ਸੰਗਰੂਰ (ਪੰਜਾਬ ਟਾਈਮਜ਼ ਬਿਊਰੋ): ‘ਆਜ਼ਾਦ’ ਭਾਰਤ ਵਿਚ ਆਜ਼ਾਦੀ ਘੁਲਾਟੀਆਂ ਦੇ ਵਾਰਸ ਰੁਲ ਰਹੇ ਹਨ। ਇਸ ਦੀ ਮਸਾਲ ਇਥੇ ਸਰਦਾਰ ਕਲੋਨੀ ਵਿਚ ਖਸਤਾਹਾਲ ਦੋ ਖਣਾਂ ਦੀ ਕੋਠੜੀ ਨੂੰ ਦੇਖ ਕੇ ਮਿਲਦੀ ਹੈ। ਇਹ ਘਰ ਅੰਗਰੇਜ਼ਾਂ ਦੀ ਰੋਇਲ ਇੰਡੀਅਨ ਨੇਵੀਂ ਵਿਚ ਬਤੌਰ ਸਿਗਨਲਮੈਨ ਨੌਕਰੀ ਕਰਦੇ ਤੇ ਅੰਗਰੇਜ਼ਾਂ ਦੇ ਅੱਠ ਸਮੁੰਦਰੀ ਜਹਾਜ਼ਾਂ ‘ਤੇ ਤਿਰੰਗਾ ਲਹਿਰਾਉਣ ਵਾਲੇ ਸੁਤੰਤਰਤਾ ਸੰਗਰਾਮੀ ਹਰਦਿਆਲ ਸਿੰਘ ਦਾ ਹੈ। ਅੰਗਰੇਜ਼ਾਂ ਦੇ ਅੱਠ ਸਮੁੰਦਰੀ ਜਹਾਜ਼ਾਂ ਤੋਂ ਅੰਗਰੇਜ਼ ਸਰਕਾਰ ਦਾ ਝੰਡਾ ਯੂਨੀਅਨ ਜੈਕ ਉਤਾਰ ਕੇ ਭਾਰਤ ਦਾ ਤਿਰੰਗਾ ਲਹਿਰਾਉਣ ਵਾਲੇ ਹਰਦਿਆਲ ਸਿੰਘ ਦਾ ਕਰੀਬ ਡੇਢ ਦਹਾਕਾ ਪਹਿਲਾਂ ਦੇਹਾਂਤ ਹੋ ਗਿਆ ਸੀ।
ਅੱਜਕੱਲ੍ਹ ਇਸ ਘਰ ਵਿਚ ਉਨ੍ਹਾਂ ਦਾ ਪੁੱਤਰ ਪਰਮਿੰਦਰ ਸਿੰਘ ਗੁਰਬਤ ਦੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੈ। ਦੇਸ਼ ਭਗਤ ਦਾ ਇਹ ਵਾਰਸ ਦੋ ਵਕਤ ਦੀ ਰੋਟੀ ਲਈ ਵੀ ਮੁਥਾਜ ਹੈ। ਖਸਤਾ ਹਾਲ ਕੋਠੜੀ ਵਿਚ ਬੰਦ ਪਏ ਟਰੰਕਾਂ ਵਿਚੋਂ ਮਿਲੇ ਦਸਤਾਵੇਜ਼ਾਂ ਅਨੁਸਾਰ ਹਰਦਿਆਲ ਸਿੰਘ 10 ਜੁਲਾਈ, 1944 ਨੂੰ ਅੰਗਰੇਜ਼ ਸਰਕਾਰ ਦੀ ਰਾਇਲ ਇੰਡੀਅਨ ਨੇਵੀ ਵਿਚ ਭਰਤੀ ਹੋਏ ਸਨ। ਉਨ੍ਹਾਂ ਨੂੰ ਟਰੇਨਿੰਗ ਤੋਂ ਬਾਅਦ ਜਹਾਜ਼ ਦਾ ਸਿਗਨਲਮੈਨ ਨਿਯੁਕਤ ਕਰਕੇ ਬਲੋਚਿਸਤਾਨ ਭੇਜ ਦਿੱਤਾ ਗਿਆ ਸੀ।
ਉਸ ਸਮੇਂ ਬਹੁਤ ਸਾਰੀਆਂ ਜਥੇਬੰਦੀਆਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਸਨ। ਉਨ੍ਹਾਂ ਵਿਚੋਂ ਸਰਦਾਰ ਵੱਲਭ ਭਾਈ ਪਟੇਲ ਅਹਿਮ ਨਾਂ ਸੀ। ਹਰਦਿਆਲ ਸਿੰਘ ਨੇ ਆਪਣੀ ਹੱਥ ਲਿਖਤ ਸੰਖੇਪ ਜੀਵਨੀ ਵਿਚ ਜ਼ਿਕਰ ਕੀਤਾ ਹੈ ਕਿ ਸਰਦਾਰ ਪਟੇਲ ਨੇ ਉਨ੍ਹਾਂ ਨਾਲ ਟਰਾਂਸਮੀਟਰ ‘ਤੇ ਰਾਬਤਾ ਬਣਾ ਕੇ ਅੰਗਰੇਜ਼ਾਂ ਦੇ ਜਹਾਜ਼ਾਂ ‘ਤੇ ਤਿਰੰਗਾ ਲਹਿਰਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਸਰਦਾਰ ਪਟੇਲ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਹਜਦਿਆਲ ਸਿੰਘ ਨੇ 15 ਅਪਰੈਲ, 1946 ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਅੰਗਰੇਜ਼ਾਂ ਦੇ ਅੱਠ ਸਮੁੰਦਰੀ ਜਹਾਜ਼ਾਂ ਤੋਂ ਯੂਨੀਅਨ ਜੈਕ ਅੰਗਰੇਜ਼ਾਂ ਦੇ ਝੰਡੇ ਨੂੰ ਉਤਾਰ ਕੇ ਹਿੰਦੋਸਤਾਨ ਦਾ ਤਿਰੰਗਾ ਲਹਿਰਾ ਦਿੱਤਾ ਸੀ।
ਅੰਗਰੇਜ਼ ਹਕੂਮਤ ਨੇ ਹਰਦਿਆਲ ਸਿੰਘ ਨੂੰ ਲਾਲਚ ਦਿੱਤੇ ਤੇ ਕਮਿਸ਼ਨਰ ਰੈਂਕ ਦੀ ਪੇਸ਼ਕਸ਼ ਵੀ ਕੀਤੀ ਪਰ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਠੁਕਰਾ ਦਿੱਤਾ। ਅੰਗਰੇਜ਼ਾਂ ਵੱਲੋਂ ਹਰਦਿਆਲ ਸਿੰਘ ਤੇ ਸਾਥੀ ਸੈਨਿਕਾਂ ਨੂੰ ਗੋਲੀ ਮਾਰਨ ਦਾ ਹੁਕਮ ਹੋਇਆ ਪਰ ਦੇਸ਼ ਦੇ ਉਚ ਨੇਤਾਵਾਂ ਤੇ ਕਾਬਲ ਵਕੀਲ ਭੁਲਾ ਭਾਈ ਡੇਸਾਈ ਦੀ ਵਕਾਲਤ ਸਦਕਾ ਅੰਗਰੇਜ਼ ਹਕੂਮਤ ਨੇ ਮੌਤ ਦੀ ਸਜ਼ਾ ਤਾਂ ਵਾਪਸ ਲੈ ਲਈ ਪਰ ਇਨ੍ਹਾਂ ਸੱਤ ਬਾਗ਼ੀ ਸੈਨਿਕਾਂ ਨੂੰ ਜਲ ਸੈਨਾ ਵਿਚੋਂ ਕੱਢ ਦਿੱਤਾ ਗਿਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਈ ਸਰਕਾਰਾਂ ਬਣੀਆਂ ਪਰ 1987 ਤੱਕ ਹਰਦਿਆਲ ਸਿੰਘ ਦੀ ਕਿਸੇ ਨੇ ਵੀ ਸਾਰ ਨਾ ਲਈ। ਕਾਫੀ ਭੱਜ ਨੱਠ ਕਰਨ ਤੋਂ ਬਾਅਦ 1989 ਵਿਚ ਇਸ ਦੇਸ਼ ਭਗਤ ਨੂੰ ਪੈਨਸ਼ਨ ਨਸੀਬ ਹੋਈ ਤੇ ਜੀਂਦ ਵਿਖੇ ਡੀæਸੀæ ਦਫ਼ਤਰ ਵਿਚ ਕਲਰਕ ਦੀ ਨੌਕਰੀ ਮਿਲੀ। ਸੁਤੰਤਰਤਾ ਸੰਗਰਾਮੀ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਕੋਈ ਪਲਾਟ ਅਲਾਟ ਕਰਨ ਦੇ ਤਰਲੇ ਵੀ ਕੀਤੇ ਪਰ ਕਿਸੇ ਨੇ ਨਾ ਪੁੱਛਿਆ।
ਪੰਜ ਪੁੱਤਰਾਂ ਤੇ ਦੋ ਧੀਆਂ ਵਿਚੋਂ ਇਕ ਪੁੱਤਰ ਪਰਮਿੰਦਰ ਸਿੰਘ ਉਰਫ਼ ਪੰਮੀ ਆਪਣੇ ਪਿਤਾ ਦੇ ਘਰ ਵਿਚ ਇਕੱਲਾ ਹੀ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਪੜ੍ਹਾਇਆ ਤੇ ਜਰਨਲਿਜ਼ਮ ਦੀ ਮਾਸਟਰ ਡਿਗਰੀ ਵੀ ਕਰਵਾਈ। ਉਨ੍ਹਾਂ ਦੇ ਪਿਤਾ ਨੇ ਉਸ ਦੀ ਤੇ ਭਰਾਵਾਂ ਦੀ ਨੌਕਰੀ ਲਈ ਬੜੇ ਯਤਨ ਕੀਤੇ ਪਰ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਸੀਬ ਨਹੀਂ ਹੋਈ।
ਆਲ ਇੰਡੀਆ ਯੂਨੀਵਰਸਿਟੀ ਵਨ ਪਲੇਅ ਤੇ ਮੋਨੋਐਕਟਿੰਗ ਵਿਚ ਗੋਲਡ ਮੈਡਲ ਵਿਜੇਤਾ ਪਰਮਿੰਦਰ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਸਮੇਂ ਦੇ ਹਾਕਮ ਉਸ ਦੇ ਪਿਤਾ ਦੀ ਕੁਰਬਾਨੀ ਦਾ ਮੁੱਲ 15 ਅਗਸਤ ਤੇ 26 ਜਨਵਰੀ ਨੂੰ ਇਕ ਚਾਹ ਦਾ ਕੱਪ ਤੇ ਲੋਈ ਦੇ ਕੇ ਮੋੜ ਦਿੰਦੇ ਹਨ। ਪਰਮਿੰਦਰ ਨੇ ਵੱਖ-ਵੱਖ ਵਿਸ਼ਿਆਂ ‘ਤੇ ਤਿੰਨ ਪੁਸਤਕਾਂ ਵੀ ਲਿਖੀਆਂ ਪਰ ਪੈਸਿਆਂ ਦੀ ਥੁੜ੍ਹ ਕਾਰਨ ਛਪ ਨਹੀਂ ਸਕੀਆਂ। ਇਨ੍ਹਾਂ ਦੇ ਖਰੜੇ ਤਿਪ-ਤਿਪ ਕਰਦੀ ਛੱਤ ਹੇਠ ਪਏ ਬੰਦ ਟਰੰਕਾਂ ਵਿਚ ਸਹਿਕ ਰਹੇ ਹਨ। ਪਰਮਿੰਦਰ ਸਿੰਘ ਨੇ ਦੱਸਿਆ ਕਿ ਇਕ ਦਿਨ ਮਾਯੂਸ ਹੋ ਕੇ ਭਰੇ ਮਨ ਨਾਲ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਸੀ ਜੇਕਰ ਅੱਜ ਅੰਗਰੇਜ਼ ਹਕੂਮਤ ਹੁੰਦੀ ਤਾਂ ਉਸ ਦਾ ਪੁੱਤਰ ਅੰਗਰੇਜ਼ਾਂ ਦੇ ਸਮੁੰਦਰੀ ਜਹਾਜ਼ਾਂ ਵਿਚ ਵੱਡਾ ਅਫ਼ਸਰ ਹੋਣਾ ਸੀ।
Leave a Reply