ਬੇਅੰਤ ਬਰੀਵਾਲਾ
ਫੋਨ: 91-90418-47077
ਪੂਰਨ ਭਗਤ ਬਾਰੇ ਸਭ ਨੇ ਪੜ੍ਹਿਆ ਹੀ ਹੋਣਾ ਹੈ, ਸ਼ਹਿਰ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਰਾਣੀ ਇੱਛਰਾਂ ਦੀ ਕੁੱਖ `ਚੋਂ ਪੈਦਾ ਹੋਇਆ ਪੂਰਨ ਭਗਤ।
ਜੇ ਸਿਆਲਕੋਟ ਦੀ ਗੱਲ ਕਰੀਏ ਤਾਂ ਉਹ ਥੇਹ ਹੋ ਗਿਆ ਸੀ, ਉਸ ਜਗ੍ਹਾ ਅੱਜ ਕਲ੍ਹ ਸਰਾਇਨਾਗਾ ਪਿੰਡ ਵਸਿਆ ਹੋਇਆ ਏ। ਵਕਤ ਦੇ ਨਾਲ ਨਾਲ ਇਸ ਪਿੰਡ ਦੇ ਨਾਂ ਬਦਲਦੇ ਰਹੇ ਹਨ। ਇਹ ਪਿੰਡ ਕੋਟਕਪੂਰੇ ਤੋਂ ਮੁਕਤਸਰ ਸਾਹਿਬ ਵਾਲੇ ਹਾਈਵੇ `ਤੇ ਦੋਹਾਂ ਸ਼ਹਿਰਾਂ ਦੇ ਬਿਲਕੁਲ ਅੱਧ `ਚ ਵਸਿਆ ਹੋਇਆ ਏ। ਇਸ ਪਿੰਡ ਦੀ ਜਗ੍ਹਾ `ਤੇ ਕਦੇ ਰਾਜੇ ਸਲਵਾਨ ਦੀ ਰਾਜਧਾਨੀ ਸਿਆਲਕੋਟ ਸ਼ਹਿਰ ਹੋਇਆ ਕਰਦਾ ਸੀ। ਇਸ ਪਿੰਡ ਦੀ ਬਨਾਵਟ ਤੋਂ ਸਾਫ ਅੰਦਾਜ਼ਾ ਲਗਦਾ ਹੈ ਕਿ ਇਥੇ ਪਹਿਲਾਂ ਕੋਈ ਸ਼ਹਿਰ ਤਬਾਹ ਹੋਇਆ ਸੀ। ਅੱਜ ਵੀ ਖੁਦਾਈ ਸਮੇਂ ਇੱਥੋਂ ਇਸ ਦੇ ਸਬੂਤ ਮਿਲਦੇ ਹਨ। ਜੇ ਬਣਤਰ ਦੀ ਗੱਲ ਕਰੀਏ, ਦੱਖਣ ਵਾਲੇ ਪਾਸੇ ਪਿੰਡ ਹਰੀਕੇ ਕਲਾਂ ਵੱਲ ਜਾਣ ਲਈ ਘੱਟੋ ਘੱਟ 20-25 ਫੁੱਟ ਥੱਲੇ ਉਤਰਨਾ ਪੈਂਦਾ ਏ।
ਜੇ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਟੀ ਵਣ ਦੀ ਦਾਤਣ ਦੀ, ਜੋ ਅੱਜ ਕੱਲ੍ਹ ਵਣ ਦਾ ਦਰਖਤ ਬਣ ਚੁਕੀ ਹੈ, ਉਸ ਦੇ ਦਰਸ਼ਨ ਕਰਨ ਲਈ ਵੀ ਸਾਨੂੰ 25-30 ਫੁੱਟ ਉੱਪਰ ਚੜ੍ਹਨਾ ਪੈਂਦਾ। (ਸੜਕਾਂ ਦੇ ਨਿਰਮਾਣ ਨਾਲ ਫਰਕ ਹੁਣ ਘਟਦਾ ਜਾਂਦਾ ਏ) ਇੱਕ ਗੱਲ ਨੋਟ ਕਰਿਓ, ਜਦੋਂ ਗੁਰੂ ਨਾਨਕ ਦੇਵ ਜੀ ਇਥੇ ਆਏ ਸਨ, ਉਦੋਂ ਇਸ ਜਗ੍ਹਾ ਦਾ ਨਾਮ ਮੱਤੇ ਦੀ ਸਰਾਏ ਸੀ। ਇਥੇ ਹੀ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ। ਜੇ ਗੱਲ ਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਵਾਲੇ ਗੁਰਦੁਆਰੇ ਦੀ ਕਰੀਏ, ਓਹਦੇ ਚੜ੍ਹਦੇ ਵੱਲ ਤਲਾਅ ਵਾਲੇ ਪਾਸੇ 30 ਫੁੱਟ ਦੇ ਕਰੀਬ ਹੇਠਾਂ ਉਤਰ ਕੇ ਤਲਾਅ `ਤੇ ਇਸ਼ਨਾਨ ਕੀਤਾ ਜਾਂਦਾ।
ਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਕੋਠੀ ਵੱਲ ਜਾਈਏ ਤਾਂ ਸਿੱਧੀ ਚੜ੍ਹਾਈ ਆ ਉਨ੍ਹਾਂ ਦੇ ਦਰਵਾਜ਼ੇ ਤੱਕ।
ਜਦੋਂ ਪੂਰਨ ਭਗਤ ਦਾ ਜਨਮ ਹੋਇਆ ਤਾਂ ਪੰਡਿਤਾਂ ਨੇ ਕਿਹਾ ਸੀ ਕਿ ਜਿਹੜੀ ਚੀਜ਼ ਦੇ ਮੱਥੇ ਪੂਰਨ ਲੱਗੇਗਾ, ਉਹ ਖਤਮ ਹੋ ਜਾਵੇਗੀ। ਪੂਰਨ ਭਗਤ ਨੂੰ ਸਭ ਤੋਂ ਪਹਿਲਾਂ ਸਤਲੁਜ ਦਰਿਆ ਦੇ ਮੱਥੇ ਲਾਇਆ ਗਿਆ, ਜੋ ਪਿੱਛੇ ਹਟਦਾ ਹਟਦਾ ਫਿਰੋਜ਼ਪੁਰ ਦੇ ਕੋਲ ਚਲਾ ਗਿਆ, ਪਰ ਦਰਿਆ ਦੇ ਨਿਸ਼ਾਨ ਇਥੋਂ ਦੇ ਆਸੇ-ਪਾਸੇ ਦੇ ਪਿੰਡਾਂ ਝਬ੍ਹੇਲਵਾਲੀ, ਬਾਹਮਣਵਾਲਾ, ਤਖਤ ਮਾਲਾਣਾ ਆਦਿ ਪਿੰਡਾਂ `ਚ ਸਾਫ ਦੇਖੇ ਜਾ ਸਕਦੇ ਆ। ਜਿਥੋਂ ਦੀ ਜ਼ਮੀਨ ਦੀ ਬਣਤਰ ਤੋਂ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਏਥੇ ਦਰਿਆ ਵਗਦਾ ਸੀ। ਇਸ ਦਾ ਦੂਜਾ ਸਬੂਤ ਹੈ ਪੰਜਾਬ ਦਾ ਸਭ ਤੋਂ ਪੁਰਾਣਾ ਬਠਿੰਡੇ ਦਾ ਕਿਲ੍ਹਾ, ਜੋ ਅੱਜ ਕੱਲ੍ਹ ਭਾਵੇਂ ਸ਼ਹਿਰ ਦੇ ਵਿਚਾਲੇ ਹੈ, ਪਰ ਕਿਸੇ ਸਮੇਂ ਇਸ ਨੂੰ ਸਤਲੁਜ ਦਰਿਆ ਦੇ ਕੰਢੇ `ਤੇ ਬਣਾਇਆ ਗਿਆ ਸੀ। ਦਰਿਆ ਤਾਂ ਪਿੱਛੇ ਹਟਦਾ ਫਿਰੋਜ਼ਪੁਰ ਕੋਲ ਚਲਾ ਗਿਆ, ਪਰ ਪਿੱਛੇ ਆਪਣੇ ਨਿਸ਼ਾਨ ਛੱਡ ਗਿਆ। ਫੇਰ ਪੂਰਨ ਭਗਤ ਨੂੰ ਬਾਰਾਂ ਸਾਲ ਲਈ ਭੋਰੇ `ਚ ਕੈਦ ਕਰ ਦਿੱਤਾ ਗਿਆ।
ਜੋ ਵੇਦਾਂ ਦੇ ਵਿਚ ਲਿਖਿਆ ਸੀ
ਉਵੇਂ ਪੰਡਤਾਂ ਆਖ ਸੁਣਾ ਦਿੱਤਾ,
ਪੂਰਨ ਇੱਕ ਭੋਰਿਓਂ ਨਿਕਲਿਆ ਸੀ
ਦੂਜੇ ਭੋਰੇ ਪਾ ਦਿੱਤਾ।
ਜਿਸ ਜਗ੍ਹਾ ਪੂਰਨ ਭਗਤ ਨੂੰ ਭੋਰੇ `ਚ ਕੈਦ ਰੱਖਿਆ ਸੀ, ਉਥੇ ਅੱਜ ਕੱਲ੍ਹ ਭੂੱਟੀਵਾਲਾ ਪਿੰਡ ਹੈ, ਜੋ ਸਰਾਇ ਨਾਗਾ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ `ਤੇ ਹੈ। ਇਥੇ ਅੱਜ ਵੀ ਪੂਰਨ ਭਗਤ ਦਾ ਡੇਰਾ ਸੁਸ਼ੋਭਿਤ ਹੈ। ਲੋਕ ਇਹ ਵੀ ਦੱਸਦੇ ਹਨ ਕਿ ਪੂਰਨ ਭਗਤ ਨੂੰ ਖੂਹ ਵਿਚ ਵੀ ਇਸੇ ਜਗ੍ਹਾ ਸੁਟਿਆ ਗਿਆ ਸੀ। ਇਥੋਂ ਹੀ ਗੋਰਖਨਾਥ ਜੋਗੀ ਨੇ ਉਸ ਨੂੰ ਖੂਹ `ਚੋਂ ਕੱਢਿਆ ਸੀ। ਪੂਰਨ ਭਗਤ ਦਾ ਬਾਗ, ਜੋ ਉਸ ਦੇ ਜਾਣ ਤੋਂ ਬਾਅਦ ਸੁੱਕ ਗਿਆ ਸੀ, ਉਹ ਸਰਾਇ ਨਾਗਾ ਤੋਂ ਮੇਰੇ ਪਿੰਡ ਬਰੀਵਾਲਾ ਵਾਲੀ ਸੜਕ `ਤੇ ਸੀ, ਪੂਰਨ ਦੇ ਵਾਪਸ ਆਉਣ ਨਾਲ ਹਰਾ-ਭਰਾ ਹੋ ਗਿਆ ਸੀ। ਫੇਰ ਸਿਆਲਕੋਟ ਦੇ ਤਬਾਹ ਹੋਣ ਤੋਂ ਬਾਅਦ ਇਥੇ ਮੱਤੇ ਦੀ ਸਰਾਇ ਪਿੰਡ ਵਸਿਆ। ਇਥੇ ਸ਼ਾਂਤਮਈ ਤੇ ਖੂਬਸੂਰਤ ਵਾਤਾਵਰਣ ਹੁੰਦਾ ਸੀ। ਇਥੇ ਜੋਗੀ ਸਾਧੂ ਅਕਸਰ ਹੀ ਠਹਿਰਦੇ ਰਹਿੰਦੇ ਸਨ, ਨਾਗੇ ਸਾਧੂ ਠਹਿਰਦੇ ਕਰਕੇ ਇਸ ਨੂੰ ਨਾਗੇ ਦੀ ਸਰਾਇ ਕਹਿਣ ਲੱਗ ਪਏ। ਦੱਸਦੇ ਹਨ ਕਿ ਇਥੇ ਇੱਕ ਨਾਗੇ ਸਾਧੂ ਦੀ ਉਮਰ 1600 ਸਾਲ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਿੰਦਗੀ ਦੀ ਸਭ ਤੋਂ ਵੱਡੀ ਤੇ ਆਖਰੀ ਮੁਕਤਸਰ (ਖਿਦਰਾਣੇ) ਦੀ ਜੰਗ ਲੜੀ, ਉਦੋਂ ਉਹ ਸਰਾਇ ਨਾਗਾ ਆਏ ਸਨ, ਉਨ੍ਹਾਂ ਨੇ ਉਸ ਨਾਗੇ ਸਾਧੂ ਦਾ ਆਧਾਰ ਕੀਤਾ ਸੀ, ਪਰ ਪਿੰਡ ਦਾ ਨਾਮ ਸਰਾਇ ਨਾਗਾ ਹੀ ਰਿਹਾ।