ਆਉਂਦੇ ਸਮੇਂ ਵਿਚ ਪੀਣ ਵਾਲੇ ਪਾਣੀ ਨੂੰ ਤਰਸੇਗਾ ਪੰਜਾਬ

ਨਵੀਂ ਦਿੱਲੀ: ਉਤਰ-ਪੱਛਮੀ ਭਾਰਤ ਖਾਸਕਰ ਪੰਜਾਬ ਅਤੇ ਹਰਿਆਣਾ ਵਿਚ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤੱਕ ਹੇਠਾਂ ਚਲਾ ਗਿਆ ਹੈ। ਇਹ ਖੁਲਾਸਾ ਨਵੇਂ ਅਧਿਐਨ ਵਿਚ ਕੀਤਾ ਗਿਆ ਹੈ। ਆਈ.ਆਈ.ਟੀ. ਕਾਨਪੁਰ ਦੁਆਰਾ ਪ੍ਰਕਾਸ਼ਤ ਖੋਜ ਪੱਤਰ ਵਿਚ ਉੱਤਰ ਪੱਛਮੀ ਭਾਰਤ ਵਿਚ 4,000 ਤੋਂ ਜ਼ਿਆਦਾ ਧਰਤੀ ਹੇਠਲੇ ਖੂਹਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਚਾਰ-ਪੰਜ ਦਹਾਕਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਰਾਜਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ‘ਤੇ ਆ ਗਿਆ ਹੈ।

ਭਾਰਤ ਸਿੰਜਾਈ, ਘਰੇਲੂ ਅਤੇ ਉਦਯੋਗਿਕ ਜਰੂਰਤਾਂ ਲਈ ਧਰਤੀ ਹੇਠਲੇ ਪਾਣੀ ਦੀ ਦੁਨੀਆਂ ਵਿਚ ਸਭ ਤੋਂ ਵੱਧ ਵਰਤੋਂ ਕਰਦਾ ਹੈ। ਆਈ.ਆਈ.ਟੀ. ਕਾਨਪੁਰ ਦੇ ਪ੍ਰੋਫੈਸਰ ਰਾਜੀਵ ਸਿਨਹਾ ਅਤੇ ਉਸ ਦੇ ਪੀ.ਐਚ.ਡੀ. ਵਿਦਿਆਰਥੀ ਸੁਨੀਲ ਕੁਮਾਰ ਜੋਸ਼ੀ ਦੀ ਅਗਵਾਈ ਵਿਚ ਹੋਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਰਾਜ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਅਨੁਸਾਰ ਧਰਤੀ ਹੇਠਲੇ ਪਾਣੀ 1974 ਦੌਰਾਨ ਜ਼ਮੀਨੀ ਪੱਧਰ ਤੋਂ 2 ਮੀਟਰ ਹੇਠਾਂ ਸੀ ਜੋ 2010 ਵਿੱਚ 30 ਮੀਟਰ ਹੋ ਗਿਆ।
ਅਧਿਐਨ ਵਿਚ ਕਿਹਾ ਗਿਆ ਹੈ, ‘ਉੱਤਰ ਪ੍ਰਦੇਸ ਅਤੇ ਬਿਹਾਰ ਵਰਗੇ ਰਾਜਾਂ ਦੀ ਸਥਿਤੀ ਵੀ ਮਾੜੀ ਹੈ, ਜੋ ਕਿ ਖੇਤੀਬਾੜੀ ਰਾਜ ਹਨ ਅਤੇ ਜਿੱਥੇ ਧਰਤੀ ਹੇਠਲੇ ਪਾਣੀ ਪ੍ਰਬੰਧਨ ਦੀਆਂ ਰਣਨੀਤੀਆਂ ਅਜੇ ਵੀ ਬਹੁਤ ਪੁਰਾਣੀਆਂ ਹਨ।` ਅਧਿਐਨ ਤੋਂ ਪਤਾ ਲੱਗਿਆ ਹੈ ਕਿ ਹਰਿਆਣਾ ਵਿਚ ਝੋਨੇ ਦੀ ਕਾਸ਼ਤ ਵਾਲਾ ਖੇਤਰ 1966-67 ਵਿਚ 1,92,000 ਹੈਕਟੇਅਰ ਤੋਂ ਵਧ ਕੇ 2017-18 ਵਿੱਚ 14,22,000 ਹੈਕਟੇਅਰ ਹੋ ਗਿਆ। ਪੰਜਾਬ ਵਿਚ ਇਹ 2017-18 ਵਿਚ 30,64,000 ਹੈਕਟੇਅਰ ਹੋ ਗਿਆ ਹੈ, ਜੋ 1960-61 ਵਿਚ 2,27,000 ਸੀ। ਮੰਗ ਨੂੰ ਪੂਰਾ ਕਰਨ ਲਈ ਧਰਤੀ ਹੇਠਲੇ ਪਾਣੀ ਦੀ ਮੰਗ ਵੱਧ ਗਈ।