ਭਾਗਵਤ ਦੇ ਘੱਟ ਗਿਣਤੀਆਂ ਬਾਰੇ ਬਿਆਨ ਨੇ ਨਵੀਂ ਚਰਚਾ ਛੇੜੀ

ਲਖਨਊ: ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਵੱਲੋਂ ਘੱਟ ਗਿਣਤੀਆਂ ਬਾਰੇ ਦਿੱਤਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ। ਭਾਗਵਤ ਦੇ ਇਸ ਬਿਆਨ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ, ਕੀ ਸੰਘ ਆਪਣੇ ਕੱਟੜ ਹਿੰਦੂਤਵੀ ਏਜੰਡੇ ਉਤੇ ਨਰਮ ਪੈਣ ਦੀ ਰਣਨੀਤੀ ਬਣਾ ਰਿਹਾ ਹੈ।

ਦਰਅਸਲ, ਹਿੰਦੂ ਰਾਸ਼ਟਰ ਦਾ ਹੋਕਾ ਦੇਣ ਵਾਲੇ ਮੋਹਨ ਭਾਗਵਤ ਨੇ ਕਿਹਾ ਹੈ ਕਿ ਸਾਰੇ ਭਾਰਤੀਆਂ ਦਾ ਡੀ.ਐਨ.ਏ. ਇਕ ਹੀ ਹੈ। ਮੁਸਲਮਾਨ ਭਾਰਤ ਦਾ ਅਹਿਮ ਹਿੱਸਾ ਹਨ। ਜੋ ਲੋਕ ਹਜੂਮੀ ਕਤਲਾਂ ਵਿਚ ਸ਼ਾਮਲ ਹਨ, ਉਹ ਹਿੰਦੂਤਵ ਦੇ ਖਿਲਾਫ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ‘ਇਸ ਭੈਅ ਦੇ ਚੱਕਰ ਵਿਚ ਨਹੀਂ ਘਿਰਨਾ ਚਾਹੀਦਾ` ਕਿ ਭਾਰਤ ਵਿਚ ਇਸਲਾਮ ਨੂੰ ਖਤਰਾ ਹੈ। ਮੁਸਲਿਮ ਰਾਸ਼ਟਰੀ ਮੰਚ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਨੇ ਕਿਹਾ ਕਿ ਲੋਕਾਂ ਨੂੰ ਇਸ ਆਧਾਰ ਉਤੇ ਵੱਖ-ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਕਿ ਉਹ ਪਰਮਾਤਮਾ ਨੂੰ ਕਿਵੇਂ ਪੂਜਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਕਈ ਵਾਰ ਹਜੂਮੀ ਹੱਤਿਆਵਾਂ ਦੇ ਕੇਸ ਵਿਚ ਲੋਕਾਂ ਨੂੰ ਝੂਠਾ ਵੀ ਫਸਾ ਦਿੱਤਾ ਜਾਂਦਾ ਹੈ। ਹਿੰਦੂ ਜਾਂ ਮੁਸਲਮਾਨ ਕੋਈ ਵੀ ਉੱਚਾ ਨਹੀਂ ਹੋ ਸਕਦਾ। ਸਿਰਫ ਭਾਰਤੀ ਉਚੇ ਹੋ ਸਕਦੇ ਹਨ।
ਇਸ ਬਿਆਨ ਪਿੱਛੋਂ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਸੰਘ, ਭਾਜਪਾ ਤੇ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫਰਕ ਹੈ ਤੇ ਇਹ ਸਭ ਅਗਲੇ ਵਰ੍ਹੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਲੁੱਟਣ ਦਾ ਤਰੀਕਾ ਹੈ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਟਵੀਟ ਕਰ ਕੇ ਕਿਹਾ ਕਿ ਭਾਗਵਤ ਦਾ ਇਹ ਬਿਆਨ ਸੰਘ ਤੋਂ ਹੇਠਾਂ ਨਹੀਂ ਉਤਰ ਰਿਹਾ ਕਿਉਂਕਿ ਸੰਘ ਪਰਿਵਾਰ, ਭਾਜਪਾ ਤੇ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਫਰਕ ਹੈ ਅਤੇ ਇਹ ਫਰਕ ਸਭ ਨੂੰ ਦਿਸ ਰਿਹਾ ਹੈ।
ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਜੇਕਰ ਭਾਗਵਤ ਦੇ ਸ਼ਬਦਾਂ ਵਿਚ ਸੱਚਾਈ ਹੈ ਤਾਂ ਉਨ੍ਹਾਂ ਨੂੰ ਇਹ ਹਦਾਇਤਾਂ ਜ਼ਰੂਰ ਜਾਰੀ ਕਰਨੀਆਂ ਚਾਹੀਦੀਆਂ ਹਨ ਕਿ ਮਾਸੂਮ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਵਾਲੇ ਸਾਰੇ ਭਾਜਪਾ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ ਜਾਵੇ। ਕਾਂਗਰਸੀ ਆਗੂ ਨੇ ਨਾਲ ਹੀ ਇਹ ਵੀ ਕਿਹਾ ਕਿ ਭਾਗਵਤ ਅਜਿਹਾ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਫਰਕ ਹੈ। ਉਨ੍ਹਾਂ ਕਿਹਾ, “ਮੋਹਨ ਭਾਗਵਤ ਜੀ, ਕੀ ਤੁਸੀਂ ਆਪਣੇ ਇਹ ਵਿਚਾਰ ਆਪਣੇ ਚੇਲਿਆਂ, ਪ੍ਰਚਾਰਕਾਂ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਤੱਕ ਵੀ ਪਹੁੰਚਾਓਗੇ? ਕੀ ਤੁਸੀਂ ਇਹ ਸਿੱਖਿਆਵਾਂ ਮੋਦੀ-ਸ਼ਾਹ ਅਤੇ ਭਾਜਪਾ ਦੇ ਮੁੱਖ ਮੰਤਰੀਆਂ ਨੂੰ ਵੀ ਦਿਓਗੇ? ਮੋਹਨ ਭਾਗਵਤ ਜੀ ਜੇਕਰ ਤੁਸੀਂ ਆਪਣੇ ਚੇਲਿਆਂ ਲਈ ਇਨ੍ਹਾਂ ਵਿਚਾਰਾਂ ਨੂੰ ਮੰਨਣਾ ਜ਼ਰੂਰੀ ਕਰ ਦਿਓ ਤਾਂ ਮੈਂ ਤੁਹਾਡਾ ਪ੍ਰਸ਼ੰਸਕ ਬਣਾ ਜਾਵਾਂਗਾ।”