ਕਬੱਡੀ ਖਿਡਾਰੀ ਜੋਤਾ ਸਭਰਾਵਾਂ
ਇਕਬਾਲ ਸਿੰਘ ਜੱਬੋਵਾਲੀਆ
ਜੁਆਨ ਜੋਤੇ ਨੇ ਸੰਨ 1960-62 `ਚ ਕਬੱਡੀ ਖੇਡਣੀ ਸ਼ੁਰੂ ਕੀਤੀ। ਮੱਝਾਂ ਚਾਰਦੇ ਮਗਰ ਭੱਜਦਿਆਂ, ਪਾਣੀ `ਚ ਤਰਦਿਆਂ ਹਰ ਵਕਤ ਕਬੱਡੀ ਦਾ ਭੂਤ ਸਵਾਰ ਰਹਿੰਦਾ। ਗੁਆਂਢੀ ਪਿੰਡਾਂ ਦੇ ਮਹਿੰਦਰ ਮੰਮਣਕੇ ਦੇ ਬਾਬਾ ਸਾਧ ਦੀ ਕਬੱਡੀ ਦਾ ਜੋਤਾ ਬੜਾ ਕਾਇਲ ਸੀ। ਸ਼ੂਰੂ ਵਿਚ ਜੋਤੇ ਨੇ ਢੇਰੀ, ਝਾਕਾ, ਪੰਜਾਬ ਸਟਾਇਲ, `ਕੱਲੇ ਨੂੰ `ਕੱਲਾ ਪੈਣਾ। ਢੇਰੀ (ਚਪੇੜਾਂ ਮਾਰਨ ਵਾਲੀ) ਦੀ ਕਬੱਡੀ ਸਿਰਫ ਪੱਟੀ ਇਲਾਕੇ ਵਿਚ ਚਲਦੀ ਸੀ। ਪੰਜਾਬ ਸਟਾਇਲ ਵਿਚ ਵੀ ਜ਼ਬਰਦਸਤ ਖੇਡਦਾ, ਦੋਵੇਂ ਪਾਸੇ ਚਲਦਾ। ਜੇ ਰੇਡਰ ਤਕੜਾ ਹੋਵੇ ਤਾਂ ਜਾਫੀ ਖੜ੍ਹ ਜਾਂਦਾ, ਅਗਰ ਜਾਫੀ ਤਕੜਾ ਹੋਵੇ ਤਾਂ ਸਾਹ ਪਾਉਣ ਲੱਗਦਾ।
ਬਾਈ ਸਾਲ ਲਗਾਤਾਰ ਕਬੱਡੀ ਖੇਡੀ ਤੇ ਇਲਾਕੇ ‘ਚ ਜੋਤੇ ਨਾਂ ਦੀ ਧੁੰਮ ਮਚਾਈ। ਸੰਨ 1965 ‘ਚ ਉਹਦੇ ਸੱਟ ਲੱਗ ਗਈ ਸੀ। ਉਦੋਂ ਕਪੂਰਥਲਾ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਕਬੱਡੀ ਦੇ ਮੰਨੇ-ਪ੍ਰਮੰਨੇ ਜਿਲੇ ਸਨ। ਲਗਾਤਾਰ 16-17 ਸਾਲ ਬਲਾਕਾਂ ਦੇ ਮੈਚ ਜਿੱਤੇ। ਰਈਏ, ਬਾਬਾ ਬਕਾਲਾ ਬੜੇ ਮੈਚ ਖੇਡੇ। ਉਨ੍ਹਾਂ ਸਮਿਆਂ ‘ਚ ਟਰਾਫੀ ਦੇ ਦਿੱਤੀ ਜਾਂਦੀ, ਨਕਦ ਇਨਾਮ ਦੇਣ ਦਾ ਰਿਵਾਜ਼ ਨਹੀਂ ਸੀ ਹੁੰਦਾ। ਕਦੇ ਕਦਾਈਂ ਦਰਸ਼ਕ ਇਕ-ਇਕ, ਦੋ-ਦੋ ਰੁਪਏ ਮਾਣ ਨਾਲ ਦੇ ਦਿੰਦੇ। ਪੰਚਾਇਤਾਂ ਥੋੜ੍ਹਾ ਬਹੁਤ ਖਰਚਾ-ਪਾਣੀ ਦੇ ਦਿੰਦੀਆਂ, ਜਿਸ ਨਾਲ ਕਿਰਾਇਆ-ਭਾੜਾ ਪੂਰਾ ਹੋ ਜਾਂਦਾ। ਖਿਡਾਰੀਆਂ ਦੇ ਹਿੱਸੇ ਦੋ-ਦੋ ਰੁਪਏ ਆ ਜਾਂਦੇ।
ਪੰਜ ਸਾਲ ਮਾਝੇ ਇਲਾਕੇ ‘ਚ ਖੇਡਿਆ। ਉਹਦੇ ਮੈਚ ਵੇਖਣ ਲਈ ਦੂਰੋਂ-ਦੂਰੋਂ ਲੋਕ ਆਉਂਦੇ। ਤਲਵੰਡੀ ਸਾਬੋ ਵਾਲੇ ਇਕ ਵਾਰ ਖੇਡਣ ਲਈ ਰਾਤੋ-ਰਾਤ ਲੈ ਗਏ। ਸਵੇਰੇ ਉਠਦਿਆਂ ਲੋਕਾਂ ਨੂੰ ਪਤਾ ਲੱਗਾ ਤਾਂ ਸਾਰੇ ਪਾਸੇ ‘ਜੋਤਾ ਆ ਗਿਆ, ਜੋਤਾ ਆ ਗਿਆ’ ਹੋ ਗਈ। ਮੈਚ ਵੇਖਣ ਲਈ ਲੋਕ ਉਤਾਵਲੇ ਹੁੰਦੇ। ਇਕ ਵਾਰ ਫਿਰੋਜ਼ਪੁਰ ਨੂੰ ਜਿੱਤ ਕੇ ਸਿੱਧਾ ਫਾਈਨਲ ਵਿਚ ਜਾ ਪਹੁੰਚੇ। ਪੰਚਾਇਤਾਂ ਖੁਸ਼ ਹੋ ਕੇ ਸੌ-ਪੰਜਾਹ ਦੇ ਦਿੰਦੀਆਂ ਤਾਂ ਮੁਕਦੇ ਨਹੀਂ ਸਨ। ਪੰਜ ਰੁਪਏ ਕਿਲੋ ਘਿਉ ਹੁੰਦਾ ਸੀ। ਲਵੇਰਾ ਘਰੇ ਵਾਧੂ ਸੀ। ਮੁਲ ਦਾ ਘਿਉ ਬੜਾ ਘੱਟ ਲਿਆ।
ਫਿਰੋਜ਼ਪੁਰ, ਅੰਮ੍ਰਿਤਸਰ, ਬਠਿੰਡਾ ਸਭ ਤੋਂ ਵੱਧ ਖੇਡਿਆ। ਰੋਹਤਕ, ਜੀਂਦ, ਹਰਿਆਣੇ ਮੈਚ ਖੇਡੇ। ਲਾਹੌਰੀਏ ਵੀ ਖੇਡਣ ਲੈ ਜਾਂਦੇ। ਤਿੰਨ-ਤਿੰਨ, ਚਾਰ-ਚਾਰ ਦਿਨ ਉਧਰ ਖੇਡਣ ਗਿਆਂ ਦੇ ਲੱਗ ਜਾਂਦੇ। ਰੋਟੀ-ਪਾਣੀ ਦੀ ਬੜੀ ਸੇਵਾ ਕਰਦੇ। ਪਹਿਲਾਂ ਉਹ ਜਾਫੀ ਖੇਡਦਾ ਹੁੰਦਾ ਸੀ, ਫਿਰ ਰੇਡਰ ਬਣ ਗਿਆ। ਉਹਦਾ ਭਾਰ 75-76 ਕਿਲੋਗ੍ਰਾਮ ਦੇ ਲਗਪਗ ਰਿਹੈ। ਸਰੀਰ ਵਿਚ ਵਾਹਵਾ ਜਾਨ ਤੇ ਫੁਰਤੀ ਸੀ। ਬਾਹਾਂ ‘ਚ ਜਾਨ ਪਾਉਣ ਲਈ ਟੋਕੇ ਵਾਲੀ ਮਸ਼ੀਨ ਨਾਲ ਹੱਥੀਂ ਪੱਠੇ ਕੁਤਰਦਾ। ਬਾਹਾਂ ਦਾ ਜੋਰ ਲੱਗ ਜਾਂਦਾ, ਡੰਡ ਮਾਰਨ ਦੀ ਲੋੜ ਨਾ ਰਹਿੰਦੀ। ਥੋੜੇ੍ਹ ਬਹੁਤ ਸ਼ੌਕੀਆ ਕੱਢ ਵੀ ਲੈਂਦਾ। ਦਮ ਪਕਾਉਣ ਲਈ ਵਾਹੇ ਖੇਤਾਂ ‘ਚ ਭੱਜਦਾ ਰਹਿੰਦਾ।
ਉਹਦੀ ਚੰਗੀ ਗੇਮ ਕਰਕੇ ਹਰ ਮਹਿਕਮਾ ਨੌਕਰੀ ਲਈ ਬੁਲਾਵਾ ਭੇਜਦਾ, ਪਰ ਉਹ ਘਰ ਦੀ ਖੇਤੀ ਹੱਥੀਂ ਕਰਨੀ ਪਸੰਦ ਕਰਦਾ ਸੀ। ਜੇ ਉਹ ਨੌਕਰੀ ਕਰਦਾ ਤਾਂ ਇਕੋ ਟੱਕ ਘਰ ਦੀ 14-15 ਕਿੱਲਿਆਂ ਦੀ ਖੇਤੀ ਨਹੀਂ ਸੀ ਕਰ ਸਕਦਾ। ਕਬੱਡੀ ਤੋਂ ਬੜਾ ਕੁਝ ਖੱਟਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਤਾਪ ਸਿੰਘ ਕੈਰੋਂ ਨੇ ਨਵੀਂ ਪਨੀਰੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਈ ਨਵੇਂ ਕਾਨੂੰਨ ਲਾਗੂ ਕੀਤੇ ਸਨ। ਹਰ ਹਾਲਤ ਉਹ ਕਬੱਡੀ ਦੀ ਪ੍ਰਫੁਲਤਾ ਚਾਹੁੰਦਾ ਸੀ। ਉਦੋਂ ਪੈਸੇ ਘੱਟ ਦਿੱਤੇ ਜਾਂਦੇ ਸਨ, ਪਰ ਸ਼ੀਲਡਾਂ ਜਰੂਰ ਦਿੱਤੀਆਂ ਜਾਂਦੀਆਂ ਸਨ, ਜੋ ਘਰਾਂ ਦੀਆਂ ਸ਼ਿੰਗਾਰ ਬਣਦੀਆਂ ਸਨ।
ਪੁਰਾਣੇ ਖਿਡਾਰੀਆਂ ‘ਚ ਸਰਬਣ ਸਿੰਘ ਬੱਲ, ਪ੍ਰੀਤਾ, ਰਤਨ ਟਿੱਬਾ, ਮਹਿੰਦਰ ਮੰਮਣਕੇ, ਸੂਬਾ ਖਾਰੇ ਦਾ, ਸੱਤਾ ਰਈਆ, ਜੀਤਾ ਸਿਪਾਹੀ, ਸਵਰਨਾ ਫੱਤਿਆਂ ਦਾ, ਗੱਜਣ ਦੁੱਗਰੀ, ਚੂਸੜੇ ਵਾਲਾ ਬੰਸਾ, ਜਰਨੈਲ, ਦਿਆਲ ਨਾੜੀ, ਨੇਜਾ ਮਨਾਵਾਂ ਤੇ ‘ਗੁੱਟ ਦਾ ਪੀਰ’ ਵਜੋਂ ਜਾਣੇ ਜਾਂਦੇ ਬਾਬਾ ਰਾਹਲ-ਚਾਹਲ ਨਾਲ ਖੇਡਿਆ, ਜਿਸ ਨੇ ਕਹਿੰਦੇ-ਕਹਾਉਂਦੇ ਪਾਕਿਸਤਾਨੀ ਰੇਡਰ ਡੱਕੇ। ਹੋਰ ਵੀ ਅਨੇਕਾਂ ਖਿਡਾਰੀਆਂ ਨਾਲ ਖੇਡਿਆ। ਉਦੋਂ ਸਾਰੇ ਨਾਮਵਰ ਖਿਡਾਰੀ ਹੁੰਦੇ ਸਨ। ਕਈ ਕਈ ਸਾਲ ਨਵਾਂ ਖਿਡਾਰੀ ਉਨ੍ਹਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ। ਕਾਰਨ, ਪੁਰਾਣੇ ਖਿਡਾਰੀ ਮਿਹਨਤ ਬੜੀ ਕਰਦੇ ਸਨ। ਵਿਰੋਧੀ ਖਿਡਾਰੀਆਂ ‘ਚ ਮੁਖਤਿਆਰ ਸਿੰਘ ਗਾਂਧੀ ਤੇ ਦਿਆਲਾ ਨਾੜੀ ਹੁੰਦੇ ਸਨ। ਛੇ-ਸੱਤ ਸਾਲ ਦੇਵੀ ਦਿਆਲ ਨਾਲ ਖੇਡਿਆ ਤੇ ਮਾਣਕ ਢੇਰੀ ਵਾਲੇ ਰਾਵਲ ਨਾਲ ਗੁਰੂ ਕੇ ਜੰਡਿਆਲੇ ਮੈਚ ਲਾਇਆ।
ਪ੍ਰੀਤੇ ਦੇ ਦੱਸਣ ਅਨੁਸਾਰ ਜੋਤਾ ਤਕੜਾ ਖਿਡਾਰੀ ਸੀ। ਜੱਟ ਸਾਇਕਲ ‘ਤੇ ਸਾਰਾ ਆਲਾ-ਦੁਆਲਾ ਘੁੰਮ ਜਾਂਦਾ ਸੀ। ਕਪੂਰਥਲੇ ਵੀ ਸਾਇਕਲ ‘ਤੇ ਮੈਚ ਖੇਡਣ ਆ ਜਾਂਦਾ ਸੀ। ਸਾਇਕਲ ਚਲਾਉਣ ਤੇ ਟੋਕੇ ਵਾਲੀ ਮਸ਼ੀਨ ਨਾਲ ਹੱਥੀਂ ਪੱਠੇ ਕੁਤਰਨ ਨੂੰ ਸਭ ਤੋਂ ਵਧੀਆ ਐਕਸਰਸਾਈਜ਼ ਮੰਨਦਾ ਸੀ। ਮੈਚ ਖੇਡਣ ਆਉਂਦੇ ਨੇ ਆਪ ਸਾਇਕਲ ਚਲਾਉਣਾ ਤੇ ਜਾਂਦੀ ਵਾਰ ਦੂਜੇ ਸਾਥੀ ਖਿਡਾਰੀ ਨੂੰ ਚਲਾਉਣ ਲਾ ਦੇਣਾ, ਆਪ ਪਿਛੇ ਬਹਿ ਜਾਣਾ।
ਜੋਤਾ ਕਪੂਰਥਲਾ, ਬਠਿੰਡਾ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ ਜਿਲਿਆਂ ‘ਚ ਅਕਸਰ ਖੇਡਣ ਜਾਂਦਾ ਰਿਹੈ। ਉਹਦਾ ਮੈਚ ਵੇਖਣ ਲਈ ਲੋਕ ਵਹੀਰਾਂ ਘੱਤ ਲੈਂਦੇ। ਉਹ ਕਿਸੇ ਨੂੰ ਤੰਗ ਨਹੀਂ ਸੀ ਕਰਨਾ ਚਾਹੁੰਦਾ-ਖੇਡਣ ਲੈ ਕੇ ਜਾਣ, ਛੱਡ ਕੇ ਜਾਣ। ਉਹ ਖੁਦ ਦੂਰ ਦੂਰ ਸਾਇਕਲ ‘ਤੇ ਚਲੇ ਜਾਂਦਾ। ਹਾਂ, ਜਿ਼ਆਦਾ ਦੂਰ ਹੁੰਦਾ ਤਾਂ ਬੱਸ ਫੜ ਕੇ ਚਲਾ ਜਾਂਦਾ। ਅੱਜ ਕੱਲ੍ਹ ਦੇ ਖਿਡਾਰੀਆਂ ਬਾਰੇ ਸੁਣ ਕੇ ਬੜਾ ਸ਼ਰਮਸਾਰ ਹੁੰਦੈ, ਜਿਹੜੇ ਟੀਕਿਆਂ ਤੇ ਜੜ੍ਹੀ-ਬੂਟੀਆਂ ਦਾ ਸਹਾਰਾ ਲੈ ਕੇ ਖੇਡਦੇ ਨੇ; ਜਦਕਿ ਉਨ੍ਹਾਂ ਦੇ ਵੇਲਿਆਂ ‘ਚ ਘਰ ਦੀਆਂ ਖੁਰਾਕਾਂ ਹੁੰਦੀਆਂ ਸਨ। ਉਹ ਚਾਲੀ-ਚਾਲੀ ਰੇਡਾਂ ‘ਕੱਠੀਆਂ ਪਾ ਜਾਂਦਾ ਸੀ। ਖੇਮਕਰਨ ਇਕ ਵਾਰ ਜਰੂਰ ਡੱਕਿਆ ਗਿਆ ਸੀ, ਸਿਹਤ ਢਿੱਲ੍ਹੀ ਹੋਣ ਕਰਕੇ। ਖੇਡਦੇ ਦੇ ਸਿਰ ‘ਚ ਇਕ ਵਾਰ ਸੱਟ ਵੀ ਲੱਗ ਗਈ ਸੀ। ਸਿਰ ਦੀਆਂ ਨਾੜਾਂ ਘੁਟੀਆਂ ਗਈਆਂ ਸਨ। ਦੇਸੀ ਇਲਾਜ ਕੀਤਾ, ਫਿਰ ਚੜ੍ਹਦੀ ਕਲਾ ‘ਚ ਹੋ ਗਿਆ। ਕਬੱਡੀ ਖੇਡਣ ਤੋਂ ਇਲਾਵ ਘੁਲ ਵੀ ਲੈਂਦਾ ਸੀ। ਘਰਿਆਲੇ ਮੈਚਾਂ ‘ਚ ਤਕੜਾ ਖੇਡਿਆ। ਉਹਦੇ ਖੇਡਣ ਦਾ ਵੱਖਰਾ ਅੰਦਾਜ਼ ਸੀ। 1974 ‘ਚ ਇੰਗਲੈਂਡ ਖੇਡਣ ਗਿਆ। ਇੰਗਲੈਂਡ ਕਬੱਡੀ ਨੂੰ ਹੁਲਾਰਾ ਦੇਣ ਵਾਲੇ ਮਹਿੰਦਰ ਮੌੜ ਦੇ ਸਾਥੀ ਪਿਆਰਾ ਸਿੰਘ ਗੁੰਮਟਾਲਾ ਨੇ ਦੱਸਿਆ ਕਿ ਜੋਤਾ ਵਧੀਆ ਖਿਡਾਰੀ ਸੀ।
1982-83 `ਚ ਜੋਤਾ ਖੇਡਣਾ ਛੱਡ ਗਿਆ ਸੀ। ਇਸ ਵੇਲੇ 82-83 ਸਾਲਾਂ ਦਾ ਹੋ ਗਿਆ। ਖੇਡਦੇ ਦੇ ਸੱਟਾਂ ਵੀ ਬਹੁਤ ਲੱਗੀਆਂ। ਜੁਆਨੀ ਦੀਆਂ ਸੱਟਾਂ ਹੁਣ ਬੁਢਾਪੇ `ਚ ਰੜਕਦੀਆਂ ਨੇ, ਤੰਗ ਕਰ ਰਹੀਆਂ ਨੇ। ਸ਼ੌਕ ਪੂਰਾ ਕਰਨ ਲਈ ਮੈਚ ਵੇਖਣ ਚਲੇ ਜਾਂਦੈ। ਕਈ ਵਾਰ ਸਾਰਾ ਸਾਰਾ ਦਿਨ ਮੈਚ ਵੇਖਦਾ ਰਹਿੰਦਾ ਹੈ ਤੇ ਕਈ ਵਾਰ ਘੰਟੇ ਕੁ ਬਾਅਦ ਘਰ ਜਾਣ ਲਈ ਕਹਿ ਦਿੰਦਾ ਹੈ। ਉਹ ਜਿਥੇ ਵੀ ਜਾਣਾ ਚਾਹੇ, ਉਹਦੇ ਪੁੱਤ-ਪੋਤੇ ਲੈ ਕੇ ਜਾਂਦੇ ਹਨ। ਸਾਰਾ ਪਰਿਵਾਰ ਉਹਦਾ ਹਰ ਤਰ੍ਹਾਂ ਨਾਲ ਖਿਆਲ ਰੱਖਦੈ।
ਨਵੇਂ ਖਿਡਾਰੀਆਂ ਨੂੰ ਚੰਗਾ ਖਾਣ-ਪੀਣ, ਮਿਹਨਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿ ਰਿਹੈ। ਵੱਡਾ ਭਰਾ ਮੋਹਣ ਸਿੰਘ ਵੀ ਜਾਨ ਪੱਖੋਂ ਤਕੜਾ ਸੀ। ਮਾਂ ਨੇ ਦੋਹਾਂ ਪੁੱਤਾਂ ਨੂੰ ਰੂਹ ਨਾਲ ਪਾਲਿਆ। ਪਿੰਡ ‘ਚੋਂ ਦੋਵੇਂ ਤਕੜੇ ਹੋਣ ਕਰਕੇ ਕਬੱਡੀ ਖੇਡਣ ਲੱਗੇ। ਪਿੰਡ ਦੇ ਹੋਰ ਖਿਡਾਰੀ ਤਿਆਰ ਕਰਕੇ ਪਿੰਡ ਦੀ ਟੀਮ ਬਣਾਈ। ਫਿਰ ਮੋਹਣ ਸਿੰਘ ਘਰ ਦੀ ਖੇਤੀ ਦੁਆਲੇ ਹੋ ਗਿਆ ਤੇ ਜੋਤਾ ਕਬੱਡੀ ‘ਚ ਅੱਗੇ ਤੋਂ ਅੱਗੇ ਵਧਦਾ ਗਿਆ। ਜਿ਼ੰਦਗੀ ‘ਚ ਇਕ ਵਾਰ ਮੁੱਲ ਘਿਉ ਲਿਆ ਸੀ, ਫਿਰ ਤਾਂ ਲੋਕਾਂ ਵਲੋਂ ਮਿਲਦਾ ਰਿਹੈ। ਬੇਟਾ ਭੁਪਿੰਦਰ ਸਿੰਘ ਆਰਮੀ ‘ਚ ਰਹਿ ਚੁਕੈ। ਬਲਿਊ ਸਟਾਰ ਵੇਲੇ ਉਹ ਫੌਜ ਦੀ ਸੇਵਾਵਾਂ ਨਿਭਾਅ ਰਿਹਾ ਸੀ, ਉਹਨੇ ਵੀ ਕਬੱਡੀ ਖੇਡੀ। ਆਰਮੀ ‘ਚ ਫੌਜ ਦੇ ਖਿਡਾਰੀਆਂ ਨੂੰ ਕਬੱਡੀ ਦੀ ਟਰੇਨਿੰਗ ਦਿੰਦਾ ਰਿਹਾ। ਪੰਦਰਾਂ ਸਾਲਾਂ ਬਾਅਦ ਫੌਜ ਵਿਚੋਂ ਰਿਟਾਇਰ ਹੋਇਆ। ਪਿੰਡ ਆ ਕੇ ਵੀ ਕਬੱਡੀ ਖੇਡੀ। ਦੂਜਾ ਬੇਟਾ ਗੁਰਪ੍ਰੀਤ ਸਿੰਘ ਗੋਪੀ ਕਬੱਡੀ ਦਾ ਨਾਮਵਰ ਜਾਫੀ ਰਹਿ ਚੁਕੈ।
2008-09 ‘ਚ ਅਮਰੀਕਾ ਦੀ ਧਰਤੀ ‘ਤੇ ਗੋਪੀ ਨੇ ਆਪਣੇ ਨਾਂ ਦਾ ਡੰਕਾ ਵਜਾਇਆ। ਪੋਤਾ ਗਗਨ ਬਾਬੇ ਦੇ ਰਾਹਾਂ ‘ਤੇ ਚੱਲ ਕੇ ਕਬੱਡੀ ਦਾ ਨਾਮਵਰ ਖਿਡਾਰੀ ਬਣਿਆ। ਚਾਚਾ-ਭਤੀਜਾ ‘ਕੱਠੇ ਮੈਚ ਖੇਡਦੇ ਰਹੇ। ਗਗਨ ਇਸ ਵਕਤ ਪੰਜਾਬ ਪੁਲਿਸ ਵਿਚ ਸੇਵਾ ਨਿਭਾਅ ਰਿਹੈ। ਉਹ ਇੰਗਲੈਂਡ, ਕੈਨੇਡਾ ਅਤੇ ਹੋਰ ਮੁਲਕਾਂ ‘ਚ ਆਪਣੀ ਖੇਡ ਦੇ ਜੌਹਰ ਵਿਖਾ ਰਿਹੈ ਤੇ ਬਾਬੇ ਜੋਤੇ ਵਾਂਗ ਪਿੰਡ ਦਾ ਨਾਂ ਰੁਸ਼ਨਾ ਰਿਹੈ। ਦੁਖ ਇਸ ਗੱਲ ਦਾ ਹੈ ਕਿ ਇਸ ਪਿੰਡ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ‘ਚੋਂ ਏਸ਼ੀਆ ਦੇ ਸੱਤ ਮੈਡਲ ਜਿੱਤੇ ਹਨ, ਪਰ ਖੇਡ ਸਹੂਲਤਾਂ ਤੋਂ ਇਹ ਪਿੰਡ ਬਿਲਕੁਲ ਸੱਖਣੈਂ। ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।
ਨਵੇਂ ਖਿਡਾਰੀਓ ਹੋਸ਼ ਤੋਂ ਕੰਮ ਲਓ
ਨਸ਼ਾ ਕਰਕੇ ਕਿਸੇ ਕੁਝ ਖੱਟਿਆ ਨਾ।
ਪੁਰਾਣੇ ਖਿਡਾਰੀਆਂ ਬੜੀ ਮਿਹਨਤ ਕੀਤੀ
ਖੇਡ ਮੈਦਾਨਾਂ ਤੋਂ ਕੋਈ ਕਦੇ ਪਿਛੇ ਹਟਿਆ ਨਾ।
‘ਇਕਬਾਲ ਸਿੰਹਾਂ’ ਘਰ-ਬਾਰ ਤੇ
ਜਿ਼ੰਦਗੀ ਉਹਦੀ ਬਰਬਾਦ ਹੋਈ,
ਨਸ਼ਿਆਂ ਤੋਂ ਪਾਸਾ ਜੀਹਨੇ ਵੱਟਿਆ ਨਾ।