ਫਿਲਮੀ ਦੁਨੀਆ ਵਿਚ ਉਤਰਾਅ-ਚੜ੍ਹਾਅ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ। ਇਸੇ ਤਰ੍ਹਾਂ ਦੇ ਉਤਰਾਅ-ਚੜ੍ਹਾਅ ਅਦਾਕਾਰਾਂ, ਕਲਾਕਾਰਾਂ ਅਤੇ ਫਿਲਮੀ ਦੁਨੀਆ ਨਾਲ ਸਬੰਧਤ ਹੋਰ ਸ਼ਖਸੀਅਤਾਂ ਦੇ ਜੀਵਨ ਵਿਚ ਵੀ ਆਉਂਦੇ ਹਨ। ਸਭ ਹੈਰਾਨ ਹਨ ਕਿ ਅਭੈ ਦਿਓਲ ਅੱਜ 2021 ਵਿਚ ਵੀ ਓਤਨਾ ਹੀ ਪ੍ਰਸੰਗਕ ਕਿਸ ਤਰ੍ਹਾਂ ਬਣਿਆ ਰਹਿ ਸਕਿਆ ਹੈ? ਅੱਜ ਵੀ ਉਸ ਦੀ ਚਰਚਾ ਬੜੇ ਮਾਣ ਨਾਲ ਹੁੰਦੀ ਹੈ।
ਅਭੈ ਦਿਓਲ ਬਾਰੇ ਮੁੱਢ ਤੋਂ ਹੀ ਇਹ ਗੱਲ ਧੁੰਮ ਗਈ ਸੀ ਕਿ ਉਹ ਵੱਖਰੀ ਕਿਸਮ ਦਾ ਅਦਾਕਾਰ ਅਤੇ ਇਨਸਾਨ ਹੈ। ਉਸ ਦੇ ਪਰਿਵਾਰ ਵਿਚੋਂ ਹੁਣ ਤੱਕ ਵਧੇਰੇ ਚਰਚਾ ਭਾਵੇਂ ਉਸ ਦੇ ਤਾਏ ਧਰਮਿੰਦਰ ਅਤੇ ਧਰਮਿੰਦਰ ਦੇ ਦੋਹਾਂ ਪੁੱਤਰਾਂ ਸਨੀ ਦਿਓਲ ਤੇ ਬੌਬੀ ਦਿਓਲ ਦੀ ਹੀ ਹੋਈ ਹੈ ਪਰ ਉਸ ਦੇ ਸੁਭਾਅ ਨੂੰ ਆਪਣੇ ਪਿਤਾ ਅਜੀਤ ਸਿੰਘ ਦਿਓਲ ਜੋ ਇਕ ਚੰਗਾ ਲਿਖਾਰੀ ਸੀ, ਨਾਲ ਜੋੜਿਆ ਜਾਂਦਾ ਹੈ। ਅਜੀਤ ਸਿੰਘ ਦਿਓਲ ਵੀ ਕਦੀ ਚੱਕਵੀਆਂ ਗੱਲਾਂ ਨਹੀਂ ਸੀ ਕਰਦਾ ਹੁੰਦਾ ਅਤੇ ਆਪਣੇ ਕੰਮ ਨਾਲ ਹੀ ਮਤਲਬ ਰੱਖਦਾ ਸੀ। ਇਸ ਮਾਮਲੇ ਵਿਚ ਅਭੈ ਦਿਓਲ ਆਪਣੇ ਪਿਓ ਤੋਂ ਇਕ ਕਦਮ ਅਗਾਂਹ ਹੀ ਗਿਆ ਹੈ। ਉਹ ਆਪਣੇ ਕੰਮ ਨਾਲ ਤਾਂ ਮਤਲਬ ਰੱਖਦਾ ਹੀ ਹੈ, ਇਸ ਤੋਂ ਇਲਾਵਾ ਆਪਣੇ ਸਾਥੀ ਕਲਾਕਾਰਾਂ ਦਾ ਆਪਣੇ ਨਾਲੋਂ ਵੀ ਵੱਧ ਖਿਆਲ ਰੱਖਦਾ ਹੈ। ਇਸ ਲਈ ਉਸ ਨੂੰ ਜਦੋਂ ਕਿਤੇ ਕਿਸੇ ਨਾਲ ਜ਼ਿਆਦਤੀ ਬਾਰੇ ਪਤਾ ਲੱਗਦਾ ਹੈ, ਤਾਂ ਝੱਟ ਆਪਣੀ ਆਵਾਜ਼ ਬੁਲੰਦ ਕਰ ਦਿੰਦਾ ਹੈ। ਉਂਜ ਉਹ ਆਪਣੇ ਕਾਰ-ਵਿਹਾਰ ਵਿਚ ਬਹੁਤ ਸ਼ਾਂਤ ਰਹਿਣ ਵਾਲਾ ਸ਼ਖਸ ਹੈ। ਤੁਸੀਂ ਉਸ ਦੀ ਕੋਈ ਵੀ ਇੰਟਰਵਿਊ ਦੇਖ ਲਓ, ਉਹ ਬਹੁਤ ਠਰੰਮੇ ਨਾਲ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਗੱਲਾਂ ਵੀ ਬੜੀਆਂ ਕੰਮ ਦੀਆਂ ਕਰਦਾ ਹੈ।
ਅਭੈ ਦਿਓਲ ਦੀ ਪਹਿਲੀ ਫਿਲਮ ‘ਸੋਚਾ ਨਾ ਥਾ’ 2005 ਵਿਚ ਆਈ ਸੀ। ਇਸ ਫਿਲਮ ਦੇ ਡਾਇਰੈਕਟਰ ਇਮਤਿਆਜ਼ ਅਲੀ ਸਨ ਅਤੇ ਇਸ ਵਿਚ ਆਇਸ਼ਾ ਟਾਕੀਆ ਨੇ ਨਾਇਕਾ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੇ ਕੋਈ ਵੱਡਾ ਧਮਾਕਾ ਤਾਂ ਨਹੀਂ ਸੀ ਕੀਤਾ ਪਰ ਫਿਲਮ ਸਨਅਤ ਨੇ ਇਹ ਜ਼ਰੂਰ ਪਛਾਣ ਲਿਆ ਸੀ ਕਿ ਇਸ ਨੂੰ ਕੰਮ ਦਾ ਬੰਦਾ ਮਿਲ ਗਿਆ ਹੈ। ਜਦੋਂ ਵੀ ਕਦੀ ਚੁਲਬੁਲੇ ਫਿਲਮੀ ਕਿਰਦਾਰਾਂ ਦੀ ਗੱਲ ਚੱਲਦੀ ਹੈ ਤਾਂ ਇਸ ਫਿਲਮ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ।
ਅਭੈ ਨੇ ਆਪਣੀ ਪਹਿਲੀ ਹੀ ਫਿਲਮ ਨਾਲ ਸਾਬਤ ਕਰ ਦਿੱਤਾ ਸੀ ਕਿ ਅਭੈ ਦਿਓਲ ਵੱਖਰੇ ਰਾਹਾਂ ਦਾ ਰਾਹੀ ਹੈ। ਉਸ ਦੀਆਂ ਜਿਹੜੀਆਂ ਫਿਲਮਾਂ ਬਾਅਦ ਵਿਚ ਆਈਆਂ, ਉਨ੍ਹਾਂ ਦੇ ਉਸ ਦੇ ਨਿਵੇਕਲੇਪਣ ਉਤੇ ਮੋਹਰ ਲਾ ਦਿੱਤੀ। ‘ਅਹਿਸਤਾ ਆਹਿਸਤਾ’, ‘ਹਨੀਮੂਨ ਟਰੈਵਲਜ਼ ਪ੍ਰਾਈਵੇਟ ਲਿਮਿਟਡ’, ‘ਓਏ ਲੱਕੀ, ਲੱਕੀ ਓਏ’, ‘ਏ ਚਾਲੀਸ ਕੀ ਲਾਸਟ ਲੋਕਲ’, ‘ਮਨੋਰਮਾ ਸਿਕਸ ਫੀਟ ਅੰਡਰ’ ‘ਦੇਵ ਡੀ’, ‘ਰੋਡ ਮੂਵੀਜ਼’, ‘ਸੰਘਾਈ’ ਅਤੇ ਹੋਰ ਕਿੰਨੀਆਂ ਹੀ ਫਿਲਮਾਂ ਇਸ ਗੱਲ ਦਾ ਸਬੂਤ ਹਨ ਕਿ ਉਹ ਨਾ ਸਾਧਾਰਨ ਅਦਾਕਾਰ ਹੈ ਅਤੇ ਨਾ ਹੀ ਸਾਧਾਰਨ ਇਨਸਾਨ। ਇਸੇ ਦੌਰਾਨ ਉਹ ਵੱਡੇ ਬਜਟ ਵਾਲੀਆਂ ਫਿਲਮਾਂ ਵਿਚ ਵੀ ਨਜ਼ਰੀਂ ਪਿਆ। ਇਨ੍ਹਾਂ ਵਿਚ ‘ਰਾਂਝਨਾ’, ‘ਹੈਪੀ ਭਾਗ ਜਾਏਗੀ’, ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’ ਆਦਿ ਸ਼ਾਮਿਲ ਹਨ।
ਇਨ੍ਹਾਂ ਸਾਰੀਆਂ ਫਿਲਮਾਂ ਵਿਚ ਉਸ ਨੇ ਆਪਣੀ ਅਦਾਕਾਰੀ ਖੁੱਲ੍ਹ ਕੇ ਜ਼ਾਹਿਰ ਕੀਤੀ ਅਤੇ ਸ਼ਾਬਾਸ਼ ਹਾਸਲ ਕੀਤੀ। ਉਂਜ ਵੀ ਉਸ ਦਾ ਸਾਰਾ ਧਿਆਨ ਫਿਲਮ ਦੀ ਕਹਾਣੀ ‘ਤੇ ਹੁੰਦਾ ਹੈ। ਬੱਸ, ਉਸ ਦੀ ਇਹੀ ਕਹਾਣੀ ਫਿਲਮੀ ਦੁਨੀਆ ਦੀ ਖਾਸ ਕਹਾਣੀ ਬਣ ਗਈ ਹੈ।
-ਗੁਰਜੰਟ ਸਿੰਘ