ਬੂਟਾ ਸਿੰਘ
ਫੋਨ: +91-94634-74342
ਗੁਜਰਾਤ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਤੋਂ ਬਾਅਦ ਹੁਣ ‘ਲਵ ਜਹਾਦ` ਦੀ ਨਵੀਂ ਪ੍ਰਯੋਗਸ਼ਾਲਾ ਜੰਮੂ ਕਸ਼ਮੀਰ ਨੂੰ ਬਣਾਇਆ ਗਿਆ ਹੈ। ਪਿਛਲੇ ਦਿਨਾਂ `ਚ ਯੂ.ਪੀ. ਪੁਲਿਸ ਨੇ ਦਿੱਲੀ ਵਿਚ ਵੀ ‘ਧਰਮ ਬਦਲੀ ਘੁਟਾਲਾ` ਨੰਗਾ ਕਰਨ ਦਾ ਦਾਅਵਾ ਕੀਤਾ ਹੈ ਅਤੇ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਉਪਰ ਨੈਸ਼ਨਲ ਸਕਿਓਰਿਟੀ ਐਕਟ ਅਤੇ ਭਾਰਤੀ ਦੰਡ ਵਿਧਾਨ ਦੀਆਂ ਸਖਤ ਧਾਰਾਵਾਂ ਲਗਾਈਆਂ ਗਈਆਂ। ਇਹ ਮੁਸਲਮਾਨਾਂ ਵਿਰੁੱਧ ਕੀਤੀ ਜਾ ਰਹੀ ਫਿਰਕੂ ਪਾਲਾਬੰਦੀ ਦਾ ਹੀ ਨਵਾਂ ਵਿਸਤਾਰ ਹੈ ਜਿੱਥੇ ਬਹੁਤ ਸਾਰੇ ਮੁਸਲਮਾਨਾਂ ਉਪਰ ‘ਲਵ ਜਹਾਦ` ਦਾ ਇਲਜ਼ਾਮ ਲਗਾ ਕੇ ਧਰਮ ਬਦਲੀ ਵਿਰੋਧੀ ਕਾਨੂੰਨ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
ਇਸੇ ਹਿੰਦੂਤਵੀ ਨਾਅਰੇ ਦਾ ਇਸਤੇਮਾਲ ਕਸ਼ਮੀਰ ਵਿਚ ਮੁਸਲਿਮ ਭਾਈਚਾਰੇ ਨੂੰ ਭੰਡਣ ਲਈ ਕੀਤਾ ਗਿਆ ਅਤੇ ਇਸ ਦਾ ਸੰਦ ਸਿੱਖੀ ਭੇਖ `ਚ ਛੁਪੇ ਹਿੰਦੂਤਵੀ ਸੋਚ ਵਾਲੇ ਅਨਸਰ ਬਣੇ ਜਿਨ੍ਹਾਂ ਵੱਲੋਂ ਸਿੱਖ ਭਾਈਚਾਰੇ ਦੇ ਜਜ਼ਬਾਤ ਭੜਕਾ ਕੇ ਸਿੱਖਾਂ ਨੂੰ ਕਸ਼ਮੀਰੀਆਂ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਨਜਿੰਦਰ ਸਿੰਘ ਸਿਰਸਾ ਅਤੇ ਕੁਝ ਹੋਰ ਕਥਿਤ ਸਿੱਖ ਆਗੂਆਂ ਵੱਲੋਂ ਕਸ਼ਮੀਰੀ ਸਿੱਖ ਕੁੜੀਆਂ ਦੇ ਆਪਣੀ ਪਸੰਦ ਅਨੁਸਾਰ ਵਿਆਹਾਂ ਨੂੰ ‘ਲਵ ਜਹਾਦ` ਕਰਾਰ ਦੇ ਕੇ ਇਨ੍ਹਾਂ ਮਾਮਲਿਆਂ ਨੂੰ ਆਪਣੀ ਫਿਰਕੂ ਸਿਆਸਤ ਦਾ ਸਾਧਨ ਬਣਾਇਆ ਗਿਆ।
ਕਸ਼ਮੀਰੀ ਸਿੱਖ ਲੜਕੀਆਂ ਵੱਲੋਂ ਆਪਣੀ ਪਸੰਦ ਦੇ ਮੁਸਲਿਮ ਜਾਂ ਹੋਰ ਲੜਕਿਆਂ ਨਾਲ ਧਰਮ, ਜਾਤ ਤੋਂ ਉਪਰ ਉਠ ਕੇ ਵਿਆਹ ਕਰਾਉਣਾ ਜਾਂ ਧਰਮ ਬਦਲਣਾ ਹਰ ਔਰਤ-ਮਰਦ ਦਾ ਜਨਮ ਸਿੱਧ ਹੱਕ ਹੈ। ਇਹ ਮਨੁੱਖ ਦੀ ਆਜ਼ਾਦੀ ਨਾਲ ਆਪਣੇ ਭਵਿੱਖ ਬਾਰੇ ਫੈਸਲੇ ਕਰਨ ਅਤੇ ਆਜ਼ਾਦੀ ਨਾਲ ਜ਼ਿੰਦਗੀ ਜਿਊਣ ਦੀ ਕੁਦਰਤੀ ਰੀਝ ਦਾ ਅਨਿੱਖੜ ਹਿੱਸਾ ਹੈ। ਇਕ ਪਾਸੇ ਔਰਤਾਂ ਦੀ ਇਸ ਹੱਕ-ਜਤਾਈ ਨੂੰ ਉਨ੍ਹਾਂ ਦੇ ਆਪਣੇ ਪਰਿਵਾਰ ਅਤੇ ਭਾਈਚਾਰੇ ਦੀ ਮਰਦਾਵੀਂ ਸੋਚ ਦਾ ਸਾਹਮਣਾ ਕਰਨਾ ਪੈਂਦਾ ਹੈ; ਦੂਜੇ ਪਾਸੇ, ਧਰਮ ਦੇ ਅਖੌਤੀ ਠੇਕੇਦਾਰਾਂ ਵੱਲੋਂ ਇਸ ਹੱਕ ਉਪਰ ਜਥੇਬੰਦ ਹਮਲੇ ਕੀਤੇ ਜਾ ਰਹੇ ਹਨ। ਰਾਜ ਢਾਂਚੇ `ਚ ਮਰਦਾਵੀਂ ਸੱਤਾ ਦੀਆਂ ਡੂੰਘੀਆਂ ਜੜ੍ਹਾਂ ਹੋਣ ਕਾਰਨ ਅਕਸਰ ਹੀ ਔਰਤਾਂ ਦੇ ਇਸ ਹੱਕ ਨੂੰ ਖੋਹਣ `ਚ ਪੁਲਿਸ, ਨਿਆਂ ਪ੍ਰਣਾਲੀ ਅਤੇ ਹਾਕਮ ਜਮਾਤੀ ਸਿਆਸਤ ਦੀ ਮਿਲੀਭੁਗਤ ਸਾਫ ਦੇਖੀ ਜਾ ਸਕਦੀ ਹੈ।
ਸਿਰਸਾ ਅਤੇ ਉਸ ਦੇ ਜੋਟੀਦਾਰਾਂ ਨੇ ਦਾਅਵਾ ਕੀਤਾ ਕਿ ਕਸ਼ਮੀਰ ਵਿਚ ਸਿੱਖ ਲੜਕੀਆਂ ਦਾ ਧਰਮ ਬੰਦੂਕ ਦੇ ਨੋਕ `ਤੇ ਬਦਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਨਿਕਾਹ 60 ਸਾਲ ਦੇ ਮੁਸਲਮਾਨ ਬੁੱਢਿਆਂ ਨਾਲ ਕਰਵਾਏ ਜਾ ਰਹੇ ਹਨ। ਗੱਲ ਇੱਥੋਂ ਤੱਕ ਸੀਮਤ ਨਹੀਂ ਰਹੀ, ਇਸ ਨੂੰ ‘ਲਵ ਜਹਾਦ` ਦਾ ਨਾਂ ਦਿੱਤਾ ਗਿਆ। ਪਹਿਲਾਂ ਲੈਂਫਟੀਨੈਂਟ ਗਵਰਨਰ ਅਤੇ ਫਿਰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਜੰਮੂ ਕਸ਼ਮੀਰ ਵਿਚ ਧਰਮ ਬਦਲੀ ਵਿਰੁੱਧ ਐਸਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਜਿਸ ਤਹਿਤ ਦੂਜੇ ਧਰਮ ਵਿਚ ਵਿਆਹ ਸਿਰਫ ਮਾਪਿਆਂ ਦੀ ਰਜ਼ਾਮੰਦੀ ਨਾਲ ਹੀ ਹੋਵੇ। ਇਹ ਪੂਰੀ ਤਰ੍ਹਾਂ ਝੂਠਾ ਬਿਰਤਾਂਤ ਸੀ ਜੋ ਸੋਚੀ-ਸਮਝੀ ਯੋਜਨਾ ਤਹਿਤ ਘੜਿਆ ਗਿਆ। ਸੱਚ ਇਹ ਹੈ ਕਿ 19 ਸਾਲ ਦੀ ਲੜਕੀ 29 ਸਾਲ ਦੇ ਮਰਦ ਨਾਲ ਆਪਣੀ ਮਰਜ਼ੀ ਨਾਲ ਘਰੋਂ ਗਈ ਸੀ। ਪਰਿਵਾਰ ਨੇ ਪੁਲਿਸ ਤੱਕ ਪਹੁੰਚ ਕੀਤੀ ਅਤੇ ਪੁਲਿਸ ਨੇ ਇਸ ਜੋੜੇ ਨੂੰ ਹਿਰਾਸਤ `ਚ ਲੈ ਲਿਆ। ਦੋਵਾਂ ਨੇ ਪਹਿਲਾਂ ਪੁਲਿਸ ਕੋਲ ਬਿਆਨ ਦਰਜ ਕਰਾਏ ਅਤੇ ਫਿਰ ਅਦਾਲਤ `ਚ ਲੜਕੀ ਦਾ ਬਿਆਨ ਲਿਆ ਗਿਆ। ਲੜਕੀ ਨੇ ਸਾਫ ਕਿਹਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ ਅਤੇ ਉਸ ਨਾਲ ਧੱਕਾ ਨਹੀਂ ਕੀਤਾ ਗਿਆ। ਅਦਾਲਤ ਨੇ ਲੜਕੀ ਨੂੰ ਉਸ ਦੇ ਪਤੀ ਦੇ ਮਾਪਿਆਂ ਨਾਲ ਭੇਜ ਦਿੱਤਾ। ਲੱਗਭੱਗ ਇਸੇ ਤਰ੍ਹਾਂ ਦਾ ਮਾਮਲਾ ਦੂਜੀ ਲੜਕੀ ਦਾ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਲੜਕੀ ਦੇ ਬਿਆਨ ਲੈਣ ਸਮੇਂ ਉਸ ਦੇ ਪਰਿਵਾਰ ਨੂੰ ਅਦਾਲਤ `ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦਕਿ ਕਾਨੂੰਨ ਇਹ ਹੈ ਕਿ ਐਸਾ ਬਿਆਨ ਹਮੇਸ਼ਾ ਇਕੱਲਤਾ `ਚ ਲਿਆ ਜਾਂਦਾ ਹੈ ਅਤੇ ਬਿਆਨ ਦੇਣ ਵਾਲੇ ਤੋਂ ਬਿਨਾ ਹੋਰ ਕਿਸੇ ਨੂੰ ਉਸ ਸਮੇਂ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਫਿਰ ਲੜਕੀ ਨੂੰ 26 ਜੂਨ ਨੂੰ ਸ੍ਰੀਨਗਰ ਜ਼ਿਲ੍ਹਾ ਅਦਾਲਤ ਵਿਚ ਬਿਆਨ ਦੇਣ ਲਈ ਲਿਆਂਦਾ ਗਿਆ। ਉਸ ਸਮੇਂ ਬਡਗਾਮ ਅਤੇ ਸ੍ਰੀਨਗਰ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਨੇ ਅਦਾਲਤ ਦੇ ਬਾਹਰ ਹਜੂਮ ਇਕੱਠਾ ਕਰ ਲਿਆ ਅਤੇ ਹੋ-ਹੱਲਾ ਮਚਾਇਆ ਕਿ ਲੜਕੀ ਦੀ ਮਾਨਸਿਕ ਹਾਲਤ ਠੀਕ ਨਹੀਂ। ਲੜਕੀ ਦੇ ਸਪਸ਼ਟ ਬਿਆਨ ਦੇ ਬਾਵਜੂਦ ਪੁਲਿਸ ਨੇ ਉਸ ਨੂੰ ਮਾਪਿਆਂ ਦੇ ਸਪੁਰਦ ਕਰ ਦਿੱਤਾ। ਇਹ ਲੈਫਟੀਨੈਂਟ ਗਵਰਨਰ ਦੀ ਦਖਲਅੰਦਾਜ਼ੀ ਨਾਲ ਹੋਇਆ। ਬਾਅਦ `ਚ ਸਿਰਸਾ ਨੇ ਵੀ ਦਿੱਲੀ ਦੇ ਗੁਰਦੁਆਰੇ ਪਹੁੰਚ ਕੇ ਹੁੱਬ ਕੇ ਬਿਆਨ ਦਿੱਤਾ ਕਿ ਅਸੀਂ ਸ੍ਰੀਨਗਰ ਜਾਮ ਕਰਕੇ ਪ੍ਰਸ਼ਾਸਨ ਨੂੰ ਝੁਕਣ ਲਈ ਮਜਬੂਰ ਕੀਤਾ। ਸਿਰਸਾ ਦੇ ਆਪਣੇ ਸ਼ਬਦ ਸਨ, “ਮਾਣਯੋਗ ਐਲ.ਜੀ., ਜੰਮੂ ਕਸ਼ਮੀਰ ਮਨੋਜ ਸਿਨਹਾ ਜੀ ਦਾ ਤੁਰੰਤ ਆਦੇਸ਼ ਦੇਣ ਲਈ ਧੰਨਵਾਦ… ਉਸ ਨੇ ਸਾਨੂੰ ਭਰੋਸਾ ਦਿਵਾਇਆ ਕਿ ਜਬਰੀ ਧਰਮ ਬਦਲੀ ਕੀਤੀ ਗਈ ਸਿੱਖ ਲੜਕੀ ਦੁਬਾਰਾ ਉਸ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ… ਉਹ ਘਾਟੀ ਵਿਚ ਸਿੱਖ ਲੜਕੀਆਂ ਦੀ ਸੁਰੱਖਿਆ ਅਤੇ ਧਰਮ ਬਦਲੀ ਦੇ ਇਸ ਨੁਕਸਾਨਦੇਹ ਰੁਝਾਨ ਨਾਲ ਸਬੰਧਤ ਸਾਡੇ ਸਰੋਕਾਰਾਂ ਨੂੰ ਵੀ ਸੰਬੋਧਨ ਹੋਏ। ਅਸੀਂ ਅੰਤਰ-ਧਰਮ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ।” ਉਸ ਨੇ ਡੀ.ਜੀ.ਪੀ. ਨੂੰ ਮਿਲ ਕੇ ਵੀ ਇਸੇ ਤਰ੍ਹਾਂ ਦੀ ਯਕੀਨਦਹਾਨੀ ਵਾਲਾ ਬਿਆਨ ਜਾਰੀ ਕੀਤਾ। 29 ਜੂਨ ਨੂੰ ਪੁਲਵਾਮਾ ਦੇ ਗੁਰਦੁਆਰੇ `ਚ ਇਕ ਸਿੱਖ ਨਾਲ ਇਸ ਲੜਕੀ ਦਾ ਵਿਆਹ ਕਰ ਦਿੱਤਾ ਗਿਆ ਅਤੇ ਸਿਰਸਾ ਆਪਣੇ ਮਿਸ਼ਨ ਤਹਿਤ ਇਸ ਲੜਕੀ ਅਤੇ ਲੜਕੇ ਨੂੰ ਹਵਾਈ ਜਹਾਜ਼ ਰਾਹੀਂ ਆਪਣੇ ਨਾਲ ਦਿੱਲੀ ਲੈ ਲਿਆ ਜਿੱਥੇ ਹਵਾਈ ਅੱਡੇ ਦੇ ਬਾਹਰ ਉਸ ਦੇ ਹਮਾਇਤੀਆਂ ਦਾ ਹਜੂਮ ਪਹਿਲਾਂ ਹੀ ਜਮ੍ਹਾਂ ਸੀ। ਇੱਥੋਂ ਦੋਵਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਲਿਜਾਇਆ ਗਿਆ। ਇਸ ਸਮੁੱਚੇ ਘਟਨਾਕ੍ਰਮ `ਚ ਸਿਰਸੇ ਨੇ ਅੰਤਰ-ਧਰਮ ਵਿਆਹ ਦੀ ਖਾਸ ਤਰੀਕੇ ਨਾਲ ਪੇਸ਼ਕਾਰੀ ਕੀਤੀ ਅਤੇ ਤੈਅਸ਼ੁਦਾ ਕਹਾਣੀ ਅਨੁਸਾਰ ਸਮੁੱਚੇ ਕਸ਼ਮੀਰੀ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ। ਇਹ ਨਾਟਕ ਪੂਰੀ ਤਰ੍ਹਾਂ ਆਰ.ਐਸ.ਐਸ. ਦੀ ਸ਼ੈਲੀ `ਚ ਖੇਡਿਆ ਗਿਆ। ਇਸ ਰਾਜਨੀਤਕ ਖੇਡ `ਚ ਸਿਰਸੇ ਨਾਲ ਕਸ਼ਮੀਰ ਤੋਂ ਜੁੜੇ ਕੁਝ ਸਿੱਖ ਚਿਹਰੇ ਵੀ ਸ਼ਾਮਲ ਸਨ ਜਿਨ੍ਹਾਂ ਵਿਚ ਇਕ ਜਾਣਿਆ-ਪਛਾਣਿਆ ਵਾਹਨ ਡੀਲਰ ਅਤੇ ਇਕ ਹੋਰ ਸਿੱਖ ਕਾਰੋਬਾਰੀ ਵੀ ਸੀ। ਇਹ ਸਾਰੇ ਸੰਘ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਦਾ ਇੱਕੋ-ਇਕ ਮਿਸ਼ਨ ਸਮੁੱਚੇ ਕਸ਼ਮੀਰੀ ਮੁਸਲਿਮ ਭਾਈਚਾਰੇ ਨੂੰ ਭੰਡਣਾ ਅਤੇ ਭਾਰਤੀ ਮੁਸਲਮਾਨਾਂ ਵਿਰੁੱਧ ਆਰ.ਐਸ.ਐਸ.-ਬੀ.ਜੇ.ਪੀ. ਦੀ ਭੜਕਾਊ ਮੁਹਿੰਮ ਨਾਲ ਸੁਰ ਮਿਲਾ ਕੇ ਰਾਜਨੀਤਕ ਲਾਹਾ ਲੈਣਾ ਹੈ। ਇਸ ਦੀ ਰਾਜਨੀਤਕ ਫਸਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਤੇ ਪੰਜਾਬ ਤੇ ਉਤਰ ਪ੍ਰਦੇਸ਼ ਦੀਆਂ ਚੋਣਾਂ `ਚ ਵੱਢੀ ਜਾਵੇਗੀ।
ਮੁਕਾਮੀ ਸਿੱਖ ਭਾਈਚਾਰੇ ਦੀਆਂ ਕਸ਼ਮੀਰ ਦੇ ਪ੍ਰਸ਼ਾਸਨ ਨਾਲ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਸਬੰਧੀ ਸ਼ਿਕਾਇਤਾਂ ਹੋ ਸਕਦੀਆਂ ਹਨ ਪਰ ਸਿਰਸਾ ਵੱਲੋਂ ਜਿਵੇਂ ਇਸ ਕਥਿਤ ਧਰਮ ਬਦਲੀ ਵਾਲੀ ਸਿੱਖ ਲੜਕੀ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ ਕਰਕੇ ਔਰਤ ਦੇ ਕੁਦਰਤੀ ਹੱਕ ਨੂੰ ਕੁਚਲਿਆ ਗਿਆ, ਲੜਕੀ ਦੀ ‘ਘਰ ਵਾਪਸੀ` ਦੇ ਜਸ਼ਨ ਮਨਾਏ ਗਏ ਅਤੇ ਸਮੁੱਚੇ ਕਸ਼ਮੀਰੀ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਤੈਅਸ਼ੁਦਾ ਫਿਰਕੂ ਮਿਸ਼ਨ ਹੈ। ਇਨ੍ਹਾਂ ਆਗੂਆਂ ਦੇ ਸਿੱਖ ਲੜਕਿਆਂ ਵੱਲੋਂ ਮੁਸਲਿਮ ਲੜਕੀਆਂ ਨਾਲ ਵਿਆਹ ਕਰਾਉਣ ਦੇ ਮਾਮਲਿਆਂ ਬਾਰੇ ਮਾਪਦੰਡ ਵੱਖਰੇ ਹਨ, ਉਨ੍ਹਾਂ ਮਾਮਲਿਆਂ `ਚ ਵਿਆਹਾਂ ਅਤੇ ਧਰਮ ਬਦਲੀਆਂ ਨੂੰ ਇਹ ਆਪਣੇ ਧਰਮ ਦਾ ਗੌਰਵ ਬਣਾ ਕੇ ਪੇਸ਼ ਕਰਦੇ ਹਨ। ਇਸੇ ਹਫਤੇ ਮੁਰਾਫਤ ਜਾਨ ਨਾਂ ਮੁਸਲਿਮ ਲੜਕੀ ਨੂੰ ਜਲੰਧਰ ਦਾ ਅੰਕੁਸ਼ ਸਿੰਘ ਨਾਂ ਦਾ ਜੇ.ਸੀ.ਬੀ. ਡਰਾਈਵਰ ਉਧਾਲ ਕੇ ਲੈ ਗਿਆ (ਸੀ.ਐਚ.ਐਫ. ਥਾਣੇ `ਚ ਦਰਜ ਐਫ.ਆਈ.ਆਰ. ਨੰ.79/2021)। ਇਸੇ ਤਰ੍ਹਾਂ ਜੁਨੋਫਰ ਫਯਾਜ਼ ਨਾਂ ਦੀ ਨਾਬਾਲਗ ਮੁਸਲਿਮ ਲੜਕੀ ਨੂੰ ਦਿੱਲੀ ਵਾਸੀ ਪੰਕਜ ਦੁੱਗਲ ਉਧਾਲ ਕੇ ਲੈ ਗਿਆ (ਪਤਣ ਥਾਣੇ `ਚ ਦਰਜ ਐਫ.ਆਈ.ਆਰ. ਨੰ.196/2021)। ਇਨ੍ਹਾਂ ਅੰਤਰ-ਧਰਮ ਵਿਆਹਾਂ ਬਾਰੇ ਧਰਮ ਦੇ ਠੇਕੇਦਾਰ ਖਾਮੋਸ਼ ਹਨ ਜਦੋਂਕਿ ਵੱਖੋ-ਵੱਖਰੇ ਧਰਮ ਦੇ ਲੜਕੇ ਲੜਕੀਆਂ ਦਾ ਇਕ ਦੂਜੇ ਨੂੰ ਪਸੰਦ ਕਰਕੇ ਵਿਆਹ/ਨਿਕਾਹ ਕਰਾਉਣਾ ਸੁਭਾਵਿਕ ਵਰਤਾਰਾ ਹੈ ਅਤੇ ਇਸ ਨੂੰ ‘ਸਾਜ਼ਿਸ਼` ਬਣਾ ਕੇ ਪੇਸ਼ ਕਰਨ ਵਾਲੇ ਧਰਮ ਦੇ ਠੇਕੇਦਾਰ ਐਸਾ ਰਾਜਨੀਤਕ ਏਜੰਡੇ ਤਹਿਤ ਕਰਦੇ ਹਨ। ਕਸ਼ਮੀਰ ਵਿਚ ਸਿੱਖ ਘੱਟਗਿਣਤੀ ਦੇ ਬਹੁਤ ਸਾਰੇ ਧਾਰਮਿਕ, ਸਮਾਜੀ-ਸਭਿਆਚਾਰਕ ਅਤੇ ਆਰਥਕ ਸਰੋਕਾਰ ਹਨ ਜਿਸ ਦੇ ਮੁੱਖ ਦੋਸ਼ੀ ਦਿੱਲੀ ਅਤੇ ਕਸ਼ਮੀਰ ਦੇ ਹੁਕਮਰਾਨ ਹਨ। ਇਸ ਵਿਚ ਕੱਟੜਪੰਥੀ ਮੁਲਾਣਿਆਂ ਦੀ ਭੂਮਿਕਾ ਵੀ ਹੋ ਸਕਦੀ ਹੈ ਪਰ ਇਸ ਲਈ ਆਮ ਕਸ਼ਮੀਰੀ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਲੇਕਿਨ ਸਿਰਸਾ ਵਰਗੇ ਲੋਕ ਇਨ੍ਹਾਂ ਸਰੋਕਾਰਾਂ ਅਤੇ ਮਸਲਿਆਂ ਨੂੰ ਕਦੇ ਨਹੀਂ ਉਠਾਉਣਗੇ।
ਧਰਮ ਬਦਲੀ ਜਾਂ ਅਜਿਹੇ ਕਿਸੇ ਵੀ ਹੋਰ ਹਊਏ ਨੂੰ ਬਹਾਨਾ ਬਣਾ ਕੇ ਔਰਤਾਂ ਨੂੰ ਇਸ ਹੱਕ ਤੋਂ ਵਾਂਝਾ ਕਰਨ ਲਈ ਧਰਮ ਬਦਲੀ ਵਿਰੋਧੀ ਕਾਨੂੰਨਾਂ ਦੀ ਮੰਗ ਕਰਨ ਵਾਲੀਆਂ ਤਾਕਤਾਂ ਸਮਾਜਕ ਤਰੱਕੀ ਦੀਆਂ ਘੋਰ ਵਿਰੋਧੀ ਹਨ, ਉਨ੍ਹਾਂ ਦਾ ਧਰਮ ਚਾਹੇ ਕੋਈ ਵੀ ਹੋਵੇ। ਕਸ਼ਮੀਰੀ ਲੜਕੀਆਂ ਦੇ ਪਸੰਦੀਦਾ ਵਿਆਹਾਂ ਦੇ ਨਿੱਜੀ ਫੈਸਲੇ ਵਿਚ ਦਖਲਅੰਦਾਜ਼ੀ ਕਰਨ ਵਾਲੇ ਉਪਰੋਕਤ ਕਥਿਤ ਸਿੱਖ ਆਗੂਆਂ ਦਾ ਨਾ ਸਿੱਖੀ ਦੀਆਂ ਕਦਰਾਂ-ਕੀਮਤਾਂ ਨਾਲ ਕੋਈ ਲੈਣਾ-ਦੇਣਾ ਹੈ ਅਤੇ ਨਾ ਉਨ੍ਹਾਂ ਦਾ ਕਸ਼ਮੀਰ ਵਿਚ ਘੱਟਗਿਣਤੀ ਸਿੱਖ ਫਿਰਕੇ ਦੇ ਹਿਤਾਂ ਅਤੇ ਮਸਲਿਆਂ ਨਾਲ ਕੋਈ ਸਰੋਕਾਰ ਹੈ। ਲੜਕੀਆਂ ਦੇ ਪ੍ਰੇਮ ਵਿਆਹਾਂ ਦੇ ਮਾਮਲਿਆਂ ਨੂੰ ਜਿਸ ਤਰ੍ਹਾਂ ਸਿੱਖ ਫਿਰਕੇ ਦੇ ਕੁਝ ਲੋਕਾਂ ਦੇ ਧਾਰਮਿਕ ਜਜ਼ਬਾਤ ਨੂੰ ਭੜਕਾਉਣ, ਇਸਲਾਮ ਉਪਰ ਹਮਲੇ ਕਰਨ ਅਤੇ ਮੁਸਲਿਮ ਫਿਰਕੇ ਦਾ ਅਕਸ ਵਿਗਾੜਨ ਲਈ ਵਰਤਿਆ ਗਿਆ, ਉਹ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ।
ਇਸ ਵਕਤ ਜਦੋਂ ਆਰ.ਐਸ.ਐਸ.-ਬੀ.ਜੇ.ਪੀ. ਦੇ ਫਾਸ਼ੀਵਾਦੀ ਰਾਜ ਵਿਰੁੱਧ ਲੜ ਰਹੇ ਕਸ਼ਮੀਰੀ ਲੋਕਾਂ ਨਾਲ ਡਟ ਕੇ ਖੜ੍ਹਨ ਦੀ ਲੋੜ ਹੈ, ਉਦੋਂ ਮਨਜਿੰਦਰ ਸਿੰਘ ਸਿਰਸਾ ਵਰਗੇ ਆਗੂ ਲੜਕੀਆਂ ਦੇ ਆਪਣੀ ਪਸੰਦ ਦੇ ਜੀਵਨ ਸਾਥੀ ਚੁਣਨ ਦੇ ਹੱਕ ਨੂੰ ਕਸ਼ਮੀਰੀ ਅਤੇ ਸਿੱਖ ਭਾਈਚਾਰਿਆਂ ਦਰਮਿਆਨ ਨਫਰਤ ਪੈਦਾ ਕਰਨ ਅਤੇ ਪਾੜਾ ਪਾਉਣ ਲਈ ਵਰਤ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਵਿਸ਼ੇਸ਼ ਦਖਲ ਦੇਣ ਦੀ ਮੰਗ ਅਤੇ ਕੇਂਦਰ ਸਰਕਾਰ ਤੋਂ ਕਸ਼ਮੀਰ ਵਿਚ ਧਰਮ ਬਦਲੀ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਕਰਨ ਤੋਂ ਜ਼ਾਹਿਰ ਹੈ ਕਿ ਔਰਤਾਂ ਦਾ ਬਰਾਬਰੀ ਦਾ ਦਰਜਾ ਸਵੀਕਾਰ ਕਰਨ ਅਤੇ ਉਨ੍ਹਾਂ ਦੀ ਆਜ਼ਾਦ ਹਸਤੀ ਨੂੰ ਮਾਨਤਾ ਦੇਣ ਦੀ ਬਜਾਇ ਇਹ ਆਗੂ ਸਿੱਖ ਔਰਤਾਂ ਨੂੰ ਸਿੱਖ ਭਾਈਚਾਰੇ ਦੀ ਜਾਇਦਾਦ ਸਮਝਦੇ ਹਨ ਅਤੇ ਧਰਮ ਬਦਲੀ ਕਾਨੂੰਨ ਰਾਹੀਂ ਉਨ੍ਹਾਂ ਦਾ ਆਜ਼ਾਦ ਜ਼ਿੰਦਗੀ ਦਾ ਹੱਕ ਖੋਹਣਾ ਚਾਹੁੰਦੇ ਹਨ। ਇਨ੍ਹਾਂ ਦੀ ਸੋਚ ਆਰ.ਐਸ.ਐਸ.-ਬੀ.ਜੇ.ਪੀ. ਦੇ ‘ਲਵ ਜਹਾਦ` ਦੇ ਏਜੰਡੇ ਦਾ ਹੀ ਨਵਾਂ ਰੂਪ ਹੈ ਜਿਸ ਵਿਚ ਸਮੋਏ ਖਤਰਿਆਂ ਬਾਰੇ ਸਿੱਖ ਭਾਈਚਾਰੇ ਅਤੇ ਸਮੂਹ ਦੇਸ਼ਵਾਸੀਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ।
ਇਹ ਸ਼ੁਭ ਸੰਕੇਤ ਹੈ ਕਿ ਸਥਾਨਕ ਸਿੱਖ ਭਾਈਚਾਰੇ ਦੇ ਇਕ ਹਿੱਸੇ ਨੇ ਇਸ ਖਤਰੇ ਨੂੰ ਪਛਾਣਿਆ ਹੈ ਅਤੇ ਕਸ਼ਮੀਰੀ ਲੋਕਾਂ ਦੀ ਭਾਈਚਾਰਕ ਸਾਂਝ ਅਤੇ ਏਕਤਾ ਦੇ ਹੱਕ `ਚ ਖੁੱਲ੍ਹ ਕੇ ਸਟੈਂਡ ਲਿਆ ਹੈ।