ਬਿਜਲੀ ਸੰਕਟ ਤੇ ਤੇਲ ਕੀਮਤਾਂ ਨੇ ਪੰਜਾਬ ਦਾ ਸਿਆਸੀ ਪਾਰਾ ਚਾੜ੍ਹਿਆ

ਚੰਡੀਗੜ੍ਹ: ਬਿਜਲੀ ਸੰਕਟ ਤੇ ਤੇਲ ਕੀਮਤਾਂ ਨੇ ਪੰਜਾਬ ਸਿਆਸੀ ਪਾਰਾ ਸਿਖਰਾਂ ਉਤੇ ਚਾੜ੍ਹ ਦਿੱਤਾ ਹੈ। ਵਿਰੋਧੀ ਧਿਰਾਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਵੀ ਸਰਕਾਰ ਦੀ ਘੇਰਾਬੰਦੀ ਲਈ ਨਿੱਤਰ ਆਈਆਂ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਡੀਜਲ-ਪੈਟਰੋਲ ਦੇ ਅਸਮਾਨੀਂ ਚੜ੍ਹੇ ਰੇਟ ਘਟਾਉਣ, ਖੇਤੀ ਤੇ ਘਰੇਲੂ ਪੂਰੀ ਬਿਜਲੀ ਸਪਲਾਈ ਨਿਰਵਿਘਨ ਯਕੀਨੀ ਬਣਾਉਣ ਅਤੇ ਨਹਿਰੀ ਪਾਣੀ ਧੁਰ ਟੇਲਾਂ ਤੱਕ ਪੂਰਾ ਪਹੁੰਚਾਉਣ ਦੇ ਭਖਦੇ ਮਸਲਿਆਂ ਨੂੰ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ।

ਉਧਰ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਦੇ ਬਿਜਲੀ ਸੰਕਟ ਖਿਲਾਫ ਸੂਬੇ ਭਰ ਵਿਚ ਪਾਵਰਕੌਮ ਦਫਤਰਾਂ ਮੂਹਰੇ ਧਰਨੇ ਦਿੱਤੇ ਗਏ। ਇਸ ਦੌਰਾਨ ਕਿਸਾਨਾਂ, ਘਰੇਲੂ ਬਿਜਲੀ ਖਪਤਕਾਰਾਂ ਤੇ ਸਨਅਤੀ ਖੇਤਰ ਦੀਆਂ ਮੁਸ਼ਕਲਾਂ ਉਜਾਗਰ ਕੀਤੀਆਂ ਗਈਆਂ। ਇਸ ਮੌਕੇ ਦੋਸ਼ ਲਗਾਇਆ ਗਿਆ ਕਿ ਜਾਣ-ਬੁੱਝ ਕੇ ਅੱਠ ਘੰਟੇ ਬਿਜਲੀ ਨਾ ਦਿੱਤੇ ਜਾਣ ਕਾਰਨ ਕਿਸਾਨ, ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਬਿਜਲੀ ਦੇ ਅਣਐਲਾਨੇ ਲੰਬੇ ਕੱਟਾਂ ਕਾਰਨ ਆਮ ਖਪਤਕਾਰ ਅਤੇ ਹਫਤੇ ਵਿਚ ਦੋ ਦਿਨ ਇੰਡਸਟਰੀ ਬੰਦ ਰੱਖਣ ਦੇ ਹੁਕਮਾਂ ਤੋਂ ਸਨਅਤਕਾਰ ਪਰੇਸ਼ਾਨ ਹਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਝੋਨਾ ਉਤਪਾਦਕ ਕਿਸਾਨ ਜੋ ਡੀਜ਼ਲ ਫੂਕ ਕੇ ਜੈਨਰੇਟਰਾਂ ਦੀ ਵਰਤੋਂ ਕਰ ਕੇ ਝੋਨਾ ਪਾਲਣ ਲਈ ਮਜਬੂਰ ਹਨ, ਲਈ ਵਿੱਤੀ ਰਾਹਤ ਪੈਕੇਜ ਦਾ ਐਲਾਨ ਕਰੇ ਅਤੇ ਡੀਜ਼ਲ ‘ਤੇ ਵੈਟ ਵੀ ਘਟਾਇਆ ਜਾਵੇ। ਪਾਰਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੇ ਨਾਲ ਘਰੇਲੂ ਖਪਤਕਾਰਾਂ ਤੇ ਇੰਡਸਟਰੀ ਲਈ ਲੋੜੀਂਦੀ ਬਿਜਲੀ ਸਪਲਾਈ ਬਹਾਲ ਕਰਨ ਸਮੇਤ ਹੋਰ ਕਦਮ ਨਾ ਉਠਾਏ ਗਏ ਤਾਂ ਸੰਘਰਸ਼ ਦੇ ਅਗਲੇ ਪੜਾਅ ਤਹਿਤ ਮੁੱਖ ਮੰਤਰੀ ਤੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੰਬੀ, ਫਾਜ਼ਿਲਕਾ ਤੇ ਘੁਬਾਇਆ ਵਿਚ ਰੋਸ ਧਰਨਿਆਂ ‘ਚ ਸ਼ਾਮਲ ਹੋਏ ਜਿੱਥੇ ਉਨ੍ਹਾਂ ਲੋਕਾਂ ਦੀ ਇਸ ਦੁਰਦਸ਼ਾ ਲਈ ਸਿੱਧੇ ਤੌਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਬਿਜਲੀ ਸਬੰਧੀ ਹਾਲਾਤ ਦਾ ਜਾਇਜ਼ਾ ਲੈਣ ਅਤੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਢੁਕਵੀਂ ਬਿਜਲੀ ਸਪਲਾਈ ਯਕੀਨੀ ਬਣਾਉਣ ਵਾਸਤੇ ਇਕ ਵੀ ਸਮੀਖਿਆ ਮੀਟਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਜਾਣ-ਬੁੱਝ ਕੇ ਕੀਤਾ ਗਿਆ ਹੈ ਤਾਂ ਜੋ ਸਬਸਿਡੀ ਬਿੱਲ ਘੱਟ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਨਹੀਂ ਦੇਣਾ ਚਾਹੁੰਦੀ, ਇਸੇ ਕਰ ਕੇ ਉਸ ਵੇਲੇ ਬਿਜਲੀ ਨਹੀਂ ਦਿੱਤੀ ਜਾਂਦੀ ਜਦੋਂ ਇਸ ਦੀ ਜ਼ਰੂਰਤ ਹੁੰਦੀ ਹੈ।
_____________________________________
ਸੰਕਟ ਲਈ ਬਾਦਲ ਤੇ ਕੈਪਟਨ ਦੋਵੇਂ ਜ਼ਿੰਮੇਵਾਰ: ਭਗਵੰਤ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਸੰਕਟ ਪੈਦਾ ਕਰਨ ਅਤੇ ਲੋਕਾਂ ਦੇ ਹੱਕ ਖੋਹਣ ਲਈ ਬਾਦਲ ਅਤੇ ਕੈਪਟਨ ਦੋਵੇਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਸਾਰ ਲੈਣ ਲਈ ਪੰਜਾਬ ਵਿਚ ਕਦੇ ਨਹੀਂ ਗਿਆ। ‘ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਹਰ ਵਰਗ ਦੇ ਲੋਕ ਸੜਕਾਂ ਉਤੇ ਉਤਰ ਆਏ ਹਨ। ਪੰਜਾਬ ਵਿਚ ‘ਆਪ` ਦੀ ਸਰਕਾਰ ਬਣਨ ਮਗਰੋਂ ਅਰਵਿੰਦ ਕੇਜਰੀਵਾਲ ਵੱਲੋਂ ਬਿਜਲੀ ਸਬੰਧੀ 300 ਯੂਨਿਟ ਮੁਆਫ ਕਰਨ ਵਾਲਾ ਕੀਤਾ ਗਿਆ ਵਾਅਦਾ ਸਭ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ।`
________________________________________
ਕੈਪਟਨ ਸਾਢੇ ਚਾਰ ਸਾਲ ਸੁੱਤਾ ਰਿਹਾ: ਸੁਖਬੀਰ
ਲੰਬੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਬਿਜਲੀ ਮੰਤਰੀ-ਕਮ-ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲ ਸੁੱਤੇ ਰਹਿਣ ਕਰਕੇ ਪੰਜਾਬ ਬਿਜਲੀ ਸੰਕਟ ਪੈਦਾ ਹੋਇਆ ਹੈ। ਸ੍ਰੀ ਬਾਦਲ ਲੰਬੀ ਵਿਖੇ ਬਿਜਲੀ ਕੱਟਾਂ ਖਿਲਾਫ ਸੂਬਾ ਪੱਧਰੀ ਸੱਦੇ ਤਹਿਤ ਪਾਵਰਕਾਮ ਦਫਤਰ ਮੂਹਰੇ ਅਕਾਲੀ ਦਲ ਹਲਕਾ ਲੰਬੀ ਦੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਆਬਾਦੀ ਵਧਣ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਹਰ ਸਾਲ ਵਧਦੀ ਹੈ। ਅਕਾਲੀ ਸਰਕਾਰ ਸਮੇਂ ਸਾਢੇ 12 ਹਜ਼ਾਰ ਮੈਗਵਾਟ ਦੀ ਮੰਗ ਸੀ, ਹੁਣ ਸਾਢੇ 14 ਹਜ਼ਾਰ ਮੈਗਵਾਟ ਦੀ ਜ਼ਰੂਰਤ ਹੈ ਪਰ ਅਮਰਿੰਦਰ ਸਿੰਘ ਚਾਰ ਸਾਲ ਸੁੱਤਾ ਰਿਹਾ।