ਪ੍ਰਿੰ. ਸਰਵਣ ਸਿੰਘ
ਮਿਲਖਾ ਸਿੰਘ ਬਾਰੇ ਤਿੰਨ ਪੁਸਤਕਾਂ ਲਿਖੀਆਂ ਮਿਲਦੀਆਂ ਹਨ, ਜਿਨ੍ਹਾਂ ਨੂੰ ਉਸ ਦੀਆਂ ਹੱਡਬੀਤੀਆਂ ਕਿਹਾ ਜਾ ਸਕਦੈ। ਪਹਿਲੀ ਪੁਸਤਕ ਹੈ ‘ਫਲਾਈਂਗ ਸਿੱਖ ਮਿਲਖਾ ਸਿੰਘ’, ਜੋ ਮਿਲਖਾ ਸਿੰਘ ਨੇ ਆਪਣੇ ਸਟੈਨੋ ਨੂੰ ਲਿਖਾਏ ਨੋਟਿਸ ਦੇ ਕੇ ਪ੍ਰਸਿੱਧ ਕਵੀ ਪਾਸ਼ ਤੋਂ ਲਿਖਵਾਈ ਅਤੇ ਆਪਣੀ ਆਤਮ ਕਥਾ ਵਜੋਂ 1975 `ਚ ਛਪਵਾਈ। ਦੂਜੀ ਕਿਤਾਬ ਅੰਗਰੇਜ਼ੀ ਵਿਚ ‘ਦਿ ਰੇਸ ਆਫ ਮਾਈ ਲਾਈਫ ਐਨ ਆਟੋਬਾਈਗਰਾਫੀ’ ਮਿਲਖਾ ਸਿੰਘ ਨੇ ਆਪਣੀ ਧੀ ਸੋਨੀਆ ਸਨਵਾਲਕਾ ਨਾਲ ਮਿਲ ਕੇ ਲਿਖੀ, ਜੋ 2013 ਵਿਚ ਛਪੀ। ਤੀਜੀ ਕਿਤਾਬ ‘ਉਡਣਾ ਸਿੱਖ ਮਿਲਖਾ ਸਿੰਘ’ ਮੈਂ ਨੌਜੁਆਨਾਂ ਤੇ ਵਿਦਿਆਰਥੀਆਂ ਲਈ ਸੰਖੇਪ ਜੀਵਨੀ ਦੇ ਰੂਪ ਵਿਚ ਲਿਖੀ, ਜੋ 2020 ਵਿਚ ਛਪੀ।
ਬਦਕਿਸਮਤੀ ਨਾਲ ਮਿਲਖਾ ਸਿੰਘ ਬਹੁਤਾ ਪੜ੍ਹ-ਲਿਖ ਨਹੀਂ ਸਕਿਆ। ਉਹ ਹਾਲੇ ਸਕੂਲੇ ਪੜ੍ਹਦਾ ਸੀ, ਜਦੋਂ ਭਾਰਤ-ਪਾਕਿ ਵੰਡ ਵੇਲੇ ਪਾਕਿਸਤਾਨ ‘ਚੋਂ ਉਜੜਨਾ ਪਿਆ। ਭਾਰਤ ਦੀ ਆਜ਼ਾਦੀ ਮਿਲਖਾ ਸਿੰਘ ਦੇ ਪਰਿਵਾਰ ਲਈ ਬਰਬਾਦੀ ਬਣ ਗਈ ਸੀ। ਮਾਤਾ-ਪਿਤਾ ਤੇ ਭੈਣ-ਭਾਈ ਮਾਰੇ ਜਾਣ ਨਾਲ ਉਹ ਅਨਾਥ ਹੋ ਗਿਆ ਸੀ, ਜਿਸ ਕਰਕੇ ਅੱਗੇ ਨਾ ਪੜ੍ਹ ਸਕਿਆ। ਪੜ੍ਹਾਈ ਦੀ ਘਾਟ ਕਾਰਨ ਹੀ ਉਹ ਆਪਣੀ ਹੱਡਬੀਤੀ ਆਪ ਲਿਖਣ ਜੋਗਾ ਨਹੀਂ ਸੀ, ਜਿਸ ਕਰਕੇ ਹੋਰਨਾਂ ਦਾ ਸਹਿਯੋਗ ਲੈਣਾ ਪਿਆ। ਇਉਂ ਪਾਸ਼, ਉਸ ਦੀ ਧੀ ਸੋਨੀਆ ਤੇ ਮੈਂ ਉਸ ਦੇ ਸਹਿਯੋਗੀ ਬਣੇ।
ਮਿਲਖਾ ਸਿੰਘ ਜੀਂਦੇ ਜੀਅ ਮਿੱਥ ਬਣ ਗਿਆ ਸੀ। ਉਹਦਾ ਨਾਂ ਹਜ਼ਾਰਾਂ ਵਾਰ ਲਿਖਿਆ ਗਿਆ ਤੇ ਲੱਖਾਂ ਵਾਰ ਬੋਲਿਆ ਗਿਆ। ਮਿਲਖਾ ਸਿੰਘ ਤੇ ਉਹਦੀਆਂ ਦੌੜਾਂ ਦੀਆਂ ਬਾਤਾਂ, ‘ਇਕ ਸੀ ਰਾਜਾ ਇਕ ਸੀ ਰਾਣੀ’ ਵਾਂਗ ਲੰਮੇ ਸਮੇਂ ਤਕ ਪੈਂਦੀਆਂ ਰਹਿਣਗੀਆਂ। ਮਿਲਖ ਦਾ ਸ਼ਬਦੀ ਅਰਥ ਹੈ, ਜਾਇਦਾਦ। ਇਉਂ ਮਿਲਖਾ ਸਿੰਘ ਦਾ ਮਤਲਬ ਹੈ, ਮਿਲਖਾਂ ਦਾ ਮਾਲਕ। ਘਰਦਿਆਂ ਨੇ ਉਹਦਾ ਨਾਂ ਇਹੋ ਸੋਚ ਕੇ ਰੱਖਿਆ ਹੋਵੇਗਾ ਕਿ ਕਿਸੇ ਦਿਨ ਇਹ ਮਿਲਖਾਂ ਦਾ ਮਾਲਕ ਬਣੇਗਾ। ਮਿਲਖਾਂ ਦਾ ਮਾਲਕ ਤਾਂ ਪਤਾ ਨਹੀਂ ਉਹ ਬਣਿਆ ਜਾਂ ਨਹੀਂ, ਪਰ ‘ਦੌੜ ਦਾ ਬਾਦਸ਼ਾਹ’ ਜ਼ਰੂਰ ਬਣਿਆ। ਉਸ ਦੇ ਜਿਊਂਦੇ ਜੀਅ ਬੁੱਤ ਸਥਾਪਿਤ ਹੋ ਗਏ ਅਤੇ ਉਸ ਨੂੰ ‘ਫਲਾਈਂਗ ਸਿੱਖ’ ਦੇ ਖਿਤਾਬ ਨਾਲ ਨਿਵਾਜਿਆ ਗਿਆ। ਦੌੜ ਦੇ ਸਿਰ `ਤੇ ਉਹ ਸੱਤਰ ਮੁਲਕਾਂ `ਚ ਦੌੜਿਆ, ਫੌਜ `ਚ ਤਰੱਕੀਆਂ ਪਾਈਆਂ, ਸਪੋਰਟਸ ਡਾਇਰੈਕਟਰ ਬਣਿਆ ਤੇ ਖੇਡ ਸੰਸਾਰ ਵਿਚ ਮਿਲਖਾ-ਮਿਲਖਾ ਕਰਵਾ ਗਿਆ। ਦੌੜ ਹੀ ਉਹਦੀ ਜਿ਼ੰਦਗੀ ਬਣੀ ਰਹੀ। ਉਹਦੀ ਜੀਵਨ ਦੌੜ ਉਤੇ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਭਾਇਆ, ‘ਭਾਗ ਮਿਲਖਾ ਭਾਗ।’ ਉਸ ਨੇ ਜਿਥੇ ਫਿਲਮ ਬਣਾਉਣ ਵਾਲਿਆਂ ਨੂੰ ਰੰਗ ਭਾਗ ਲਾਏ, ਉਥੇ ਮਿਲਖਾ ਸਿੰਘ ਦਾ ਨਾਂ ਵੀ ਦੇਸ਼ ਦੇ ਬੱਚੇ-ਬੱਚੇ ਦੀ ਜ਼ੁਬਾਨ `ਤੇ ਚੜ੍ਹਾ ਦਿੱਤਾ।
ਪੁਸਤਕ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦਾ ਮੁੱਖਬੰਦ ਸ. ਉਮਰਾਓ ਸਿੰਘ, ਸਪੋਰਟਸ ਮਨਿਸਟਰ ਪੰਜਾਬ ਅਤੇ ਪ੍ਰਧਾਨ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਨੇ ਲਿਖਿਆ ਸੀ: ਖਿਡਾਰੀ ਹੋਣ ਦਾ ਅਰਥ ਤਪੱਸਵੀ ਹੋਣਾ ਹੈ। ‘ਸਪੋਰਟਸਮੈਨਸਿ਼ਪ’ ਦੇ ਸਹਿਜ ਅਰਥਾਂ ਨੂੰ ਵਾਚੀਏ ਤਾਂ ਇਹ ਗੁਰੂਆਂ ਪੀਰਾਂ ਦੇ ਦੱਸੇ ਪੰਜ ਤੱਤਾਂ-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾਸ਼ ਕਰਨਾ ਹੀ ਹੈ। ਵਾਟਰਲੂ ਦੀ ਲੜਾਈ ਕਿਵੇਂ ਵੀ ਜਿੱਤੀ ਗਈ ਹੋਵੇ, ਬੰਦਾ ਬਹਾਦਰ ਦੀਆਂ ਵਿਸ਼ਾਲ ਜਿੱਤਾਂ ਦਾ ਗੁਰੂ ਸਾਹਿਬ ਵੱਲੋਂ ਹੋਲਾ-ਮਹੱਲਾ ਵਿਚ ਪ੍ਰਚਲਤ ਖੇਡ ਪਰੰਪਰਾਵਾਂ ਨਾਲ ਡੂੰਘਾ ਸਬੰਧ ਜ਼ਰੂਰ ਹੈ। ਇਸੇ ਤਰ੍ਹਾਂ ਯੂਨਾਨ ਦੀ ਪੂਰਵ-ਵਿਕਸਿਤ ਸਭਿਅਤਾ ਦੇ ਆਧਾਰਾਂ ਨੂੰ ਸਮਝਣ ਲਈ, ਉਥੋਂ ਦੀ ਖੇਡ ਪਰੰਪਰਾ ਦੇ ਯੋਗਦਾਨ ਤੇ ਮਹੱਤਵ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜੇ ਅੱਜ ਸਾਰੀ ਦੁਨੀਆਂ ਦਰਸ਼ਨ, ਵਿਗਿਆਨ ਅਤੇ ਕਲਾ ਖੇਤਰਾਂ `ਚ ਯੂਨਾਨ ਦੀ ਦੇਣਦਾਰ ਹੈ ਤਾਂ ਇਸ ਦਾ ਸਬੱਬ, ਪ੍ਰਾਚੀਨ ਯੂਨਾਨੀਆਂ ਦਾ ਖੇਡਾਂ ਪ੍ਰਤੀ ਨਜ਼ਰੀਆ ਹੀ ਹੈ। ਯੂਨਾਨ ਦੀ ਧਾਰਮਿਕ ਫਿਲਾਸਫੀ ਦਾ ਮੱਤ ਹੈ, ਸਿਰਫ ਸਿਹਤਮੰਦ ਸਰੀਰ ਵਿਚ ਹੀ ਪਵਿੱਤਰ ਆਤਮਾ ਨਿਵਾਸ ਕਰ ਸਕਦੀ ਹੈ।
ਪੰਜਾਬ ਖੇਡਾਂ ਵਿਚ ਜਿੰਨਾ ਅੱਗੇ ਰਿਹਾ ਹੈ, ਖੇਡ ਤੇ ਖਿਡਾਰੀਆਂ ਬਾਰੇ ਸਾਹਿਤ ਲਿਖਣ ਵਿਚ ਓਨਾ ਹੀ ਪਿੱਛੇ ਹੈ। ਫਲਾਈਂਗ ਸਿੱਖ ਮਿਲਖਾ ਸਿੰਘ ਦੀ ਸਵੈ-ਜੀਵਨੀ ਪੰਜਾਬੀ ਦੇ ਖੇਡ ਸਾਹਿਤ ਦੀ ਸ਼ੁਰੂਆਤ ਹੈ; ਪਰ ਏਨੀ ਨਿੱਗਰ ਅਤੇ ਮਹੱਤਵਪੂਰਨ ਸ਼ੁਰੂਆਤ ਸ਼ਾਇਦ ਹੀ ਕਿਸੇ ਹੋਰ ਬੋਲੀ ਨੂੰ ਨਸੀਬ ਹੋਈ ਹੋਵੇ। ਮਿਲਖਾ ਸਿੰਘ ਰਾਹੀਂ ਸਾਡੇ ਭਾਰਤ ਨੇ ਦੁਨੀਆਂ ਦੇ 77 ਮੁਲਕਾਂ ਨੂੰ ਜਿੱਤਿਆ ਹੈ। ਉਸ ਨੇ ਆਪਣੀ ਜਾਨ ਹੂਲ ਕੇ ਸੰਸਾਰ ਦੇ ਅਤਿ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਵਿਚ ਸਾਨੂੰ ਕੌਮੀ ਗੌਰਵ ਪ੍ਰਦਾਨ ਕੀਤਾ ਹੈ। ਸਿਰਫ ਖੇਡ ਜਗਤ ਨੂੰ ਹੀ ਨਹੀਂ, ਸਗੋਂ ਸਾਡੀ ਭਾਸ਼ਾ ਅਤੇ ਜਿਊਂਦੇ ਜਾਗਦੇ ਪੰਜਾਬ ਨੂੰ ਵੀ ਇਸ ਪੁਸਤਕ ਦੀ ਡਾਢੀ ਲੋੜ ਸੀ, ਜੋ ਸਾਡੀਆਂ ਪੀੜ੍ਹੀਆਂ ਲਈ ਪ੍ਰੇਰਨਾ-ਸਰੋਤ ਸਾਬਤ ਹੋਵੇਗੀ।
ਮੈਂ ਮਿਲਖਾ ਸਿੰਘ ਨੂੰ ਸਭ ਤੋਂ ਪਹਿਲਾਂ 1958 ਵਿਚ ਬਾਰਾਬੱਤੀ ਸਟੇਡੀਅਮ ਕਟਕ ਵਿਚ ਦੌੜਦਿਆਂ ਵੇਖਿਆ ਸੀ ਅਤੇ ਮਗਰੋਂ ਮੈਂ ਭਾਰਤ ਅਥਲੈਟਿਕ ਫੈਡਰੇਸ਼ਨ ਦੇ ਮੀਤ ਪ੍ਰਧਾਨ ਅਤੇ ਬਾਅਦ ਵਿਚ ਪ੍ਰਧਾਨ ਹੋਣ ਦੀ ਹੈਸੀਅਤ ਵਿਚ, ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ, ਜਿਥੇ ਵੀ ਮਿਲਖਾ ਸਿੰਘ ਦੌੜਿਆ, ਨਾਲ ਜਾਂਦਾ ਰਿਹਾ। ਮੈਂ ਦੁਨੀਆਂ ਵਿਚ ਉਹਦੀਆਂ ਚੜ੍ਹਤਾਂ ਨੂੰ ਅੱਖੀਂ ਵੇਖਿਆ ਹੈ। ਉਸ ਦੀਆਂ ਜਿੱਤਾਂ ‘ਚੋਂ ਉਪਜੇ ਕੌਮੀ ਗੌਰਵ ਨੂੰ ਜਜ਼ਬਾਤ ਨਾਲ ਮਹਿਸੂਸ ਕੀਤਾ ਹੈ। ਜਿੰਨਾ ਕੁਝ ਇਸ ਇਕੱਲੇ ਬੰਦੇ ਨੇ ਸਾਡੇ ਦੇਸ਼ ਦੇ ਨਾਂ ਨੂੰ ਉੱਚਿਆਂ ਚੁੱਕਣ ਵਿਚ ਸਮਰੱਥਾ ਵਿਖਾਈ ਹੈ, ਉਹ ਹੋਰਨਾਂ ਖੇਤਰਾਂ ਵਿਚ ਅਨੇਕਾਂ ਵਿਅਕਤੀਆਂ ਦੀ ਸਮੂਹਕ ਦੇਣ ਦੇ ਬਰਾਬਰ ਹੈ।
ਜਦੋਂ ਉਹ ਰੋਮ ਦੀਆਂ ਓਲੰਪਿਕ ਖੇਡਾਂ ਵਿਚ ਦੌੜਿਆ, ਉਦੋਂ ਮੈਂ ਉਹਦੇ ਨਾਲ ਸਾਂ। ਮੁਕਾਬਲੇ ਦੀ ਇਕ ਆਪਣੀ ਮਨੋਪ੍ਰਵਿਰਤੀ ਹੁੰਦੀ ਹੈ। ਇਸ ਵਿਚ ਮਨੁੱਖੀ ਹਿਰਦਾ ਹਨੇਰੀਆਂ ਵਿਚ ਫਸੇ ਪੱਤੇ ਵਾਂਗ ਕੰਬਦਾ ਅਤੇ ਲਰਜ਼ਦਾ ਹੈ। ਰੋਮ ਓਲੰਪਿਕ ਦੀ ਫਾਈਨਲ ਦੌੜ ਤੋਂ ਪਹਿਲਾਂ ਦੀ ਰਾਤ, ਮਿਲਖਾ ਸਿੰਘ ਵੀ ਅਜਿਹੇ ਭੰਵਰਾਂ ਵਿਚ ਫਸਿਆ ਹੋਇਆ ਸੀ। ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਸਵੇਰ ਦੀ ਦੌੜ ਸਹਿਮ ਬਣ ਕੇ ਉਸ ਉਤੇ ਛਾ ਚੁਕੀ ਸੀ। ਉਸ ਦੀ ਮਾਨਸਿਕ ਬੇਚੈਨੀ ਨੂੰ ਤਾੜ ਕੇ ਮੈਂ ਉਹਨੂੰ ਓਲੰਪਿਕ ਵਿਲੇਜ ਤੋਂ ਬਾਹਰ ਲੈ ਗਿਆ। ਰੋਮ ਦੇ ਬਾਜ਼ਾਰ ਵਿਚ ਘੁਮਾਉਂਦਿਆਂ ਮੈਂ ਮਿਲਖਾ ਸਿੰਘ ਨੂੰ ਸਟੇਡੀਅਮ ਦਾ ਸਹਿਮ ਭੁਲਾ ਕੇ, ਪੰਜਾਬ ਦੇ ਮਾਹੌਲ ਵਿਚ ਲੈ ਗਿਆ। ਜਦੋਂ ਅਸੀਂ ਵਾਪਸ ਹੋਟਲ ਮੁੜੇ ਤਾਂ ਉਹ ਤਾਜ਼ਗੀ ਮਹਿਸੂਸ ਕਰ ਰਿਹਾ ਸੀ ਅਤੇ ਖੁਸ਼ ਸੀ। ਹੁਣ ਉਹ ਮੁਕਾਬਲੇ ਲਈ ਹਰ ਤਰ੍ਹਾਂ ਤਿਆਰ ਸੀ। ਇਸ ਗੱਲ ਦਾ ਜਿ਼ਕਰ ਕਰਨ ਤੋਂ ਮੇਰਾ ਮਤਲਬ ਹੈ ਕਿ ਮੁਕਾਬਲੇ ਸਮੇਂ ਖਿਡਾਰੀ ਦੀ ਮਾਨਸਿਕ ਅਵੱਸਥਾ ਅਸਾਧਾਰਨ ਹੋ ਜਾਂਦੀ ਹੈ ਅਤੇ ਦੌੜ ਦਾ ਫਿਕਰ ਉਸ ਨੂੰ ਨੀਂਦ ਨਹੀਂ ਆਉਣ ਦਿੰਦਾ। ਸੰਸਾਰ ਭਰ ਦੇ ਡਾਕਟਰ ਅਤੇ ਮਨੋਵਿਗਿਆਨੀ ਇਸ ਖੋਜ ਵਿਚ ਹਨ ਕਿ ਉਸ ਸਮੇਂ ਦੀ ਅਵੱਸਥਾ ਨੂੰ ਨਾਰਮਲ ਕਿਵੇਂ ਰੱਖਿਆ ਜਾਵੇ। ਬੇਚੈਨੀ ਤੇ ਬੇਆਰਾਮੀ ਕੱਟਣ ਵਾਲੇ ਦੌੜਾਕ, ਦੂਜੇ ਦਿਨ ਚੰਗੇ ਨਤੀਜੇ ਨਹੀਂ ਦੇ ਸਕਦੇ।
ਰੋਮ ਓਲੰਪਿਕ ਦੇ ਸਟੇਡੀਅਮ ਵਿਚ ਜੁੜੇ ਹਜ਼ਾਰਾਂ ਦਰਸ਼ਕ ਉਸ ਦਿਨ ਮਿਲਖਾ ਸਿੰਘ ਦੇ ਹਮਦਰਦ ਸਨ ਅਤੇ ਦੁਆ ਕਰ ਰਹੇ ਸਨ ਕਿ ਉਸ ਦੀ ਹੀ ਜਿੱਤ ਹੋਵੇ, ਕਿਉਂਕਿ ਉਹਦੇ ਦੌੜਨ ਦਾ ਸਟਾਈਲ ਏਨਾ ਕੁਦਰਤੀ ਅਤੇ ਸੁੰਦਰ ਸੀ ਜਿਵੇਂ ਪੰਛੀ ਆਪਣੀ ਮੌਜ ਵਿਚ ਉੱਡ ਰਿਹਾ ਹੋਵੇ। ਉਹਦੀ ਬਦਕਿਸਮਤੀ ਸੀ ਕਿ ਉਸ ਨੂੰ ਬਾਹਰਲੀ ਲੇਨ ਮਿਲੀ। ਜੇ ਕਿਤੇ ਅੰਦਰਲੀ ਲੇਨ ਮਿਲੀ ਹੁੰਦੀ ਤਾਂ ਨਿਰਸੰਦੇਹ ਮਿਲਖਾ ਸਿੰਘ ਨੇ ਭਾਰਤ ਨੂੰ 400 ਮੀਟਰ ਦੌੜ ਵਿਚ ਮੈਡਲ ਜਿੱਤ ਕੇ ਦੇਣਾ ਸੀ…।
ਪੁਰਾਤਨ ਸਮਿਆਂ ਵਿਚ ਗੱਭਰੂਆਂ ਦੀ ਤਾਕਤ ਅਤੇ ਬਾਹੂਬਲ ਨੂੰ ਜੰਗ ਦੇ ਮੈਦਾਨ ਵਿਚ ਪਰਖਿਆ ਜਾਂਦਾ ਸੀ। ਅੱਜ ਕੱਲ੍ਹ ਜੰਗ ਦਾ ਮੈਦਾਨ ਮਸ਼ੀਨਰੀ ਤੇ ਹਥਿਆਰਾਂ ਨੇ ਮੱਲ ਲਿਆ ਹੈ, ਇਸ ਲਈ ਤਨ ਅਤੇ ਮਨ ਦੀ ਸਮਰੱਥਾ ਨੂੰ ਖੇਡਾਂ ਦੇ ਮੈਦਾਨ ਵਿਚ ਨਿਤਰਨਾ ਪੈਂਦਾ ਹੈ। ਲਗਨ ਤੋਂ ਬਗੈਰ ਅਤੇ ਖਿੱਚ ਪੈਦਾ ਕਰਨ ਤੋਂ ਬਿਨਾ ਇਸ ਨੂੰ ਕਮਾਲ ਦੀ ਅਵੱਸਥਾ ਤਕ ਨਹੀਂ ਲਿਆਂਦਾ ਜਾ ਸਕਦਾ। ਭਾਈ ਵੀਰ ਸਿੰਘ ਦੀਆਂ ਇਹ ਸਤਰਾਂ ਇਕ ਖਿਡਾਰੀ ਦੇ ਉਦੇਸ਼ ਦੀ ਪੂਰਤੀ ਲਈ ਪੂਰੀਆਂ ਢੁਕਵੀਆਂ ਹਨ-ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ।
ਮਿਲਖਾ ਸਿੰਘ ਨੂੰ ਉਹਦੀ ਦੌੜ ਸਮੇਂ ਹੀ ਨਹੀਂ, ਮੈਂ ਉਸ ਨੂੰ ਦੌੜ ਛੱਡ ਦੇਣ ਪਿੱਛੋਂ ਵੀ ਵੱਖ ਵੱਖ ਦੇਸ਼ਾਂ ਵਿਚ ਹੁੰਦੇ ਉਹਦੇ ਮਾਣ ਸਤਿਕਾਰ ਨੂੰ ਅੱਖੀਂ ਵੇਖਿਆ ਹੈ। ਸਿਆਸਤ ਵਿਚ ਪਦਵੀ ਖੁੱਸ ਜਾਣ ਬਾਅਦ ਸਿਆਸਤਦਾਨ ਮਰ ਜਾਂਦਾ ਹੈ, ਪਰ ਖਿਡਾਰੀ ਇਕ ਅਜਿਹੀ ਸ਼ਖਸੀਅਤ ਹੁੰਦੀ ਹੈ ਕਿ ਖੇਡ ਛੱਡ ਦੇਣ ਬਾਅਦ ਵੀ ਉਹਦੇ ਮਾਣ ਸਨਮਾਨ ਵਿਚ ਫਰਕ ਨਹੀਂ ਪੈਂਦਾ। ਜਿਵੇਂ ਫਿਲਮ ਦਾ ਕੋਈ ਫਿਲਮ ਸਟਾਰ ਹੁੰਦਾ ਹੈ, ਕੋਈ ਸੰਗੀਤ ਵਿਚ ਸਟਾਰ ਹੁੰਦਾ ਹੈ, ਕੋਈ ਸਟੇਜ ਦਾ ਸਿਤਾਰਾ ਹੁੰਦਾ ਹੈ, ਇਸੇ ਤਰ੍ਹਾਂ ਮਿਲਖਾ ਸਿੰਘ ਖੇਡਾਂ ਦਾ ਸਟਾਰ ਹੈ, ਜਿਸ ਦਾ ਨਾਂ ਭਾਰਤ ਦੇ ਚੋਣਵੇਂ ਸਟਾਰਾਂ ਵਿਚ ਸ਼ਾਮਲ ਹੈ।
ਮਿਲਖਾ ਸਿੰਘ ਦਾ ਜੀਵਨ, ਉਸ ਦਾ ਨਿੱਜੀ ਨਹੀਂ, ਸਗੋਂ ਸਾਰੀ ਕੌਮ ਦੀ ਮਲਕੀਅਤ ਹੈ। ਆਪਣੇ ਅੰਤਰਰਾਸ਼ਟਰੀ ਮਹੱਤਵ ਦੇ ਤਜਰਬਿਆਂ ਨੂੰ ਜ਼ਬਾਨ ਦੇ ਕੇ ਉਸ ਨੇ ਦੇਸ਼ ਅਤੇ ਕੌਮ ਦੀ ਸੇਵਾ ਕੀਤੀ ਹੈ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਮਿਲਖਾ ਸਿੰਘ ਤੋਂ ਪ੍ਰੇਰਨਾ ਲੈ ਕੇ, ਹਰ ਅਸੰਭਵ ਨੂੰ ਸੰਭਵ ਕਰ ਦਿਖਾਉਣ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ। ਜਿਸ ਗਰੀਬ ਘਰਾਣੇ ਵਿਚ ਉਹ ਪੈਦਾ ਹੋਇਆ ਅਤੇ ਉਸ ਦੇ ਨਿੱਕੀ ਉਮਰ ਵਿਚ ਹੀ ਯਤੀਮ ਬਣ ਜਾਣ ਦੀ ਵਿਥਿਆ ਰੌਂਗਟੇ ਖੜੇ੍ਹ ਕਰ ਦੇਣ ਵਾਲੀ ਹੈ। ਮਿਲਖਾ ਸਿੰਘ ਦੀ ਹਕੀਕੀ ਦਰਦ ਕਹਾਣੀ, ਇਹ ਪੁਸਤਕ ਪੜ੍ਹਨ ਵਾਲੇ ਹਰ ਪਾਠਕ ਦੀ ਹਮਦਰਦੀ ਜਿੱਤੇਗੀ ਅਤੇ ਉਹਦੇ ਸਤਿਕਾਰ ਨੂੰ ਹੋਰ ਵੀ ਡੂੰਘੇਰਿਆਂ ਕਰੇਗੀ।
ਮਿਲਖਾ ਸਿੰਘ ਦੇ ਧੰਨਵਾਦੀ ਸ਼ਬਦ ਹਨ: ਮੇਰੇ ਘਰ ਦੀ ਕਿੱਲੀ ਉਤੇ ਟੰਗੇ ਹੋਏ ਕਿੱਲਾਂ ਵਾਲੇ ਬੂਟ, ਪਿਛਲੇ ਕਾਫੀ ਸਮੇਂ ਤੋਂ ਮੈਨੂੰ ਇਹ ਪੁਸਤਕ ਲਿਖਣ ਦੀ ਚੋਭ ਦਿੰਦੇ ਰਹੇ ਹਨ ਕਿ ਆਪਣੇ ਦੇਸ਼ ਲਈ ਜੋ ਕੰਮ ਮੈਂ ਨਹੀਂ ਕਰ ਸਕਿਆ, ਇਸ ਪੁਸਤਕ ਤੋਂ ਪ੍ਰੇਰਨਾ ਲੈ ਕੇ ਕੋਈ ਹੋਰ ਨੌਜਵਾਨ ਉੱਠੇ ਅਤੇ ਉਸ ਕੰਮ ਨੂੰ ਸਿਰੇ ਚਾੜ੍ਹੇ। ਗਰੀਬ ਘਰ ਦੀ ਪੈਦਾਇਸ਼, ਯਤੀਮ ਬਚਪਨ ਅਤੇ ਅਤਿਅੰਤ ਮਾਯੂਸ ਜਵਾਨੀ-ਇਨ੍ਹਾਂ ਤਿੰਨਾਂ ਬਦਬਖਤੀਆਂ ਨੇ ਜਿਥੇ ਮੇਰੀ ਸਮਰੱਥਾ ਨੂੰ ਕਮਜ਼ੋਰ ਕੀਤਾ, ਉਥੇ ਮੇਰੇ ਸਾਹਸ ਨੂੰ ਸਾਣ ਚਾੜ੍ਹਨ ਵਿਚ ਮੇਰੀ ਮਦਦ ਵੀ ਕੀਤੀ ਹੈ।
ਮੈਂ ਲਿਖਾਰੀ ਨਹੀਂ, ਸਗੋਂ ਇਕ ਖਿਡਾਰੀ ਹਾਂ। ਫੌਜੀਆਂ ਵਾਲਾ ਸਿੱਧਾ ਸਾਦਾ ਸੁਭਾਅ ਹੋਣ ਕਰਕੇ ਮੈਂ ਅਸਲੀਅਤ ਲਿਖ ਦਿੱਤੀ ਹੈ, ਇਸ ਵਿਚ ਕਲਾਕਾਰੀ ਕੋਈ ਨਹੀਂ। ਸੋ ਗਲਤੀਆਂ ਵੀ ਹੋਣਗੀਆਂ, ਜਿਨ੍ਹਾਂ ਨੂੰ ਮੇਰੇ ਪਾਠਕ, ਮੈਨੂੰ ਵਿਸ਼ਵਾਸ ਹੈ ਨਜ਼ਰ-ਅੰਦਾਜ਼ ਕਰ ਦੇਣਗੇ। ਪਾਸ਼ ਅਤੇ ਤਰਸੇਮ ਪੁਰੇਵਾਲ ਦਾ ਧੰਨਵਾਦੀ ਹਾਂ, ਜਿਨ੍ਹਾਂ ਇਸ ਪੁਸਤਕ ਨੂੰ ਸਿਰੇ ਚੜ੍ਹਾਉਣ ਵਿਚ ਮੇਰਾ ਹੱਥ ਵਟਾਇਆ। ਅੰਤ ਵਿਚ ਮੈਂ ਇਹ ਪੁਸਤਕ, ਦੇਸ਼ ਦੇ ਉਨ੍ਹਾਂ ਖਿਡਾਰੀਆਂ ਦੇ ਨਾਂ ਸੌਂਪਦਾ ਹਾਂ, ਜਿਹੜੇ ਖੇਡ ਮੈਦਾਨ ਵਿਚ ਜੌਹਰ ਦਿਖਾਉਂਦੇ ਕਿਸੇ ਦੁਰਘਟਨਾ ਦਾ ਸਿ਼ਕਾਰ ਹੋ ਕੇ ਰੋਜ਼ੀ ਤੋਂ ਆਹਰੀ ਹੋ ਜਾਂਦੇ ਹਨ ਜਾਂ ਆਪਣੇ ਪਿੱਛੇ ਆਪਣੇ ਗਰੀਬ ਪਰਿਵਾਰ ਛੱਡ ਜਾਂਦੇ ਹਨ। ਮੇਰੇ ਮਰਨ ਬਾਅਦ ਇਸ ਪੁਸਤਕ ਦੀ ਸਾਰੀ ਵੱਟਤ ਮੈਂ ਆਲ ਇੰਡੀਆ ਐਥਲੀਟਸ ਵੈਲਫੇਅਰ ਐਸੋਸੀਏਸ਼ਨ ਦੇ ਨਾਂ ਸਮਰਪਤ ਕਰਦਾ ਹਾਂ। -ਮਿਲਖਾ ਸਿੰਘ
ਦੱਸਣਾ ਬਣਦਾ ਹੈ ਕਿ ਇਹੋ ਕਿਤਾਬ ਹੈ, ਜੋ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ ‘ਭਾਗ ਮਿਲਖਾ ਭਾਗ’ ਦਾ ਆਧਾਰ ਬਣੀ। ਆਪਣੀ ਹੱਡਬੀਤੀ ਉਤੇ ਫਿਲਮ ਬਣਾਉਣ ਦਾ ਮਿਲਖਾ ਸਿੰਘ ਨੇ ਕੇਵਲ ਇਕ ਰੁਪਈਆ ਸਵੀਕਾਰ ਕੀਤਾ ਸੀ ਤੇ ਕਿਹਾ ਸੀ ਕਿ ਇਸ ਫਿਲਮ ਦਾ ਮੁਨਾਫਾ ਆਲ ਇੰਡੀਆ ਐਥਲੀਟਸ ਵੈਲਫੇਅਰ ਐਸੋਸੀਏਸ਼ਨ ਨੂੰ ਦਿੰਦੇ ਰਹਿਣਾ। ਦੱਸਣ ਵਾਲੇ ਦੱਸਦੇ ਹਨ ਕਿ ਇਸ ਫਿਲਮ ਨੇ ਖੂਬ ਮੁਨਾਫਾ ਕਮਾਇਆ, ਜਿਸ ਪਿੱਛੇ ਹੋਰਨਾਂ ਤੋਂ ਬਿਨਾ ਦੌੜਾਕ ਮਿਲਖਾ ਸਿੰਘ ਤੇ ਕਵੀ ਪਾਸ਼ ਦਾ ਵੀ ਯੋਗਦਾਨ ਹੈ।
ਪੀਪਲਜ਼ ਫੋਰਮ ਬਰਗਾੜੀ ਨੇ 2010 ਵਿਚ ਇਸ ਪੁਸਤਕ ਦੀ ਪੁਨਰ ਐਡੀਸ਼ਨ ਛਾਪਦਿਆਂ ਕੁਝ ਸ਼ਬਦ ਆਪਣੇ ਵੱਲੋਂ ਵੀ ਲਿਖੇ: ਮਿਲਖਾ ਸਿੰਘ ਅਤੇ ਦਾਰਾ ਸਿੰਘ ਪੰਜਾਬੀ ਸਮਾਜ ਦੀਆਂ ਦੋ ਅਜਿਹੀਆਂ ਸ਼ਖਸੀਅਤਾਂ ਹਨ, ਜਿਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਲੋਕ ਮਨਾਂ ਵਿਚ ਐਨੀ ਡੂੰਘੀ ਥਾਂ ਬਣਾਈ ਹੈ ਕਿ ਉਹ ਮਿੱਥ ਦਾ ਦਰਜਾ ਹਾਸਲ ਕਰ ਗਏ ਹਨ। ਜੇ ਕਿਸੇ ਦੇ ਜੋਰ ਦੀ ਗੱਲ ਕਰਨੀ ਹੋਵੇ ਤਾਂ ਕਿਹਾ ਜਾਂਦਾ ਹੈ ਕਿ ‘ਤੂੰ ਕਿਤੇ ਦਾਰਾ ਸਿੰਘ ਹੈਂ’ ਅਤੇ ਜੇ ਭਾਜ ਦੀ ਗੱਲ ਕਰਨੀ ਹੋਵੇ ਤਾਂ ਇਸੇ ਤਰ੍ਹਾਂ ਮਿਲਖਾ ਸਿੰਘ ਦੀ ਮਿਸਾਲ ਦੇ ਕੇ ਕਿਹਾ ਜਾਂਦਾ ਹੈ।
…ਪੀਪਲਜ਼ ਫੋਰਮ ਵੱਲੋਂ ਪੁਸਤਕਾਂ ਛਾਪਣ ਪਿੱਛੇ ਕੋਈ ਵਪਾਰਕ ਮਨਸ਼ੇ ਨਹੀਂ ਹੁੰਦੇ, ਸਗੋਂ ਇਸ ਵੱਲੋਂ ਪੁਸਤਕਾਂ ਹਮੇਸ਼ਾ ਇਸ ਉਦੇਸ਼ ਨੂੰ ਮੁੱਖ ਰੱਖ ਕੇ ਛਾਪੀਆਂ ਜਾਂਦੀਆਂ ਹਨ ਕਿ ਨਵੀਂ ਪੀੜ੍ਹੀ ਵਿਚ ਕੁਝ ਚੰਗਾ ਕਰ ਗੁਜ਼ਰਨ ਦੀ ਭਾਵਨਾ ਪੈਦਾ ਹੋਵੇ ਅਤੇ ਉਸ ਵਿਚ ਮਾਨਵੀ ਕਦਰਾਂ ਕੀਮਤਾਂ ਵਿਗਸਣ। ਅਸੀਂ ਸਮਝਦੇ ਹਾਂ ਕਿ ਇਹ ਪੁਸਤਕ ਹਰ ਵਿਦਿਆਰਥੀ ਅਤੇ ਨੌਜਵਾਨ ਲਈ ਪੜ੍ਹਨੀ ਜ਼ਰੂਰੀ ਹੈ। ਇਹ ਲਾਜ਼ਮੀ ਉਨ੍ਹਾਂ ਵਿਚ ਨਵੇਂ ਸੁਪਨੇ ਜਗਾਵੇਗੀ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਦੇ ਰਾਹ ਵੀ ਪਾਵੇਗੀ। ਇਸੇ ਭਾਵਨਾ ਨਾਲ ਹੀ ਸ. ਮਿਲਖਾ ਸਿੰਘ ਜੀ ਦੀ ਲੰਮਾ ਸਮਾਂ ਪਹਿਲਾਂ ਛਪੀ ਇਹ ਸਵੈ-ਜੀਵਨੀ ਪੁਨਰ ਪ੍ਰਕਾਸਿ਼ਤ ਕੀਤੀ ਜਾ ਰਹੀ ਹੈ। ਅਸੀਂ ਸ. ਮਿਲਖਾ ਸਿੰਘ ਜੀ ਦੇ ਵੀ ਅਤੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਸ ਪੁਸਤਕ ਨੂੰ ਪੀਪਲਜ਼ ਫੋਰਮ ਵੱਲੋਂ ਪੁਨਰ-ਪ੍ਰਕਾਸਿ਼ਤ ਕਰਨ ਵਾਸਤੇ ਖੁਸ਼ੀ-ਖੁਸ਼ੀ ਸਹਿਮਤੀ ਦਿੱਤੀ। -ਅਦਾਰਾ ਪੀਪਲਜ਼ ਫੋਰਮ।
ਪੇਸ਼ ਹਨ ਕੁਝ ਅੰਸ਼:
ਅੱਖੀਂ ਡਿੱਠਾ ਮਿਲਖਾ ਸਿੰਘ-ਤਰਸੇਮ ਪੁਰੇਵਾਲ
1972 ਵਿਚ ਮਿਊਨਿਖ (ਜਰਮਨੀ) ਵਿਖੇ ਓਲੰਪਿਕ ਹੋਈ ਤਾਂ ਮਿਲਖਾ ਸਿੰਘ ਨੂੰ ਵਿਸ਼ੇਸ਼ ਸੱਦੇ ਉਤੇ ਬੁਲਾ ਕੇ ਓਲੰਪਿਕ ਵਿਲੇਜ ਵਿਚ ਹੀ ਰਿਹਾਇਸ਼ ਦੇ ਰੱਖੀ ਸੀ। ਮੈਂ ਉਸ ਦੇ ਕਮਰੇ ਦਾ ਭਾਈਵਾਲ ਸਾਂ। ਰੋਮ ਓਲੰਪਿਕ ਵਿਚ ਮਿਲਖਾ ਸਿੰਘ ਜਦੋਂ 400 ਮੀਟਰ ਦੀ ਫਾਈਨਲ ਦੌੜ ਵਿਚ ਦੌੜਿਆ ਸੀ ਤਾਂ ਉਸ ਦੇ ਨਾਲ ਜਰਮਨ ਦਾ ਕਾਫਮੈਨ ਵੀ ਮੁਕਾਬਲੇ ‘ਤੇ ਸੀ। ਜਰਮਨ ਟੈਲੀਵਿਜ਼ਨ ਵਾਲੇ ਇਸ ਦੌੜ ਨੂੰ ਘੜੀ ਮੁੜੀ ਦਿਖਾ ਰਹੇ ਸਨ। ਇੰਜ ਉਹਦੇ ਨਾਲ ਜੂੜੇ ਵਾਲਾ ਮਿਲਖਾ ਸਿੰਘ ਵੀ ਜਾਣੀ-ਪਛਾਣੀ ਹਸਤੀ ਬਣ ਚੁਕਾ ਸੀ। ਫੋਟੋ ਖਿਚਵਾਉਣ ਵਾਲੀਆਂ ਕੁੜੀਆਂ ਦਾ ਹਜੂਮ ਮਿਲਖਾ ਸਿੰਘ ਨੂੰ ਹਰ ਸਮੇਂ ਸ਼ਹਿਦ ਦੀਆਂ ਮੱਖੀਆਂ ਵਾਂਗੂੰ ਘੇਰੀ ਰੱਖਦਾ…। ਮਿਊਨਿਖ ਓਲੰਪਿਕ ਦੇ ਉਦਘਾਟਨ ਸਮੇਂ ਭਾਰਤ, ਬਰਤਾਨੀਆ, ਕੀਨੀਆ ਅਤੇ ਯੂਰਪ ਦੇ ਹੋਰ ਕਈ ਦੇਸ਼ਾਂ ਤੋਂ ਕਾਫੀ ਅਜਿਹੇ ਪੰਜਾਬੀ ਆਏ ਹੋਏ ਸਨ, ਜਿਨ੍ਹਾਂ ਕੋਲ ਟਿਕਟਾਂ ਦਾ ਕੋਈ ਪ੍ਰਬੰਧ ਨਹੀਂ ਸੀ। ਸਟੇਡੀਅਮ ਤਕ ਪਹੁੰਚਣ ਲਈ ਸੱਤ ਜਗ੍ਹਾ ਚੈਕਿੰਗ ਹੋ ਰਹੀ ਸੀ।
ਇਹ ਸਾਰੇ ਲੋਕ ਮਿਲਖਾ ਸਿੰਘ ਨੂੰ ਕਹਿੰਦੇ ਸਨ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਅੰਦਰ ਲੰਘਾਉਣ। ਸਿਫਾਰਸ਼ ਨਾਲ ਇਕ ਅੱਧ ਤਾਂ ਲੰਘ ਜਾਂਦਾ, ਪਰ ਪੰਜਾਹ ਬੰਦੇ ਕਿਵੇਂ ਲੰਘਾਏ ਜਾ ਸਕਦੇ ਸਨ? ਇਥੇ ਮੈਂ ਮਿਲਖਾ ਸਿੰਘ ਦੀ ਕੌਮਾਂਤਰੀ ਸ਼ੋਹਰਤ ਵੇਖ ਹੈਰਾਨ ਹੋ ਗਿਆ! ਉਹ ਅੱਗੇ-ਅੱਗੇ ਤੇ ਪੰਜਾਹ ਪੰਜਾਬੀ ਉਹਦੇ ਪਿੱਛੇ-ਪਿੱਛੇ। ਹਰ ਗੇਟ ਕੀਪਰ ਮਿਲਖਾ ਸਿੰਘ ਨੂੰ ਸਲੂਟ ਮਾਰੇ ਤੇ ਫਾਟਕ ਖੁੱਲ੍ਹ ਜਾਇਆ ਕਰਨ। ਮੈਨੂੰ ਇਹ ਸੀਨ ਉਸੇ ਕਿਸਮ ਦਾ ਲੱਗਾ ਜਦੋਂ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ‘ਚੋਂ ਬਾਹਰ ਨਿਕਲੇ ਤਾਂ ਕੈਦੀ ਰਾਜਿਆਂ ਦਾ ਇਕ ਕਾਫਲਾ ਉਨ੍ਹਾਂ ਦਾ ਲੜ ਫੜ ਕੇ ਰਿਹਾਅ ਹੋ ਗਿਆ ਸੀ…।
ਮਿਊਨਿਖ ਓਲੰਪਿਕ ਦਾ ਪ੍ਰਬੰਧ ਕਰ ਰਹੀ ਪੁਲਿਸ ਦਾ ਇੰਚਾਰਜ ਮਿ. ਕਿੰਡਰ ਸੀ, ਜੋ ਮਿਲਖਾ ਸਿੰਘ ਨਾਲ 1960 ਵਿਚ ਰੋਮ ਵਿਖੇ ਫਾਈਨਲ ‘ਚ ਦੌੜਿਆ ਸੀ। ਮਿਲਖਾ ਸਿੰਘ ਨੂੰ ਮਿਲਣ ਸਮੇਂ ਉਸ ਦੇ ਸ਼ਬਦ ਸਨ: ਤੈਨੂੰ ਮਿਲ ਕੇ ਮੈਂ ਅੱਜ ਬਾਰਾਂ ਵਰ੍ਹੇ ਪਿਛਲੀ ਉਮਰ ਦੇ ਅਹਿਸਾਸ ਵਿਚ ਜਜ਼ਬਾਤੀ ਹੋ ਗਿਆ ਹਾਂ ਅਤੇ ਮੇਰੇ ਪੈਰ ਮੱਲੋਮੱਲੀ ਮੈਨੂੰ ਟਰੈਕ ਵੱਲ ਨੂੰ ਖਿੱਚਦੇ ਦੌੜਦੇ ਹਨ…। ਅਜਿਹੇ ਜਜ਼ਬਾਤ ਪ੍ਰਗਟਾਉਣ ਵਾਲੇ ਅਣਗਿਣਤ ਖਿਡਾਰੀ ਮਿਲਖਾ ਸਿੰਘ ਨੂੰ ਮਿਊਨਿਖ ਵਿਚ ਮਿਲੇ। ਮਿਲਖਾ ਸਿੰਘ ਨਾਲ ਫਿਰ-ਤੁਰ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਸਿਆਸੀ ਤੌਰ ‘ਤੇ ਲੋਕ ਹਿੰਦੋਸਤਾਨ ਨੂੰ ਨਹਿਰੂ ਕਰਕੇ, ਫਿਲਮੀ ਸੰਸਾਰ ਵਿਚ ਰਾਜ ਕਪੂਰ ਕਰਕੇ ਅਤੇ ਖੇਡ ਜਗਤ ਵਿਚ ਮਿਲਖੇ ਕਰਕੇ ਹੀ ਜਾਣਦੇ ਤੇ ਸਤਿਕਾਰਦੇ ਹਨ।
ਹੁਣ ਪੁਸਤਕ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦੇ ਪਾਸ਼ ਹੱਥੋਂ ਲਿਖੀ ਜਾਣ ਦਾ ਪਿਛੋਕੜ ਵੀ ਸੁਣ ਲਓ। ਤਰਸੇਮ ਪੁਰੇਵਾਲ ਮਿਲਖਾ ਸਿੰਘ ਦਾ ਦੋਸਤ ਬਣ ਗਿਆ ਹੋਇਆ ਸੀ। ਉਹ ਤੇਜ਼-ਤਰਾਰ ਮੀਡੀਆਕਾਰ ਸੀ ਤੇ ਸਾਊਥਾਲ ਤੋਂ ਸਚਿੱਤਰ ਪੰਜਾਬੀ ਸਪਤਾਹਿਕ ‘ਦੇਸ ਪ੍ਰਦੇਸ’ ਕੱਢਦਾ ਸੀ। ਉਸ ਲਈ ਉਹ ਕੁਝ ਮੈਟਰ ਪਾਸ਼ ਰਾਹੀਂ ਵੀ ਪੰਜਾਬ ਤੋਂ ਮੰਗਵਾਉਂਦਾ ਸੀ। ਪਾਸ਼ ਉਦੋਂ ਬੇਰੁਜ਼ਗਾਰ ਸੀ। ਪਾਸ਼ ਦੀ ਕੁਝ ਮਦਦ ਕਰਨੀ ਸੋਚ ਕੇ ਉਸ ਨੇ ਮਿਲਖਾ ਸਿੰਘ ਨੂੰ ਕਿਹਾ ਕਿ ਤੁਸੀਂ ਮਸ਼ਹੂਰ ਖਿਡਾਰੀ ਓ, ਤੁਹਾਡੀ ਜੀਵਨੀ ਮੈਂ ਪਾਸ਼ ਤੋਂ ਲਿਖਵਾ ਦਿੰਦਾ ਹਾਂ। ਤੁਸੀਂ ਸਿਰਫ ਨੋਟਿਸ ਦੇ ਦੇਣੇ। ਹੁਣ ਤੁਸੀਂ ਸਕੂਲਾਂ ਦੇ ਸਪੋਰਟਸ ਡਾਇਰੈਕਟਰ ਹੋ। ਤੁਹਾਡੀ ਜੀਵਨੀ ਫਟਾਫਟ ਸਕੂਲਾਂ ਵਿਚ ਲੱਗ ਸਕਦੀ ਹੈ। ਪਾਸ਼ ਮੌਜੀ ਸੁਭਾਅ ਦਾ ਧਨੰਤਰ ਲੇਖਕ ਸੀ। ਉਸ ਨੇ ਭਾੜੇ ਦੀ ਥਾਂ ਮਿਲਖਾ ਸਿੰਘ ਦੀ ਜੀਵਨੀ ਪੂਰੀ ਰੂਹ ਨਾਲ ਲਿਖੀ, ਪਰ ਲਿਖੀ ਲਮਕਾ-ਲਮਕਾ ਕੇ। ਮਿਲਖਾ ਸਿੰਘ ਨੂੰ ਤਲਵੰਡੀ ਸਲੇਮ ਦੇ ਕਈ ਗੇੜੇ ਮਾਰਨੇ ਪਏ ਕਿ ਛੇਤੀ ਕੰਮ ਮੁਕਾਵੇ। ਇਹਦਾ ਚਸ਼ਮਦੀਦ ਗਵਾਹ ਹੈ ਸ਼ਮਸ਼ੇਰ ਸਿੰਘ ਸੰਧੂ। ਉਹਦੇ ਕੋਲ ਲੇਖਕਾਂ ਤੇ ਕਲਾਕਾਰਾਂ ਦੇ ਬਥੇਰੇ ਭੇਤ ਹਨ। 1990 ਵਿਚ ਪਾਸ਼ ਦੇ ਪਿਤਾ ਸ. ਸੋਹਣ ਸਿੰਘ ਸੰਧੂ ਮੈਨੂੰ ਬੇਕਰਜ਼ਫੀਲਡ ਮੇਰੇ ਭਰਾ ਭਜਨ ਸੰਧੂ ਦੇ ਘਰ ਮਿਲੇ ਤਾਂ ਚਲਦੀਆਂ ਗੱਲਾਂ `ਚ ਦੱਸਣ ਲੱਗੇ, 1974 `ਚ ਪਾਸ਼ ਦੀ ਗ੍ਰਿਫਤਾਰੀ ਵੇਲੇ ਮੈਂ ਚੰਡੀਗੜ੍ਹ ਮਿਲਖਾ ਸਿੰਘ ਦੀ ਮਦਦ ਲੈਣ ਗਿਆ ਸਾਂ ਤੇ ਰਾਤ ਉਨ੍ਹਾਂ ਦੇ ਘਰ ਹੀ ਰਿਹਾ ਸਾਂ। ਇੰਜ ਮਿਲਖਾ ਸਿੰਘ ਸੰਕਟ ਸਮੇਂ ਪਾਸ਼ ਦੀ ਮਦਦ `ਤੇ ਵੀ ਆਇਆ ਸੀ।
ਸਿ਼ਕਾਰੀ ਮਿਲਖਾ ਸਿੰਘ-ਮਨਮੋਹਨ ਸਿੰਘ ਆਈ. ਏ. ਐੱਸ.
ਮਿਲਖਾ ਸਿੰਘ ਸਿਰਫ ਫਲਾਈਂਗ ਸਿੱਖ ਹੀ ਨਹੀਂ, ਸਗੋਂ ‘ਸਿ਼ਕਾਰੀ ਸਿੱਖ’ ਵੀ ਹੈ। ਇਹ ਗੱਲ ਵੱਖਰੀ ਹੈ ਕਿ ਕਦੀ-ਕਦੀ ਉਹ ਆਪਣੇ ਕੀਤੇ ਹੋਏ ਫਾਇਰ ਦੇ ਕਾਰਤੂਸ ਨਾਲੋਂ ਵੀ ਤੇਜ਼ ਭੱਜ ਜਾਂਦਾ ਹੈ। ਉਹਦੇ ਨਾਲ ਸਿ਼ਕਾਰ ਖੇਡਣ ਦਾ ਸੁਆਦ ਆ ਜਾਂਦਾ ਹੈ। ਇਕ ਵਾਰ ਜੰਗਲ ਵਿਚ ਸਰਦੀਆਂ ਦੀ ਸ਼ਾਮ ਸੀ। ਅਸੀਂ ਸਿ਼ਕਾਰ ਤੋਂ ਵਾਪਸ ਘਰ ਵੱਲ ਪਰਤ ਰਹੇ ਸਾਂ। ਅਗਲੇ ਮੋੜ `ਤੇ ਮਿਲਖਾ ਸਿੰਘ ਬਿਜਲੀ ਦੀ ਲਿਸ਼ਕੋਰ ਵਾਂਗੂੰ ਪਿਛਾਂਹ ਨੂੰ ਭੱਜਿਆ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਇਸ ਹਾਦਸੇ ਬਾਰੇ ਪੁੱਛ ਸਕਦਾ, ਉਹ ਆਪਣੀ ਚਾਰ ਸੌ ਮੀਟਰ ਦੀ ਦੌੜ, ਦੌੜ ਚੁਕਾ ਸੀ। ਹੋਇਆ ਇਹ ਸੀ ਕਿ ਮਿਲਖਾ ਸਿੰਘ ਨੇ ਸੂਰਜ ਦੀ ਪਲੱਤਣੀ ਲੋਅ ਵਿਚ ਖੜੱਪਾ ਸੱਪ ਵੇਖ ਲਿਆ ਸੀ। ਮੈਨੂੰ ਪੱਕਾ ਯਕੀਨ ਹੈ ਕਿ ਇਹ ਖੜੱਪਾ ਸੱਪ ਨਹੀਂ ਸੀ, ਸਿਰਫ ਉਸ ਨੂੰ ਭੁਲੇਖਾ ਪਿਆ ਸੀ। ਪਰ ਚਲੋ, ਜੇ ਖੜੱਪਾ ਹੋਵੇਗਾ ਵੀ ਤਾਂ ਉਸ ਗਰੀਬ ਜਾਨਵਰ ਨੇ ਮਿਲਖਾ ਸਿੰਘ ਦੀ ਸਭ ਤੋਂ ਤੇਜ਼ ਦੌੜ ਵੇਖਣ ਦਾ ਸੁਆਦ ਲੈ ਲਿਆ ਹੋਵੇਗਾ!
ਸਿ਼ਕਾਰ ਸਮੇਂ ਕਈ ਅਜੀਬ ਘਟਨਾਵਾਂ ਵਾਪਰ ਜਾਂਦੀਆਂ ਹਨ। ਇਕ ਵਾਰ ਅਸੀਂ ਗਲਤੀ ਨਾਲ ਇਕ ਮਖਿਆਲ ਛੇੜ ਬੈਠੇ ਤਾਂ ਸ਼ਹਿਦ ਦੀਆਂ ਮੱਖੀਆਂ ਨੇ ਸਾਨੂੰ ਘੇਰ ਲਿਆ। ਅਸੀਂ ਬਾਕੀਆਂ ਨੇ ਤਾਂ ਲਾਗਲੇ ਖੇਤ ਦੀ ਫਸਲ ਵਿਚ ਮੂੰਹ-ਸਿਰ ਲਕੋ ਲਏ, ਪਰ ਮਿਲਖਾ ਸਿੰਘ ਮੱਖੀਆਂ ਨਾਲੋਂ ਕਿਤੇ ਤੇਜ਼ ਉਡਦਾ ਹੋਇਆ ਮੀਲ ਭਰ ਦੂਰ ਖੜੋਤੀ ਕਾਰ ਵਿਚ ਮਿੰਟਾਂ ਸਕਿੰਟਾਂ ‘ਚ ਜਾ ਲੁਕਿਆ। ਉਹਦੀ ਕਹਾਣੀ, ਜੀਵਨ ਦੀਆਂ ਦੁਸ਼ਵਾਰੀਆਂ, ਬਚਪਨ ਦੀਆਂ ਬਦਨਸੀਬੀਆਂ ਅਤੇ ਪਿਛੋਕੜ ਦੀਆਂ ਕਮਜ਼ੋਰੀਆਂ ਉਤੇ ਜਿੱਤ ਪ੍ਰਾਪਤ ਕਰ ਕੇ, ਫਲਾਈਂਗ ਸਿੱਖ ਦੀ ਇੱਜ਼ਤ ਅਤੇ ਸ਼ਾਨ ਹਾਸਲ ਕਰਨ ਦੀ ਘਟਨਾਵਾਂ ਭਰੀ ਇਕ ਹਕੀਕਤ ਹੈ, ਜਿਥੋਂ ਤਕ ਜਣਾ-ਖਣਾ ਨਹੀਂ ਪਹੁੰਚ ਸਕਦਾ।
ਮਿਲਖਾ ਸਿੰਘ ਦੀ ਮਿੱਥ
ਜਿਵੇਂ ਧਿਆਨ ਚੰਦ ਨੂੰ ‘ਹਾਕੀ ਦਾ ਜਾਦੂਗਰ’ ਕਹਿ ਕੇ ਮਿੱਥ ਬਣਾ ਦਿੱਤਾ ਗਿਐ, ਉਵੇਂ ਮਿਲਖਾ ਸਿੰਘ ਵੀ ‘ਫਲਾਈਂਗ ਸਿੱਖ’ ਦੇ ਖਿਤਾਬ ਨਾਲ ਮਿੱਥ ਬਣ ਗਿਆ ਹੈ। ਮਿੱਥ ਵਿਚ ਕੁਝ ਵਾਧੂ ਗੱਲਾਂ ਵੀ ਰਲ ਜਾਂਦੀਆਂ ਹਨ, ਜੋ ਦੰਦ ਕਥਾਵਾਂ ਬਣ ਜਾਂਦੀਆਂ ਹਨ। ਮਿਲਖਾ ਸਿੰਘ ਦੀ ਉਸਤਤ ਵਿਚ ਕਿਹਾ ਜਾਂਦੈ ਕਿ ਉਹ ਦੌੜਦਾ ਨਹੀਂ, ਉੱਡਦਾ ਸੀ। ਉਹਦੀ ਜੀਵਨ ਕਹਾਣੀ ਉਹਦੀਆਂ ਦੌੜਾਂ ਦੀ ਅਜਿਹੀ ਗਾਥਾ ਹੈ, ਜਿਹੜੀ ਜੱਗੋਂ ਨਿਆਰੀ ਹੈ। ਉਹਦੇ ਬਾਰੇ ਅਨੇਕਾਂ ਦੰਦ ਕਥਾਵਾਂ ਚੱਲੀਆਂ ਤੇ ਚੁਟਕਲੇ ਜੁੜੇ। ਕਹਿੰਦੇ ਹਨ ਕਿ ਇਕ ਰਾਤ ਮਿਲਖਾ ਸਿੰਘ ਦੇ ਘਰ ਚੋਰ ਆ ਪਏ। ਨਿਰਮਲ ਨਿੰਮੀ ਨੇ ਮਿਲਖਾ ਸਿੰਘ ਨੂੰ ਜਗਾਇਆ, “ਸਰਦਾਰ ਜੀ ਉਠੋ, ਘਰ `ਚ ਚੋਰ ਆਏ ਲੱਗਦੇ ਨੇ।”
ਸਰਦਾਰ ਜੀ ਨੇ ਕਿਹਾ, “ਸੌਣ ਦਿਉ ਮੈਡਮ। ਚੋਰ ਕਿਤੇ ਨਹੀਂ ਦੌੜ ਚੱਲੇ!”
ਚੋਰ ਚੋਰੀ ਕਰ ਕੇ ਦੌੜੇ ਤਾਂ ਪਤਨੀ ਨੇ ਫਿਰ ਜਗਾਇਆ, “ਚੋਰ ਤਾਂ ਦੌੜ ਵੀ ਗਏ।”
ਚੋਰਾਂ ਦਾ ਦੌੜਨਾ ਸੁਣ ਕੇ ਮਿਲਖਾ ਸਿੰਘ ਛਾਲ ਮਾਰ ਕੇ ਉੱਠਿਆ। ਤੁਰਤ ਰਨਿੰਗ ਸ਼ੂਅ ਪਾਏ ਤੇ ਚੋਰਾਂ ਮਗਰ ਦੌੜ ਪਿਆ। ਚੋਰ ਅੱਗੇ ਤੇ ਮਿਲਖਾ ਸਿੰਘ ਪਿੱਛੇ। ਚਾਨਣ ਬਖੇਰਦੀਆਂ ਚੰਡੀਗੜ੍ਹ ਦੀਆਂ ਖੁੱਲ੍ਹੀਆਂ ਸੜਕਾਂ। ਮਿਲਖਾ ਸਿੰਘ ਸਿਰਪੱਟ ਦੌੜਦਾ ਗਿਆ। ਸੁਖਨਾ ਲੇਕ ਕੋਲ ਮਿਲਖਾ ਸਿੰਘ ਦਾ ਕੋਈ ਜਾਣੂੰ ਮਿਲਿਆ, ਜਿਸ ਨੇ ‘ਫਲਾਈਂਗ ਸਿੱਖ’ ਨੂੰ ਪੁੱਛਿਆ, “ਮਿਲਖਾ ਸਿੰਘ ਜੀ, ਅੱਜ ਅੱਧੀ ਰਾਤੇ ਕਿਧਰ?”
ਮਿਲਖਾ ਸਿੰਘ ਨੇ ਕਿਹਾ, “ਚੋਰਾਂ ਮਗਰ ਦੌੜਿਆ ਸੀ। ਉਨ੍ਹਾਂ ਨੂੰ ਪਿਛਲੇ ਚੌਂਕ `ਚ ਹੀ ਪਿਛਾਂਹ ਛੱਡ ਆਇਆਂ!”