ਫਰਾਂਸ ਵੱਲੋਂ ਰਾਫਾਲ ਬਾਰੇ ਜਾਂਚ ਸ਼ੁਰੂ: ਮੋਦੀ ਸਰਕਾਰ ਦੀਆਂ ਮੁਸ਼ਕਿਲਾਂ ਵਧੀਆਂ

ਨਵੀਂ ਦਿੱਲੀ: ਫਰਾਂਸ ਨੇ ਭਾਰਤ ਨਾਲ 59 ਹਜ਼ਾਰ ਕਰੋੜ ਰੁਪਏ ਦੇ ਰਾਫਾਲ ਲੜਾਕੂ ਜੈੱਟ ਸੌਦੇ ‘ਚ ‘ਭ੍ਰਿਸ਼ਟਾਚਾਰ ਅਤੇ ਲਿਹਾਜ਼ ਪੂਰਨ‘ ਦੇ ਲੱਗੇ ਦੋਸ਼ਾਂ ਦੀ ‘ਉਚ ਸੰਵੇਦਨਸ਼ੀਲ‘ ਜੁਡੀਸ਼ਲ ਜਾਂਚ ਲਈ ਜੱਜ ਨਿਯੁਕਤ ਕਰ ਦਿੱਤਾ ਹੈ। ਫਰਾਂਸੀਸੀ ਖੋਜੀ ਵੈੱਬਸਾਈਟ ਮੀਡੀਆਪਾਰਟ ਨੇ ਇਸ ਦਾ ਖੁਲਾਸਾ ਕਰਦਿਆਂ ਕਿਹਾ ਹੈ ਕਿ 2016 ‘ਚ ਹੋਏ ਅੰਤਰ-ਸਰਕਾਰੀ ਕਰਾਰ ਦੀ ਜਾਂਚ ਰਸਮੀ ਤੌਰ ‘ਤੇ 14 ਜੂਨ ਤੋਂ ਸ਼ੁਰੂ ਕੀਤੀ ਗਈ ਹੈ।

ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਨੇ 2016 ਵਿਚ ਫਰਾਂਸ ਦੀ ਕੰਪਨੀ ਦਾਸੋ ਏਵੀਏਸ਼ਨ ਤੋਂ ਇਹ ਲੜਾਕੂ ਜਹਾਜ਼ ਖਰੀਦਣ ਦਾ ਸੌਦਾ ਕੀਤਾ ਸੀ। ਇਸ ਸੌਦੇ ਤਹਿਤ ਕੰਪਨੀ ਨੇ ਭਾਰਤ ਨੂੰ 36 ਜਹਾਜ਼ ਦੇਣੇ ਹਨ। ਬਾਅਦ ਵਿਚ ਸੌਦੇ ਵਿਚ ਦੇਣ-ਲੈਣ ਦੇ ਮਾਮਲਿਆਂ ਬਾਰੇ ਜਿਵੇਂ ਜਿਵੇਂ ਵੱਖ ਵੱਖ ਤੱਥ ਸਾਹਮਣੇ ਆਉਂਦੇ ਗਏ, ਇਸ ਮਸਲੇ ‘ਤੇ ਵਿਵਾਦ ਵੀ ਭਖਦਾ ਗਿਆ। ਸਰਕਾਰ ਨੇੜਲੇ ਇਕ ਕਾਰੋਬਾਰੀ ਵੱਲੋਂ ਰਾਤੋ-ਰਾਤ ਬਣਾਈ ਕੰਪਨੀ ਨੂੰ ਇਸ ਸੌਦੇ ਵਿਚ ਭਾਈਵਾਲ ਬਣਾਉਣ ਨੇ ਇਸ ਮਸਲੇ ‘ਤੇ ਸਿਆਸਤ ਹੋਰ ਭਖਾ ਦਿੱਤੀ ਅਤੇ ਕੇਂਦਰ ਸਰਕਾਰ ਉੱਤੇ ਇਸ ਸੌਦੇ ਬਾਰੇ ਜਵਾਬ ਮੰਗਿਆ ਜਾਣ ਲੱਗਾ। ਸਰਕਾਰ ਵੱਲੋਂ ਸਾਫ ਇਨਕਾਰ ਕਰਨ ‘ਤੇ ਕੁਝ ਲੋਕਾਂ ਨੇ ਸੁਪਰੀਮ ਕੋਰਟ ਦਾ ਦਰਵਾਜਾ ਵੀ ਖੜਕਾਇਆ ਪਰ ਸੁਪਰੀਮ ਕੋਰਟ ਨੇ ਵੀ ਇਸ ਮਸਲੇ ਨੇ ‘ਤੇ ਪਾਈਆਂ ਸਾਰੀਆਂ ਪਟੀਸ਼ਨਾਂ ਇਹ ਕਹਿ ਕੇ ਰੱਦ ਕਰ ਦਿੱਤੀਆਂ ਕਿ ਲੜਾਕੂ ਜਹਾਜ਼ ਖਰੀਦਣ ਦੇ ਇਸ ਸੰਵੇਦਨਸ਼ੀਲ ਮਸਲੇ ਬਾਰੇ ਜਾਂਚ ਦਾ ਕੋਈ ਖਾਸ ਕਾਰਨ ਨਹੀਂ ਬਣਦਾ। ਦਾਸੋ ਏਵੀਏਸ਼ਨ ਨੇ ਵੀ ‘ਭ੍ਰਿਸ਼ਟਾਚਾਰ‘ ਅਤੇ ‘ਲਿਹਾਜ਼ਦਾਰੀ‘ ਦੇ ਦੋਸ਼ਾਂ ਨੂੰ ਮੁੱਢੋਂ-ਸੁੱਢੋਂ ਰੱਦ ਕਰਦਿਆਂ ਇਸ ਸੌਦੇ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਸੀ।
ਇਹ ਮਸਲਾ ਹੁਣ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਜਦੋਂ ਫਰਾਂਸ ਦੀ ਖੋਜੀ ਵੈੱਬਸਾਈਟ ਮੀਡੀਆਪਾਰਟ ਦੇ ਨਵੇਂ ਖੁਲਾਸਿਆਂ ਤੋਂ ਬਾਅਦ ਫਰਾਂਸ ਦੇ ਨੈਸ਼ਨਲ ਫਾਇਨਾਂਸ਼ੀਅਲ ਪ੍ਰੋਸੀਕਿਊਟਰ (ਪੀ.ਐਨ.ਐਫ.) ਨੇ ਇਸ ਮਸਲੇ ‘ਤੇ ਜਾਂਚ ਆਰੰਭ ਦਿੱਤੀ। ਹੁਣ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਇਸ ਮਸਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਸੌਦੇ ਦਾ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ। ਪਾਰਟੀ ਨੇ ਇਸ ਮਸਲੇ ਤੋਂ ਇਲਾਵਾ ਅਜਿਹੇ ਹੋਰ ਮੁੱਦਿਆਂ ਵਿਚ ਵੀ ਪਾਰਦਰਸ਼ਤਾ ਦੀ ਮੰਗ ਕੀਤੀ ਹੈ ਜਿਨ੍ਹਾਂ ਬਾਰੇ ਸਰਕਾਰ ਨੇ ਉੱਕਾ ਹੀ ਖ਼ਮੋਸ਼ੀ ਧਾਰੀ ਹੋਈ ਹੈ।
ਕੰਮਕਾਰ ਵਿਚ ਪਾਰਦਰਸ਼ਤਾ ਦਾ ਮੁੱਦਾ ਪਹਿਲਾਂ ਵੀ ਐਨ.ਡੀ.ਏ. ਸਰਕਾਰ ਦਾ ਪਿੱਛਾ ਕਰਦਾ ਰਿਹਾ ਹੈ। ਦਰਅਸਲ, 2014 ਵਿਚ ਜਦੋਂ ਤੋਂ ਐਨ.ਡੀ.ਏ. ਸਰਕਾਰ ਕਾਇਮ ਹੋਈ ਹੈ, ਵੱਖ-ਵੱਖ ਅੰਕੜੇ ਲਗਾਤਾਰ ਲੁਕੋਏ ਜਾ ਰਹੇ ਹਨ। ਰਫਾਲ ਸੌਦੇ ਵਿਚ ਵੱਡਾ ਮਸਲਾ ਜਹਾਜ਼ਾਂ ਦੀ ਕੀਮਤ ਦਾ ਉੱਭਰਿਆ ਸੀ। ਵਿਰੋਧੀ ਧਿਰ ਲਗਾਤਾਰ ਆਖ ਰਹੀ ਹੈ ਕਿ ਜਿਹੜਾ ਜਹਾਜ਼ ਭਾਰਤ ਨੂੰ 570 ਕਰੋੜ ਰੁਪਏ ਦਾ ਪੈਣਾ ਸੀ, ਉਸ ਦੇ ਲਈ ਪੰਜ ਗੁਣਾ ਜਿਆਦਾ ਕੀਮਤ, 1670 ਕਰੋੜ ਰੁਪਏ ਤਾਰੀ ਗਈ ਹੈ।
___________________________________________
ਕਾਂਗਰਸ ਨੇ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਮੰਗੀ
ਨਵੀਂ ਦਿੱਲੀ: ਕਾਂਗਰਸ ਨੇ ਰਾਫਾਲ ਜੈੱਟਾਂ ਦੀ ਖਰੀਦ ‘ਚ ਹੋਏ ‘ਭ੍ਰਿਸ਼ਟਾਚਾਰ‘ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਚ ਦਾ ਪਤਾ ਲਾਉਣ ਲਈ ਜਾਂਚ ਦੇ ਹੁਕਮ ਦੇਣ। ਕਾਂਗਰਸ ਨੇ ਫਰਾਂਸੀਸੀ ਖੋਜੀ ਵੈੱਬਸਾਈਟ ਮੀਡੀਆਪਾਰਟ ਵੱਲੋਂ ਰਾਫਾਲ ਸੌਦੇ ‘ਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਲਈ ਫਰਾਂਸੀਸੀ ਜੱਜ ਨਿਯੁਕਤ ਕੀਤੇ ਜਾਣ ਦੀ ਖਬਰ ਨਸ਼ਰ ਕੀਤੇ ਜਾਣ ਮਗਰੋਂ ਇਹ ਮੰਗ ਉਠਾਈ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,”ਰਾਫਾਲ ਸੌਦੇ ‘ਚ ਭ੍ਰਿਸ਼ਟਾਚਾਰ ਹੁਣ ਸਪੱਸ਼ਟ ਤੌਰ ‘ਤੇ ਸਾਹਮਣੇ ਆ ਗਿਆ ਹੈ। ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਵੱਲੋਂ ਲਏ ਗਏ ਸਟੈਂਡ ਦੀ ਫਰਾਂਸ ਸਰਕਾਰ ਵੱਲੋਂ ਜਾਂਚ ਦੇ ਦਿੱਤੇ ਗਏ ਹੁਕਮਾਂ ਨਾਲ ਪੁਸ਼ਟੀ ਹੋ ਗਈ ਹੈ।“