ਨਾਜਾਇਜ਼ ਖਣਨ ਖਿਲਾਫ ਸੁਖਬੀਰ ਬਾਦਲ ਦੀ ਮੁਹਿੰਮ ਉਤੇ ਉਠੇ ਸਵਾਲ

ਮੁਕੇਰੀਆਂ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਨ੍ਹੀਂ ਦਿਨੀਂ ਨਾਜਾਇਜ਼ ਖਣਨ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਸੁਖਬੀਰ ਬਾਦਲ ਖੁਦ ਨਾਜਾਇਜ਼ ਖਣਨ ਵਾਲੀਆਂ ਥਾਂਵਾਂ ਉਤੇ ਛਾਪੇਮਾਰੀ ਕਰ ਰਹੇ ਹਨ ਤੇ ਕਾਂਗਰਸ ਸਰਕਾਰ ਉਤੇ ਸਵਾਲ ਚੁੱਕ ਰਹੇ ਹਨ। ਉਧਰ, ਸੁਖਬੀਰ ਦੀ ਇਸ ਮੁਹਿੰਮ ਉਤੇ ਸਵਾਲ ਉਠ ਰਹੇ ਹਨ ਕਿ ਮਾਈਨਿੰਗ ਦਾ ਇਹ ਧੰਦਾ ਉਨ੍ਹਾਂ ਦੀ ਸਰਕਾਰ ਵੇਲੇ ਸਭ ਤੋਂ ਵੱਧ ਸਰਗਰਮ ਸੀ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਵੱਡਾ ਮੁੱਦਾ ਬਣਿਆ ਸੀ। ਸੋਸ਼ਲ ਮੀਡੀਆ ਉਤੇ ਇਸ ਮੁਹਿੰਮ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।

ਉਧਰ, ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਨੇ ਸੁਖਬੀਰ ਬਾਦਲ ਦੇ ਦੌਰੇ ਨੂੰ ਮਹਿਜ਼ ਸਿਆਸੀ ਸਟੰਟ ਕਰਾਰ ਦਿੱਤਾ ਹੈ। ਸੰਘਰਸ਼ ਕਮੇਟੀ ਨੇ ਕਿਹਾ ਕਿ ਹਾਜੀਪੁਰ ਅਤੇ ਤਲਵਾੜਾ ਵਿਚ ਹੋ ਰਹੀ ਮਾਈਨਿੰਗ ਅਕਾਲੀ-ਭਾਜਪਾ ਸਰਕਾਰ ਦੀ ਹੀ ਦੇਣ ਹੈ। 2015 ਵਿਚ ਲੋਕ ਰੋਹ ਨੂੰ ਦਬਾਉਣ ਲਈ ਅਕਾਲੀ ਸਰਕਾਰ ਨੇ ਸੰਘਰਸ਼ ਕਮੇਟੀ ਦੇ ਆਗੂਆਂ ‘ਤੇ ਝੂਠੇ ਪਰਚੇ ਦਰਜ ਕਰਵਾਏ ਸਨ।
ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਬਿਆਸ ਦਰਿਆ ਉਤੇ ਹੋ ਰਹੀ ਮਾਈਨਿੰਗ ਮੌਕੇ ਜਾ ਕੇ ਰੋਸ ਪ੍ਰਗਟ ਕੀਤਾ, ਇਸੇ ਤਰ੍ਹਾਂ ਹੀ ਪੰਜਾਬ ਦੇ ਕਾਂਗਰਸੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸਮੇਂ ਸੂਬੇ ਅੰਦਰ ਨਾਜਾਇਜ਼ ਮਾਈਨਿੰਗ ਦੀ ਦੁਹਾਈ ਦਿੰਦੇ ਨਹੀਂ ਥੱਕਦੇ ਸਨ। ਕਾਂਗਰਸ ਦੇ ਵਾਰਡ ਪੱਧਰ ਤੋਂ ਲੈ ਕੇ ਸੂਬਾਈ ਆਗੂਆਂ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਸਬੰਧੀ ਅਕਾਲੀ ਭਾਜਪਾ ਸਰਕਾਰ ਸਮੇਂ ਵੱਡੇ-ਵੱਡੇ ਬਿਆਨ ਦਿੱਤੇ ਕਿ ਕਾਂਗਰਸ ਸਰਕਾਰ ਬਣਨ ਉਤੇ ਨਾਜਾਇਜ਼ ਮਾਈਨਿੰਗ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ। ਪੰਜਾਬ ਦੇ ਲੋਕਾਂ ਨੇ ਅਕਾਲੀ ਭਾਜਪਾ ਸਰਕਾਰ ਨੂੰ ਨਕਾਰਦਿਆਂ 2017 ਵਿਚ ਸੂਬੇ ਦੀ ਵਾਗਡੋਰ ਕਾਂਗਰਸ ਪਾਰਟੀ ਦੇ ਹੱਥ ਵਿਚ ਦੇ ਦਿੱਤੀ। ਨਾਜਾਇਜ਼ ਮਾਈਨਿੰਗ ਦੇ ਮਾਮਲੇ ਉਤੇ ਕਾਰਵਾਈ ਤਾਂ ਕੀ ਹੋਣੀ ਸੀ, ਸਗੋਂ ਸੱਤਾ ਉਤੇ ਕਾਬਜ਼ ਕਾਂਗਰਸ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਲੀਹਾਂ ਉਤੇ ਚੱਲ ਪਏ। ਪਿਛਲੇ ਸਾਢੇ ਚਾਰ ਸਾਲ ਤੋਂ ਸਰਹੱਦੀ ਇਲਾਕਿਆਂ ਅੰਦਰ ਨਾਜਾਇਜ਼ ਮਾਈਨਿੰਗ ਦਾ ਧੰਦਾ ਨਿਰੰਤਰ ਜਾਰੀ ਹੈ। ਸਰਕਾਰ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਇਹ ਰੇਤ ਦਾ ਕਾਰੋਬਾਰ ਸਰਕਾਰਾਂ ਉੱਪਰ ਹੀ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਕਾਂਗਰਸ ਦੇ ਵੱਡੇ ਆਗੂ ਇਸ ਕੰਮ ਵਿਚ ਸ਼ਾਮਲ ਸਨ, ਹੁਣ ਅਕਾਲੀ ਦਲ ਦੇ ਵੀ ਵੱਡੇ ਕਈ ਆਗੂ ਇਸ ਕੰਮ ਵਿਚ ਮਸ਼ਰੂਫ ਹਨ। ਆਮ ਆਦਮੀ ਪਾਰਟੀ ਦੇ ਬੀ.ਸੀ. ਵਿੰਗ ਦੇ ਸੂਬਾ ਪ੍ਰਧਾਨ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਚੋਣਾਂ ਨੇੜੇ ਆ ਕੇ ਖੱਡਾਂ ਉਤੇ ਜਾ ਕੇ ਸਿਰਫ ਲੋਕ ਵਿਖਾਵਾ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਫਾਜਿਲਕਾ ਜਿਲ੍ਹੇ ਅੰਦਰ ਸਿਆਸੀ ਸ਼ਹਿ ਉਤੇ ਮਾਈਨਿੰਗ ਹੋ ਰਹੀ ਹੈ, ਉਹ ਕਿਸੇ ਤੋਂ ਲੁਕੀ ਨਹੀਂ। ਦੱਸ ਦਈਏ ਕਿ ਸੁਖਬੀਰ ਨੇ ਕਸਬਾ ਹਾਜੀਪੁਰ ਤੇ ਤਲਵਾੜਾ ਦੇ ਮਾਈਨਿੰਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ। ਉਹ ਮੁਕੇਰੀਆਂ ਹਲਕੇ ਦੇ ਪਿੰਡ ਧਾਮੀਆਂ ਅਤੇ ਕੁੱਲੀਆਂ ਲੁਬਾਣਾ ਨੇੜੇ ਕਰੱਸ਼ਰਾਂ ਵੱਲੋਂ 100 ਫੁੱਟ ਤੋਂ ਵੱਧ ਦੀ ਕੀਤੀ ਗਈ ਪੁਟਾਈ ਵਾਲੇ ਇਲਾਕੇ ਵਿਚ ਗਏ ਅਤੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਦੀ ਆਮਦ ਦਾ ਪਤਾ ਲੱਗਦਿਆਂ ਹੀ ਦਿਨ-ਰਾਤ ਚੱਲਣ ਵਾਲੇ ਕਰੱਸ਼ਰ ਬੰਦ ਹੋ ਗਏ ਅਤੇ ਰੇਤਾ-ਬੱਜਰੀ ਲੈਣ ਆਈਆਂ ਗੱਡੀਆਂ ਗਾਇਬ ਹੋ ਗਈਆਂ।
ਇਸ ਮੌਕੇ ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਵਿਧਾਇਕਾਂ, ਜਿਲ੍ਹਾ ਪੁਲਿਸ ਮੁਖੀ, ਡੀ.ਐਸ.ਪੀ. ਅਤੇ ਮਾਈਨਿੰਗ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਲਾਕੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਵੱਲ ਧਿਆਨ ਦੇਣ ਅਤੇ ਤਬਾਹ ਹੁੰਦੇ ਜਾ ਰਹੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ। ਉਨ੍ਹਾਂ ਦੋਸ਼ ਲਾਇਆ ਕਿ ਮੁਕੇਰੀਆਂ ਦਾ ਡੀ.ਐਸ.ਪੀ. ਕਰੀਬ ਸਾਢੇ ਚਾਰ ਸਾਲ ਤੋਂ ਇਕ ਥਾਂ ਹੀ ਟਿਕਿਆ ਹੋਇਆ ਹੈ ਅਤੇ ਨਾਜਾਇਜ਼ ਖਣਨ ਸਬੰਧੀ ਉਸ ਨੇ ਕਦੇ ਵੀ ਕਾਰਵਾਈ ਨਹੀਂ ਕੀਤੀ। ਇਥੇ 16,000 ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਜੇ ਕੋਈ ਵਿਰੋਧ ਕਰਦਾ ਹੈ ਤਾਂ ਮਾਈਨਿੰਗ ਮਾਫੀਆ ਵੱਲੋਂ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ 10 ਫੁੱਟ ਤੋਂ ਵੱਧ ਪੁਟਾਈ ਨਹੀਂ ਕੀਤੀ ਜਾ ਸਕਦੀ ਪਰ ਇਥੇ ਹੋਈ 200 ਫੁੱਟ ਤੱਕ ਪੁਟਾਈ ਵੱਲ ਅਫਸਰਸ਼ਾਹੀ ਨੇ ਕਦੇ ਧਿਆਨ ਨਹੀਂ ਦਿੱਤਾ। ਨਾਜਾਇਜ਼ ਖਣਨ ਕਾਰਨ ਇਲਾਕੇ ਦੇ 10 ਪਿੰਡ ਤਬਾਹ ਹੋ ਚੁੱਕੇ ਹਨ ਅਤੇ ਸਿੰਚਾਈ ਨਹਿਰ ਵਿਚ ਵੀ ਪਾੜ ਪੈ ਚੁੱਕਾ ਹੈ।