ਪਿੰਡਾਂ ‘ਚ ਸਿਆਸੀ ਆਗੂਆਂ ਦੇ ਦਾਖਲੇ ‘ਤੇ ਪਾਬੰਦੀ ਲਈ ਮਤੇ ਪਾਸ ਹੋਣ ਲੱਗੇ

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਸੂਬੇ ਵਿਚ ਜਿਥੇ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ, ਉਥੇ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਖਿਲਾਫ ਵੀ ਲਾਮਬੰਦੀ ਹੋਣ ਲੱਗੀ ਹੈ। ਕਿਸਾਨ ਇਸ ਗੱਲੋਂ ਖਫਾ ਹਨ ਕਿ ਉਹ ਤਾਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਅਤੇ ਪੰਜਾਬ ਵਿਚ ਸੰਘਰਸ਼ੀ ਮੋਰਚਿਆਂ ‘ਤੇ ਡਟੇ ਹੋਏ ਹਨ ਪਰ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪਾਪੜ ਵੇਲੇ ਜਾ ਰਹੇ ਹਨ। ਪਿੰਡਾਂ ਵਿਚ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਵੱਲੋਂ ਸਿਆਸੀ ਆਗੂਆਂ ਦਾ ਦਾਖਲਾ ਬੰਦ ਕਰਨ ਲਈ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਹਨ।

ਸੰਗਰੂਰ ਦੀ ਸਬ ਡਵੀਜ਼ਨ ਧੂਰੀ ਅਧੀਨ ਪੈਂਦੇ ਪਿੰਡ ਭੁੱਲਰਹੇੜੀ ਵਿਚ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਪਸੀ ਸਹਿਮਤੀ ਨਾਲ ਗੁਰਦੁਆਰੇ ਸਾਹਿਬ ਇਕੱਠੇ ਹੋ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਪਿੰਡ ਵਿਚ ਦਾਖਲੇ ‘ਤੇ ਪਾਬੰਦੀ ਦਾ ਮਤਾ ਪਾਸ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਜਾਰੀ ਰਹੇਗਾ, ਉਦੋਂ ਤੱਕ ਕੋਈ ਵੀ ਸਿਆਸੀ ਆਗੂ ਪਿੰਡ ਵਿਚ ਦਾਖਲ ਨਹੀਂ ਹੋ ਸਕੇਗਾ। ਕਿਸੇ ਵੀ ਗਮੀ ਜਾਂ ਖੁਸ਼ੀ ਦੇ ਸਮਾਗਮ ਵਿਚ ਕੋਈ ਸਿਆਸੀ ਆਗੂ ਸ਼ਾਮਲ ਨਹੀਂ ਹੋ ਸਕੇਗਾ। ਮਤੇ ਵਿਚ ਇਹ ਵੀ ਲਿਖਿਆ ਗਿਆ ਕਿ ਪਿੰਡ ਦਾ ਕੋਈ ਵੀ ਪਰਿਵਾਰ ਸਿਆਸੀ ਆਗੂਆਂ ਨੂੰ ਨਹੀਂ ਬੁਲਾਵੇਗਾ ਅਤੇ ਜੇਕਰ ਕਿਸਾਨਾਂ ਦੇ ਰੋਕਣ ਦੇ ਬਾਵਜੂਦ ਕੋਈ ਸਿਆਸੀ ਆਗੂ ਪਿੰਡ ਵਿਚ ਜਾਂ ਕਿਸੇ ਘਰ ਆਇਆ ਤਾਂ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਿੰਡ ਵਾਸੀ ਸਿਆਸੀ ਆਗੂ ਨੂੰ ਬੁਲਾਏਗਾ ਤਾਂ ਉਸ ਦਾ ਵੀ ਵਿਰੋਧ ਕੀਤਾ ਜਾਵੇਗਾ। ਸਿਆਸੀ ਆਗੂਆਂ ਦਾ ਪਿੰਡ ਵਿਚ ਦਾਖਲਾ ਬੰਦ ਕਰਨ ਬਾਰੇ ਪਾਸ ਕੀਤੇ ਮਤੇ ਦੀ ਪੁਸ਼ਟੀ ਭਾਕਿਯੂ ਰਾਜੇਵਾਲ ਦੇ ਇਕਾਈ ਪ੍ਰਧਾਨ ਜਸਦੇਵ ਸਿੰਘ ਅਤੇ ਗੰਨਾ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ ਨੇ ਕੀਤੀ ਹੈ।
ਉਧਰ, ਗੜ੍ਹਸ਼ੰਕਰ ਦੇ ਨੀਮ ਪਹਾੜੀ ਪਿੰਡ ਬੀਣੇਵਾਲ ਵਿਚ ਉਦੋਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਆਗੂਆਂ ਦਾ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਤੇ ਕਿਸਾਨਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ। ਪੁਲਿਸ ਨੇ ਬੜੀ ਜੱਦੋ-ਜਹਿਦ ਕਰਕੇ ਭਾਜਪਾ ਆਗੂਆਂ ਨੂੰ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ।
ਜਾਣਕਾਰੀ ਅਨੁਸਾਰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਆਗੂ ਨੀਮ ਪਹਾੜੀ ਪਿੰਡ ਬੀਣੇਵਾਲ ਵਿਚ ਸਥਿਤ ਧਾਰਮਿਕ ਅਸਥਾਨ ‘ਤੇ ਰੁਕੇ ਸਨ। ਕਿਸਾਨਾਂ ਨੂੰ ਜਿਉਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਇਕੱਠੇ ਹੋਏ ਕਿਸਾਨਾਂ ਨੇ ਭਾਜਪਾ ਆਗੂਆਂ ਦੀ ਉਕਤ ਧਾਰਮਿਕ ਕੁਟੀਆ ਵਿਚੋਂ ਨਿਕਲਣ ਸਮੇਂ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
____________________________________________________
ਕੇਂਦਰ ਸਰਕਾਰ ਗੱਲਬਾਤ ਲਈ ਸ਼ਰਤਾਂ ਨਾ ਰੱਖੇ: ਟਿਕੈਤ
ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਜੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਖਾਹਿਸ਼ਮੰਦ ਹੈ ਤਾਂ ਇਸ ਲਈ ਸ਼ਰਤਾਂ ਨਾ ਰੱਖੇ। ਟਿਕੈਤ ਨੇ ਰੋਹਤਕ ਵਿਚ ਕਿਹਾ, ‘’ਅਸੀਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਸਰਕਾਰ ਚਾਹੇ, ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਇਹ ਸਮਝ ਨਹੀਂ ਆਉਂਦੀ ਕਿ ਉਹ ਖੇਤੀ ਕਾਨੂੰਨ ਵਾਪਸ ਨਾ ਲਏ ਜਾਣ ਦੀਆਂ ਸ਼ਰਤਾਂ ਕਿਉਂ ਰੱਖ ਰਹੀ ਹੈ।“ ਟਿਕੈਤ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਦਬਾਅ ਅਧੀਨ ਕੰਮ ਕਰ ਰਹੀ ਹੈ। ਕਿਸਾਨ ਆਗੂ ਨੇ ਰੋਹਤਕ ਵਿਚ ਮਹਿਲਾ ਕਾਰਕੁਨਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਵਿੱਢੇ ‘ਗੁਲਾਬੀ ਧਰਨੇ` ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਜੀਂਦ ਜਿਲ੍ਹੇ ਦੇ ਉਚਾਨਾ ਵਿਚ ਹੋਈ ਕਿਸਾਨ ਮਹਾਪੰਚਾਇਤ ਦੌਰਾਨ ਅਗਾਮੀ ਪੰਚਾਇਤ ਚੋਣਾਂ ਵਿਚ ਭਾਜਪਾ-ਜੇ.ਜੇ.ਪੀ. ਦੀ ਹਮਾਇਤ ਵਾਲੇ ਉਮੀਦਵਾਰਾਂ ਦੇ ਬਾਈਕਾਟ ਸਮੇਤ ਨੌਂ ਮਤੇ ਪਾਸ ਕੀਤੇ ਗਏ।
____________________________________________
ਕਿਸਾਨ ਅੰਦੋਲਨ ਮਾਨਵਤਾ ਦੀ ਹੋਂਦ ਦੀ ਲੜਾਈ: ਚੜੂਨੀ
ਮੁਹਾਲੀ: ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਇਥੇ ਸੋਹਾਣਾ ਤੋਂ ਦਿੱਲੀ ਲਈ ਕਿਸਾਨ ਕਾਰ ਰੈਲੀ ਨੂੰ ਰਵਾਨਾ ਕਰਨ ਮੌਕੇ ਕਿਹਾ ਕਿ ਕਿਸਾਨ ਅੰਦੋਲਨ, ਮਾਨਵਤਾ ਦੀ ਹੋਂਦ ਦੀ ਲੜਾਈ ਹੈ, ਜੋ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਖਤਮ ਨਹੀਂ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਜਨ ਅੰਦੋਲਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ ਕਿਸਾਨਾਂ ਦੀ ਲੜਾਈ ਨਹੀਂ, ਸਗੋਂ ਧਰਮ ਯੁੱਧ ਹੈ। ਲਿਹਾਜ਼ਾ ਹਰੇਕ ਨਾਗਰਿਕ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਮੌਕੇ ਪੰਜਾਬੀ ਗਾਇਕ ਜੱਸ ਬਾਜਵਾ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਬੈਦਵਾਨ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਚੜੂਨੀ ਨੇ ਗੁਰਮੀਤ ਸਿੰਘ ਨੂੰ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਦਾ ਐਲਾਨ ਵੀ ਕੀਤਾ।