ਕਸ਼ਮੀਰੀ ਦਰਦ ਦੀ ਦਾਸਤਾਂ ‘ਹੰਝੂਆਂ ਦਾ ਹੜ੍ਹ’

ਦਸਤਾਵੇਜ਼ੀ ਫਿਲਮ ‘ਓਸ਼ਨ ਆਫ ਟੀਅਰਜ਼’ (ਹੰਝੂਆਂ ਦਾ ਹੜ੍ਹ) ਕਸ਼ਮੀਰੀ ਨੌਜਵਾਨ ਬਿਲਾਲ ਏæ ਜਾਨ ਨੇ ਬਣਾਈ ਹੈ ਅਤੇ ਇਹ ਪਬਲਿਕ ਸਰਵਿਸ ਬਰੌਡਕਾਸਟਿੰਗ ਟਰੱਸਟ ਦਿੱਲੀ ਨੇ ਪ੍ਰੋਡਿਊਸ ਕੀਤੀ ਹੈ। ਇਸ ਵਿਚ ਕਸ਼ਮੀਰ ਵਾਦੀ ‘ਚ ਕਸ਼ਮੀਰੀਆਂ, ਖਾਸ ਕਰ ਕੇ ਔਰਤਾਂ ਉਤੇ ਹੋਏ ਜ਼ੁਲਮਾਂ ਦਾ ਜ਼ਿਕਰ ਹੈ। ਇਹ ਔਰਤਾਂ ਨਾਲ ਜਬਰ ਜਨਾਹ, ਕਤਲ ਅਤੇ ਲਾਪਤਾ ਹੋਏ ਨੌਜਵਾਨਾਂ ਦੀ ਕਹਾਣੀ ਵੀ ਨਾਲੋ-ਨਾਲ ਦੱਸਦੀ ਹੈ। ਬਿਲਾਲ ਨੇ ਇਸ ਫਿਲਮ ਵਿਚ ਡਰੇ ਹੋਏ ਅਤੇ ਬੇਵੱਸ ਬੰਦੇ ਦੇ ਮਨ ਦੀ ਵੇਦਨਾ ਦਾ ਮਾਰਮਿਕ ਚਿੱਤਰ ਪੇਸ਼ ਕੀਤਾ ਹੈ। ਉਸ ਨੇ ਸਾਡੇ ਸਮਿਆਂ ਦਾ ਸੱਚ ਸੁਣਾਇਆ ਹੈ। ਇਹ ਸੱਚ ਹੁਣ ਕਸ਼ਮੀਰੀਆਂ ਦੇ ਮੱਥਿਆਂ ਉਤੇ ਡੂੰਘਾ ਖੁਣਿਆ ਗਿਆ ਹੈ। -ਸੰਪਾਦਕ

ਦਸਤਾਵੇਜ਼ੀ ਫਿਲਮਸਾਜ਼ ਬਿਲਾਲ ਏæ ਜਾਨ ਦੀ ਫਿਲਮ ‘ਓਸ਼ਨ ਆਫ ਟੀਅਰਜ਼’ (ਹੰਝੂਆਂ ਦਾ ਹੜ੍ਹ)’ ਫਿਲਮ ਕੁਪਵਾੜਾ ਜ਼ਿਲ੍ਹੇ ਦੇ ਪਿੰਡ ਕੁਨਨ ਪੌਸ਼ਪੁਰਾ ਦੀ ਬਾਤ ਸੁਣਾਉਂਦੀ ਹੈ ਜਿੱਥੇ 23-24 ਫਰਵਰੀ 1991 ਦੀ ਰਾਤ ਨੂੰ 125 ਫੌਜੀਆਂ ਨੇ 30 ਔਰਤਾਂ ਨਾਲ ਜਬਰ ਜਨਾਹ ਕੀਤਾ। ਫੌਜ ਦਾ ਇਹ ਹਮਲਾ ਰਾਤੀਂ 11 ਵਜੇ ਸ਼ੁਰੂ ਹੋਇਆ ਅਤੇ ਅਗਲੇ ਦਿਨ ਸਵੇਰ ਤੱਕ ਚੱਲਿਆ। ਇਹ ਸਾਰੇ ਫੌਜੀ ਪੈਂਜ਼ ਗਾਂਵ ਕੈਂਪ ਦੇ ਸਨ। ‘ਓਸ਼ਨ ਆਫ ਟੀਅਰਜ਼’ ਸਭ ਤੋਂ ਪਹਿਲਾਂ 15 ਦਸੰਬਰ 2012 ਨੂੰ ਕਸ਼ਮੀਰ ਯੂਨੀਵਰਸਿਟੀ ਵਿਚ ਦਿਖਾਈ ਜਾਣੀ ਸੀ, ਪਰ ਸਰਕਾਰ ਦੇ ਦਬਾਅ ਕਾਰਨ ਯੂਨੀਵਰਸਿਟੀ ਨੇ ਇਹ ਪ੍ਰੋਗਰਾਮ ਕੈਂਸਲ ਕਰ ਦਿੱਤਾ। ਬਿਲਾਲ ਜਾਨ ਮੁਤਾਬਕ, ਉਸ ਨੇ ਬਥੇਰਾ ਕਿਹਾ ਕਿ ਫਿਲਮ ਸਰਕਾਰ ਦੇ ਹੀ ਇਕ ਅਦਾਰੇ ਨੇ ਬਣਵਾਈ ਹੈ ਅਤੇ ਇਸ ਨੂੰ ਸੈਂਸਰ ਸਰਟੀਫਿਕੇਟ ਮਿਲ ਚੁੱਕਾ ਹੈ, ਪਰ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ। ਬਿਲਾਲ ਦੱਸਦਾ ਹੈ ਕਿ ਕਸ਼ਮੀਰ ਵਿਚ ਅੱਜ ਦੀ ਤਰੀਕ ਵਿਚ ਕੋਈ ਸਿਨੇਮਾਘਰ ਨਹੀਂ ਹੈ। ਸਾਰੇ ਥੀਏਟਰਾਂ ਵਿਚ ਫੌਜ ਨੇ ਡੇਰੇ ਲਾਏ ਹੋਏ ਹਨ। ਸੂਬੇ ਵਿਚ ਨਾ ਕੋਈ ਫਿਲਮ ਬੋਰਡ ਹੈ ਤੇ ਨਾ ਹੀ ਫਿਲਮ ਬਣਾਉਣ ਲਈ ਕਿਸੇ ਕਿਸਮ ਦੇ ਫੰਡ ਦਿੱਤੇ ਜਾਂਦੇ ਹਨ। ਫਿਰ ਵੀ ਉਸ ਨੇ ਔਖੇ-ਸੌਖੇ ਆਪਣੀ ਇਹ ਫਿਲਮ ਬਣਾਉਣ ਦਾ ਮਿਸ਼ਨ ਪੂਰਾ ਕੀਤਾ। ਇਹ ਫਿਲਮ ਤੀਜੇ ਨੇਪਾਲ ਮਨੁੱਖ ਅਧਿਕਾਰ ਕੌਮਾਂਤਰੀ ਫਿਲਮ ਮੇਲੇ ਵਿਚ ਦਿਖਾਈ ਗਈ ਜਿਹੜਾ ਫਰਵਰੀ ਵਿਚ ਹੋਇਆ ਸੀ। ਯੁਟਿਊਬ ਉਤੇ ਇਹ ਫਿਲਮ ਹਜ਼ਾਰਾਂ ਵਾਰ ਦੇਖੀ ਜਾ ਚੁੱਕੀ ਹੈ।
ਕੁਨਨ ਪੌਸ਼ਪੁਰਾ ਘਟਨਾ ਨਾਲ ਸਬੰਧਤ ਔਰਤਾਂ ਦੇ ਕੁਝ ਖਾਵੰਦਾਂ ਦੀ ਤੜਫਾਹਟ ਅਤੇ ਗੁੱਸਾ ਇਸ ਫਿਲਮ ਵਿਚ ਨਸ਼ਰ ਹੋਇਆ ਹੈ। ਇਨ੍ਹਾਂ ਔਰਤਾਂ ਵਿਚੋਂ ਚਾਰ ਜ਼ਿਆਦਾ ਖੂਨ ਵਗਣ ਕਰ ਕੇ ਮੌਤ ਦੇ ਮੂੰਹ ਜਾ ਪਈਆਂ ਸਨ। 22 ਸਾਲ ਬਾਅਦ ਇਨ੍ਹਾਂ ਵਿਚੋਂ ਕੁਝ ਔਰਤਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਜ਼ਰੀਫ਼ਾ ਜ਼ਿਆਦਾ ਲਹੂ ਵਗਣ ਕਾਰਨ ਮਰ ਗਈ ਸੀ। ਉਸ ਦੀਆਂ 6 ਅਣਵਿਆਹੀਆਂ ਧੀਆਂ ਹਨ। ਜ਼ੂਨਾ ਰਫੀਕਾ ਅਤੇ ਸਾਰਾ ਨੂੰ ਬੱਚੇਦਾਨੀਆਂ ਕੱਢਵਾਉਣੀਆਂ ਪਈਆਂ। ਸਾਰਾ ਦੱਸਦੀ ਹੈ ਕਿ ਉਸ ਦੀਆਂ ਦਵਾਈਆਂ ਉਤੇ ਹੀ 8-10 ਹਜ਼ਾਰ ਖ਼ਰਚ ਹੋ ਜਾਂਦਾ ਹੈ। ਇਸ ਘਟਨਾ ਦੀ ਮਾਰ ਬੱਚਿਆਂ ਉਤੇ ਵੀ ਪਈ ਹੈ। ਗੁਆਂਢੀ ਪਿੰਡਾਂ ਦੇ ਸਕੂਲਾਂ ਵਿਚ ਉਨ੍ਹਾਂ ਨੂੰ ਦਾਖ਼ਲ ਨਹੀਂ ਕੀਤਾ ਗਿਆ। ਕੁਝ ਬੱਚੇ ਖੁਦ ਹੀ ਸਕੂਲ ਨਹੀਂ ਗਏ, ਕਿਉਂਕਿ ਨਾਲ ਦੇ ਬੱਚੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸੀ। ਜਿਨ੍ਹਾਂ ਕੁੜੀਆਂ ਨਾਲ ਜਬਰ ਜਨਾਹ ਹੋਇਆ, ਉਨ੍ਹਾਂ ਵਿਚੋਂ ਕਈ ਅਣ-ਵਿਆਹੀਆਂ ਹੀ ਰਹਿ ਗਈਆਂ।
ਇਸ ਫਿਲਮ ਵਿਚ ਦੋ ਕਸ਼ਮੀਰੀ ਮੁਟਿਆਰਾਂ ਨੀਲੋਫਰ (24) ਅਤੇ ਆਸੀਆ (18) ਦੀ ਕਹਾਣੀ ਵੀ ਸੁਣਾਈ ਗਈ ਹੈ ਜਿਨ੍ਹਾਂ ਨਾਲ ਫੌਜੀਆਂ ਨੇ ਪਹਿਲਾਂ ਬਲਾਤਕਾਰ ਕੀਤਾ ਅਤੇ ਫਿਰ ਕਤਲ ਕਰ ਦਿੱਤਾ। ਨਾਲ ਹੀ ਕਹਾਣੀ ਘੜ ਲਈ ਕਿ ਇਹ ਡੁੱਬ ਕੇ ਮਰੀਆਂ ਹਨ। ਬਾਅਦ ਵਿਚ ਰੌਲਾ ਪੈਣ ਉਤੇ ਪਤਾ ਲੱਗਾ ਕਿ ਕਹਾਣੀ ਤਾਂ ਕੋਈ ਹੋਰ ਸੀ। ਤੀਜਾ ਕੇਸ ਸਕੀਆਂ ਭੈਣਾਂ ਅਖਤਰਾ ਅਤੇ ਅਸਿਫਾ ਦਾ ਹੈ ਜਿਨ੍ਹਾਂ ਨੂੰ ਜਹਾਦੀਆਂ ਨੇ ਮਾਰ ਸੁੱਟਿਆ ਸੀ। ਇਨ੍ਹਾਂ ਉਤੇ ਹਮਲਾ ਕਰਨ ਵਾਲਿਆਂ ਵਿਚੋਂ ਇਕ ਵਸਮ ਗਨੀ ਮੁਕਾਬਲੇ ਵਿਚ ਮਾਰਿਆ ਜਾ ਚੁੱਕਾ ਹੈ। ਚੌਥੀ ਕਹਾਣੀ ਅਸ਼ਮਲ ਦੀ ਹੈ ਜਿਸ ਨਾਲ ਫੌਜੀਆਂ ਨੇ 20 ਅਪਰੈਲ 2002 ਨੂੰ ਜਬਰ ਜਨਾਹ ਕੀਤਾ। ਉਹ ਖੇਤਾਂ ਤੋਂ ਘਾਹ ਲੈਣ ਗਈ ਸੀ। ਉਸ ਦੀ 13 ਸਾਲ ਦੀ ਬੱਚੀ ਉਸ ਦੇ ਨਾਲ ਸੀ। ਇਸ ਬੱਚੀ ਨੇ ਆਪਣੀ ਮਾਂ ਨਾਲ ਇਹ ਜ਼ਿਆਦਤੀ ਡਰੀ-ਸਹਿਮੀ ਨੇ ਇਕ ਰੁੱਖ ਓਹਲੇ ਬੈਠੀ ਨੇ ਦੇਖੀ। ਬੁਰੀ ਹਾਲਤ ਵਿਚ ਜਦੋਂ ਅਸ਼ਮਲ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਵਿਚ ਹੀ ਦਿਲ ਦੇ ਦੌਰੇ ਨਾਲ ਉਸ ਦੀ ਮੌਤ ਹੋ ਗਈ। ਅਦਾਲਤ ਨੇ ਬੱਚੀ ਦੀ ਗਵਾਹੀ ਮੰਨੀ ਹੀ ਨਹੀਂ। ਫਿਲਮ ਵਿਚ ਕਸ਼ਮੀਰ ਵਿਚ ਲਾਪਤਾ ਹੋਏ ਬੰਦਿਆਂ ਬਾਰੇ ਚਰਚਾ ਹੈ ਜਿਨ੍ਹਾਂ ਦੀ ਗਿਣਤੀ ਦਾ ਤਾਂ ਹੁਣ ਕੋਈ ਹਿਸਾਬ ਕਿਤਾਬ ਹੀ ਨਹੀਂ। ‘ਐਸੋਸੀਏਸ਼ਨ ਆਫ ਡਿਸਅਪੀਅਰਡ ਪਰਸਨਜ਼’ ਮੁਤਾਬਕ 8 ਤੋਂ 10 ਹਜ਼ਾਰ ਤੱਕ ਨੌਜਵਾਨ ਲਾਪਤਾ ਹੋ ਚੁੱਕੇ ਹਨ।

Be the first to comment

Leave a Reply

Your email address will not be published.