ਦਲੀਪ ਸਿੰਘ ਵਾਸਨ
ਐਡਵੋਕੇਟ, ਪਟਿਆਲਾ
ਫੋਨ: 0175-5191856
ਭਾਰਤ ਵਿਚ ਇਹ ਜੈਸਾ ਵੀ ਪਰਜਾਤੰਤਰ ਆ ਗਿਆ ਹੈ, ਅਸੀਂ ਆਪ ਹੀ ਆਖ ਰਹੇ ਹਾਂ ਕਿ ਇਹ ਅਸਲੀ ਪਰਜਾਤੰਤਰ ਹੈ। ਅਸੀਂ ਤਾਂ ਦੁਨੀਆਂ ਭਰ ਵਿਚ ਇਹ ਆਖੀ ਜਾ ਰਹੇ ਹਾਂ ਕਿ ਅਸੀਂ ਦੁਨੀਆਂ ਦਾ ਸਭ ਤੋਂ ਵੱਡਾ ਪਰਜਾਤੰਤਰ ਹਾਂ। ਇਹ ਪਿਛਲੇ ਸਵਾ ਸੱਤ ਦਹਾਕਿਆਂ ਤੋਂ ਚਲਦਾ ਆ ਰਿਹਾ ਹੈ। ਅਸੀਂ ਬੇਸ਼ਕ ਅੱਜ ਤਕ ਆਪਣੇ ਪ੍ਰਤੀਨਿਧ ਨਹੀਂ ਚੁਣ ਸਕੇ ਹਾਂ ਅਤੇ ਇਹ ਜਿਹੜੇ ਵੀ ਆਦਮੀ ਰਾਜਸੀ ਪਾਰਟੀਆਂ ਤੇ ਰਾਜਸੀ ਧੜੇ ਆਪਣੇ ਆਦਮੀ ਚੁਣ ਕੇ ਸਾਡੇ ਸਾਹਮਣੇ ਕਰਦੇ ਰਹੇ ਹਨ, ਅਸੀਂ ਵੋਟਾਂ ਪਾਉਂਦੇ ਰਹੇ ਹਾਂ। ਵਿਧਾਨ ਮੁਤਾਬਿਕ ਇਹ ਆਦਮੀ ਸਾਡੇ ਪ੍ਰਤੀਨਿਧ ਹੀ ਮੰਨੇ ਜਾਂਦੇ ਰਹੇ ਹਨ, ਹਾਲਾਂਕਿ ਇਹ ਆਦਮੀ ਪਾਰਟੀਆਂ ਅਤੇ ਧੜਿਆਂ ਦੇ ਹਮਾਇਤੀ ਬਣ ਕੇ ਪਾਰਲੀਮੈਂਟ ਵਿਚ ਜਾਂਦੇ ਰਹੇ ਹਨ।
ਕੁਲ ਮਿਲਾ ਕੇ ਇਸ ਮੁਲਕ ਵਿਚ ਇਕਪੁਰਖਾ ਜਿਹਾ ਰਾਜ ਬਣਦਾ ਰਿਹਾ ਹੈ ਅਤੇ ਪਿਛਲੇ ਸਵਾ ਸੱਤ ਦਹਾਕਿਆਂ ਵਿਚ ਇਕ ਹੀ ਆਦਮੀ ਜਿਹੜਾ ਵੀ ਪ੍ਰਧਾਨ ਮੰਤਰੀ ਬਣਦਾ ਰਿਹਾ ਹੈ, ਦਾ ਨਾਮ ਹੀ ਬੋਲਦਾ ਰਿਹਾ ਹੈ। ਅਰਥਾਤ ਇਹ ਜਿਹੜੇ ਸੈਂਕੜੇ ਵਿਧਾਇਕ ਪਾਰਲੀਮੈਂਟ ਵਿਚ ਜਾ ਕੇ ਬੈਠਦੇ ਰਹੇ ਹਨ, ਇਹ ਦੋ ਹਿੱਸਿਆਂ ਵਿਚ ਵੰਡ ਜਾਂਦੇ ਰਹੇ ਹਨ-ਇਕ ਸਰਕਾਰੀ ਪੱਖ ਤੇ ਦੂਜਾ ਵਿਰੋਧੀ ਪੱਖ। ਸਰਕਾਰੀ ਪੱਖ ਤਾਂ ਬੋਲਦਾ ਹੀ ਨਹੀਂ ਅਤੇ ਵਿਰੋਧੀਆਂ ਦੀ ਕੋਈ ਸੁਣਦਾ ਹੀ ਨਹੀਂ ਰਿਹਾ। ਇਸ ਕਰਕੇ ਇਕਪੁਰਖਾ ਅਰਥਾਤ ਪ੍ਰਧਾਨ ਮੰਤਰੀ ਹੀ ਕਰਤਾ-ਧਰਤਾ ਰਿਹਾ ਹੈ। ਇਹ ਇਕਪੁਰਖਾ ਰਾਜ ਜੇ ਪਰਜਾਤੰਤਰ ਅਖਵਾਈ ਜਾਂਦਾ ਹੈ ਤਾਂ ਇਹ ਗਲਤ ਹੈ।
ਬੇਸ਼ਕ ਸੈਂਕੜਿਆਂ ਦੀ ਗਿਣਤੀ ਵਿਚ ਪਾਰਲੀਮੈਂਟ ਵਿਚ ਬੈਠੇ ਵਿਧਾਇਕ ਸਾਡੇ ਪ੍ਰਤੀਨਿਧ ਨਹੀਂ ਹਨ, ਪਰ ਚੁਣੇ ਤਾਂ ਅਸਾਂ ਹੀ ਹਨ ਅਤੇ ਹਰ ਕਿਸੇ ਵਿਧਾਇਕ ਨੇ ਸਦਨ ਵਿਚ ਬੈਠਣ ਤੋਂ ਪਹਿਲਾਂ ਬਾਕਾਇਦਾ ਸੰਵਿਧਾਨ ਦੀ ਕਸਮ ਵੀ ਖਾਧੀ ਹੈ ਕਿ ਉਹ ਜਨਤਾ ਦਾ ਸੇਵਾਦਾਰ ਹੈ ਤੇ ਸਦਨ ਵਿਚ ਬੈਠ ਕੇ ਉਹ ਜਨਤਾ ਦੀ ਸੇਵਾ ਕਰੇਗਾ। ਇਹ ਸਹੁੰ ਚੁੱਕ ਕੇ ਉਹ ਲੋਕਾਂ ਦਾ ਸੇਵਕ ਅਰਥਾਤ ਪ੍ਰਤੀਨਿਧ ਬਣ ਜਾਂਦਾ ਹੈ।
ਹਰ ਕਿਸੇ ਆਦਮੀ ਵਿਚ ਜ਼ਮੀਰ ਵੀ ਹਾਜ਼ਰ ਹੁੰਦੀ ਹੈ ਅਤੇ ਇਹ ਜੋ ਵੀ ਆਦਮੀ ਅਸਾਂ ਵਿਧਾਇਕ ਬਣਾ ਕੇ ਸਦਨ ਵਿਚ ਭੇਜ ਦਿੱਤਾ ਹੈ, ਇਹ ਆਪਣਾ ਨਾਮ ਖੜ੍ਹਾ ਕਰਨ ਲਈ ਲੋਕਾਂ ਲਈ ਕੁਝ ਕਰਨਾ ਵੀ ਚਾਹੁੰਦਾ ਹੈ, ਪਰ ਇਹ ਅਜੀਬ ਕਿਸਮ ਦਾ ਪਰਜਾਤੰਤਰ ਹੈ, ਜਿਥੇ ਲੋਕ ਤਾਂ ਆਜ਼ਾਦ ਹੋ ਗਏ ਹਨ, ਲੋਕਾਂ ਦੇ ਚੁਣੇ ਹੋਏ ਆਦਮੀ ਪਾਰਟੀਆਂ ਅਤੇ ਧੜਿਆਂ ਦੇ ਸਰਦਾਰਾਂ ਦੇ ਗੁਲਾਮ ਹਨ ਤੇ ਇਹ ਜ਼ਾਬਤੇ ਉਨ੍ਹਾਂ ਦੇ ਸਾਰੇ ਅਧਿਕਾਰ ਖੋਹ ਲੈਂਦੇ ਹਨ। ਸਦਨ ਵਿਚ ਸਰਕਾਰੀ ਪੱਖ ਵਿਚ ਬੈਠੇ ਵਿਧਾਇਕ ਤਾਂ ਬੋਲ ਹੀ ਨਹੀਂ ਸਕਦੇ ਅਤੇ ਵਿਰੋਧੀ ਜੇ ਬੋਲ ਵੀ ਪੈਣ ਤਾਂ ਸਦਨ ਵਿਚ ਅਨਸੁਣੀ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਹ ਇਕਪੁਰਖਾ ਜਿਹਾ ਰਾਜ ਬਣ ਆਇਆ ਹੈ ਅਤੇ ਸਦਨ ਵਿਚ ਬੈਠੇ ਸਾਡੇ ਸੈਂਕੜੇ ਵਿਧਾਇਕ ਬਸ ਸਾਹ ਘੁੱਟੀ ਹੀ ਬੈਠੇ ਰਹਿੰਦੇ ਹਨ। ਅੰਦਰੋ ਅੰਦਰੀ ਸੜਦੇ ਭੁੱਜਦੇ ਵੀ ਰਹਿੰਦੇ ਹਨ, ਪਰ ਕਰ ਕੁਝ ਨਹੀਂ ਸਕਦੇ। ਇਸ ਲਈ ਅਸੀਂ ਆਖੀਏ ਕਿ ਇਹ ਸਾਡੇ ਚੁਣੇ ਹੋਏ ਵਿਧਾਇਕ ਗਲਤੀ ਉਤੇ ਹਨ, ਇਹ ਝੂਠਾ ਇਲਜ਼ਾਮ ਹੈ। ਸਾਨੂੰ ਵੀ ਸਾਫ ਦਿਸਦਾ ਹੈ ਕਿ ਇਨ੍ਹਾਂ `ਚੋਂ ਬਹੁਤੇ ਵਿਧਾਇਕ ਗਲਤ ਨਹੀਂ ਹਨ। ਇਹ ਪਿਰਤ ਪੱਕੀ ਹੋ ਗਈ ਹੈ। ਹੁਣ ਕੋਈ ਇਹ ਆਖੇ ਕਿ ਇਹ ਪਿਰਤ ਖਤਮ ਕੀਤੀ ਜਾ ਸਕਦੀ ਹੈ ਤਾਂ ਐਸਾ ਸੋਚਣਾ ਹਾਲ ਦੀ ਘੜੀ ਗਲਤ ਜਿਹਾ ਲਗਦਾ ਹੈ।
ਇਹ ਇਕਪੁਰਖਾ ਰਾਜ ਲੋਕ-ਰਾਜ ਦੀਆਂ ਬੁਨਿਆਦਾਂ ਨਹੀਂ ਖੜ੍ਹੀਆਂ ਕਰ ਸਕਿਆ। ਇਹ ਇਕਪੁਰਖਾ ਰਾਜ ਬਸ ਆਪਣਾ ਰਾਜ ਹੀ ਕਾਇਮ ਕਰਨ ਵਿਚ ਲੱਗਾ ਰਹਿੰਦਾ ਹੈ ਅਤੇ ਇਹੀ ਕਾਰਨ ਹੈ ਕਿ ਮੁਲਕ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਅੱਜ ਤਕ ਸਦਨਾਂ ਵਿਚ ਬੈਠੇ ਸਾਡੇ ਇਹ ਵਿਧਾਇਕ ਕਦੀ ਬੋਲ ਵੀ ਨਹੀਂ ਸਕੇ ਹਨ। ਰਿਕਾਰਡ ਦਰਸਾ ਰਿਹਾ ਹੈ ਕਿ ਇਸ ਮੁਲਕ ਵਿਚ ਇਕਪੁਰਖ ਹੀ ਕਰਤਾ-ਧਰਤਾ ਰਹਿੰਦਾ ਹੈ ਅਤੇ ਉਹੀ ਜਿਹੜਾ ਬਿਲ ਆਦਿ ਸਦਨ ਵਿਚ ਰੱਖਦਾ ਹੈ, ਪਾਸ ਹੋ ਜਾਂਦਾ ਹੈ, ਕਿਉਂਕਿ ਉਸ ਕੋਲ ਬਹੁਮਤ ਹੈ ਅਤੇ ਇਕ ਵੀ ਆਦਮੀ ਨੂੰ ਉਸ ਦੇ ਵਿਰੁਧ ਵੋਟ ਪਾਉਣ ਦੀ ਆਗਿਆ ਨਹੀਂ ਹੈ।
ਅਸੀਂ ਇਹ ਵੀ ਨਹੀਂ ਆਖ ਸਕਦੇ ਕਿ ਇਹ ਜਿਹੜੇ ਸੈਂਕੜੇ ਵਿਧਾਇਕ ਸਾਡੀ ਪਾਰਲੀਮੈਂਟ ਵਿਚ ਬੈਠੇ ਹਨ, ਇਹ ਮੁਲਕ ਦੇ ਲੋਕਾਂ ਦਾ ਭਲਾ ਨਹੀਂ ਚਾਹੁੰਦੇ। ਇਹ ਬਹੁਤ ਕੁਝ ਕਹਿਣਾ ਚਾਹੁੰਦੇ ਹਨ ਅਤੇ ਜੇ ਇਹ ਸਦਨਾ ਵਿਚ ਬੋਲ ਸਕਦੇ ਜਾਂ ਕੋਈ ਸਕੀਮ ਰੱਖ ਸਕਦੇ ਤਾਂ ਹੁਣ ਤੱਕ ਸਾਡੀਆਂ ਕਿੰਨੀਆਂ ਹੀ ਸਮੱਸਿਆਵਾਂ ਹੱਲ ਹੋ ਜਾਣੀਆਂ ਸਨ, ਪਰ ਇਕਪੁਰਖਾ ਰਾਜ ਨੇ ਮੁਲਕ ਦਾ ਬੇੜਾ ਗਰਕ ਕਰ ਦਿੱਤਾ ਹੈ। ਪਰਜਾਤੰਤਰ ਖੜ੍ਹਾ ਵੀ ਇਸ ਲਈ ਕੀਤਾ ਗਿਆ ਸੀ ਤਾਂ ਕਿ ਇਕ ਦਿਮਾਗ ਨਹੀਂ, ਸਗੋਂ ਸੈਂਕੜੇ ਲੋਕਾਂ ਦਾ ਦਿਮਾਗ ਚੱਲੇ ਅਤੇ ਹਰ ਕੋਈ ਰਾਏ ਵੀ ਦੇ ਸਕੇ ਕਿ ਇਉਂ ਨਹੀਂ, ਇਉਂ ਹੋਣਾ ਚਾਹੀਦਾ! ਮੁਲਕ ਦੀ ਤਿੰਨ ਚੌਥਾਈ ਵਸੋਂ ਇੰਨੀ ਗਰੀਬ ਕਰਕੇ ਰੱਖ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਜਿਊਂਦਾ ਰੱਖਣ ਲਈ ਅੱਜ ਮੁਫਤ ਰਾਸ਼ਨ ਦੇਣਾ ਪੈ ਰਿਹਾ ਹੈ। ਸਰਕਾਰਾਂ ਦਾ ਕੰਮ ਇਹ ਮਦਦ ਕਰਕੇ ਲੋਕਾਂ ਨੂੰ ਮੰਗਤਾ ਨਹੀਂ ਬਣਾਉਣਾ ਹੁੰਦਾ, ਸਗੋਂ ਸਰਕਾਰਾਂ ਦਾ ਕੰਮ ਇਹ ਹੁੰਦਾ ਹੈ ਕਿ ਉਹ ਮੁਲਕ ਦੇ ਹਰ ਆਦਮੀ ਨੂੰ ਆਪਣਾ ਅਤੇ ਆਪਣੇ ਟੱਬਰ ਦਾ ਖਰਚਾ ਆਪ ਕਮਾਉਣ ਦਾ ਮੌਕਾ ਬਣਾਉਣ ਤੇ ਅਸੀਂ ਐਸਾ ਮਾਹੌਲ ਬਣਾਉਣ ਵਿਚ ਅਸਫਲ ਰਹੇ ਹਾਂ।
ਜਨਤਾ ਤਾਂ ਕੁਝ ਵੀ ਨਹੀਂ ਕਰ ਸਕਦੀ ਅਤੇ ਸਾਡੇ ਪ੍ਰਤੀਨਿਧ ਹੀ ਸੋਚਣ ਕਿ ਸਦਨਾਂ ਵਿਚ ਜਾ ਕੇ ਜਦ ਉਹ ਜਨਤਾ ਪਾਸੋਂ ਤਨਖਾਹ ਅਤੇ ਪੈਨਸ਼ਨਾਂ ਲੈਂਦੇ ਹਨ ਤਾਂ ਸਦਨਾਂ ਵਿਚ ਜਾ ਕੇ ਗੁਲਾਮਾਂ ਵਾਂਗ ਕਿਉਂ ਬੈਠਦੇ ਹਨ? ਉਹ ਜਨਤਾ ਲਈ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਅਤੇ ਜੇ ਉਹ ਚਾਹੁਣ ਤਾਂ ਐਸਾ ਕਰ ਸਕਦੇ ਹਨ।