ਜਥਿਆਂ ਦੀ ਵਧਦੀ ਗਿਣਤੀ ਦੇਖ ਕੇ ਦੀਵਾਨ ਦਰਬਾਰਾ ਸਿੰਘ ਅਤੇ ਸਰਦਾਰ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਦੀ ਅਗਵਾਈ ਵਿਚ ਸਰਬਤ ਖਾਲਸੇ ਦਾ ਇਕ ਦੀਵਾਨ ਬੁਲਾਇਆ, ਜਿਸ ਵਿਚ ਸਰਬਸੰਮਤੀ ਨਾਲ ਸਿੱਖਾਂ ਦੇ ਪੰਜ ਡੇਰੇ (ਜਥੇ) ਬਣਾਏ ਗਏ। ਨੌਜਵਾਨ ਸਿੱਖ ਯੋਧਿਆਂ ਵਿਚੋਂ ਹੀ ਭਾਈ ਦੀਪ ਸਿੰਘ, ਭਾਈ ਕਰਮ ਸਿੰਘ ਤੇ ਧਰਮ ਸਿੰਘ ਅੰਮ੍ਰਿਤਸਰੀਏ, ਬਾਬਾ ਕਾਹਨ ਸਿੰਘ ਗੋਬਿੰਦਵਾਲੇ, ਭਾਈ ਦਸੌਧਾ ਸਿੰਘ ਕੋਟ ਬੁਢਾ ਵਾਲੇ ਅਤੇ ਭਾਈ ਬੀਰੂ ਸਿੰਘ, ਮਦਨ ਸਿੰਘ ਨੂੰ ਇਨ੍ਹਾਂ ਡੇਰਿਆਂ (ਜਥਿਆਂ) ਦੇ ਡੇਰੇਦਾਰ (ਜਥੇਦਾਰ) ਨਾਮਜ਼ਦ ਕੀਤਾ ਗਿਆ।
ਪੰਜਾਬ ਵਿਚ ਖਾਲਸੇ ਦੀ ਵਧ ਰਹੀ ਤਾਕਤ ਅਤੇ ਦਿਨੋ ਦਿਨ ਮਜ਼ਬੂਤ ਹੋ ਰਹੀਆਂ ਸਿੱਖ ਜਥੇਬੰਦੀਆਂ ਨੇ ਜ਼ਕਰੀਆ ਖਾਨ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ। ਉਸ ਦੇ ਸਖਤੀ ਤੇ ਜੁਲਮ ਦੇ ਸਾਰੇ ਹਥਿਆਰ ਹੁਣ ਖੁੰਢੇ ਹੋ ਚੁਕੇ ਸਨ। ਮੁਗਲ ਸੂਬੇਦਾਰ ਜ਼ਕਰੀਆ ਖਾਨ ਸਿੰਘਾਂ ਤੋਂ ਅੱਕ ਤੇ ਥੱਕ ਗਿਆ ਸੀ। ਸਿੰਘਾਂ ਨਾਲ ਸੁਲ੍ਹਾ ਸਫਾਈ ਲਈ ਮੁਗਲ ਸਰਕਾਰ ਵਲੋਂ ਸਿੰਘਾਂ ਦੇ ‘ਮੁਰਹੈਲ ਆਗੂ’ ਨੂੰ ‘ਨਵਾਬ’ ਦੀ ਪਦਵੀ ਦੇਣ ਦੀ ਪੇਸ਼ਕਸ਼ ਕੀਤੀ ਗਈ ਤਾਂ ਜੋ ਦੇਸ਼ ਵਿਚ ਅਮਨ ਅਮਾਨ ਵਰਤ ਸਕੇ। ਸਿੰਘਾਂ ਦੇ ਸਰਬਤ ਖਾਲਸੇ ਵਿਚ ਇਹ ਮੁਗਲ ਸਰਕਾਰ ਵਲੋਂ ਨਵਾਬੀ ਦਾ ਸਿਹਰਾ ਸਰਦਾਰ ਕਪੂਰ ਸਿੰਘ ਲਈ ‘ਨਵਾਬ’ ਦੀ ਪਦਵੀ ਵਜੋਂ ਪਰਵਾਨ ਕਰ ਲਿਆ ਗਿਆ। ਸੂਬਾ ਲਾਹੌਰ ਵਲੋਂ ਪਰਗਣਾ ਚੂਨਹੀਆਂ, ਦਿਪਾਲਪੁਰ, ਕੰਗਣਵਾਲ ਅਤੇ ਝਬਾਲ ਦੇ 12 ਪਿੰਡਾਂ ਦੀ ਜਗੀਰ ਗੁਰੂ ਚੱਕ ਸ੍ਰੀ ਅੰਮ੍ਰਿਤਸਰ ਨਾਲ ਲਾ ਦਿੱਤੀ ਗਈ ਅਤੇ ਖਾਲਸੇ ਨੂੰ ਖੁੱਲ੍ਹੇ ਵਿਚਰਨ ਦੀ ਆਗਿਆ ਹੋ ਗਈ।
ਸੰਨ 1739 ਨੂੰ ਇਰਾਨੀ ਬਾਦਸ਼ਾਹ ਨਾਦਰ ਸ਼ਾਹ ਭਾਰੀ ਫੌਜ ਲੈ ਕੇ ਹਿੰਦੋਸਤਾਨ ਵਿਚ ਲੁਟਮਾਰ ਕਰਨ ਲਈ ਲਾਹੌਰ ਆਣ ਪੁੱਜਾ, ਉਸ ਨੇ ਰੱਜ ਕੇ ਦਿੱਲੀ ਲੁੱਟੀ ਅਤੇ ਹਜਾਰਾਂ ਹਿੰਦੂਆਂ ਦਾ ਖੁਲ੍ਹੇਆਮ ਕਤਲੇਆਮ ਕੀਤਾ। ਨਾਦਰ ਸ਼ਾਹ ਲੁੱਟ ਦੇ ਮਾਲ ਅਤੇ ਸੈਂਕੜੇ ਨੌਜਵਾਨ ਹਿੰਦੂ ਬਹੂ-ਬੇਟਿਆਂ ਨਾਲ ਜਦੋਂ ਇਰਾਨ ਵਾਪਿਸ ਜਾ ਰਿਹਾ ਸੀ ਤਾਂ ਸਿੰਘਾਂ ਨੇ ਸੱਜੇ, ਖੱਬੇ ਤੇ ਪਿਛਿਓਂ ਛਾਪੇ ਮਾਰ ਕੇ ਨਾਦਰ ਸ਼ਾਹ ਦਾ ਬਹੁਤ ਸਾਰਾ ਮਾਲ ਲੁੱਟ ਲਿਆ ਅਤੇ ਉਧਾਲੀਆਂ ਹੋਈਆਂ ਹਿੰਦੂ ਔਰਤਾਂ ਛੁਡਾ ਕੇ ਉਸ ਦਾ ਭਾਰ ਹੌਲਾ ਕਰ ਦਿੱਤਾ ਸੀ। ਨਾਦਰ ਸ਼ਾਹ ਆਪ ਬੜਾ ਸੂਰਮਾ ਸੀ, ਪਰ ਉਹ ਬਹਾਦਰ ਸਿੰਘਾਂ ਦੇ ਕਾਰਨਾਮਿਆਂ ਤੋਂ ਡਾਢਾ ਘਬਰਾ ਗਿਆ ਅਤੇ ਉਸ ਨੇ ਪੰਜਾਬ ਦੇ ਹਾਕਮ ਜ਼ਕਰੀਆ ਖਾਨ ਨੂੰ ਮਿਲਣ ਉਪਰ ਸਭ ਤੋਂ ਪਹਿਲਾ ਸਵਾਲ ਇਹ ਕੀਤਾ, “ਇਹ ਸਿੱਖ ਕੌਣ ਅਤੇ ਕਿਸ ਤਰ੍ਹਾਂ ਦੇ ਲੋਕ ਹਨ ਤੇ ਇਨ੍ਹਾਂ ਦੇ ਘਰ ਘਾਟ ਕਿੱਥੇ ਹਨ?” ਜ਼ਕਰੀਆ ਖਾਨ ਨੇ ਉਤਰ ਦਿੱਤਾ, “ਇਹ ਫਕੀਰਾਂ ਦਾ ਟੋਲਾ ਹੈ ਤੇ ਇਨ੍ਹਾਂ ਦਾ ਘਰ ਇਨ੍ਹਾਂ ਦੀਆਂ ਘੋੜਿਆਂ ਦੀਆਂ ਕਾਠੀਆਂ ਹੀ ਹਨ।” ਨਾਦਰ ਸ਼ਾਹ ਮੁਸਕਰਾ ਪਿਆ ਤੇ ਕਿਹਾ, “ਇਨ੍ਹਾਂ ਤੋਂ ਹਕੂਮਤ ਨੂੰ ਡਰਨਾ ਚਾਹੀਦਾ ਹੈ। ਇਹ ਸਿੱਖ ਸਿਰ ਕੱਢਣਗੇ ਅਤੇ ਇਕ ਸਮੇਂ ਇਸ ਮੁਲਕ ਦੇ ਵਾਲੀ ਵਾਰਿਸ ਹੋਣਗੇ।”
ਪਹਿਲਾਂ ਪਹਿਲ ਸਿੱਖ ਆਗੂਆਂ ਨੇ ਛੋਟੇ ਛੋਟੇ ‘ਜਥੇ’ ਬਣਾਏ, ਜਿਨ੍ਹਾਂ ਦਾ ਵਤੀਰਾ ਲੁਟੇਰਿਆਂ ਤੇ ਧਾੜਵੀਆਂ ਵਾਲਾ ਸੀ, ਜੋ ਕੁਝ ਲੁੱਟ ਦੇ ਵਿਚੋਂ ਉਨ੍ਹਾਂ ਦੇ ਹੱਥ ਆਉਂਦਾ ਸੀ, ਆਪੋ ਆਪਣੇ ਜਥਿਆਂ ਵਿਚ ਵੰਡ ਲਿਆ ਕਰਦੇ ਸਨ। ਇਨ੍ਹਾਂ ਜਥਿਆਂ ਦੀ ਲੁੱਟ ਦੇ ਕਾਰਨ ਹੋਰ ਇਲਾਕੇਦਾਰਾਂ ਤੇ ਪਿੰਡਾਂ ਵਾਲਿਆਂ ਨੇ ਵੀ ਉਨ੍ਹਾਂ ਨੂੰ ਨਜ਼ਰਾਨਾ ਦੇਣਾ ਪ੍ਰਵਾਨ ਕੀਤਾ। ਇਸ ਪ੍ਰਵਾਨਿਤ ਨਜ਼ਰਾਨੇ ਨੂੰ ਉਸ ਸਮੇਂ ‘ਰਾਖੀ’ ਕਹਿੰਦੇ ਸਨ। ਪੰਜਾਬ ਦੇ ਇਤਿਹਾਸ ਬਾਰੇ ਉਰਦੂ ਦੀ ਇਕ ਇਤਿਹਾਸਕ ਕਿਤਾਬ ‘ਸੈਰ-ਇ-ਪੰਜਾਬ’ ਦੇ ਕਰਤਾ ਰਾਏ ਕਾਲੀ ਰਾਏ ਸਾਹਿਬ ਤੇ ਮੁਨਸ਼ੀ ਤੁਲਸੀ ਰਾਮ ਹਨ, ਜਿਨ੍ਹਾਂ ਨੇ ਅੰਗਰੇਜ਼ ਰਾਜ ਵਿਚ 1849 ਤੇ 1859 ਦੇ ਵਿਚ ਇਹ ਲਿਖੀ ਸੀ। ਇਸ ਪੁਸਤਕ ਵਿਚ ਪੰਜਾਬ ਤੇ ਉਤਰ ਪੱਛਮੀ ਭਾਰਤ ਦੇ 19ਵੀਂ ਸਦੀ ਦੇ ਮੱਧ ਕਾਲ ਦੇ ਸਮਾਜੀ ਜੀਵਨ ਦੀ ਅਜਿਹੀ ਤਸਵੀਰ ਦਿੱਤੀ ਗਈ ਹੈ, ਜੋ ਸਿਰਫ ਪ੍ਰਮਾਣਿਕ ਹੀ ਨਹੀਂ, ਸਗੋਂ ਬਹੁ-ਰੰਗੀ ਵੀ ਹੈ। ਇਕ ਹੋਰ ਪੁਸਤਕ ‘ਆਇਨ-ਇ-ਅਕਬਰੀ’ ਤੋਂ ਪਤਾ ਲਗਦਾ ਹੈ ਕਿ ਮੁਗਲ ਬਾਦਸ਼ਾਹਾਂ ਦੇ ਰਾਜ ਵਿਚ ਸਤਲੁਜ ਤੇ ਜਮਨਾ ਪਾਰ ਦੇ ਇਲਾਕੇ ਸੂਬਾ ਦਿੱਲੀ ਨਾਲ ਸਨ ਤੇ ਇਸ ਨੂੰ ‘ਸਰਕਾਰ ਸਰਹੰਦ’ ਲਿਖਿਆ ਜਾਂਦਾ ਸੀ, ਜਿਸ ਨਾਲ 33 ਪਰਗਣੇ (ਜਿਲੇ) ਸਬੰਧਿਤ ਸਨ। ਦਰਿਆ ਸਤਲੁਜ ਤੋਂ ਅਟਕ ਦਰਿਆ ਤਕ ਸੂਬਾ ਲਾਹੌਰ ਮੰਨਿਆ ਜਾਂਦਾ ਸੀ। ਜਦੋਂ ਤਕ ਮੁਗਲਾਂ ਦਾ ਰਾਜ ਪ੍ਰਬੰਧ ਠੀਕ ਠਾਕ ਚਲਦਾ ਰਿਹਾ, ਤਦੋਂ ਤਕ ਇਨ੍ਹਾਂ ਸੂਬਿਆਂ ਤੇ ਪਰਗਣਿਆਂ ਦੀਆਂ ਹੱਦਾਂ ਤੇ ਨਿਸ਼ਾਨ ਵੀ ਕਾਇਮ ਰਹੇ।
ਸੰਨ 1748 ਤੋਂ 1768 ਤੱਕ ਅਫਗਾਨ ਸ਼ਾਸ਼ਕ ਅਹਿਮਦ ਸ਼ਾਹ ਅਬਦਾਲੀ ਦੇ ਕਾਬੁਲ ਤੋਂ ਹਿੰਦੋਸਤਾਨ ਉਪਰ ਸ਼ੁਰੂ ਹੋਏ ਹਮਲਿਆਂ ਸਮੇਂ ਸਿੱਖ ਜਥਿਆਂ ਨੇ ਉਸ ਦੇ ਨੱਕ ਵਿਚ ਦਮ ਕਰ ਦਿੱਤਾ ਅਤੇ ਉਸ ਦੀ ਲੁਟਮਾਰ ਵਿਚੋਂ ਚੋਖਾ ਮਾਲ ਵੀ ਲੁੱਟਦੇ ਰਹੇ। ਸਤਲੁਜ ਦਰਿਆ ਦੇ ਪੱਛਮ ਵਾਲੇ ਇਲਾਕੇ ਨੂੰ ‘ਮਾਝਾ’ ਕਿਹਾ ਜਾਂਦਾ ਸੀ ਅਤੇ ਪੂਰਬ ਵਾਲੇ ਪਾਸੇ ਨੂੰ ‘ਮਾਲਵਾ’ ਸੱਦਿਆ ਜਾਂਦਾ ਸੀ। ਮਾਝੇ ਤੇ ਮਾਲਵੇ ਵਿਚ ਪੁਰਾਣੇ ਪਰਗਣੇ ਟੁੱਟਣ ਨਾਲ ਚੋਣਵੇਂ ਸਿੱਖ ਸਰਦਾਰਾਂ ਦੇ ਜਥਿਆਂ ਨੇ ਇਹ ਇਲਾਕੇ ਆਪਣੇ ਅਧੀਨ ਕਰਕੇ ਇਨ੍ਹਾਂ ਉਪਰ ਕਬਜਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਹੀ ‘ਕਬਜਾ-ਸਤਾਨ’ ਬਾਅਦ ਵਿਚ 13 ਧੜੱਲੇਦਾਰ ਸਿੱਖ ਮਿਸਲਾਂ ਦੀ ਬੁਨਿਆਦ ਬਣਿਆ, ਜਿਸ ਦੀਆਂ ਨੀਂਹਾਂ ਉਪਰ ਮਜ਼ਬੂਤ ਤੇ ਨਿਵੇਕਲੇ ‘ਖਾਲਸਾ ਰਾਜ’ ਦੀ ਸਥਾਪਨਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ ਲੈ ਕੇ 1839 ਤਕ ਪੰਜਾਬ ਵਿਚ ਸਿੱਖ ਮਿਸਲਾਂ ਦੇ ਬੇਖੌਫ, ਜਾਂਬਾਜ ਤੇ ਬਹਾਦੁਰ ਜਰਨੈਲਾਂ ਨਾਲ ਸੈਕੂਲਰ ਰਾਜ ਦਾ ਆਗਾਜ਼ ਕੀਤਾ ਸੀ। ਮੁਗਲ ਤੇ ਅਫਗਾਨ ਬਾਦਸ਼ਾਹਾਂ ਨੂੰ ਦੱਰਾ ਖੈਬਰ ਵਲੋਂ ਪੰਜਾਬ ਵਲ ਮੂੰਹ ਨਾ ਕਰਨ ਦਿੱਤਾ। ਪੰਜਾਬ ਵਿਚ ਦਰਿਆ ਅਟਕ ਤੋਂ ਲੈ ਕੇ ਜਮਨਾ ਦਰਿਆ ਤਕ ਵੱਖੋ ਵੱਖ ਇਲਾਕਿਆਂ ਵਿਚ ਜੋ ਨਿਰੋਲ ਸਿੱਖ ਸਰਦਾਰਾਂ ਦੀਆਂ ‘ਮਿਸਲਾਂ’ ਹੋਂਦ ਵਿਚ ਆ ਗਈਆਂ ਸਨ, ਉਹ ਸਭ ਖਾਲਸਾ ਰਾਜ ਵਿਚ ਸ਼ਾਮਲ ਹੋ ਗਈਆਂ।
ਮਿਸਲ ਆਹਲੂਵਾਲੀਆ: ਮਿਸਲ ਦੇ ਜਥੇ ਦਾ ਬਾਨੀ ਸਰਦਾਰ ਬਾਘ ਸਿੰਘ ਹੱਲੋਵਾਲੀਆ ਸੀ, ਜੋ ਸਰਦਾਰ ਜੱਸਾ ਸਿੰਘ ਦਾ ਮਾਮਾ ਸੀ। ਇਸ ਮਿਸਲ ਦਾ ਵਧੇਰੇ ਪ੍ਰਚੱਲਤ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਕਲਾਲ, ਪਿੰਡ ਆਹਲੂ ਜਿਲਾ ਲਾਹੌਰ ਹੀ ਹੋਇਆ ਹੈ, ਪਰ ਮੋਢੀ ਗੰਡਾ ਸਿੰਘ, ਸਧਾਵਾ ਸਿੰਘ, ਗੋਪਾਲ ਸਿੰਘ, ਦੇਵਾ ਸਿੰਘ, ਸਦਰ ਸਿੰਘ, ਹੁਰਬਖਸ਼ ਸਿੰਘ ਸਰਦਾਰ ਸਨ। ਸਰਦਾਰ ਜੱਸਾ ਸਿੰਘ ਸਿਰਫ ਪੰਜ ਸਾਲ ਦੇ ਸਨ, ਜਦੋ ਉਨ੍ਹਾਂ ਦੇ ਪਿਤਾ ਸਰਦਾਰ ਬਦਰ ਸਿੰਘ ਦਾ ਦਿਹਾਂਤ ਹੋ ਗਿਆ ਸੀ। ਨਵਾਬ ਕਪੂਰ ਸਿੰਘ ਨੇ ਆਪਣੇ ਹੱਥੀਂ ਸਰਦਾਰ ਜੱਸਾ ਸਿੰਘ ਨੂੰ ਅੰਮ੍ਰਿਤ ਛਕਾਈਆ ਸੀ। ਸਰਦਾਰ ਫਤਿਹ ਸਿੰਘ ਆਹਲੂਵਾਲੀਆ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ‘ਪੱਗ ਵੱਟ’ ਭਰਾ ਬਣੇ ਹੋਏ ਸਨ। ਅੰਗਰੇਜ਼ ਦੌਰ ਵਿਚ ਕਪੂਰਥਲੇ ਦਾ ਮਹਾਰਾਜਾ ਜਗਤਜੀਤ ਸਿੰਘ ਬਹੁਤ ਮਸ਼ਹੂਰ ਰਹੇ ਸਨ। ਇਲਾਕਾ ਕਪੂਰਥਲਾ, ਨਰਾਇਣਗੜ੍ਹ, ਤਲਵੰਡੀ, ਜੰਡਿਆਲਾ ਜਗਰਾਉਂ, ਕੋਟ ਈਸੇ ਖਾਂ, ਨੂਰਮਹਿਲ, ਬੁਡੰਲਾ, ਫਤਿਹਗੜ੍ਹ, ਈਸੜੂ ਤੇ ਆਲਮਪੁਰ। ਘੋੜ ਸਵਾਰ 10 ਹਜਾਰ।
ਮਿਸਲ ਭੰਗੀਆਂ: ਢਿੱਲੋਂ ਜੱਟ ਛੱਜਾ ਸਿੰਘ, ਪਿੰਡ ਪੰਜਵੜ ਦਾ ਰਹਿਣ ਵਾਲਾ ਸੀ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਅੰਮ੍ਰਿਤ ਛਕਿਆ ਸੀ। ਭੰਗਾ ਸਿੰਘ ਨੇ ਮਿਸਲ ਦੀ ਬੁਨਿਆਦ ਰੱਖੀ। ਸਰਦਾਰ ਭੀਮ ਸਿੰਘ, ਹਰੀ ਸਿੰਘ ਢਿੱਲੋਂ, ਝੰਡਾ ਸਿੰਘ, ਗੰਡਾ ਸਿੰਘ ਬੜੇ ਨਾਮੀ ਸਰਦਾਰ ਸਨ। ਸਰਦਾਰ ਛੱਜਾ ਸਿੰਘ ਨੇ ਮੁਗਲ ਦੌਰ ਵਿਚ ਇਕ ਚੰਗਾ ਧਾੜਵੀ ਜਥਾ ਬਣਾ ਲਿਆ ਸੀ। ਸਰਦਾਰ ਜਗਤ ਸਿੰਘ ਦੇ ਬਹੁਤੀ ਭੰਗ ਪੀਣ ਕਰਕੇ ਇਸ ਮਿਸਲ ਦੇ ਸਰਦਾਰਾਂ ਦੀ ਅੱਲ ਭੰਗੀ ਪੈ ਗਈ ਸੀ। ਇਹ ਮਿਸਲ ਅੰਮ੍ਰਿਤਸਰ, ਬੋਰੀਆਂ, ਦਿਆਲਗੜ੍ਹ, ਬੂੜੀਆਂ ਤੇ ਜਗਾਧਰੀ ਦੇ ਇਲਾਕੇ ਵਿਚ ਵੀ ਸੀ। ਵਡੇਰੇ ਪਿੰਡ ਪੰਜਵੜ ਦੇ ਵਾਸੀ ਸਨ। ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਦੇਸੂ ਸਿੰਘ, ਤਾਰਾ ਸਿੰਘ, ਗੁਰਬਖਸ਼ ਸਿੰਘ ਸੰਧੂ ਪਿੰਡ ਰੋੜਾਂਵਾਲਾ, ਸਾਹਿਬ ਸਿੰਘ, ਧੰਨਾ ਸਿੰਘ ਕਾਲਿਆਂਵਾਲਾ ਨਾਮੀ ਯੋਧੇ ਸਨ। ਸਿੱਖ ਪੰਥ ਦੀ ਬਹਾਦੁਰ ਸਿੰਘਣੀ ਮਾਈ ਭਾਗੋ ਵੀ ਭੰਗੀ ਮਿਸਲ ਦੇ ਖਾਨਦਾਨ ਵਿਚੋਂ ਸੀ। ਇਸ ਜਮਾਨੇ ਦੀ ਮਸ਼ਹੂਰ ਤੋਪ ਜਮਜਮਾ ਵੀ ‘ਭੰਗੀਆਂ ਦੀ ਤੋਪ’ ਦੇ ਨਾਂ ਨਾਲ ਮਸ਼ਹੂਰ ਹੋਈ, ਜੋ ਹੁਣ ਲਾਹੌਰ ਦੀ ਮਾਲ ਰੋਡ ਉਪਰ ਅਜਾਇਬ ਘਰ ਦੇ ਸਾਹਮਣੇ ਖੜ੍ਹੀ ਹੈ। ਘੋੜ ਸਵਾਰ 10 ਹਜਾਰ।
ਮਿਸਲ ਰਾਮਗੜ੍ਹੀਆ: ਇਸ ਮਿਸਲ ਦਾ ਮੋਢੀ ਸਰਦਾਰ ਹਰਦਾਸ ਸਿੰਘ, ਭਗਵਾਨ ਸਿੰਘ ਖੁਸ਼ਹਾਲ ਸਿੰਘ ਜੱਟ ਪਿੰਡ ਗੱਗੋ ਬੂਹਾ, ਜਿਲਾ ਅੰਮ੍ਰਿਤਸਰ ਦੇ ਵਾਸੀ ਸਨ। ਇਹ ਮਿਸਲ ਦਲੇਰ ਤੇ ਬਹਾਦੁਰ ਸਿੱਖ ਆਗੂ ਸਰਦਾਰ ਜੱਸਾ ਸਿੰਘ ਰਾਮਗੜ੍ਹ੍ਹੀਆ ਨਾਲ ਮਸ਼ਹੂਰ ਹੋਈ, ਜਿਸ ਦੇ ਦਾਦਾ ਹਰਦਾਸ ਸਿੰਘ, ਤਰਖਾਣ ਪਿੰਡ ਸੁਰਸਿੰਘ, ਜਿਲਾ ਲਾਹੌਰ ਦਾ ਰਹਿਣ ਵਾਲਾ ਸੀ। ਭਾਈ ਹਰਦਾਸ ਸਿੰਘ ਨੇ ਖਾਲਸਾ ਪੰਥ ਦੇ ਬਾਨੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਅੰਮ੍ਰਿਤਸਰ ਸਾਹਿਬ ਦੇ ਲਾਗੇ ਰਾਮ ਰੌਣੀ ਦੇ ਕੱਚੇ ਕਿਲੇ ਨੂੰ ਨਵੇਂ ਸਿਰਿਓਂ ਬਣਾ ਕੇ ਉਸ ਦਾ ਨਵਾ ਨਾਮ ‘ਰਾਮਗੜ੍ਹ੍ਹ’ ਰੱਖਣ ਨਾਲ ਸਾਰੇ ਸਿੱਖ ਜੱਸਾ ਸਿੰਘ ਨੂੰ ਰਾਮਗੜ੍ਹ੍ਹੀਆ ਆਖਣ ਲੱਗ ਪਏ। ਜੱਸਾ ਸਿੰਘ ਰਾਮਗੜ੍ਹੀਆ ਦੇ ਜੱਸ ਤੇ ਜਸ਼ਨਾਂ ਕਰਕੇ ਸਿੱਖਾਂ ਵਿਚ ਤਰਖਾਣ ਬਰਾਦਰੀ ਦੇ ਸਾਰੇ ‘ਤਖਾਣ ਸਿੱਖ’ ਆਪਣੇ ਆਪ ਨੂੰ ਫਖਰ ਨਾਲ ‘ਰਾਮਗੜ੍ਹੀਏ’ ਅਖਵਾਉਣ ਲੱਗ ਪਏ। ਇਲਾਕਾ ਮਿਆਣੀ, ਟਾਂਡਾ ਉੜਮੁੜ, ਮੋਘੋਵਾਲ, ਮਨੀਵਾਲ, ਮੁਕੰਦਪੁਰ, ਬਟਾਲਾ, ਝੌੜਾਂ, ਕਲਾਨੌਰ ਕਾਦੀਆਂ, ਮੱਤੇਵਾਲ, ਘੁਮਾਣ ਉਪਰ ਕਾਬਜ ਸਨ। ਅੰਬਾਲਾ ਜਿਲੇ ਦੇ ਵੀ ਕਈ ਪਿੰਡ ਇਨ੍ਹਾਂ ਦੇ ਕਬਜੇ ਵਿਚ ਸਨ। ਸ੍ਰੀ ਹਰਗੋਬਿੰਦਪੁਰ ਵਿਚ ਮਿਸਲ ਦਾ ਡੇਰਾ ਰਹਿੰਦਾ ਸੀ। ਸਰਦਾਰ ਜੋਧ ਸਿੰਘ ਰਾਮਗੜ੍ਹੀਆ, ਤਾਰਾ ਸਿੰਘ ਰਾਮਗੜ੍ਹੀਆ, ਮੰਗਲ ਸਿੰਘ ਰਾਮਗੜ੍ਹੀਆ ਵੀ ਵਡੇਰੇ ਸਨ। ਘੋੜ ਸਵਾਰ 5 ਹਜਾਰ।
ਮਿਸਲ ਕਨੱਈਆ: ਇਸ ਮਿਸਲ ਦੇ ਬਾਨੀ ਸਰਦਾਰ ਖੁਸ਼ਹਾਲ ਸਿੰਘ, ਜੈ ਸਿੰਘ ਤੇ ਤਾਰਾ ਸਿੰਘ ਸੰਧੂ ਜੱਟ ਪਿੰਡ ਕਾਹਨਾ, ਜਿਲਾ ਲਾਹੌਰ ਦੇ ਵਾਸੀ ਸਨ। ਸਰਦਾਰ ਜੈ ਸਿੰਘ ਬਹੁਤ ਸੁੰਦਰ ਸਰਦਾਰ ਸੀ, ਜਿਸ ਕਰਕੇ ਉਸ ਨੂੰ ਮਥੁਰਾ ਦੇ ਕਨ੍ਹਈਆ ‘ਕ੍ਰਿਸ਼ਨ ਭਗਵਾਨ’ ਵਾਂਗ ‘ਕਾਹਨੇ ਦਾ ਕਨ੍ਹਈਆ’ ਵੀ ਕਿਹਾ ਜਾਂਦਾ ਸੀ। ਇਲਾਕੇ ਸਤਲੁਜ ਦੇ ਦੋਹੀਂ ਪਾਸੀਂ ਅਜਨਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਬਟਾਲਾ, ਪਠਾਣਕੋਟ, ਮੁਕੇਰੀਆਂ, ਸੁਜਾਨਪੁਰ ਸਨ। ਮਿਸਲ ਕਨੱਈਆ ਦੇ ਸਰਦਾਰ ਝੰਡਾ ਸਿੰਘ, ਸਿੰਘਾ, ਹਕੀਕਤ ਸਿੰਘ, ਅਮਰ ਸਿੰਘ ਵਾਘਾ, ਅਮਰ ਸਿੰਘ ਕਿੰਗਰਾ, ਲੱਖਾ ਸਿੰਘ, ਬੁੱਧ ਸਿੰਘ ਧਰਮਕੋਟ, ਝੰਡਾ ਸਿੰਘ ਬਾਕਰਪੁਰੀਆ, ਝੰਡਾ ਸਿੰਘ ਕਰੋਹ ਬੜੇ ਸੂਰਬੀਰ ਸਰਦਾਰ ਸਨ। ਘੋੜ ਸਵਾਰ 8 ਹਜਾਰ।
ਮਿਸਲ ਨਕਈ: ਕਸਬਾ ਚੂਨੀਆਂ ਦੇ ਸੰਧੂ ਜੱਟ ਜਥੇਦਾਰ ਹੀਰਾ ਸਿੰਘ ਤੇ ਨਾਹਰ ਸਿੰਘ ਸੰਧੂ ਵਲਦ ਹੇਮਰਾਜ ਸੰਧੂ ਜੱਟ, ਵਾਸੀ ਪਿੰਡ ਬਹਿੜਵਾਲ, ਜਿਲਾ ਲਾਹੌਰ ਦੇ ਸਨ। ਇਲਾਕਾ ‘ਨੱਕਾ’ ਦੇ ਨਾਂ ਉਪਰ ਨਕਈ ਮਿਸਲ ਦੇ ਮੁਖੀ ਵਜੋਂ ਜਾਣੇ ਜਾਂਦੇ ਸਨ। ਸਰਦਾਰ ਰਣ ਸਿੰਘ ਮਿਸਲ ਦਾ ਸਭ ਤੋਂ ਤਾਕਤਵਰ ਸਰਦਾਰ ਹੋ ਬੀਤਿਆ ਹੈ। ਇਹ ਮਿਸਲ ਨਕਈ ਸਭ ਤੋਂ ਛੋਟੀ ਸੀ। ਸਰਦਾਰ ਰਣ ਸਿੰਘ, ਖਜਾਨ ਸਿੰਘ, ਭਗਵਾਨ ਸਿੰਘ, ਗਿਆਨ ਸਿੰਘ, ਚਤਰ ਸਿੰਘ, ਰਣਜੋਧ ਸਿੰਘ, ਹੁਕਮ ਸਿੰਘ ਵੀ ਨਾਮੀ ਨਕਈ ਹੋਏ ਹਨ। ਕਾਬਜ ਇਲਾਕਾ ਚੂਣੀਆਂ, ਖੇਮਕਰਨ, ਖੁਡੀਆਂ, ਗੋਗੇਰਾ, ਦਿਪਾਲਪੁਰ, ਉਕਾੜਾ, ਛਾਗਾ ਮਾਂਗਾ, ਸ਼ੇਰਗੜ੍ਹ, ਕਮਾਲੀਆ ਤੇ ਸ਼ਕਰਪੁਰ ਸਨ। ਘੋੜ ਸਵਾਰ 7 ਹਜਾਰ।
ਮਿਸਲ ਡੱਲੇਵਾਲੀਆ: ਇਸ ਮਿਸਲ ਦਾ ਲਾਣੇਦਾਰ ਸਰਦਾਰ ਗੁਲਾਬ ਸਿੰਘ ਰਾਠੌਰ ਰਾਜਪੂਤ, ਖੱਤਰੀ ਪਿੰਡ ਡੱਲੇਵਾਲ, ਜਿਲਾ ਜਲੰਧਰ ਵਾਲਾ ਸੀ। ਤਾਰਾ ਸਿੰਘ ਘੇਬਾ, ਦਸੌਧਾ ਸਿੰਘ, ਝੰਡਾ ਸਿੰਘ, ਗੁਜਰ ਸਿੰਘ, ਜਗਤ ਸਿੰਘ, ਲਹਿਣਾ ਸਿੰਘ, ਠਾਕਰ ਸਿੰਘ, ਖਜਾਨ ਸਿੰਘ ਦਾ ਨਾਂ ਵੀ ਮਿਸਲ ਡੱਲੇਵਾਲੀਆ ਵਿਚ ਸੀ। ਸਰਦਾਰ ਤਾਰਾ ਸਿੰਘ ਘੇਬਾ ਆਪਣੀ ਪਰਜਾ ਵਾਸਤੇ ਬੜਾ ਰਹਿਮ ਦਿਲ ਤੇ ਦਾਨੀ ਸੀ। ਗਰੀਬਾਂ ਵਾਸਤੇ ਉਹ ਹਮੇਸ਼ਾ ਸਦਾ-ਵਰਤ ਲਾਈ ਰੱਖਦਾ ਸੀ। ਰਾਹੋ ਮਿਸਲ ਦਾ ਡੇਰਾ-ਡੰਡਾ ਸੀ। ਇਲਾਕਾਦਾਰ ਦਰਿਆ ਸਤਲੁਜ ਦੇ ਦੋਹੀਂ ਪਾਸੀਂ ਰਾਹੋਂ, ਮਹਤਪੁਰ, ਨਕੋਦਰ, ਤੱਲਵਣ, ਸਰਾਏ ਦੱਖਣੀ, ਨਵਾਂ ਸ਼ਹਿਰ, ਫਿਲੌਰ, ਮੁਸਤਫਾਬਾਦ, ਥਾਨੇਸਰ ਤੇ ਰੋਪੜ ਸਨ। ਘੋੜ ਸਵਾਰ 5 ਹਜਾਰ।
ਮਿਸਲ ਸਿੰਘਪੁਰੀਆਂ: ਸਰਦਾਰ ਦਲੀਪ ਸਿੰਘ ਤੇ ਸਰਦਾਰ ਦਾਨ ਸਿੰਘ ਦੀ ਔਲਾਦ ਜਥੇਦਾਰ ਨਵਾਬ ਕਪੂਰ ਸਿੰਘ ਤੇ ਸਰਦਾਰ ਖੁਸ਼ਹਾਲ ਸਿੰਘ, ਵਿਰਕ ਜੱਟ, ਪਿੰਡ ਫੈਜੁਲਾਪੁਰ (ਜਿਸ ਦਾ ਨਾਂ ਸਿੰਘਾਂ ਨੇ ‘ਸਿੰਘਪੁਰਾ’ ਕਰ ਦਿੱਤਾ ਸੀ), ਜਿਲਾ ਅੰਮ੍ਰਿਤਸਰ, ਸਿੰਘਪੁਰੀਆਂ ਮਿਸਲ ਦੇ ਪ੍ਰਮੁੱਖ ਕਰਤਾ ਧਰਤਾ ਸਨ। ਸਰਦਾਰ ਬੁੱਧ ਸਿੰਘ, ਸਾਧੂ ਸਿੰਘ, ਅਮਰ ਸਿੰਘ, ਲਾਲ ਸਿੰਘ, ਦਿਆਲ ਸਿੰਘ ਵੀ ਮਿਸਲ ਵਿਚ ਸ਼ਾਮਲ ਸਨ। ਸਰਦਾਰ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਸਰਦਾਰ ਬੁੱਧ ਸਿੰਘ ਸਿੰਘਪੁਰੀਆਂ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਜੋਟੀਦਾਰ ਰਿਹਾ, ਪਰ ਪਿਛੋਂ ਥੋੜ੍ਹਾ ਬਾਗੀ ਹੋ ਗਿਆ ਸੀ। ਮਿਸਲ ਸਿੰਘਪੁਰੀਆਂ ਦੇ ਸਰਦਾਰ ਅਬੋਹਰ, ਆਦਮਪੁਰ, ਛੱਤ, ਬਨੂੜ, ਘਨੌਲੀ, ਭਰਤਗੜ੍ਹ, ਚੂੰਨੀ ਮੱਛਲੀ, ਬੰਗਾ, ਬੇਲਾ ਵਿਚ ਇਲਾਕੇਦਾਰ ਸਨ। ਘੋੜ ਸਵਾਰ 5 ਹਜਾਰ।
ਮਿਸਲ ਸ਼ਹੀਦਾਂ: ਸੰਧੂ ਜੱਟ ਤੇ ਬੈਨੀਪਾਲ ਸਰਦਾਰਾਂ ਦੀ ਮਿਸਲ ਸ਼ਹੀਦਾਂ ਦਾ ਬਾਨੀ ਸਰਦਾਰ ਕਰਮ ਸਿੰਘ ਸੀ, ਪਰ ਮਸ਼ਹੂਰ ਬਾਬਾ ਦੀਪ ਸਿੰਘ ਸ਼ਹੀਦ, ਪਿੰਡ ਪਹੂਵਿੰਡ, ਜਿਲਾ ਲਾਹੌਰ ਦੇ ਨਾਮ ਨਾਲ ਹੋਈ। ਸਰਦਾਰ ਕਰਮ ਸਿੰਘ ਸੰਧੂ ਜੱਟ ਮਿਸਲ ਸ਼ਹੀਦਾਂ ਦਾ ਸਭ ਤੋਂ ਨਾਮਵਰ ਸਰਦਾਰ ਹੋਇਆ ਹੈ, ਜੋ ਵੱਡੇ ਘੱਲੂਘਾਰੇ ਵਿਚ ਬਹੁਤ ਬਹਾਦਰੀ ਨਾਲ ਲੜਿਆ ਸੀ। ਸੰਨ 1774 ਵਿਚ ਸਰਦਾਰ ਕਰਮ ਸਿੰਘ ਸ਼ਹੀਦ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਥੇਦਾਰੀ ਥੱਲੇ ਦਿੱਲੀ ਸ਼ਾਹਦਰਾ ਵੀ ਲੁੱਟਿਆ ਸੀ। ਇਲਾਕਾ ਤਲਵੰਡੀ ਸਾਬੋ ਤੇ ਅੰਬਾਲਾ ਦਾ ਉਤਰੀ ਹਿੱਸਾ ਪੰਚਕੂਲਾ ਇਨ੍ਹਾਂ ਅਧੀਨ ਸੀ। ਘੋੜਸਵਾਰ 5 ਹਜਾਰ।
ਮਿਸਲ ਕਰੋੜਾ ਸਿੰਘੀਆਂ: ਇਸ ਮਿਸਲ ਦਾ ਮੋਢੀ ਸਰਦਾਰ ਸ਼ਾਮ ਸਿੰਘ ਜੱਟ, ਪਿੰਡ ਨਾਰਲੀ, ਜਿਲਾ ਲਾਹੌਰ ਦਾ ਸੀ, ਜੋ ਨਾਦਰ ਸ਼ਾਹ ਦੀ ਫੌਜ ਨਾਲ ਲੜਾਈ ਵਿਚ ਸ਼ਹੀਦ ਹੋ ਗਿਆ ਸੀ। ਇਸ ਮਿਸਲ ਨੂੰ ਪੈਜਗੜ੍ਹੀਆ ਕਰਕੇ ਵੀ ਜਾਣਿਆ ਜਾਂਦਾ ਸੀ। ਜਥੇਦਾਰ ਕਰੋੜਾ ਸਿੰਘ ਪਿੰਡ ਪੈਜਗੜ੍ਹ, ਜਿਲਾ ਗੁਰਦਾਸਪੁਰ ਮਿਸਲ ਦਾ ਜਥੇਦਾਰ ਬਣਿਆ ਸੀ ਅਤੇ ਇਸ ਦੇ ਨਾਂ ਨਾਲ ਹੀ ਮਿਸਲ ਕਰੋੜ ਸਿੰਘੀਆਂ ਮਸ਼ਹੂਰ ਹੋਈ। ਧਾਲੀਵਾਲ ਜੱਟ ਸਰਦਾਰ ਕਰੋੜਾ ਸਿੰਘ ਬੜਾ ਦਲੇਰ ਤੇ ਤਲਵਾਰੀਆ ਸਰਦਾਰ ਸੀ। ਸਰਦਾਰ ਬਘੇਲ ਸਿੰਘ ਧਾਲੀਵਾਲ, ਗੁਰਬਖਸ਼ ਸਿੰਘ ਸੰਧੂ, ਕਰਮ ਸਿੰਘ, ਦੁਲਚਾ ਸਿੰਘ, ਭਾਗ ਸਿੰਘ, ਦੀਵਾਨ ਸਿੰਘ, ਮੋਹਰ ਸਿੰਘ ਇਸ ਦੇ ਖਾਸ ਸਾਥੀ ਸਨ। ਮਾਰਚ 1783 ਵਿਚ ਸਰਦਾਰ ਬਘੇਲ ਸਿੰਘ ਧਾਲੀਵਾਲ ਦੀ ਜਥੇਦਾਰੀ ਥੱਲੇ ਸਿੰਘਾਂ ਨੇ ਦਿੱਲੀ ਉਪਰ ਕਬਜਾ ਕਰ ਲਿਆ ਤਾਂ ਮੁਗਲ ਬਾਦਸ਼ਾਹ ਸ਼ਾਹ ਆਲਮ (ਦੂਜਾ) ਨੇ ਤਿੰਨ ਲੱਖ ਰੁਪਏ ਦਾ ਨਜ਼ਰਾਨਾ ਦੇ ਕੇ ਸੁਲ੍ਹਾ ਕਰ ਲਈ ਸੀ। ਗਦੌਲੀ, ਸਢੌਰਾ, ਛਛਰੌਲੀ, ਸ਼ਾਮਚੁਰਾਸੀ, ਬਿਲਾਸਪੁਰ, ਚੜਿਕ, ਕਨੌੜੀ, ਗਰਜਾ, ਹੁਸਿ਼ਆਰਪੁਰ, ਛਲੌਦੀ, ਜੈਨਪੁਰ, ਧਨੌੜਾ, ਭੇੜੀ ਤੇ ਹਰਿਆਣਾ ਦੇ ਇਲਾਕੇ ਦੇ ਕਾਬਜ ਸਨ। ਘੋੜ ਸਵਾਰ 10 ਹਜਾਰ।
ਮਿਸਲ ਨਸ਼ਾਨਾਂ: ਇਸ ਮਿਸਲ ਦਾ ਬਾਨੀ ਸਰਦਾਰ ਦਸੌਧਾ ਸਿੰਘ ਪੁੱਤਰ ਚੌਧਰੀ ਸਾਹਿਬ ਸਿੰਘ, ਗਿੱਲ ਜੱਟ, ਪਿੰਡ ਮਨਸੂਰ, ਜਿਲਾ ਫਿਰੋਜ਼ਪੁਰ ਸੀ। ਸਰਦਾਰ ਦਸੌਧਾ ਸਿੰਘ ਦਾ ਜਥਾ ਦਲ ਖਾਲਸੇ ਦੇ ਅੱਗੇ ਨਿਸ਼ਾਨ ਸਾਹਿਬ (ਕੇਸਰੀ ਝੰਡਾ) ਲੈ ਕੇ ਚਲਿਆ ਕਰਦਾ ਸੀ, ਜਿਸ ਕਰਕੇ ਜਥੇ ਦਾ ਨਾਮ ਨਸ਼ਾਨਾਂ ਵਾਲੀ ਮਿਸਲ ਪੈ ਗਿਆ ਸੀ। ਇਲਾਕੇ ਪੰਜਖੋਰ, ਥਿੜਵਾ, ਖੇੜੀ, ਸ਼ਾਹਬਾਦ, ਸਰਾਏ ਲਸ਼ਕਰੀ ਖਾਂ, ਸਾਹਨੇਵਾਲ, ਦੋਰਾਹਾ, ਜੀਰਾ, ਮਨਸੂਰਵਾਲ ਵਿਚ ਸਨ। ਅੰਬਾਲਾ ਮਿਸਲ ਦੀ ਰਾਜਧਾਨੀ ਸੀ। ਸਰਦਾਰ ਸੰਗਤ ਸਿੰਘ, ਮਿਹਰ ਸਿੰਘ, ਕਪੂਰ ਸਿੰਘ, ਅਨੂਪ ਸਿੰਘ, ਫਤਿਹ ਸਿੰਘ ਮਿਸਲ ਨਸ਼ਾਨਾਂ ਵਾਲੀ ਘਰਾਣੇ ਦੇ ਸਰਦਾਰ ਸਨ। ਘੋੜ ਸਵਾਰ 2 ਹਜਾਰ।
ਮਿਸਲ ਕਲਸੀਆ: ਇਸ ਮਿਸਲ ਦਾ ਬਾਨੀ ਸਰਦਾਰ ਗੁਰਬਖਸ਼ ਸਿੰਘ ਪਿੰਡ ਕਲਸੀਆਂ, ਪਰਗਣਾ ਪੱਟੀ, ਜਿਲਾ ਲਾਹੌਰ ਦਾ ਰਹਿਣ ਵਾਲਾ ਸੀ। ਸਰਦਾਰ ਜੋਧ ਸਿੰਘ, ਸਰਦਾਰ ਸੋਭਾ ਸਿੰਘ, ਹਰੀ ਸਿੰਘ, ਬਿਸ਼ਨ ਸਿੰਘ, ਜਗਜੀਤ ਸਿੰਘ ਤੇ ਆਖਰੀ ਰਾਜਾ ਕਰਨਸ਼ੇਰ ਸਿੰਘ ਹੋਏ ਹਨ। ਬੱਸੀ, ਛੱਛਰੌਲੀ, ਇਲਾਕਾ ਸਢੌਰਾ, ਜਹਾਲੀਆਂ ਤੇ ਬਿਲਾਸਪੁਰ ਵਿਚ ਕਾਬਜ ਸਨ। ਅੰਗਰੇਜ਼ ਸਰਕਾਰ ਦੇ ਇਹ ਸਿੱਖ ਸਰਦਾਰ ਬਹੁਤ ਵਫਾਦਾਰ ਰਹੇ। ਸਿੱਖਾਂ ਦੀਆਂ ਦੋਹਾਂ ਲੜਾਈਆਂ ਵਿਚ ਇਨ੍ਹਾਂ ਨੇ ਬੇਝਿਜਕ ਅੰਗਰੇਜ਼ਾਂ ਦੀ ਤਰਫਦਾਰੀ ਕੀਤੀ ਸੀ।
ਮਿਸਲ ਸੁਕਰਚੱਕੀਆ: ਸੰਧਾਵਾਲੀਆ ਜੱਟਾਂ ਦਾ ਘਰਾਣਾ ਸਰਦਾਰ ਬੁੱਢਾ ਸਿੰਘ, ਨੌਧ ਸਿੰਘ ਤੇ ਚੜ੍ਹਤ ਸਿੰਘ ਮਿਸਲ ਦੇ ਮੋਢੀ ਸਨ, ਜੋ ਪੰਜਾਬ ਦੇ ਬਾਦਸ਼ਾਹ, ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਸੀ। ਰਣਜੀਤ ਸਿੰਘ ਦੀ 12 ਕੁ ਸਾਲ ਦੀ ਛੋਟੀ ਉਮਰ ਵਿਚ ਉਸ ਦਾ ਪਿਉ ਸਰਦਾਰ ਚੜ੍ਹਤ ਸਿੰਘ 27 ਸਾਲ ਦੀ ਭਰ ਜੁਆਨ ਉਮਰ ਵਿਚ ਇਕ ਲੜਾਈ ਵਿਚ ਸ਼ਹੀਦੀ ਪਾ ਗਿਆ ਸੀ। ਅਫਗਾਨ ਬਾਦਸ਼ਾਹ ਸ਼ਾਹ ਜਮਾਨ ਨੂੰ ਲਾਹੌਰ ਦੇ ਕਿਲੇ ਉਪਰ ਵੰਗਾਰਨ ਵਾਲਾ ਨੌਜਵਾਨ ਸਰਦਾਰ ਰਣਜੀਤ ਸਿੰਘ ਹੀ ਸੀ। ਇਲਾਕਾ ਗੁਜਰਾਂਵਾਲਾ ਸੀ, ਪਰ ਬਾਅਦ ਵਿਚ ਸਾਰੇ ਪੰਜਾਬ ਦਾ ਬਾਦਸ਼ਾਹ ਬਣਿਆ ਸੀ। ਖੜਕ ਸਿੰਘ, ਸ਼ੇਰ ਸਿੰਘ, ਨੌਨਿਹਾਲ ਸਿੰਘ, ਦਲੀਪ ਸਿੰਘ ਵਾਰਿਸ ਸਨ। ਹਿੰਦੋਸਤਾਨ ਦੀ ਅੰਗਰੇਜ਼ ਸਰਕਾਰ ਵੀ ਪੰਜਾਬ ਦੇ ਇਸ ਬਹਾਦੁਰ ਤੇ ਸ਼ਕਤੀਸ਼ਾਲੀ ਮਹਰਾਜੇ ਕੋਲੋਂ ਭੈਅ ਖਾਂਦੀ ਸੀ। ਘੋੜ ਸਵਾਰ 75 ਹਜਾਰ।
ਮਿਸਲ ਫੂਲਕੀਆਂ: ਰਿਆਸਤ ਪਟਿਆਲਾ ਦਾ ਬਾਨੀ ਸਿੱਧੂ ਬਰਾੜ ਜੱਟ, ਬਾਬਾ ਆਲਾ ਸਿੰਘ ਸਨ। ਮਿਸਲ ਦੇ ਵਡੇਰੇ ਭੱਟੀ ਰਾਜਪੂਤ ਰਾਜਾ ਜੈਸਲਮੇਰ ਦੀ ਔਲਾਦ ਵਿਚੋਂ ਹੇਮ ਮਲ, ਜਾਂਦ ਰਾਉ, ਬਾਤੀ ਰਾਉ, ਮੰਗਲ ਰਾਉ, ਆਨੰਦ ਰਾਉ, ਖੀਵਾ, ਸਿੱਧ, ਬੂੜ, ਮਾਹੀ, ਮੇਹਰਾ, ਬਰਾੜ, ਮਹਿਰਾਜ, ਸੰਘਰ, ਫੁਲ, ਰਾਘੂ, ਚੰਨੂ, ਝੰਡੂ ਤੇ ਆਲਾ ਸਿੰਘ ਤਕ ਸਨ। ਅੱਗੇ ਚੱਲ ਕੇ ਅਮਰ ਸਿੰਘ, ਸਾਹਿਬ ਸਿੰਘ, ਹਮੀਰ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਰਾਜਿੰਦਰ ਸਿੰਘ, ਭੁਪਿੰਦਰ ਸਿੰਘ, ਯਾਦਵਿੰਦਰ ਸਿੰਘ, ਅਮਰਿੰਦਰ ਸਿੰਘ ਇਲਾਕਾ ਰਿਆਸਤ ਪਟਿਆਲਾ ਦੇ ਵਾਰਿਸ ਹੋਏ। ਨਾਭਾ, ਫਰੀਦਕੋਟ, ਜੀਂਦ ਰਿਆਸਤਾਂ ਦੇ ਵਾਰਿਸ ਵੀ ਫੂਲਕੀਆ ਬੰਸ ਵਿਚੋਂ ਸਨ।
ਅੰਗਰੇਜ਼ ਇਤਿਹਾਸਕਾਰ ‘ਗਿਰਫਨ’ ਵਰਣਨ ਕਰਦਾ ਹੈ ਕਿ ਜੇ ਰਾਜਾ ਅਮਰ ਸਿੰਘ (ਜੋ 35 ਸਾਲ ਦੀ ਭਰਪੂਰ ਜਵਾਨੀ ਵਿਚ ਸੁਰਗਵਾਸ ਹੋ ਗਿਆ ਸੀ), ਕੁਝ ਵਰ੍ਹੇ ਹੋਰ ਜਿਊਂਦਾ ਰਹਿੰਦਾ ਤਾਂ ਮਾਲਵੇ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਇਕ ਮਜ਼ਬੂਤ ਬਾਦਸ਼ਾਹੀ ਵਿਚ ਬਦਲ ਸਕਦੀਆਂ ਸਨ। ਜਿਹੜੀ ਬਾਦਸ਼ਾਹੀ ਇਕ ਪਾਸੇ ‘ਲਾਹੌਰ ਦਰਬਾਰ’ ਤੇ ਦੂਜੇ ਪਾਸੇ ਅੰਗਰੇਜ਼ ਸਰਕਾਰ ਤੋਂ ਬਿਲਕੁਲ ਸੁਤੰਤਰ ਹੁੰਦੀ। 1947 ਵਿਚ ਭਾਰਤ ਦੀ ਆਜ਼ਾਦੀ ਸਮੇਂ ਅੰਗਰੇਜ਼ ਸਰਕਾਰ ਨੇ ਵੀ ਮੁਲਕ ਛੱਡਣ ਲੱਗਿਆਂ ਹਿੰਦੋਸਤਾਨ ਦੇ ਟੁਕੜੇ ਟੁਕੜੇ ਕਰਕੇ ਜਿਥੇ ਪਾਕਿਸਤਾਨ ਬਣਾ ਦਿੱਤਾ ਸੀ, ਉਥੇ ਦੇਸੀ ਰਿਆਸਤਾਂ ਨੂੰ ਵੀ ਸ਼ਹਿ ਦਿੱਤੀ ਸੀ ਕਿ ਉਹ ਚਾਹੁਣ ਤਾਂ ਵੱਖਰੀ ਖੁਦਮੁਖਤਿਆਰ ਯੂਨੀਅਨ ਬਣਾ ਲੈਣ। ਪੰਜਾਬ ਸੂਬੇ ਦੀਆਂ ਕਈ ਦੇਸੀ ਰਿਆਸਤਾਂ ਦੇ ਰਾਜੇ ਇਸ ਦੇ ਹੱਕ ਵਿਚ ਸਨ। ਜੇ ਵਾਲੀਏ ਰਿਆਸਤ ਪਟਿਆਲਾ, ਮਹਾਰਾਜਾ ਯਾਦਵਿੰਦਰ ਸਿੰਘ ਪੈਰ ਲਾਉਂਦੇ ਤਾਂ ਅੰਗਰੇਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਮਹਾਰਾਜਾ ਦਲੀਪ ਸਿੰਘ ਤੋਂ ਖੋਹਿਆ ‘ਪੂਰੇ ਸਿੱਖ ਰਾਜ ਵਾਲਾ ਪੰਜਾਬ’ ਦੇਣ ਲਈ ਤਿਆਰ ਬੈਠੇ ਸਨ। ਅੱਜ ਸਿੱਖ ਕੌਮ ਦਾ ਵੱਖਰਾ ਰਾਜ ਤੇ ਦੇਸ਼ ‘ਪੰਜਾਬ’ ਹੋਣਾ ਸੀ। ਘੋੜ ਸਵਾਰ 5 ਹਜਾਰ।