ਟਕਸਾਲੀ ਕਾਂਗਰਸੀਆਂ ਨੇ ਕੈਪਟਨ ਦੀਆਂ ਨਾਲਾਇਕੀਆਂ ‘ਤੇ ਚਾਨਣ ਪਾਇਆ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਸ਼ਹਿਰੀ ਖੇਤਰ ਦੇ ਟਕਸਾਲੀ ਕਾਂਗਰਸੀ ਨੇਤਾਵਾਂ ਨੇ ਖਰੀਆਂ ਖਰੀਆਂ ਸੁਣਾਈਆਂ ਹਨ। ਮੁੱਖ ਮੰਤਰੀ ਕੋਲ ਦੁਪਹਿਰ ਦੇ ਖਾਣੇ ‘ਤੇ ਪੁੱਜੇ ਇਨ੍ਹਾਂ ਆਗੂਆਂ ਨੇ ਖੁੱਲ੍ਹ ਕੇ ਭੜਾਸ ਕੱਢੀ। ਸ਼ਹਿਰੀ ਨੇਤਾਵਾਂ ਨੇ ਜਿੱਥੇ ਆਪੋ ਆਪਣੇ ਹਲਕੇ ਦੇ ਵਿਧਾਇਕਾਂ ਅਤੇ ਵਜ਼ੀਰਾਂ ਦੀਆਂ ਨਾਲਾਇਕੀਆਂ ਉਤੇ ਚਾਨਣ ਪਾਇਆ, ਉਥੇ ਇਹ ਸ਼ਿਕਵਾ ਵੀ ਕੀਤਾ ਕਿ ਸੂਬਾ ਸਰਕਾਰ ਨੇ ਟਕਸਾਲੀ ਆਗੂਆਂ ਨੂੰ ਸਵਾ ਚਾਰ ਸਾਲਾਂ ਤੋਂ ਖੂੰਜੇ ਲਾਈ ਰੱਖਿਆ। ਇਨ੍ਹਾਂ ਆਗੂਆਂ ਨੇ ਅਫ਼ਸਰਸ਼ਾਹੀ ਖਿਲਾਫ ਵੀ ਭੜਾਸ ਕੱਢੀ।

ਮੁੱਖ ਮੰਤਰੀ ਨੂੰ ਇਸ ਪਲੇਠੀ ਮੀਟਿੰਗ ‘ਚ ਚਾਨਣ ਹੋਇਆ ਕਿ ਸ਼ਹਿਰਾਂ ਦੇ ਆਗੂ ਕਿੰਨੇ ਭਰੇ ਪੀਤੇ ਬੈਠੇ ਸਨ। ਪੰਜਾਬ ਭਰ ‘ਚੋਂ ਦਰਜਨਾਂ ਸ਼ਹਿਰੀ ਆਗੂ, ਜਿਨ੍ਹਾਂ ਵਿਚ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਵੀ ਸ਼ਾਮਲ ਸਨ, ਇਸ ਮੀਟਿੰਗ ਵਿਚ ਪੁੱਜੇ ਹੋਏ ਸਨ। ਮੀਟਿੰਗ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ, ਮੰਤਰੀ ਬ੍ਰਹਮ ਮਹਿੰਦਰਾ, ਵਜ਼ੀਰ ਭਾਰਤ ਭੂਸ਼ਨ ਆਸ਼ੂ, ਸੁੰਦਰ ਸ਼ਾਮ ਅਰੋੜਾ, ਵਿਜੈਇੰਦਰ ਸਿੰਗਲਾ, ਮੰਤਰੀ ਓ.ਪੀ.ਸੋਨੀ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਸ਼ਾਮਲ ਸਨ।
ਦੁਪਹਿਰ ਦੀ ਦਾਅਵਤ ਦੌਰਾਨ ਏਜੰਡਾ ਇਹ ਰਿਹਾ ਕਿ ਆਉਂਦੇ ਚਾਰ ਮਹੀਨਿਆਂ ਵਿਚ ਸ਼ਹਿਰਾਂ ਦੇ ਵਿਕਾਸ ਲਈ ਕੀ ਕੀ ਕੀਤਾ ਜਾ ਸਕਦਾ ਹੈ। ਲੋਕਾਂ ਦੀਆਂ ਮੁਸ਼ਕਲਾਂ ਕਿਵੇਂ ਦੂਰ ਕਰਨੀਆਂ ਹਨ ਤਾਂ ਜੋ ਕਾਂਗਰਸੀ ਉਮੀਦਵਾਰਾਂ ਨੂੰ ਹਲਕਿਆਂ ਵਿਚ ਜਾਣ ਸਮੇਂ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਸ਼ੁਰੂ ਹੁੰਦੇ ਹੀ ਟਕਸਾਲੀ ਨੇਤਾਵਾਂ ਨੇ ਹੱਥ ਜੋੜ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਵਾ ਚਾਰ ਸਾਲਾਂ ਮਗਰੋਂ ਮੁਲਾਕਾਤ ਦਾ ਮੌਕਾ ਦਿੱਤਾ।
ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ ਨੇ ਖੁੱਲ੍ਹ ਕੇ ਕਿਹਾ ਕਿ ਹਲਕੇ ਅੰਦਰ ਉਨ੍ਹਾਂ ਦੀ ਕੋਈ ਸੁਣਵਾਈ ਤਾਂ ਕੀ ਹੋਣੀ ਸੀ ਬਲਕਿ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਸਾਫ ਆਖਿਆ ਕਿ ਇੱਥੇ ਬੰਦਿਆਂ ਦੀ ਪਰਖ ਨਹੀਂ। ਐਸ.ਐਸ.ਐਸ. ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਵਿਧਾਇਕਾਂ ਤੇ ਵਜ਼ੀਰਾਂ ਤੋਂ ਬਿਨਾਂ ਕਿਸੇ ਦੀ ਕੋਈ ਕਦਰ ਨਹੀਂ ਹੈ। ਮੋਗਾ ਤੋਂ ਕਾਂਗਰਸੀ ਆਗੂ ਮਾਲਤੀ ਥਾਪਰ ਨੇ ਕਿਹਾ ਕਿ ਸਰਕਾਰ ਅੰਦਰ ਟਕਸਾਲੀ ਆਗੂ ਨਜਰਅੰਦਾਜ ਹੋਏ ਹਨ ਜਦੋਂ ਕਿ ਪਲੈਨਿੰਗ ਬੋਰਡ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਨੇ ਜੈਤੋ ਵਿਚਲੀ ਜਵਾਹਰਲਾਲ ਨਹਿਰੂ ਦੀ ਯਾਦਗਾਰ ਦਾ ਮਸਲਾ ਚੁੱਕਿਆ ਅਤੇ ਹਲਕੇ ਦੀਆਂ ਮੰਗਾਂ ਤੋਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਬਠਿੰਡਾ ਤੋਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ .ਅਗਰਵਾਲ ਨੇ ਮੁੱਖ ਮੰਤਰੀ ਨੂੰ ਹਲਕੇ ‘ਚ ਚੱਲ ਰਹੇ ਵਿਕਾਸ ਕੰਮਾਂ ਤੋਂ ਜਾਣੂ ਕਰਾਇਆ। ਆੜ੍ਹਤੀਆ ਐਸੋੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਸਾਫ ਲਫਜ਼ਾਂ ਵਿਚ ਅਫ਼ਸਰਸ਼ਾਹੀ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਸਰਕਾਰੀ ਦਫਤਰਾਂ ਵਿਚ ਕੋਈ ਪੁੱਛ ਨਹੀਂ ਹੈ। ਮੁੱਖ ਮੰਤਰੀ ਨੇ ਠਰ੍ਹੰਮੇ ਨਾਲ ਸਭ ਨੂੰ ਸੁਣਿਆ ਤੇ ਅਖੀਰ ਵਿਚ ਭਰੋਸਾ ਦਿੱਤਾ ਕਿ ਸਭ ਸ਼ਿਕਾਇਤਾਂ ਦੂਰ ਹੋਣਗੀਆਂ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸਭ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਜਾਣਗੇ। ਉਨ੍ਹਾਂ ਆਗੂਆਂ ਨੂੰ ਹਦਾਇਤ ਕੀਤੀ ਕਿ ਉਹ ਮੈਦਾਨ ਵਿਚ ਡਟ ਜਾਣ ਤੇ ਅਧੂਰੇ ਕੰਮ ਪੂਰੇ ਕਰਾ ਲੈਣ। ਮੁੱਖ ਮੰਤਰੀ ਨੇ ਅਗਲੀਆਂ ਚੋੋਣਾਂ ਦੀ ਰਣਨੀਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
__________________________________
ਕਾਂਗਰਸ ਨੇ ਲੋਕਾਂ ਦੇ ਮਨ ਪੜ੍ਹਨ ਲਈ ਵਿੱਢੀ ਮੁਹਿੰਮ
ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਦਰਖਾਤੇ ਸਰਵੇਖਣ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਕਮਾਨ ਦੇ ਹੁਕਮਾਂ ਮਗਰੋਂ ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਸੂਤਰਾਂ ਅਨੁਸਾਰ ਮਾਲਵਾ ਖੇਤਰ ਦੇ ਫਿਰੋਜ਼ਪੁਰ ਦਿਹਾਤੀ, ਫਿਰੋਜ਼ਪੁਰ, ਜੀਰਾ ਸਮੇਤ ਕਈ ਖੇਤਰਾਂ ਵਿਚ ਪਾਰਟੀ ਦੀ ਸਥਿਤੀ ਅਤੇ ਸੰਭਾਵਿਤ ਉਮੀਦਵਾਰਾਂ ਸਬੰਧੀ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ। ਸਰਵੇਖਣ ਤਹਿਤ ਹੀ ਪਾਰਟੀ ਉਮੀਦਵਾਰ ਦੀ ਚੋਣ ਕਰੇਗੀ। ਫਿਰੋਜ਼ਪੁਰ ਦੀ ਵਿਧਾਇਕ ਸਤਕਾਰ ਕੌਰ ਦੀ ਸੀਟ ਉੱਤੇ ਕਈ ਕਾਂਗਰਸ ਆਗੂਆਂ ਦੀ ਨਜ਼ਰ ਹੈ ਪਰ ਇੱਥੇ ਬਦਲਾਅ ਵੀ ਸਰਵੇਖਣ ਰਿਪੋਰਟ ਉੱਤੇ ਹੀ ਆਧਾਰਿਤ ਹੋਵੇਗਾ। ਜੇਕਰ ਸਰਵੇਖਣ ਰਿਪੋਰਟ ਮੌਜੂਦਾ ਵਿਧਾਇਕ ਦੇ ਹੱਕ ਵਿਚ ਨਹੀਂ ਹੋਵੇਗੀ ਤਾਂ ਪਾਰਟੀ ਉਮੀਦਵਾਰ ਬਦਲਣ ਸਬੰਧੀ ਫੈਸਲਾ ਲੈਣ ਦਾ ਵਿਚਾਰ ਵੀ ਕਰੇਗੀ।