ਗੁਲਜ਼ਾਰ ਸਿੰਘ ਸੰਧੂ
ਚੀਫ ਖਾਲਸਾ ਦੀਵਾਨ ਅੰਮ੍ਰਿਤਸਰ, ਵਲੋਂ ਆਪਣੇ ਮਿੱਤਰ ਡਾ. ਐਸ. ਐਸ. ਛੀਨਾ ਨੂੰ ਦੀਵਾਨ ਦਾ ਵਿਦਿਅਕ ਸਕੱਤਰ ਥਾਪੇ ਜਾਣ ਨੇ ਮੈਨੂੰ ਚੀਫ ਖਾਲਸਾ ਦੀਵਾਨ ਦੀ ਸਿੱਖ ਪੰਥ ਨੂੰ ਵਿਦਿਅਕ ਦੇਣ ਉੱਤੇ ਝਾਤੀ ਮਾਰਨ ਦਾ ਮੌਕਾ ਦਿੱਤਾ ਹੈ। ਅੱਧੀ ਦਰਜਨ ਤੋਂ ਵਧ ਵਿਦਿਅਕ ਸੰਸਥਾਵਾਂ ਚਲਾ ਰਹੀ ਸਿੱਖ ਐਜੂਕੇਸ਼ਨਲ ਸੁਸਾਇਟੀ ਨੂੰ ਹੋਂਦ ਵਿਚ ਲਿਆਉਣ ਦਾ ਸਿਹਰਾ ਵੀ ਇਸ ਸੰਸਥਾ ਦੇ ਸਿਰ ਬੱਝਦਾ ਹੈ। ਪਿਛਲੀ ਸਦੀ ਦੇ ਪਹਿਲੇ ਦੋ ਦਹਾਕਿਆਂ ਵਿਚ ਸੰੁਦਰ ਸਿੰਘ ਮਜੀਠੀਆ ਤੇ ਸੁਰਜੀਤ ਸਿੰਘ ਮਜੀਠੀਆ ਇਸ ਦੇ ਵਿਦਿਅਕ ਸਕੱਤਰ ਰਹੇ, ਭਾਵੇਂ ਸ਼ਾਮ ਸਿੰਘ ਅਟਾਰੀ ਪਰਿਵਾਰ ਦੇ ਹਰਬੰਸ ਸਿੰਘ ਅਟਾਰੀ ਵੀ ਇਸ ਸੰਸਥਾ ਦੇ ਅਹੁਦੇਦਾਰ ਰਹੇ। ਇਸ ਸੰਸਥਾ ਨੇ ਕਈ ਵਧੀਆ ਸਿੱਖ ਵਿਦਿਅਕ ਸੰਸਥਾਵਾਂ ਸਥਾਪਤ ਕੀਤੀਆਂ, ਪਰ ਕੁਝ ਪਾਕਿਸਤਾਨ ਵਿਚ ਰਹਿ ਗਈਆਂ। ਉਨ੍ਹਾਂ ਵਿਚੋਂ ਸਿੱਖ ਨੈਸ਼ਨਲ ਕਾਲਜ ਲਾਹੌਰ ਪ੍ਰਮੁੱਖ ਸੀ। 1890 ਵਿਚ ਸਥਾਪਤ ਹੋਈ ਇਸ ਸੰਸਥਾ ਨੇ 1925 ਵਿਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਨਮ ਦਿੱਤਾ।
ਡਾ. ਛੀਨਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਖੇਤੀ ਵਿਭਾਗ ਦੇ ਡੀਨ ਵਜੋਂ ਸੇਵਾ ਮੁਕਤ ਹੋਇਆ ਤੇ ਇਸ ਵੇਲੇ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਨਵੀਂ ਦਿੱਲੀ ਦਾ ਸੀਨੀਅਰ ਫੈਲੋ ਹੋਣ ਦੇ ਨਾਲ ਨਾਲ ਯੂਨੈਸਕੋ ਕਲੱਬਜ਼ ਆਫ ਇੰਡੀਆ ਦਾ ਪ੍ਰੈਜ਼ੀਡੈਂਟ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਦੀ ਸੈਨੇਟ ਤੇ ਸਿੰਡੀਕੇਟ ਦਾ ਮੈਂਬਰ ਰਿਹਾ ਹੈ। 70 ਪੁਸਤਕਾਂ ਦਾ ਰਚੈਤਾ ਹੈ, ਜਿਨ੍ਹਾਂ ਦਾ ਵਿਸ਼ਾ ਮੁੱਖ ਤੌਰ ’ਤੇ ਖੇਤੀਬਾੜੀ, ਸਮਾਜ ਸੁਧਾਰ ਤੇ ਸਿੱਖ ਇਤਿਹਾਸ ਹੈ। ਉਸ ਦੀ ਇਸ ਮਹੱਤਵਪੂਰਨ ਨਿਯੁਕਤੀ ਨਾਲ ਵਿਦਿਅਕ ਸੰਸਾਥਾਵਾਂ ਵਿਚ ਹੋਰ ਸੁਧਾਰਾਂ ਦੀ ਸੰਭਾਵਨਾ ਬਣ ਗਈ ਹੈ। ਚੇਤੇ ਰਹੇ, ਚੀਫ ਖਾਲਸਾ ਦੀਵਾਨ ਦੀ ਛਤਰ ਛਾਇਆ ਥੱਲੇ 54 ਸਕੂਲ, ਤਿੰਨ ਕਾਲਜ, ਇੱਕ ਨਰਸਿੰਗ ਕਾਲਜ ਚੱਲ ਰਹੇ ਹਨ, ਜਿਨ੍ਹਾਂ ਵਿਚ ਲਗਪਗ ਪੰਜ ਹਜ਼ਾਰ ਅਧਿਆਪਕ ਪੰਜਾਹ ਹਜ਼ਾਰ ਵਿਦਿਆਰਥੀਆਂ ਨੂੰ ਵਿਦਿਆ ਪ੍ਰਦਾਨ ਕਰ ਰਹੇ ਹਨ।
ਇਸ ਸੰਸਥਾ ਦੀ ਇੱਕ ਹੋਰ ਪ੍ਰਾਪਤੀ ਅੰਮ੍ਰਿਤਸਰ ਵਿਖੇ ਇਸ ਦੀ ਦੇਖ-ਰੇਖ ਥੱਲੇ ਇਕ ਵੱਡਾ ਯਤੀਮ ਖਾਨਾ ਵੀ ਚੱਲ ਰਿਹਾ ਹੈ, ਜਿਥੇ ਸਾਢੇ ਤਿੰਨ ਸੌ ਬੱਚਿਆਂ ਦੀ ਵਿਦਿਆ ਤੇ ਰਹਿਣ-ਸਹਿਣ ਦੀ ਸਹੂਲਤ ਹੈ। ਸਾਕਾ ਜੱਲਿਆਵਾਲਾ ਬਾਗ ਦਾ ਬਦਲਾ ਲੈਣ ਵਾਲਾ ਸ਼ਹੀਦ ਊਧਮ ਸਿੰਘ ਵੀ ਇਸੇ ਯਤੀਮ ਖਾਨੇ ਵਿਚ ਪਲਿਆ ਸੀ।
ਮੇਰੇ ਮਿੱਤਰ ਸਰਬਜੀਤ ਸਿੰਘ ਛੀਨਾ ਦਾ ਇਸ ਸੰਸਥਾ ਦੀ ਵਿਦਿਅਕ ਨੀਤੀ ਦਾ ਘਾੜਾ ਬਣਨਾ ਮੇਰੇ ਲਈ ਮਾਣ ਦੀ ਗੱਲ ਹੈ।
ਸਿੱਖਾਂ ਦੀ ਭਾਰਤੀ ਮਾਣ-ਮਰਿਆਦਾ: ਪੀਊ ਖੋਜ ਕੇਂਦਰ ਅਮਰੀਕਾ ਦੀ ਭਾਰਤੀ ਸ਼ਾਖਾ ਦੇ ਇੱਕ ਸਰਵੇਖਣ ਅਨੁਸਾਰ 95 ਫੀਸਦੀ ਸਿੱਖਾਂ ਨੂੰ ਭਾਰਤੀ ਹੋਣ ਉੱਤੇ ਮਾਣ ਹੈ। ‘ਜਿਨ੍ਹਾਂ ਨੂੰ ਆਪਣੇ ਭਾਰਤੀ ਮੂਲ ਦੇ ਹੋਣ ਉੱਤੇ ਫਖਰ ਨਹੀਂ, ਉਹ ਸਿੱਖ ਹੀ ਨਹੀਂ’ ਕਹਿਣ ਵਾਲਿਆਂ ਦੀ ਗਿਣਤੀ ਵੀ 70% ਰਿਪੋਰਟ ਕੀਤੀ ਗਈ ਹੈ। ‘ਭਾਰਤ ਵਿਚ ਧਾਰਮਿਕ ਸਬਰ ਸੰਤੋਖ’ ਨਾਂ ਦੇ ਇਸ ਸਰਵੇਖਣ ਨੇ 17 ਭਾਰਤੀ ਭਾਸ਼ਾਵਾਂ ਤੇ ਲਗਪਗ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਇਕਾਈਆਂ ਨੂੰ ਆਪਣੇ ਸਰਵੇ ਦੀ ਬੁੱਕਲ ਵਿਚ ਲਿਆ। ਇਨ੍ਹਾਂ ਵਿਚੋਂ 22,975 ਹਿੰਦੂ ਸਨ; 3336 ਮੁਸਲਮਾਨ; 1,782 ਸਿੱਖ; 1,011 ਈਸਾਈ; 719 ਬੋਧੀ ਤੇ 109 ਜੈਨੀ। ਦੂਜੀਆਂ ਧਾਰਮਿਕ ਸ਼੍ਰੇਣੀਆਂ ਵਾਂਗ ਆਪਣੇ ਆਪ ਨੂੰ ਧਾਰਮਿਕ ਕੱਟੜਤਾ ਦਾ ਸ਼ਿਕਾਰ ਦੱਸਣ ਵਾਲਿਆਂ ਵਿਚ ਸਿੱਖਾਂ ਦੀ ਗਿਣਤੀ ਨਾਂ-ਮਾਤਰ ਹੀ ਹੈ। 14-18 ਪ੍ਰਤੀਸ਼ਤ! ਉਂਜ ਨਿਯਮ ਨਾਲ ਗੁਰਦੁਆਰੇ ਨਤਮਸਤਕ ਹੋਣ ਵਾਲੇ ਸਿੱਖ 40 ਪ੍ਰਤੀਸ਼ਤ ਪਾਏ ਗਏ ਹਨ, ਜਦ ਕਿ ਹਿੰਦੂਆਂ ਵਿਚ ਅਜਿਹੇ ਸੱਜਣਾਂ ਦੀ ਗਿਣਤੀ ਸਿਰਫ 14% ਵੇਖੀ ਗਈ ਹੈ। ਸਿੱਖਾਂ ਵਿਚ ਸੂਫੀ ਧਾਰਨਾ ਉੱਤੇ ‘ਫੁੱਲ ਚੜ੍ਹਾਉਣ ਵਾਲੇ ਵੀ ਘੱਟ ਨਹੀਂ।
ਦਲੀਪ ਕੁਮਾਰ ਦਾ ਚਲਾਣਾ: ਯੂਸਫ ਮੁਹੰਮਦ ਖਾਨ ਪਠਾਣ ਉਰਫ ਫਿਲਮੀ ਸਿਤਾਰਾ ਦਲੀਪ ਕੁਮਾਰ 98 ਸਾਲ ਦੀ ਲੰਮੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਉਹ 1944 ਤੋਂ 1999 ਤੱਕ ਪੂਰੇ 55 ਸਾਲ ਐਕਟਿਵ ਰਿਹਾ। ਮੇਰੀ ਪੀੜੀ ਦੇ ਬੰਦਿਆਂ ਲਈ ਇਹ ਪਾੜਾ ਪ੍ਰੇਸ਼ਾਨੀ ਵਾਲਾ ਹੈ। ਅਸ਼ੋਕ ਕੁਮਾਰ ਦੇ ਚਲਾਣਾ ਕਰਨ ਤੋਂ ਪਿਛੋਂ ਸਾਨੂੰ ਉਸ ਦੀ ਟੇਕ ਸੀ, ਜੋ ਨਹੀਂ ਰਹੀ। ਦਲੀਪ ਕੁਮਾਰ ਅਮਰ ਰਹੇ!
ਅੰਤਿਕਾ: ਸੁਲਤਾਨ ਬਾਹੂ
ਮਜ੍ਹਬਾਂ ਦੇ ਦਰਵਾਜ਼ੇ ਉਚੇ
ਰਾਹ ਰੱਬਾਨਾ ਮੋਰੀ ਹੂ।
ਪੰਡਿਤ ਤੇ ਮੁਲਵਾਣਿਆਂ ਕੋਲੋਂ
ਛੁਪ ਛੁਪ ਲੰਘੀਏ ਚੋਰੀ ਹੂ।