ਮੇਰੀ ਪਾਕਿਸਤਾਨ ਫੇਰੀ

ਸੰਨ ਸੰਤਾਲੀ ਵਿਚ ਭਾਰਤ ਵੰਡਿਆ ਗਿਆ ਪਰ ਅਸਲ ਵੰਡ ਤਾਂ ਪੰਜਾਬ ਅਤੇ ਬੰਗਾਲ ਦੀ ਹੋਈ ਜਿਥੇ ਦੋ ਕੌਮਾਂ ਟੋਟੇ-ਟੋਟੇ ਹੋ ਗਈਆਂ। ਇਸ ਵੰਡ ਵੇਲੇ ਵਸੋਂ ਦੀ ਅਦਲਾ-ਬਦਲੀ ਦੌਰਾਨ ਪੰਜਾਬ ਲਹੂ-ਲੁਹਾਣ ਹੋ ਗਿਆ। ਬਾਅਦ ਵਿਚ ਦੋਹਾਂ ਮੁਲਕਾਂ ਦੇ ਸਿਆਸਤਦਾਨ ਭਾਵੇਂ ਇਕ-ਦੂਜੇ ਖਿਲਾਫ ਨਫਰਤ ਵਾਲੀ ਸਿਆਸਤ ਕਰਦੇ ਰਹੇ ਪਰ ਦੋਹਾਂ ਪਾਸਿਆਂ ਦੇ ਲੋਕ ਇਕ-ਦੂਜੇ ਨੂੰ ਧਾਹ ਗਲਵੱਕੜੀ ਪਾਉਂਦੇ ਹਨ। ‘ਪੰਜਾਬ ਟਾਈਮਜ਼’ ਨਾਲ ਚਿਰਾਂ ਤੋਂ ਜੁੜੇ ਰਹੇ ਅਤੇ ਅੱਜਕੱਲ੍ਹ ਅਮਰੀਕਾ ਵੱਸਦੇ ਜਸਵੰਤ ਸਿੰਘ ਸੰਧੂ ਨੇ ਪਾਕਿਸਤਾਨ ਫੇਰੀ ਬਾਰੇ ਲੰਮਾ ਲੇਖ ਸਾਨੂੰ ਲਿਖ ਭੇਜਿਆ ਹੈ। ਐਤਕੀਂ ਇਸ ਦੀ ਪਹਿਲੀ ਕਿਸ਼ਤ ਛਾਪ ਰਹੇ ਹਾਂ।

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ, ਕੈਲੀਫੋਰਨੀਆ
ਫੋਨ: 510-909-8204

ਪਾਕਿਸਤਾਨ ਬਣਨ ਵੇਲੇ ਮੇਰੀ ਉਮਰ 8 ਕੁ ਸਾਲ ਸੀ। ਸਾਡੇ ਪਿੰਡ ਵਿਚ ਹਿੰਦੂ, ਮੁਸਲਮਾਨ, ਸਿੱਖ ਤੇ ਮਜ਼੍ਹਬੀ ਸਿੱਖ ਆਪਸ ਵਿਚ ਬੜੇ ਪਿਆਰ ਨਾਲ ਰਹਿੰਦੇ ਸਨ। ਕਦੀ ਵੀ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਸੀ ਹੋਇਆ। ਮੇਰੇ ਪਿਤਾ ਜੀ ਦੇ ਖੇਤੀਬਾੜੀ ਦੇ ਭਿਆਲ (ਸਾਂਝੀ) ਅੱਲ੍ਹਾ ਬਖਸ਼ ਅਤੇ ਇਬਰਾਹੀਮ ਹੁੰਦੇ ਸਨ। ਉਨ੍ਹਾਂ ਦੀਆਂ ਪਤਨੀਆਂ ਅੱਲ੍ਹਾ ਰੱਖੀ ਅਤੇ ਸਾਇਰਾ ਬੀਬੀ ਮੈਨੂੰ ਆਪਣੇ ਪੁੱਤਾਂ ਵਾਂਗ ਪਿਆਰ ਕਰਦੀਆਂ ਸਨ ਜੋ ਮੈਨੂੰ ਅਜੇ ਤੱਕ ਨਹੀਂ ਭੁੱਲਿਆ। ਅੱਲ੍ਹਾ ਬਖਸ਼ ਦਾ ਵੱਡਾ ਪੁੱਤ ਫੀਰੋਜ਼ਦੀਨ ਮੈਨੂੰ ਖਿਡਾਉਂਦਾ ਹੁੰਦਾ ਸੀ। ਉਸ ਵਕਤ ਉਸ ਦੀ ਉਮਰ ਪੰਝੀ ਛੱਬੀ ਸਾਲ ਦੀ ਸੀ। ਇਬਰਾਹੀਮ ਦਾ ਲੜਕਾ ਸ੍ਹਾਕੀ ਮੇਰੇ ਨਾਲ ਘੁਲਦਾ ਹੁੰਦਾ ਸੀ। ਕਦੀ ਮੈਂ ਉਸ ਨੂੰ ਢਾਹ ਲੈਂਦਾ ਸੀ ਤੇ ਕਦੇ ਉਹ ਮੈਨੂੰ। ਮੇਰੀ ਬੀਬੀ (ਮਾਂ), ਅੱਲ੍ਹਾ ਰੱਖੀ, ਸਾਇਰਾ ਬੀਬੀ ਅਤੇ ਇਬਰਾਹੀਮ ਦੀ ਅੰਮਾ ਤਾਬਾਂ ਇਕੱਠੀਆਂ ਮਕੱਈ ਦੇ ਮਿਨਾਰੇ ਦੀਆਂ ਛੱਲੀਆਂ ਕੱਢਦੀਆਂ ਤੇ ਕਪਾਹ ਚੁਣਦੀਆਂ ਹੁੰਦੀਆਂ ਸਨ।
ਪਾਕਿਸਤਾਨ ਬਣਨ ‘ਤੇ ਪਿੰਡ ਦੇ ਮੁਸਲਮਾਨਾਂ ਨਾਲ ਪਰਿਵਾਰਾਂ ਸਮੇਤ ਅੱਲ੍ਹਾ ਬਖਸ਼ ਅਤੇ ਇਬਰਾਹੀਮ ਦੇ ਪਰਿਵਾਰ ਨੂੰ ਵੀ ਆਪਣਾ ਪਿੰਡ ਛੱਡਣਾ ਪਿਆ। ਆਪਣੀ ਮਾਤ-ਭੂਮੀ ਛੱਡਣੀ ਬੜੀ ਔਖੀ ਹੁੰਦੀ ਹੈ। ਪਿੰਡ ਛੱਡਣ ਤੋਂ ਪਹਿਲਾਂ ਉਹ ਸਾਰੇ ਮੇਰੀ ਦਾਦੀ ਜੀ ਨੂੰ ਮਿਲਣ ਆਏ ਤੇ ਰੋਂਦੇ ਹੋਏ ਮੇਰੀ ਦਾਦੀ ਦੇ ਗਲ ਲੱਗ ਕੇ ਕਹਿ ਰਹੇ ਸਨ, “ਅੰਮਾ ਸਾਨੂੰ ਭੁਲਿਓ ਨਾ, ਜਿਊਂਦੇ ਰਹੇ ਤਾਂ ਫੇਰ ਮਿਲਾਂਗੇ।”

ਦਸਵੀਂ ਜਮਾਤ ਵਿਚ ਪੜ੍ਹਦਿਆਂ ਮੈਂ ਮਾਸਕ ਪਰਚੇ ‘ਪ੍ਰੀਤ ਲੜੀ’ ਦਾ ਪਾਠਕ ਬਣ ਗਿਆ ਜੋ ਪ੍ਰੀਤ ਨਗਰ ਤੋਂ ਨਿਕਲਦਾ ਸੀ। ਸ. ਗੁਰਬਖਸ਼ ਸਿੰਘ ਪ੍ਰੀਤਲੜੀ ‘ਪ੍ਰੀਤ ਝਰੋਖੇ’ ਨਾਮੀ ਕਾਲਮ ਵਿਚ ਪ੍ਰੀਤ ਪਾਠਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੁੰਦੇ ਸਨ। ਇੱਕ ਪਾਠਕ ਨੇ ਸਵਾਲ ਕੀਤਾ: ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਗੀਤ ਲਿਖਣ ਵਾਲਾ ਡਾ. ਮੁਹੰਮਦ ਇਕਬਾਲ 1930 ਵਿਚ ਪਾਕਿਸਤਾਨ ਦਾ ਵਿਚਾਰ ਦੇਣ ਲਈ ਮਜਬੂਰ ਕਿਉਂ ਹੋ ਗਿਆ?
ਸ. ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਦਾ ਜਵਾਬ ਸੀ: ਹਿੰਦੋਸਤਾਨ ਦੀ ਬਹੁ ਗਿਣਤੀ ਨੇ ਉਸ ਵਾਸਤੇ ਸਾਰੇ ਜਹਾਂ ਸੇ ਅੱਛਾ ਨਾ ਰਹਿਣ ਦਿੱਤਾ। ਤੇ ਉਸ ਨੂੰ ਲਿਖਣਾ ਪਿਆ:
ਮੁਦਤੇਂ ਗੁਜ਼ਰੀ ਹੈ ਇਤਨੇ ਰੰਜੋ ਗ਼ਮ ਸਹਿਤੇ ਹੁਏ।
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੁਏ।
ਇਕਬਾਲ ਕੋਈ ਮਹਿਰਮ ਅਪਨਾ ਨਹੀਂ ਜਹਾਂ ਮੇਂ,
ਕੋਈ ਨਹੀਂ ਜੋ ਸਮਝੇ ਦਰਦੇ ਨਿਹਾਂ ਮਹਾਰਾ।
ਇਹ ਅੰਦਰ ਦਾ ਕਿਹੜਾ ਦਰਦ ਸੀ ਜਿਹੜਾ ਨਹੀਂ ਸੀ ਸਮਝਿਆ ਗਿਆ? ਕਿਤੇ ਇਹ ਹਿੰਦੂ ਧਰਮ ਦੀ ਉਹ ਕੱਟੜਤਾ ਤਾਂ ਨਹੀਂ ਸੀ ਜਿਸ ਨੇ ਮੁਸਲਮਾਨਾਂ ਨੂੰ ਮਜ਼੍ਹਬੀ ਤੌਰ ‘ਤੇ ਸਦਾ ਲਈ ਆਪਣੇ ਤੋਂ ਹੀਣੇ ਅਤੇ ਬੌਣੇ ਸਮਝਿਆ? ਉਨ੍ਹਾਂ ਨੂੰ ਆਪਣੇ ਨੇੜੇ ਨਾ ਲੱਗਣ ਦਿੱਤਾ, ਹਮੇਸ਼ਾ ਅਛੂਤ ਸਮਝ ਕੇ ਵਿਹਾਰ ਕੀਤਾ!

ਲਾਹੌਰ ਰੇਡੀਓ ‘ਤੇ ਇਕ ਵਾਰ ਮੈਂ ਆਪ, ਨਿਜ਼ਾਮਦੀਨ ਨੂੰ ਪਾਕਿਸਤਾਨ ਬਣਨ ਦੇ ਹੱਕ ਵਿਚ ਕਹਿੰਦਿਆਂ ਸੁਣਿਆ। ਉਹ ਮਿਸਾਲ ਦੇ ਰਿਹਾ ਸੀ:
ਚੌਧਰੀ ਜੀ, ਪਾਕਿਸਤਾਨ ਬਣਨ ਨਾਲ ਸਾਨੂੰ ਸਾਡਾ ਘਰ ਮਿਲਿਐ। ਇਜ਼ਤ ਤੇ ਆਬਰੂ ਮਿਲੀ ਹੈ। ਅਸੀਂ ਵੀ ਜ਼ਮੀਨਾਂ ਜਾਇਦਾਦਾਂ ਵਾਲੇ ਬਣੇ ਆਂ। ਪਾਕਿਸਤਾਨ ਬਣਨ ਤੋਂ ਪਹਿਲਾਂ ਸਾਡੇ ਗ਼ਰੀਬ ਮੁਸਲਮਾਨਾਂ ਦੀ ਹਾਲਤ ਕੀ ਸੀ, ਉਹ ਵੀ ਸੁਣ ਲਓ…
ਸਾਡੇ ਪਿੰਡ ਇਕ ਕਾਂਸ਼ੀ ਬਾਹਮਣ ਹੁੰਦਾ ਸੀ। ਉਸ ਦੀ ਕੁੜੀ ਦਾ ਵਿਆਹ ਸੀ। ਉਨ੍ਹਾਂ ਨੇ ਹਲਵਾ ਬਣਾ ਕੇ ਪਰਾਤਾਂ ਵਿਚ ਪਾ ਕੇ ਬਾਹਰ ਵਿਹੜੇ ਵਿਚ ਠੰਢਾ ਹੋਣ ਲਈ ਰੱਖਿਆ ਸੀ। ਉਨ੍ਹਾਂ ਦੇ ਵਿਹੜੇ ਦੀ ਇਕ ਕੰਧ ‘ਤੇ ਮੁਸਲਮਾਨ ਸਨ ਤੇ ਦੂਜੀ ‘ਤੇ ਕੁੱਤੇ। ਘੁਰ ਘੁਰ ਕਰਦੇ ਕੁੱਤੇ ਆਪਸ ਵਿਚ ਲੜ ਪਏ ਤੇ ਇਕ ਕੁੱਤਾ ਇਕ ਪਰਾਤ ਵਿਚ ਡਿੱਗ ਪਿਆ। ਉਸ ਪਰਾਤ ਵਾਲਾ ਹਲਵਾ ਉਨ੍ਹਾਂ ਨੇ ਸਾਡੇ ਮੁਸਲਮਾਨਾਂ ਵਿਚ ਵੰਡਿਆ। ਇਹ ਸੀ ਹਾਲਤ ਸਾਡੇ ਮੁਸਲਮਾਨਾਂ ਦੀ।
ਉਸ ਅਨੁਸਾਰ ਸਮਾਜਿਕ ਤੇ ਸਭਿਆਚਾਰਕ ਜਾਂ ਜਾਤੀਗਤ ਪੱਧਰ ‘ਤੇ ਕੱਟੜ ਹਿੰਦੂ ਭਾਈਚਾਰੇ ਨੇ ਮੁਸਲਮਾਨਾਂ ਨੂੰ ਕਦੀ ਵੀ ਆਪਣੇ ਬਰਾਬਰ ਨਹੀਂ ਸੀ ਸਮਝਿਆ। ਉਨ੍ਹਾਂ ਦੀ ਹਾਲਤ ਨੂੰ ਇਨਸਾਨ ਦੀ ‘ਕੁੱਤੇ’ ਨਾਲ ਤੁਲਨਾ ਵਜੋਂ ਪੇਸ਼ ਕਰਨਾ ਬਹੁਤ ਵੱਡਾ ਦੁਖਾਂਤ ਵਿਅੰਗ ਸੀ। ਕੀ ਡਾ. ਇਕਬਾਲ ਦੇ ਅੰਦਰ ਵੀ ਮੁਸਲਮਾਨਾਂ ਦੇ ਅਛੂਤ ਸਮਝੇ ਜਾਣ ਦਾ ਦਰਦ ਹੀ ਤਾਂ ਨਹੀਂ ਸੀ ਵਿਲਕਦਾ ਜਿਹੜਾ ਆਖਰਕਾਰ ਪਾਕਿਸਤਾਨ ਦਾ ਵਿਚਾਰ ਬਣ ਕੇ ਉਸ ਦੇ ਮਨ ਵਿਚੋਂ ਉਬਲ ਪਿਆ?
ਇਸ ਹਿੰਦੂ-ਮੁਸਲਿਮ ਨਫਰਤ ਕਾਰਨ ਹੀ ਅੰਗਰੇਜ਼ ਦੀ ਸ਼ਹਿ ‘ਤੇ 1906 ਵਿਚ ਮੁਸਲਮ ਲੀਗ ਬਣੀ। 23 ਮਾਰਚ, 1940 ਨੂੰ ਮਿੰਟੋ ਪਾਰਕ ਲਾਹੌਰ ਵਿਖੇ ਮੁਸਲਮ ਲੀਗ ਨੇ ਪਾਕਿਸਤਾਨ ਦਾ ਮਤਾ ਪਾਸ ਕੀਤਾ। 14 ਅਗਸਤ 1947 ਨੂੰ ਦੁਨੀਆ ਦੇ ਨਕਸ਼ੇ ‘ਤੇ ਪਾਕਿਸਤਾਨ ਹੋਂਦ ਵਿਚ ਆਇਆ, ਤੇ ਇਸ ਦੇ ਨਾਲ ਹੀ ਸਾਡਾ ਪੰਜਾਬ ਵੀ ਵੰਡਿਆ ਗਿਆ। ਇਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮਿਹਨਤ ਨਾਲ ਬਣਾਈਆਂ ਜ਼ਮੀਨਾਂ ਤੇ ਜਨਮ-ਭੂਮੀ ਜ਼ਬਰਦਸਤੀ ਛੱਡਣੇ ਪਏ। ਦਸ ਲੱਖ ਲੋਕ ਮਾਰੇ ਗਏ। ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਤੇ ਧਰਮ ਬਦਲੇ ਗਏ।
ਪਾਕਿਸਤਾਨ ਬਣਨ ਦਾ ਇਹ ਪਿਛੋਕੜ ਦੱਸਣ ਤੋਂ ਮੇਰਾ ਮਤਲਬ ਹੈ ਕਿ ਅੰਗਰੇਜ਼ ਦੀ ‘ਵੰਡੋ ਤੇ ਰਾਜ ਕਰੋ’ ਦੀ ਪਾਲਸੀ ‘ਤੇ ਹਿੰਦੂ ਭਾਈਚਾਰੇ ਵੱਲੋਂ ਮੁਸਲਮਾਨਾਂ ਨੂੰ ਅਛੂਤ ਸਮਝਣ ਦੀ ਨਫਰਤ ਵਿਚੋਂ ਪੰਜਾਬ ਦੀ ਕੌਮੀ ਖੁਦਕੁਸ਼ੀ ਹੋਈ। ਨਾਲ ਹੀ ਸਿੱਖਾਂ ਨੂੰ ਨਨਕਾਣਾ ਸਾਹਿਬ ਸਮੇਤ ਪੌਣੇ ਦੋ ਸੌ ਇਤਿਹਾਸਕ ਗੁਰਦੁਆਰਿਆਂ ਦਾ ਵਿਛੋੜਾ ਸਹਿਣਾ ਪਿਆ ਜੋ 1947 ਤੋਂ ਲੈ ਕੇ ਅੱਜ ਤੱਕ ਸਾਡੀ ਅਰਦਾਸ ਦਾ ਅਟੁੱਟ ਹਿੱਸਾ ਹੈ।
ਭਾਰਤੀਆਂ ਤੇ ਪਾਕਿਸਤਾਨੀਆਂ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ। ਦੋਹਾਂ ਦੇਸ਼ਾਂ ਦੇ ਲੀਡਰ 47 ਤੋਂ ਪਹਿਲਾਂ ਵਾਲੀ ਨਫਰਤ ਤੋਂ ਖਹਿੜਾ ਨਹੀਂ ਛੁਡਾ ਸਕੇ। ਅੱਜ ਫੇਰ ਮੁਲਕ ਧਾਰਮਿਕ ਆਤੰਕ ਦੇ ਖਤਰਨਾਕ ਦੌਰ ਵਿਚ ਸ਼ਾਮਲ ਹੋ ਗਿਆ ਹੈ। ਅੰਨ੍ਹੀ ਨਫਰਤ ਤੇ ਰਾਸ਼ਟਰਵਾਦ ਮਨੁੱਖਤਾ ਦੀ ਸੋਚ ਨੂੰ ਫੇਰ ਅੰਨ੍ਹੇ ਕਰ ਰਹੇ ਹਨ। ਬੰਦਿਆਂ ਵਾਂਗ ਸੋਚਣ ਅਤੇ ਵਿਚਰਨ ਦੀ ਥਾਂ ਅਸੀਂ ਹਿੰਦੂ, ਸਿੱਖ ਤੇ ਮੁਸਲਮਾਨ ਬਣ ਕੇ ਇਕ ਦੂਜੇ ਖਿਲਾਫ ਨਫਰਤ ਵਿਚ ਰਿੱਝਣ ਲੱਗੇ ਹਾਂ। ਭੁੱਲ ਗਏ ਹਾਂ ਕਿ ਮਜ਼ਹਬ ਕਦੀ ਨਫਰਤ ਨਹੀਂ ਸਿਖਾਉਂਦਾ, ਸਗੋਂ ਪਿਆਰ ਸਿਖਾਉਂਦਾ ਹੈ। ਮਜ਼੍ਹਬੀ ਫਿਰਕਾਪ੍ਰਸਤੀ ਨੇ ਸਾਨੂੰ ਸੰਤਾਲੀ ਵਿਚ ਆਰਾ ਧਰ ਕੇ ਚੀਰ ਦਿੱਤਾ ਸੀ ਤੇ ਇਕ ਜਿਸਮ ਦੇ ਦੋ ਟੋਟੇ ਹੋ ਗਏ।

ਮੇਰੇ ਪਿਤਾ ਜੀ ਹਰ ਮਹੀਨੇ ਤਰਨਤਾਰਨ ਦੀ ਮੱਸਿਆ ਜਾਂਦੇ ਹੁੰਦੇ ਸੀ, ਮੈਂ ਵੀ ਉਨ੍ਹਾਂ ਨਾਲ ਜਾਣ ਲੱਗ ਪਿਆ। ਪਰਿਕਰਮਾ ਦੀ ਉੱਤਰ ਵਾਲੀ ਬਾਹੀ ਵਿਚ ਸੈਂਟਰ-ਮਾਝਾ ਦਾ ਦੀਵਾਨ ਲਗਦਾ ਹੁੰਦਾ ਸੀ ਜਿਸ ਦਾ ਸਟੇਜ ਸੈਕਟਰੀ ਮਹਿਲ ਸਿੰਘ ਸੁਰਸਿੰਘ ਹੁੰਦਾ ਸੀ ਜੋ ਬੜੇ ਭਾਵੁਕ ਸ਼ਬਦਾਂ ਨਾਲ ਸ੍ਰੀ ਨਨਕਾਣਾ ਸਾਹਿਬ ਦੇ ਸਿੱਖਾਂ ਤੋਂ ਵਿਛੋੜੇ ਦਾ ਦਰਦਨਾਕ ਬਿਆਨ ਕਰਦਾ ਹੁੰਦਾ ਸੀ, “ਹਿੰਦੂਆਂ ਨੂੰ ਕਾਸ਼ੀ, ਮੁਸਲਮਾਨਾਂ ਨੂੰ ਮੱਕਾ ਪਰ ਸਾਡਾ ਮੱਕਾ, ਸ੍ਰੀ ਨਨਕਾਣਾ ਸਾਹਿਬ ਦੇਸ਼ ਵੰਡ ਕਾਰਨ ਸਾਥੋਂ ਖੁੱਸ ਗਿਆ। ਇਸੇ ਦੀਵਾਨ ਵਿਚ ਵਿਦਵਾਨ ਢਾਡੀ ਸੋਹਣ ਸਿੰਘ ਸੀਤਲ ਅਤੇ ਪਿਆਰਾ ਸਿੰਘ ਪੰਛੀ ਜੋ ਖੁਦ ਉਜਾੜੇ ਦਾ ਸ਼ਿਕਾਰ ਹੋਏ ਸਨ, ਵੰਡ ਦੀਆਂ ਦਰਦਨਾਕ ਵਾਰਾਂ ਸੁਣਾ ਕੇ ਭਾਵੁਕ ਕਰ ਦਿੰਦੇ ਸਨ (ਸੀਤਲ ਜੀ ਨੇ ਪੰਜਾਬ ਦੀ ਵੰਡ ‘ਤੇ ਕਿਤਾਬ ‘ਪੰਜਾਬ ਦਾ ਉਜਾੜਾ’ ਵੀ ਲਿਖੀ ਹੈ):
ਮੁੜ ਮੁੜ ਕੇ ਯਾਦ ਆਵੇ ਪੱਛਮੀ ਪੰਜਾਬ ਦੀ,
ਅੱਖੀਆਂ ਵਿਚ ਸੂਰਤ ਫਿਰਦੀ ਏ ਰਾਵੀ ਚਨਾਬ ਦੀ।

ਵਤਨ ਦੀ ਯਾਦ ਭੁੱਲਦੀ ਨਹੀਂ ਜ਼ਮਾਨੇ ਯਾਦ ਆਉਂਦੇ ਨੇ,
ਜਿਥੇ ਤੂੰ ਚਾਰੀਆਂ ਮੱਝੀਆਂ ਟਿਕਾਣੇ ਯਾਦ ਆਉਂਦੇ ਨੇ।

ਕਈਆਂ ਚਿਰਾਂ ਦੀ ਹੈ ਸੀ ਉਡੀਕ ਸਾਨੂੰ,
ਕਦੇ ਹੋਵੇਗਾ ਦੇਸ ਆਜ਼ਾਦ ਸਾਡਾ।
ਏਸ ਗੱਲ ਦਾ ‘ਪੰਛੀਆ’ ਪਤਾ ਨਹੀਂ ਸੀ,
ਹੋ ਜਾਣਾ ਹੈ ਝੁੱਗਾ ਬਰਬਾਦ ਸਾਡਾ।
ਇਹ ਵਾਰਾਂ ਸੁਣ ਕੇ ਉਜੜ ਕੇ ਆਏ ਲੋਕ ਦੀਵਾਨ ਵਿਚ ਧਾਹਾਂ ਮਾਰ ਮਾਰ ਰੋਂਦੇ ਮੈਂ ਅੱਖੀਂ ਦੇਖੇ ਸਨ। ਵਿਛੜੇ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਦੀ ਰੀਝ ਮੇਰੇ ਮਨ ਵਿਚ ਪੈਦਾ ਹੋ ਗਈ।

ਸ਼੍ਰੋਮਣੀ ਗੁਰਦੇਆਰਾ ਪ੍ਰਬੰਧਕ ਕਮੇਟੀ ਹਰ ਸਾਲ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਜਥੇ ਭੇਜਦੀ ਸੀ। ਮੈਂ ਵੀ 1980 ਵਿਚ ਵੀਜ਼ਾ ਲਵਾ ਕੇ ਜਥੇ ਨਾਲ ਗਿਆ। ਇਹ ਵੀਜ਼ਾ ਸਿਰਫ ਇਨ੍ਹਾਂ ਗੁਰਦੁਆਰਿਆਂ ਵਾਲੇ ਸ਼ਹਿਰਾਂ ਤਕ ਸੀਮਤ ਸੀ। ਮੈਂ ਪੱਛਮੀ ਪੰਜਾਬ ਦੇ ਲੋਕਾਂ ਨੂੰ ਮਿਲਣਾ ਚਾਹੁੰਦਾ ਸੀ, ਪਿੰਡ ਦੇਖਣੇ ਚਾਹੁੰਦਾ ਸੀ, ਗੱਲਾਂ ਕਰਨੀਆਂ ਚਾਹੁੰਦਾ ਸੀ। ਬਾਬੇ ਬੁੱਲ੍ਹੇ ਸ਼ਾਹ ਦਾ ਮਜ਼ਾਰ, ਕਸੂਰ, ਵਾਰਸ ਸ਼ਾਹ ਦਾ ਜੰਡਿਆਲਾ ਸ਼ੇਰ ਖਾਂ ਤੇ ਲਾਇਲਪੁਰ ਦੇ ਖਾਲਸਾ ਕਾਲਜ ਦੀ ਸਿੱਖਾਂ ਵੱਲੋਂ ਬਣਾਈ ਬਿਲਡਿੰਗ ਦੇਖਣੀ ਚਾਹੁੰਦਾ ਸੀ। 213 ਚੱਕ ਲਾਇਲਪੁਰ ਦੇ ਸ. ਜਵੰਦ ਸਿੰਘ ਜੀ ਨੇ 1908 ਵਿਚ ਖਾਲਸਾ ਹਾਈ ਸਕੂਲ ਨੂੰ 38 ਕਿੱਲੇ ਜ਼ਮੀਨ ਦਾਨ ਕੀਤੀ ਸੀ।
2005 ਵਿਚ ਮੈਂ ਆਪਣੇ ਲੜਕੇ ਆਤਮਜੀਤ ਸਿੰਘ ਪਾਸ ਅਮਰੀਕਾ ਆ ਗਿਆ ਅਤੇ 2010 ਵਿਚ ਅਮਰੀਕਨ ਸਿਟੀਜ਼ਨ ਬਣ ਗਿਆ। ਇਥੋਂ ਵੀਜ਼ਾ ਲਵਾ ਕੇ ਆਪਣੀ ਉਪਰੋਕਤ ਰੀਝ ਪੂਰੀ ਕਰ ਸਕਦਾ ਸੀ। ਸੱਜਣਾਂ ਮਿੱਤਰਾਂ ਤੋਂ ਪਤਾ ਲੱਗਾ ਕਿ ਕੁਝ ‘ਸੱਜਣ’ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਵੀਜ਼ੇ ਲਵਾ ਕੇ ਜਥੇ ਦੇ ਰੂਪ ਵਿਚ ਜਾਂਦੇ ਹਨ। ਅਜਿਹੇ ਇਕ ਸੱਜਣ ਨਾਲ ਸੰਪਰਕ ਕੀਤਾ ਤਾਂ ਉਸ ਨੇ ਅਠਾਈ ਸੌ ਡਾਲਰ ਦਾ ਖਰਚਾ ਦੱਸਿਆ। ਜਥੇ ਨਾਲ ਜਾ ਕੇ ਬੰਦਿਸ਼ ਵਿਚ ਰਹਿਣਾ ਤੇ ਦੂਸਰਾ ਉਸ ਦੀ ਯਾਤਰਾ ਫੀਸ ਵੀ ਜ਼ਿਆਦਾ ਤੇ ਵਪਾਰਕ ਲੱਗੀ। ਮੈਂ ਨਾਂਹ ਕਰ ਦਿੱਤੀ।
ਪਾਕਿਸਤਾਨ ਵਿਚ ਪਬਲਿਕ ਥਾਵਾਂ ‘ਤੇ ਹੁੰਦੇ ਬੰਬ ਧਮਾਕੇ ਅਤੇ ਦਹਿਸ਼ਤਗਰਦੀ ਦੀਆਂ ਘਟਨਾਵਾਂ ਦੇ ਡਰ ਤੋਂ ਮੇਰਾ ਇਥੋਂ ਤੇ ਇੰਡੀਆ ਵਾਲਾ ਪਰਿਵਾਰ, ਖਾਸ ਕਰ ਕੇ ਮੇਰੀਆਂ ਦੋਵੇਂ ਧੀਆਂ ਇਸ ਯਾਤਰਾ ਦੇ ਹੱਕ ਵਿਚ ਨਹੀਂ ਸਨ। ਇਸੇ ਦੌਰਾਨ ਮੇਰੇ ਲੜਕੇ ਦੇ ਟੋਰਾਂਟੋ ਵਸਦੇ ਦੋਸਤ ਤੇ ਜਮਾਤੀ ਮਨਦੀਪ ਭੁੱਲਰ ਦਾ ਫੋਨ ਆ ਗਿਆ ਕਿ ਮੈਂ ਅਤੇ ਮੇਰੇ ਪਿਤਾ ਜੀ (ਸ. ਮਨਮੋਹਨ ਸਿੰਘ ਭੁੱਲਰ) ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਤੇ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਲਈ ਪਾਕਿਸਤਾਨ ਜਾ ਰਹੇ ਹਾਂ। ਜਵਾਬ ਵਿਚ ਮੇਰੇ ਲੜਕੇ ਨੇ ਕਿਹਾ ਕਿ ਮੇਰੇ ਪਿਤਾ ਜੀ ਵੀ ਪਾਕਿਸਤਾਨ ਜਾਣਾ ਚਾਹੁੰਦੇ ਹਨ, ਤੁਸੀਂ ਜਿਸ ਹੋਟਲ ਵਿਚ ਆਪਣੇ ਕਮਰੇ ਬੁੱਕ ਕਰਾਉਣੇ ਨੇ, ਇਨ੍ਹਾਂ ਦਾ ਕਮਰਾ ਵੀ ਬੁੱਕ ਕਰ ਲੈਣਾ। ਉਨ੍ਹਾਂ ਲਾਹੌਰ ਦੇ ਪੀ.ਸੀ. ਹੋਟਲ ਵਿਚ ਕਮਰੇ ਬੁੱਕ ਕਰਾ ਲਏ। ਲਾਹੌਰ ਵਿਚ ਪੀ.ਸੀ. ਹੋਟਲ, ਅਵਾਰੀ ਹੋਟਲ ਤੇ ਫਲੈਟੀ ਹੋਟਲ ਫਾਈਵ ਸਟਾਰ ਹੋਟਲ ਨੇ ਅਤੇ ਕਾਫੀ ਮਹਿੰਗੇ ਹਨ। ਇਹ ਹੋਟਲ ਗਵਰਨਰ ਹਾਊਸ ਦੇ ਨੇੜੇ ਹੋਣ ਕਰਕੇ ਸਕਿਉਰਟੀ ਪੱਖੋਂ ਸੁਰਖਿਅਤ ਵੀ ਸੀ।
ਮੈਂ ਆਪਣੇ ਫੇਸਬੁੱਕ ਫਰੈਂਡ ਸਈਅਦ ਦਿਲਦਾਰ ਹੁਸੈਨ ਸ਼ਾਹ ਜੀ ਤੋਂ ਸਪਾਂਸਰਸ਼ਿਪ ਮੰਗਵਾ ਲਈ। ਮੈਂ ਇੰਡੀਆ ਜਾ ਕੇ ਇਹ ਯਾਤਰਾ ਵਾਘੇ ਬਾਰਡਰ ਰਾਹੀਂ ਕਰਨੀ ਚਾਹੁੰਦਾ ਸੀ ਜੋ ਮੇਰੇ ਪਿੰਡ ਘਰਿੰਡੇ ਤੋਂ ਕੇਵਲ ਅੱਠ ਕਿਲੋਮੀਟਰ ਹੈ। ਮੇਰੇ ਲੜਕੇ ਨੇ ਡਾਕ ਰਾਹੀਂ ਵੀਜੇ ਵਾਸਤੇ ਐਲ.ਏ. ਦੀ ਪਾਕਿਸਤਾਨ ਅੰਬੈਸੀ ਨੂੰ ਅਪਲਾਈ ਕਰ ਦਿੱਤਾ। 15 ਦਿਨਾਂ ਬਾਅਦ 15 ਦਿਨਾਂ ਦਾ ਵੀਜ਼ਾ ਲੱਗ ਕੇ ਡਾਕ ਰਾਹੀਂ ਮੈਨੂੰ ਮਿਲ ਗਿਆ।
16 ਅਕਤੂਬਰ, 2019 ਨੂੰ ਮੈਂ ਆਪਣੇ ਪਿੰਡ ਪਹੁੰਚ ਗਿਆ। ਹਵਾਈ ਸਫਰ ਦਾ ਥਕੇਵਾਂ ਲਾਹੁਣ ਤੋਂ ਬਾਅਦ ਮੈਂ ਆਪਣੇ ਲੜਕੇ ਜਸਜੀਤ ਸਿੰਘ ਨੂੰ ਨਾਲ ਲੈ ਕੇ 2 ਨਵੰਬਰ 2019 ਵਾਘੇ ਬਾਰਡਰ ਪਹੁੰਚ ਗਿਆ। ਮੈਂ ਇਹ ਬਾਰਡਰ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨਾਲ ਕਈ ਵਾਰ ਦੇਖ ਚੁੱਕਾ ਸਾਂ। ਜਦ ਦੋਹਾਂ ਦੇਸ਼ਾਂ ਦੇ ਝੰਡੇ ਲਹਿ ਜਾਂਦੇ ਤਾਂ ਦੋਹਾਂ ਪਾਸਿਆਂ ਦੇ ਅਵਾਮ ਨੂੰ ਗੇਟ ਤੱਕ ਆਉਣ ਦੀ ਇਜਾਜ਼ਤ ਮਿਲ ਜਾਂਦੀ ਸੀ। ਦੋਹਾਂ ਪਾਸਿਆਂ ਦੇ ਲੋਕ ਗੇਟਾਂ ਤੱਕ ਆ ਕੇ ਬਿਨਾ ਜਾਣਦਿਆਂ ਹੋਇਆ ਵੀ, ਇੱਕ ਦੂਜੇ ਵਲ ਹੱਥ ਹਿਲਾ ਕੇ ਮੁਸਕਰਾਹਟਾਂ ਸੁੱਟਦੇ। ਹੱਦ ‘ਤੇ ਖਲੋਤੇ ਸੰਤਰੀ ਨੇ ਲੋਕਾਂ ਨੂੰ ਕਿਹਾ, “ਅਰੇ ਭਈਆ! ਇਸ ਗੇਟ ਕੋ ਮਤ ਧਕੇਲੋ, ਯੇ ਕਮਜ਼ੋਰ ਦਰਵਾਜ਼ਾ ਹੈ, ਟੂਟ ਜਾਏਗਾ। ਵਰਿਆਮ ਸਿੰਘ ਸੰਧੂ ਨੇ ਕਮਜ਼ੋਰ ਦਰਵਾਜ਼ਾ ਨਾਮੀ ਲੇਖ ਲਿਖਿਆ ਕਿ ਸੰਤਰੀ ਦੇ ਕਹਿਣ ਮੁਤਾਬਿਕ, ਇਹ ਦਰਵਾਜ਼ਾ ਬਿਲਕੁਲ ਕਮਜ਼ੋਰ ਹੈ ਜੋ ਦੋਹਾਂ ਪਾਸਿਆਂ ਦੇ ਲੋਕਾਂ ਦੇ ਦਿਲੀ ਪਿਆਰ ਨਾਲ ਜ਼ਰੂਰ ਟੁੱਟ ਜਾਵੇਗਾ। ਲੋਕ ਇਕ ਦੂਜੇ ਨੂੰ ਬੇਰੋਕ-ਟੋਕ ਮਿਲਿਆ ਕਰਨਗੇ।
ਪਾਕਿਸਤਾਨ ਬਣਨ ਤੋਂ ਬਾਅਦ ਜੀ.ਟੀ. ਰੋਡ ਦੇ ਨਾਲ-ਨਾਲ ਬਣੇ ਛੋਟੇ-ਛੋਟੇ ਕਮਰਿਆਂ ਵਿਚ ਹੀ ਇਮੀਗਰੇਸ਼ਨ ਤੇ ਕਸਟਮ ਵਗੈਰਾ ਦੀ ਚੈਕਿੰਗ ਹੁੰਦੀ ਸੀ ਪਰ ਹੁਣ ਵਾਘਾ ਬਾਰਡਰ ਖੁਸ਼ਕ ਬੰਦਰਗਾਹ ਬਣ ਚੁੱਕੀ ਸੀ। ਦੋਹਾਂ ਦੇਸ਼ਾਂ ਦੇ ਵਪਾਰ ਅਤੇ ਇਮੀਗਰੇਸ਼ਨ ਵਾਸਤੇ ਅੱਡ-ਅੱਡ ਰਸਤੇ ਤੇ ਬਿਲਡਿੰਗਾਂ ਬਣ ਚੁੱਕੀਆਂ ਹਨ। ਜੀ.ਟੀ. ‘ਤੇ ਕਈ ਰੁਕਾਵਟਾਂ ਪਾਰ ਕਰਕੇ ਅਸੀਂ ਉਥੇ ਪਹੁੰਚ ਗਏ ਜਿਥੋਂ ਨਵੀਂ ਬਣੀ ਇਮੀਗਰੇਸ਼ਨ ਬਿਲਡਿੰਗ ਵੱਲ ਸੜਕ ਜਾਂਦੀ ਸੀ। ਗੇਟ ‘ਤੇ ਖਲੋਤੇ ਸੰਤਰੀ ਨੇ ਮੇਰਾ ਪਾਸਪੋਰਟ ਦੇਖਿਆ। ਮੇਰਾ ਲੜਕਾ ਇਸ ਤੋਂ ਅੱਗੇ ਨਹੀਂ ਜਾ ਸਕਦਾ ਸੀ। ਉਹ ਮੈਨੂੰ ਅਟੈਚੀ ਫੜਾ ਕੇ ਵਾਪਸ ਚਲਾ ਗਿਆ ਤੇ ਆਪਣਾ ਅਟੈਚੀ ਲੈ ਕੇ ਮੈਂ ਇਮੀਗਰੇਸ਼ਨ ਦਫਤਰ ਵੱਲ ਚੱਲ ਪਿਆ। ਮੇਰੇ ਇਲਾਕੇ ਦੇ ਕਈ ਜਾਣੂ ਕੁਲੀ ਮੈਨੂੰ ਜਾਣਦੇ ਸਨ। ਉਨ੍ਹਾਂ ਵਿਚੋਂ ਇਕ ਨੇ ਮੇਰੀ ਇਮੀਗਰੇਸ਼ਨ, ਕਸਟਮ ਆਦਿ ਕਰਵਾ ਕੇ ਮੈਨੂੰ ਬੱਸ ਵਿਚ ਬਹਾ ਦਿੱਤਾ ਜੋ ਕੌਮਾਂਤਰੀ ਗੇਟ ਤਕ ਸਵਾਰੀਆਂ ਲਿਜਾਂਦੀ ਹੈ। ਗੇਟ ‘ਤੇ ਮੇਰਾ ਪਾਸਪੋਰਟ ਵਗੈਰਾ ਚੈਕ ਹੋਇਆ। ਮੈਂ ‘ਨੋ ਮੈਨਜ਼ ਲੈਂਡ’ ਪਾਰ ਕਰਕੇ ਰੋਡ ਰਾਹੀਂ ਪਹਿਲੀ ਵਾਰ ਪਾਕਿਸਤਾਨ ਦੀ ਸਰਜ਼ਮੀਂ ਵਿਚ ਦਾਖਲ ਹੋਇਆ।
ਸਾਹਮਣੇ ਪਾਕਿਸਤਾਨੀ ਬਿਲਡਿੰਗ ‘ਤੇ ਮੁਹੰਮਦ ਅਲੀ ਜਿਨਾਹ ਦੀ ਫੋਟੋ ਮੁਸਕਰਾਉਂਦੀ ਹੋਈ ਖੁਸ਼-ਆਮਦੀਦ ਕਹਿ ਰਹੀ ਸੀ। ਇਮਾਨਦਾਰ ਸਿਆਸਤਦਾਨ ਅਤੇ ਕਾਨੂੰਨਦਾਨ ਸਾਬਤ ਹੋਣ ਕਾਰਨ ਮੇਰੇ ਮਨ ਅੰਦਰ ਉਨ੍ਹਾਂ ਲਈ ਬੜੀ ਸ਼ਰਧਾ ਹੈ। ਪਾਕਿਸਤਾਨ ਵਿਚ ਉਨ੍ਹਾਂ ਨੂੰ ਕਾਇਦ-ਏ-ਆਜ਼ਮ (ਵੱਡਾ ਲੀਡਰ) ਅਤੇ ਪਾਕਿਸਤਾਨ ਦਾ ਬਾਨੀ ਕਿਹਾ ਜਾਂਦਾ ਹੈ। ਸ. ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੀ ਜਵੀਨ ਕਹਾਣੀ ਵਿਚ ਉਨ੍ਹਾਂ ਬਾਰੇ ਲਿਖਦੇ ਹਨ:
“1918 ਵਿਚ ਜਿਨਾਹ ਸਾਹਿਬ ਦੀ ਹਰ-ਦਿਲ-ਅਜ਼ੀਜ਼ੀ ਸਾਰੇ ਮੁਲਕ ਵਿਚ ਸੀ ਤੇ ਬੰਬਈ ਦੇ ਹਿੰਦੂ ਤੇ ਮੁਸਲਮਾਨਾਂ ਸ਼ਹਿਰਦਾਰਾਂ ਨੇ ਇਨ੍ਹਾਂ ਦੀ ਇੱਜ਼ਤ ਵਿਚ ਸ਼ਾਨਦਾਰ ‘ਜਿਨਾਹ ਹਾਲ’ ਬਣਾਇਆ ਸੀ। ਇਨ੍ਹਾਂ ਦੀ ਦਿਆਨਤਦਾਰੀ, ਦ੍ਰਿੜਤਾ ਤੇ ਸਵੈ-ਭਰੋਸਾ ਕਾਮਯਾਬੀ ਦੇ ਇਛਕਾਂ ਨੂੰ ਹਮੇਸ਼ਾਂ ਪ੍ਰੇਰਨਾ ਦੇਂਦੇ ਰਹਿਣਗੇ। ਇਹ ਉਨ੍ਹਾਂ ਵਿਰਲੇ ਜੇਤੂਆਂ ਵਿਚੋਂ ਸਨ ਜਿਨ੍ਹਾਂ ਸ਼ਾਇਦ ਹੀ ਕੋਈ ਲੜਾਈ ਹਾਰੀ ਹੋਵੇ।
ਇਕ ਵਾਰੀ ਲਾਹੌਰ ਵਿਚ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਮੈਂ ਇਨ੍ਹਾਂ ਨੂੰ ਸੁਣਿਆ ਸੀ। ਇਨ੍ਹਾਂ ਦੀਆਂ ਦਲੀਲਾਂ ਅਤੇ ਇਨ੍ਹਾਂ ਦੀ ਭਰੋਸੇ ਭਰੀ ਅਦਾਇਗੀ, ਸਭ ਸਵਾਲਾਂ ਨੂੰ ਖਾਮੋਸ਼ ਕਰਦੀਆਂ ਜਾਂਦੀਆਂ ਸਨ। ਇਨ੍ਹਾਂ ਦਾ ਸਵੈ-ਭਰੋਸਾ ਨੌਜਵਾਨਾਂ ਲਈ ਇਕ ਤਲਿਸਮੀ ਟੁੰਬਣੀ ਹੈ। ਜਦੋਂ 1896 ਵਿਚ ਇਹ ਬੈਰਿਸਟਰ ਬਣ ਕੇ ਵਲੈਤੋਂ ਆਏ ਤਾਂ ਸਰ ਚਾਰਲਸ ਐਲੀਵੈਂਟ ਨੇ ਇਨ੍ਹਾਂ ਨੂੰ 1500 ਰੁਪਈਏ ਮਹੀਨੇ ਦੀ ਨੌਕਰੀ ਭੇਟ ਕੀਤੀ ਪਰ ਨੌਜਵਾਨ ਬੈਰਿਸਟਰ ਨੇ ਜਵਾਬ ਦਿੱਤਾ, “ਏਨੀ ਆਮਦਨ ਤਾਂ ਰੋਜ਼ਾਨਾ ਬਣਾ ਸਕਣ ਦੀ ਆਸ ਮੈਂ ਰੱਖਦਾ ਹਾਂ।” ਤੇ ਠੀਕ ਉਨ੍ਹਾਂ ਨੇ ਏਨੀ ਆਮਦਨ ਬਣਾ ਲਈ।
ਪਾਕਿਸਤਾਨ ਉਨ੍ਹਾਂ ਦੇ ਸੁਪਨੇ ਦੀ ਸੰਪੂਰਨਤਾ ਖਿਆਲ ਕੀਤਾ ਜਾਂਦਾ ਹੈ ਪਰ ਹਕੀਕਤ ਵਿਚ ਇਹ ਉਨ੍ਹਾਂ ਦੀ ਤਕਦੀਰ ਨਾਲ ਧੱਕਾ ਸੀ। ਜੇ ਕਦੇ ਉਹ ਸਾਂਝੇ ਹਿੰਦੁਸਤਾਨ ਨਾਲ ਆਪਣੀ ਤਕਦੀਰ ਜੋੜੀ ਰੱਖਦੇ ਤਾਂ ਅੱਜ ਸਤਰ ਕਰੋੜ (ਹੁਣ ਜ਼ਿਆਦਾ) ਭਾਰਤੀ ਲੋਕਾਂ ਦੇ ਉਹ ਪੂਜ ਨੇਤਾ ਹੁੰਦੇ, ਭਾਰਤ ਵੀ ਅੱਜ ਏਸ਼ੀਆਂ ਦਾ ਨੰਬਰ ਇਕ ਦੇਸ਼ ਹੁੰਦਾ ਤੇ ਜਿਨਾਹ ਸਾਹਿਬ ਦੀ ਥਾਂ ਗਾਂਧੀ ਜੀ ਦੇ ਨਾਲ ਹੁੰਦੀ, ਪੰਡਤ ਜਵਾਹਰ ਲਾਲ ਨਹਿਰੂ ਵੀ ਇਨ੍ਹਾਂ ਦੇ ਪਿੱਛੇ ਆਉਂਦੇ।
ਜਿਨਾਹ ਸਾਹਿਬ ਸ਼ਖਸੀ ਲਿਆਕਤ ਦਾ ਇਹੋ ਜਿਹਾ ਕ੍ਰਿਸ਼ਮਾ ਸਨ, ਜਿਹੋ ਜਿਹਾ ਸਦੀਆਂ ਵਿਚ ਕਿਤੇ ਜਹੂਰ ਵਿਚ ਆਉਂਦਾ ਹੈ। ਉਹ ਬੜੀ ਵੱਡੀ ਤਕਦੀਰ ਲਈ ਵਿਉਂਤੇ ਹੋਏ ਸਨ ਪਰ ਹੋਣੀ ਉਨ੍ਹਾਂ ਨੂੰ ਭਰਮਾ ਕੇ ਫਿਰਕੂ ਭੁੱਲ-ਭੁੱਲਈਆਂ ਵਿਚ ਲੈ ਗਈ ਤੇ ਉਹ ਭਾਰਤ ਤੋਂ ਅੱਡ ਹੋਏ ਇਕ ਛੋਟੇ ਹਿੱਸੇ ਦੇ ਆਦਰਯੋਗ ਨੇਤਾ ਯਾਦ ਕੀਤੇ ਜਾਂਦੇ ਹਨ।
11 ਸਤੰਬਰ, 1948 ਨੂੰ ਗਾਂਧੀ ਜੀ ਤੋਂ ਅੱਠ ਮਹੀਨੇ ਦਸ ਦਿਨ ਬਾਅਦ 20ਵੀ ਸਦੀ ਦਾ ਸਭ ਤੋਂ ਵੱਡਾ ਮੁਸਲਮਾਨ ਨੇਤਾ ਪੂਰਾ ਹੋ ਗਿਆ। ਇਸ ਨੇਤਾ ਵਿਚ ਏਸ਼ੀਆ ਦਾ ਮਹਾਨ ਨੇਤਾ ਹੋਣ ਦੀ ਯੋਗਤਾ ਸੀ।”
ਜਿਨਾਹ ਸਾਹਿਬ ਦੀ ਫੋਟੋ ਵਾਲੀ ਬਿਲਡਿੰਗ ਥੱਲਿਓਂ ਲੰਘ ਕੇ ਮੈਂ ਪਾਕਿਸਤਾਨੀ ਇਮੀਗਰੇਸ਼ਨ ਵਾਲੀ ਬਿਲਡਿੰਗ ਵਲ ਤੁਰ ਪਿਆ। ਮੈਨੂੰ ਤਿੰਨ ਮਨੀਚੇਂਜਰ ਮਿਲ ਪਏ। ਉਸ ਵਕਤ ਅਮਰੀਕਨ ਡਾਲਰ ਦੀ ਕੀਮਤ ਪਾਕਿਸਤਾਨੀ ਕਰੰਸੀ ਵਿਚ 160 ਦੇ ਲਗਭਗ ਸੀ। ਦੋ ਨੇ ਮੈਨੂੰ ਤਿੰਨ ਸੌ ਡਾਲਰ ਦੇ 14 ਹਜ਼ਾਰ ਦੇਣ ਦੀ ਪੇਸ਼ਕਸ਼ ਕੀਤੀ। ਮੈਂ ਇਨਕਾਰ ਕਰ ਦਿੱਤਾ। ਮੇਰੇ ਪਾਸ ਕੁਝ ਭਾਰਤੀ ਕਰੰਸੀ ਸੀ ਤੇ ਅਮਰੀਕਨ ਡਾਲਰ ਸਨ। ਦੋਹਾਂ ਦੀ ਪੇਸ਼ਕਸ਼ ਤੋਂ ਬਾਅਦ ਤੀਸਰਾ ਮੇਰੇ ਨਾਲ ਤੁਰ ਪਿਆ ਤੇ ਉਨ੍ਹਾਂ ਨੂੰ ਨਾ ਦੱਸਣ ਦੀ ਗੱਲ ਕਰਕੇ ਪੰਦਰਾਂ ਹਜ਼ਾਰ ਦੇਣ ਲਈ ਤਿਆਰ ਹੋ ਗਿਆ। ਮੈਂ ਕਰੰਸੀ ਵਟਾ ਲਈ ਜੋ ਪੰਜ-ਪੰਜ ਹਜ਼ਾਰ ਦੇ ਤਿੰਨ ਨੋਟ ਸਨ।
ਪਾਕਿਸਤਾਨੀ ਇਮੀਗਰੇਸ਼ਨ ਵਾਲਿਆਂ ਦਾ ਵਿਹਾਰ ਬੜਾ ਮੁਹੱਬਤੀ ਅਤੇ ਸਨੇਹ ਭਰਪੂਰ ਸੀ। ਜਲਦੀ ਹੀ ਇਮੀਗਰੇਸ਼ਨ ਤੇ ਕਸਟਮ ਦਾ ਕੰਮ ਮੁੱਕ ਗਿਆ। ਹੁਣ ਮੈਂ ਆਪਣੇ ਮੇਜ਼ਬਾਨ ਦੀ ਉਡੀਕ ਕਰਨ ਲੱਗਾ। ਇਕ ਕਸਟਮ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਤੁਹਾਡਾ ਮੇਜ਼ਬਾਨ ਤੁਹਾਨੂੰ ਲੈਣ ਵਾਸਤੇ ਹੁਣ ਇਥੇ ਨਹੀਂ ਆ ਸਕਦਾ, ਕਿਉਂਕਿ ਪੰਜ ਛੇ ਸਾਲ ਪਹਿਲਾਂ ਵਾਘੇ ਬਾਰਡਰ ‘ਤੇ ਇਕ ਅਤਿਵਾਦੀ ਹਮਲੇ ਵਿਚ ਕਈ ਸੌ ਦਰਸ਼ਕ ਹਲਾਕ ਹੋ ਗਏ ਸਨ, ਇਥੋਂ ਤੁਹਾਨੂੰ ਸਵਾ ਕੁ ਕਿਲੋ ਮੀਟਰ ਤੁਰ ਕੇ ਜਾਣਾ ਪਵੇਗਾ।
ਬਾਹਰ ਆ ਕੇ ਪਤਾ ਲੱਗਾ ਕਿ ਕੁੱਲੀ ਅਤੇ ਟਰੈਕਟਰ ਨਾਲ ਚੱਲਣ ਵਾਲੀਆਂ ਲੰਮੀਆਂ ਰੇਹੜੀਆਂ ਵਾਲੀ ਛਕੜਾ ਗੱਡੀ ਜਾ ਚੁੱਕੀ ਹੈ। ਮੈਂ ਦਿਲਦਾਰ ਹੁਸੈਨ ਸ਼ਾਹ ਨੁੰ ਸੂਚਿਤ ਕਰ ਦਿੱਤਾ ਸੀ। ਸੋ, ਮੈਂ ਆਪਣੇ ਹੈਂਡ ਬੈਗ ਸਮੇਤ ਅਟੈਚੀ ਨੂੰ ਸੜਕ ‘ਤੇ ਰੇੜ੍ਹਨਾ ਹੀ ਮੁਨਾਸਬ ਸਮਝਿਆ। ਜੀ.ਟੀ. ਰੋਡ ‘ਤੇ ਬਾਰਡਰ ਦੇ ਨੇੜੇ ਪਿੰਡ ਵਾਘਾ ਹੈ ਜਿਸ ਦੇ ਨਾਂ ‘ਤੇ ਇਸ ਦਾ ਨਾਂ ਸਾਰੀ ਦੁਨੀਆ ਵਿਚ ਵਾਘਾ ਬਾਰਡਰ ਮਸ਼ਹੂਰ ਹੋ ਗਿਆ। ਸੜਕ ਦੇ ਖੱਬੇ ਪਾਸੇ ਪਿੰਡ ਭਾਨੂੰ ਚੱਕ ਹੈ ਜੋ ਵਾਘੇ ਬਾਰਡਰ ਭਾਰਤ ਵਾਲੇ ਪਾਸਿਓਂ ਸਾਫ ਦਿਖਾਈ ਦਿੰਦਾ ਹੈ। ਖੇਤਾਂ ਵਿਚ ਕੰਮ ਕਰਦੇ ਲੋਕ ਮੇਰੀ ਪੱਗ ਦੇਖ ਕੇ ‘ਸਾਸਰੀ ਅਕਾਲ ਸਰਦਾਰ ਜੀ’ ਕਹਿ ਰਹੇ ਸਨ। ਮੈਂ ਵੀ ਉਨ੍ਹਾਂ ਨੂੰ ਅਸਲਾਮਾ ਅਲੈਕਮ ਕਹੀ। ਉਹ ਬੜੇ ਖੁਸ਼ ਹੋ ਰਹੇ ਸਨ।
ਜਲਦੀ ਹੀ ਮੈਂ ਆਪਣੇ ਮੇਜ਼ਬਾਨ ਦਿਲਦਾਰ ਹੁਸੈਨ ਸ਼ਾਹ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਅਮਾਨਤ ਅਲੀ ਗੁਜਰ ਤੇ ਮਲਕ ਰਫਾਕਤ ਅਵਾਨ ਪਾਸ ਪਹੁੰਚ ਗਿਆ ਜਿਨ੍ਹਾਂ ਨੇ ਗੁਲਾਬ ਦੇ ਖੁਸ਼ਬੂਦਾਰ ਫੁੱਲਾਂ ਦੇ ਹਾਰਾਂ ਤੇ ਬੁੱਕਿਆਂ ਨਾਲ ਮੇਰਾ ਇਸਤਕਬਾਲ (ਸਵਾਗਤ) ਕੀਤਾ। ਕਾਰ ਵਿਚ ਬੈਠ ਕੇ ਅਸੀਂ ਲਾਹੌਰ ਵੱਲ ਚਾਲੇ ਪਾ ਦਿੱਤੇ। ਠਾਣਾ ਮਨਾਵਾਂ, ਬੀ.ਆਰ.ਬੀ. ਕੈਨਾਲ (ਈਚੋਗਿਲ ਨਹਿਰ ਜਿਸ ‘ਤੇ ਸੋਹਣ ਸਿੰਘ ਸੀਤਲ ਨੇ 1965 ਦੀ ਲੜਾਈ ਤੋਂ ਬਾਅਦ ‘ਈਚੋਗਿਲ ਲਹਿਰ ਤੱਕ’ ਨਾਵਲ ਲਿਖਿਆ ਹੈ), ਡੋਗਰਾਈ ਤੇ ਜੱਲੋ ਕਸਬੇ ਲੰਘ ਕੇ ਜਲਦੀ ਹੀ ਟਰੈਫਿਕ ਦੀ ਆਸਾਨੀ ਵਾਸਤੇ ਲਾਹੌਰ ਦੇ ਚਾਰ ਚੁਫੇਰੇ ਬਣੀ ਰਿੰਗ ਰੋਡ ਰਾਹੀਂ ਮਲਕ ਰਫਾਕਤ ਅਵਾਨ ਦੇ ਬਿਜ਼ਨਸ ਦਫਤਰ ਵਿਚ ਚਾਹ-ਪਾਣੀ ਪੀਤਾ ਤੇ ਡਿਫੈਂਸ ਕਲੋਨੀ ਵਿਚ ਰਹਿੰਦੇ ਦਿਲਦਾਰ ਹੁਸੈਨ ਸ਼ਾਹ ਜੀ ਦੇ ਛੋਟੇ ਭਣੋਈਏ ਹੁਸਨੈਨ ਅਲੀ ਅਤੇ ਹਮਸ਼ੀਰਾ (ਭੈਣ) ਸ਼ਕੀਲਾ ਹੁਸਨੈਨ ਦੀ ਅਲੀਸ਼ਾਨ ਕੋਠੀ ਵਿਚ ਪਹੁੰਚ ਗਏ।
ਦਿਲਦਾਰ ਹੁਸੈਨ ਸ਼ਾਹ ਦੀ ਭੈਣ ਅਤੇ ਭਣੋਈਆ ਬੱਚਿਆਂ ਸਮੇਤ ਬੜੇ ਚਾਅ ਨਾਲ ਮਿਲੇ, ਜਿਵੇਂ ਮੈਨੂੰ ਬੜੇ ਚਿਰਾਂ ਤੋਂ ਜਾਣਦੇ ਹੋਣ। ਦੋਹਾਂ ਪਾਸਿਆਂ ਦੇ ਸਿਆਸਤਦਾਨਾਂ ਸਾਡੀ ਸਦੀਵੀ ਸਾਂਝ ਨੂੰ ਆਰੇ ਵਾਂਗ ਚੀਰ ਕੇ ਦੋ ਧੜਾਂ ਵਿਚ ਵੰਡ ਦਿੱਤਾ ਹੈ ਪਰ ਦੋਹਾਂ ਪਾਸਿਆਂ ਦੇ ਆਮ ਲੋਕਾਂ ਅੰਦਰ ਅੱਜ ਵੀ ਇਨਸਾਨੀਅਤ ਜਿਊਂਦੀ ਹੈ ਤੇ ਕਿਆਮਤ ਤੱਕ ਜਿੰਦਾ ਰਹੇਗੀ। ਚਾਹ ਪਹਿਲਾਂ ਹੀ ਤਿਆਰ ਸੀ ਜੋ ਸਾਰਿਆਂ ਨੇ ਇਕੱਠੇ ਬਹਿ ਕੇ ਪੀਤੀ। ਅਗਲੇ ਦਿਨ, ਭਾਵ 3 ਨਵੰਬਰ ਨੂੰ ਨਾਸ਼ਤਾ ਕਰਾ ਕੇ ਦਿਲਦਾਰ ਹੁਸੈਨ ਸ਼ਾਹ ਮੈਨੂੰ ਪੀ.ਸੀ. ਹੋਟਲ ਮੇਰੇ ਲੜਕੇ ਦੇ ਦੋਸਤ ਮਨਦੀਪ ਭੁਲੱਰ ਅਤੇ ਉਨ੍ਹਾਂ ਦੇ ਪਿਤਾ ਸ. ਮਨਮੋਹਨ ਸਿੰਘ ਪਾਸ ਛੱਡ ਆਇਆ।
ਮਨਦੀਪ ਭੁੱਲਰ ਨੇ ਪੀ.ਸੀ. ਹੋਟਲ ਦੇ ਕਮਰਾ ਨੰਬਰ 730 ਵਿਚ ਮੇਰਾ ਸਮਾਨ ਰਖਵਾਇਆ। ਇਸ ਫਾਈਵ ਸਟਾਰ ਹੋਟਲ ਦੇ ਹਜ਼ਾਰ ਤੋਂ ਉਪਰ ਕਮਰੇ ਹਨ। ਇਕ ਵੱਡਾ ਮੈਰਿਜ ਪੈਲੇਸ ਵੀ ਹੈ। ਬੁਕਿੰਗ ਵਿਚ ਸਵੇਰ ਦਾ ਨਾਸ਼ਤਾ ਹੀ ਮਿਲਦਾ ਹੈ। ਲੰਚ ਤੇ ਡਿਨਰ ਕਰਨ ਲਈ ਤੁਹਾਨੂੰ ਅਲੱਗ ਪੈਸੇ ਦੇਣੇ ਪੈਣਗੇ। ਇਥੇ ਅੰਗਰੇਜ਼ਾਂ ਵੇਲੇ ਦੀ ਪੁਰਾਣੇ ਡਿਜ਼ਾਇਨ ਦੀ ਕਾਰ ਖੜ੍ਹੀ ਹੈ। ਇਸ ਹੋਟਲ ਦੇ ਸੰਸਥਾਪਿਕ ਮੀਆਂ-ਬੀਵੀ ਦੀ ਫੋਟੋ ਵੀ ਲੱਗੀ ਹੋਈ ਹੈ। ਖਾਣੇ ਦੀਆਂ ਵੰਨਗੀਆਂ ਅਣਗਿਣਤ ਅਤੇ ਸਵਾਦੀ ਨੇ। ਸਿਕਿਉਰਿਟੀ ਦਾ ਪ੍ਰਬੰਧ ਏਅਰਪੋਰਟ ਦੀ ਸਖਤ ਚੈਕਿੰਗ ਵਰਗਾ ਹੈ। ਇਥੇ ਇਕ ਸਿਕਿਉਰਿਟੀ ਗਾਰਡ ਬਾਬੂ ਪਾਕਿਸਤਾਨੀ ਪੌਣੇ ਅੱਠ ਫੁੱਟ ਲੰਮਾ ਹੈ ਜੋ ਹਰ ਇਕ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ। ਮੈਂ ਵੀ ਉਸ ਨਾਲ ਫੋਟੋ ਖਿਚਵਾਈ।
(ਚੱਲਦਾ)