ਦਾਰਾ ਸਿੰਘ
ਰਾਮਾਇਣ ਟੀ.ਵੀ. ਸੀਰੀਅਲ ਦੀ ਮਸ਼ਹੂਰੀ ਹੋਣ ਨਾਲ ਸਾਰੇ ਕਲਾਕਾਰਾਂ ਨੂੰ ਬਹੁਤ ਲਾਭ ਹੋਇਆ। ਲੋਕਾਂ ਨੇ ਮੇਰੇ ਹਨੂੰਮਾਨ ਜੀ ਦੇ ਕਿਰਦਾਰ ਨੂੰ ਇੰਜ ਮਹਿਸੂਸ ਕੀਤਾ, ਜਿਵੇਂ ਸਵੈਮ ਸ੍ਰੀ ਹਨੂੰਮਾਨ ਜੀ ਪ੍ਰਤੱਖ ਹੋ ਕੇ ਅਦਾਕਾਰੀ ਕਰ ਰਹੇ ਹਨ। ਮੈਂ ਇਸ ਕਿਰਦਾਰ ਦੀ ਅਦਾਕਾਰੀ ਕਰਨ ਤੋਂ ਪਹਿਲਾਂ ਮਹਾਂਬਲੀ ਹਨੂੰਮਾਨ ਜੀ ਕੋਲੋਂ ਆਸ਼ੀਰਵਾਦ ਲਈ ਖਿਮਾਂ ਯਾਚਨਾ ਕਰਦਾ ਸੀ ਜਿਸ ਤਰ੍ਹਾਂ ਹਨੂੰਮਾਨ ਸ੍ਰੀ ਰਾਮ ਤੇ ਸੀਤਾ ਮਾਤਾ ਦੀ ਸੇਵਾ ਬਿਨਾ ਕਿਸੇ ਲਾਲਚ ਤੋਂ ਕਰਦੇ ਰਹੇ ਸਨ, ਉਸੇ ਤਰ੍ਹਾਂ ਮੈਂ ਹਨੂੰਮਾਨ ਜੀ ਕੋਲੋਂ ਸੱਚੀ ਭਗਤੀ ਦਾ ਕਿਰਦਾਰ ਨਿਭਾਉਣ ਦਾ ਵਰਦਾਨ ਮੰਗਦਾ ਸੀ, ਤੇ ਮੈਂ ਮਹਿਸੂਸ ਕਰਦਾ ਹਾਂ ਕਿ
ਉਨ੍ਹਾਂ ਨੇ ਮੈਨੂੰ ਇਹ ਵਰਦਾਨ ਜ਼ਰੂਰ ਦਿੱਤਾ ਹੈ, ਤਾਹੀਓਂ ਤਾਂ ਸਾਰੀ ਜਨਤਾ ਨੇ ਮੇਰੇ ਇਸ ਕਿਰਦਾਰ ਨੂੰ ਪਸੰਦ ਕੀਤਾ ਤੇ ਸਲਾਹਿਆ, ਵਰਨਾ ਮੈਂ ਇਸ ਯੋਗ ਕਿਥੇ ਸੀ। ਇਸ ਕਿਰਦਾਰ ਨੂੰ ਕਰਨ ਲਈ ਸ੍ਰੀ ਰਾਮਾਨੰਦ ਸਾਗਰ ਪਾਸ ਕਈ ਪਹਿਲਵਾਨ ਪਹੁੰਚੇ ਜੋ ਸਮਝਦੇ ਸਨ ਕਿ ਉਨ੍ਹਾਂ ਦਾ ਸਰੀਰ ਹਨੂੰਮਾਨ ਜੀ ਦੇ ਕਿਰਦਾਰ ਨੂੰ ਨਿਭਾਉਣ ਦੇ ਯੋਗ ਹੈ ਪਰ ਸ੍ਰੀ ਰਾਮਾਨੰਦ ਸਾਗਰ ਜੀ ਦੇ ਹਿਰਦੇ ਤੇ ਦਿਮਾਗ ਵਿਚ ਮੇਰੀ ਤਸਵੀਰ ਇਸ ਕਿਰਦਾਰ ਨੂੰ ਕਰਨ ਤੇ ਨਿਭਾਉਣ ਲਈ ਇਸ ਤਰ੍ਹਾਂ ਦ੍ਰਿੜ੍ਹ ਤਰੀਕੇ ਨਾਲ ਉਕਰੀ ਗਈ ਸੀ ਕਿ ਉਨ੍ਹਾਂ ਨੂੰ ਮੇਰੇ ਬਗੈਰ ਜਾਂ ਮੇਰੀ ਤੁਲਨਾ ਵਿਚ ਦੂਸਰਾ ਕੋਈ ਵਿਅਕਤੀ ਜਚਦਾ ਹੀ ਨਹੀਂ ਸੀ। ਹਾਲਾਂਕਿ ਮੈਂ ਇਸ ਕਿਰਦਾਰ ਨੂੰ ਲੈਣ ਲਈ ਕੋਈ ਕੋਸ਼ਿਸ਼, ਕੋਈ ਜਦੋ-ਜਹਿਦ ਨਹੀਂ ਕੀਤੀ, ਫਿਰ ਵੀ ਇਹ ਸੁਨਹਿਰੀ ਮੌਕਾ ਮੈਨੂੰ ਕਿਉਂ ਮਿਲਿਆ?
ਇਸ ਦਾ ਤਾਂ ਇਹੀ ਮਤਲਬ ਨਿਕਲਦਾ ਹੈ (ਕਿ ਜੋ ਜਬ ਜਬ ਹੋਣਾ ਹੈ, ਤਬ ਤਬ ਹੋਣਾ ਹੈ) ਇਹ ਮਹਾਂਬਲੀ ਦੀ ਆਪਣੀ ਇੱਛਾ ਸੀ ਜੋ ਸਾਗਰ ਸਾਹਿਬ ਨੂੰ ਮੇਰੇ ਹੱਕ ਵਿਚ ਪ੍ਰੇਰਦੀ ਰਹੀ ਹੋਵੇਗੀ। ਬਹੁਤ ਸਾਰੇ ਵਿਦਾਵਨ ਤੇ ਸਿਆਣੇ ਲੋਕ ਮੇਰੇ ਕੋਲੋਂ ਪੁੱਛਦੇ ਹਨ ਕਿ ਹਨੂੰਮਾਨ ਜੀ ਦੀ ਭੂਮਿਕਾ ਕਰਦਿਆਂ ਮੈਂ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ? ਬਹੁਤ ਪੱਤਰਕਾਰਾਂ ਨੇ ਵੀ ਪੁੱਛਿਆ। ਮੈਂ ਉਨ੍ਹਾਂ ਨੂੰ ਮਹਾਂਬਲੀ ਵਿਚ ਆਪਣੀ ਆਸਥਾ ਬਾਰੇ ਦੱਸਿਆ, ਖਾਸ ਕਰਕੇ ਪਹਿਲਵਾਨ, ਸ਼ਕਤੀ ਦੇ ਪ੍ਰਤੀਕ ਹਨੂੰਮਾਨ ਜੀ ਨੂੰ ਬਹੁਤ ਮੰਨਦੇ ਹਨ। ਅਸੀਂ ਭਗਵਾਨ ਵਿਚ ਆਸਥਾ ਰੱਖਣ ਵਾਲੇ ਲੋਕ ਇਸ ਗੱਲ ਨੂੰ ਮੰਨਦੇ ਹਾਂ ਕਿ ਹਨੂੰਮਾਨ ਜੀ ਅੱਜ ਵੀ ਇਸ ਮਿਰਤ ਲੋਕ ਵਿਚ ਵਿਚਰ ਰਹੇ ਹਨ। ਮੇਰੇ ਨਾਲ ਦੋ ਵਾਰ ਕੁਝ ਇਹੋ ਜਿਹਾ ਵਾਕਿਆ ਹੋਇਆ ਜੋ ਏਥੇ ਬਿਆਨ ਕਰਦਾ ਹਾਂ। ਹੇਠ ਲਿਖੀ ਘਟਨਾਂ ਦੋਨੋਂ ਵਾਰ ਉਦੋਂ ਵਾਪਰੀ, ਜਦੋਂ ਮੈਂ ਹਨੂੰਮਾਨ ਜੀ ਦੀ ਪੁਸ਼ਾਕ ਪਹਿਨ ਕੇ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਿਚ ਰੁਝਾ ਹੋਇਆ ਸੀ।
ਇਕ ਵਾਰ ਵਰਿੰਦਾਵਨ ਸਟੂਡੀਓ ਵਿਚ ਮੇਰਾ ਅਰੁਣ ਗੋਇਲ ਜੋ ਸ੍ਰੀ ਰਾਮ ਜੀ ਦੀ ਪੁਸ਼ਾਕ ਵਿਚ ਸੀ, ਨਾਲ ਸੀਨ ਚੱਲ ਰਿਹਾ ਸੀ ਕਿ ਅਚਾਨਕ ਮੈਨੂੰ ਮੇਰੇ ਸੰਵਾਦ ਭੁੱਲ ਗਏ ਤੇ ਕੁਝ ਅਨੰਦ ਤੇ ਮਸਤੀ ਜਿਹੀ ਮਹਿਸੂਸ ਹੋਈ ਜਾਵੇ। ਸਾਗਰ ਸਾਹਿਬ ਕਹਿਣ ਲੱਗੇ- ਚਲ ਭਈ, ਆਪਣੇ ਡਾਇਲਾਗ ਬੋਲ। ਮੈਂ ਕਿਹਾ- ਜੀ ਮੈਨੂੰ ਥੋੜ੍ਹਾ ਵਕਤ ਦਿਓ। ਉਨ੍ਹਾਂ ਕਿਹਾ- ਠੀਕ ਹੈ। ਮੈਂ ਇਕਾਂਤ ਵਿਚ ਜਾ ਕੇ ਸੀਨ ਯਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਹੋਈ। ਮੈਂ ਸਾਗਰ ਸਾਹਿਬ ਨੂੰ ਕਿਹਾ- ਜੀ ਇਹ ਸੀਨ ਕੱਲ੍ਹ ਕਰ ਲੈਣਾ, ਕਿਉਂਕਿ ਮੈਨੂੰ ਇਸ ਵੇਲੇ ਯਾਦ ਨਹੀਂ ਆ ਰਿਹਾ। ਉਹ ਹੈਰਾਨ ਹੋਇਆ, ਭਈ ਅੱਧਾ ਸੀਨ ਹੋ ਚੁੱਕਾ ਹੈ, ਇਹ ਅਚਾਨਕ ਕੀ ਹੋ ਗਿਆ। ਫਿਰ ਅਰੁਣ ਨੇ ਕਿਹਾ, ਪਈ ਇਸ ਤਰ੍ਹਾਂ ਹੋ ਜਾਂਦਾ ਹੈ, ਬਾਕੀ ਸੀਨ ਦਾ ਹਿੱਸਾ ਕੱਲ੍ਹ ਕਰ ਲੈਣਾ, ਮੈਨੂੰ ਛੁੱਟੀ ਦਿੱਤੀ ਗਈ। ਮੈਂ ਜਾ ਕੇ ਲੇਟ ਗਿਆ, ਮਸਤੀ ਤੇ ਅਨੰਦ ਜਿਓਂ ਦਾ ਤਿਓਂ ਸੀ। ਫਿਰ ਨੀਂਦ ਆ ਗਈ ਤੇ ਸਵੇਰੇ ਰੋਜ਼ਮੱਰਾ ਦੀ ਤਰ੍ਹਾਂ ਉਠਿਆ, ਗੱਲ ਆਈ ਗਈ ਹੋ ਗਈ।
ਦੂਸਰੀ ਵਾਰ ਬਿਲਕੁਲ ਏਸੇ ਤਰ੍ਹਾਂ ਉਦੋਂ ਹੋਇਆ ਜਦੋਂ ਅਸੀਂ ਅਮਰੀਕਾ ਦੇ ਇਕ ਸ਼ਹਿਰ ਵਿਚ ਰਾਮਾਇਣ ਦੇ ਕੁਝ ਸੀਨ ਸਟੇਜ ‘ਤੇ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਸੀ। ਮੈਂ ਸਟੇਜ ਦੇ ਪਿਛੇ ਦੂਸਰੇ ਕਲਾਕਾਰਾਂ ਨਾਲ ਖੜ੍ਹਾ ਸੀ ਕਿ ਵੈਸੇ ਹੀ ਸਟੂਡੀਓ ਵਾਲਾ ਅਨੰਦਮਈ ਮਸਤੀ ਵਾਲਾ ਆਲਮ ਹੋ ਗਿਆ। ਮੈਨੂੰ ਆਪਣਾ ਸੀਨ ਭੁੱਲ ਗਿਆ। ਮੈਂ ਅਰੁਣ ਗੋਇਲ ਨੂੰ ਕਿਹਾ- ਮੈਨੂੰ ਮੇਰੇ ਸੀਨ ਦੀ ਸ਼ੁਰੂਆਤ ਦੱਸੇ। ਉਸ ਨੂੰ ਸਿਰਫ ਉਸ ਨਾਲ ਕਰਨ ਵਾਲੇ ਸੀਨ ਦਾ ਪਤਾ ਸੀ। ਰਾਵਣ ਵਾਲੇ ਦਾ ਕੁਝ ਪਤਾ ਨਹੀਂ ਸੀ ਤੇ ਰਾਵਣ ਜੀ ਪਹਿਲੇ ਹੀ ਸਟੇਜ ‘ਤੇ ਪਹੁੰਚ ਗਏ ਸਨ। ਏਸੇ ਸ਼ਸ਼ੋਪੰਜ ਵਿਚ ਮੇਰੀ ਸਟੇਜ ‘ਤੇ ਜਾਣ ਦੀ ਵਾਰੀ ਆ ਗਈ। ਮੈਂ ਸਟੇਜ ‘ਤੇ ਪਹੁੰਚ ਗਿਆ। ਸੀਨ ਰਾਵਣ ਨਾਲ ਸਵਾਲ ਜਵਾਬ ਕਰਨ ਦਾ ਸੀ, ਨਾ ਯਾਦ ਹੁੰਦਿਆਂ ਵੀ ਮੈਂ ਰਾਵਣ ਦੇ ਸਵਾਲਾਂ ਦਾ ਜਵਾਬ ਦਿੰਦਾ ਗਿਆ। ਲੋਕੀ ਬਹੁਤ ਖੁਸ਼ ਹੋਏ, ਤਾਲੀਆਂ ਵੱਜੀਆਂ, ਕਿਸੇ ਨੂੰ ਵੀ ਪਤਾ ਨਹੀਂ ਲੱਗਾ ਕਿ ਮੈਂ ਜਿਹੜਾ ਸੀਨ ਮੁਕੱਰਰ ਸੀ, ਉਸ ਤੋਂ ਇਲਾਵਾ ਹੀ ਪੇਸ਼ ਕੀਤਾ ਹੈ।
ਸਟੇਜ ਤੋਂ ਵਾਪਸ ਆ ਕੇ ਮੈਂ ਇਸ ਹੈਰਾਨੀ ਬਾਰੇ ਗੋਇਲ ਨੂੰ ਦੱਸਿਆ। ਉਹ ਵੀ ਹੈਰਾਨ ਹੋਇਆ। ਉਸ ਦਿਨ ਮਸਤੀ ਖੁਮਾਰੀ ਹੋਟਲ ਪਹੁੰਚਣ ਵੇਲੇ ਤਕ ਰਹੀ ਸੀ। ਇਨ੍ਹਾਂ ਦੋਵਾਂ ਵਾਕਿਆਂ ਤੋਂ ਸਿਵਾ ਮੈਂ ਇਸ ਤਰ੍ਹਾਂ ਕਦੇ ਮਹਿਸੂਸ ਨਹੀਂ ਕੀਤਾ। ਇਸ ਦੀ ਗੱਲ ਯਾਰਾਂ ਦੋਸਤਾਂ ਨਾਲ ਕੀਤੀ। ਉਨ੍ਹਾਂ ਕਿਹਾ- ਇਸ ਤਰ੍ਹਾਂ ਯਾਦਦਾਸ਼ਤ ਚਲੀ ਜਾਂਦੀ ਹੈ ਤੇ ਵਾਪਸ ਵੀ ਆ ਜਾਂਦੀ ਹੈ। ਇਹ ਥੋੜ੍ਹੀ ਦੇਰ ਵਾਸਤੇ ਹੁੰਦਾ ਹੈ। ਮੈਂ ਕਿਹਾ, ਭਈ ਮੇਰੇ ਨਾਲ ਇਹ ਕੌਤਕ ਦੋਨੋਂ ਵਾਰ ਉਦੋਂ ਹੋਇਆ। ਖੈਰ, ਉਸ ਦੀਆਂ ਉਹੀ ਜਾਣੇ। ਬੰਦਾ ਤਾਂ ਉਸ ਦੇ ਹੱਥ ਵਿਚ ਕਠਪੁਤਲੀ ਹੈ।
ਸ਼ੂਟਿੰਗ ਦਰਮਿਆਨ ਖਾਣ ਪੀਣ ਦਾ ਪਰਹੇਜ਼ ਕੀਤਾ ਜਾਂਦਾ ਸੀ। ਕਈ ਕਲਾਕਾਰ ਦੁਖੀ ਵੀ ਸਨ ਕਿ ਤਪੱਸਵੀਓਂ ਵਾਲੇ ਤੌਰ-ਤਰੀਕੇ ਨਾਲ ਰਹਿਣਾ ਪੈਂਦਾ ਸੀ ਪਰ ਜਦੋਂ ਲੋਕਾਂ ਦੀ ਵਾਹ-ਵਾਹ ਮਿਲਦੀ ਤਾਂ ਖੁਸ਼ ਵੀ ਬਹੁਤ ਹੁੰਦੇ ਸਨ। ਖਾਣ-ਪੀਣ ਦਾ ਪਰਹੇਜ਼ ਪਹਿਲਾਂ-ਪਹਿਲਾਂ ਠੀਕ ਪਰ ਕੁਝ ਚਿਰ ਤੋਂ ਬਾਅਦ ਤਾਂ ਸਿਰਫ ਪੁਸ਼ਾਕ ਪਹਿਨਣ ਤਕ ਹੀ ਮਹਿਦੂਦ ਰਹਿ ਗਿਆ ਸੀ। ਉਸ ਤੋਂ ਬਾਅਦ ਕਈਆਂ ਨੇ ਖਾ-ਪੀ ਕੇ ਦੰਗੇ-ਫਸਾਦ ਵੀ ਕੀਤੇ। ਇਨਸਾਨ ਵੀ ਅਜੀਬ ਚੀਜ਼ ਹੈ, ਮਰਿਆਦਾ ਵਿਚ ਤਾਂ ਬਿਲਕੁਲ ਦਰੁਸਤ ਰਹਿੰਦਾ ਹੈ ਪਰ ਜਦੋਂ ਇਹ ਸਮਝਦਾ ਹੈ ਕਿ ਹੁਣ ਉਸ ‘ਤੇ ਮਰਿਆਦਾ ਲਾਗੂ ਨਹੀਂ ਤਾਂ ਉਸ ਵਿਚ ਸੁੱਤਾ ਪਿਆ ਜਾਂ ਕਹਿ ਲਵੋ ਦਬਿਆ ਹੋਇਆ ਪਸ਼ੂਪੁਣਾ ਉਜਾਗਰ ਹੋ ਉਠਦਾ ਹੈ ਤੇ ਫਿਰ ਇਹ ਇਨਸਾਨੀਅਤ ਦੀ ਐਸੀ-ਤੈਸੀ ਕਰ ਦਿੰਦਾ ਹੈ। ਪਸ਼ੂ ਤੋਂ ਇਨਸਾਨ ਬਣਨ ਦਾ ਇਹ ਘੋਲ ਸਦੀਆਂ ਤੋਂ ਚਲ ਰਿਹਾ ਹੈ ਪਰ ਹਾਲੀ ਤਕ ਦੋਨੋਂ ਆਪਣੀ-ਆਪਣੀ ਜਗ੍ਹਾ ਅਟੱਲ ਹਨ। ਸ੍ਰੀ ਰਾਮ ਤਾਂ ਮਰਿਆਦਾ ਪਰਸ਼ੋਤਮ ਸਨ, ਉਨ੍ਹਾਂ ਦੀ ਮਰਿਆਦਾ ਪ੍ਰਣਾਲੀ, ਅਸੀਂ ਹਰ ਸਾਲ ਸਟੇਜਾਂ ਤੇ ਪਰਦਰਸ਼ਨੀ ਕਰਕੇ ਦੱਸਦੇ ਹਾਂ। ਰਾਮਾਇਣ ਸੀਰੀਅਲ ਦਾ ਵੀ ਇਹੋ ਮਤਲਬ ਸੀ। ਲੋਕਾਂ ਨੂੰ ਇਹ ਮਰਿਆਦਾ ਵਾਲੀਆਂ ਗੱਲਾਂ ਬਹੁਤ ਚੰਗੀਆਂ ਲਗਦੀਆਂ ਹਨ ਪਰ ਇਨ੍ਹਾਂ ਨੂੰ ਅਪਨਾਉਣ ਨੂੰ ਕਦੋਂ ਤਿਆਰ ਹੋਣਗੇ, ਇਹ ਤਾਂ ਰਾਮ ਹੀ ਜਾਣੇ। ਮੇਰੇ ਖਿਆਲ ਵਿਚ ਰਾਮਾਇਣ ਟੀ.ਵੀ. ਸੀਰੀਅਲ ਨੇ ਲੋਕਾਂ ਦੇ ਦਿਲਾਂ ਵਿਚ ਦਇਆ ਤੇ ਤਿਆਗ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਤੇ ਪਸ਼ੂਪੁਣੇ ਨੂੰ ਪਿਛੇ ਧਕਿਆ ਹੈ।