ਅਦਾਕਾਰ ਦਿਲੀਪ ਕੁਮਾਰ: ਇਕ ਯੁੱਗ ਦਾ ਅੰਤ

ਅੱਬਾਸ ਧਾਲੀਵਾਲ
ਫੋਨ: +91-98552-59650
ਸੱਤ ਤਾਰੀਖ (ਜੁਲਾਈ) ਦੀ ਸਵੇਰ ਨੂੰ ਜਿਵੇਂ ਹੀ ਆਪਣਾ ਵ੍ਹੱਟਸਐਪ ਖੋਲ੍ਹਿਆ, ਇਕ ਦੋਸਤ ਦਾ ਦਿਲੀਪ ਕੁਮਾਰ ਦੇ ਸਵਰਗਵਾਸ ਹੋਣ ਦੀ ਖਬਰ ਵਾਲਾ ਮੈਸੇਜ ਦਿਖਾਈ ਦਿੱਤਾ ਤਾਂ ਵਿਸ਼ਵਾਸ ਨਹੀਂ ਹੋਇਆ; ਸੋਚਿਆ ਸ਼ਾਇਦ ਦਿਲੀਪ ਕੁਮਾਰ ਦੀਆਂ ਪਿਛਲੇ ਸਮੇਂ ਦੌਰਾਨ ਆਈਆਂ ਮੌਤ ਦੀਆਂ ਅਫਵਾਹਾਂ ਵਾਂਗ ਇਹ ਵੀ ਕੋਈ ਅਫਵਾਹ ਹੀ ਹੋਵੇ। ਖਬਰ ਦੀ ਤਸਦੀਕ ਲਈ ਵੱਖ-ਵੱਖ ਨਿਊਜ਼ ਚੈਨਲ ਦੇਖੇ ਤਾਂ ਹੇਠਾਂ ਹੈਡਲਾਇਨ ਵਿਚ ਦਿਲੀਪ ਕੁਮਾਰ ਦੀ ਮੌਤ ਦੀ ਖਬਰ ਆ ਰਹੀ ਸੀ ਜਿਸ ਨੇ ਮੈਨੂੰ ਦਿਲੀਪ ਕੁਮਾਰ ਦੇ ਹੋਰਾਂ ਕਰੋੜਾਂ ਪ੍ਰਸੰਸਕਾਂ ਵਾਂਗ ਸੋਗ ਦੀ ਲਹਿਰ ਵਿਚ ਗਰਕ ਕਰ ਦਿੱਤਾ।

ਮੈਂ ਬਚਪਨ ਤੋਂ ਹੀ ਦਿਲੀਪ ਕੁਮਾਰ ਦਾ ਪ੍ਰਸ਼ੰਸਕ ਸਾਂ ਤੇ ਛੋਟੇ ਹੁੰਦਿਆਂ ਸ਼ਾਇਦ ਪਹਿਲੀ ਵਾਰ ਸਿਨੇਮਾ ਦੇ ਪਰਦੇ ‘ਤੇ ਦਿਲੀਪ ਕੁਮਾਰ ਦੀ ਫਿਲਮ ‘ਮੁਗਲ-ਏ-ਆਜ਼ਮ’ ਦੇਖੀ ਸੀ। ਉਸ ਸਮੇਂ ਭਾਵੇਂ ਫਿਲਮ ਦੇਖਣ ਦੀ ਇੰਨੀ ਸੋਝੀ ਨਹੀਂ ਸੀ ਪਰ ਉਸ ਦੇ ਕਿਰਦਾਰ ਨਾਲ ਉਸ ਵਕਤ ਹਮਦਰਦੀ ਹੋ ਗਈ ਸੀ। ਉਸ ਤੋਂ ਬਾਅਦ ‘ਵਿਧਾਤਾ’, ‘ਕਰਮਾ’, ‘ਸੌਦਾਗਰ’ ਆਦਿ ਫਿਲਮਾਂ ਦੇਖੀਆਂ। ਆਪਣੇ ਜਨਮ ਤੋਂ ਪਹਿਲੀਆਂ ਫਿਲਮਾਂ ਵੀ ਦੇਖੀਆਂ ਜਿਵੇਂ ‘ਰਾਮ ਔਰ ਸ਼ਾਮ’, ‘ਗੋਪੀ’, ‘ਵੈਰਾਗ’, ‘ਆਦਮੀ’ ਆਦਿ। ਉਨ੍ਹਾਂ ਦੀ ਹਰ ਫਿਲਮ ਦੇਖਣ ਮਗਰੋਂ ਮੈਂ ਦਿਲੀਪ ਕੁਮਾਰ ਦੀ ਅਦਾਕਾਰੀ ਦਾ ਜਿਵੇਂ ਨਵੇਂ ਸਿਰਿਓਂ ਫੈਨ ਬਣਦਾ ਜਾਂਦਾ।
ਹਿੰਦੀ ਸਿਨੇਮਾ ਵਿਚ ‘ਟ੍ਰੈਜਡੀ ਕਿੰਗ’ ਵਜੋਂ ਮਸ਼ਹੂਰ ਦਿਲੀਪ ਕੁਮਾਰ ਦ ਅਸਲ ਨਾਮ ਮੁਹੰਮਦ ਯੂਸੁਫ ਖਾਨ ਸੀ। ਇਹ ਮੈਨੂੰ ਬਹੁਤ ਅਰਸੇ ਬਾਅਦ ਪਤਾ ਲੱਗਾ ਸੀ। ਯੂਸੁਫ ਖਾਨ 11 ਦਸੰਬਰ 1922 ਪਿਸ਼ਾਵਰ (ਖੈਬਰ ਪਖਤੂਨਖਵਾ, ਪਾਕਿਸਤਾਨ) ਵਿਚ ਪੈਦਾ ਹੋਏ। ਪਿਤਾ ਫਲਾਂ ਦਾ ਕੰਮ ਕਰਦੇ ਸਨ। ਬਾਅਦ ਪਿਤਾ ਮੁੰਬਈ ਆ ਵਸੇ ਜਿਥੇ ਆਪ ਵੀ ਇਕ ਕੰਟੀਨ ਵਿਚ ਕੰਮ ਕਰਨ ਲੱਗੇ। ਇਸ ਦੌਰਾਨ ਇਕ ਵਾਰ ਆਪ ਦੀ ਮੁਲਾਕਾਤ ਦੇਵਿਕਾ ਰਾਣੀ ਅਤੇ ਉਸ ਦੇ ਪਤੀ ਨਾਲ ਹੋਈ ਜਿਨ੍ਹਾਂ ਨੇ ਯੂਸੁਫ ਖਾਨ ਨੂੰ ਫਿਲਮਾਂ ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਜੋ ਉਨ੍ਹਾਂ ਮਨਜ਼ੂਰ ਕਰ ਲਈ। ਦੇਵਿਕਾ ਦੇ ਕਹਿਣ ‘ਤੇ ਹੀ ਉਨ੍ਹਾਂ ਆਪਣਾ ਨਾਮ ਦਿਲੀਪ ਕੁਮਾਰ ਰੱਖ ਲਿਆ ਤਾਂ ਕਿ ਉਨ੍ਹਾਂ ਨੂੰ ਹਿੰਦੀ ਫਿਲਮਾਂ ਵਿਚ ਜ਼ਿਆਦਾ ਪਛਾਣ ਮਿਲੇ।
ਜਦੋਂ ਦਿਲੀਪ ਕੁਮਾਰ ਨੇ 1944 ਵਿਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਪਾਰਸੀ ਥੀਏਟਰ ਦੇ ਅਸਰ ਕਾਰਨ ਫਿਲਮਾਂ ਦੇ ਅਦਾਕਾਰ ਲਾਊਡ ਐਕਟਿੰਗ ਕਰਦੇ ਸਨ। ਉਨ੍ਹਾਂ ਅੰਦਰ ਚੁੱਪ ਰਹਿਣ ਦੀ ਕਲਾ ਫਿਲਮਾਂ ਵਿਚ ਦਰਸ਼ਕਾਂ ਤੇ ਅਦਭੁੱਤ ਪ੍ਰਭਾਵ ਛੱਡਦੀ ਸੀ। ਇਸ ਪ੍ਰਸੰਗ ਵਿਚ ਕਹਾਣੀਕਾਰ ਸਲੀਮ ਕਹਿੰਦੇ ਹਨ, “ਦਿਲੀਪ ਕੁਮਾਰ ਨੇ ਸਭ ਤੋਂ ਪਹਿਲਾ ਭੂਮਿਕਾ ਨੂੰ ਅੰਡਰਪਲੇਅ ਕਰਨਾ ਸ਼ੁਰੂ ਕੀਤਾ ਅਤੇ ਸੂਖਮ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਪਰਦੇ ‘ਤੇ ਉਤਾਰਿਆ। ਮਿਸਾਲ ਵਜੋਂ ਉਨ੍ਹਾਂ ਦੇ ਪੋਜ਼ ਅਤੇ ਜਾਣਬੁੱਝ ਕੇ ਚੁੱਪ ਰਹਿਣ ਦੀ ਅਦਾ ਨੇ ਦਰਸ਼ਕਾਂ ‘ਤੇ ਜ਼ਬਰਦਸਤ ਅਸਰ ਛੱਡਿਆ। ਇਹੋ ਵਜ੍ਹਾ ਹੈ ਕਿ ‘ਮੁਗਲ-ਏ-ਆਜ਼ਮ’ ਵਿਚ ਪ੍ਰਿਥਵੀਰਾਜ ਕਪੂਰ ਦਾ ਚਰਿੱਤਰ ਖਾਸਾ ਅਸਰਦਾਰ ਅਤੇ ਲਾਊਡ ਸੀ। ਸ਼ਹਿਜ਼ਾਦਾ ਸਲੀਮ ਦੀ ਭੂਮਿਕਾ ਵਿਚ ਕੋਈ ਹੋਰ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਸਾਹਮਣੇ ਓਨਾ ਹੀ ਲਾਊਡ ਨਹੀਂ ਹੋ ਰਿਹਾ ਸੀ ਪਰ ਦਿਲੀਪ ਕੁਮਾਰ ਨੇ ਜਾਣਬੁੱਝ ਕੇ ਬਿਨਾ ਆਪਣੀ ਆਵਾਜ਼ ਉਚੀ ਕੀਤਿਆਂ ਆਪਣੀ ਮੁਲਾਇਮ ਪਰ ਦ੍ਰਿੜ ਆਵਾਜ਼ ਵਿਚ ਆਪਣੇ ਡਾਇਲਾਗ ਬੋਲੇ ਅਤੇ ਦਰਸ਼ਕਾਂ ਦੀ ਵਾਹਵਾਹੀ ਖੱਟੀ। ਫਿਲਮ ‘ਗੰਗਾ ਜਮਨਾ’ ਵਿਚ ਦਿਲੀਪ ਕੁਮਾਰ ਨੇ ਅਨਪੜ੍ਹ-ਗੰਵਾਰ ਕਿਰਦਾਰ ਦੀ ਭੂਮਿਕਾ ਜਿਸ ਸ਼ਾਨਦਾਰ ਢੰਗ ਨਾਲ ਨਿਭਾਈ ਸੀ, ਓਨਾ ਹੀ ਨਿਆਂ ਉਨ੍ਹਾਂ ‘ਮੁਗਲ-ਏ-ਆਜ਼ਮ’ ਵਿਚ ਮੁਗਲ ਸ਼ਹਿਜ਼ਾਦੇ ਦੀ ਭੂਮਿਕਾ ਨਾਲ ਕੀਤਾ ਸੀ।
ਯੂਸਫ ਖਾਨ ਨੂੰ ਦਿਲੀਪ ਕੁਮਾਰ ਬਣਾਉਣ ਵਾਲੀ ਦੇਵਿਕਾ ਰਾਣੀ ਦਰਅਸਲ ਚਾਲੀ ਦੇ ਦਹਾਕੇ ਵਿਚ ਭਾਰਤੀ ਫਿਲਮ ਜਗਤ ਦੀ ਵੱਡੀ ਹੀਰੋਇਨ ਸੀ। ਬੰਬੇ ਟਾਕੀਜ਼ ਵਿਚ ਕਿਸੇ ਫਿਲਮ ਦੀ ਸ਼ੂਟਿੰਗ ਦੇਖਣ ਗਏ ਯੂਸੁਫ ਖਾਨ ਨੂੰ ਉਨ੍ਹਾਂ ਨੇ ਪੁੱਛਿਆ ਸੀ ਕਿ ਤੁਸੀਂ ਉਰਦੂ ਜਾਣਦੇ ਹੋ?
ਯੂਸੁਫ਼ ਦੇ ਹਾਂ ਕਹਿੰਦਿਆਂ ਹੀ ਉਨ੍ਹਾਂ ਨੇ ਦੂਜਾ ਸਵਾਲ ਕੀਤਾ: ਅਦਾਕਾਰ ਬਣਨਾ ਚਾਹੁੰਦੇ ਹੋ?
ਅੱਗੇ ਦੀ ਕਹਾਣੀ ਇਤਿਹਾਸ ਹੈ। ਇਕ ਫਿਲਮੀ ਰਿਪੋਰਟ ਅਨੁਸਾਰ, ਉਸ ਸਮੇਂ ਬੰਬੇ ਟਾਕੀਜ਼ ਵਿਚ ਕੰਮ ਕਰਨ ਵਾਲੇ ਅਤੇ ਬਾਅਦ ਵਿਚ ਹਿੰਦੀ ਦੇ ਮਹਾਨ ਕਵੀ ਬਣੇ ਨਰਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਤਿੰਨ ਨਾਮ ਸੁਝਾਏ ਸਨ- ਜਹਾਂਗੀਰ, ਵਾਸੁਦੇਵ ਤੇ ਦਿਲੀਪ ਕੁਮਾਰ।
ਦਿਲੀਪ ਕੁਮਾਰ ਆਪਣੇ ਕੰਮ ਨੂੰ ਕਿਸ ਕਦਰ ਜਨੂਨ ਦੀ ਹੱਦ ਤਕ ਪਹੁੰਚ ਕੇ ਅੰਜਾਮ ਦਿੰਦੇ ਸਨ, ਇਸ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਵਾਰ ਉਨ੍ਹਾਂ ਬੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਕਿਹਾ ਸੀ, “ਸਿਰਫ ਇਹ ਸਿੱਖਣ ਲਈ ਕਿ ਸਿਤਾਰ ਫੜਿਆ ਕਿਵੇਂ ਜਾਂਦਾ ਹੈ, ਮੈਂ ਕਈ ਸਾਲਾਂ ਤੱਕ ਸਿਤਾਰ ਵਜਾਉਣ ਦੀ ਸਿਖਲਾਈ ਲਈ ਸੀ… ਇੱਥੋਂ ਤੱਕ ਕਿ ਸਿਤਾਰ ਦੀਆਂ ਤਾਰਾਂ ਨਾਲ ਮੇਰੀਆਂ ਉਂਗਲੀਆਂ ਤੱਕ ਕੱਟ ਗਈਆਂ ਸਨ।”
ਇਸੇ ਪ੍ਰਕਾਰ ‘ਨਯਾ ਦੌਰ’ ਦੇ ਨਿਰਮਾਣ ਦੌਰਾਨ ਦਿਲੀਪ ਕੁਮਾਰ ਨੇ ਟਾਂਗਾ ਚਲਾਉਣ ਵਾਲਿਆਂ ਕੋਲੋਂ ਟਾਂਗਾ ਚਲਾਉਣ ਦੀ ਵਿਸ਼ੇਸ਼ ਤੌਰ ‘ਤੇ ਸਿਖਲਾਈ ਹਾਸਲ ਕੀਤੀ ਸੀ। ਇਹੋ ਵਜ੍ਹਾ ਹੈ ਕਿ ਪ੍ਰਸਿੱਧ ਫਿਲਮ ਨਿਰਦੇਸ਼ਕ ਸੱਤਿਆਜੀਤ ਰੇਅ ਨੇ ਉਨ੍ਹਾਂ ਨੂੰ ‘ਮੈਥਡ ਅਭਿਨੇਤਾ’ ਦਾ ਖਿਤਾਬ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਨੇ ਕਈ ਅਭਿਨੇਤਰੀਆਂ ਨਾਲ ਰੁਮਾਂਟਿਕ ਜੋੜੀਆਂ ਬਣਾਈਆਂ। ਕਈਆਂ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਵੀ ਰਹੇ ਪਰ ਉਹ ਉਨ੍ਹਾਂ ਸਬੰਧਾਂ ਨੂੰ ਵਿਆਹ ਦੇ ਮੁਕਾਮ ਤੱਕ ਨਾ ਪਹੁੰਚਾ ਸਕੇ। ਸ਼ਾਇਦ ਦਿਲ ਟੁੱਟਣ ਕਾਰਨ ਉਨ੍ਹਾਂ ਅਜਿਹੀ ਅਦਾਕਾਰੀ ਕਰਨ ਲਈ ਪ੍ਰੇਰਿਆ ਕਿ ਉਨ੍ਹਾਂ ਨੂੰ ‘ਟ੍ਰੈਜੇਡੀ ਕਿੰਗ’ ਦਾ ਖਿਤਾਬ ਮਿਲਿਆ। ਮੌਤ ਦੇ ਚਰਿੱਤਰ ਨੂੰ ਅਸਲ ਦਿਖਾਉਣ ਲਈ ਦਿਲੀਪ ਜੀਅ-ਜਾਨ ਲਗਾ ਦਿੰਦੇ ਸਨ। ਉਨ੍ਹਾਂ ਇੰਟਰਵਿਊ ਦੌਰਾਨ ਕਿਹਾ ਸੀ, “ਇਕ ਵੇਲਾ ਅਜਿਹਾ ਵੀ ਆਇਆ ਕਿ ਮੌਤ ਵਾਲੇ ਸੀਨ ਕਰਦਿਆਂ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਅਤੇ ਇਸ ਨੂੰ ਦੂਰ ਕਰਨ ਲਈ ਡਾਕਟਰਾਂ ਤੋਂ ਮੈਨੂੰ ਇਲਾਜ ਕਰਵਾਉਣਾ ਪਿਆ।” ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਦੁਖਾਂਤਕ ਫਿਲਮਾਂ ਛੱਡ ਕੇ ਕਾਮੇਡੀ ਵਿਚ ਹੱਥ ਅਜ਼ਮਾਉਣ। ਇਹੋ ਵਜ੍ਹਾ ਹੈ ਕਿ ਲੰਡਨ ਵਿਚ ਇਲਾਜ ਕਰਵਾ ਕੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ‘ਕੋਹਿਨੂਰ’, ‘ਆਜ਼ਾਦ’, ਰਾਮ ਔਰ ਸ਼ਿਆਮ’ ਵਰਗੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਵਿਚ ਕਾਮੇਡੀ ਜ਼ਿਆਦਾ ਸੀ। ਦਰਸ਼ਕਾਂ ਨੇ ਇਹ ਫਿਲਮਾਂ ਵੀ ਬੇਹੱਦ ਪਸੰਦ ਕੀਤੀਆਂ।
ਦਿਲੀਪ ਕੁਮਾਰ ਆਪਣੀ ਸਵੈ-ਜੀਵਨੀ ‘ਦਿ ਸਬਸਟੈਂਸ ਐਂਡ ਦਿ ਸ਼ੈਡੋਅ’ ਵਿਚ ਲਿਖਦੇ ਹਨ ਕਿ ਉਹ ਕਲਾਕਾਰ ਅਤੇ ਔਰਤ ਦੇ ਰੂਪ ਵਿਚ ਮਧੂਬਾਲਾ ਵੱਲ ਆਕਰਸ਼ਤ ਸਨ। ਉਹ ਆਖਦੇ ਹਨ ਕਿ ਮਧੂਬਾਲਾ ਬਹੁਤ ਹੀ ਖੁਸ਼ ਮਿਜ਼ਾਜ, ਫੁਰਤੀਲੀ ਔਰਤ ਸੀ। “ਮਧੂਬਾਲਾ ਨੂੰ ਮੇਰੇ ਵਰਗੇ ਸ਼ਰਮੀਲੇ ਅਤੇ ਘੱਟ ਬੋਲਣ ਵਾਲੇ ਸ਼ਖਸ ਨਾਲ ਵੀ ਗੱਲਬਾਤ ਕਰਨ ‘ਚ ਕੋਈ ਮੁਸ਼ਕਿਲ ਨਹੀਂ ਹੁੰਦੀ ਸੀ” ਪਰ ਦਿਲੀਪ ਕੁਮਾਰ ਅਤੇ ਮਧੂਬਾਲਾ ਦੀ ਪ੍ਰੇਮ ਕਹਾਣੀ ਉਨ੍ਹਾਂ ਦੇ ਪਿਤਾ ਕਰਕੇ ਆਪਣੇ ਅੰਜਾਮ ਤੱਕ ਨਾ ਪਹੁੰਚ ਸਕੀ ਸੀ। ਇਸ ਪ੍ਰਸੰਗ ਵਿਚ ਮਧੂਬਾਲਾ ਦੀ ਛੋਟੀ ਭੈਣ ਮਧੁਰ ਭੂਸ਼ਣ ਦਾ ਕਹਿਣਾ ਸੀ- ਅੱਬਾ ਨੂੰ ਲੱਗਦਾ ਸੀ ਕਿ ਦਿਲੀਪ ਉਮਰ ਵਿਚ ਮਧੂਬਾਲਾ ਨਾਲੋਂ ਵੱਡੇ ਹਨ। ਹਾਲਾਂਕਿ ਉਹ ਦੋਵੇਂ ‘ਮੇਡ ਫਾਰ ਈਚ ਅਦਰ’ ਸਨ। ਉਹ ਬਹੁਤ ਖੂਬਸੂਰਤ ਜੋੜੀ ਸੀ ਪਰ ਅੱਬਾ ਕਹਿੰਦੇ ਸਨ ਕਿ ਇਸ ਨੂੰ ਰਹਿਣ ਦਿਓ, ਇਹ ਸਹੀ ਰਸਤਾ ਨਹੀਂ ਹੈ” ਪਰ ਉਹ ਉਨ੍ਹਾਂ ਦੀ ਬਿਲਕੁੱਲ ਨਹੀਂ ਸੁਣਦੀ ਸੀ ਅਤੇ ਕਿਹਾ ਕਰਦੀ ਸੀ ਕਿ ਉਹ ਦਿਲੀਪ ਨੂੰ ਪਿਆਰ ਕਰਦੀ ਹੈ। ਜਦੋਂ ‘ਨਯਾ ਦੌਰ’ ਨੂੰ ਲੈ ਕੇ ਬੀ. ਆਰ. ਚੋਪੜਾ ਨਾਲ ਕੋਰਟ ਕੇਸ ਹੋਇਆ ਤਾਂ ਮੇਰੇ ਵਾਲਿਦ ਅਤੇ ਦਿਲੀਪ ਸਾਹਿਬ ਵਿਚਾਲੇ ਵੀ ਮਤਭੇਦ ਹੋ ਗਏ ਸਨ ਭਾਵੇਂ ਬਾਅਦ ਵਿਚ ਅਦਾਲਤ ‘ਚ ਉਨ੍ਹਾਂ ਦਰਮਿਆਨ ਸਮਝੌਤਾ ਵੀ ਹੋ ਗਿਆ ਸੀ।
ਦਿਲੀਪ ਕੁਮਾਰ ਨੇ ਕਿਹਾ ਕਿ ਚਲੋ ਅਸੀਂ ਵਿਆਹ ਕਰ ਲੈਂਦੇ ਹਾਂ ਪਰ ਮਧੂਬਾਲਾ ਨੇ ਕਿਹਾ ਕਿ ਪਹਿਲਾਂ ਤੁਸੀਂ ਮੇਰੇ ਵਾਲਿਦ ਤੋਂ ਮੁਆਫੀ ਮੰਗੋ ਪਰ ਦਿਲੀਪ ਕੁਮਾਰ ਨੇ ਅਜਿਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
ਸਾਇਰਾ ਬਾਨੋ ਨਾਲ ਵਿਆਹ ਤੋਂ ਬਾਅਦ ਜਦੋਂ ਮਧੂਬਾਲਾ ਬਹੁਤ ਬਿਮਾਰ ਹੋ ਗਈ ਸੀ ਤਾਂ ਉਨ੍ਹਾਂ ਨੇ ਦਿਲੀਪ ਕੁਮਾਰ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ। ਜਦੋਂ ਦਿਲੀਪ ਕੁਮਾਰ ਉਸ ਨੂੰ ਮਿਲਣ ਗਏ ਤਾਂ ਉਸ ਸਮੇਂ ਤੱਕ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ। ਦਿਲੀਪ ਕੁਮਾਰ ਮਧੂਬਾਲਾ ਦੀ ਇਹ ਹਾਲਤ ਦੇਖ ਕੇ ਬਹੁਤ ਉਦਾਸ ਹੋਏ। ਹਮੇਸ਼ਾ ਹੱਸਣ ਵਾਲੀ ਮਧੂਬਾਲਾ ਦੇ ਬੁੱਲ੍ਹਾਂ ‘ਤੇ ਉਸ ਦਿਨ ਸਿਰਫ ਛੋਟੀ ਜਿਹੀ ਮੁਸਕਾਨ ਸੀ। ਮਧੂਬਾਲਾ ਨੇ ਉਨ੍ਹਾਂ ਦੀਆਂ ਅੱਖਾਂ ‘ਚ ਦੇਖਦਿਆਂ ਕਿਹਾ, “ਸਾਡੇ ਸ਼ਹਿਜ਼ਾਦੇ ਨੂੰ ਉਸ ਦੀ ਰਾਜਕੁਮਾਰੀ ਮਿਲ ਹੀ ਗਈ। ਮੈਂ ਬਹੁਤ ਖੁਸ਼ ਹਾਂ।”
ਦਿਲੀਪ ਕੁਮਾਰ ਦੇ ਮੱਥੇ ‘ਤੇ ਵਾਲ ਨੈਸ਼ਨਲ ਕ੍ਰੇਜ਼ ਬਣ ਗਏ। ਦਿਲੀਪ ਕੁਮਾਰ ਦੀ ਜੀਵਨੀ ਲਿਖਣ ਵਾਲੇ ਮੇਘਨਾਥ ਦੇਸਾਈ ਲਿਖਦੇ ਹਨ, ‘ਅਸੀਂ ਲੋਕ ਉਨ੍ਹਾਂ ਦੇ ਵਾਲਾਂ, ਕੱਪੜਿਆਂ, ਡਾਇਲਾਗ ਅਤੇ ਮੈਨੇਰਿਜ਼ਮ ਦੀ ਨਕਲ ਕਰਦੇ ਸੀ ਅਤੇ ਉਨ੍ਹਾਂ ਦੇ ਚਰਿੱਤਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਸੀ ਜਿਨ੍ਹਾਂ ਨੂੰ ਉਨ੍ਹਾਂ ਨੇ ਪਰਦੇ ‘ਤੇ ਬਿਠਾਇਆ।’
ਚਿੱਟੇ ਰੰਗ ਨਾਲ ਉਨ੍ਹਾਂ ਨੂੰ ਬੇਹੱਦ ਪਿਆਰ ਸੀ। ਅਕਸਰ ਉਹ ਚਿੱਟੇ ਕਮੀਜ਼ ਅਤੇ ਥੋੜ੍ਹੀ ਢਿੱਲੀ ਚਿੱਟੀ ਪੈਂਟ ਵਿਚ ਦਿਸ ਜਾਂਦੇ ਸਨ। ਉਰਦੂ ਸ਼ਾਇਰੀ ਅਤੇ ਸਾਹਿਤ ਵਿਚ ਉਨ੍ਹਾਂ ਨੂੰ ਖਾਸ ਦਿਲਚਸਪੀ ਸੀ। ਆਪ ਮੁਸ਼ਾਇਰਿਆਂ ਵਿਚ ਵੀ ਸ਼ਾਮਲ ਹੁੰਦੇ ਸਨ ਤੇ ਕਈ ਵਾਰ ਆਪ ਅਜਿਹੇ ਪ੍ਰੋਗਰਾਮ ਕਰਵਾਉਂਦੇ ਸਨ। ਦਿਲੀਪ ਕੁਮਾਰ ਚੰਗੇ ਪੜ੍ਹੇ-ਲਿਖੇ ਸ਼ਖਸ ਸਨ। ਉਰਦੂ, ਹਿੰਦੀ, ਅੰਗਰੇਜ਼ੀ, ਪਸ਼ਤੋ ਅਤੇ ਪੰਜਾਬੀ ਭਾਸ਼ਾਵਾਂ ‘ਤੇ ਉਨ੍ਹਾਂ ਨੂੰ ਇਕੋ ਤਰ੍ਹਾਂ ਨਾਲ ਕਮਾਂਡ ਹਾਸਲ ਸੀ। ਇਸ ਤੋਂ ਇਲਾਵਾ ਉਹ ਮਰਾਠੀ, ਭੋਜਪੁਰੀ ਅਤੇ ਫਾਰਸੀ ਵੀ ਚੰਗੀ ਤਰ੍ਹਾਂ ਬੋਲ ਅਤੇ ਸਮਝ ਲੈਂਦੇ ਸਨ।
ਆਪ ਦੀ ਪਹਿਲੀ ਫਿਲਮ ‘ਜਵਾਰਭਾਟਾ’ ਸੀ ਜੋ 1944 ਵਿਚ ਆਈ। 1949 ਵਿਚ ਬਣੀ ਫਿਲਮ ‘ਅੰਦਾਜ਼’ ਦੀ ਸਫਲਤਾ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਿਵਾਈ। ਇਸ ਫਿਲਮ ਵਿਚ ਉਨ੍ਹਾਂ ਨੇ ਰਾਜ ਕਪੂਰ ਦੇ ਨਾਲ ਕੰਮ ਕੀਤਾ। ‘ਦਿਦਾਰ’ (1951) ਅਤੇ ‘ਦੇਵਦਾਸ’ (1955) ਵਰਗੀਆਂ ਫਿਲਮਾਂ ਦੇ ਪ੍ਰਸੰਗ ਵਿਚ ਉਨ੍ਹਾਂ ਨੂੰ ‘ਟ੍ਰੈਜਡੀ ਕਿੰਗ’ ਕਿਹਾ ਜਾਣ ਲੱਗਾ। ‘ਮੁਗਲ-ਏ-ਆਜ਼ਮ’ (1960) ਵਿਚ ਉਨ੍ਹਾਂ ਨੇ ਮੁਗਲ ਸ਼ਹਿਜ਼ਾਦੇ ਜਹਾਂਗੀਰ ਦੀ ਭੂਮਿਕਾ ਨਿਭਾਈ। ਇਹ ਫਿਲਮ ਪਹਿਲਾਂ ਚਿੱਟੀ ਤੇ ਕਾਲੀ ਸੀ, ਬਾਅਦ ਵਿਚ 2004 ਵਿਚ ਰੰਗੀਨ ਬਣਾਈ ਗਈ। ਉਨ੍ਹਾਂ ਨੇ 1961 ਵਿਚ ‘ਗੰਗਾ ਜਮਨਾ’ ਫਿਲਮ ਦਾ ਨਿਰਮਾਣ ਵੀ ਕੀਤਾ ਜਿਸ ਵਿਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਛੋਟੇ ਭਰਾ ਨਾਸੀਰ ਖਾਨ ਨੇ ਕੰਮ ਕੀਤਾ।
1970, 1980 ਅਤੇ 1990 ਦੇ ਦਹਾਕੇ ਵਿਚ ਉਨ੍ਹਾਂ ਨੇ ਘੱਟ ਫਿਲਮਾਂ ਵਿਚ ਕੰਮ ਕੀਤਾ। ਇਸ ਸਮੇਂ ਦੀ ਉਨ੍ਹਾਂ ਦੀਆਂ ਮੁੱਖ ਫਿਲਮਾਂ ਸਨ: ‘ਵਿਧਾਤਾ’ (1982), ‘ਦੁਨੀਆ’ (1984), ‘ਕਰਮਾ’ (1986), ‘ਇੱਜ਼ਤਦਾਰ’ (1990) ਅਤੇ ‘ਸੌਦਾਗਰ’ (1991)। 1998 ਵਿਚ ਬਣੀ ਫਿਲਮ ‘ਕਿਲਾ’ ਉਨ੍ਹਾਂ ਦੀ ਆਖਰੀ ਫਿਲਮ ਸੀ।
ਦਿਲੀਪ ਕੁਮਾਰ ਨੇ ਆਪਣੇ ਛੇ ਦਹਾਕਿਆਂ ਦੇ ਫਿਲਮੀ ਕਰੀਅਰ ਵਿਚ ਸਿਰਫ 63 ਫਿਲਮਾਂ ਹੀ ਕੀਤੀਆਂ ਪਰ ਇਸ ਦੇ ਨਾਲ ਹੀ ਉਨ੍ਹਾਂ ਜੋ ਹਿੰਦੀ ਸਿਨੇਮਾ ਵਿਚ ਅਦਾਕਾਰੀ ਦੀ ਕਲਾ ਨੂੰ ਨਵੀਂ ਪਰਿਭਾਸ਼ਾ ਅਤੇ ਉਚਾਣ ਦਿੱਤੀ, ਉਸ ਦੀ ਚੜ੍ਹਦੇ ਤੋਂ ਲਹਿੰਦੇ ਤੱਕ ਮਿਸਾਲ ਨਹੀਂ ਮਿਲਦੀ। ਦਲੀਪ ਕੁਮਾਰ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਅਨੇਕਾਂ ਇਨਾਮ ਅਤੇ ਮਾਨ-ਸਨਮਾਨ ਹਾਸਲ ਕੀਤੇ। 1980 ਵਿਚ ਉਸ ਨੂੰ ਸਨਮਾਨਿਤ ਕਰਨ ਲਈ ‘ਮੁੰਬਈ ਦਾ ਸ਼ੈਰਿਫ’ ਐਲਾਨਿਆ ਗਿਆ। ਉਨ੍ਹਾਂ ਨੂੰ ਫਿਲਮਫੇਅਰ ਦੇ ਸਰਵੋਤਮ ਅਦਾਕਾਰ ਦੇ ਅੱਠ ਇਨਾਮ ਮਿਲੇ। ਇਨ੍ਹਾਂ ਫਿਲਮਾਂ ਦੇ ਨਾਂ ਹਨ: ‘ਦਾਗ’, ‘ਆਜ਼ਾਦ’, ‘ਦੇਵਦਾਸ’, ‘ਨਯਾ ਦੌਰ’, ‘ਕੋਹਿਨੂਰ’, ‘ਲੀਡਰ’, ‘ਰਾਮ ਔਰ ਸ਼ਿਆਮ’ ਤੇ ‘ਸ਼ਕਤੀ’। ਇਸ ਤੋਂ ਇਲਾਵਾ ਦਿਲੀਪ ਕੁਮਾਰ ਨੂੰ 1991 ਵਿਚ ਪਦਮ ਭੂਸ਼ਣ, 2015 ਵਿਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਦਿਲੀਪ ਕੁਮਾਰ ਨੂੰ 1994 ਵਿਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ। 1998 ਵਿਚ ਪਾਕਿਸਤਾਨ ਦਾ ਸਰਵ-ਉਚ ਨਾਗਰਿਕ ਸਨਮਾਨ ‘ਨਿਸ਼ਾਨ-ਏ-ਇਮਤਿਆਜ਼’ ਦਿੱਤਾ ਗਿਆ।
ਦਿਲੀਪ ਕੁਮਾਰ ਦੀ ਨਾਲ ਫਿਲਮੀ ਦੁਨੀਆ ਵਿਚ ਜੋ ਖਲਾਅ ਪੈਦਾ ਹੋਇਆ ਹੈ, ਉਸ ਦੀ ਭਰਪਾਈ ਨਾ-ਮੁਮਕਿਨ ਹੈ; ਸ਼ਾਇਦ ਪ੍ਰਸਿੱਧ ਸ਼ਾਇਰ ਇਕਬਾਲ ਨੇ ਕਿਸੇ ਅਜਿਹੀ ਸ਼ਖਸੀਅਤ ਲਈ ਹੀ ਕਿਹਾ ਹੋਵੇਗਾ:
ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ।
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।