ਅਖੇ, ਹੁਣ ਪਾਲੀਵੁੱਡ ਬਾਲੀਵੁੱਡ ਨੂੰ ਟੱਕਰ ਦੇਣ ਲੱਗ ਪਿਐ

-ਸਵਰਨ ਸਿੰਘ ਟਹਿਣਾ
ਫੋਨ: 91-98141-78883
ਪੰਜਾਬ ਦੀ ਆਬੋ ਹਵਾ ਵਿਚ ਪਿਛਲੇ ਕੁਝ ਸਾਲਾਂ ਤੋਂ ‘ਪੰਜਾਬੀ ਫਿਲਮ ਬਣਾਵਾਂਗੇ, ਪੈਸੇ ਡਬਲ ਕਮਾਵਾਂਗੇ, ਨਾਂ ਵੀ ਚਮਕਾਵਾਂਗੇ ਤੇ ਢੋਲੇ ਦੀਆਂ ਲਾਵਾਂਗੇ’ ਵਾਲੀ ਗੱਲ ਪ੍ਰੋਡਿਊਸਰਾਂ ਵੱਲੋਂ ਕੂਕਾਂ ਮਾਰ-ਮਾਰ ਸੁਣਾਈ ਜਾ ਰਹੀ ਏ। ਸਾਫ ਏ ਕਿ ਪੰਜਾਬੀ ਫਿਲਮਾਂ ਦਾ ਦਾਇਰਾ ਕਾਫੀ ਵਧ ਗਿਆ ਏ, ਧੜਾਧੜ ਪੰਜਾਬੀ ਫਿਲਮਾਂ ਆ-ਜਾ ਰਹੀਆਂ ਨੇ, ਇਕ ਚੱਲ ਨਿਕਲਦੀ ਏ ਤਾਂ ਦਸਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਨੇ, ਦੋ ਡਿੱਗਦੀਆਂ ਨੇ ਤਾਂ ਦਸ ਚੰਗੇ ਮਾਹੌਲ ਦੀ ਉਡੀਕ ਕਰਨ ਲੱਗਦੇ ਨੇ। ਭਾਵ ਪੰਜਾਬੀ ਫਿਲਮਾਂ ਦੇ ਸਿਰਜਣਹਾਰਿਆਂ ਦਾ ਭਰੋਸਾ ਵੀ ਟੁੱਟਦਾ-ਜੁੜਦਾ ਰਹਿੰਦਾ ਏ ਤੇ ਦਰਸ਼ਕਾਂ ਦਾ ਵੀ।
ਬਹੁਗਿਣਤੀ ਲੇਖਕ ਪਿਛਲੇ ਕੁਝ ਸਾਲਾਂ ਤੋਂ ਇਹ ਗੱਲ ਬੜੇ ਵਿਸ਼ੇਸ਼ਣ ਲਾ-ਲਾ ਲਿਖ ਰਹੇ ਨੇ, ‘ਪਾਲੀਵੁੱਡ ਹੋਇਆ, ਬਾਲੀਵੁੱਡ ਦੇ ਹਾਣ ਦਾ’ ਜਾਂ ‘ਬਾਲੀਵੁੱਡ ਵੀ ਪਾਲੀਵੁੱਡ ਵੱਲ ਮੁੜਨ ਦਾ ਇਛੁੱਕ।’ ਪਰ ਇਹ ਸਭ ਲਿਖਣ ਵਾਲਿਆਂ ਦੀ ਸੋਚ ਸਿਰਫ਼ ਦੋ-ਚਾਰ ਫਿਲਮਾਂ ਦੇ ਵਿਸ਼ਲੇਸ਼ਣ ਜਾਂ ਆਪਣੇ ‘ਚਹੇਤੇ’ ਨੂੰ ਖੁਸ਼ ਕਰਨ ਤੱਕ ਸੀਮਤ ਹੁੰਦੀ ਏ। ਤੁਸੀਂ ਖੁਦ ਸੋਚੋ, ਪੰਜਾਬੀ ਫਿਲਮਾਂ ਦੇ ਵਿਸ਼ੇ, ਕਲਾਕਾਰ, ਡਾਇਰੈਕਟਰ ਜਾਂ ਬਾਕੀ ਨਿੱਕ-ਸੁੱਕ ਹਿੰਦੀ ਫਿਲਮਾਂ ਦੇ ਹਾਣ ਦਾ ਹੋਣ ਦੇ ਨੇੜੇ-ਤੇੜੇ ਹੈ ਜਾਂ ਨਹੀਂ? ਕੀ ਸਿਰਫ਼ ਦੋ ਪੰਜਾਬੀ ਫਿਲਮਾਂ ਵੱਲੋਂ ਵੀਹ-ਵੀਹ ਕਰੋੜ ਦੀ ਕਮਾਈ ਕਰਨ ਮਗਰੋਂ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਏ ਕਿ ਹੁਣ ਪੰਜਾਬੀ ਫਿਲਮਾਂ ‘ਤੇ ਸੱਚੀਂਮੁੱਚੀਂ ਸੁਨਹਿਰੇ ਦਿਨ ਆ ਚੱਲੇ ਨੇ?
ਨਕਲ ਕਰਨੀ ਪੰਜਾਬੀ ਦੇ ਸੁਭਾਅ ਵਿਚ ਸ਼ਾਮਲ ਏ ਤੇ ਪਿਛਲੱਗ ਅਸੀਂ ਏਨੇ ਹਾਂ ਕਿ ਹਰ ਵਰ੍ਹੇ ‘ਗਿੰਨੀਜ਼ ਬੁੱਕ’ ਵਿਚ ਸਾਡਾ ਹੀ ਨਾਂ ਸ਼ਾਮਲ ਹੋ ਸਕਦਾ ਹੈ, ਉਹ ਵੀ ਬਿਨਾਂ ਮੁਕਾਬਲੇ। ਕਹਿੰਦੇ ਨੇ ਇਕ ਵਾਰ ਇਕ ਅੰਨ੍ਹੇ ਵਿਅਕਤੀ ਨੇ ਅੱਖਾਂ ‘ਤੇ ਐਨਕ ਲਾਈ ਹੋਈ ਸੀ। ਵਿਚਾਰੇ ਨਾਲ ਕੁਦਰਤ ਨੇ ਧੱਕਾ ਕੀਤਾ ਸੀ ਤੇ ਉਹ ਖੱਬਿਓਂ ਸੱਜੇ, ਸੱਜਿਓਂ ਖੱਬੇ ਅੰਦਾਜ਼ੇ ਨਾਲ ਤੁਰਦਾ ਜਾ ਰਿਹਾ ਸੀ। ਕੋਲੋਂ ਲੰਘਦੇ ਪੰਜਾਬੀ ਨੇ ਸੋਚਿਆ ਕਿ ਇਹ ਹੱਥ ‘ਚ ਸੋਟੀ ਫੜ ਬੜੇ ਸਟਾਈਲ ਨਾਲ ਘੁੰਮਦਾ ਫਿਰਦੈ, ਕਦੇ ਖੱਬੇ, ਕਦੇ ਸੱਜੇ, ਮਟਕ ਰਿਹੈ। ਇੰਜ ਕਰਨ ਨਾਲ ਇਹਨੂੰ ਖਾਸ ਮਜ਼ਾ ਆਉਂਦਾ ਹੋਣੈ। ਉਹ ਪੋਲੇ ਪੈਰੀਂ ਉਹਦੇ ਪਿੱਛੇ ਤੁਰ ਪਿਆ, ਅੱਖਾਂ ‘ਤੇ ਐਨਕ ਲਾਈ ਤੇ ਜਿੱਧਰ ਅੰਨ੍ਹਾ ਜਾਵੇ, ਉਧਰ ਨੂੰ ਹੋ ਤੁਰੇ। ਦੋ ਪੰਜਾਬੀਆਂ ਨੇ ਆਪਣੇ ਪੰਜਾਬੀ ਭਰਾ ਨੂੰ ਇੰਜ ਕਰਦਿਆਂ ਦੇਖਿਆ ਤੇ ਉਹ ਵੀ ਉਹਦੇ ਪਿੱਛੇ ਤੁਰ ਨਕਲ ਕਰਨ ਲੱਗ ਪਏ। ਚਾਰਾਂ ਨੇ ਹੋਰ ਦੇਖਿਆ ਤਾਂ ਉਹ ਵੀ ਡਿੱਕਡੋਲੇ ਖਾਂਦੇ ਉਨ੍ਹਾਂ ਪਿੱਛੇ ਤੁਰ ਪਏ ਤੇ ਇੰਜ ਰੇਲ ਜਿੰਨੀ ਲੰਮੀ ਲਾਈਨ ਬਣ ਗਈ, ਪਰ ਕਿਸੇ ਨੇ ਇਹ ਨਾ ਸੋਚਿਆ ਕਿ ਅੰਨ੍ਹੇ ਦੀ ਤਾਂ ਮਜਬੂਰੀ ਏ, ਪਰ ਤੁਸੀਂ ਕਿਹੜੇ ਸ਼ੌਕ ਨੂੰ ਏਦਾਂ ਅਕਲ ਦੇ ਅੰਨ੍ਹੇ ਬਣ ਤੁਰੇ ਓ।
ਦਾਅਵੇ ਨਾਲ ਕਿਹਾ ਜਾ ਸਕਦੈ ਕਿ ਫਿਲਮਾਂ ਬਣਾਉਣ ਵਾਲੇ ਬਹੁਤੇ ਪ੍ਰੋਡਿਊਸਰਾਂ ਤੇ ਬਿਨਾਂ ਸੋਚੇ-ਸਮਝੇ ਐਕਟਿੰਗ ਦਾ ਝੱਸ ਪਾਲਣ ਵਾਲੇ ਗਾਇਕਾਂ ਬਨਾਮ ਨਾਇਕਾਂ ਦਾ ਹਾਲ ਵੀ ਉਨ੍ਹਾਂ ਅਕਲ ਦੇ ਅੰਨ੍ਹਿਆਂ ਵਰਗਾ ਹੀ ਏ।
ਥੋੜ੍ਹੇ ਹਫ਼ਤੇ ਪਹਿਲਾਂ ‘ਜੱਟ ਐਂਡ ਜੂਲੀਅਟ-2’ ਫਿਲਮ ਕਾਮਯਾਬ ਹੋ ਕੇ ਹਟੀ ਏ ਤੇ ਰੌਸ਼ਨ ਪ੍ਰਿੰਸ ਦੀ ‘ਫੇਰ ਮਾਮਲਾ ਗੜਬੜ ਗੜਬੜ’ ਇਸ਼ਤਿਹਾਰਬਾਜ਼ੀ ਪੱਖੋਂ ਨਵਾਂ ਕੀਰਤੀਮਾਨ ਸਥਾਪਤ ਕਰ ਗਈ ਏ। ਜੈਜ਼ੀ ਬੀ ਦੀ ਨਵੀਂ ਫਿਲਮ ‘ਬੈਸਟ ਆਫ ਲੱਕ’ ਹੁਣੇ-ਹੁਣੇ ਆਈ ਏ, ‘ਵਿਆਹ ਸੱਤਰ ਕਿਲੋਮੀਟਰ’, ‘ਜੱਟ ਏਅਰਵੇਜ਼’, ‘ਜੱਟ ਬੁਆਏਜ਼-ਪੁੱਤ ਜੱਟਾਂ ਦੇ’, ‘ਮਾਈ ਸੈਲਫ਼ ਘੈਂਟ’, ‘ਡੌਂਟ ਵਰ੍ਹੀ ਯਾਰਾ’ ਤੇ ਪਤਾ ਹੀ ਨਹੀਂ ਅੰਗਰੇਜ਼ੀ ਸ਼ਬਦਾਂ ਦੇ ਘਾਲੇ-ਮਾਲੇ ਵਾਲੀਆਂ ਕਿੰਨੀਆਂ ਹੋਰ ਪੰਜਾਬੀ ਫਿਲਮਾਂ ਰਿਲੀਜ਼ ਹੋਣ ਲਈ ਤਿਆਰ-ਬਰ-ਤਿਆਰ ਨੇ। ਮਿਸ ਪੂਜਾ, ਸੁਰਜੀਤ ਖ਼ਾਨ, ਪ੍ਰੀਤ ਬਰਾੜ ਤੇ ਇਨ੍ਹਾਂ ਵਰਗੇ ਪਤਾ ਨਹੀਂ ਕਿੰਨੇ ਹੋਰ ਕਲਾਕਾਰਾਂ ਦਾ ਗਾਇਕੀ ਕੈਰੀਅਰ, ਨਾਇਕੀ ਦੇ ਚੱਕਰਾਂ ਵਿਚ ਪ੍ਰਭਾਵਤ ਹੋ ਗਿਆ ਹੈ, ਫੇਰ ਵੀ ਸੋਚਿਆ ਜਾ ਰਿਹੈ ਕਿ ‘ਪਾਲੀਵੁੱਡ ਬਣ ਚੱਲਿਐ ਬਾਲੀਵੁੱਡ ਦੇ ਹਾਣ ਦਾ।’
ਜ਼ਰਾ ਤੁਲਨਾਤਮਕ ਅਧਿਐਨ ਕਰਕੇ ਦੇਖੋ, ਕੀ ਅਸੀਂ ਵਿਸ਼ਾ-ਵਸਤੂ ਦੇ ਪੱਖ ਤੋਂ ਬਾਲੀਵੁੱਡ ਦੇ ਪੈਰ ਵਰਗੇ ਵੀ ਹਾਂ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਜੇ ਸਟੰਟ ਸੀਨ ਕਰ ਸਕਦੈ ਤਾਂ ਉਹ ਰੋਮਾਂਟਿਕ ਤੇ ਕਾਮੇਡੀ ਫਿਲਮਾਂ ਦੀ ਅਦਾਕਾਰੀ ਵਿਚ ਵੀ ਮੁਹਾਰਤ ਰੱਖਦੈ। ਪੰਜਾਬ ਵਿਚ ਕਿਹੜਾ ਐਸਾ ਕਲਾਕਾਰ ਹੈ, ਜੀਹਨੂੰ ਵੱਡੇ ਪਰਦੇ ‘ਤੇ ਰੋਂਦਾ ਦੇਖ ਫਿਲਮ ਵੇਖਣ ਆਏ ਦਰਸ਼ਕਾਂ ਦੀਆਂ ਅੱਖਾਂ ਵਿਚ ਪਾਣੀ ਆ ਜਾਵੇ। ਬਾਲੀਵੁੱਡ ਵਿਚ ‘ਪਾਨ ਸਿੰਘ ਤੋਮਰ’ ਤੇ ‘ਕਿਸਾਨ’ ਵਰਗੀਆਂ ਫਿਲਮਾਂ ਵੀ ਬਣ ਜਾਂਦੀਆਂ ਨੇ, ਜਿਹੜੀਆਂ ਕਾਰੋਬਾਰ ਪੱਖੋਂ ਨਵਾਂ ਅਧਿਆਇ ਲਿਖਦੀਆਂ ਨੇ, ਪਰ ਪੰਜਾਬੀ ਵਿਚ ਬਣੀਆਂ ‘ਨਾਬਰ’ ਵਰਗੀਆਂ ਫਿਲਮਾਂ ਨੂੰ ਸਿਨੇਮੇ ਪਤਾ ਨਹੀਂ ਮਿਲਣੇ ਹੁੰਦੇ ਨੇ ਕਿ ਨਹੀਂ। ਮਿਲਖਾ ਸਿੰਘ ਦੇ ਜੀਵਨ ‘ਤੇ ਆਧਾਰਤ ਹੁਣੇ-ਹੁਣੇ ਰਿਲੀਜ਼ ਹੋਈ ਹਿੰਦੀ ਫਿਲਮ ‘ਭਾਗ ਮਿਲਖਾ ਭਾਗ’ ਨੇ ਕਮਾਈ ਪੱਖੋਂ ਕਮਾਲ ਕਰ ਛੱਡੀ ਏ, ਪਰ ਕਿਸੇ ਪੰਜਾਬੀ ਪ੍ਰੋਡਿਊਸਰ, ਡਾਇਰੈਕਟਰ ਨੂੰ ਕਦੇ ਇਹ ਸਮਝ ਨਹੀਂ ਆਈ ਕਿ ਮਿਲਖਾ ਸਿੰਘ ਵਰਗੇ ਪੰਜਾਬੀ ‘ਤੇ ਅਸੀਂ ਫਿਲਮ ਬਣਾ ਛੱਡੀਏ, ਕਿਉਂਕਿ ਉਹ ਜਾਣਦੇ ਨੇ ਕਿ ਉਨ੍ਹਾਂ ਕੋਲ ਫਰਹਾਨ ਅਖਤਰ ਵਰਗਾ ਕੋਈ ਅਦਾਕਾਰ ਹੈ ਹੀ ਨਹੀਂ।
ਅੱਜ ਜੇ ਹਿੰਦੀ ਫਿਲਮਾਂ ਦਾ ਦਾਇਰਾ ਵੱਡਾ ਹੈ ਤਾਂ ਉਹ ਇਸ ਉਦਯੋਗ ਨਾਲ ਜੁੜੇ ਹਰ ਵਿਅਕਤੀ ਦੀ ਵੱਡੀ ਸੋਚ ਕਰਕੇ ਵੱਡਾ ਹੈ, ਪਰ ਸਾਡੀਆਂ ਪੰਜਾਬੀ ਫਿਲਮਾਂ ਦਾ ਦਾਇਰਾ ਸਿਵਾਏ ‘ਹਾ, ਹਾ, ਹਾ, ਹਾ’ ਦੇ ਕੁਝ ਹੈ ਤਾਂ ਦੱਸੋ?
ਪੰਜਾਬੀ ਫਿਲਮਾਂ ਘਰੋਂ ਲੜ ਕੇ ਕਾਲਜ ਪੜ੍ਹਨ ਗਿਆਂ ਤੋਂ ਸ਼ੁਰੂ ਹੁੰਦੀਆਂ ਨੇ ਤੇ ਕਾਲਜ ਵਿਚ ਮਸਤੀ ਤੇ ਹਾਸੇ ਦੀਆਂ ਬੋਝਲ ਗੱਲਾਂ ਕਰਦਿਆਂ-ਕਰਦਿਆਂ ਅੰਤ ਮੁੰਡੇ-ਕੁੜੀ ਦੇ ਵਿਆਹ ਨਾਲ ਮੁਕੰਮਲ ਹੋ ਜਾਂਦੀਆਂ ਹਨ। ਪਿਛਲੇ ਕੁਝ ਕੁ ਸਮੇਂ ਤੋਂ ਤਾਂ ਪੰਜਾਬੀ ਦਰਸ਼ਕ ਇਹ ਵੀ ਕਹਿਣ ਲੱਗ ਗਏ ਨੇ ਕਿ ਫਿਲਮਾਂ ਵਾਲਿਆਂ ਨੇ ‘ਜੱਟ’ ਦੀ ਪੂਛ ਫੇਰ ਫੜ ਲਈ ਹੈ। ਪਹਿਲਾਂ ‘ਜੱਟ ਤੇ ਜ਼ਮੀਨ’, ‘ਧੀ ਜੱਟ ਦੀ’, ‘ਬਦਲਾ ਜੱਟੀ ਦਾ’ ਵਰਗੀਆਂ ਫਿਲਮਾਂ ਬਣਦੀਆਂ ਹੁੰਦੀਆਂ ਸਨ ਤੇ ਹੁਣ ‘ਕੈਰੀ ਆਨ ਜੱਟਾ’, ‘ਜੱਟ ਏਅਰਵੇਜ਼’, ‘ਜੱਟ ਐਂਡ ਜੂਲੀਅਟ’ ਵਰਗੀਆਂ। ਪਰ ਹਾਂ, ਪਹਿਲਾਂ ਜੱਟ ਮੋਢੇ ‘ਤੇ ਗੰਡਾਸਾ ਰੱਖ ਸਫ਼ੈਦਿਆਂ ਦੁਆਲੇ ਘੁੰਮਦਾ ਰਹਿੰਦਾ ਸੀ ਤੇ ਅੱਜ ਵਾਲਾ ਜੱਟ ਤੇੜ ਚਾਦਰੇ ਨਾਲੋਂ ਘੁੱਟਵੀਂ ਜੀਨ ਪਾ ਕਾਲਜ ਵਿਚ ਆਸ਼ਕੀ ਕਰਦੈ। ਪਰ ਫਿਲਮਾਂ ਜ਼ਰੀਏ ਮਜ਼ਾਕ ਪਹਿਲੇ ਜੱਟਾਂ ਦਾ ਵੀ ਉਡਦਾ ਸੀ ਤੇ ਅੱਜ ਦਿਆਂ ਦਾ ਵੀ। ਉਦੋਂ ਇਨ੍ਹਾਂ ਨੂੰ ਗਾਲ੍ਹਾਂ ਕੱਢਦੇ ਦੇਖ ਮਜ਼ਾਕ ਉਡਾਈਦਾ ਸੀ ਤੇ ਹੁਣ ਇਹ ਹਾਸੇ ਦੇ ਨਾਂ ‘ਤੇ ਆਪਣਾ ਮਜ਼ਾਕ ਆਪੇ ਉਡਵਾਉਂਦੇ ਨੇ।
ਪਹਿਲਾਂ ਕਹਿੰਦੇ ਸਨ, ‘ਪੰਜਾਬ ਵਸਦਾ ਗੁਰਾਂ ਦੇ ਨਾਂ ‘ਤੇ’, ਪਰ ਪੰਜਾਬੀ ਅਦਾਕਾਰਾਂ ਵੱਲ ਦੇਖ ‘ਪੰਜਾਬ ਚੱਲਦਾ ਧੱਕੇ ਦੇ ਨਾਂ ‘ਤੇ’ ਕਹਿਣ ਲਈ ਮਜਬੂਰ ਹੋ ਜਾਈਦਾ ਹੈ। ਜਦੋਂ ਪੰਜਾਬੀ ਫਿਲਮਾਂ ਵਿਚ ਗਿੱਪੀ ਗਰੇਵਾਲ ਵਰਗੇ ਹੀਰੋ ਬਣ ਸਕਦੇ ਨੇ ਤਾਂ ਫੇਰ ਰੱਬ ਹੀ ਰਾਖਾ ਏ। ਥੋੜ੍ਹੇ ਜਿਹੇ ਸਿਆਣੇ ਵੀ ਆਖਦੇ ਨੇ, ‘ਗਿੱਪੀ ਦੀ ਕੋਈ ਵੀ ਫਿਲਮ ਦੇਖ ਲਵੋ, ਸਿਵਾਏ ਭੱਲੇ, ਬੀਨੂੰ ਤੇ ਘੁੱਗੀ ਦੇ ਹੋਰ ਕਿਸੇ ਨੇ ਚੱਜ ਦਾ ਕੰਮ ਕੀਤਾ ਹੁੰਦੈ? ਸਾਰੀ ਫਿਲਮ ਇਨ੍ਹਾਂ ਕਾਮੇਡੀਅਨਾਂ ਦੁਆਲੇ ਘੁੰਮਦੀ ਏ ਤੇ ਜੇ ਗਿੱਪੀ ਨੂੰ ਫਿਲਮ ‘ਚੋਂ ਕੱਢ ਕਿਸੇ ਹੋਰ ਨੂੰ ਉਹਦੀ ਥਾਂ ਖੜਾ ਕਰ ਦਿੱਤਾ ਜਾਵੇ ਤਾਂ ਫਿਲਮ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਉਹਦੇ ਹਿੱਸੇ ਕੰਮ ਆਉਂਦਾ ਹੀ ਕਿੰਨਾ ਕੁ ਏ।’
ਹਾਂ, ਧੜਾਧੜ ਪੰਜਾਬੀ ਫਿਲਮਾਂ ਬਣਨ ਦਾ ਜੇ ਕੁਝ ਫਾਇਦਾ ਹੋਇਆ ਹੈ ਤਾਂ ਉਹ ਹੋਇਆ ਹੈ ਹਾਸ ਕਲਾਕਾਰਾਂ ਨੂੰ। ਹੁਣ ਫਿਲਮਾਂ ਵਿਚ ਤੂਤੀ ਬੋਲਣ ਕਰਕੇ ਜਸਵਿੰਦਰ ਭੱਲਾ ਨੂੰ ‘ਛਣਕਾਟੇ’ ਨਹੀਂ ਕਰਨੇ ਪੈਂਦੇ, ਰਾਣਾ ਰਣਬੀਰ ਨੂੰ ਐਂਕਰਿੰਗ ਨਹੀਂ ਕਰਨੀ ਪੈਂਦੀ, ਕਰਮਜੀਤ ਅਨਮੋਲ ਨੂੰ ਟੀæਵੀæ ਲੜੀਵਾਰਾਂ ਵਿਚ ਕੰਮ ਨਹੀਂ ਕਰਨਾ ਪੈਂਦਾ, ਬੀਨੂੰ ਢਿੱਲੋਂ ਨੂੰ ਆਪਣੇ ਭਵਿੱਖ ਦੀ ਚਿੰਤਾ ਨਹੀਂ, ਬੀæਐਨæ ਸ਼ਰਮਾ ਦਾ ਸਿੱਕਾ ਚੱਲਦਾ ਹੈ। ਪਰ ਬਾਕੀਆਂ ਪੱਲੇ ਕੀ ਪਿਆ, ਛਿੱਕੂ!
ਪੰਜਾਬ ਵਿਚ ‘ਚਲਤੀ ਕਾ ਨਾਮ ਗਾਡੀ’ ਵਾਲੀ ਗੱਲ ਥਾਂ-ਥਾਂ ਫਿੱਟ ਬੈਠਦੀ ਹੈ। ਕਲਾਕਾਰ ਦਾ ਇਕ ਗਾਣਾ ਚੱਲ ਗਿਆ ਤਾਂ ਉਹ ਵੱਡੇ ਪਰਦੇ ਦਾ ਹੀਰੋ ਪਰ ਜੇ ਨਾ ਚੱਲਿਆ ਤਾਂ ਪੱਕੇ ਤੌਰ ‘ਤੇ ਜ਼ੀਰੋ। ਬਲਕਾਰ ਸਿੱਧੂ ਦੀ ਫਿਲਮ ਪਿਛਲੇ ਕਈ ਸਾਲਾਂ ਤੋਂ ਬਣ ਰਹੀ ਹੈ, ਪ੍ਰੋਡਿਊਸਰ ਸਾਹਿਬ ਨੇ ਪੈਸੇ ਲਾਏ, ਪਰ ਬਲਕਾਰ ਦੀ ਜਦੋਂ ਚੜ੍ਹਤ ਹੁੰਦੀ ਸੀ, ਉਦੋਂ ਉਹਨੇ ਫਿਲਮ ਬਾਬਤ ਸੋਚਿਆ ਨਾ ਤੇ ਹੁਣ ਜਦੋਂ ਪੁੱਛਦਾ ਕੋਈ ਨਹੀਂ ਤਾਂ ਉਹ ਹੀਰੋ ਆ ਰਿਹੈ। ਕਹਿਣ ਦਾ ਭਾਵ ਹੈ, ਜਿਹੜੇ ਕਲਾਕਾਰ ਦੀ ਐਲਬਮ ਕੋਈ ਨਹੀਂ ਪੁੱਛਦਾ, ਉਹਦੀ ਫਿਲਮ ਡੇਢ ਸੌ ਰੁਪਿਆ ਟਿਕਟ ਲਗਾ ਕੇ ਕੀਹਨੇ ਦੇਖਣੀ ਏ?
ਕਈ ਲੋਕ ਬਾਲੀਵੁੱਡ ਤੇ ਪਾਲੀਵੁੱਡ ਦੀ ਧੱਕੇ ਨਾਲ ਗਲਵੱਕੜੀ ਪਵਾਉਂਦਿਆਂ ਕਹਿਣਗੇ, ‘ਅਕਸ਼ੈ ਕੁਮਾਰ ਵੀ ਪੰਜਾਬੀ ਫਿਲਮਾਂ ਵੱਲ ਆਉਣ ਲੱਗੈ, ਸੰਨੀ ਦਿਓਲ ਵੀ ਇਸ ਬਾਬਤ ਸੋਚ ਰਿਹੈ, ਨੇਹਾ ਧੂਪੀਆ ਵੀ ਆ ਹਟੀ ਏ, ਧਰਮਿੰਦਰ ਦੀ ਵੀ ਕੋਈ ਨਾਂਹ ਨਹੀਂ, ਰਾਹੁਲ ਦੇਵ ਤੇ ਓਮ ਪੁਰੀ ਕਈ ਪੰਜਾਬੀ ਫਿਲਮਾਂ ਕਰ ਰਹੇ ਨੇ।’ ਪਰ ਸਾਡੀ ਜਾਚੇ ਇਹ ਉਦਾਹਰਣਾਂ ਪੰਜਾਬੀ ਫਿਲਮਾਂ ਦੀ ਹਰਮਨਪਿਆਰਤਾ ਨਾਲ ਜੁੜੀਆਂ ਨਹੀਂ। ਅਕਸ਼ੈ ਕੁਮਾਰ, ਗੁਰਪ੍ਰੀਤ ਘੁੱਗੀ ਦਾ ਖਾਸ ਮਿੱਤਰ ਹੈ ਤੇ ਮਿੱਤਰ, ਮਿੱਤਰ ਦੇ ਕਹੇ ਕੰਮ ਕਰਦੇ ਵੀ ਆਏ ਨੇ ਕਰਨਗੇ ਵੀ, ਕੋਈ ਖਾਸ ਗੱਲ ਨਹੀਂ। ਅਕਸ਼ੈ ਕੁਮਾਰ ਜੇ ਫਿਲਮ ਹਿੱਟ ਹੋਣ ਮਗਰੋਂ ਦਸ-ਵੀਹ ਕਰੋੜ ਕਮਾ ਵੀ ਲਏਗਾ ਤਾਂ ਉਹਦੇ ਲਈ ਕੋਈ ਵੱਡੀ ਗੱਲ ਨਹੀਂ, ਕਿਉਂਕਿ ਇਹਦੇ ਨਾਲੋਂ ਦੋ-ਤਿੰਨ ਗੁਣਾ ਰਕਮ ਤਾਂ ਉਹ ਇਕ ਹਿੰਦੀ ਫਿਲਮ ਕਰਨ ਦੀ ਪਹਿਲਾਂ ਹੀ ਵਸੂਲਦਾ ਹੈ।
ਦਿਓਲ ਪਰਿਵਾਰ ਦਾ ਪਿਛੋਕੜ ਸਾਹਨੇਵਾਲ ਦਾ ਏ ਤੇ ਹੁਣ ਜਦੋਂ ਸੰਨੀ ਦਿਓਲ ਦੀ ਗਰਜ ਤੇ ਧਰਮਿੰਦਰ ਦੇ ਜਲਵੇ ਪਹਿਲਾਂ ਵਰਗੇ ਨਹੀਂ ਰਹੇ ਤਾਂ ਇਕ-ਅੱਧ ਪੰਜਾਬੀ ਫਿਲਮ ‘ਤੇ ਜੂਆ ਖੇਡ ਲੈਣਾ ਕੋਈ ਅਲੋਕਾਰੀ ਗੱਲ ਨਹੀਂ ਹੋਏਗੀ। ਓਮ ਪੁਰੀ, ਰਾਹੁਲ ਦੇਵ, ਜੈਕੀ ਸ਼ਰਾਫ਼ ਤੋਂ ਤਾਂ ਭਾਵੇਂ ਕੰਨੜ ਦੀ ਫਿਲਮ ‘ਚ ਰੋਲ ਕਰਾ ਲਵੋ, ਉਨ੍ਹਾਂ ਦਾ ਤਾਂ ਆਪਣੀ ਫ਼ੀਸ ਨਾਲ ਤਾਅਲੁਕ ਹੈ, ਇਹਦੇ ਨਾਲ ਪੰਜਾਬੀ ਸਿਨੇਮੇ ਦੇ ਸਿਖਰ ਵੱਲ ਜਾਣ ਦਾ ਕੀ ਸਬੰਧ!
ਅਸੀਂ ਪੰਜਾਬੀ ਫਿਲਮਾਂ ਦੇ ਦੋਖੀ ਨਹੀਂ, ਸਗੋਂ ਚਾਹੁੰਦੇ ਹਾਂ ਕਿ ਇਹ ਸੱਚੀਂਮੁੱਚੀਂ ਚੱਲਣ। ਪਰ ਸਿਰਫ਼ ਅਖ਼ਬਾਰੀ ਖ਼ਬਰਾਂ, ਚੈਨਲ ਇਸ਼ਤਿਹਾਰਬਾਜ਼ੀ ਤੇ ਥਾਂ-ਥਾਂ ਛਪੇ ਲੇਖ ਦੇਖ ਕੇ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਵਾਰ-ਵਾਰ ‘ਜੱਟ ਐਂਡ ਜੂਲੀਅਟ’ ਬਣੀ ਜਾਏਗੀ। ਪੰਜਾਬ ਵਿਚ ਅਕਸ਼ੈ ਕੁਮਾਰ ਬਣਨ, ਸਲਮਾਨ ਖਾਨ, ਰਣਬੀਰ ਕਪੂਰ ਬਣਨ ਦੇ ਚਾਹਵਾਨ ਤਾਂ ਸਾਰੇ ਹੀ ਗਾਇਕ ਹਨ, ਪਰ ਕੋਈ ਕਲਾਕਾਰ ਇਰਫਾਨ ਖਾਨ, ਕਾਦਰ ਖਾਨ, ਓਮ ਪੁਰੀ, ਨਾਨਾ ਪਾਟੇਕਰ ਵਰਗੇ ਦਮਦਾਰ ਅਦਾਕਾਰ ਬਣਨ ਦੀ ਇੱਛਾ ਨਹੀਂ ਪਾਲਦਾ। ਜ਼ਰਾ ਸੋਚੋ, ਜੇ ਪੰਜਾਬ ਦੇ ਕਿਸੇ ਨਾ ਕਿਸੇ ਹੀਰੋ ‘ਤੇ ਮਿਲਖਾ ਸਿੰਘ ਵਾਲੀ ਫਿਲਮ ਬਣਾਉਣੀ ਹੋਵੇ ਤਾਂ ਕਿਹੜਾ ਗਾਇਕ ਖੁਦ ਨੂੰ ਉਹਦੇ ਵਾਂਗ ਢਾਲ ਸਕਦਾ ਸੀ।
ਪੰਜਾਬੀ ਫਿਲਮਾਂ ‘ਜੁਗਾੜ’ ਆਧਾਰਤ ਹਨ ਤੇ ‘ਜੁਗਾੜ’ ਦੀ ਕੋਈ ਮਿਆਦ ਨਹੀਂ ਹੁੰਦੀ। ਇਹ ਦੋ ਸਾਲ ਵੀ ਕੱਢ ਸਕਦੈ ਤੇ ਦਸ ਵੀ। ਪੰਜਾਬੀ ਫਿਲਮਾਂ ਅਸਲ ਵਿਚ ਬਾਲੀਵੁੱਡ ਦੇ ਹਾਣ ਦੀਆਂ ਉਦੋਂ ਬਣਨੀਆਂ, ਜਦੋਂ ਪ੍ਰੋਡਿਊਸਰਾਂ-ਡਾਇਰੈਕਟਰਾਂ ਨੂੰ ਆਪਣੇ ਕੀਤੇ ਕੰਮ ‘ਤੇ ਮਾਣ ਹੋਣ ਲੱਗੇਗਾ ਕਿ ਅਸੀਂ ਘੱਟ ਇਸ਼ਤਿਹਾਰਬਾਜ਼ੀ ਦੇ ਬਾਵਜੂਦ ਦਰਸ਼ਕ ਨੂੰ ਸਿਨੇਮਾ ਵੱਲ ਖਿੱਚ ਲਿਆਵਾਂਗੇ ਤੇ ਇਹ ਸਭ ਤਾਂ ਹੀ ਹੋ ਸਕਦੈ ਜੇ ਹਰ ਪੱਖ ਨੂੰ ਸੌ-ਸੌ ਵਾਰ ਵਿਚਾਰਿਆ ਜਾਏਗਾ।

Be the first to comment

Leave a Reply

Your email address will not be published.