ਹੁਣ ਬਲਬੀਰ ਸਿੰਘ ‘ਤੇ ਵੀ ਫਿਲਮ ਬਣੇ

ਪ੍ਰਿੰæ ਸਰਵਣ ਸਿੰਘ
ਮਿਲਖਾ ਸਿੰਘ ‘ਤੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਦੀ ਗੁੱਡੀ ਖ਼ੂਬ ਚੜ੍ਹੀ ਹੈ। ਇਕ ਖਿਡਾਰੀ ਦੇ ਜੀਵਨ ਉਤੇ ਬਣੀ ਇਹ ਫਿਲਮ ਕਰੋੜਾਂ ਦਾ ਬਿਜਨਸ ਕਰ ਰਹੀ ਹੈ। ਲੱਗਦਾ ਹੈ ਹੁਣ ਹੋਰ ਖਿਡਾਰੀਆਂ ਬਾਰੇ ਵੀ ਫਿਲਮਾਂ ਬਣਨਗੀਆਂ। ਮਿਲਖਾ ਸਿੰਘ ਭਾਵੇਂ ਉਲੰਪਿਕ ਖੇਡਾਂ ਦਾ ਗੋਲਡ ਮੈਡਲ ਤਾਂ ਨਹੀਂ ਸੀ ਜਿੱਤ ਸਕਿਆ ਪਰ ਕਾਮਨਵੈਲਥ ਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲਾਂ ਨਾਲ ‘ਫਲਾਈਂਗ ਸਿੱਖ’ ਵਜੋਂ ਮਸ਼ਹੂਰ ਬਹੁਤ ਹੋ ਗਿਆ ਸੀ। ਉਸ ਦੀ ਪੰਜਾਬੀ ਵਿਚ ਛਪੀ ਸਵੈਜੀਵਨੀ ਦਾ ਨਾਂ ਵੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਰੱਖਿਆ ਗਿਆ ਸੀ। ਇਸ ਸਵੈਜੀਵਨੀ ਨੂੰ ਪੜ੍ਹ-ਸੁਣ ਕੇ ਹੀ ਰਾਕੇਸ਼ ਮਹਿਰਾ ਨੂੰ ਮਿਲਖਾ ਸਿੰਘ ਬਾਰੇ ਫਿਲਮ ਬਣਾਉਣ ਦਾ ਫੁਰਨਾ ਫੁਰਿਆ ਸੀ।
ਬਲਬੀਰ ਸਿੰਘ ਨੇ ਓਲੰਪਿਕ ਖੇਡਾਂ ‘ਚੋਂ ਤਿੰਨ ਗੋਲਡ ਮੈਡਲ ਜਿੱਤ ਕੇ ਗੋਲਡਨ ਹੈਟ ਟ੍ਰਿਕ ਮਾਰਿਆ ਸੀ। ਉਹਦੀ ਅੰਗਰੇਜ਼ੀ ਵਿਚ ਛਪੀ ਸਵੈਜੀਵਨੀ ਦਾ ਨਾਂ ਵੀ ‘ਦਾ ਗੋਲਡਨ ਹੈਟ ਟ੍ਰਿਕ’ ਰੱਖਿਆ ਗਿਆ। ਇਹ ਦੋਵੇਂ ਪੁਸਤਕਾਂ 70ਵਿਆਂ ‘ਚ ਪ੍ਰਕਾਸ਼ਤ ਹੋਈਆਂ ਸਨ। ਕਿਸੇ ਫਿਲਮ ਨਿਰਮਾਤਾ ਦੀ ਨਜ਼ਰ ‘ਗੋਲਡਨ ਹੈਟ ਟ੍ਰਿਕ’ ‘ਤੇ ਪੈ ਗਈ ਤਾਂ ਸੰਭਵ ਹੈ ਬਲਬੀਰ ਸਿੰਘ ਬਾਰੇ ਵੀ ਫਿਲਮ ਬਣ ਜਾਵੇ।
ਜਿਵੇਂ ਮਿਲਖਾ ਸਿੰਘ ਦੇਸ਼ ਦੀ ਵੰਡ ਵੇਲੇ ਮਸੀਂ ਬਚਿਆ ਸੀ, ਉਵੇਂ ਵੰਡ ਦੇ ਦਿਨੀਂ ਬਲਬੀਰ ਸਿੰਘ ਦੀ ਪਗੜੀ ਵਿਚ ਦੀ ਗੋਲੀ ਲੰਘ ਗਈ ਸੀ ਤੇ ਉਹ ਵੀ ਮਸੀਂ ਬਚਿਆ ਸੀ। ਫਿਲਮੀ ਨੁਕਤੇ ਤੋਂ ਬਹੁਤ ਕੁਝ ਸਨਸਨੀਖ਼ੇਜ਼ ਹੈ ਬਲਬੀਰ ਸਿੰਘ ਦੀ ਸਵੈਜੀਵਨੀ ਵਿਚ। ਉਸ ਦਾ ਜਨਮ 10 ਅਕਤੂਬਰ 1924 ਨੂੰ ਫਿਲੌਰ ਨੇੜੇ ਪਿੰਡ ਹਰੀਪੁਰ ਖਾਲਸਾ ਵਿਚ ਹੋਇਆ ਸੀ। ਉਹ ਮੋਗੇ, ਲਾਹੌਰ ਤੇ ਅੰਮ੍ਰਿਤਸਰ ਵਿਚ ਪੜ੍ਹਿਆ ਅਤੇ ਦੇਸ਼-ਵਿਦੇਸ਼ ਦੇ ਸੈਂਕੜੇ ਮੈਦਾਨਾਂ ਵਿਚ ਖੇਡਿਆ। ਉਸ ਦਾ ਇਸ਼ਕ ਲਾਹੌਰ ਨਾਲ ਜੁੜਿਆ ਜਿਥੇ ਉਹ ਵਿਆਹਿਆ ਗਿਆ। ਉਹ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਅੰਗਰੇਜ਼ੀ ਦੀ ਐਮæ ਏæ ਕਰ ਰਿਹਾ ਸੀ ਜਦੋਂ ਉਸ ਨੂੰ ਪੁਲਿਸ ਨੇ ਹੱਥਕੜੀ ਲਾ ਕੇ ਜਲੰਧਰ ਲਿਆਂਦਾ ਤੇ ਠਾਣੇਦਾਰ ਬਣਾ ਕੇ ਪੰਜਾਬ ਪੁਲਿਸ ਵੱਲੋਂ ਹਾਕੀ ਖਿਡਾਉਣ ਲੱਗੇ। ਉਸ ਦੇ ਪਿਤਾ ਸੁਤੰਤਰਤਾ ਸੰਗਰਾਮੀ ਸਨ। ਉਹ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਪੁਲਿਸ ਵਿਚ ਭਰਤੀ ਹੋਵੇ ਪਰ ਪੁਲਿਸ ਨੇ ਉਹਨੂੰ ਨਾ ਛੱਡਿਆ। ਫਿਰ ਉਹ ਡੀæ ਐਸ਼ ਪੀæ ਬਣ ਗਿਆ ਤੇ ਬਾਅਦ ਵਿਚ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਰਿਹਾ।
ਉਸ ਨੇ ਹਾਕੀ ਖੇਡਦਿਆਂ ਸੈਂਕੜੇ ਗੋਲ ਕੀਤੇ। ਕੋਈ ਉਸ ਨੂੰ ਹਾਕੀ ਦਾ ਉਡਣਾ ਬਾਜ, ਕੋਈ ਹਾਕੀ ਦਾ ਸ਼ਾਹਸਵਾਰ, ਕੋਈ ਦਲਾਂ ਦਾ ਮੋਹਰੀ, ਹਾਕੀ ਦਾ ਜੋਧਾ ਤੇ ਹਾਕੀ ਦਾ ਮਹਾਨ ਸੈਂਟਰ ਫਾਰਵਰਡ ਕਹਿੰਦਾ ਰਿਹਾ ਅਤੇ ਕੋਈ ਹਾਕੀ ਦਾ ਜਿਊਂਦਾ ਜਾਗਦਾ ਇਤਿਹਾਸ ਕਹਿੰਦਾ ਹੈ। ਉਹ ਆਪਣੇ ਆਪ ਵਿਚ ਇਕ ਦਾਸਤਾਨ ਹੈ। ਬਤੌਰ ਖਿਡਾਰੀ, ਕੋਚ, ਮੈਨੇਜਰ, ਖੇਡ ਲੇਖਕ ਤੇ ਖੇਡ ਡਾਇਰੈਕਟਰ ਵਜੋਂ ਉਸ ਦੀ ਦੇਣ ਲਾਸਾਨੀ ਹੈ।
1948 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ ‘ਚ ਉਸ ਨੇ ਹੈਟ ਟ੍ਰਿਕ ਸਮੇਤ 8 ਗੋਲ ਕੀਤੇ ਸਨ। ਹੈਲਸਿੰਕੀ ਓਲੰਪਿਕ-52 ਵਿਚ ਭਾਰਤੀ ਟੀਮ ਦੇ ਕੁਲ 13 ਗੋਲਾਂ ਵਿਚ 9 ਗੋਲ ‘ਕੱਲੇ ਬਲਬੀਰ ਸਿੰਘ ਦੇ ਸਨ। ਸੈਮੀ ਫਾਈਨਲ ਤੇ ਫਾਈਨਲ ਮੈਚਾਂ ਵਿਚ 9 ਗੋਲਾਂ ‘ਚੋਂ 8 ਗੋਲ ਤੇ ਫਾਈਨਲ ਮੈਚ ਵਿਚ ਭਾਰਤ ਦੇ 6 ਗੋਲਾਂ ‘ਚੋਂ 5 ਗੋਲ! ਉਲੰਪਿਕ ਖੇਡਾਂ ਵਿਚ ਹੁਣ ਤਕ ਹਾਕੀ ਦਾ ਕੋਈ ਹੋਰ ਖਿਡਾਰੀ ਫਾਈਨਲ ਮੈਚ ‘ਚ ਬਲਬੀਰ ਸਿੰਘ ਜਿੰਨੇ ਗੋਲ ਨਹੀਂ ਕਰ ਸਕਿਆ। 1956 ਵਿਚ ਮੈਲਬੌਰਨ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਟੀਮ ਦਾ ਕਪਤਾਨ ਸੀ ਜਦੋਂ ਭਾਰਤ ਲਗਾਤਾਰ ਛੇਵੀਂ ਵਾਰ ਸੋਨ ਤਮਗਾ ਜਿੱਤਿਆ।
ਉਸ ਦੀ ਕੋਚਿੰਗ ਸਦਕਾ ਭਾਰਤੀ ਹਾਕੀ ਟੀਮ 1975 ਵਿਚ ਕੁਆਲਾ ਲੰਪੁਰ ਤੋਂ ਹਾਕੀ ਦਾ ਵਰਲਡ ਕੱਪ ਜਿੱਤੀ। ਉਹ ਕਈ ਵਾਰ ਭਾਰਤੀ ਟੀਮਾਂ ਦਾ ਕੋਚ ਤੇ ਮੈਨੇਜਰ ਰਿਹਾ। ਉਸ ਨੇ ਆਪਣੀ ਸਵੈਜੀਵਨੀ ਤੋਂ ਬਿਨਾਂ ਹਾਕੀ ਦੀ ਕੋਚਿੰਗ ਉਤੇ ‘ਦੀ ਗੋਲਡਨ ਯਾਰਡਸਟਿਕ’ ਪੁਸਤਕ ਵੀ ਲਿਖੀ। ਉਸ ਨੂੰ 1957 ਵਿਚ ਪਦਮਸ਼੍ਰੀ ਦੀ ਉਪਾਧੀ ਤੇ 1982 ਦੀਆਂ ਏਸ਼ਿਆਈ ਖੇਡਾਂ ਸਮੇਂ ਖੇਡਾਂ ਦੀ ਜੋਤ ਜਗਾਉਣ ਦਾ ਮਾਣ ਮਿਲਿਆ। ਉਹ ਅਜੇ ਵੀ ਯੋਗਾ, ਸੈਰ ਤੇ ਹਾਕੀ ਦੇ ਇਸ਼ਕ ਨਾਲ ਜੁਆਨ ਹੈ।
ਉਹ ‘ਗੋਲਡਨ ਹੈਟ ਟ੍ਰਿਕ’ ਵਿਚ ਲਿਖਦਾ ਹੈ ਕਿ ਨਿੱਕੇ ਹੁੰਦੇ ਨੂੰ ਹੀ ਉਹਦੇ ਮਾਪੇ ਮੋਗੇ ਲੈ ਗਏ ਸਨ। ਉਥੇ ਉਸ ਨੇ ਇਕ ਪਰੀ ਵੇਖੀ ਜਿਹਨੇ ਉਹਨੂੰ ਤੁਰਤ ਮੋਹ ਲਿਆ। ਉਹ ਉਸ ਨਾਲ ਖੇਡਦਾ, ਉਹਨੂੰ ਪਸੰਦ ਕਰਦਾ, ਪਿਆਰਦਾ ਤੇ ਉਹਦੀ ਪੂਜਾ ਕਰਦਾ। ਉਹਦੀ ਉਹ ਪਹਿਲੀ ਮੁਹੱਬਤ ਸੀ। ਮੁਹੱਬਤ ਵਧਦੀ ਗਈ ਤੇ ਉਹਦੀ ਮਹਿਮਾ ਵੀ ਫੈਲਦੀ ਗਈ। ਪਰੀ ਨੇ ਪਾਸਾ ਵੱਟ ਜਾਣਾ ਚਾਹਿਆ ਪਰ ਬਲਬੀਰ ਸਿੰਘ ਨੇ ਪਿੱਛਾ ਨਾ ਛੱਡਿਆ। ਉਸ ਦਾ ਪ੍ਰੇਮ ਦੈਵੀ ਸੀ। ਉਹ ਸੁਹਿਰਦ ਸੀ, ਸਮਰਪਿਤ ਸੀ ਤੇ ਉਹਦਾ ਸ਼ਰਧਾਲੂ ਸੀ। ਪਰੀ ਦੀ ਖਿੱਚ ਅਲੌਕਿਕ ਸੀ। ਲੰਡਨ ਵਿਚ ਉਨ੍ਹਾਂ ਦਾ ਪਿਆਰ ਪਰਵਾਨ ਚੜ੍ਹਿਆ, ਹੈਲਸਿੰਕੀ ‘ਚ ਵਿਆਹ ਹੋਇਆ ਤੇ ਮੈਲਬੌਰਨ ਵਿਚ ਉਨ੍ਹਾਂ ਨੇ ਹਨੀਮੂਨ ਮਨਾਇਆ। ਉਹਦੇ ਸੁਫਨਿਆਂ ਦੀ ਉਹ ਪਰੀ ਕੋਈ ਹੋਰ ਨਹੀਂ, ਉਹ ਉਹਦੀ ਮਹਿਬੂਬ ਹਾਕੀ ਦੀ ਖੇਡ ਹੀ ਸੀæææ। ਅਜਿਹੀ ਭੂਮਿਕਾ ਬੰਨ੍ਹ ਕੇ ਉਸ ਨੇ ਆਪਣੀ ਸਵੈਜੀਵਨੀ ਨੂੰ ਗਲਪੀ ਰੰਗ ਦੇ ਦਿੱਤਾ ਹੈ।
ਪਹਿਲੇ ਕਾਂਡ ‘ਚ ਲਿਖਦਾ ਹੈ, “ਪੀੜ ਨਾਲ ਮੇਰਾ ਬੁਰਾ ਹਾਲ ਸੀ। ਮੈਲਬੌਰਨ ਦੀਆਂ ਓਲੰਪਿਕ ਖੇਡਾਂ ਦਾ ਪਹਿਲਾ ਮੈਚ ਖੇਡਦਿਆਂ ਮੈਂ ਅਫਗਾਨਿਸਤਾਨ ਦੀ ਟੀਮ ਸਿਰ ਪੰਜ ਗੋਲ ਕਰ ਚੁੱਕਾ ਸਾਂ ਕਿ ਮੇਰੇ ਸੱਟ ਲੱਗ ਗਈ। ਪਠਾਣ ਫੁੱਲ ਬੈਕ ਦੀ ਜ਼ੋਰਦਾਰ ਹਿੱਟ ਸਿੱਧੀ ਮੇਰੇ ਸੱਜੇ ਹੱਥ ਦੀ ਉਂਗਲ ਉਤੇ ਲੱਗੀ। ਇਉਂ ਲੱਗਾ ਜਿਵੇਂ ਕਿਸੇ ਨੇ ਹਥੌੜਾ ਮਾਰ ਕੇ ਉਂਗਲ ਫੇਹ ਦਿੱਤੀ ਹੋਵੇ। ਮੇਰੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ ਤੇ ਦਰਦ ਨੇ ਮੈਨੂੰ ਤੜਫਾ ਦਿੱਤਾ। ਪਰ ਮੈਂ ਅਸਹਿ ਪੀੜ ਸਹਿੰਦਿਆਂ ਵੀ ਆਪਣੀ ਖੇਡ ਜਾਰੀ ਰੱਖੀæææ।”
ਮੈਚ ਤੋਂ ਬਾਅਦ ਐਕਸਰੇਅ ਤੋਂ ਪਤਾ ਲੱਗਾ ਕਿ ਉਂਗਲ ਦੀ ਹੱਡੀ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਤੇ ਰਾਜ਼ੀ ਹੋਣ ਨੂੰ ਚੋਖਾ ਸਮਾਂ ਲੱਗਣਾ ਸੀ। ਪਰ ਇਹ ਭੇਤ ਬਾਹਰ ਨਾ ਨਿਕਲਣ ਦਿੱਤਾ ਗਿਆ। ਉਸ ਨੇ ਪਲੱਸਤਰ ਲੱਗੀ ਉਂਗਲ ਕੋਟ ਦੀ ਜ਼ੇਬ ਵਿਚ ਹੀ ਰੱਖੀ। ਉਹਦਾ ਸੈਮੀ ਫਾਈਨਲ ਤੇ ਫਾਈਨਲ ਮੈਚ ਖੇਡਣਾ ਬੇਹੱਦ ਜ਼ਰੂਰੀ ਸੀ। ਦੋ ਸਾਲ ਪਹਿਲਾਂ ਮਲਾਇਆ-ਸਿੰਗਾਪੁਰ ਦੇ ਟੂਰ ਸਮੇਂ ਭਾਰਤੀ ਟੀਮ ਦੇ 121 ਗੋਲਾਂ ‘ਚੋਂ 83 ਗੋਲ ਉਸ ਨੇ ਕੀਤੇ ਸਨ। ਇਕ ਸਾਲ ਪਹਿਲਾਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ‘ਚ ਖੇਡਦਿਆਂ 203 ਗੋਲਾਂ ‘ਚੋਂ 141 ਗੋਲ ਉਹਦੀ ਹਾਕੀ ਨਾਲ ਹੋਏ ਸਨ। ਗੋਲ ਕਰਨ ਵਿਚ ਉਹਦੀ ਦਹਿਸ਼ਤ ਸੀ।
ਸੈਮੀ ਫਾਈਨਲ ਤੇ ਫਾਈਨਲ ਮੈਚ ਉਹ ਦਰਦਨਿਵਾਰੂ ਟੀਕੇ ਲਗਵਾ ਕੇ ਖੇਡਿਆ। ਪਹਿਲਾਂ ਜਰਮਨੀ ਤੇ ਪਿਛੋਂ ਪਾਕਿਸਤਾਨ ਦੀ ਟੀਮ ਨੂੰ ਬਲਬੀਰ ਸਿੰਘ ਉਤੇ ਦੋ ਦੋ ਖਿਡਾਰੀ ਛਡਣੇ ਪਏ ਜਿਸ ਨਾਲ ਭਾਰਤ ਦੇ ਬਾਕੀ ਫਾਰਵਰਡਾਂ ਉਤੋਂ ਬੋਝ ਘਟਿਆ ਤੇ ਭਾਰਤੀ ਟੀਮ ਲਗਾਤਾਰ ਛੇਵੀਂ ਵਾਰ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤ ਗਈ।
ਬਲਬੀਰ ਨੇ ਪੰਜ ਛੇ ਸਾਲ ਦੀ ਉਮਰ ਤਕ ਮਾਂ ਦਾ ਦੁੱਧ ਚੁੰਘਿਆ ਸੀ। ਉਸ ਦੇ ਪਿਤਾ ਸੁਤੰਤਰਤਾ ਸੰਗਰਾਮ ਵਿਚ ਜੇਲ੍ਹ ਯਾਤਰਾ ‘ਤੇ ਤੁਰੇ ਰਹਿੰਦੇ ਸਨ। ਬੜੀ ਵਿਚਿੱਤਰ ਕਥਾ ਹੈ ਕਿ ਕਿਵੇਂ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਪੁਲਿਸ ਵਿਚ ਭਰਤੀ ਕੀਤਾ? ਕਿਵੇਂ ਲਾਹੌਰ ਵਿਚ ਉਹ ਮੰਗਿਆ ਤੇ ਵਿਆਹਿਆ ਗਿਆ? ਮੋਗੇ ਤੋਂ ਚੱਲੀ ਬਰਾਤ ਅਜੇ ਰਾਹ ਵਿਚ ਸੀ ਪਰ ਉਹ ਪਿਛਲੇ ਬੂਹੇ ਥਾਣੀ ਪਹਿਲੋਂ ਹੀ ਸਹੁਰਿਆਂ ਦੇ ਘਰ ਜਾ ਢੁੱਕਿਆ। ਸਾਲੀਆਂ ਦੇ ਮਖੌਲ ਤਾਂ ਫਿਰ ਏਨੇ ਕਾਹਲੇ ਨੂੰ ਸੁਣਨੇ ਈ ਪੈਣੇ ਸਨ!
40ਵਿਆਂ ਵਿਚ ਸਕੂਲਾਂ ਕਾਲਜਾਂ ‘ਚ ਹਾਕੀ ਖੇਡਣ ਦਾ ਮਾਹੌਲ, 1947 ਵਿਚ ਦੇਸ਼ ਦੀ ਵੰਡ ਸਮੇਂ ਹੋਈ ਕਤਲੋ-ਗਾਰਤ, ਬਲਬੀਰ ਸਿੰਘ ਦੀ ਪੱਗ ਵਿਚ ਦੀ ਗੋਲੀ ਦਾ ਲੰਘ ਜਾਣਾ ਤੇ ਉਸ ਦਾ ਕਹਿਣਾ ਕਿ ਜੇ ਗੋਲੀ ਦੋ ਇੰਚ ਹੇਠਾਂ ਹੁੰਦੀ ਤਾਂ ਨਾ ਉਹਦਾ ਹੈਟ ਟ੍ਰਿਕ ਹੁੰਦਾ ਤੇ ਨਾ ‘ਦੀ ਗੋਲਡਨ ਹੈਟ ਟ੍ਰਿਕ’ ਲਿਖੀ ਜਾਂਦੀ। ਪਾਕਿਸਤਾਨ ‘ਚ ਖੇਡਣ ਗਈ ਪੰਜਾਬ ਪੁਲਿਸ ਦੀ ਹਾਕੀ ਟੀਮ ਨੂੰ ਮਿੰਟਗੁਮਰੀ ਲਾਗੇ ਡੂਮਣੇ ਦੀਆਂ ਮੱਖੀਆਂ ਨੇ ਭਜਾਇਆ ਤਾਂ ਠਾਣੇਦਾਰ ਬਖਸ਼ੀਸ਼ ਸਿੰਘ ਕਹਿਣ ਲੱਗਾ, “ਆਪਾਂ ਕਾਹਦੇ ਠਾਣੇਦਾਰ ਆਂ? ਆਪਣੇ ਨਾਲੋਂ ਤਾਂ ਆਹ ਮੱਖੀਆਂ ਈ ਤਕੜੀਆਂ ਜਿਹੜੀਆਂ ਆਪਾਂ ਨੂੰ ਵਾਹਣੀਂ ਪਾਈ ਫਿਰਦੀਆਂ!”
ਇਕ ਕਾਂਡ ਖਿਡਾਰੀਆਂ ਦੇ ਵਹਿਮਾਂ-ਵਿਸ਼ਵਾਸਾਂ ਬਾਰੇ ਹੈ। ਕੋਈ ਖਿਡਾਰੀ ਜੇæਬ ‘ਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਰੱਖਦਾ ਹੈ ਤੇ ਕੋਈ ਪੀਰ ਦਾ ਦਿੱਤਾ ਤਵੀਜ਼ ਪਹਿਨਦਾ ਹੈ। ਕਿਸੇ ਨੂੰ ਸਵੇਰੇ ਮੰਜੇ ਤੋਂ ਸੱਜੇ ਪਾਸੇ ਦੀ ਉਠਣ ਦਾ ਵਹਿਮ ਹੈ ਤੇ ਕਿਸੇ ਨੂੰ ਖੱਬੇ ਪਾਸੇ ਦੀ ਉਠਣ ਦਾ ਭਰਮ। ਕਿਸੇ ਨੂੰ ਕਿਸੇ ਖਾਸ ਖੇਡ-ਪੁਸ਼ਾਕ ਰਾਹੀਂ ਹੀ ਜਿੱਤਣ ਦਾ ਭਰੋਸਾ ਹੈ। ਸੁਰਜੀਤ ਸਿੰਘ ਨੂੰ ਵਹਿਮ ਸੀ ਕਿ ਉਹਦੀ ਜਰਸੀ ਦਾ ਨੰਬਰ ਚਾਰ ਉਹਦੇ ਲਈ ਮਨਹੂਸ ਹੈ। ਕੁਆਲਾਲੰਪੁਰ ਜਦੋਂ ਉਸ ਨੂੰ ਗੁੜ ਤੇ ਤਿਲ ਮੰਤਰ ਕੇ ਦਿੱਤੇ ਗਏ ਤਾਂ ਉਹਦਾ ਵਹਿਮ ਦੂਰ ਹੋ ਗਿਆ। ਇਕ ਸਮਾਂ ਐਸਾ ਵੀ ਸੀ ਜਦੋਂ ਸ਼ੀਸ਼ਾ ਭੰਨ ਕੇ ਮੈਚ ਖੇਡਣ ਜਾਣ ਨਾਲ ਭਾਰਤੀ ਟੀਮ ਨੂੰ ਮੈਚ ਜਿੱਤਣ ਦਾ ਵਿਸ਼ਵਾਸ ਹੋ ਜਾਂਦਾ ਸੀ। ਹੋਰ ਤਾਂ ਹੋਰ ਤੇਰਾਂ ਨੰਬਰ ਜੋ ਹੋਰਨਾਂ ਲਈ ਮੰਦਭਾਗਾ ਸਮਝਿਆ ਜਾਂਦੈ ਬਲਬੀਰ ਸਿੰਘ ਲਈ ਸੁਭਾਗਾ ਸਾਬਤ ਹੁੰਦਾ ਰਿਹਾ!
ਇਸ ਪੁਸਤਕ ਵਿਚ ਬਲਬੀਰ ਸਿੰਘ ਦੀ ਸ਼ਖਸੀਅਤ ਦੇ ਬਹੁਰੰਗੇ ਦਰਸ਼ਨ ਹੁੰਦੇ ਹਨ। ਹਾਕੀ ਦੀ ਕੋਚਿੰਗ ਬਾਰੇ ਬੜੀਆਂ ਕੰਮ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਕੁਆਲਾਲੰਪੁਰ ਤੋਂ ਹਾਕੀ ਵਿਸ਼ਵ ਕੱਪ ਜਿੱਤਣ ਦਾ ਪੂਰਾ ਵਿਸਥਾਰ ਹੈ। ਜੇਤੂ ਟੀਮ ਦਾ ਇਕ ਪ੍ਰਦਰਸ਼ਨੀ ਮੈਚ ਬਾਲੀਵੁੱਡ ਦੇ ਐਕਟਰਾਂ ਤੇ ਐਕਟ੍ਰੈਸਾਂ ਨਾਲ ਵੀ ਹੋਇਆ ਸੀ ਜੋ ਫਿਲਮੀ ਮਸਾਲਾ ਹੋ ਸਕਦੈ। ਭਾਰਤੀ ਹਾਕੀ ਫੈਡਰੇਸ਼ਨ ਦੀ ਅੰਦਰਖਾਤੇ ਰਿਝਦੀ ਖਿਚੜੀ ਤੋਂ ਵੀ ਉਸ ਨੇ ਢੱਕਣ ਚੁਕਿਆ ਹੈ। ਹਾਕੀ ਫੈਡਰੇਸ਼ਨ ਨੇ ਵਿਸ਼ਵ ਕੱਪ ਜਿਤਾਉਣ ਵਾਲੇ ਬਲਬੀਰ ਸਿੰਘ ਨੂੰ ਇਨਾਮ ਸਨਮਾਨ ਤਾਂ ਕੀ ਦੇਣਾ ਸੀ ਉਲਟਾ ਇਕ ਮਤੇ ਰਾਹੀਂ ਨਿੰਦਿਆ ਕੀਤੀ ਸੀ!
ਪੁਸਤਕ ਵਿਚ ਕਿਤੇ ਕਰੁਣਾ ਰਸ ਹੈ, ਕਿਤੇ ਬੀਰ ਰਸ ਤੇ ਕਿਤੇ ਹਾਸ ਰਸ। ਜਦੋਂ ਬਲਬੀਰ ਸਿੰਘ ਲੰਡਨ ਤੋਂ ਸੋਨੇ ਦਾ ਤਮਗਾ ਜਿੱਤ ਕੇ ਲਿਆਇਆ ਤਾਂ ਮੋਗੇ ਵਿਚ ਉਹਦਾ ਸਵਾਗਤੀ ਜਲੂਸ ਕੱਢਿਆ ਗਿਆ। ਉਹ ਤੇ ਉਹਦੀ ਪਤਨੀ ਹਾਰਾਂ ਨਾਲ ਲੱਦੇ ਖੁਲ੍ਹੀ ਜੀਪ ‘ਤੇ ਸਵਾਰ ਸਨ। ਇਕ ਮਾਈ ਪੁੱਛਣ ਲੱਗੀ, “ਇਹ ਕਿਹੜੇ ਰਾਜਕੁਮਾਰ ਦਾ ਵਿਆਹ ਐ?”
ਉਤਰ ਮਿਲਿਆ ਕਿ ਵਿਆਹ-ਵਿਊਹ ਕੋਈ ਨੀ। ਬਲਬੀਰ ਖੇਡਾਂ ‘ਚੋਂ ਸੋਨੇ ਦਾ ਤਕਮਾ ਜਿੱਤ ਕੇ ਲਿਆਇਐ। ਇਹ ਉਹਦਾ ਜਲੂਸ ਕੱਢਿਆ ਜਾ ਰਿਹੈ। ਮਾਈ ਹੈਰਾਨ ਹੋਈ ਆਖਣ ਲੱਗੀ, “ਇਹਦੇ ਮੂੰਹ ‘ਤੇ ਤਾਂ ਦਾੜ੍ਹੀ ਆਈ ਹੋਈ ਐ। ਲੋਹੜਾ ਆ ਗਿਐ! ਇਹ ਅਜੇ ਵੀ ਖੇਡੀ ਜਾਂਦੈ?”

Be the first to comment

Leave a Reply

Your email address will not be published.