ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੰਵੇਦਨਾ ਦੀ ਸੁਰ-ਬੰਧਨਾ ਕੀਤੀ ਸੀ, “ਸੰਵੇਦਨਸ਼ੀਲਤਾ, ਖੁਸ਼ੀ ਦਾ ਖਜਾਨਾ, ਬਰਕਤਾਂ ਦੀ ਬਹਿਸ਼ਤ, ਨਿਅਮਾਤਾਂ ਦੀ ਨਗਰੀ। ਪ੍ਰਾਪਤੀਆਂ ਦਾ ਸਿਰਲੇਖ ਅਤੇ ਭਰੇ-ਭਕੂਨੇ ਹੋਣ ਦਾ ਅਹਿਸਾਸ।…ਸੰਵੇਦਨਾ ਨੂੰ ਮਰਨ ਨਾ ਦਿਓ।
ਆਪਣਾ ਹਾਸਲ ਬਣਾਓ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਹੈ, “ਪਿਘਲਣਾ, ਰੁੱਖੇਪਣ ਤੋਂ ਨਰਮਾਈ ਨੂੰ ਜਾਣ ਦਾ ਮਾਰਗ ਹੈ, ਕਿਉਂਕਿ ਮਨ ਤੋਂ ਪਿਘਲ ਕੇ ਕਿਸੇ ਮਨੁੱਖ ਵਿਚੋਂ ਮਾਨਵਤਾ ਪਨਪਦੀ। ਪਿਘਲਣ ਨਾਲ ਹੀ ਜਿ਼ੰਦਗੀ ਦੀ ਸੁੱਚਮਤਾ ਨਜ਼ਰ ਆਉਂਦੀ। ਪਿਘਲਣ ਨਾਲ ਹੀ ਹੱਠ ਤੋਂ ਹਲੀਮੀ, ਹਾਉਕੇ ਤੋਂ ਹਾਸਾ, ਹੰਝੂ ਤੋਂ ਹੁਲਾਸ, ਹੈਂਕੜ ਤੋਂ ਹੇਕ, ਹਾਕ ਤੋਂ ਹੁੰਗਾਰਾ, ਹੰਕਾਰ ਤੋਂ ਹਮਦਰਦੀ ਅਤੇ ਹੋਛੇਪਣ ਤੋਂ ਹਰਜ਼ਾਈ ਤੀਕ ਦਾ ਸਫਰਨਾਮਾ ਲਿਖਿਆ ਜਾ ਸਕਦਾ।” ਉਨ੍ਹਾਂ ਅਨੁਸਾਰ ਪਿਘਲਣਾ ਕਮਜੋ਼ਰੀ ਨਹੀਂ, ਸਗੋਂ ਮਜ਼ਬੂਤੀ। ਸਭ ਤੋਂ ਪ੍ਰਮੁੱਖ ਹੁੰਦਾ ਏ ਰੂਹ ਦਾ ਰੂਹ ਵਿਚ ਪਿਘਲਣਾ। ਫਿਰ ਦੁਨੀਆਂ ਹੋਰ ਵੀ ਹੁਸੀਨ ਅਤੇ ਸੁੰਦਰ ਹੋ ਜਾਂਦੀ। ਜਿ਼ੰਦਗੀ ਜਿਊਣ ਅਤੇ ਇਸ ਦੀ ਰੂਹਦਾਰੀ ਨੂੰ ਮਾਣਨ ਦੀ ਤਮੰਨਾ ਮਨ ਵਿਚ ਤਾਰੀ ਹੁੰਦੀ। ਇਸ ਪਿਘਲਾਅ ਵਿਚੋਂ ਹੀ ਅਸੀਂ ਆਪਣੇ ਰਿਸ਼ਤਿਆਂ, ਸਬੰਧਾਂ ਸਕੀਰੀਆਂ, ਸਾਥੀਆਂ ਨੂੰ ਨਵੇਂ ਸੰਦਰਭ ਵਿਚ ਪਛਾਣ ਸਕਦੇ ਹਾਂ।
ਡਾ. ਗੁਰਬਖਸ਼ ਸਿੰਘ ਭੰਡਾਲ
ਪਿਘਲਣਾ, ਠੋਸ ਤੋਂ ਤਰਲ ਹੋ ਜਾਣ ਦੀ ਕਿਰਿਆ। ਸ਼ਕਲ-ਸੂਰਤ, ਰੰਗ-ਰੂਪ, ਤਾਸੀਰ ਅਤੇ ਤਸਵੀਰ ਵਿਚ ਤਬਦੀਲੀ। ਇਹ ਪਰਿਵਰਤਨ, ਪ੍ਰਾਪਤ ਕੀਤੀ ਊਰਜਾ ਕਾਰਨ ਹੁੰਦਾ, ਜਿਹੜੀ ਕਿਸੇ ਨਾ ਕਿਸੇ ਰੂਪ ਵਿਚ ਮਿਲਦੀ।
ਪਿਘਲਣਾ, ਤਦਬੀਲੀ ਦਾ ਸੂਚਕ। ਚੰਗੇਰੀਆਂ ਹਾਲਤਾਂ ਦਾ ਆਵੇਸ਼। ਅੰਦਰ ਵਿਚ ਬੈਠਾ ਦਰਵੇਸ਼, ਜਿਸ ਤੋਂ ਓਹਲੇ ਹੁੰਦੇ ਹਾਂ ਅਸੀਂ ਹਮੇਸ਼; ਪਰ ਇਸ ਦੀ ਦਮਨਕਾਰੀ ਕਾਰਨ ਹੁੰਦੀਆਂ ਨੇ ਔਕੜਾਂ ਤੇ ਮੁਸੀਬਤਾਂ ਦਰਪੇਸ਼।
ਪਿਘਲਣਾ, ਰੁੱਖੇਪਣ ਤੋਂ ਨਰਮਾਈ ਨੂੰ ਜਾਣ ਦਾ ਮਾਰਗ। ਮਾਸੂਮ ਭਾਵਨਾਵਾਂ ਦੇ ਪੁੰਗਰਣ ਦੀ ਪ੍ਰਕਿਰਿਆ। ਆਪਣੀ ਤਾਸੀਰ ਤੇ ਤਹਿਜ਼ੀਬ ਨੂੰ ਨਰੋਏ ਮਾਰਗ ਵੱਲ ਪ੍ਰੇਰਿਤ ਕਰਨ ਦਾ ਉਦਮ।
ਪਿਘਲਣਾ, ਮਨੁੱਖੀ ਫਿਤਰਤ ਲਈ ਸਭ ਤੋਂ ਅਹਿਮ, ਕਿਉਂਕਿ ਮਨ ਤੋਂ ਪਿਘਲ ਕੇ ਕਿਸੇ ਮਨੁੱਖ ਵਿਚੋਂ ਮਾਨਵਤਾ ਪਨਪਦੀ। ਉਸ ਦੇ ਅੰਤਰੀਵ ਵਿਚ ਬੈਠੀ ਅਗੰਮੀ ਲੋਚਾ ਨੂੰ ਪਰਵਾਜ਼ ਮਿਲਦੀ। ਉਸ ਦੀ ਜੀਵਨ-ਸ਼ੈਲੀ, ਸੋਚਣ ਤੇ ਸਮਝਣ ਦੀ ਆਦਤ ਅਤੇ ਆਪਣੀਆਂ ਪਹਿਲਾਂ ਨੂੰ ਨਿਰਧਾਰਤ ਕਰਨ ਦਾ ਮੌਕਾ ਮਿਲਦਾ।
ਪਿਘਲਣ ਕਾਰਨ ਹੀ ਪਾਕੀਜ਼ ਭਾਵਨਾਵਾਂ ਜਨਮ ਲੈਂਦੀਆਂ। ਮਸਤਕ ਵਿਚੋਂ ਸੁਪਨਿਆਂ ਦੇ ਪਰ ਨਿਲਕਦੇ। ਸੁਪਨਿਆਂ ਵਿਚ ਸੁਹਜ, ਸਹਿਜ, ਸੁੰਦਰਤਾ, ਸੰਤੋਖ, ਸੁਖਨ ਅਤੇ ਸਕੂਨ ਨੂੰ ਸਥਾਨ ਮਿਲਦਾ। ਅਜਿਹੇ ਸੁਪਨਸ਼ੀਲ ਲੋਕਾਂ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ।
ਪਿਘਲਣ ਕਾਰਨ ਹੀ ਰੰਗ ਇਕ ਦੂਜੇ ਵਿਚ ਘੁਲਦੇ। ਇਕਮਿਕਤਾ ਨੂੰ ਨਵਾਂ ਹੁਲਾਰ ਮਿਲਦਾ। ਇਕਜੁੱਟਤਾ ਨੂੰ ਨਵਾਂ ਵਿਸਥਾਰ ਅਤੇ ਇਕਸਾਰਤਾ ਵਿਚੋਂ ਅੰਤਰੀਵਤਾ ਨੂੰ ਰਾਹਤ ਮਿਲਦੀ।
ਪਿਘਲਣ ਤੋਂ ਆਕੀ ਲੋਕ ਕਠੋਰ, ਜਿੱ਼ਦੀ, ਜਾਲਮ, ਕਰੂਰ, ਕਮੀਨੇ, ਅਕ੍ਰਿਘਣ ਅਤੇ ਹੱਠੀ ਹੁੰਦੇ। ਇਸ ਕਮੀਨੇ ਹੱਠ ਕਾਰਨ ਕਤਲ ਹੋ ਜਾਂਦੀ ਮਾਸੂਮੀਅਤ, ਕੋਮਲ ਕਲੀਆਂ ਵਰਗੇ ਜਜ਼ਬਾਤ ਜਿਬਾਹ ਹੋ ਜਾਂਦੇ ਅਤੇ ਤਿਤਲੀਆਂ ਨੂੰ ਕੱਟੇ ਹੋਏ ਪਰਾਂ ਦੀ ਸਜ਼ਾ ਦਿੱਤੀ ਜਾਂਦੀ। ਅਜਿਹੇ ਹਾਕਮ ਆਪਣੀਆਂ ਹੋਛੀਆਂ ਕਮੀਨਗੀਆਂ ਤੇ ਹੱਠ-ਧਰਮੀਆਂ ਕਾਰਨ ਹਿਟਲਰ, ਔਰੰਗਜ਼ੇਬ, ਅਬਦਾਲੀ ਜਾਂ ਬਾਬਰ ਦਾ ਜਾਮਾ ਪਹਿਨ ਕੇ ਇਤਿਹਾਸ ਨੂੰ ਸ਼ਰਮਸ਼ਾਰ ਕਰਦੇ। ਪੱਥਰ-ਦਿਲ ਲੋਕਾਂ ਕੋਲੋਂ ਕੀ ਆਸ ਰੱਖ ਸਕਦੇ ਹੋ? ਅੱਜ ਕੱਲ ਤਾਂ ਪੱਥਰਾਂ ਦੇ ਸ਼ਹਿਰ ਨੇ। ਕੰਕਰੀਟ ਦੇ ਜੰਗਲ ਉਗ ਆਏ ਨੇ। ਸ਼ਹਿਰਾਂ ਤੇ ਕਸਬਿਆਂ ਵਿਚ, ਇੱਟਾਂ-ਪੱਥਰਾਂ ਦੇ ਜੰਗਲਾਂ ਵਿਚ ਰਹਿਣ ਵਾਲੇ ਲੋਕਾਂ ਤੋਂ ਕੀ ਉਮੀਦ ਰੱਖੋਗੇ? ਸਮੇਂ ਦੀ ਕੇਹੀ ਤ੍ਰਾਸਦੀ ਹੈ ਕਿ ਵੱਡੇ-ਵੱਡੇ ਘਰਾਂ ਵਿਚ ਬੌਣੇ ਲੋਕ ਰਹਿੰਦੇ ਨੇ ਅਤੇ ਵੱਡੀਆਂ ਵੱਡੀਆਂ ਕਾਰਾਂ ਦੀ ਸਵਾਰੀ ਨੀਚ ਲੋਕ ਕਰਦੇ। ਉਚੀਆਂ ਕੁਰਸੀਆਂ ਵਿਚ ਰਸਾਤਲੀ ਲੋਕ ਨੇ ਬਿਰਾਜਮਨ। ਕੁਰਸੀਆਂ ਦੇ ਪਾਵੇ ਬਣ ਗਏ ਨੇ ਵਿਕੀਆਂ ਜ਼ਮੀਰਾਂ ਵਾਲੇ ਕਾਮੀ, ਕਬਾਬੀ, ਕਾਤਲ, ਕੱਬੇ ਅਤੇ ਕੁਰਹਿਤੀ ਲੋਕ।
ਪਿਘਲਣਾ, ਧਰਮ ਦਾ ਸਭ ਤੋਂ ਮਹੱਤਵਪੂਰਨ ਅੰਸ਼। ਧਾਰਮਿਕਤਾ ਵਿਚ ਰੰਗੇ ਲੋਕਾਂ ਦੀਆਂ ਅੱਖਾਂ ਵਿਚੋਂ ਸਮੁੰਦਰ ਵਗਦਾ, ਜਦ ਉਹ ਕਿਸੇ ਲਾਚਾਰ, ਹੀਣੇ, ਲੋੜਵੰਦ, ਭੁੱਖੇ, ਅਧਨੰਗੇ ਨੂੰ ਅੰਬਰ ਦੀ ਛੱਤ ਹੇਠ ਤਾਰੇ ਗਿਣਦਿਆਂ, ਰਾਤਾਂ ਕੱਟਦਿਆਂ ਤੱਕਦੇ; ਪਰ ਅਜੋਕੀ ਧਾਰਮਿਕਤਾ ਤਾਂ ਬੇਦੋਸਿ਼ਆਂ ਦੇ ਖੂਨ ਵਿਚ ਰੰਗੀ, ਨਿਹੱਥਿਆਂ ਦੀਆਂ ਲਾਸ਼ਾਂ ‘ਤੇ ਧਰਮ ਦੀ ਅੰਬਰਦਾਰੀ ਉਸਾਰਦੀ ਏ। ਸਾਂਝੀਵਾਲਤਾ, ਸ਼ਹਿਨਸ਼ੀਲਤਾ ਅਤੇ ਹਮਦਰਦੀ ਤੋਂ ਕੋਰੇ ਅਜਿਹੇ ਲੋਕਾਂ ਦੀ ਮਾਨਸਿਕਤਾ ਵਿਚ ਮਜ੍ਹਬੀ ਜਨੂਨ, ਜਾਤੀ ਉਚਤਮਤਾ ਅਤੇ ਬਰਾਦਰੀ ਭਾਵ ਨੇ ਮਨੁੱਖਤਾ ਦੇ ਚਿਹਰੇ `ਤੇ ਕਾਲਖ ਮਲ ਦਿੱਤੀ ਏ। ਦਰਅਸਲ ਜਦ ਧਰਮ ‘ਤੇ ਰਾਜਨੀਤੀ ਹਾਵੀ ਹੋ ਜਾਵੇ ਤਾਂ ਧਰਮ, ਧਰਮ ਹੀ ਨਹੀਂ ਰਹਿੰਦਾ। ਫਿਰ ਉਹ ਤਾਂ ਅਧਰਮ ਹੁੰਦਾ। ਅਜਿਹਾ ਤਾਂ ਅਜੋਕੇ ਸਮਿਆਂ ਵਿਚ ਸਾਰੇ ਧਰਮਾਂ ਵਿਚ ਹੋ ਰਿਹਾ। ਫਿਰ ਕਿਵੇਂ ਸੋਚਿਆ ਜਾ ਸਕਦਾ ਕਿ ਧਰਮੀ ਲੋਕ ਕਿਸੇ ਦੇ ਦਰਦ ਵਿਚ ਪਸੀਜਣਗੇ?
ਪਿਘਲਣਾ, ਮਨੁੱਖੀ ਮਾਨਸਿਕਤਾ ਵਿਚ ਵਸੀ ਸੂਖਮ ਧਾਰਨਾ, ਜਿਸ ਕਾਰਨ ਉਨ੍ਹਾਂ ਦੇ ਕਰਮ-ਧਰਮ ਅਤੇ ਜੀਵਨ-ਜਾਚ ਵਿਚ ਮਨੁੱਖੀ ਭਾਵਨਾਵਾਂ ਹੁੰਦੀਆਂ। ਉਨ੍ਹਾਂ ਦੀ ਕਦਰ ਕਰਦੇ ਅਤੇ ਉਨ੍ਹਾਂ ਦੀ ਕਰਮ-ਸ਼ੈਲੀ ਵਿਚ ਪਿਘਲਣਾ, ਪਸੀਜਣਾ ਅਤੇ ਕਿਸੇ ਦੀ ਪੀੜਾ ਵਿਚ ਪੀੜ-ਪੀੜ ਹੋਣਾ ਸਾਖਸ਼ਾਤ ਪ੍ਰਗਟਦਾ।
ਪਿਘਲਣਾ, ਬਹੁਤ ਜਰੂਰੀ ਹੁੰਦਾ ਏ ਸ਼ਬਦਾਂ ਵਿਚ, ਤਾਂ ਹੀ ਇਬਾਰਤ ਵਿਚ ਫੁੱਲਾਂ ਦੀ ਫਸਲ ਮੌਲਦੀ। ਇਨ੍ਹਾਂ ਦੇ ਅਰਥਾਂ ਵਿਚ ਸੂਰਜਾਂ ਦੀ ਤਪਸ਼ ਅਤੇ ਰੌਸ਼ਨੀ। ਵਰਕਿਆਂ ਵਿਚ ਨਵੀਂ ਤਵਾਰੀਖ ਦੀ ਸਿਰਜਣਾ। ਅਜਿਹੀਆਂ ਕਿਰਤਾਂ ਵਿਚ ਜੀਵਨ ਦੀਆਂ ਨਰੋਈਆਂ ਕਦਰਾਂ-ਕੀਮਤਾਂ ਦੀ, ਵਾਕ-ਬ-ਵਾਕ ਪ੍ਰਦਖਣਾ ਹੁੰਦੀ।
ਪਿਘਲਣਾ, ਪਸੀਜਣਾ, ਬਦਲਨਾ, ਕਿਸੇ ਦੇ ਦਰਦ ਨੂੰ ਖੁਦ ਮਹਿਸੂਸਣਾ ਜਾਂ ਕਿਸੇ ਦੀਆਂ ਤੰਗੀ-ਤੁਰਸ਼ੀਆਂ ਨੂੰ ਆਪਣੀ ਪਿੰਡੇ `ਤੇ ਹੰਢਾਉਣ ਦਾ ਕਿਆਸਣਾ ਹੀ ਦਰਅਸਲ ਮਾਨਸਿਕ ਪਿਘਲਾਅ ਦਾ ਰੂਪ ਹੁੰਦਾ।
ਮਮਤਾ ਦੇ ਪਿਘਲਾਅ ਨੂੰ ਦੇਖਣਾ ਹੋਵੇ ਤਾਂ ਕਦੇ ਬੱਚੇ ਨੂੰ ਲਾਡ ਲਡਾਉਂਦੀ ਮਾਂ ਵੱਲ ਦੇਖਣਾ। ਉਸ ਦੀਆਂ ਬਲਾਵਾਂ ਉਤਾਰਦੀ, ਗਿੱਲਾ ਪੋਤੜਾ ਬਦਲਦੀ, ਸੁੱਕੇ ਥਾਂ `ਤੇ ਪਾਉਂਦੀ ਅਤੇ ਰੋਂਦੇ ਬੱਚੇ ਦੇ ਹੰਝੂਆਂ ਵਿਚ ਨੀਰ ਨੀਰ ਹੁੰਦੀ ਮਾਂ। ਕਦੇ ਬਿਮਾਰ ਬੱਚੇ ਦੇ ਸਿਰਹਾਣੇ ਬੈਠੀ ਮਾਂ ਦੀਆਂ ਅੱਖਾਂ ਵਿਚ ਉਤਰੀ ਉਦਾਸੀ ਦੇ ਬਾਵਜੂਦ, ਬੱਚੇ ਨੂੰ ਹੱਲਾਸ਼ੇਰੀ ਦਿੰਦੀ ਤੇ ਆਸ ਬੰਨਾਉਂਦੀ ਮਾਂ ਦੀਆਂ ਅਸੀਮ ਦੁਆਵਾਂ ਅਤੇ ਮੰਗੀਆਂ ਮੰਨਤਾਂ ਦੀ ਗਿਣਤੀ ਕਰਨਾ, ਤੁਹਾਡਾ ਹਿਸਾਬ-ਕਿਤਾਬ ਤੁਹਾਥੋਂ ਮੁੱਨਕਰ ਹੋ ਜਾਵੇਗਾ। ਮਾਂ ਸਿਰਫ ਆਪਣੇ ਬੱਚੇ ਲਈ ਹੀ ਨਹੀਂ, ਸਗੋਂ ਉਹ ਆਪਣੇ ਪਤੀ, ਪਰਿਵਾਰ, ਪੇਕਿਆਂ ਅਤੇ ਸਹੁਰਿਆਂ ਦੇ ਹਰ ਦੁੱਖ-ਸੁੱਖ ਵਿਚ ਪਸੀਜਦੀ। ਆਪਣੇ ਅੰਤਰੀਵ ਨੂੰ ਪਰੋਸਣ ਲਈ ਸਾਹਾਂ ਨੂੰ ਸਮਰਪਿਤ ਕਰਦੀ। ਮਮਤਾ ਦੇ ਪਿਘਲਣ ਨੂੰ ਸੀਮਤ ਜਿਹੇ ਸ਼ਬਦਾਂ ਵਿਚ ਬਿਆਨਿਆ ਨਹੀਂ ਜਾ ਸਕਦਾ, ਕਿਉਂਕਿ ਇਸ ਦੀ ਮਹਾਨਤਾ ਹੀ ਅਸੀਮ ਏ।
ਬੁਰਸ਼ ਜਦ ਪਿਘਲਦਾ ਤਾਂ ਇਹ ਕੈਨਵਸ `ਤੇ ਇਕ ਕਲਾ-ਕਿਰਤੀ ਨੂੰ ਜਨਮ ਦਿੰਦਾ। ਬੁਰਸ਼ ਨਾਲ ਹੱਥਾਂ ਵਿਚ ਪੈਦਾ ਹੋਈ ਸੁਪਨਸਾਜ਼ੀ ਦੀਆਂ ਭਾਵਨਾਵਾਂ ਨੂੰ ਸਾਕਾਰ ਕਰਨ ਅਤੇ ਇਨ੍ਹਾਂ ਨੂੰ ਕੈਨਵਸ `ਤੇ ਪ੍ਰਗਟਾਉਣ ਦਾ ਹੁਨਰ ਤੇ ਹਾਸਲ ਹੁੰਦਾ, ਤਾਂ ਹੀ ਕਿਸੇ ਵੀ ਕੈਨਵਸ ਦੀਆਂ ਬਾਰੀਕ ਛੂਹਾਂ ਵਿਚੋਂ ਕਲਾਕਾਰ ਅਤੇ ਬੁਰਸ਼ ਦੀਆਂ ਤਰਜ਼ੀਹੀ ਤਰੰਗਾਂ ਨੂੰ ਪਕੜਿਆ ਤੇ ਪੜ੍ਹਿਆ ਜਾ ਸਕਦਾ। ਕਈ ਵਾਰ ਤਾਂ ਕੈਨਵਸ ਦੀਆਂ ਲਕੀਰਾਂ, ਮੁਖੜੇ `ਤੇ ਪਈਆਂ ਘਰਾਲਾਂ ਹੁੰਦੀਆਂ, ਜਿਨ੍ਹਾਂ ਵਿਚੋਂ ਦੁੱਖਾਂ-ਦਰਦਾਂ ਨੂੰ ਤਸ਼ਬੀਹ ਦਿੱਤੀ ਜਾ ਸਕਦੀ।
ਬਜੁਰਗਾਂ ਦੀਆਂ ਝੁਰੜੀਆਂ ਅਸਲ ਵਿਚ ਉਮਰ ਭਰ ਦਾ ਅੰਤਰੀਵੀ ਪਿਘਲਣਾ ਹੀ ਪ੍ਰਗਟਾਉਂਦਾ ਕਿ ਕਿਵੇਂ ਉਨ੍ਹਾਂ ਨੇ ਜੀਵਨ ਦੀਆਂ ਦੁਸ਼ਵਾਰੀਆਂ ਵਿਚੋਂ ਜੀਵਨ ਦਾ ਮੁਖੜਾ ਰੁਸ਼ਨਾਇਆ? ਇਸ ਦੀ ਤੋਰ ਨੂੰ ਕਦੇ ਮੱਠਾ ਨਹੀਂ ਪੈਣ ਦਿੱਤਾ। ਝੁਰੜੀਆਂ ਤਾਂ ਉਮਰ ਦੇ ਪਿਘਲਾਅ ਦਾ ਮੱਥੇ ‘ਤੇ ਜੰਮ ਜਾਣਾ ਵੀ ਹੁੰਦਾ, ਜਿਸ ਵਿਚੋਂ ਉਮਰ ਦੀਆਂ ਉਦਾਸੀਆਂ, ਉਮੀਦਾਂ, ਉਮੰਗਾਂ ਦੀ ਪੂਰਤੀ/ਅਪੂਰਤੀ, ਉਦਰੇਵਿਆਂ, ਉਲਾਹਮਿਆਂ ਜਾਂ ਉਲੰਘਣਾਵਾਂ ਦੀਆਂ ਪਰਤਾਂ ਨੂੰ ਫਰੋਲਿਆ ਜਾ ਸਕਦਾ।
ਅਤਿਅੰਤ ਲੋੜੀਂਦਾ ਹੈ ਮਨੁੱਖ ਦਾ ਪਿਘਲਣਾ, ਕਿਉਂਕਿ ਪਿਘਲਣ ਨਾਲ ਹੀ ਹੱਠ ਤੋਂ ਹਲੀਮੀ, ਹਾਉਕੇ ਤੋਂ ਹਾਸਾ, ਹੰਝੂ ਤੋਂ ਹੁਲਾਸ, ਹੈਂਕੜ ਤੋਂ ਹੇਕ, ਹਾਕ ਤੋਂ ਹੁੰਗਾਰਾ, ਹੰਕਾਰ ਤੋਂ ਹਮਦਰਦੀ ਅਤੇ ਹੋਛੇਪਣ ਤੋਂ ਹਰਜ਼ਾਈ ਤੀਕ ਦਾ ਸਫਰਨਾਮਾ ਲਿਖਿਆ ਜਾ ਸਕਦਾ।
ਪਿਘਲਣ ਨਾਲ ਹੀ ਅਸੀਂ ਇਕ ਦੂਜੇ ਵਿਚ ਅਭੇਦ ਹੁੰਦੇ। ਇਕ ਦੂਜੇ ਦੇ ਅੰਤਰੀਵ ਵਿਚ ਵੱਸਦੇ। ਰੂਹਾਂ ਦੀਆਂ ਜਾਣਦੇ। ਇਕ ਦੀ ਪੀੜ ਵਿਚ ਦੂਜਾ ਸਿਸਕਦਾ। ਇਕ ਦੀ ਹਾਕ, ਦੂਜੇ ਲਈ ਹੁੰਗਾਰਾ। ਇਕ ਦਾ ਸੁਪਨਾ, ਦੂਜੇ ਲਈ ਪਰਵਾਜ਼। ਇਕ ਦਾ ਸਾਹ-ਸੰਗੀਤ ਤੇ ਦੂਜੇ ਦਾ ਰਿਆਜ਼। ਇਕ ਦਾ ਕਰਮ ਤੇ ਦੂਜੇ ਦਾ ਅੰਦਾਜ਼।
ਪਿਘਲਣ ਲਈ ਜਰੂਰੀ ਹੁੰਦਾ ਏ ਪ੍ਰੇਮ, ਪਾਕੀਜ਼ਤਾ, ਪਵਿੱਤਰਤਾ, ਪਾਹੁਲ ਤੇ ਪਾਬੰਦੀ ਦੀ ਪਹਿਰਦੇਾਰੀ, ਕਿਉਂਕਿ ਪਿਘਲਣ ਨਾਲ ਹੀ ਜਿ਼ੰਦਗੀ ਦੀ ਸੁੱਚਮਤਾ ਨਜ਼ਰ ਆਉਂਦੀ। ਸੱਤ ਰੰਗ ਮਿਲ ਕੇ ਰੌਸ਼ਨੀ ਬਣਦੇ, ਕਿਉਂਕਿ ਸਾਰੇ ਰੰਗਾਂ ਦੀ ਅਭੇਦਤਾ ਵਿਚੋਂ ਹੀ ਚਾਨਣ ਦੀ ਲੀਕ ਉਪਜਦੀ।
ਪਿਘਲਣ ਨਾਲ ਹੀ ਆਸ ਵਿਚੋਂ ਧਰਵਾਸ, ਬੇਆਸਰਿਆਂ ਦੀ ਆਸ, ਥਿੜਕਿਆਂ ਲਈ ਵਿਸ਼ਵਾਸ ਅਤੇ ਨਿਥਾਵਿਆਂ ਲਈ ਅਰਦਾਸ ਬਣਿਆ ਜਾ ਸਕਦਾ।
ਪਿਘਲਣਾ ਕਮਜੋ਼ਰੀ ਨਹੀਂ, ਸਗੋਂ ਮਜ਼ਬੂਤੀ। ਮਾਨਸਿਕਤਾ ਦਾ ਹੁਲਾਰ, ਅੰਤਰੀਵੀ ਖੁਸ਼ੀ ਨੂੰ ਮਾਣਨ ਦਾ ਸਬੱਬ ਅਤੇ ਅੰਦਰਲੀ ਖੁਦਾਈ ਨੂੰ ਮਿਲਣ ਦਾ ਰੱਜ। ਦਿਲਾਂ ਵਾਲੇ ਹੀ ਪਿਘਲਦੇ ਨੇ, ਕਿਉਂਕਿ ਉਨ੍ਹਾਂ ਦੇ ਦਿਲ ਧੜਕਦੇ। ਆਲੇ-ਦੁਆਲੇ ਦੇ ਦੁੱਖਾਂ ਨੂੰ ਮਹਿਸੂਸ ਕਰਦੇ ਅਤੇ ਬੇਗੁਨਾਹਾਂ ਤੇ ਅਨਾਥਾਂ ਲਈ ਹਾਅ ਦਾ ਨਾਅਰਾ ਮਾਰਦੇ।
ਸਰਹਿੰਦ ਦੀ ਕਚਹਿਰੀ ਵਿਚ ਜਿਥੇ ਸੁੱਚਾ ਨੰਦ ਦੀ ਕਠੋਰਤਾ ਜੱਗ-ਜਾਹਰ ਸੀ, ਉਥੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਦਾ ਪਿਘਲਣਾ ਹੀ ਸੀ ਕਿ ਉਸ ਨੇ ਸਾਹਿਬਜ਼ਾਦਿਆਂ `ਤੇ ਢਾਹੇ ਜਾ ਰਹੇ ਤਸ਼ੱਦਦ ਲਈ ਹਾਅ ਦਾ ਨਾਅਰਾ ਮਾਰਿਆ। ਸਾਰੇ ਦਰਬਾਰ ਵਿਚ ਸਿਰਫ ਇਕ ਹੀ ਵਿਅਕਤੀ ਸੀ, ਜਿਸ ਦਾ ਮਨ ਕੋਮਲ ਸੀ ਅਤੇ ਉਸ ਦੇ ਅੰਦਰ ਖੁਦਾ ਵੱਸਦਾ ਸੀ।
ਧਾਤ ਪਿੱਘਲ ਕੇ ਹੀ ਸੰਦ, ਬਰਤਨ, ਖੇਤੀ ਦੇ ਔਜ਼ਾਰ, ਖਾਣ ਪੀਣ ਲਈ ਵਰਤੇ ਜਾ ਰਹੇ ਭਾਂਡੇ, ਕਲਾ-ਕਿਰਤਾਂ ਅਤੇ ਜੀਵਨ ਵਿਚ ਵਰਤੋਂ ਦੀਆਂ ਲੋੜਾਂ ਦੀ ਪੂਰਤੀ ਹੁੰਦੀ। ਪਿੱਘਲਣ ਤੋਂ ਢਾਂਚੇ ਵਿਚ ਜਾਣਾ, ਹਥੌੜੇ ਨਾਲ ਵੱਜੀਆਂ ਸੱਟਾਂ ਅਤੇ ਇਸ ਵਿਚੋਂ ਉਘੜਦੇ ਵੱਖੋ-ਵੱਖਰੀਆਂ ਸ਼ਕਲਾਂ ਅਖਤਿਆਰ ਕਰਨਾ ਹੀ ਪਿਘਲਣ ਤੋਂ ਅਕਾਰ ਗ੍ਰਹਿਣ ਤੀਕ ਦਾ ਸਫਰ ਹੁੰਦਾ।
ਬਰਫ ਪਿਘਲਦੀ ਤਾਂ ਚੋਅ ਬਣਦੇ। ਝਰਨੇ ਪੈਦਾ ਹੁੰਦੇ ਅਤੇ ਇਹ ਝਰਨੇ ਮਿਲ ਕੇ ਨਦੀ ਬਣਦੇ। ਇਨ੍ਹਾਂ ਨਿੱਕੀਆਂ ਨਿੱਕੀਆਂ ਨਦੀਆਂ ਵਿਚੋਂ ਵੱਡੇ ਵੱਡੇ ਦਰਿਆ ਨਿਕਲਦੇ। ਇਹ ਦਰਿਆ ਹੀ ਸਮੁੱਚੀ ਸਭਿਅਤਾ ਦੇ ਵਿਸਥਾਰ ਦਾ ਸਬੱਬ ਹੁੰਦੇ। ਇਹ ਹੀ ਦਰਿਆ, ਸਮੁੰਦਰ ਵਿਚ ਜਾ ਕੇ ਸਮੁੰਦਰ ਹੀ ਬਣ ਜਾਂਦੇ। ਇਸ ਲਈ ਬਰਫ ਦੇ ਪਿਘਲਣ ਤੋਂ ਦਰਿਆ ਬਣਨ ਨੂੰ ਕਿੰਨਾ ਵੱਡਾ ਵਿਸਥਾਰ ਮਿਲਦਾ।
ਪਿਘਲਣਾ ਕਿੰਨਾ ਪ੍ਰਤੱਖ ਹੁੰਦਾ, ਜਦ ਕੋਈ ਬਾਪ ਆਪਣੇ ਬੱਚੇ ਨੂੰ ਬੁੱਕਲ ਵਿਚ ਲੈਂਦਾ। ਮਾਂ ਆਪਣੀਆਂ ਧੀਆਂ ਨੂੰ ਘਰ ਦੀਆਂ ਬਰੂਹਾਂ ਟੱਪਣ ਵੇਲੇ ਅਸੀਸਾਂ ਨਾਲ ਦੁਲਾਰਦੀ। ਵੱਡਾ ਭਰਾ, ਛੋਟੇ ਭਰਾ ਦੀਆਂ ਪ੍ਰਾਪਤੀਆਂ ਵਿਚ ਉਚੀ ਛਲਾਂਘ ਲਾਉਂਦਾ। ਭੈਣ, ਭਰਾ ਦੀਆਂ ਬਲਾਵਾਂ ਉਤਾਰਦੀ, ਰੀਝਾਂ ਨਾਲ ਰੱਖੜੀ ਬੰਨਦੀ। ਮਾਂ ਆਪਣੇ ਨੂੰਹ-ਪੁੱਤ ਤੋਂ ਪਾਣੀ ਵਾਰਦੀ, ਘਰ ਦੀਆਂ ਚਾਬੀਆਂ ਨਵੀਂ ਪੀਹੜੀ ਦੇ ਨਾਮ ਕਰਦੀ। ਦਾਦੀ ਆਪਣੇ ਪੋਤੇ ਨੂੰ ਗੋਦੀ ਵਿਚ ਬਿਠਾ ਕੇ ਪਲੋਸਦੀ ਜਾਂ ਕੋਈ ਨਾਨੀ ਆਪਣੇ ਦੋਹਤੇ ਦੇ ਸੋਹਣੇ ਮੁੱਖ `ਤੇ ਕਾਲਾ ਟਿੱਕਾ ਲਾਉਂਦੀ। ਇਸ ਪਿਘਲਾਅ ਵਿਚੋਂ ਹੀ ਅਸੀਂ ਆਪਣੇ ਰਿਸ਼ਤਿਆਂ, ਸਬੰਧਾਂ ਸਕੀਰੀਆਂ, ਸਾਥੀਆਂ ਨੂੰ ਨਵੇਂ ਸੰਦਰਭ ਵਿਚ ਪਛਾਣ ਸਕਦੇ ਹਾਂ।
ਪਿਘਲਣਾ ਬਹੁਤ ਹੀ ਸੰਭਾਵਤ, ਜਦ ਅਸੀਂ ਚਿਰ ਵਿਛੁੰਨੇ ਬਚਪਨੀ ਦੋਸਤ ਨੂੰ ਮੁੱਦਤਾਂ ਬਾਅਦ ਮਿਲਦੇ। ਬਚਪਨ ਦੇ ਪਿਆਰੇ ਪਲਾਂ ਨੂੰ ਸਾਂਝੇ ਕਰਦੇ ਹਾਂ। ਜਿਗਰੀ ਯਾਰ ਨੂੰ ਮਿਲਦੇ ਹਾਂ ਜਾਂ ਸਾਹਾਂ ਦੇ ਸਾਥੀ ਦੀ ਸੰਗਤ ਮਾਣਦੇ ਹਾਂ।
ਕਦੇ-ਕਦਾਈ ਨਵੇਂ ਵਿਆਹੇ ਜੋੜੇ ਨੂੰ ਇਕ ਦੂਜੇ ਵਿਚ ਪੰਘਰਦਿਆਂ ਤੱਕਣਾ। ਬਜੁਰਗ ਜੋੜੇ ਨੂੰ ਹੱਥਾਂ ਵਿਚ ਹੱਥ ਪਾਈ ਸੈਰ ਕਰਦਿਆਂ ਦੇਖਣਾ ਜਾਂ ਇਕ ਦੂਜੇ ਨਾਲ ਸਿਮਟੇ ਪ੍ਰੇਮੀਆਂ ਨੂੰ ਪੂਰਨ ਰੂਪ ਵਿਚ ਪਿਘਲਦਿਆਂ ਅਤੇ ਪੂਰਨ ਰੂਪ ਪਿਘਲ ਚੁੱਕਿਆਂ ਨੂੰ ਵਾਚਣਾ। ਪਤਾ ਲੱਗੇਗਾ ਕਿ ਪਿਘਲਣ ਦੇ ਕੀ ਅਰਥ ਹੁੰਦੇ? ਇਸ ਦੇ ਅਰਥਾਂ ‘ਚੋਂ ਕਿਵੇਂ ਅੰਤਰੀਵੀ ਤੇ ਅਗੰਮੀ ਤਵਾਰੀਖ ਸਿਰਜੀ ਜਾ ਸਕਦੀ?
ਜਦ ਕਿਸੇ ਕਲਮ ਦੀ ਨੋਕ ਵਿਚ ਮਜ਼ਲੂਮਾਂ ਦੀਆਂ ਹੂਕਾਂ, ਹਿੱਚਕੀਆਂ, ਹੇਕਾਂ, ਹੰਝੂ, ਹਾਵੇ ਅਤੇ ਹੌਕੇ ਪਿਘਲਦੇ ਨੇ ਤਾਂ ਇਸ ਵਿਚੋਂ ਉਗਣ ਵਾਲੀ ਲਿਖਤ ਨੇ ਆਉਣ ਵਾਲੀਆਂ ਨਸਲਾਂ ਦੀਆਂ ਅੱਖਾਂ ਵਿਚ ਬੀਤੇ ਸਮੇਂ ਨੂੰ ਉਕਰਨਾ ਹੁੰਦਾ ਅਤੇ ਇਸ ਵਿਚੋਂ ਹੀ ਨਵੀਆਂ ਰਾਹਾਂ, ਤਦਬੀਰਾਂ ਅਤੇ ਤਕਦੀਰਾਂ ਜਨਮ ਲੈਂਦੀਆਂ।
ਜਦੋਂ ਸੋਚ ਵਿਚ ਸੰਵੇਦਨਾ, ਸੁਚੇਤਨਾ, ਸੁਹਿਰਦਤਾ ਅਤੇ ਸੰਜੀਦਗੀ ਪਿਘਲਦੀ ਤਾਂ ਇਨਸਾਨੀਅਤ ਦੀ ਕੁੱਖ ਗਰਭਦੀ। ਇਸ ਵਿਚੋਂ ਹੀ ਉਨ੍ਹਾਂ ਨਾਂਵਾਂ, ਥਾਂਵਾਂ, ਗਰਾਵਾਂ ਨੂੰ ਨਵੀਂ ਪਛਾਣ ਤੇ ਪ੍ਰਤੀਤ ਮਿਲਦੀ।
ਪਿਘਲਣਾ ਲਈ ਤਾਂ ਜਰੂਰੀ ਹੁੰਦੀ ਏ ਰੂਹਾਂ ਦੀ ਇਕਮਿਕਤਾ। ਆਪਣੀ ਰੂਹ-ਰੇਜ਼ਤਾ ਵਿਚੋਂ ਦੂਸਰੀ ਦੀ ਰੂਹ-ਰਾਗਣੀ ਨੂੰ ਸੁਣਨਾ। ਰੂਹ ਦੇ ਰੰਗਾਂ ਵਿਚ ਰੰਗੇ ਜਾਣਾ ਅਤੇ ਰੂਹ ਤੋਂ ਰੂਹ ਤੀਕ ਦੇ ਸਫਰ ਵਿਚੋਂ ਉਨ੍ਹਾਂ ਰਾਹਾਂ ‘ਤੇ ਪੈਰ ਚਿੰਨ ਉਕਰਨੇ, ਜਿਨ੍ਹਾਂ ਨੇ ਸੰੁਦਰਤਾ ਅਤੇ ਸਹੁੱਪਣ ਵਿਚੋਂ ਸਭਿਅਤਾ ਤੇ ਸਭਿਆਚਾਰ ਨੂੰ ਪਰਿਭਾਸ਼ਤ ਕਰਨਾ ਹੁੰਦਾ।
ਮਹਾਨ ਲੋਕ ਸਿਰਫ ਇਸ ਲਈ ਹੀ ਮਹਾਨ ਹੁੰਦੇ, ਕਿਉਂਕਿ ਉਹ ਕੋਮਲ-ਭਾਵੀ ਅਤੇ ਨਰਮ-ਦਿਲ ਹੁੰਦੇ। ਬਹੁਤ ਜਲਦੀ ਪਿਘਲ ਜਾਂਦੇ, ਜਦ ਉਹ ਕਿਸੇ ਕਿਤਾਬ ਦਾ ਸੂਖਮਤਾ ਭਰਪੂਰ ਕਾਂਡ ਪੜ੍ਹਦੇ। ਫਿਲਮ ਦਾ ਭਾਵੁਕ ਸੀਨ ਦੇਖਦੇ ਜਾਂ ਕੋਈ ਦੁਰਘਟਨਾ ਗ੍ਰਸਤ ਵਿਅਕਤੀ ਨਜ਼ਰ ਆਉਂਦਾ। ਉਨ੍ਹਾਂ ਦੀ ਪਿਘਲਣ ਵਿਚੋਂ ਹੀ ਉਨ੍ਹਾਂ ਦੀ ਮਹਾਨਤਾ ਪ੍ਰਤੱਖ ਨਜ਼ਰ ਆਉਂਦੀ। ਮਸ਼ਹੂਰ ਲੋਕ ਬਹੁਤ ਘੱਟ ਪਸੀਜਦੇ। ਦਾਨੀ ਤੇ ਹਮਦਰਦ ਲੋਕ, ਮਨ ਦੇ ਪਿਘਲਣ ਕਾਰਨ ਹੀ ਲੋਕ-ਸੇਵਾ ਨੂੰ ਸਮਰਪਿਤ। ਮਦਰ ਟਰੇਸਾ ਜਾਂ ਪੂਰਨ ਸਿੰਘ ਪਿੰਗਲਵਾੜਾ ਤਾਂ ਪਿਘਲੇ ਹੋਏ ਮਨਾਂ ਦੀ ਤੱਪਤੇਜ਼ੀ ਤਵਾਰੀਖ।
ਪਿਘਲਣਾ ਬਹੁਤ ਜਰੂਰੀ ਹੁੰਦਾ ਹੈ
ਕਿਉਂਕਿ ਜਦ ਜਜ਼ਬਾਤ ਯੱਖ ਹੁੰਦੇ ਤਾਂ
ਜੀਵਨ-ਗਤੀ ਦੇ ਰੁਕਣ ਦਾ ਖਦਸ਼ਾ
ਤੇ ਪਲ ਹੋ ਜਾਂਦੇ ਬਰਫ
ਸਾਹ-ਸੰਗੀਤ ਬਣ ਜਾਂਦਾ ਮਾਤਮੀ-ਧੁੰਨ।
ਇਸ ਲਈ ਪਿਘਲਣਾ ਬਹੁਤ ਜਰੂਰੀ ਹੈ
ਸਾਹਾਂ ‘ਚ, ਸੁਗੰਧੀ ‘ਚ
ਸਬੰਧਾਂ ‘ਚ, ਸਲਾਹਾਂ ‘ਚ,
ਸੁਪਨਿਆਂ ‘ਚ ਤੇ ਸਾਥ ‘ਚ।
ਪਿਘਲਣ ਨਾਲ ਇਕਸੁਰ ਹੋ ਜਾਂਦੀ ਹੈ
ਸਾਹ-ਸੰਗੀਤਕਤਾ
ਕਦਮਾਂ ਵਿਚ ਉਪਜਦਾ ਤਾਲ
ਮਸਤਕ ਵਿਚ ਉਗਦਾ ਖਿਆਲ
ਦਿਸਹੱਦਿਆਂ ਵਿਚ ਉਘੜਦਾ ਜਲਾਲ
ਤੇ ਜੀਵਨ ਤੋਰ ਨੂੰ ਮਿਲਦਾ ਹੈ ਮਲਾਲ
ਪਿਘਲਣਾ ਬਹੁਤ ਹੀ ਜਰੂਰੀ ਹੈ
ਆਪਣਿਆਂ ਵਿਚ
ਅਰਦਾਸ ਵਿਚ
ਅਗੰਮਤਾ ਵਿਚ
ਅਲਹਾਮਤਾ ਵਿਚ
ਅਤੇ ਅੰਤਰੀਵਤਾ ਵਿਚ
ਪਿਘਲਣ ਤੋਂ ਬਗੈਰ ਲੋਕ
ਹੱਠਧਰਮੀ, ਹੋਛੇ,
ਹਰਾਮੀ ਤੇ ਹੰਕਾਰੀ ਹੁੰਦੇ।
ਇਸ ਲਈ ਪਿਘਲਣਾ ਬਹੁਤ ਜਰੂਰੀ ਹੈ
ਪਿਆਰ ਵਿਚ, ਪਹਿਲ ਵਿਚ
ਪ੍ਰਗਤੀ ਵਿਚ ਅਤੇ ਪ੍ਰਸੰਨਤਾ ਵਿਚ
ਪਿਘਲਣਾ ਬਹੁਤ ਹੀ ਜਰੂਰੀ ਹੈ।
ਜਦ ਇਕ ਅੱਥਰੂ ਪਿਘਲਦਾ ਤਾਂ ਇਹ ਸਮੁੰਦਰ ਹੋ ਜਾਂਦਾ। ਇਹ ਸਮੁੰਦਰ ਤਹਿਸ਼-ਨਹਿਸ਼ ਕਰ ਦਿੰਦਾ ਕੂੜ-ਕੁਸੱਤ, ਕਪਟ, ਕਮੀਨਗੀ ਅਤੇ ਕਰਤੂਤਾਂ ਨੂੰ। ਅੱਥਰੂ ਨੂੰ ਕਦੇ ਵੀ ਪਿਘਲਣ ਦੇ ਰਾਹ ਨਾ ਤੋਰੋ।
ਪਿਘਲਣ ਨਾਲ ਹੀ ਭਰ ਜਾਂਦੀਆਂ ਨੇ ਜਿੰ਼ਦਗੀ ਦੀਆਂ ਖਾਲੀ ਥਾਂਵਾਂ, ਜੋ ਆਪਣਿਆਂ ਦੀ ਬੇਰੁਖੀ, ਬੇਗਾਨਗੀ, ਬੇਰਹਿਮੀ, ਬਦਨੀਤੀ, ਬੁਖਲਾਹਟ, ਬੇਹੂਦਗੀ, ਬੇਪ੍ਰਤੀਤੀ ਜਾਂ ਬਦਲਾਖੋਰੀ ਕਾਰਨ ਮਨਾਂ ਵਿਚ ਪੈਦਾ ਹੁੰਦੀਆਂ। ਜਰੂਰੀ ਹੈ ਕਿ ਪਿਘਲਦੇ ਰਹੀਏ ਤਾਂ ਕਿ ਤਰੇੜਾਂ ਭਰਦੀਆਂ ਰਹਿਣ ਅਤੇ ਮਨ ਵਿਚ ਸੰਪੂਰਨਤਾ ਤੇ ਭਰਪੂਰਤਾ ਦਾ ਅਹਿਸਾਸ ਪੈਦਾ ਹੁੰਦਾ ਰਹੇ।
ਜਦ ਕੋਈ ਕਿਸੇ ਦੇ ਨੈਣਾਂ ਵਿਚ ਪਿਘਲਦਾ, ਉਸ ਦੇ ਬੋਲਾਂ ਵਿਚ ਘੁਲ ਜਾਂਦਾ, ਉਸ ਦੀਆਂ ਸੋਚਾਂ ਵਿਚ ਪਸੀਜ ਜਾਂਦਾ, ਉਸ ਦੇ ਸੁਪਨਿਆਂ ਵਿਚ ਸੁਪਨਾ ਬਣ ਜਾਂਦਾ, ਕਿਸੇ ਦੀਆਂ ਭਾਵਨਾਵਾਂ ਵਿਚ ਵਹਿ ਜਾਂਦਾ ਜਾਂ ਕਿਸੇ ਦੇ ਸਾਹਾਂ ਦੀ ਸੁਗੰਧ ਬਣ ਜਾਂਦਾ ਤਾਂ ਪਿੱਘਲਣ ਨੂੰ ਆਪਣੀ ਅਭੇਦਤਾ, ਅਸੀਮਤਾ, ਅੰਤਰੀਵਤਾ ਅਤੇ ਅੰਤਰਯਾਮਤਾ `ਤੇ ਨਾਜ਼ ਹੁੰਦਾ। ਅਜਿਹਾ ਪਿਘਲਾਅ ਵਿਰਲਿਆਂ ਦਾ ਨਸੀਬ, ਜਦ ਕੋਈ ਸਮੁੱਚ ਵਿਚ ਇਕ-ਦੂਜੇ ਵਿਚ ਪਿਘਲਦੇ।
ਪਿਆਰ ਵਿਚ ਪਿਘਲੇ ਹੋਏ ਲੋਕ ਹੀ ਉਚ ਦਰਜੇ ਦੇ ਕਵੀ, ਲੇਖਕ, ਕਲਾਕਾਰ ਤੇ ਪੇਂਟਰ ਬਣਦੇ। ਉਹ ਲੋਕ-ਮਨਾਂ ਦੀ ਆਵਾਜ਼ ਹੁੰਦੇ ਅਤੇ ਉਨ੍ਹਾਂ ਦਾ ਬਸੇਰਾ ਲੋਕ-ਚੇਤਿਆਂ ਵਿਚ ਹੁੰਦਾ।
ਪਿਘਲਣ ਨਾਲ ਹੀ ਮਾਯੂਸੀ ਤੋਂ ਮੁਸਕਰਾਹਟ, ਮਾਤਮ ਤੋਂ ਮਦਹੋਸ਼ੀ, ਮੰਗਣ ਤੋਂ ਮੰਨਤ ਅਤੇ ਮੋਹਭੰਗਤਾ ਤੋਂ ਮੋਹਵੰਤਾ ਤੀਕ ਦੇ ਸਫਰ ਨੂੰ ਹੱਲਾਸ਼ੇਰੀ ਮਿਲਦੀ।
ਦਿਲ ਪਿਘਲਦੇ ਤਾਂ ਦਿਲਾਂ ਨਾਲ ਦਿਲ ਵਟਾਏ ਜਾਂਦੇ। ਦਿਲਦਾਰੀਆਂ ਅਤੇ ਦਰਿਆ-ਦਿਲੀ ਨੂੰ ਰਵਾਨੀ ਮਿਲਦੀ। ਦੱਕਸ਼ਣਾ ਅਤੇ ਦਰਵੇਸ਼ੀ ਨੂੰ ਫਕੀਰੀ ਮਿਲਦੀ। ਦਰਦਮੰਦਾਂ ਦੀਆਂ ਆਹੀਂ ਬਣਦੇ ਅਤੇ ਦੁੱਖਾਂ ਦੇ ਚਸ਼ਮਿਆਂ ਨੂੰ ਰਾਹਤ ਮਿਲਦੀ।
ਪਿਆਰਨਾ ਤੇ ਦੁਲਾਰਨਾ, ਪਿਘਲਣ ਵਿਚੋਂ ਹੀ ਪੈਦਾ ਹੁੰਦਾ। ਇਹ ਪਿਘਲੇ ਹੋਏ ਦਿਲਾਂ ਦੀ ਦਾਸਤਾਨ ਹੀ ਹੁੰਦੀ, ਜਦ ਕੋਈ ਵਿਛੋੜੇ ਵਿਚ ਰੋਂਦਾ ਤਾਂ ਅੱਖਾਂ ਦੀ ਛਮ-ਛਮ ਵਿਚ, ਕਣੀਆਂ ਦੀ ਰਿਮਝਿਮ ਵੀ ਸਾਥ ਨਿਭਾਉਂਦੀ।
ਸਭ ਤੋਂ ਪ੍ਰਮੁੱਖ ਹੁੰਦਾ ਏ ਰੂਹ ਦਾ ਰੂਹ ਵਿਚ ਪਿਘਲਣਾ। ਫਿਰ ਦੁਨੀਆਂ ਹੋਰ ਵੀ ਹੁਸੀਨ ਅਤੇ ਸੁੰਦਰ ਹੋ ਜਾਂਦੀ। ਜਿ਼ੰਦਗੀ ਜਿਊਣ ਅਤੇ ਇਸ ਦੀ ਰੂਹਦਾਰੀ ਨੂੰ ਮਾਣਨ ਦੀ ਤਮੰਨਾ ਮਨ ਵਿਚ ਤਾਰੀ ਹੁੰਦੀ। ਅਜਿਹੀ ਤਾਰੀ ਹਰ ਰੂਹ ਦੀ ਰਾਗਣੀ ਬਣੀ ਰਹੇ।